ਪਾਠ 4 ਜਾਂਚ, ਮਿਣਤੀ ਅਤੇ ਮੁਲਾਂਕਣ (Test, Measurement and Evaluation)
ਅਭਿਆਸ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਗਤੀ ਟੈਸਟ ਨੂੰ ਸਮੇਂ ਵਿੱਚ ਦਰਜ ਕੀਤਾ ਜਾਂਦਾ ਹੈ ?
ਉੱਤਰ-ਸੈਕਿੰਡ।
ਪ੍ਰਸ਼ਨ 2. ਸਕਿਨ ਫ਼ੋਲਡ ਕੈਲੀਪਰ ਮਾਪਣ ਵਾਲਾ ਯੰਤਰ ਕਿਸ ਕੰਮ ਆਉਂਦਾ ਹੈ?
ਉੱਤਰ—ਚਮੜੀ ਦੀ ਮੋਟਾਈ ਮਾਪਣ ਦੇ ਕੰਮ ਆਉਂਦਾ ਹੈ।
ਪ੍ਰਸ਼ਨ 3. ਵੱਧ ਭਾਰ ਵਾਲੇ ਖਿਡਾਰੀ ਗੋਲਾ ਸੁੱਟਣ ਅਤੇ ਕੁਸ਼ਤੀਆਂ ਵਰਗੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ। (ਸਹੀ/ਗ਼ਲਤ)
ਉੱਤਰ—ਗ਼ਲਤ।
ਪ੍ਰਸ਼ਨ 4. ਗੋਲਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ? (ੳ) ਫੁੱਟਬਾਲ (ਅ) ਹਾਕੀ (ੲ) ਹੈਂਡਬਾਲ (ਸ) ਬੈਡਮਿੰਟਨ
ਉੱਤਰ—(ੳ) ਫੁੱਟਬਾਲ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਟੈੱਸਟ ਕੀ ਹੈ?
ਉੱਤਰ—ਖਿਡਾਰੀ ਦੀ ਉੱਨਤੀ ਅਤੇ ਕੋਚ ਦੀ ਸਿਖਲਾਈ ਦਾ ਪੱਧਰ ਜਾਣਨ ਲਈ ਜਾਂਚ (Test) ਬੜੀ ਜ਼ਰੂਰੀ ਹੁੰਦੀ ਹੈ।ਟੈੱਸਟ/ਜਾਂਚ ਉਹ ਔਜ਼ਾਰ ਹੈ, ਜਿਸ ਦੀ ਮਦਦ ਨਾਲ ਅਸੀਂ ਖਿਡਾਰੀ ਦੀਆਂ ਸਰੀਰਿਕ ਯੋਗਤਾਵਾਂ, ਮਾਨਸਿਕ ਪੱਧਰ ਅਤੇ ਖੇਡ ਨਿਪੁੰਨਤਾਵਾਂ ਵਿੱਚ ਹੋਏ ਸੁਧਾਰਾਂ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਹਨਾਂ ਕੁਸ਼ਲਤਾਵਾਂ/ਯੋਗਤਾਵਾਂ ਦਾ ਪਰੀਖਣ ਕਰਨ ਵਾਸਤੇ ਵਿਭਿੰਨ ਤਰ੍ਹਾਂ ਦੇ ਟੈਸ਼ਟ ਤਿਆਰ ਕੀਤੇ ਗਏ ਹਨ।
ਪ੍ਰਸ਼ਨ 6. ਮਨੋਵਿਗਿਆਨਿਕ ਪਰੀਖਣ ਕੀ ਹੈ ?
ਉੱਤਰ—ਮਨੋਵਿਗਿਆਨਿਕ ਪਰੀਖਣ (Psychological Tests)—ਖਿਡਾਰੀਆਂ ਦੇ ਮਾਨਸਿਕ ਪੱਧਰ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਖਿਡਾਰੀਆਂ ਦੇ ਦਿਲ ਵਿੱਚ ਖੇਡ ਪ੍ਰਤਿ ਜਿੱਤ-ਹਾਰ ਨੂੰ ਲੈ ਕੇ ਪੈਦਾ ਹੋਏ ਭੈਅ/ਘਬਰਾਹਟ ਦਾ ਗਿਆਨ ਪ੍ਰਾਪਤ ਕਰਨ ਲਈ ਕਈ ਕਿਸਮ ਦੇ ਟੈੱਸਟ ਤਿਆਰ ਕੀਤੇ ਗਏ ਹਨ ਜੋ ਕਿ ਬਹੁ- ਵਿਕਲਪੀ (Multiple Choice) ਉੱਤਰਾਂ ਵਾਲੇ ਪ੍ਰਸ਼ਨ ਹੁੰਦੇ ਹਨ ਜਿਨ੍ਹਾਂ ਵਿੱਚੋਂ ਖਿਡਾਰੀ ਆਪਣੀ ਸਮਝ-ਸੋਚ ਮੁਤਾਬਕ ਉੱਤਰ ਚੁਣ ਸਕਦਾ ਹੈ ਅਤੇ ਉਸ ਦੁਆਰਾ ਦਿੱਤੇ ਗਏ ਉੱਤਰਾਂ ਦੇ ਅਧਾਰ ਉੱਤੇ ਹੀ ਉਸ ਦੀ ਬੌਧਿਕ ਸਮਰੱਥਾ ਦਾ ਨਿਰੀਖਣ ਕੀਤਾ ਜਾਂਦਾ ਹੈ।
ਪ੍ਰਸ਼ਨ 7. ਖਿਡਾਰੀ ਦੀ ਦਰਜਾਬੰਦੀ ਤੋਂ ਕੀ ਭਾਵ ਹੈ ?
ਉੱਤਰ-ਖਿਡਾਰੀਆਂ ਦੀ ਸਮਾਜ ਵਿੱਚ ਆਪਣੀ ਅਲੱਗ ਪਹਿਚਾਣ ਹੁੰਦੀ ਹੈ ਜੋ ਕਿ ਖਿਡਾਰੀਆਂ ਦੀ ਕਈ ਵਰ੍ਹਿਆਂ ਦੀ ਮਿਹਨਤ ਦਾ ਸਿੱਟਾ ਹੁੰਦਾ ਹੈ। ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਦਰਜਾਬੰਦੀ ਟੈੱਸਟ, ਮਿਣਤੀ ਅਤੇ ਮੁਲਾਂਕਣ ਪ੍ਰਕਿਰਿਆ ਦੁਆਰਾ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ ਉੱਤੇ ਫੁੱਟਬਾਲ ਦੇ ਵਰਲਡ ਕੱਪ ਸਮੇਂ ‘ਗੋਲਡਨ ਬੂਟ’ ਦਾ ਇਨਾਮ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਦੁਨੀਆ ਦੇ ਸਮੁਚੇ ਖਿਡਾਰੀਆਂ ਦੀ ਦਰਜਾਬੰਦੀ ਖਿਡਾਰੀ ਦੇ ਪ੍ਰਦਰਸ਼ਨ ਦੇ ਅਧਾਰ ਉੱਤੇ ਕੀਤੀ ਜਾਂਦੀ ਹੈ।ਖਿਡਾਰੀਆਂ ਦੀ ਦਰਜਾਬੰਦੀ ਵਾਸਤੇ ਖਿਡਾਰੀਆਂ ਦੇ ਪੁਰਾਣੇ ਅਤੇ ਮੌਜੂਦਾ ਰਿਕਾਰਡ ਦੀ ਜ਼ਰੂਰਤ ਹੁੰਦੀ ਹੈ।
