ਪਾਠ 5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ
ਅਭਿਆਸ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਗੁਰਬਚਨ ਸਿੰਘ ਰੰਧਾਵਾ ਦਾ ਜਨਮ ਸਾਲ ਵਿੱਚ ਹੋਇਆ।
ਉੱਤਰ-1939।
ਪ੍ਰਸ਼ਨ 2. ਕਿਹੜੇ ਸਾਲ ਵਿੱਚ ਗੁਰਬਚਨ ਸਿੰਘ ਸੀ. ਆਰ. ਪੀ. ਐਫ. ਵਿੱਚ ਭਰਤੀ ਹੋਇਆ ?
ਉੱਤਰ—1958 ਵਿੱਚ।
ਪ੍ਰਸ਼ਨ 3. 1960 ਦੀਆਂ ਰੋਮ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਗੁਰਬਚਨ ਸਿੰਘ ਦਾ ਹੌਸਲਾ ਹੋਰ ਵੀ ਵੱਧ ਗਿਆ। (ਸਹੀ/ਗ਼ਲਤ)
ਉੱਤਰ—ਸਹੀ।
ਪ੍ਰਸ਼ਨ 4. ਗੁਰਬਚਨ ਸਿੰਘ ਦੀ ਕਿਹੜੀ ਖੇਡ ਹੈ ?
(ੳ) ਐਥਲੈਟਿਕ (ਅ) ਕਬੱਡੀ (ੲ) ਕ੍ਰਿਕਟ (ਸ) ਹਾਕੀ:
ਉੱਤਰ—(ੳ) ਐਥਲੈਟਿਕ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਟੋਕੀਓ ਉਲੰਪਿਕ ਖੇਡਾਂ ਗੁਰਬਚਨ ਸਿੰਘ ਲਈ ਕਿਵੇਂ ਅਹਿਮ ਸਾਬਤ ਹੋਈਆਂ ?
ਉੱਤਰ—ਟੋਕੀਓ ਉਲੰਪਿਕ ਖੇਡਾਂ ਗੁਰਬਚਨ ਸਿੰਘ ਦੇ ਜੀਵਨ ਵਿੱਚ ਬਹੁਤ ਅਹਿਮ ਸਾਬਤ ਹੋਈਆਂ। ਉਸਨੇ ਉਦਘਾਟਨੀ ਸਮਾਰੋਹ ਵਿੱਚ ਤਿਰੰਗਾ ਫੜ ਕੇ ਭਾਰਤੀ ਖਿਡਾਰੀਆਂ ਦੀ ਅਗਵਾਈ ਕੀਤੀ। ਉਹ ਉਲੰਪਿਕ ਖੇਡਾਂ ਦੇ ਇਤਿਹਾਸ ਵਿੱਚ 110 ਮੀਟਰ ਹਰਡਲਜ਼ ਦੇ ਫ਼ਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਏਸ਼ੀਆਈ ਖਿਡਾਰੀ ਸੀ। ਭਾਵੇਂ ਫ਼ਾਈਨਲ ਮੁਕਾਬਲੇ ਵਿੱਚ ਉਹ ਕੋਈ ਤਮਗਾ ਨਹੀਂ ਲੈ ਸਕਿਆ ਪਰ 14 ਸੈਕਿੰਡ ਦੇ ਸਮੇਂ ਨਾਲ ਪੰਜਵੀਂ ਪੁਜ਼ੀਸ਼ਨ ਹਾਸਲ ਕੀਤੀ।
ਪ੍ਰਸ਼ਨ 6. ਗੁਰਬਚਨ ਸਿੰਘ ਦੇ ਮੁੱਢਲੇ ਜੀਵਨ ਬਾਰੇ ਲਿਖੋ।
ਉੱਤਰ—ਗੁਰਬਚਨ ਸਿੰਘ ਰੰਧਾਵਾ ਦਾ ਜਨਮ 6 ਜੂਨ 1939 ਈ. ਨੂੰ ਮਹਿਤਾ ਨੇੜਲੇ ਪਿੰਡ ਨੰਗਲੀ (ਅਮ੍ਰਿਤਸਰ) ਵਿਖੇ ਮੇਜਰ ਟਹਿਲ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਧਨਵੰਤ ਕੌਰ ਦੀ ਕੁੱਖੋਂ ਹੋਇਆ।