8. ਡਾ. ਹਰਪਾਲ ਸਿੰਘ ਪੰਨੂ
ਬੇਬੇ ਜੀ
ਸਾਰ
ਚਾਰ-ਪੰਜ ਸਾਲ ਦੀ ਉਮਰ ਤੱਕ ਲੇਖਕ ਖੂਹ ਤੋਂ ਪਾਣੀ ਭਰਨ ਲਈ ਗੇੜੇ ਮਾਰਦੀ ਆਪਣੀ ਬੇਬੇ ਦੀ ਕਮੀਜ਼ ਦੀ ਕੰਨੀ ਫੜ ਕੇ ਨਾਲ਼-ਨਾਲ਼ ਤੁਰਦਾ ਹੁੰਦਾ ਸੀ। ਬੇਬੇ ਘਰ ਹੁੰਦੀ ਤਾਂ ਉਨ੍ਹਾਂ ਲਈ ਦਿਨ-ਰਾਤ ਤਿਉਹਾਰਾਂ ਵਰਗੇ ਹੁੰਦੇ, ਪਰ ਜਦੋਂ ਉਹ ਦੋ-ਚਾਰ ਦਿਨ ਲਈ ਵੀ ਕਿਧਰੇ ਰਿਸ਼ਤੇਦਾਰੀ ਵਿੱਚ ਚਲੀ ਜਾਂਦੀ, ਤਾਂ ਉਹ ਗੁੰਮ-ਸੁੰਮ ਜਿਹੇ ਫਿਰਦੇ ਰਹਿੰਦੇ। ਬੇਬੇ ਦੀ ਗ਼ੈਰਹਾਜ਼ਰੀ ਵਿੱਚ ਉਹਨਾਂ ਦਾ ਸਖ਼ਤ ਸੁਭਾਅ ਵਾਲ਼ਾ ਬਾਪੂ ਵੀ ਮਾਰਦਾ ਨਹੀਂ ਸੀ। ਘਰ ਵਿੱਚ ਪੈਸਿਆਂ ਦੀ ਤੰਗੀ ਹੁੰਦੀ ਤਾਂ ਬੇਬੇ ਆਪਣੇ ਪੇਕੇ ਜਾਂਦੀ, ਜੋ ਰਜੇ-ਪੁੱਜੇ ਹੋਣ ਕਰਕੇ ਉਨ੍ਹਾਂ ਦੀ ਬਹੁਤ ਸਹਾਇਤਾ ਕਰਦੇ ਸਨ। ਪਟਿਆਲੇ ਪੜ੍ਹਦਿਆਂ ਲੇਖਕ ਜਦੋਂ ਘਰੋਂ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕ ਪੈਂਦੀਆਂ ਤੇ ਉਹ ਦੱਸਦੀ ਕਿ ਬੱਚੇ ਜਦੋਂ ਮਾਂ ਦੀਆਂ ਨਜ਼ਰਾਂ ਤੋਂ ਦੂਰ ਹੁੰਦੇ ਹਨ, ਤਾਂ ਉਹ ਫ਼ਿਕਰਮੰਦ ਰਹਿੰਦੀ ਹੀ ਹੈ। ਲੇਖਕ ਦੀ ਮਾਮੀ ਗੁਰਦਿਆਲ ਕੌਰ ਬਹੁਤ ਸੋਹਣੀ ਸੀ ਅਤੇ ਬੇਬੇ ਨੂੰ ਆਪਣੀ ਸਹੇਲੀ ਸਮਝਦੀ ਸੀ। ਲੇਖਕ ਦੱਸਦਾ ਹੈ ਕਿ ਦੁਸਹਿਰੇ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੀ ਲਿਪਾਈ ਹੁੰਦੀ, ਜਿਸ ਵਿੱਚ ਸਾਰੇ ਮਿਲ਼ ਕੇ ਹਿੱਸਾ ਪਾਉਂਦੇ। ਜਦੋਂ ਵਿਸਾਖ ਦੇ ਮਹੀਨੇ ਵਿੱਚ ਕਣਕਾਂ ਪੱਕ ਜਾਂਦੀਆਂ ਤਾਂ ਬੱਦਲ ਚੜ੍ਹ ਆਉਂਦੇ। ਬੇਬੇ ਦੱਸਦੀ ਕਿ ਵਿਸਾਖ ਇਹ ਦੱਸਦਾ ਹੈ ਕਿ ਉਸ ਵਿੱਚ ਤੇ ਸਾਉਣ ਵਿੱਚ ਕੋਈ ਫ਼ਰਕ ਨਹੀਂ। ਗੱਲਾਂ ਕਰਦਿਆਂ ਬੇਬੇ ਨੂੰ ਉਪਮਾ ਅਲੰਕਾਰ ਆਪ–ਮੁਹਾਰੇ ਉੱਤਰਦੇ ਸਨ ਜਿਸ ਕਰਕੇ ਲੇਖਕ ਨੂੰ ਬੇਬੇ ਭਾਸ਼ਾ ਦੀ ਟਕਸਾਲ ਜਾਪਦੀ ਸੀ। ਬੇਬੇ ਜ਼ੋਖ਼ਮ ਭਰੇ ਕੰਮਾਂ ਤੋਂ ਘਬਰਾਉਣ ਤੋਂ ਵਰਜਦੀ ਤੇ ਮਿਸਾਲਾਂ ਦੇ ਕੇ ਉੱਦਮ ਕਰਨ ਦੀ ਪ੍ਰੇਰਨਾ ਦਿੰਦੀ। ਉਹ ਉਸ ਗੁਆਂਢੀ ਦੀ ਖ਼ੂਬ ਝਾੜ-ਝੰਬ ਕਰਦੀ, ਜਿਹੜਾ ਜ਼ਨਾਨੀ ਨੂੰ ਕੁੱਟਦਾ। ਉਹ ਲੇਖਕ ਨੂੰ ਮਿਲ਼ਣ ਲਈ ਵਿਆਕੁਲ ਰਹਿੰਦੀ ਸੀ ਤੇ ਆਪਣੇ ਆਪ ਨੂੰ ਵੱਡੇ ਕਿਲ੍ਹੇ ਦਾ ਜਿੰਦਰਾ ਸਮਝਦੀ ਸੀ, ਜਿਹੜਾ ਉਸ ਦੇ ਆਉਣ ਨਾਲ਼ ਹੀ ਖੁੱਲ੍ਹਦਾ ਸੀ। ਉਸ ਨੂੰ ਲੋਕਾਂ ਦਾ ਜਾਨਵਰਾਂ ਨੂੰ ਮਾਰ ਕੇ ਖਾਣਾ ਪਸੰਦ ਨਹੀਂ ਸੀ। ਭਾਵੇਂ ਹੁਣ ਉਸ ਨੂੰ ਘੱਟ ਸੁਣਦਾ ਤੇ ਘੱਟ ਦਿਸਦਾ ਸੀ ਪਰ ਉਹ ਉਨ੍ਹਾਂ ਨੂੰ ਦੇਖ ਕੇ ਕਦੇ ਖ਼ੁਸ਼ ਤੇ ਕਦੇ ਉਦਾਸ ਹੋ ਜਾਂਦੀ। ਉਹ ਉਨ੍ਹਾਂ ਨੂੰ ਤੋਰ ਤੇ ਚਿਹਰਿਆਂ ਤੋਂ ਹੀ ਪਛਾਣ ਲੈਂਦੀ ਸੀ ਕਿ ਉਹ ਖ਼ੁਸ਼ ਹਨ ਜਾਂ ਉਦਾਸ। ਉਹ ਨੱਬੇ ਸਾਲਾਂ ਦੀ ਹੋ ਕੇ ਵੀ ਆਪਣੇ ਜਨਮ-ਪਿੰਡ ਨੂੰ ਹੀ ਆਪਣਾ ਪਿੰਡ ਸਮਝਦੀ ਸੀ। ਉਹ ਕਹਿੰਦੀ ਸੀ ਕਿ ਜਿੰਨਾ ਚਿਰ ਉਹ ਜਿਊਂਦੀ ਹੈ, ਓਨਾ ਚਿਰ ਹੀ ਉਹ ਸਾਰੇ ਭੈਣ-ਭਾਈ ਤੇ ਰਿਸ਼ਤੇਦਾਰ ਮਿਲ਼ਦੇ ਹਨ, ਪਰ ਜਦੋਂ ਉਹ ਨਾ ਰਹੀ, ਤਾਂ ਇਹ ਰਾਜਧਾਨੀ ਟੁੱਟ ਜਾਵੇਗੀ। ਉਹ ਕਹਿੰਦੀ ਸੀ ਕਿ ਜਦੋਂ ਉਹ ਨਾ ਰਹੀ, ਤਾਂ ਉਨ੍ਹਾਂ ਦਾ ਇਸ ਘਰ ਵਿੱਚ ਆਉਣ ਨੂੰ ਦਿਲ ਵੀ ਨਹੀਂ ਕਰਿਆ ਕਰੇਗਾ । ਲੇਖਕ ਦੱਸਦਾ ਹੈ ਕਿ ਉਸ ਦਾ ਛੋਟਾ ਭਰਾ ਮਾਪਿਆਂ ਦੀ ਸੇਵਾ ਕਰਦਾ ਰਿਹਾ ਤੇ ਉਹ ਹਰ ਖ਼ੁਸ਼ੀ-ਗ਼ਮੀ ਤੇ ਤਿੱਥ-ਤਿਉਹਾਰ ਉੱਤੇ ਉੱਥੇ ਇਕੱਠੇ ਹੁੰਦੇ ਰਹੇ ਸਨ।
••• ਸੰਖੇਪ ਉੱਤਰ ਵਾਲੇ ਪ੍ਰਸ਼ਨ •••
ਪ੍ਰਸ਼ਨ 1. ਲੇਖਕ ਦੇ ਬਚਪਨ ਦਾ ਜੀਵਨ ਕਿਹੋ–ਜਿਹਾ ਸੀ?
