13. ਫ਼ਿਲਮਾਂ ਵਿੱਚ ਪ੍ਰਵੇਸ਼ (ਦਾਰਾ ਸਿੰਘ)
ਅਭਿਆਸ
(ੳ) ਵਸਤੂਨਿਸ਼ਠ ਪ੍ਰਸ਼ਨ-
ਪ੍ਰਸ਼ਨ 1. ਦਾਰਾ ਸਿੰਘ ਦੁਆਰਾ ਰਚਿਤ ਕਿਹੜਾ ਸ੍ਵੈਜੀਵਨੀ-ਅੰਸ਼ ਤੁਹਾਡੀ ਪਾਠ-ਪੁਸਤਕ ਆਪ-ਬੀਤੀਆਂ ਵਿੱਚ ਦਰਜ ਹੈ?
ਉੱਤਰ: ਫ਼ਿਲਮਾਂ ਵਿੱਚ ਪ੍ਰਵੇਸ਼।
ਪ੍ਰਸ਼ਨ 2. ਦਾਰਾ ਸਿੰਘ ਨੇ ਸਭ ਤੋਂ ਪਹਿਲਾਂ ਕਿਹੜੀ ਫ਼ਿਲਮ ਵਿੱਚ ਕੁਸ਼ਤੀ ਲੜੀ ਸੀ?
ਉੱਤਰ: ਦੀ ਵਰਲਡ।
ਪ੍ਰਸ਼ਨ 3. ਦਾਰਾ ਸਿੰਘ ਹਮੇਸ਼ਾਂ ਲਈ ਬੰਬਈ ਆ ਕੇ ਰਹਿਣ ਲੱਗੇਗਾ- ਇਹ ਭਵਿਖਬਾਣੀ ਕਿਸ ਨੇ ਕੀਤੀ ਸੀ?
ਉੱਤਰ: ਪ੍ਰੋਡਿਊਸਰ ਰਾਮ ਕੁਮਾਰ ਵੋਹਰਾ ਨੇ।
ਪ੍ਰਸ਼ਨ 4. ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਹੀ ਦਾਰਾ ਸਿੰਘ ਉਰਦੂ ਭਾਸ਼ਾ ਚੰਗੀ ਤਰ੍ਹਾਂ ਬੋਲ ਸਕਦਾ ਸੀ। (ਸਹੀ/ਗ਼ਲਤ)
ਉੱਤਰ: ਗ਼ਲਤ।
ਪ੍ਰਸ਼ਨ 5. ਤਾਮਿਲ ਫ਼ਿਲਮ ‘ਪੂਨੀ‘ ਵਿੱਚ ਦਾਰਾ ਸਿੰਘ ਨੇ ਕਿੰਗਕਾਂਗ ਨਾਲ਼ ਕੁਸ਼ਤੀ ਲੜੀ ਸੀ। (ਸਹੀ/ਗ਼ਲਤ)
ਉੱਤਰ: ਸਹੀ।
ਪ੍ਰਸ਼ਨ 6. ਦਾਰਾ ਸਿੰਘ ਨੇ ਲੜਕੀ ਦਾ ਪਿਤਾ ਬਣਨ ਦੀ ਖ਼ੁਸ਼ੀ ਵਿੱਚ ਪਾਰਟੀ ਦਿੱਤੀ ਸੀ। (ਸਹੀ/ਗ਼ਲਤ)
ਉੱਤਰ: ਸਹੀ।
ਖ਼ਾਲੀ ਸਥਾਨ ਭਰੋ:
ਪ੍ਰਸ਼ਨ 7. ਕਿੰਗਕਾਂਗ ਫ਼ਿਲਮ ਦਾ ਨਿਰਮਾਤਾ …………….. ਸੀ।
ਉੱਤਰ: ਦੇਵੀ ਸ਼ਰਮਾ।
ਪ੍ਰਸ਼ਨ 8. 1962 ਦੇ ……………….ਮਹੀਨੇ ਦਾਰਾ ਸਿੰਘ ਨੇ ਆਪਣੀ ਪਤਨੀ ਅਤੇ ਧੀ ਨੂੰ ਵੀ ਬੰਬਈ ਬੁਲਾ ਲਿਆ।
ਉੱਤਰ: ਅਗਸਤ।
ਪ੍ਰਸ਼ਨ 9. ਦਾਰਾ ਸਿੰਘ ਨੇ ਆਪਣਾ ਸੈਕਟਰੀ ਬਣਾਇਆ ……………………..।
(ੳ) ਰਾਮ ਸਿੰਘ ਨੂੰ (ਅ) ਲਲਿਤ ਭਾਈ ਨੂੰ (ੲ) ਬਾਬੂ ਭਾਈ ਮਿਸਤਰੀ ਨੂੰ (ਸ) ਦਰਸ਼ਨ ਨੂੰ
ਉੱਤਰ: ਲਲਿਤ ਭਾਈ ਨੂੰ।
ਪ੍ਰਸ਼ਨ 10. ਦਾਰਾ ਸਿੰਘ ਨੇ ਉਰਦੂ ਜ਼ੁਬਾਨ ਸਿੱਖੀ ………………।
(ੳ) ਰਾਜ ਕੁਮਾਰ ਕੋਹਲੀ ਤੋਂ (ਅ) ਓਮ ਪੁਰੀ ਤੋਂ (ੲ) ਮਾਸਟਰ ਹਸਨ ਤੋਂ (ਸ) ਹਰਬੰਸ ਤੋਂ
ਉੱਤਰ: ਮਾਸਟਰ ਹਸਨ ਤੋਂ।
(ਅ) ਦੱਸੋ:
ਪ੍ਰਸ਼ਨ 1. ਲੇਖਕ ਨੂੰ ਪੂਰਨ ਤੌਰ ’ਤੇ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਕਦੋਂ ਮਿਲ਼ਿਆ ਅਤੇ ਉਸ ਨੇ ਫ਼ਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਕਿਉਂ ਲਿਆ?
ਉੱਤਰ-ਲੇਖਕ ਨੂੰ ਫ਼ਿਲਮਾਂ ਵਿਚ ਪੂਰਨ ਤੌਰ ਤੇ ਕੰਮ ਕਰਨ ਦਾ ਮੌਕਾ 1960 ਵਿਚ ਮਿਲ਼ਿਆ, ਜਦੋਂ ਉਸ ਨੂੰ ਉੱਘੇ ਫ਼ਿਲਮ ਨਿਰਮਾਤਾ ਦੇਵੀ ਸ਼ਰਮਾ ਨੇ ਆਪਣੀ ਫ਼ਿਲਮ ‘ਕਿੰਗਕਾਂਗ’ ਲਈ ਸਾਈਨ ਕੀਤਾ। ਲੇਖਕ ਨੇ ਫ਼ਿਲਮਾਂ ਵਿਚ ਕੰਮ ਕਰਨ ਦਾ ਮਨ ਇਸ ਕਰਕੇ ਬਣਾ ਲਿਆ ਸੀ, ਕਿਉਂਕਿ ਉਹ ਇਸ ਕੰਮ ਨੂੰ ਆਪਣੇ ਬੁਢਾਪੇ ਦਾ ਸਹਾਰਾ ਸਮਝਦਾ ਸੀ। ਉਹ ਸੋਚਦਾ ਸੀ ਕਿ ਕੁਸ਼ਤੀਆਂ ਦਾ ਕੰਮ ਤਾਂ ਜਵਾਨੀ ਜਾਣ ਦੇ ਨਾਲ਼ ਖ਼ਤਮ ਹੋ ਜਾਂਦਾ ਹੈ। ਕਿਤੇ ਪਿੱਛੋਂ ਉਸਦਾ ਹਾਲ ਗਾਮੇ ਪਹਿਲਵਾਨ ਜਾਂ ਦੁਜੇ ਪਹਿਲਵਾਨਾਂ ਵਰਗਾ ਮਾੜਾ ਨਾ ਹੋਵੇ। ਇਹ ਸੋਚ ਕੇ ਉਸ ਨੇ ਕੁਸ਼ਤੀਆਂ ਦੇ ਨਾਲ਼-ਨਾਲ਼ ਫ਼ਿਲਮਾਂ ਦਾ ਕੰਮ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ।
ਪ੍ਰਸ਼ਨ 2. ਪੀਲ਼ੇ ਬੁਖ਼ਾਰ ਦਾ ਟੀਕਾ ਸਮੇਂ ਸਿਰ ਨਾ ਲਗਵਾਉਣ ਕਰਕੇ ਲੇਖਕ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?
