ਪਾਠ 3 ਵਾਧਾ ਅਤੇ ਵਿਕਾਸ (Growth and Development)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਵਾਧਾ ਇੱਕ ਪ੍ਰਕਿਰਿਆ ਹੈ।
ਉੱਤਰ—ਵਾਧਾ ਇੱਕ ਕੁਦਰਤੀ ਪ੍ਰਕਿਰਿਆ ਹੈ।
ਪ੍ਰਸ਼ਨ 2. ਵਾਧੇ ਅਤੇ ਵਿਕਾਸ ਲਈ ਕਿਹੋ ਜਿਹਾ ਭੋਜਨ ਲੈਣਾ ਚਾਹੀਦਾ ਹੈ ?
ਉੱਤਰ—ਵਾਧੇ ਅਤੇ ਵਿਕਾਸ ਲਈ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ।
ਪ੍ਰਸ਼ਨ 3. ਵਾਧੇ ਅਤੇ ਵਿਕਾਸ ਦੀ ਪ੍ਰਕਿਰਿਆ ਉੱਪਰ ਵਾਤਾਵਰਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ। (ਸਹੀ/ਗ਼ਲਤ)
ਉੱਤਰ—ਗ਼ਲਤ।
ਪ੍ਰਸ਼ਨ 4. ਇਨਡੋਮੋਰਫ ਪ੍ਰਕਾਰ ਦੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੁੰਦਾ ਹੈ ?
(ੳ) ਤਕੜਾ (ਅ) ਗੋਲ-ਮਟੋਲ (ੲ) ਸੁਡੌਲ (ਸ) ਲੰਮਾ
ਉੱਤਰ—(ਅ) ਗੋਲ-ਮਟੋਲ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਵਿਕਾਸ ਦੀਆਂ ਅਵਸਥਾਵਾਂ ਦੇ ਨਾਂ ਲਿਖੋ।
ਉੱਤਰ—1. ਸ਼ਿਸ਼ੂਕਾਲ (Infancy) (1-6 ਸਾਲ ਤੱਕ)
2. ਬਾਲ ਅਵਸਥਾ (Childhood) (6-12 ਸਾਲ ਤੱਕ)
3. ਕਿਸ਼ੋਰ ਅਵਸਥਾ (Adolesence) (12 ਤੋਂ 18 ਸਾਲ ਤੱਕ)
4. ਬਾਲਗ ਅਵਸਥਾ (Adulthood) (18 ਸਾਲ ਤੋਂ ਉੱਪਰ)
ਪ੍ਰਸ਼ਨ 6. ਕਿਸ਼ੋਰ ਅਵਸਥਾ ਕੀ ਹੈ?
ਉੱਤਰ—ਕਿਸ਼ੋਰ ਅਵਸਥਾ (Adolesence)— ਇਹ ਅਵਸਥਾ 12 ਸਾਲ ਤੋਂ 18 ਸਾਲ ਦੀ ਉਮਰ ਤੱਕ ਹੁੰਦੀ ਹੈ ਜੋਕਿ ਬੱਚੇ ਦੇ ਜੀਵਨ ਦੀ ਬਹੁਤ ਹੀ ਸੰਘਰਸ਼ਸ਼ੀਲ ਅਵਸਥਾ ਹੈ। ਇਹ ਅਵਸਥਾ ਆਉਂਦੇ ਹੀ ਉਸ ਅੰਦਰ ਕਈ ਪ੍ਰਕਾਰ ਦੇ ਸਰੀਰਿਕ ਬਦਲਾਅ ਆਉਣ ਲੱਗਦੇ ਹਨ। ਇਸ ਉਮਰ ਵਿੱਚ ਬੱਚੇ ਨਾਲ ਉਸ ਦੇ ਮਾਂ-ਬਾਪ ਅਤੇ ਅਧਿਆਪਕਾਂ ਨੂੰ ਸਾਰਥਕ ਢੰਗ ਨਾਲ ਵਰਤਾਉ ਕਰਨ ਦੀ ਜ਼ਰੂਰਤ ਪੈਂਦੀ ਹੈ।
ਪ੍ਰਸ਼ਨ 7. ਵਾਧੇ ਤੇ ਵਿਕਾਸ ਵਿੱਚ ਕੀ ਅੰਤਰ ਹੈ ?