ਉੱਤਰ – ਬਚਪਨ ਵਿੱਚ ਲੇਖਕ ਦਾ ਜੀਵਨ ਬੇਬੇ ਦੇ ਮੋਹ ਪਿਆਰ ਨਾਲ ਭਰਪੂਰ ਪਰ ਗ਼ਰੀਬੀ ਵਾਲਾ ਸੀ। ਬੇਬੇ ਜੀ ਦੇ ਘਰ ਹੁੰਦਿਆਂ, ਉਸ ਦੇ ਦਿਨ-ਰਾਤ ਤਿਉਹਾਰਾਂ ਵਰਗੇ ਹੁੰਦੇ ਸਨ। ਉਹਨਾਂ ਦਾ ਦਿਨ ਪੜ੍ਹਦਿਆਂ, ਖੇਡਦਿਆਂ, ਡੰਗਰ ਚਾਰਦਿਆਂ, ਖੇਤੀ ਦਾ ਕੰਮ ਕਰਦਿਆਂ, ਰੇਤੇ ਵਿੱਚ ਲਿਟਦਿਆਂ, ਦਰੱਖ਼ਤਾਂ ਉੱਤੇ ਖੇਡਦਿਆਂ ਤੇ ਨਹਿਰ ਵਿੱਚ ਛਾਲਾਂ ਮਾਰਦਿਆਂ ਬੀਤਦਾ। ਕਦੇ ਵੀ ਉਹਨਾਂ ਦੇ ਸੱਟ-ਫੇਟ ਨਾ ਵੱਜਦੀ ਅਤੇ ਨਾ ਹੀ ਕੋਈ ਬਿਮਾਰੀ ਨੇੜੇ-ਤੇੜੇ ਆਉਂਦੀ ਸੀ। ਜਿਸ ਦਿਨ ਬੇਬੇ ਘਰ ਨਾ ਹੁੰਦੀ, ਤਾਂ ਉਸ ਦਿਨ ਉਹ ਚੁੱਪ-ਚਾਪ ਗੁੰਮ-ਸੁੰਮ ਜਿਹੇ ਬਣੇ ਇੱਧਰ-ਉੱਧਰ ਫਿਰਦੇ ਰਹਿੰਦੇ। ਕਿਉਂਕਿ ਉਨ੍ਹਾਂ ਦੇ ਬਾਪੂ ਦਾ ਸੁਭਾਅ ਸਖ਼ਤ ਸੀ, ਪਰ ਬੇਬੇ ਦੇ ਘਰ ਹੁੰਦਿਆਂ ਉਹ ਉਨ੍ਹਾਂ ਨੂੰ ਮਾਰਦਾ ਨਹੀਂ ਸੀ, ਕਿਉਂਕਿ ਉਹ ਰੋਣੋਂ ਨਹੀਂ ਹੱਟਦੇ ਸਨ।
ਪ੍ਰਸ਼ਨ 2. ਪੁੱਤਰ ਦੇ ਘਰੋਂ ਤੁਰਨ ਸਮੇਂ ਮਾਂ-ਪੁੱਤਰ ਦੀ ਆਪਸੀ ਗੱਲਬਾਤ ਦਾ ਵਰਣਨ ਕਰੋ।
ਉੱਤਰ – ਪਟਿਆਲੇ ਪੜ੍ਹਦੇ ਸਮੇਂ ਲੇਖਕ ਘਰੋਂ ਤੁਰਨ ਲੱਗਦਾ, ਤਾਂ ਉਸ ਦੀ ਬੇਬੇ ਦੀਆਂ ਅੱਖਾਂ ਵਿੱਚ ਹੰਝੂ ਛਲਕ ਪੈਂਦੇ। ਇਹ ਦੇਖ ਕੇ ਲੇਖਕ ਖੂਬ ਹੱਸਦਾ ਹੋਇਆ ਉਸ ਨੂੰ ਕਹਿੰਦਾ ਕਿ ਉਹ ਸਰਹੱਦ ਉੱਤੇ ਜੰਗ ਲੜ੍ਹਨ ਨਹੀਂ ਚੱਲਿਆ, ਜੋ ਉਸ ਨੇ ਐਨਾ ਰੋਣਾ-ਧੋਣਾ ਸ਼ੁਰੂ ਕਰ ਦਿੱਤਾ ਹੈ। ਇਹ ਸੁਣ ਅੱਖਾਂ ਪੂੰਝ ਕੇ ਬੇਬੇ ਕਹਿੰਦੀ ਕਟਰੂ-ਵਛਰੂ ਕੋਈ ਸਰਹੱਦਾਂ ਉੱਤੇ ਦੁਸ਼ਮਣ ਨਾਲ ਲੜਨ ਨਹੀਂ ਜਾਂਦੇ ਹੁੰਦੇ, ਜਿਨ੍ਹਾਂ ਨੂੰ ਜ਼ਰਾ ਅੱਖਾਂ ਤੋਂ ਓਹਲੇ ਹੋਣ ਤੇ ਵੀ ਮੱਝਾਂ-ਗਾਵਾਂ ਰੰਬਣ-ਰਿੰਗਣ ਲੱਗ ਪੈਂਦੀਆਂ ਹਨ ਤੇ ਰੱਸੇ ਤੁੜਾਉਂਦੀਆਂ ਹਨ। ਇਸ ਲਈ ਇਹ ਮਾਵਾਂ ਹੀ ਜਾਣਦੀਆਂ ਹਨ ਕਿ ਜਦੋਂ ਤੱਕ ਬੱਚੇ ਨਜ਼ਰ ਵਿੱਚ ਹੁੰਦੇ ਹਨ, ਤਾਂ ਸਭ ਠੀਕ ਹੈ, ਪਰ ਅੱਖੋਂ-ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ ਹੈ। ਉਸ ਨੇ ਲੇਖਕ ਨੂੰ ਕਿਹਾ ਕਿ ਇਹ ਗੱਲ ਉਹ ਨਹੀਂ ਸਮਝ ਸਕਦਾ।
ਪ੍ਰਸ਼ਨ 3. ਲੇਖਕ ਦੇ ਪਰਿਵਾਰ ਦੀ ਉਸ ਦੇ ਨਾਨਕੇ ਔਕੜ ਸਮੇਂ ਕਿਵੇਂ ਮਦਦ ਕਰਦੇ ਸਨ?
ਉੱਤਰ – ਲੇਖਕ ਦੇ ਘਰ ਵਿੱਚ ਗ਼ਰੀਬੀ ਸੀ, ਪਰ ਲੇਖਕ ਦੇ ਮਾਮੇ ਰੱਜੇ-ਪੁੱਜੇ ਜ਼ਿਮੀਦਾਰ ਸਨ। ਉਹ ਲੇਖਕ ਦੇ ਪਰਿਵਾਰ ਦੀ ਬਹੁਤ ਮਦਦ ਕਰਦੇ ਸਨ। ਜਦੋਂ ਘਰ ਵਿੱਚ ਉਨ੍ਹਾਂ ਦੇ ਕੱਪੜੇ ਜਾਂ ਕਿਤਾਬਾਂ-ਕਾਪੀਆਂ ਲੈਣ ਲਈ ਪੈਸੇ ਨਾ ਹੁੰਦੇ, ਤਾਂ ਬੇਬੇ ਆਪਣੇ ਪੇਕੇ ਜਾਂਦੀ ਤੇ ਉੱਥੋਂ ਉਹ ਕਦੇ ਵੀ ਖ਼ਾਲੀ ਨਹੀਂ ਆਉਂਦੀ ਸੀ। ਜਦੋਂ ਲੇਖਕ ਦੇ ਘਰ ਵਿੱਚ ਦੁੱਧ ਦਾ ਤੋੜਾ ਹੁੰਦਾ, ਤਾਂ ਉਹ ਸੱਜਰ ਸੂਈ ਮੱਝ ਜਾਂ ਗਾਂ ਲੈ ਕੇ ਛੱਡ ਜਾਂਦੇ। ਉਹ ਬੱਚਿਆਂ ਨੂੰ ਖਾਣ ਲਈ ਘਿਓ ਤੇ ਖੋਆ ਭੇਜਦੇ ਅਤੇ ਉਹਨਾਂ ਦੇ ਨਾਨਕੇ ਜਾਣ ’ਤੇ ਘੋੜੀ ਉੱਤੇ ਝੂਟੇ ਦਿੰਦੇ।
ਪ੍ਰਸ਼ਨ 4. ਲੇਖਕ ਦੇ ਘਰ ਦੀ ਲਿਪਾ-ਪੋਚੀ ਅਤੇ ਸਜਾਵਟ ਦਾ ਕੰਮ ਕਿਵੇਂ ਕੀਤਾ ਜਾਂਦਾ ਸੀ?