ਪ੍ਰਸ਼ਨ 8. ਗਤੀ ਟੈੱਸਟ ਅਤੇ ਚਿੰਨ੍ਹ-ਅਪ ਟੈੱਸਟ ਬਾਰੇ ਜਾਣਕਾਰੀ ਦਿਓ।
ਉੱਤਰ—ਗਤੀ ਟੈੱਸਟ (Speed Test)—ਖਿਡਾਰੀ ਦੀ ਗਤੀ ਦਾ ਨਿਰੀਖਣ ਕਰਨ ਲਈ ਗਤੀ ਟੈੱਸਟ ਕੀਤਾ ਜਾਂਦਾ ਹੈ। ਇਸ ਟੈਸਟ ਵਿੱਚ ਖਿਡਾਰੀ ਨੂੰ 50 ਗਜ਼ ਦੀ ਦੂਰੀ ਦੀ ਦੌੜ ਪੂਰੀ ਤੇਜ਼ ਗਤੀ ਨਾਲ ਲਗਾਉਣ ਲਈ ਕਹਿੰਦੇ ਹਨ। ਖਿਡਾਰੀ ਦੀ ਦੌੜ ਸ਼ੁਰੂ ਕਰਨ ਤੋਂ ਲੈ ਕੇ ਖ਼ਤਮ ਕਰਨ ਤਾਈਂ ਦਾ ਸਮਾਂ ਸੈਕਿੰਡ ਵਿੱਚ ਦਰਜ ਕੀਤਾ ਜਾਂਦਾ ਹੈ ਤਾਂ ਜੋ ਖਿਡਾਰੀ ਦੀ ਸਹੀ ਗਤੀ ਦੀ ਜਾਣਕਾਰੀ ਮਿਲ ਸਕੇ।
ਚਿੰਨ-ਅੱਪ ਟੈੱਸਟ (Chin-Up Test)— ਇਸ ਟੈੱਸਟ ਰਾਹੀਂ ਖਿਡਾਰੀ ਦੀਆਂ ਬਾਹਵਾਂ ਅਤੇ ਮੋਢਿਆਂ ਦੀ ਸਮਰੱਥਾ ਦਾ ਪਤਾ ਲਗਾਇਆ ਜਾਂਦਾ ਹੈ। ਖਿਡਾਰੀ ਇੱਕ ਲੋਹੇ ਦੀ ਰਾਡ ਨਾਲ ਲਟਕਦਾ ਹੋਇਆ ਬਾਹਵਾਂ ਨਾਲ ਸਾਰੇ ਸਰੀਰ ਨੂੰ ਉਤਾਂਹ ਚੁੱਕ ਕੇ ਡੰਡ (Chin-ups) ਮਾਰਦਾ ਹੈ। ਖਿਡਾਰੀ ਦੁਆਰਾ ਮਾਰੇ ਗਏ ਕੁੱਲ ਡੰਡਾਂ ਦੀ ਗਿਣਤੀ ਦੇ ਆਧਾਰ ਉੱਤੇ ਪਰਖ ਕੀਤੀ ਜਾਂਦੀ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9. ਸਰੀਰਿਕ ਸਿੱਖਿਆ ਵਿੱਚ ਜਾਂਚ, ਮਿਣਤੀ ਅਤੇ ਮੁਲਾਂਕਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ।
