4. ਗੁਰੂ ਰਾਮਦਾਸ ਜੀ
ਅਭਿਆਸ
ਪ੍ਰਸ਼ਨ 1. ਹੇਠਾਂ ਦਿੱਤੀਆਂ ਕਾਵਿ-ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
(ੳ) ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ॥
ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ।।
ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ॥
ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ‘ਹਉ ਪੰਧ ਦਸਾਈ ਨਿਤ ਖੜੀ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਚੰਗੀ ਕਿਸਮਤ ਤੋਂ ਬਿਨਾਂ ਮਨੁੱਖ ਨੂੰ ਸੱਚੇ ਪਰਮ ਪਿਤਾ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ।
ਵਿਆਖਿਆ: ਗੁਰੂ ਜੀ ਫੁਰਮਾਉਦੇ ਹਨ ਕਿ ਸਾਰੇ ਸੰਸਾਰ ਦੇ ਜੀਵ ਹੀ ਸਤਿਗੁਰੂ ਨਾਲ਼ ਮਿਲਾਪ ਲਈ ਤੜਪ ਰਹੇ ਹਨ ਪਰ ਚੰਗੀ ਕਿਸਮਤ ਤੋਂ ਬਿਨਾਂ ਕਿਸੇ ਨੂੰ ਪਰਮ-ਪਿਤਾ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ। ਗੁਰੂ ਤੋਂ ਵਿਛੜਿਆ ਹੋਇਆ ਮਾੜੇ ਭਾਗਾਂ ਵਾਲ਼ਾ ਜੀਵ ਦੁਖੀ ਹੁੰਦਾ ਹੈ। ਭਾਵ ਕਿ ਜੀਵ ਦੇ ਹੱਥ-ਵੱਸ ਕੁਝ ਨਹੀਂ ਹੁੰਦਾ ਕਿਉਂਕਿ ਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਓਹੀ ਕੁਝ ਹੁੰਦਾ ਹੈ। ਪਰਮਾਤਮਾ ਦੀ ਧੁਰ ਦਰਗਾਹ ਤੋਂ ਲਿਖੇ ਲੇਖਾਂ ਨੂੰ ਕੋਈ ਨਹੀਂ ਮਿਟਾ ਸਕਦਾ।
(ਅ) ਜਿਸ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥
ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ॥
ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ‘ਜਿਸ ਅੰਦਰਿ ਤਾਤਿ ਪਰਾਈ ਹੋਵੈ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਚੁਗਲ ਵਿਅਕਤੀ ਕੀਤੀ ਹੋਈ ਸਾਰੀ ਕਮਾਈ ਵਿਅਰਥ ਹੋ ਜਾਂਦੀ ਹੈ।
ਵਿਆਖਿਆ: ਜੋ ਵੀ ਮਨੁੱਖ ਚੁਗਲੀ ਦੀ ਆਦਤ ਰੱਖਦਾ ਹੈ ਭਾਵ ਜਿਸ ਅੰਦਰ ਚੁਗਲੀ ਕਰਨ ਦੀ ਆਦਤ ਹੁੰਦੀ ਹੈ, ਉਹ ਚੁਗਲ ਦੇ ਨਾਂ ਨਾਲ਼ ਮਸ਼ਹੂਰ ਹੋ ਜਾਂਦਾ ਹੈ। ਉਸਦੀ ਪਿਛਲੀ ਕੀਤੀ ਕਮਾਈ ਵਿਅਰਥ ਹੋ ਜਾਂਦੀ ਹੈ। ਉਹ ਹਮੇਸ਼ਾ ਪਰਾਏ ਦੀ ਚੁਗਲੀ ਕਰਦਾ ਹੈ। ਜਿਵੇਂ ਕਾਲਾ ਮੂੰਹ ਹੋਣ ’ਤੇ ਕੋਈ ਵਿਅਕਤੀ ਆਪਣਾ ਮੂੰਹ ਛੁਪਾਉਦਾ ਹੈ, ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ।