ਉੱਤਰ-ਵਾਧੇ ਤੇ ਵਿਕਾਸ ਵਿੱਚ ਅੰਤਰ (Difference between Growth and Development)
ਵਾਧਾ (Growth)
1.ਇਹ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਲੈ ਕੇ ਇੱਕ ਖਾਸ ਉਮਰ ਤੱਕ ਚੱਲਦੀ ਹੈ ਅਤੇ ਸਰੀਰਿਕ ਪਰਿਪੱਕਤਾ ਆਉਣ ਉੱਤੇ ਰੁੱਕ ਜਾਂਦੀ ਹੈ।
2.ਇਸ ਨੂੰ ਸਰੀਰ ਦੇ ਅਕਾਰ, ਭਾਰ ਅਤੇ ਲੰਬਾਈ ਵਿੱਚ ਮਾਪਿਆ ਜਾ ਸਕਦਾ ਹੈ।
3.ਵਾਧੇ ਦੀ ਪ੍ਰਕਿਰਿਆ ਦੇ ਅਧੀਨ ਹੋਣ ਵਾਲੇ ਬਦਲਾਅ ਨੂੰ ਸਪੱਸ਼ਟ ਵੇਖਿਆ ਜਾ ਸਕਦਾ ਹੈ।
ਵਿਕਾਸ
(Development)
1.ਇਹ ਪ੍ਰਕਿਰਿਆ ਲਗਾਤਾਰ ਜੀਵਨ ਭਰ ਚਲਦੀ ਰਹਿੰਦੀ ਹੈ ਤੇ ਸਰੀਰ ਵਿੱਚ ਪਰਿਪੱਕਤਾ ਆਉਣ ਤੋਂ ਪਿੱਛੋਂ ਵੀ ਚੱਲਦੀ ਰਹਿੰਦੀ ਹੈ।
2.ਸਰੀਰਿਕ ਵਿਕਾਸ ਨੂੰ ਮਾਪਿਆ ਨਹੀਂ ਜਾ ਸਕਦਾ। ਇਸ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ।
3.ਵਿਕਾਸ ਵਿੱਚ ਗੁਣਾ-ਤਮਿਕ ਪੱਖ ਹੋਣ ਕਰਕੇ ਇਸਨੂੰ ਦੇਖਿਆ ਨਹੀਂ ਜਾ ਸਕਦਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਵਾਧਾ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਰਣਨ ਕਰੋ।
ਉੱਤਰ—ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ (Factors Effecting Growth and Development):
ਵਾਧਾ ਅਤੇ ਵਿਕਾਸ ਦੋਵੇਂ ਹੀ ਵਿਅਕਤੀ ਦੇ ਜੀਵਨ ਦੇ ਮਹੱਤਵਪੂਰਨ ਪੱਖ ਹਨ। ਇਹ ਹੇਠ ਦਿੱਤੇ ਅਨੁਸਾਰ ਹਨ-
- ਵੰਸ਼ ਪਰੰਪਰਾ (Heredity)—ਵੰਸ਼ ਪਰੰਪਰਾ ਤੋਂ ਭਾਵ ਉਹ ਗੁਣ ਹਨ ਜਿਹੜੇ ਜਨਮ ਤੋਂ ਹੀ ਵੱਡੇ-ਵੱਡੇਰਿਆਂ ਤੋਂ ਮਿਲੇ ਹੁੰਦੇ ਹਨ। ਅਕਸਰ ਲੰਬੇ ਕੱਦ ਵਾਲੇ ਮਾਂ-ਪਿਓ ਦੀ ਔਲਾਦ ਦਾ ਕੱਦ ਲੰਬਾ ਹੁੰਦਾ ਹੈ। ਇਸ ਤੋਂ ਬਿਨਾਂ ਬੱਚੇ ਦੇ ਜੀਵਨ ਦੇ ਹੋਰ ਪੱਖ ਜਿਵੇਂ ਬੁੱਧੀ, ਸੁਭਾਅ ਤੇ ਵਿਹਾਰ ਆਦਿ ਵੀ ਮਾਂ-ਬਾਪ ਦੇ ਗੁਣਾਂ ਨਾਲ ਮੇਲ ਖਾਂਦੇ ਹਨ।