ਉੱਤਰ—ਸਰੀਰਿਕ ਸਿੱਖਿਆ ਵਿੱਚ ਜਾਂਚ, ਗਿਣਤੀ ਤੇ ਮੁਲਾਂਕਣ ਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਹੈ। ਇਨ੍ਹਾਂ ਸਾਧਨਾਂ ਦੀ ਮਦਦ ਨਾਲ ਖੇਡ ਮੈਦਾਨਾਂ ਵਿੱਚੋਂ ਖਿਡਾਰੀਆਂ ਦੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਜਿਸ ਨਾਲ ਖਿਡਾਰੀਆਂ ਦੀ ਪ੍ਰਗਤੀ ਅਤੇ ਉਹਨਾਂ ਨੂੰ ਲੋੜੀਂਦੀ ਸਿਖਲਾਈ ਦੇਣ ਦੇ ਸੰਬੰਧ ਵਿੱਚ ਫ਼ੈਸਲਾ ਲਿਆ ਜਾਂਦਾ ਹੈ। ਸਮੇਂ-ਸਮੇਂ ਦੌਰਾਨ ਖਿਡਾਰੀਆਂ ਦੀ ਜਾਂਚ, ਮਿਣਤੀ ਅਤੇ ਮੁਲਾਂਕਣ ਕਰਕੇ ਨਿਰੀਖਣ ਕੀਤਾ ਜਾਂਦਾ ਹੈ ਅਤੇ ਸਿਖਲਾਈ ਨਾਲ ਖਿਡਾਰੀ ਉੱਤੇ ਪੈਣ ਵਾਲੇ ਅਸਰਾਂ ਦੇ ਸੰਬੰਧ ਵਿੱਚ ਗਿਆਨ ਹਾਸਲ ਕੀਤਾ ਜਾਂਦਾ ਹੈ। ਖਿਡਾਰੀ ਦੀ ਸਰੀਰਿਕ ਯੋਗਤਾ/ ਕੁਸ਼ਲਤਾ, ਪ੍ਰਦਰਸ਼ਨ ਅਤੇ ਖਿਡਾਰੀ ਦੀ ਪ੍ਰਗਤੀ ਨੂੰ ਮਾਪਣ ਲਈ ਇਹ ਢੰਗ ਬੜੇ ਲਾਜ਼ਮੀ ਹੁੰਦੇ ਹਨ।
ਜਾਂਚ, ਮਿਣਤੀ ਅਤੇ ਮੁਲਾਂਕਣ ਦੇ ਅਨੁਸਾਰ ਖਿਡਾਰੀਆ ਦੀ ਅੱਡ-ਅੱਡ ਖੇਡਾਂ ਲਈ ਚੋਣ ਕੀਤੀ ਜਾਂਦੀ ਹੈ। ਇਨ੍ਹਾਂ ਖਿਡਾਰੀਆਂ ਦੇ ਸਿਖਲਾਈ ਪ੍ਰੋਗਰਾਮ ਬਣਾਏ ਜਾਂਦੇ ਹਨ। ਖਿਡਾਰੀ ਉੱਤੇ ਕੀਤੇ ਜਾਣ ਵਾਲੇ ਅੱਡ-ਅੱਡ ਟੈਸਟਾਂ ਦੇ ਆਧਾਰ ਉੱਤੇ ਹੀ ਖਿਡਾਰੀਆਂ ਦੀ ਪ੍ਰਗਤੀ, ਸਿਖਲਾਈ ਢੰਗਾਂ ਦੀ ਚੋਣ, ਖਿਡਾਰੀਆਂ ਦੀਆਂ ਕਮਜ਼ੋਰੀਆਂ ਦੀ ਪਛਾਣ ਅਤੇ ਕੋਚ ਦੀ ਯੋਗਤਾ ਦੇ ਪੈਮਾਨਿਆਂ ਦੀ ਜਾਂਚ ਹੁੰਦੀ ਹੈ।
(i) ਜਾਂਚ (Test)—ਖਿਡਾਰੀ ਦੇ ਵਿਕਾਸ ਅਤੇ ਕੋਚ ਦੀ ਸਿਖਲਾਈ ਦਾ ਪੱਧਰ ਜਾਣਨ ਵਾਸਤੇ ਜਾਂਚ (Test) ਬੜੀ ਹੀ ਜ਼ਰੂਰੀ ਹੁੰਦੀ ਹੈ। ਜਾਂਚ (Test) ਇੱਕ ਅਜਿਹਾ ਔਜ਼ਾਰ ਹੈ ਜਿਸ ਨਾਲ ਅਸੀਂ ਖਿਡਾਰੀ ਦੀਆਂ ਸਰੀਰਿਕ ਕੁਸ਼ਲਤਾਵਾਂ ਜਾਂ ਨਿਪੁੰਨਤਾਵਾਂ, ਖੇਡ ਯੋਗਤਾਵਾਂ ਅਤੇ ਮਾਨਸਿਕ ਪੱਧਰ ਵਿੱਚ ਹੋਏ ਸੁਧਾਰਾਂ ਦੇ ਸੰਬੰਧ ਵਿੱਚ ਗਿਆਨ ਪ੍ਰਾਪਤ ਕਰ ਸਕਦੇ ਹਾਂ। ਖਿਡਾਰੀਆਂ ਦੀਆਂ ਇਨ੍ਹਾਂ ਨਿਪੁੰਨਤਾਵਾਂ ਦਾ ਪਰੀਖਣ ਕਰਨ ਲਈ ਵਿਭਿੰਨ ਤਰ੍ਹਾਂ ਦੇ ਟੈੱਸਟ ਤਿਆਰ ਕੀਤੇ ਗਏ ਹਨ। ਜਿਵੇਂ-