ਉੱਤਰ – ਲਿਪਾ-ਪੋਚੀ ਦਾ ਕੰਮ ਦੁਸਹਿਰੇ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ। ਸਾਰਾ ਪਰਿਵਾਰ ਰਲ ਕੇ ਇਹ ਕੰਮ ਕਰਦਾ। ਘਰ ਦੀਆਂ ਕੰਧਾਂ ਉੱਪਰ ਪਾਂਡੂ ਦਾ ਪੋਚਾ ਫੇਰਿਆ ਜਾਂਦਾ ਤੇ ਫ਼ਰਸ਼ ਨੂੰ ਗਾਰੇ ਨਾਲ ਲਿੱਪਿਆ ਜਾਂਦਾ ਸੀ। ਹਰ ਕੋਈ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਦਿਖਾਈ ਦਿੰਦਾ। ਕੋਈ ਗਾਰੇ ਵਿਚ ਪਾਣੀ ਪਾ ਰਿਹਾ ਹੁੰਦਾ ਤੇ ਕੋਈ ਕਹੀ ਨਾਲ ਗੋਹਾ ਤੇ ਤੂੜੀ ਗਾਰੇ ਵਿਚ ਰਲਾ ਰਿਹਾ ਹੁੰਦਾ। ਕੋਈ ਕੰਧਾਂ, ਫ਼ਰਸ਼ਾਂ ਤੇ ਖੁਰਲੀਆਂ ਉੱਪਰ ਲਿਪਾ-ਪੋਚੀ ਦਾ ਕੰਮ ਕਰ ਰਿਹਾ ਹੁੰਦਾ। ਪਸ਼ੂਆਂ ਦੇ ਸਿੰਝਾਂ ਤੱਕ ਨੂੰ ਵੀ ਤੇਲ ਨਾਲ ਚਮਕਾਇਆ ਜਾਂਦਾ। ਸਾਰਾ ਘਰ ਸੁਗੰਧੀਆਂ ਨਾਲ ਭਰ ਜਾਂਦਾ। ਲੇਖਕ ਦਾ ਬਾਪੂ ਕੰਧਾਂ ਉੱਪਰ ਟੰਗਣ ਲਈ ਤਸਵੀਰਾਂ ਲੈ ਕੇ ਆਉਂਦਾ ਸੀ।
ਪ੍ਰਸ਼ਨ 5. ਔਖਾ ਕੰਮ ਨੇਪਰੇ ਚਾੜ੍ਹਨ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ ਹੈ?
ਉੱਤਰ – ਬੇਬੇ ਔਖੇ ਕੰਮਾਂ ਦੀਆਂ ਵੱਖ-ਵੱਖ ਉਦਾਹਰਨਾਂ ਦੇ ਕੇ ਔਖੇ ਕੰਮ ਪੂਰਾ ਕਰਨ ਲਈ ਆਪਣੇ ਪੁੱਤਰਾਂ ਨੂੰ ਹੱਲਾ-ਸ਼ੇਰੀ ਦਿੰਦੀ ਹੈ। ਜਦੋਂ ਪੁੱਤਰ ਕਿਸੇ ਕੰਮ ਦੇ ਔਖੇ ਹੋਣ ਬਾਰੇ ਕਹਿੰਦੇ, ਤਾਂ ਬੇਬੇ ਕਹਿੰਦੀ ਕਿ ਮੱਖੀਆਂ ਦੇ ਡੰਗ ਤੋਂ ਡਰ ਕੇ ਆਦਮੀ ਨੇ ਮਖਿਆਲ ਚੋ ਕੇ ਸ਼ਹਿਦ ਖਾਣਾ ਨਹੀਂ ਛੱਡਿਆ। ਜੇਕਰ ਕੋਈ ਗਾਂ ਦੁਲੱਤੇ ਮਾਰਦੀ ਹੈ ਤਾਂ ਉਸਦਾ ਦੁੱਧ ਚੋਣੋ ਅਸੀਂ ਹੱਟ ਨਹੀਂ ਜਾਂਦੇ। ਉਹ ਦੱਸਦੀ ਹੈ ਕਿ ਕੰਧਾਂ ਵਰਗੀਆਂ ਰੋਹੀਆਂ ਨੂੰ ਰੋੜ ਕੇ ਤਿਆਰ ਕੀਤੀ ਜ਼ਮੀਨ ਵਿੱਚ ਕੰਡਿਆਲੀ ਦੀ ਪਰਵਾਹ ਕੀਤੇ ਬਿਨਾਂ ਅਨਾਜ ਉਗਾਇਆ ਜਾਂਦਾ ਅਤੇ ਤੂੜੀ ਵਿਚੋਂ ਦਾਣਿਆਂ ਨੂੰ ਅਲੱਗ ਕੀਤਾ ਜਾਂਦਾ ਹੈ। ਫਿਰ ਜਾ ਕੇ ਅੰਨ ਦੀ ਰੋਟੀ ਪਕਾ ਕੇ ਖਾਧੀ ਜਾਂਦੀ ਹੈ। ਤੁਸੀਂ ਮਾੜੇ ਕੁ ਖ਼ਤਰੇ ਤੋਂ ਘਬਰਾ ਗਏ। ਬੇਬੇ ਕਹਿੰਦੀ ਕਿ ਜੁਆਨੀ ਦੇ ਦਿਨੀਂ ਏਨੀ ਤਾਕਤ ਹੋਇਆ ਕਰਦੀ ਸੀ ਕਿ ਪਿਆਸ ਲੱਗੀ ਹੈ ਤਾਂ ਫੇਰ ਕੀ ਹੋਇਆ ਜੇ ਪਾਣੀ ਨਹੀਂ, ਖੂਹ ਪੁੱਟੇ ਤੇ ਪਾਣੀ ਪੀਓ। ਉਹ ਕਹਿੰਦੀ ਔਖੀ ਚੀਜ਼ ਕੋਈ ਨਹੀਂ, ਜੇ ਰੱਬ ਸਾਥ ਦੇਵੇ, ਭਰੋਸਾ ਰੱਖੋ, ਗੁਰੂ ਤੁਹਾਡੇ ਅੰਗ-ਸੰਗ ਹੈ।
ਪ੍ਰਸ਼ਨ 6. ‘ਬੇਬੇ ਜੀ’ ਪਾਠ ਵਿਚ ਬੇਬੇ ਜਿੰਦਰਾ ਅਤੇ ਕੁੰਜੀਆਂ ਸ਼ਬਦ ਕਿਨ੍ਹਾਂ ਲਈ ਵਰਤਦੀ ਹੈ ਅਤੇ ਕਿਉਂ?
ਉੱਤਰ – ਬੇਬੇ ਜੀ ਪਾਠ ਵਿੱਚ ਬੇਬੇ ਜਿੰਦਰਾ ਸ਼ਬਦ ਆਪਣੇ ਲਈ ਤੇ ਕੁੰਜੀਆਂ ਸ਼ਬਦ ਆਪਣੇ ਬੱਚਿਆਂ ਲਈ ਵਰਤਦੀ ਹੈ। ਉਹ ਕਹਿੰਦੀ ਹੈ ਕਿ ਇਹ ਜਿੰਦਰਾ ਇਨ੍ਹਾਂ ਕੁੰਜੀਆਂ ਨਾਲ ਹੀ ਖੁੱਲ੍ਹਦਾ ਹੈ। ਇਸ ਨੂੰ ਖੋਲ੍ਹ ਕੇ ਉਹ ਇਸ ਦੇ ਅੰਦਰ ਨੂੰ ਫਰੋਲ ਸਕਦੇ ਹਨ, ਜਿਸ ਵਿਚ ਬਹੁਤ ਕੁੱਝ ਛੁਪਿਆ ਹੋਇਆ ਹੈ।
ਪ੍ਰਸ਼ਨ 7. ਬੇਬੇ ਆਪਣੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਵਿਚਕਾਰ ਇਕ ਕੜੀ ਦਾ ਕੰਮ ਕਿਵੇਂ ਕਰਦੀ ਹੈ?
ਉੱਤਰ – ਕਿਉਂਕਿ ਬੇਬੇ ਨੂੰ ਮਿਲਣ ਲਈ ਸਾਰੇ ਪੁੱਤਰ ਤੇ ਰਿਸ਼ਤੇਦਾਰ ਘਰ ਵਿਚ ਆਉਂਦੇ ਰਹਿੰਦੇ ਸਨ। ਇਸ ਤਰ੍ਹਾਂ ਬੇਬੇ ਜੀ ਉਨ੍ਹਾਂ ਵਿਚਕਾਰ ਆਪਸੀ ਸੰਬੰਧ ਬਣਾਈ ਰੱਖਦੀ ਸੀ, ਜਿਸ ਨਾਲ ਉਨ੍ਹਾਂ ਦੀ ਆਪਸੀ ਸਾਂਝ ਬਣੀ ਰਹਿੰਦੀ ਸੀ। ਇਸ ਤਰ੍ਹਾਂ ਬੇਬੇ ਸਾਰੇ ਪੁੱਤਰਾਂ ਤੇ ਰਿਸ਼ਤੇਦਾਰਾਂ ਨੂੰ ਜੋੜੀ ਰੱਖਣ ਲਈ ਇਕ ਕੜੀ ਦਾ ਕੰਮ ਕਰਦੀ ਸੀ।
ਪ੍ਰਸ਼ਨ 8. “ਜਦੋਂ ਬੇਬੇ-ਬਾਪੂ ਨਾ ਰਹੇ, ਉਦੋਂ ਵੀ ਆਇਆ ਕਰੋਗੇ, ਹੁਣ ਵਾਂਗ?“ ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਿਉਂ ਕਹੇ?