ਉੱਤਰ: ਲੇਖਕ ਦੱਸਦਾ ਹੈ ਕਿ ਉਸਨੇ ਨੈਰੋਬੀ ਤੋਂ ਭਾਰਤ ਚਲਣ ਤੋਂ ਪੰਦਰਾਂ ਦਿਨ ਪਹਿਲਾਂ ਪੀਲ਼ੇ ਬੁਖ਼ਾਰ ਦਾ ਟੀਕਾ ਲਗਵਾਉਣਾ ਚਾਹੀਦਾ ਸੀ, ਪਰ ਉਸ ਨੂੰ ਇਸ ਗੱਲ ਦਾ ਪਤਾ ਤਿੰਨ ਦਿਨ ਪਹਿਲਾਂ ਹੀ ਲੱਗਾ ਸੀ। ਜਿਸ ਕਾਰਨ ਭਾਰਤ ਪੁੱਜਣ ’ਤੇ ਬੰਬੇ ਏਅਰ ਅਥਾਰਟੀ ਨੇ ਉਸ ਨੂੰ ਕੁਰਾਂਟੀਨ ਵਿਚ ਬੰਦ ਕਰ ਦਿੱਤਾ। ਦੇਵੀ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮੈਨੂੰ ਸ਼ੂਟਿੰਗ ਕਰਨ ਦੀ ਇਜਾਜ਼ਤ ਮਿਲ ਜਾਵੇ, ਪਰ ਉਸ ਦੀ ਕਿਸੇ ਨਾ ਸੁਣੀ। ਇਸ ਨਾਲ਼ ਉਸਦੀ ਫ਼ਿਲਮ ‘ਕਿੰਗਕਾਂਗ’ ਦੀ ਸ਼ੂਟਿੰਗ ਦਾ ਸਾਰਾ ਸ਼ਡਿਊਲ ਵਿਗੜ ਗਿਆ। ਜਦੋਂ ਪ੍ਰੋਡਿਊਸਰ ਦੇਵੀ ਸ਼ਰਮਾ ਦੀਆਂ ਕੋਸ਼ਸ਼ਾਂ ਦੇ ਬਾਵਜੂਦ ਉਹ ਸੱਤ ਦਿਨ ਬਾਹਰ ਨਾ ਆ ਸਕਿਆ, ਤਾਂ ਬਾਕੀ ਕਲਾਕਾਰਾਂ ਨਾਲ਼ ਨਿਸ਼ਚਿਤ ਕੀਤੇ ਦਿਨ ਵੀ ਖ਼ਤਮ ਹੋ ਗਏ। ਹੁਣ ਉਨ੍ਹਾਂ ਤੋਂ ਸ਼ੂਟਿੰਗ ਲਈ ਨਵੀਆਂ ਤਰੀਕਾਂ ਲੈਣੀਆਂ ਪੈਣੀਆਂ ਸਨ। ਇਸ ਤਰ੍ਹਾਂ ਸ਼ੂਟਿੰਗ ਦਾ ਕੰਮ ਖ਼ਾਹ-ਮਖ਼ਾਹ ਲੇਟ ਹੋ ਗਿਆ ਤੇ ਲੇਖਕ ਵੀ ਕੁਰਾਂਟੀਨ ਵਿਚੋਂ ਹੀ ਟਿਕਟ ਲੈ ਕੇ ਵਾਪਸ ਅਫ਼ਰੀਕਾ ਚਲਾ ਗਿਆ। ਫਿਰ ਅਫ਼ਰੀਕਾ ਤੋਂ ਪਰਤ ਕੇ ਹੀ ਉਸ ਨੇ ਕਿੰਗਕਾਂਗ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ।
ਪ੍ਰਸ਼ਨ 3. ਫ਼ਿਲਮਾਂ ਵਿੱਚ ਕੰਮ ਕਰਨ ਬਾਰੇ ਬਾਬੂ ਭਾਈ ਮਿਸਤਰੀ ਨੇ ਦਾਰਾ ਸਿੰਘ ਨੂੰ ਕੀ ਸਲਾਹ ਦਿੱਤੀ?