(ੲ) ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ॥
ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ। ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ।।
ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ‘ਹਰਿ ਦਰਸਨ ਕਉ ਮੇਰਾ ਮਨ ਬਹੁ ਤਪਤੈ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਪ੍ਰਭੂ ਪਿਤਾ ਪਰਮਾਤਮਾ ਆਪਣੇ ਬੱਚਿਆ ਨੂੰ ਸਮਝਾਉਦੇ ਰਹਿੰਦੇ ਹਨ ਕਿਉਂਕਿ ਉਹ ਉਸਨੂੰ ਪਿਆਰੇ ਲੱਗਦੇ ਹਨ।
ਵਿਆਖਿਆ: ਮੇਰਾ ਮਨ ਪਰਮਾਤਮਾ ਦੇ ਦਰਸ਼ਨਾਂ ਲਈ ਇੰਝ ਤੜਫ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾਂ ਕੋਈ ਜੀਵ ਤੜਫ ਰਿਹਾ ਹੁੰਦਾ ਹੈ ਕਿਉਂਕਿ ਪਾਣੀ ਤੋਂ ਬਿਨਾਂ ਉਸਦੀ ਪਿਆਸ ਨਹੀਂ ਬੁਝਦੀ। ਪਰਮਾਤਮਾ ਦੇ ਨਾਮ ਰੂਪ ਦਾ ਤੀਰ ਮੇਰੇ ਮਨ ਵਿੱਚ ਖੁੱਭਿਆ ਹੋਇਆ ਹੈ। ਉਸ ਪ੍ਰੇਮ ਰੂਪੀ ਤੀਰ ਦੀ ਵੇਦਨਾ ਮੇਰਾ ਪਰਮਾਤਮਾ ਹੀ ਜਾਣ ਸਕਦਾ ਹੈ।
(ਸ) ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ।।
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ।।
ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਰਾਮਦਾਸ ਜੀ ਦੀ ਰਚਨਾ ‘ਪ੍ਰਭ ਕੀਜੈ ਕ੍ਰਿਪਾ ਨਿਧਾਨ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਪ੍ਰਭੂ ਪਿਤਾ ਪਰਮਾਤਮਾ ਦੇ ਪਿਆਰ ਦੀ ਖਿੱਚ ਮੇਰਾ ਪਰਮਾਤਮਾ ਹੀ ਜਾਣਦਾ ਹੈ।
ਵਿਆਖਿਆ: ਅਸੀਂ ਮੂਰਖ ਜੀਵ ਅੰਜਾਣ ਬੱਚਿਆਂ ਵਾਂਗ ਹਾਂ ਅਤੇ ਪ੍ਰਭੂ-ਪਿਤਾ ਸਾਨੂੰ ਹਰ ਵਕਤ ਸਮਝਾਉਂਦੇ ਰਹਿੰਦੇ ਹਨ। ਪਰ ਮਨੁੱਖ ਵਾਰ-ਵਾਰ ਭੁੱਲ ਕਰਦਾ ਹੈ ਅਤੇ ਕੰਮ ਖਰਾਬ ਕਰ ਬਹਿੰਦਾ ਹੈ। ਪਰਮ-ਪਿਤਾ ਪਰਮਾਤਮਾ ਨੂੰ ਫਿਰ ਵੀ ਜੀਵ ਬੱਚੇ ਪਿਆਰੇ ਲੱਗਦੇ ਹਨ।
ਪ੍ਰਸ਼ਨ 2. (ੳ) ‘ਇਛਾ ਪੂਰਕੁ ਸਰਬ ਸੁਖਦਾਤਾ’ ਸ਼ਬਦ ਦਾ ਕੇਂਦਰੀ ਭਾਵ ਲਿਖੋ?
ਉੱਤਰ: ਕੇਂਦਰੀ ਭਾਵ: ਜੀਵ ਨੂੰ ਸਦਾ ਹੀ ਸਾਰੀਆਂ ਇੱਛਾ ਪੂਰੀ ਕਰਨ ਵਾਲ਼ੇ ਸਰਬ ਵਿਆਪਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ਼ ਜੀਵ ਦੇ ਮਨ ਵਿੱਚੋਂ ਸਾਰੇ ਝਗੜੇ ਦੂਰ ਹੋ ਜਾਂਦੇ ਹਨ ਪਰ ਪ੍ਰਭੂ ਦੇ ਨਾਮ ਦਾ ਸਿਮਰਨ ਕਿਸਮਤ ਨਾਲ਼ ਪ੍ਰਾਪਤ ਹੋਈ ਗੁਰੂ ਦੀ ਸਿੱਖਿਆ ਨਾਲ਼ ਹੀ ਸੰਭਵ ਹੋ ਸਕਦਾ ਹੈ।
ਪ੍ਰਸ਼ਨ 2. (ਅ) ‘ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ’ ਸ਼ਬਦ ਦਾ ਕੇਂਦਰੀ ਭਾਵ ਲਿਖੋ।
ਉੱਤਰ: ਕੇਂਦਰੀ ਭਾਵ: ਪ੍ਰਭੂ ਪ੍ਰੀਤਮ ਦੇ ਵਿਛੋੜੇ ਵਿੱਚ ਇਸਤਰੀ ਰੂਪੀ ਜੀਵ ਆਤਮਾ ਬੁਰੀ ਤਰ੍ਹਾਂ ਤੜਫਦੀ ਹੈ। ਉਹ ਚਾਹੁੰਦੀ ਹੈ ਕਿ ਕੋਈ ਸ਼ਾਂਤੀ ਦੇਣ ਵਾਲ਼ੀ ਮੱਤ ਨੂੰ ਕਿ ਉਸ ਨੂੰ ਮਿਲ਼ੇ। ਉਹ ਪਰਮਾਤਮਾ ਨੂੰ ਦਰਸ਼ਨਾਂ ਲਈ ਬੇਨਤੀ ਕਰਦੀ ਹੈ ਜਿਸ ਨਾਲਂ ਉਸਦਾ ਮਨ ਸ਼ਾਂਤ ਰਹਿ ਸਕੇ।
ਪ੍ਰਸ਼ਨ 3. ਵਸਤੁਨਿਸ਼ਠ ਪ੍ਰਸ਼ਨ:
(ੳ) ‘ਹਉ ਪੰਥ ਦਸਾਈ ਨਿਤ ਖੜੀ’ ਸਲੋਕ ਵਿੱਚ ‘ਸਭੁ ਜਗਜੀਵਨੁ ਜਗਿ ਆਪਿ ਹੈ’ ਸਤਰ ਵਿੱਚ ਕਿਸ ਨੂੰ ਸੰਬੋਧਨ ਕੀਤਾ ਗਿਆ ਹੈ?
ਉੱਤਰ: ਰੱਬ ਨੂੰ।
(ਅ) ‘ਜਿਸੁ ਅੰਦਰਿ ਤਾਤਿ ਪਰਾਈ ਹੋਵੈ‘ ਸਲੋਕ ਵਿੱਚ ਗੁਰੂ ਰਾਮਦਾਸ ਜੀ ਈਰਖਾਲੂ ਮਨੁੱਖ ਬਾਰੇ ਕੀ ਕਹਿੰਦੇ ਹਨ?
ਉਸਦਾ ਕਦੇ ਭਲਾ ਨਹੀਂ ਹੁੰਦਾ
(
ii)
ਉਹ ਕਿਸੇ ਦੇ ਮੱਥੇ ਨਹੀਂ ਲੱਗ ਸਕਦਾ
(
iii)
ਉਸ ਦਾ ਮੂੰਹ ਕਾਲ਼ਾ ਹੁੰਦਾ ਹੈ
।
ਉੱਤਰ: (i) ਉਸਦਾ ਕਦੇ ਭਲਾ ਨਹੀਂ ਹੁੰਦਾ।
(ੲ) ‘ਜਿਸੁ ਅੰਦਰਿ ਤਾਤਿ ਪਰਾਈ ਹੋਵੈ‘ ਸਲੋਕ ਵਿੱਚ “ਜੇਹਾ ਕੋ ਬੀਜੇ ਤੇਹਾ ਕੋ ਖਾਏ।’ ਸਤਰ ਤੋਂ ਕੀ ਭਾਵ ਹੈ?