ਉਸਦੇ ਪਿਤਾ ਅਤੇ ਵੱਡਾ ਭਰਾ ਹਰਭਜਨ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਐਥਲੀਟ ਸਨ। ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਰਕੇ ਉਸਨੂੰ ਖੇਡਾਂ ਵਿਰਾਸਤ ਵਿੱਚ ਹੀ ਪ੍ਰਾਪਤ ਹੋਈਆਂ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 7. ਗੁਰਬਚਨ ਸਿੰਘ ਦੇ ਮੁੱਢਲੇ ਜੀਵਨ ਅਤੇ ਖੇਡਾਂ ਪ੍ਰਤਿ ਝੁਕਾਅ ਬਾਰੇ ਚਾਨਣਾ ਪਾਓ।
ਉੱਤਰ—ਗੁਰਬਚਨ ਸਿੰਘ ਰੰਧਾਵਾ ਦਾ ਜਨਮ 6 ਜੂਨ, 1939 ਈ. ਨੂੰ ਮਹਿਤਾ ਨੇੜਲੇ ਪਿੰਡ ਨੰਗਲੀ (ਅਮ੍ਰਿਤਸਰ) ਵਿਖੇ ਹੋਇਆ। ਉਸਦੇ ਪਿਤਾ ਅਤੇ ਵੱਡਾ ਭਰਾ ਹਰਭਜਨ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਐਥਲੀਟ ਸਨ। ਘਰ ਵਿੱਚ ਖੇਡਾਂ ਦਾ ਮਾਹੌਲ ਹੋਣ ਕਰਕੇ ਉਸਨੂੰ ਖੇਡਾਂ ਵਿਰਾਸਤ ਵਿੱਚ ਹੀ ਪ੍ਰਾਪਤ ਹੋਈਆਂ। ਗੁਰਬਚਨ ਸਿੰਘ ਨੇ ਫੁੱਟਬਾਲ ਤੇ ਵਾਲੀਬਾਲ ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ। ਉਹ ਸਕੂਲ-ਪੱਧਰ ਉੱਤੇ ਜ਼ਿਲ੍ਹਾ ਖੇਡਾਂ ਦਾ ਜੇਤੂ ਬਣਿਆ। 1956 ਈ. ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਦਾਖ਼ਲ ਹੋ ਕੇ ਉਹ 110 ਮੀਟਰ ਹਰਡਲਜ਼ ਦੌੜ ਵੱਲ ਖਿੱਚਿਆ ਗਿਆ।
ਗੁਰਬਚਨ ਸਿੰਘ ਨੇ ਪਹਿਲੇ ਹੀ ਵਰ੍ਹੇ 110 ਮੀਟਰ ਹਰਡਲ ਦੌੜ ਦਾ ਕਾਲਜ ਰਿਕਾਰਡ ਤੋੜ ਦਿੱਤਾ। ਇਸ ਮਗਰੋਂ ਉਸਨੇ ਲੰਮੀ ਛਾਲ ਵਿੱਚ ਆਪਣੇ ਹੀ ਪਿਓ ਵੱਲੋਂ ਬਣਾਇਆ 20 ਵਰ੍ਹਿਆਂ ਪੁਰਾਣਾ ਰਿਕਾਰਡ ਤੋੜਿਆ। 1957-58 ਈ: ਵਿੱਚ ਪੰਜਾਬ ਯੂਨੀਵਰਸਿਟੀ ਦੀ ਅੰਤਰ ਕਾਲਜ ਐਥਲੈਟਿਕਸ ਮੀਟ ਵਿੱਚ ਉਸਨੇ ਇਕੱਲੇ ਹੀ 5 ਸੋਨ ਤਮਗੇ ਜਿੱਤ ਕੇ ਯੂਨੀਵਰਸਿਟੀ ਦੇ ਬੈਸਟ ਐਥਲੀਟ ਦਾ ਖਿਤਾਬ ਜਿੱਤ ਲਿਆ। ਖਾਲਸਾ ਕਾਲਜ ਦੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਉਹ 1958 ਈ. ਵਿੱਚ ਸੀ. ਆਰ. ਪੀ. ਐਫ. ਵਿੱਚ ਭਰਤੀ ਹੋ ਗਿਆ। ਇਸ ਉਪਰੰਤ ਉਸ ਦੀ ਖੇਡ ਪ੍ਰਤਿਭਾ ਵਿੱਚ ਹੋਰ ਵੀ ਨਿਖਾਰ ਆਇਆ।