- ਸੰਤੁਲਿਤ ਭੋਜਨ ਦਾ ਪ੍ਰਭਾਵ (Influence of Balanced Diet)—ਬੱਚੇ ਦੇ ਵਾਧੇ ਅਤੇ ਵਿਕਾਸ ਲਈ ਸੰਤੁਲਿਤ ਭੋਜਨ ਇੱਕ ਅਹਿਮ ਤੱਤ ਹੈ। ਸੰਤੁਲਿਤ ਭੋਜਨ ਵਿੱਚ ਪੌਸ਼ਟਿਕ ਤੱਤ ਉਚਿਤ ਮਾਤਰਾ ਵਿੱਚ ਹੋਣੇ ਚਾਹੀਦੇ ਹਨ ਤਾਂ ਕਿ ਬੱਚੇ ਦਾ ਵਾਧਾ ਅਤੇ ਵਿਕਾਸ ਠੀਕ ਤਰੀਕੇ ਨਾਲ ਹੋ ਸਕੇ।
- ਸਰੀਰਿਕ ਕਸਰਤਾਂ ਦਾ ਪ੍ਰਭਾਵ (Influence of Physical Exercises)—ਬੱਚੇ ਦੇ ਸਰੀਰਿਕ ਅਤੇ ਬੁੱਧੀ ਦੇ ਵਿਕਾਸ ਲਈ ਸਰੀਰਿਕ ਕਸਰਤ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰਿਕ ਮਾਸਪੇਸ਼ੀਆਂ ਮਜਬੂਤ ਹੋ ਜਾਂਦੀਆਂ ਹਨ ਤੇ ਸਰੀਰਿਕ ਕਾਰਜ ਕੁਸ਼ਲਤਾ ਵਿੱਚ ਵਾਧਾ ਹੁੰਦਾ ਹੈ। ਸਰੀਰ ਦੀਆਂ ਸਰੀਰਿਕ ਪ੍ਰਨਾਲੀਆਂ ਆਪੋ ਆਪਣੇ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਕਰਨ ਲੱਗ ਜਾਂਦੀਆਂ ਹਨ।
- ਰਸ ਗ੍ਰੰਥੀਆਂ ਦਾ ਪ੍ਰਭਾਵ (Influence of Secretion Glands)—ਸਾਡੇ ਸਰੀਰ ਅੰਦਰ ਗ੍ਰੰਥੀਆਂ ਕਈ ਕਿਸਮ ਦੇ ਰਸ ਪੈਦਾ ਕਰਦੀਆਂ ਹਨ। ਸਾਡੇ ਸਰੀਰ ਵਿੱਚ ਮੌਜੂਦ ਥਾਈਰਾਈਡ ਗ੍ਰੰਥੀ (Thyroid Gland) ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕਈ ਵਾਰੀ ਇਸ ਗ੍ਰੰਥੀ ਵਿੱਚੋਂ ਅਸਧਾਰਨ ਰਿਸਾਅ ਕਰਕੇ ਸਰੀਰਿਕ ਵਾਧਾ ਅਤੇ ਵਿਕਾਸ ਬੜੀ ਤੀਬਰ ਗਤੀ ਨਾਲ ਹੁੰਦਾ ਹੈ ਜਾਂ ਰੁੱਕ ਜਾਂਦਾ ਹੈ।