- ਗਤੀ ਟੈੱਸਟ, 2. ਚਿੰਨ-ਅਪ ਟੈੱਸਟ 3. ਬਰਾਡ ਜੰਪ 4. ਲਚਕ ਟੈੱਸਟ 5 . ਚਮੜੀ ਮੋਟਾਈ ਪਰੀਖਣ ਟੈੱਸਟ 6. ਮਨੋ-ਵਿਗਿਆਨ ਪਰੀਖਣ/ਟੈੱਸਟ। ਇੰਞ ਅਸੀਂ ਵੱਖ-ਵੱਖ ਟੈੱਸਟਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਖੇਡਾਂ ਵਿੱਚ ਖਿਡਾਰੀ ਦੀ ਨਿਪੁੰਨਤਾ ਦਾ ਸਹੀ ਨਿਰੀਖਣ ਕਰਨ ਲਈ ਟੈੱਸਟਾਂ ਦੀ ਬੜੀ ਮਹਤੱਤਾ ਹੁੰਦੀ ਹੈ।
(ii) ਮਿਣਤੀ (Measurement)–ਜਾਂਚ/ਟੈੱਸਟ ਪਿੱਛੋਂ ਖਿਡਾਰੀ ਦੇ ਮਿਲੇ ਅੰਕੜਿਆਂ ਦਾ ਰਿਕਾਰਡ ਰੱਖਣਾ ਮਿਣਤੀ ਅਖਵਾਉਂਦਾ ਹੈ। ਇਹ ਇੱਕ ਸਿਲਸਿਲੇਵਾਰ ਅਤੇ ਅੰਕੜਿਆਂ ਉੱਤੇ ਅਧਾਰਿਤ ਤਰੀਕਾ ਹੈ। ਇਸ ਨੂੰ ਬੜੇ ਹੀ ਧਿਆਨਪੂਰਵਕ ਲਾਗੂ ਕੀਤਾ ਜਾਂਦਾ ਹੈ।ਇਹ ਖਿਡਾਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਉਸਦੇ ਹਾਸਲ ਕੀਤੇ ਨਤੀਜਿਆਂ/ਸਿੱਟਿਆਂ ਦਾ ਰਿਕਾਰਡ ਹੁੰਦਾ ਹੈ। ਖਿਡਾਰੀ ਦੀ ਸਰੀਰਿਕ ਕੁਸ਼ਲਤਾ ਤੇ ਬਣਾਵਟ ਅਤੇ ਮਾਨਸਿਕ ਪੱਧਰ ਆਦਿ ਦੀ ਪਰਖ/ਟੈੱਸਟ ਲਈ ਕਰਵਾਏ ਗਏ ਅਲੱਗ-ਅਲੱਗ ਟੈੱਸਟਾਂ ਤੋਂ ਮਿਲੇ ਅੰਕੜਿਆਂ ਨੂੰ ਬੜੇ ਹੀ ਧਿਆਨਪੂਰਵਕ ਇਕੱਠੇ ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ ਉੱਤੇ ਇੱਕ ਖਿਡਾਰੀ ਨੇ 50 ਮੀਟਰ ਦੀ ਦੌੜ ਕਿੰਨੇ ਸੈਕਿੰਡ ਵਿੱਚ ਦੌੜੀ, ਖਿਡਾਰੀ ਕਿੰਨੇ ਫੁੱਟ ਬਰਾਡ ਜੰਪ (Broad Jump) ਲਗਾਉਂਦਾ ਹੈ ਅਤੇ ਖਿਡਾਰੀ ਇੱਕ ਵਾਰ ਵਿੱਚ ਕਿੰਨੇ ਡੰਡ ਮਾਰਦਾ ਹੈ।
(iii) ਮੁਲਾਂਕਣ (Evaluation)—ਮੁਲਾਂਕਣ ਦਾ ਅਰਥ ਹੈ ਜਾਂਚ ਤੋਂ ਮਿਲੀਆਂ ਮਿਣਤੀਆਂ ਦਾ ਲੇਖਾ-ਜੋਖਾ ਕਰਨਾ। ਇਸ ਜ਼ਰੀਏ ਖਿਡਾਰੀ ਤੋਂ ਮਿਲੇ ਅੰਕੜਿਆਂ ਦੀ ਉਸ ਦੇ ਪਿਛਲੇ ਰਿਕਾਰਡ ਨਾਲ ਤੁਲਨਾ ਕਰਕੇ ਇਹ ਜਾਣਿਆ ਜਾਂਦਾ ਹੈ ਕਿ ਖਿਡਾਰੀ ਪਹਿਲਾਂ ਤੋਂ ਪ੍ਰਗਤੀ ਕਰ ਰਿਹਾ ਹੈ ਜਾਂ ਨਹੀਂ। ਇਸ ਨਾਲ ਇੱਕ ਖਿਡਾਰੀ ਦੀ ਦੂਜੇ ਖਿਡਾਰੀ ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਕਿ ਦੋਵਾਂ ਖਿਡਾਰੀਆਂ ਵਿਚਲੇ ਅੰਤਰ ਦੀ ਜਾਣਕਾਰੀ ਮਿਲ ਸਕੇ। ਖੇਡਾਂ ਵਿੱਚ ਖਿਡਾਰੀ ਦੀ ਪ੍ਰਗਤੀ ਲਈ ਮੁਲਾਂਕਣ ਬੜਾ ਹੀ ਲਾਜ਼ਮੀ ਹੁੰਦਾ ਹੈ। ਮੁਲਾਂਕਣ ਤੋਂ ਬਗ਼ੈਰ ਖਿਡਾਰੀ ਦੀ ਪ੍ਰਗਤੀ ਅਤੇ ਕੋਚ ਦੀ ਸਿਖਲਾਈ ਦੇ ਪ੍ਰੋਗਰਾਮ ਦੀ ਸਾਰਥਿਕਤਾ ਦਾ ਪਤਾ ਨਹੀਂ ਲਾਇਆ ਜਾ ਸਕਦਾ। ਕਈ ਵਾਰੀ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਖਿਡਾਰੀ ਠੀਕ ਢੰਗ ਨਾਲ ਪ੍ਰਗਤੀ ਨਹੀਂ ਕਰ ਸਕਦਾ। ਜਿਸ ਲਈ ਉਸ ਦੀ ਸਿਖਲਾਈ ਦੇ ਢੰਗ ਵਿਚ ਬਦਲਾਅ ਦੀ ਜ਼ਰੂਰਤ ਹੁੰਦੀ ਹੈ। ਇਸ ਗੱਲ ਦਾ ਪਤਾ ਸਿਰਫ ਮੁਲਾਂਕਣ ਨਾਲ ਹੀ ਲਾਇਆ ਜਾ ਸਕਦਾ ਹੈ।ਮੁਲਾਂਕਣ ਖਿਡਾਰੀਆਂ ਦੀ ਦਰਜਾਬੰਦੀ ਅਤੇ ਨਵੇਂ-ਨਵੇਂ ਸਿਖਲਾਈ ਪ੍ਰੋਗਰਾਮ ਤਿਆਰ ਕਰਨ ਵਿੱਚ ਸਹਾਇਕ ਹੁੰਦਾ ਹੈ।
ਪ੍ਰਸ਼ਨ 10. ਖਿਡਾਰੀਆਂ ਦੀਆਂ ਯੋਗਤਾਵਾਂ ਦਾ ਪਰੀਖਣ ਕਰਨ ਲਈ ਕਿਸੇ ਤਿੰਨ ਪ੍ਰਕਾਰ ਦੇ ਟੈੱਸਟਾਂ ਦੀ ਵਿਆਖਿਆ ਕਰੋ।