ਉਸਨੇ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਕਈ ਮੁਕਾਬਲੇ ਜਿੱਤੇ ਤੇ ਬੈਸਟ ਦੌੜਾਕ ਬਣਿਆ। ਆਲ ਇੰਡੀਆ ਪੁਲਿਸ ਖੇਡਾਂ ਦੇ ਬੈਸਟ ਦੌੜਾਕ ਐਥਲੀਟ ਨੂੰ ‘ਹੋਮ ਮਨਿਸਟਰ ਮੈਡਲ’ ਮਿਲਦਾ ਸੀ ਜੋ ਉਸ ਨੇ ਲਗਾਤਾਰ 6 ਸਾਲ ਜਿੱਤਿਆ।
ਪ੍ਰਸ਼ਨ 8. ਗੁਰਬਚਨ ਸਿੰਘ ਦੀ ਕੌਮਾਂਤਰੀ ਐਥਲੈਟਿਕਸ ਦੀ ਸ਼ੁਰੂਆਤ ਬਾਰੇ ਅਤੇ ਉਨ੍ਹਾਂ ਨੂੰ ਮਿਲੇ ਸਨਮਾਨਾਂ ਬਾਰੇ ਲਿਖੋ।
ਉੱਤਰ- ਦੇਸ਼ ਦੀ ਐਥਲੈਟਿਕਸ ਵਿੱਚ ਗੁਰਬਚਨ ਸਿੰਘ ਦੀ ਗੁੱਡੀ 21 ਸਾਲਾਂ ਦੀ ਉਮਰ ਵਿੱਚ ਉਦੋਂ ਚੜ੍ਹੀ ਜਦੋਂ ਉਸਨੇ 1960 ਵਿੱਚ ਦਿੱਲੀ ਵਿਖੇ ਹੋਈ ਓਪਨ ਕੌਮੀ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਡਿਕੈਥਲਨ ਦਾ ਕੌਮੀ ਰਿਕਾਰਡ ਦੋੜਦੇ ਹੋਏ ਸੋਨ ਤਮਗਾ ਜਿੱਤਿਆ।
1960 ਦੀਆਂ ਰੋਮ ਉਲੰਪਿਕਸ ਲਈ ਚੁਣੀ ਗਈ ਭਾਰਤੀ ਐਥਲੈਟਿਕ ਟੀਮ ਵਿੱਚ ਉਹ ਸਭ ਤੋਂ ਛੋਟੀ ਉਮਰ ਦਾ ਦੌੜਾਕ ਸੀ। 1962 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਉਸਨੇ ਡਿਕੈਥਲਨ ਵਿੱਚ ਸੋਨ ਤਮਗਾ ਪ੍ਰਾਪਤ ਕਰਕੇ ਏਸੀਆ ਦੇ ਬੈਸਟ ਦੌੜਾਕ ਦਾ ਖਿਤਾਬ ਪ੍ਰਾਪਤ ਕੀਤਾ।
1964 ਈ: ਦੀਆਂ ਟੋਕੀਓ ਉਲੰਪਿਕਸ ਵਿੱਚ ਉਸਦੀ ਸ਼ੁਰੂਆਤ ਬੜੀ ਚੰਗੀ ਹੋਈ। ਉਸਨੇ 110 ਮੀਟਰ ਹਰਡਲਜ਼ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ। ਟੋਕੀਓ ਵਿਖੇ ਹੋਈਆਂ ਉਲੰਪਿਕ ਖੇਡਾਂ ਵਿੱਚ ਉਸਨੂੰ ਭਾਰਤੀ ਖੇਡ ਟੀਮ ਦਾ ਕਪਤਾਨ (ਝੰਡਾ-ਬਰਦਾਰ) ਬਣਾਇਆ ਗਿਆ ਜਿਸਨੇ ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਖਿਡਾਰੀਆਂ ਦੀ ਅਗਵਾਈ ਤਿੰਰਗਾ ਫੜ ਕੇ ਕੀਤੀ। ਉਲੰਪਿਕ ਖੇਡ ਇਤਿਹਾਸ ਵਿੱਚ 110 ਮੀਟਰ ਹਰਡਲਜ਼ ਦੇ ਫ਼ਾਈਨਲ ਵਿੱਚ ਪਹੁੰਚਣ ਵਾਲਾ ਉਹ ਪ੍ਰਥਮ ਏਸ਼ੀਆਈ ਦੌੜਾਕ ਸੀ। ਉਹ ਫ਼ਾਈਨਲ ਵਿੱਚ ਭਾਵੇਂ ਕੋਈ ਤਮਗ਼ਾ ਨਾ ਲੈ ਸਕਿਆ ਪਰ ਉਸਦਾ ਪੰਜਵਾਂ ਸਥਾਨ ਲੈਣਾ ਵੀ ਭਾਰਤੀ ਖੇਡਾਂ ਲਈ ਸ਼ੁੱਭ ਸੰਕੇਤ ਸੀ। ਉਸਨੇ 14 ਸੈਕਿੰਡ ਦੇ ਸਮੇਂ ਨਾਲ ਪੰਜਵਾਂ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਰਾਸ਼ਟਰੀ, ਏਸ਼ੀਆਈ ਅਤੇ ਰਾਸ਼ਟਰ ਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਉਹ 1982 ਦੀਆਂ ਏਸ਼ੀਆਈ ਖੇਡਾਂ ਦੌਰਾਨ ਭਾਰਤੀ ਐਥਲੈਟਿਕਸ ਟੀਮ ਦਾ ਕੋਚ ਸੀ।
ਗੁਰਬਚਨ ਸਿੰਘ ਰੰਧਾਵਾ ਨੂੰ ਮਿਲਣ ਵਾਲੇ ਮਾਣ-ਸਨਮਾਨ ਹੇਠ ਲਿਖੇ ਹਨ—
- ਉਸਨੂੰ 1961 ਵਿੱਚ ਪਹਿਲੇ ਅਰਜੁਨ ਐਵਾਰਡੀ ਹੋਣ ਦਾ ਮਾਣ ਪ੍ਰਾਪਤ ਹੋਇਆ।
- 1978 ਵਿੱਚ ਸੀ. ਆਰ. ਪੀ. ਐਫ. ਵਿੱਚ ਮਿਸਾਲੀ ਸੇਵਾਵਾਂ ਦੇ ਫਲਸਰੂਪ ‘ਪੁਲਿਸ ਮੈਡਲ ਫ਼ਾਰ ਮੈਰੀਟੋਰੀਅਸ ਸਰਵਿਸਜ਼’ ਹਾਸਲ ਕੀਤਾ।
- 1990 ਵਿੱਚ ਉਹ ਪੁਲਿਸ ਸੇਵਾਵਾਂ ਦੇ ਸਿਖਰਲੇ ਰਾਸ਼ਟਰਪਤੀ ਇਨਾਮ “ਪ੍ਰੈਜ਼ੀਡੈਂਟ ਪੁਲਿਸ ਮੈਡਲ ਫ਼ਾਰ ਡਿਸਟਿੰਗੂਐਸ਼ ਸਰਵਿਸਜ਼” ਨਾਲ ਸਨਮਾਨਿਆ ਗਿਆ।
- 2005 ਈ. ਵਿੱਚ ਉਸਨੇ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ‘ਪਦਮਸ਼੍ਰੀ’ ਹਾਸਲ ਕੀਤਾ।
- 2019 ਵਿੱਚ ਉਹ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਸਰਵਉੱਚ ਐਵਾਰਡ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਆ ਗਿਆ।
10th Physical Education Book Notes
1. ਸਰੀਰਿਕ-ਪ੍ਰਨਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ
2. ਭੌਤਿਕ ਚਿਕਿੱਤਸਾ (ਫ਼ਿਜ਼ੀਉਥਰੈਪੀ)
3. ਵਾਧਾ ਅਤੇ ਵਿਕਾਸ
4. ਜਾਂਚ, ਮਿਣਤੀ ਅਤੇ ਮੁਲਾਂਕਣ
5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ
6. ਭਾਰਤੀ ਮੈਨਾਵਾਂ ਵਿੱਚ ਭਰਤੀ ਅਤੇ ਭਵਿੱਖ
1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।