- ਲਿੰਗ-ਫ਼ਰਕ (Gender Gap)—ਕੁੜੀਆਂ ਤੇ ਮੁੰਡਿਆਂ ਦੇ ਸਰੀਰਿਕ ਵਾਧੇ ਅਤੇ ਵਿਕਾਸ ਵਿੱਚ ਲਿੰਗ ਦਾ ਬੜਾ ਫ਼ਰਕ ਹੁੰਦਾ ਹੈ। ਬਚਪਨ ਤੋਂ ਬਾਲਗ ਅਵਸਥਾ ਤੱਕ ਲੜਕੀਆਂ ਵਿੱਚ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ ਜਿਸ ਕਾਰਨ ਉਹ ਜਲਦੀ ਹੀ ਜਵਾਨ ਹੋ ਜਾਂਦੀਆਂ ਹਨ। 18 ਸਾਲ ਤਾਈਂ ਵਧੇਰੇ ਕੁੜੀਆਂ ਵਿੱਚ ਵਾਧੇ ਦੀ ਪ੍ਰਕਿਰਿਆ ਪੂਰਨ ਹੋ ਜਾਂਦੀ ਹੈ ਪਰ ਮੁੰਡਿਆਂ ਵਿੱਚ 22 ਸਾਲ ਤਾਈਂ ਵਾਧੇ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈ।
- ਵਾਤਾਵਰਨ ਦਾ ਪ੍ਰਭਾਵ (Influence of Environment)-ਵਾਧੇ ਅਤੇ ਵਿਕਾਸ ਦੀ ਕਿਰਿਆ ਉੱਤੇ ਵਾਤਾਵਰਨ ਦਾ ਬੜਾ ਅਸਰ ਹੁੰਦਾ ਹੈ। ਜੇ ਬੱਚੇ ਨੂੰ ਘਰ ਅਤੇ ਸਕੂਲ ਵਿੱਚ ਚੰਗਾ ਵਾਤਾਵਰਨ ਉਪਲਬਧ ਹੁੰਦਾ ਹੈ ਤਾਂ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਠੀਕ ਢੰਗ ਨਾਲ ਹੁੰਦਾ ਹੈ।
ਪ੍ਰਸ਼ਨ 9. ਵਾਧੇ ਅਤੇ ਵਿਕਾਸ ਦੇ ਸਿਧਾਤਾਂ ਦਾ ਸੰਖੇਪ ਵਿੱਚ ਵਰਨਣ ਕਰੋ।
ਉੱਤਰ-ਵਾਧੇ ਅਤੇ ਵਿਕਾਸ ਦੇ ਸਿਧਾਂਤ (Principles of Growth and Develop- ment) :— ਆਧੁਨਿਕ ਕਾਲ ਵਿੱਚ ਨਰੋਏ ਸਮਾਜ ਦੀ ਉਸਾਰੀ ਲਈ ਵਾਧੇ ਅਤੇ ਵਿਕਾਸ ਦੇ ਸਿਧਾਂਤ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਹੈ। ਕੁਝ ਅਹਿਮ ਸਿਧਾਂਤ ਹੇਠ ਲਿਖੇ ਅਨੁਸਾਰ ਹਨ—
- ਨਿਰੰਤਰਤਾ ਦਾ ਸਿਧਾਂਤ (Principle of Continuity)— ਵਿਅਕਤੀ ਵਿੱਚ ਜਨਮ ਤੋਂ ਮੌਤ ਤਾਈਂ ਵਿਕਾਸ ਦੀ ਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ। ਇਸ ਸਿਧਾਂਤ ਅਨੁਸਾਰ ਵਿਕਾਸ ਦੀ ਪ੍ਰਕਿਰਿਆ ਕਦੇ ਨਹੀਂ ਰੁਕਦੀ ਜਿਸ ਕਾਰਨ ਮਨੁੱਖ ਵਿੱਚ ਹੌਲੀ-ਹੌਲੀ ਬਦਲਾਅ ਹੁੰਦਾ ਰਹਿੰਦਾ ਹੈ। ਵਿਅਕਤੀ ਦੇ ਰੱਵਈਏ ਵਿੱਚ ਆਏ ਬਦਲਾਅ ਨਾਲ ਵਿਕਾਸ ਦੀ ਰਫ਼ਤਾਰ ਨੂੰ ਵੇਖਿਆ ਜਾ ਸਕਦਾ ਹੈ।