ਉੱਤਰ – ਇਹ ਸ਼ਬਦ ‘ਬੇਬੇ ਜੀ’ ਲੇਖ ਵਿਚ ਲੇਖਕ ਦਾ ਛੋਟਾ ਭਰਾ ਉਸ ਸਮੇਂ ਹੌਲੀ ਜਿਹੀ ਕਹਿੰਦਾ ਹੈ, ਜਦੋਂ ਉਹ ਪਰਿਵਾਰ ਸਮੇਤ ਖੁਸ਼ੀ ਜਾਂ ਗ਼ਮੀ ਦੇ ਮੌਕੇ ਜਾਂ ਤਿੱਥ-ਤਿਉਹਾਰ ‘ਤੇ ਉਨ੍ਹਾਂ ਨਾਲ ਕੁੱਝ ਦਿਨ ਗੁਜ਼ਾਰਨ ਮਗਰੋਂ ਉਨ੍ਹਾਂ ਤੋਂ ਵਿਛੜਨ ਲੱਗਦੇ। ਉਹ ਇਹ ਗੱਲ ਇਸ ਲਈ ਕਹਿੰਦਾ ਹੈ ਕਿਉਂਕਿ ਉਸ ਨੂੰ ਇਹ ਚਿੰਤਾ ਸੀ ਕਿ ਉਸ ਦੇ ਭਾਈ ਤੇ ਰਿਸ਼ਤੇਦਾਰ ਉਸ ਨੂੰ ਬੇਬੇ ਕਰਕੇ ਹੀ ਮਿਲਣ ਆਉਂਦੇ ਹਨ, ਜਦੋਂ ਉਹ ਨਾ ਰਹੀ, ਤਾਂ ਸ਼ਾਇਦ ਉਹ ਹੁਣ ਵਾਂਗ ਨਾ ਆਇਆ ਕਰਨ।
ਪ੍ਰਸ਼ਨ 9. ਲੇਖਕ ਨੂੰ ਸੁਪਨੇ ਵਿਚ ਬੇਬੇ ਕੀ ਕੰਮ ਕਰਦੀ ਨਜ਼ਰ ਆਉਂਦੀ ਹੈ, ਆਪਣੇ ਸ਼ਬਦਾਂ ਵਿਚ ਲਿਖੇ।
ਉੱਤਰ – ਸੁਪਨੇ ਵਿਚ ਲੇਖਕ ਨੂੰ ਬੇਬੇ ਜੀ ਕਦੇ ਖੇਤ ਵਿਚ ਮਿਰਚਾਂ ਤੋੜਦੀ ਦਿਖਾਈ ਦਿੰਦੀ ਤੇ ਕਦੇ ਕਪਾਹ ਚੁਗਦੀ। ਕਦੇ ਉਹ ਵੱਛਰੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ ਤੇ ਕਦੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ। ਕਦੇ ਲੇਖਕ ਨੂੰ ਫਟੇ-ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ-ਘੱਟੇ ਵਿਚ ਝਾੜੂ ਦਿੰਦੀ ਦਿਖਾਈ ਦਿੰਦੀ ਤੇ ਕਦੀ ਪਾਥੀਆਂ ਪੱਥਦੀ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਬੇਬੇ ਜੀ‘ ਲੇਖ ਦਾ ਲੇਖਕ ਕੌਣ ਹੈ?
ਉੱਤਰ – ਡਾ. ਹਰਪਾਲ ਸਿੰਘ ਪੰਨੂ।
ਪ੍ਰਸ਼ਨ 2. ਲੇਖਕ ਬਚਪਨ ਦੀ ਜਿਸ ਯਾਦ ਦਾ ਜ਼ਿਕਰ ਕਰਦਾ ਹੈ, ਉਸ ਸਮੇਂ ਉਸ ਦੀ ਉਮਰ ਕਿੰਨੀ ਸੀ?