ਉੱਤਰ: ਜਦੋਂ ਪ੍ਰੋਡਿਊਸਰ ਦਰਸ਼ਨ ਸਿੰਘ ਸੱਭਰਵਾਲ ਤੇ ਰਾਮ ਕੁਮਾਰ ਵੋਹਰਾ ਨੇ ਲੇਖਕ ਨੂੰ ਆਪਣੀਆਂ ਫ਼ਿਲਮਾਂ ਲਈ ਸਾਈਨ ਕਰਨ ਦੀ ਗੱਲ ਕੀਤੀ, ਤਾਂ ਇਸ ਸੰਬੰਧੀ ਉਸਨੇ ਫ਼ਿਲਮ ‘ਕਿੰਗਕਾਂਗ’ ਦੀ ਸ਼ੂਟਿੰਗ ਦੌਰਾਨ ਆਪਣੇ ਡਾਇਰੈਕਟਰ ਬਾਬੂ ਭਾਈ ਮਿਸਤਰੀ ਦੀ ਸਲਾਹ ਪੁੱਛੀ। ਉਸ ਨੇ ਲੇਖਕ ਨੂੰ ਕਿਹਾ ਕਿ ਜੇਕਰ ਉਹ ਫ਼ਿਲਮਾਂ ਵਿਚ ਕੰਮ ਕਰਨਾ ਚਾਹੁੰਦਾ ਹੈ, ਤਾਂ ਉਨ੍ਹਾਂ ਦੀਆਂ ਫ਼ਿਲਮਾਂ ਜ਼ਰੂਰ ਸਾਈਨ ਕਰ ਲਵੇ, ਕਿਉਂਕਿ ਇੱਕ ਫ਼ਿਲਮ ਦਾ ਪਤਾ ਨਹੀਂ ਹੁੰਦਾ ਕਿ ਉਹ ਕਾਮਯਾਬ ਹੋਵੇ ਜਾ ਨਾ, ਪਰੰਤੂ ਤਿੰਨਾਂ ਵਿਚੋਂ ਕੋਈ ਇਕ ਤਾਂ ਕਾਮਯਾਬ ਹੋ ਹੀ ਜਾਵੇਗੀ। ਲੇਖਕ ਨੂੰ ਉਸ ਦੀ ਇਹ ਸਲਾਹ ਠੀਕ ਲੱਗੀ ਤੇ ਉਸ ਨੇ ਦੋਂਹ ਵਿਚੋਂ ਇਕ ਸਾਈਨ ਕਰਨ ਦਾ ਮਨ ਬਣਾ ਲਿਆ, ਪਰ ਮਗਰੋਂ ਲੇਖਕ ਨੂੰ ਦੋਵੇਂ ਫ਼ਿਲਮਾਂ ਕਰਨੀਆਂ ਪਈਆਂ।
ਪ੍ਰਸ਼ਨ 4. ਧੀ ਦਾ ਬਾਪ ਬਣਨ ਦੀ ਖ਼ਬਰ ਸੁਣ ਕੇ ਦਾਰਾ ਸਿੰਘ ਨੇ ਕੀ ਮਹਿਸੂਸ ਕੀਤਾ? ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਮਾਰਚ, 1962 ਵਿੱਚ ਲੇਖਕ ਨੂੰ ਅੰਮ੍ਰਿਤਸਰੋਂ ਚਿੱਠੀ ਆਈ ਕਿ ਉਹ ਇੱਕ ਲੜਕੀ ਦਾ ਬਾਪ ਬਣ ਗਿਆ ਹੈ। ਥੋੜ੍ਹੇ ਦਿਨਾਂ ਬਾਅਦ ਵਹੁਟੀ ਦਾ ਖ਼ਤ ਆਇਆ। ਜਿਸ ਵਿੱਚ ਲਿਖਿਆ ਸੀ ਕਿ ਉਸ ਨੂੰ ਅਫ਼ਸੋਸ ਹੈ ਕਿ ਉਹਨਾਂ ਨੂੰ ਲੜਕਾ ਨਹੀਂ ਦੇ ਸਕੀ। ਸ਼ਾਇਦ ਬਾਹਰਲੇ ਮੁਲਕਾਂ ਦੀ ਸੱਭਿਅਤਾ ਦਾ ਅਸਰ ਮੇਰੇ ਮਨ ਲੇਖਕ ’ਤੇ ਹੋਣ ਦਾ ਕਾਰਨ ਸੀ ਕਿ ਲੇਖਕ ਲੜਕੇ ਤੇ ਲੜਕੀ ਵਿੱਚ ਜ਼ਿਆਦਾ ਫ਼ਰਕ ਨਹੀਂ ਮਹਿਸੂਸ ਕਰ ਰਿਹਾ ਸੀ। ਲੇਖਕ ਨੇ ਆਪਣੀ ਪਤਨੀ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਸੰਤਾਨ ਤਾਂ ਸੰਤਾਨ ਹੈ ਭਾਵੇਂ ਲੜਕਾ ਤੇ ਭਾਵੇਂ ਲੜਕੀ। ਅਸੀਂ ਆਪਣੇ ਕਲਚਰ ਮੁਤਾਬਕ ਔਲਾਦ ਇਸ ਕਰਕੇ ਚਾਹੁੰਦੇ ਹਾਂ ਕਿ ਸਾਡੇ ਪਿੱਛੋਂ ਸਾਡਾ ਕੋਈ ਨਾਂ-ਲੈਂਦਾ ਰਹੇ ਤੇ ਬੁਢਾਪੇ ਵਿੱਚ ਸੇਵਾ ਕਰਵਾਉਣ ਦਾ ਲਾਲਚ ਵੀ ਸਾਡੇ ਮਨ ਵਿੱਚ ਹੁੰਦਾ ਹੈ। ਇਹਨਾਂ ਉੱਪਰ ਵਾਲ਼ੇ ਕੰਮਾਂ ਨੂੰ ਪੂਰਾ ਕਰਨ ਲਈ ਲੜਕਾ ਜਾਂ ਲੜਕੀ ਦੋਵੇਂ ਇੱਕੋ-ਜਿਹਾ ਕੰਮ ਕਰ ਸਕਦੇ ਹਨ ਪਰ ਸ਼ਰਤ ਇਹ ਹੈ ਕਿ ਤੁਹਾਡੇ ਆਪਣੇ ਵਿੱਚ ਕਰਵਾਉਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਲੇਖਕ ਨੇ ਆਪਣੇ ਸਾਥੀ ਪਹਿਲਵਾਨਾਂ ਨੂੰ ਲੜਕੀ ਦਾ ਪਿਤਾ ਬਣਨ ਦੀ ਖ਼ੁਸ਼ੀ ਵਿੱਚ ਪਾਰਟੀ ਦਿੱਤੀ।
ਪ੍ਰਸ਼ਨ 5. ਫ਼ਿਲਮਾਂ ਵਿੱਚ ਦਾਰਾ ਸਿੰਘ ਦੀ ਮਸ਼ਹੂਰੀ ਵੇਖ ਕੇ ਕੁਸ਼ਤੀ- ਪ੍ਰੇਮੀਆਂ ਦਾ ਕੀ ਪ੍ਰਤਿਕਰਮ ਹੋਇਆ?