ਉੱਤਰ—ਖਿਡਾਰੀਆਂ ਦੀਆਂ ਯੋਗਤਾਵਾਂ ਦਾ ਪਰੀਖਣ ਕਰਨ ਲਈ ਅਲੱਗ-ਅਲੱਗ ਕਿਸਮ ਦੇ ਟੈੱਸਟ ਤਿਆਰ ਕੀਤੇ ਗਏ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ : 1. ਗਤੀ ਟੈੱਸਟ, 2. ਚਿੰਨ-ਅੱਪ ਟੈੱਸਟ, 3. ਬਰਾਡ ਜੰਪ, 4. ਲਚਕ ਟੈੱਸਟ, 5. ਚਮੜੀ ਮੋਟਾਈ ਟੈੱਸਟ, 6. ਮਨੋਵਿਗਿਆਨਿਕ ਟੈੱਸਟ
ਇਹਨਾਂ ਟੈਸਟਾਂ ਵਿੱਚੋਂ ਅਸੀਂ ਤਿੰਨ ਟੈੱਸਟਾਂ ਦਾ ਵਰਨਣ ਹੇਠ ਲਿਖੇ ਅਨੁਸਾਰ ਕਰ ਰਹੇ ਹਾਂ :-
- ਲਚਕ ਟੈੱਸਟ (Flexibility Test)—ਇਸ ਟੈੱਸਟ ਵਿੱਚ ਖਿਡਾਰੀ ਆਪਣੇ ਦੋਵਾਂ ਪੈਰਾਂ ਨੂੰ ਜੋੜ ਕੇ ਕਿਸੇ ਮਜ਼ਬੂਤ ਪਲੇਟਫ਼ਾਰਮ ਉੱਤੇ ਸਿੱਧਾ ਖੜ੍ਹਾ ਹੁੰਦਾ ਹੈ।ਉਹ ਆਪਣੀਆਂ ਲੱਤਾਂ ਨੂੰ ਬਿਲਕੁਲ ਸਿੱਧਾ ਰੱਖਦੇ ਹੋਏ ਆਪਣੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਅਗਾਂਹ ਨੂੰ ਝੁਕਾਉਂਦਾ ਹੋਇਆ ਅਤੇ ਆਪਣੇ ਸਰੀਰ ਨੂੰ ਮੋੜਦਾ ਹੋਇਆ ਹੱਥਾਂ ਨਾਲ਼ ਪਲੇਟਫ਼ਾਰਮ ਨੂੰ ਛੂੰਹਦਾ ਹੈ। ਘੱਟੋ ‘ਘੱਟੋ ਦੋ ਸੈਕਿੰਡ ਉਸ ਅਵਸਥਾ ਵਿੱਚ ਰੁਕਦਾ ਹੈ। ਓਨੀ ਹੀ ਉ ਦੀ ਸਰੀਰ ਲਚਕਤਾ ਹੁੰਦੀ ਹੈ, ਖਿਡਾਰੀ ਦੇ ਹੱਥ ਪੈਰਾਂ ਤੋਂ ਜਿੰਨੇ ਹੇਠਾਂ ਜਾਣਗੇ ਉਸਦੀ ਗਿਣਤੀ ਕਰ ਲਈ ਜਾਂਦੀ ਹੈ। ਇਸ ਨਿਰੀਖਣ ਦੌਰਾਨ ਖਿਡਾਰੀ ਦੇ ਗੋਡੇ ਮੁੜਨੇ ਨਹੀਂ ਚਾਹੀਦੇ ਹਨ ਅਤੇ ਲੱਤਾਂ ਬਿਲਕੁਲ ਸਿੱਧੀਆਂ ਰਹਿਣੀਆਂ ਚਾਹੀਦੀਆਂ ਹਨ।