ਉੱਤਰ – ਚਾਰ-ਪੰਜ ਸਾਲ।
ਪ੍ਰਸ਼ਨ 3. ਬੇਬੇ ਦੇ ਘਰ ਹੁੰਦਿਆਂ ਲੇਖਕ ਦੇ ਦਿਨ-ਰਾਤ ਕਿਸ ਤਰ੍ਹਾਂ ਬੀਤਦੇ?
ਉੱਤਰ – ਤਿਉਹਾਰਾਂ ਵਾਂਗ।
ਪ੍ਰਸ਼ਨ 4. ਲੇਖਕ ਦੇ ਬਾਪੂ ਦਾ ਸੁਭਾ ਕਿਹੋ-ਜਿਹਾ ਸੀ?
ਉੱਤਰ – ਸਖ਼ਤ।
ਪ੍ਰਸ਼ਨ 5. ਲੇਖਕ ਦੇ ਮਾਮਿਆਂ ਕੋਲ ਜ਼ਮੀਨ ਕਿੰਨੀ ਸੀ?
ਉੱਤਰ – ਪੰਜਾਹ ਏਕੜ।
ਪ੍ਰਸ਼ਨ 6. ਲੇਖਕ ਦੀ ਛੋਟੀ ਮਾਮੀ ਦਾ ਨਾਂ ਕੀ ਸੀ?
ਉੱਤਰ – ਗੁਰਦਿਆਲ ਕੌਰ।
ਪ੍ਰਸ਼ਨ 7. ਲੇਖਕ ਦੀ ਬੇਬੇ ਨੂੰ ਮਦਦ ਕਿੱਥੋਂ ਮਿਲਦੀ ਸੀ?
ਉੱਤਰ – ਆਪਣੇ ਭਰਾਵਾਂ ਕੋਲੋਂ।
ਪ੍ਰਸ਼ਨ 8. ਲੇਖਕ ਦੀ ਛੋਟੀ ਮਾਮੀ ਨੂੰ ਬੇਬੇ ਕਿਹੋ-ਜਿਹੀ ਲੱਗਦੀ ਸੀ?
ਉੱਤਰ – ਹੀਰ ਵਰਗੀ।
ਪ੍ਰਸ਼ਨ 9. ਬੇਬੇ ਆਪਣੀ ਭਰਜਾਈ ਗੁਰਦਿਆਲ ਕੌਰ ਨੂੰ ਆਪਣੀ ਕੀ ਸਮਝਦੀ ਸੀ?
ਉੱਤਰ – ਸਹੇਲੀ।
ਪ੍ਰਸ਼ਨ 10. ਗੱਲਾਂ ਕਰਦਿਆਂ ਬੇਬੇ ਕਿਹੜੇ ਅਲੰਕਾਰ ਦੀ ਵਰਤੋਂ ਸਹਿਜੇ ਹੀ ਕਰ ਜਾਂਦੀ ਸੀ?
ਉੱਤਰ – ਉਪਮਾ ਅਲੰਕਾਰ।
ਪ੍ਰਸ਼ਨ 11. ਲੇਖਕ ਨੂੰ ਆਪਣੀ ਬੇਬ ਕੀ ਜਾਪਦੀ ਸੀ?
ਉੱਤਰ – ਭਾਸ਼ਾ ਦੀ ਟਕਸਾਲ।
ਪ੍ਰਸ਼ਨ 12. ਬੇਬੇ ਆਪਣਾ ਪਿੰਡ ਕਿਸ ਦੇ ਪਿੰਡ ਨੂੰ ਆਖਦੀ ਸੀ?
ਉੱਤਰ – ਪੇਕਿਆਂ ਦੇ ਪਿੰਡ ਨੂੰ।
ਪ੍ਰਸ਼ਨ 13. ਬੇਬੇ ਕਿੰਨੀ ਉਮਰ ਵਿੱਚ ਵਿਆਹ ਕੇ ਆਈ ਸੀ?
ਉੱਤਰ – ਸੋਲਾਂ ਸਾਲ ਦੀ।
ਪ੍ਰਸ਼ਨ 14. ਬੇਬੇ ਦੀ ਉਮਰ ਕਿੰਨੀ ਹੋ ਗਈ ਸੀ?
ਉੱਤਰ – ਨੱਬੇ ਸਾਲ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ ਮੋ ਨੰ. 9193700037
Missing 25-30 wale ਪ੍ਰਸ਼ਨ
ਵਰਤਣ ਲਈ ਤੁਹਾਡਾ ਧੰਨਵਾਦ, ਕਿ ਤੁਸੀਂ ਦਸ ਸਕਦੇ ਹੋ ਕਿਹੜੇ ਪ੍ਰਸ਼ਨ ਘੱਟ ਹਨ