ਉੱਤਰ: ਲੇਖਕ ਦੀ ਫ਼ਿਲਮਾਂ ਵਿੱਚ ਬਹੁਤ ਮਸ਼ਹੂਰੀ ਹੋਈ ਤਾਂ ਕੁਸ਼ਤੀ ਦੇ ਸ਼ੌਕੀਨਾਂ ਨੂੰ ਬਹੁਤ ਗੁੱਸਾ ਆਇਆ। ਉਸਦੇ ਚਾਹੁੰਣ ਵਾਲ਼ਿਆਂ ਨੇ ਬਹੁਤ ਖ਼ਤ ਲਿਖੇ। ਲੇਖਕ ਨੇ ਆਪਣੇ ਕੁਸ਼ਤੀ-ਪ੍ਰੇਮੀਆਂ ਨੂੰ ਲਿਖਿਆ ਕਿ ਮੈਂ ਕੁਸ਼ਤੀ ਬਿਲਕੁਲ ਨਹੀਂ ਛੱਡ ਰਿਹਾ, ਬਾਕਾਇਦਾ ਜ਼ੋਰ ਜਾਰੀ ਹਨ ਤਾਂ ਕਿਤੇ ਉਹਨਾਂ ਨੂੰ ਧੀਰਜ ਆਈ। ਲੋਕਾਂ ਦਾ ਖ਼ਿਆਲ ਸੀ ਕਿ ਫ਼ਿਲਮਾਂ ਦੀ ਚਮਕ-ਦਮਕ ਤੇ ਹੁਸਨ ਦਾ ਬੋਲ-ਬਾਲਾ ਪਹਿਲਵਾਨ ਨੂੰ ਪਹਿਲਵਾਨੀ ਭੁਲਾ ਦਏਗਾ। ਪਰ ਲੇਖਕ ਆਪਣੇ ਇਰਾਦੇ ਦਾ ਪੱਕਾ ਸੀ। ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਉਹ ਫ਼ਿਲਮੀ ਦੁਨੀਆਂ ਦੀਆਂ ਰੰਗੀਨੀਆਂ ਤੋਂ ਦੂਰ ਰਹਿੰਦਾ ਸੀ। ਦੇਰ ਰਾਤ ਤੱਕ ਦੀਆਂ ਪਾਰਟੀਆਂ ’ਤੇ ਨਹੀਂ ਸਾਂ ਜਾਂਦਾ। ਦੋ-ਤਿੰਨ ਸਾਲ ਫ਼ਿਲਮਾਂ ਵਿੱਚ ਰਹਿਣ ਤੋਂ ਬਾਅਦ ਵੀ ਉਹ ਪੂਰੀ ਲਗਨ ਨਾਲ਼ ਘੁਲ਼ਦਾ ਰਿਹਾ ਤਾਂ ਕਿਤੇ ਜਾਕੇ ਉਸਦੇ ਚਾਹੁੰਣ ਵਾਲ਼ਿਆਂ ਨੂੰ ਯਕੀਨ ਆਇਆ ਕਿ ਵਾਕਿਆ ਹੀ ਉਹ ਸੱਚ ਬੋਲ ਰਿਹਾ ਹੈ।
ਪ੍ਰਸ਼ਨ 6. ਫ਼ਿਲਮਾਂ ਵਿੱਚ ਪ੍ਰਵੇਸ਼ ਸ੍ਵੈਜੀਵਨੀ-ਅੰਸ਼ ਦੇ ਆਧਾਰ ’ਤੇ ਦਾਰਾ ਸਿੰਘ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕਰੋ।
ਉੱਤਰ: ਦਾਰਾ ਸਿੰਘ ਆਪਣੇ ਸਮੇਂ ਦਾ ਕੁਸ਼ਤੀਆਂ ਲੜਨ ਵਾਲ਼ਾ ਪ੍ਰਸਿੱਧ ਪਹਿਲਵਾਨ ਸੀ ਜਿਸ ਨੂੰ ‘ਰੁਸਤਮੇ-ਹਿੰਦ’ ਦੀ ਉਪਾਧੀ ਦਿੱਤੀ ਗਈ। ਦਾਰਾ ਸਿੰਘ ਨੇ ਫ਼ਿਲਮ-ਜਗਤ ਵਿੱਚ ਵੀ ਨਾਂ ਕਮਾਇਆ। ਉਸ ਨੇ ਆਪਣੇ ਸਮੇਂ ਦੀਆਂ ਸਟੇਟ ਅਤੇ ਇਤਿਹਾਸਿਕ ਫ਼ਿਲਮਾਂ ਵਿੱਚ ਅਦਾਕਾਰੀ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। ਟੈਲੀਵਿਜ਼ਨ ਦੇ ਪ੍ਰਸਿੱਧ ਧਾਰਾਵਾਹਕ/ਲੜੀਵਾਰ ਰਮਾਇਣ ਵਿੱਚ ਆਪ ਨੇ ਹਨੂੰਮਾਨ ਦੇ ਕਿਰਦਾਰ ਦੀ ਭੂਮਿਕਾ ਨਿਭਾਈ ਜੋ ਬਹੁਤ ਹਰਮਨ ਪਿਆਰੀ ਹੋਈ। ਫ਼ਿਲਮਾਂ ਵਿੱਚ ਪਰਵੇਸ਼ ਨਾਂ ਦੇ ਸ੍ਵੈਜੀਵਨੀ-ਅੰਸ਼ ਤੋਂ ਦਾਰਾ ਸਿੰਘ ਦੀ ਸ਼ਖਸੀਅਤ ਦੇ ਕਈ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ।
ਜਦ ਦਾਰਾ ਸਿੰਘ ਦੀਆਂ ਫ਼ਿਲਮਾਂ ਵਿੱਚ ਕਿਸੇ ਹੋਰ ਦੀ ਅਵਾਜ਼ ਭਰੀ ਜਾਂਦੀ ਤਾਂ ਉਸ ਨੂੰ ਬੁਰਾ ਲੱਗਦਾ। ਅਜਿਹਾ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਦਾਰਾ ਸਿੰਘ ਨੂੰ ਉਰਦੂ ਜ਼ੁਬਾਨ ਠੀਕ ਤਰ੍ਹਾਂ ਨਾਲ ਬੋਲਣੀ ਨਹੀਂ ਸੀ ਆਉਂਦੀ, ਪਰ ਏਕ ਥਾ ਅਲੀ ਬਾਬਾ ਫ਼ਿਲਮ ਦਾ ਡਾਇਰੈਕਟਰ ਹਰਬੰਸ ਇਸ ਫ਼ਿਲਮ ਲਈ ਦਾਰਾ ਸਿੰਘ ਦੀ ਅਵਾਜ਼ ਹੀ ਰੱਖਣੀ ਚਾਹੁੰਦਾ ਸੀ। ਇਸ ਲਈ ਉਸ ਨੇ ਦਾਰਾ ਸਿੰਘ ਨੂੰ ਉਰਦੂ ਜਬਾਨ ਸਿੱਖਣ ਲਈ ਕਿਹਾ।
ਦਾਰਾ ਸਿੰਘ ਜ਼ਬਾਨ ਦਾ ਪੱਕਾ ਸੀ। ‘ਕਿੰਗਕਾਂਗ‘ ਦੇ ਹਿੱਟ ਹੋਣ ਤੋਂ ਬਾਅਦ ਉਸ ਦਾ ਕਾਂਟਰੈਕਟ ਦੁੱਗਣੇ ਤੋਂ ਵੀ ਵੱਧ ਪੈਸਿਆਂ ਦਾ ਹੋ ਗਿਆ ਸੀ ਪਰ ਇਸ ਤੋਂ ਪਹਿਲਾਂ ਸਾਈਨ ਕੀਤੀਆਂ ਫ਼ਿਲਮਾਂ ਲਈ ਉਹ ਪਹਿਲਾਂ ਕੀਤੀ ਜ਼ੁਬਾਨ ਤੇ ਕਾਇਮ ਰਿਹਾ। ਦਾਰਾ ਸਿੰਘ ਲੜਕੇ ਅਤੇ ਲੜਕੀ ਵਿੱਚ ਬਹੁਤ ਫ਼ਰਕ ਨਹੀਂ ਸੀ ਸਮਝਦਾ। ਇਸੇ ਲਈ ਲੜਕੀ ਦਾ ਬਾਪ ਬਣਨ ਦੀ ਖੁਸ਼ੀ ਵਿੱਚ ਉਹ ਸਾਥੀ ਪਹਿਲਵਾਨਾਂ ਨੂੰ ਪਾਰਟੀ ਦਿੰਦਾ ਹੈ।