ਉੱਤਰ: ਜਿਵੇਂ ਦਾ ਕੋਈ ਬੀਜ ਬੀਜਦਾ ਹੈ ਉਸੇ ਤਰ੍ਹਾਂ ਦਾ ਫ਼ਲ ਪਾਉਂਦਾ ਹੈ।
(ਸ) ‘ਇਛਾ ਪੂਰਕੁ ਸਰਬ ਸੁਖਦਾਤਾ’ ਸਲੋਕ ਵਿੱਚ ਗੁਰੂ ਰਾਮਦਾਸ ਜੀ ਸਾਰੇ ਸੁੱਖ ਪ੍ਰਾਪਤ ਕਰਨ ਲਈ ਆਪਣੇ ਮਨ ਨੂੰ ਕੀ ਕਰਨ ਲਈ ਪ੍ਰੇਰਦੇ ਹਨ?
(i) ਚੰਗੇ ਕਰਮ ਕਰਨ ਲਈ (ii) ਪਰਮਾਤਮਾ ਦਾ ਨਾਮ ਜਪਣ ਲਈ।
ਉੱਤਰ: (ii) ਪਰਮਾਤਮਾ ਦਾ ਨਾਮ ਜਪਣ ਲਈ।
(ਹ) ‘ਇਛਾ ਪੂਰਕ ਸਰਬ ਸੁਖ ਦਾਤਾ’ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?
(i) ਗੁਰੂ ਅਰਜਨ ਦੇਵ ਜੀ (ii) ਗੁਰੂ ਰਾਮਦਾਸ ਜੀ (iii) ਗੁਰੂ ਅੰਗਦ ਦੇਵ ਜੀ।
ਉੱਤਰ: (ii) ਗੁਰੂ ਰਾਮਦਾਸ ਜੀ।
(ਕ) ‘ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ’ ਸਲੋਕ ਵਿੱਚ ਗੁਰੂ ਰਾਮਦਾਸ ਜੀ ਪਰਮਾਤਮਾ ਦੀ ਗੱਲ ਦੱਸਣ ਵਾਲ਼ੇ ਨਾਲ਼ ਕਿਹੜਾ ਰਿਸ਼ਤਾ ਜੋੜਦੇ ਹਨ?
ਉੱਤਰ: ਭਰਾ ਦਾ।
(ਖ) ‘ਪ੍ਰਭ ਕੀਜੈ ਕ੍ਰਿਪਾ ਨਿਧਾਨ‘ ਸਲੋਕ ਵਿੱਚ ਗੁਰੂ ਰਾਮਦਾਸ ਜੀ ਪ੍ਰਭੂ ਤੋਂ ਕੀ ਮੰਗਦੇ ਹਨ?
ਉੱਤਰ: ਆਪਣੇ ਗਲ਼ ਲਾਉਣ ਦੀ।
(ਗ) ਹੇਠ ਲਿਖੀ ਸਤਰ ਪੂਰੀ ਕਰੋ:
ਹਮ ਬਾਰਿਕ ਮੁਗਧ ਇਆਨ………….. ਸਮਝਾਵਹਿਗੇ। (ਪ੍ਰਭੂ, ਪਿਤਾ, ਗੁਰੂ)
ਉੱਤਰ: ਪਿਤਾ।
(ਘ) ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਰਾਗਾਂ ਵਿੱਚ ਦਰਜ ਹੈ?
ਉੱਤਰ: 30 ਰਾਗਾਂ ਵਿੱਚ।
(ਙ) ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਗੁਰੂ ਰਾਮਦਾਸ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਦੱਸੋ।
ਉੱਤਰ: ਇਛਾ ਪੂਰਕੁ ਸਰਬ ਸੁਖਦਾਤਾ।
ਤਿਆਰ ਕਰਤਾ:
ਅਜੈ ਕੁਮਾਰ ਖਟਕੜ (ਸਟੇਟ ਅਵਾਰਡੀ) ਪੰਜਾਬੀ ਮਾਸਟਰ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784