- ਚਮੜੀ ਮੋਟਾਈ ਟੈੱਸਟ/ਪਰੀਖਣ (Skin Fold Test)—ਚਮੜੀ ਦੀ ਮੋਟਾਈ ਨੂੰ ਮਾਪਣ ਲਈ ਸਕਿਨ ਫ਼ੋਲਡ ਕੈਲੀਪਰ (Skin Fold Calliper) ਵਰਤਿਆ ਜਾਂਦਾ ਹੈ। ਇਸ ਔਜ਼ਾਰ ਦੀ ਮਦਦ ਨਾਲ਼ ਖਿਡਾਰੀ ਦੀਆਂ ਬਾਹਵਾਂ, ਛਾਤੀ ਅਤੇ ਪੇਟ ਦੀ ਚਮੜੀ ਦੀ ਮੋਟਾਈ ਮਾਪੀ ਜਾਂਦੀ ਹੈ। ਇਸ ਮਿਣਤੀ ਨਾਲ਼ ਖਿਡਾਰੀ ਦੇ ਸਰੀਰ ਵਿਚਲੀ ਚਰਬੀ ਦਾ ਪਤਾ ਲਗਾਇਆ ਜਾਂਦਾ ਹੈ ਕਿਉਂਕਿ ਅੱਡ-ਅੱਡ ਖੇਡਾਂ ਵਿੱਚ ਸਰੀਰ ਵਿੱਚ ਲੋੜ ਤੋਂ ਜ਼ਿਆਦਾ ਚਰਬੀ ਖੇਡ-ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੀ ਹੈ।
- ਬਰਾਡ ਜੰਪ (Broad Jump)—ਇਹ ਜੰਪ ਕਰਨ ਵਾਸਤੇ ਖਿਡਾਰੀ ਆਪਣੇ ਪੈਰਾਂ ਮੋਢਿਆਂ ਦੀ ਚੌੜਾਈ ਦੇ ਮੁਤਾਬਕ ਖੋਲ੍ਹ ਕੇ ਖੜ੍ਹਾ ਹੁੰਦਾ ਹੈ। ਦੋਵਾਂ ਲੱਤਾਂ ਦਾ ਬਰਾਬਰ ਜ਼ੋਰ ਲਗਾਉਂਦਾ ਹੋਇਆ ਉਹ ਦੋਵਾਂ ਪੈਰਾਂ ਨੂੰ ਇਕੱਠੇ ਕਰਕੇ ਅਗਾਂਹ ਨੂੰ ਛਲਾਂਗ (Jump) ਲਗਾਉਂਦਾ ਹੈ।ਛਲਾਂਗ ਮਾਰਨ ਪਿੱਛੋਂ ਖਿਡਾਰੀ ਵੱਲੋਂ ਤੈਅ ਕੀਤੇ ਫ਼ਾਸਲੇ ਨੂੰ ਮੀਟਰਾਂ ਵਿੱਚ ਮਾਪਿਆ ਜਾਂਦਾ ਹੈ।ਖਿਡਾਰੀ ਵੱਲੋਂ ਤੈਅ ਕੀਤੀ ਗਈ ਦੂਰੀ ਤੋਂ ਖਿਡਾਰੀ ਦੀਆਂ ਟੰਗਾਂ ਦੀ ਸਮਰੱਥਾ ਦਾ ਗਿਆਨ ਹੁੰਦਾ ਹੈ।
10th Physical Education Book Notes
1. ਸਰੀਰਿਕ-ਪ੍ਰਨਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ
2. ਭੌਤਿਕ ਚਿਕਿੱਤਸਾ (ਫ਼ਿਜ਼ੀਉਥਰੈਪੀ)
3. ਵਾਧਾ ਅਤੇ ਵਿਕਾਸ
4. ਜਾਂਚ, ਮਿਣਤੀ ਅਤੇ ਮੁਲਾਂਕਣ
5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ
6. ਭਾਰਤੀ ਮੈਨਾਵਾਂ ਵਿੱਚ ਭਰਤੀ ਅਤੇ ਭਵਿੱਖ
1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।