ਦਾਰਾ ਸਿੰਘ ਨੂੰ ਆਪਣੇ ਕੁਸ਼ਤੀ-ਪ੍ਰੇਮੀਆਂ ਦੀਆਂ ਭਾਵਨਾਵਾਂ ਦੀ ਪੂਰੀ ਕਦਰ ਸੀ। ਦਾਰਾ ਸਿੰਘ ਨੇ ਫ਼ਿਲਮਾਂ ਦੇ ਖੇਤਰ ਵਿੱਚ ਪ੍ਰਵੇਸ਼ ‘ਤੇ ਨਰਾਜ ਹੋਏ ਆਪਣੇ ਕੁਸ਼ਤੀ-ਪ੍ਰੇਮੀਆਂ ਨੂੰ ਲਿਖਿਆ ਕਿ ਉਹ ਕੁਸ਼ਤੀ ਬਿਲਕੁਲ ਨਹੀਂ ਛੱਡ ਰਿਹਾ।
ਪਹਿਲਾਂ ਦਾਰਾ ਸਿੰਘ ਦੇ ਮਨ ਵਿੱਚ ਦੁਚਿੱਤੀ ਸੀ ਕਿ ਉਹ ਫ਼ਿਲਮਾਂ ਵਿੱਚ ਕੰਮ ਕਰੇ ਜਾਂ ਨਾ ਕਰੇ। ਉਸ ਨੂੰ ਡਰ ਸੀ ਕਿ ਜੇਕਰ ਉਸ ਨੂੰ ਕੰਮ ਕਰਨ ਦੀ ਜਾਂਚ ਨਾ ਆਈ ਤਾਂ ਉਸ ਦੀ ਬਦਨਾਮੀ ਹੋਵੇਗੀ ਅਤੇ ਕੁਸ਼ਤੀ ਦੇ ਖੇਤਰ ਵਿੱਚ ਖੱਟਿਆ ਨਾਂ ਵੀ ਜਾਂਦਾ ਰਹੇਗਾ। ਪਰ ਉਹ ਇਹ ਵੀ ਲੋਚਦਾ ਕਿ ਫ਼ਿਲਮਾਂ ਦੀ ਕਾਮਯਾਬੀ ਉਸ ਦਾ ਬੁਢਾਪਾ ਸੁਆਰ ਦਏਗੀ। ਇਸ ਤਰ੍ਹਾਂ ਇਸ ਸੰਬੰਧ ਵਿੱਚ ਉਹ ਦੁਚਿੱਤੀ ਦਾ ਸ਼ਿਕਾਰ ਸੀ। ਪਰ ਅੰਤ ਉਸਨੇ ਫੈਸਲਾ ਕੀਤਾ ਕਿ “ਕੁਸ਼ਤੀਆਂ ਵੀ ਨਾ ਛੱਡੇ ਤੇ ਫ਼ਿਲਮਾਂ ਵਿੱਚ ਵੀ ਕੋਸ਼ਿਸ਼ ਕਰ ਲਓ।”
ਮਾਰਚ, 1962 ਵਿੱਚ ਲੇਖਕ ਨੂੰ ਅੰਮ੍ਰਿਤਸਰੋਂ ਚਿੱਠੀ ਆਈ ਕਿ ਉਹ ਇੱਕ ਲੜਕੀ ਦਾ ਬਾਪ ਬਣ ਗਿਆ ਹੈ। ਥੋੜ੍ਹੇ ਦਿਨਾਂ ਬਾਅਦ ਵਹੁਟੀ ਦਾ ਖ਼ਤ ਆਇਆ। ਜਿਸ ਵਿੱਚ ਲਿਖਿਆ ਸੀ ਕਿ ਉਸ ਨੂੰ ਅਫ਼ਸੋਸ ਹੈ ਕਿ ਉਹਨਾਂ ਨੂੰ ਲੜਕਾ ਨਹੀਂ ਦੇ ਸਕੀ। ਸ਼ਾਇਦ ਬਾਹਰਲੇ ਮੁਲਕਾਂ ਦੀ ਸੱਭਿਅਤਾ ਦਾ ਅਸਰ ਮੇਰੇ ਮਨ ਲੇਖਕ ’ਤੇ ਹੋਣ ਦਾ ਕਾਰਨ ਸੀ ਕਿ ਲੇਖਕ ਲੜਕੇ ਤੇ ਲੜਕੀ ਵਿੱਚ ਜ਼ਿਆਦਾ ਫ਼ਰਕ ਨਹੀਂ ਮਹਿਸੂਸ ਕਰ ਰਿਹਾ ਸੀ। ਲੇਖਕ ਨੇ ਆਪਣੀ ਪਤਨੀ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਸੰਤਾਨ ਤਾਂ ਸੰਤਾਨ ਹੈ ਭਾਵੇਂ ਲੜਕਾ ਤੇ ਭਾਵੇਂ ਲੜਕੀ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ.ਕਾਹਮਾ (ਸ਼.ਭ.ਸ.ਨਗਰ) 9878583784