- ਵਾਧੇ ਅਤੇ ਵਿਕਾਸ ਦੀ ਬੇ-ਤਰਤੀਬੀ ਰਫ਼ਤਾਰ (Unequal Speed of Growth and Development)—ਜੀਵਨ ਵਿੱਚ ਵਾਧੇ ਅਤੇ ਵਿਕਾਸ ਦੀ ਗਤੀ ਇਕਸਾਰ ਨਹੀਂ ਹੁੰਦੀ। ਜੀਵਨ ਦੇ ਅੱਡ-ਅੱਡ ਪੜਾਵਾਂ ਸਮੇਂ ਵਾਧੇ ਅਤੇ ਵਿਕਾਸ ਦੀ ਦਰ ਕਦੇ ਹੌਲੀ ਅਤੇ ਕਦੇ ਤੀਬਰ ਹੁੰਦੀ ਰਹਿੰਦੀ ਹੈ। ਵਾਧੇ ਅਤੇ ਵਿਕਾਸ ਦੀ ਇਹ ਦਰ ਹਰ ਇੱਕ ਬੱਚੇ ਵਿੱਚ ਅਲੱਗ-ਅਲੱਗ ਹੁੰਦੀ ਹੈ।
- ਅਸਾਨੀ ਤੋਂ ਔਖਿਆਈ ਵੱਲ ਦਾ ਸਿਧਾਂਤ (Principle of Simple to Complex)— ਵਾਧੇ ਅਤੇ ਵਿਕਾਸ ਦਾ ਪਹਿਲਾ ਕਦਮ ਆਮ ਹੁੰਦਾ ਹੈ ਫਿਰ ਇਸ ਪਿੱਛੋਂ ਵਿਕਾਸ ਸਹਿਜੇ-ਸਹਿਜੇ ਔਖੇ ਵੱਲ ਵੱਧਦਾ ਹੈ ਜਿਵੇਂ ਬੱਚਾ ਸਾਰਿਆਂ ਤੋਂ ਪਹਿਲਾਂ ਹੱਥ-ਪੈਰ ਮਾਰਦਾ ਹੈ, ਇਹ ਕਿਰਿਆ ਵਿਕਾਸ ਕਹਾਉਂਦੀ ਹੈ। ਇਸ ਪਿੱਛੋਂ ਜਦੋਂ ਬੱਚਾ ਸਰੀਰਿਕ ਰੂਪ ਵਿੱਚ ਥੋੜ੍ਹਾ ਪਰਿਪੱਕ ਹੋ ਜਾਂਦਾ ਤਾਂ ਉਹ ਆਪਣੀਆਂ ਉਂਗਲਾਂ ਨਾਲ ਵਸਤਾਂ ਚੁੱਕਣ ਦਾ ਜਤਨ ਕਰਦਾ ਹੈ, ਇਸ ਕਿਰਿਆ ਨੂੰ ਖਾਸ ਵਿਕਾਸ ਕਹਿੰਦੇ ਹਨ।
- ਜੱਦੀ ਗੁਣਾਂ ਦਾ ਸਿਧਾਂਤ (Principle of Heredity Effects) – ਬੱਚੇ ਦੇ ਵਾਧੇ ਤੇ ਵਿਕਾਸ ਉੱਤੇ ਮਾਂ-ਬਾਪ ਰਾਹੀਂ ਪ੍ਰਾਪਤ ਹੋਏ ਜੱਦੀ ਗੁਣਾਂ ਦਾ ਕਾਫ਼ੀ ਅਸਰ ਹੁੰਦਾ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਡਾਕਟਰ ਮਾਤਾ-ਪਿਤਾ ਦੇ ਬੱਚੇ ਵੀ ਡਾਕਟਰ ਅਤੇ ਵਕੀਲ ਦੇ ਬੱਚੇ ਵਕੀਲ ਬਣ ਜਾਂਦੇ ਹਨ, ਖਿਡਾਰੀ ਮਾਂ-ਬਾਪ ਦੇ ਬੱਚੇ ਖੇਡਾਂ ਵਿੱਚ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਪ੍ਰਗਤੀ ਕਰਦੇ ਹਨ।
- ਆਪਸੀ ਸੰਬੰਧ ਦਾ ਸਿਧਾਂਤ (Principle of Interrelation)—ਮਨੁੱਖ ਦੇ ਜੀਵਨ ਦੇ ਕਈ ਪੱਖ ਜਿਵੇਂ ਸਮਾਜਿਕ, ਮਾਨਸਿਕ, ਸਰੀਰਿਕ ਅਤੇ ਭਾਵਾਤਮਿਕ ਆਦਿ ਹਨ। ਜੀਵਨ ਦੇ ਹਰ ਇਕ ਪੱਖ ਦਾ ਇੱਕ-ਦੂਜੇ ਨਾਲ ਸੰਬੰਧ ਹੁੰਦਾ ਹੈ ਜੋ ਕਿ ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਜੇ ਕਿਸੇ ਬੱਚੇ ਦਾ ਕੱਦ ਛੋਟਾ ਰਹਿ ਜਾਂਦਾ ਹੈ ਤਾਂ ਉਸ ਦਾ ਅਸਰ ਬੱਚੇ ਦੇ ਮਾਨਸਿਕ ਅਤੇ ਭਾਵਾਤਮਿਕ ਵਿਕਾਸ ਉੱਤੇ ਪੈਂਦਾ ਹੈ।
- ਨਿੱਜੀ ਭਿੰਨਤਾ ਦਾ ਸਿਧਾਂਤ (Principle of Individual Difference)—ਹਰ ਇੱਕ ਬੱਚੇ ਦੇ ਵਾਧੇ ਅਤੇ ਵਿਕਾਸ ਦੀ ਗਤੀ ਵੱਖ-ਵੱਖ ਹੁੰਦੀ ਹੈ ਕਿਉਂਕਿ ਹਰੇਕ ਬੱਚੇ ਦੇ ਵਾਧੇ ਤੇ ਵਿਕਾਸ ਉੱਤੇ ਵਾਤਾਵਰਨ, ਲਿੰਗ, ਵੰਸ਼ ਅਤੇ ਅਕਲ/ਬੁੱਧੀ ਜਿਹੇ ਵੱਖ-ਵੱਖ ਪੱਖਾਂ ਦਾ ਅਸਰ ਪੈਂਦਾ ਹੈ। ਜੇ ਜੁੜਵੇਂ ਬੱਚਿਆਂ ਨੂੰ ਸਮਾਨ ਭੂਗੋਲਿਕ ਹਾਲਤਾਂ, ਵਾਤਾਵਰਨ ਤੇ ਵੰਸ਼ ਵਿੱਚ ਰੱਖਿਆ ਜਾਵੇ ਤਾ ਉਨ੍ਹਾਂ ਦੇ ਮਾਨਸਿਕ, ਸਰੀਰਿਕ ਅਤੇ ਸਮਾਜਿਕ ਵਿਕਾਸ ਵਿੱਚ ਵੀ ਫ਼ਰਕ ਹੁੰਦਾ ਹੈ ਜੋ ਕਿ ਨਿੱਜੀ ਭਿੰਨਤਾ ਦੇ ਪ੍ਰਭਾਵਾਂ ਕਰਕੇ ਹੁੰਦਾ ਹੈ।
ਉਪਰੋਕਤ ਸਿਧਾਂਤਾਂ ਦੀ ਵਿਆਖਿਆ ਕਰਨ ਪਿਛੋਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਸਿਧਾਤਾਂ ਦੇ ਨਾਲ-ਨਾਲ ਕਈ ਸਿਧਾਂਤ ਬੱਚੇ ਦੇ ਵਾਧੇ ਅਤੇ ਵਿਕਾਸ ਨੂੰ ਚੰਗਾ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।
10th Physical Education Book Notes
1. ਸਰੀਰਿਕ-ਪ੍ਰਨਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ
2. ਭੌਤਿਕ ਚਿਕਿੱਤਸਾ (ਫ਼ਿਜ਼ੀਉਥਰੈਪੀ)
3. ਵਾਧਾ ਅਤੇ ਵਿਕਾਸ
4. ਜਾਂਚ, ਮਿਣਤੀ ਅਤੇ ਮੁਲਾਂਕਣ
5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ
6. ਭਾਰਤੀ ਮੈਨਾਵਾਂ ਵਿੱਚ ਭਰਤੀ ਅਤੇ ਭਵਿੱਖ
1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।