8. ਮੈਂ ਤੇ ਮੇਰੇ ਦਾਰ ਜੀ (ਅੰਮ੍ਰਿਤਾ ਪ੍ਰੀਤਮ)
ਅਭਿਆਸ
(ੳ) ਵਸਤੂਨਿਸ਼ਠ ਪ੍ਰਸ਼ਨ:
ਪ੍ਰਸ਼ਨ 1. ਆਪ-ਬੀਤੀਆਂ ਪੁਸਤਕ ਵਿੱਚ ਦਰਜ ‘ਮੈਂ ਤੇ ਮੇਰੇ ਦਾਰ ਜੀ‘ ਸ੍ਵੈਜੀਵਨੀ-ਅੰਸ਼ ਦੇ ਲੇਖਕ ਦਾ ਨਾਂ ਦੱਸੋ।
ਉੱਤਰ: ਅੰਮ੍ਰਿਤਾ ਪ੍ਰੀਤਮ।
ਪ੍ਰਸ਼ਨ 2. ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਕਿਤਾਬ ਕਦੋਂ ਛਪੀ ਸੀ?
ਉੱਤਰ: 1936 ਵਿੱਚ।
ਪ੍ਰਸ਼ਨ 3. ਲੇਖਕਾ ਨੂੰ 200 ਰੁਪਏ ਇਨਾਮ ਕਿਸ ਨੇ ਭੇਜਿਆ ਸੀ?
ਉੱਤਰ: ਮਹਾਰਾਜਾ ਕਪੂਰਥਲਾ ਨੇ।
ਪ੍ਰਸ਼ਨ 4. ਅੰਮ੍ਰਿਤਾ ਪ੍ਰੀਤਮ ਨੂੰ ਮਹਾਰਾਣੀ ਨਾਭਾ ਨੇ ਤਾਰੀਫ਼ ਵਜੋਂ–
(ੳ) ਸੂਟ ਭੇਜਿਆ ਸੀ (ਅ) ਸਾੜੀ ਭੇਜੀ ਸੀ (ੲ) ਸ਼ਾਲ ਭੇਜਿਆ ਸੀ (ਸ) ਸੋਨੇ ਦਾ ਹਾਰ ਭੇਜਿਆ ਸੀ
ਉੱਤਰ: ਸਾੜੀ ਭੇਜੀ ਸੀ।
ਪ੍ਰਸ਼ਨ 5. ‘ਪ੍ਰੀਤਮ ਕੌਰ’ ਅੰਮ੍ਰਿਤਾ ਪ੍ਰੀਤਮ ਦੀ–
(ੳ) ਭੂਆ ਸੀ (ਅ) ਚਾਚੀ ਸੀ (ੲ) ਮਾਮੀ ਸੀ (ਸ) ਮਾਂ ਦੀ ਸਹੇਲੀ ਸੀ
ਉੱਤਰ: ਮਾਂ ਦੀ ਸਹੇਲੀ ਸੀ।
ਪ੍ਰਸ਼ਨ 6. ਅੰਮ੍ਰਿਤਾ ਪ੍ਰੀਤਮ ਦਾ ਵਿਆਹ 1936 ਈ. ਵਿੱਚ ਹੋਇਆ। (ਸਹੀ/ਗ਼ਲਤ)
ਉੱਤਰ: ਸਹੀ।
ਪ੍ਰਸ਼ਨ 7. ਅੰਮ੍ਰਿਤਾ ਪ੍ਰੀਤਮ ਦੇ ਸਹੁਰਿਆਂ ਨੇ ਦਾਜ ਵਿੱਚ ਕਾਰ ਮੰਗੀ ਸੀ । (ਸਹੀ/ਗ਼ਲਤ)
ਉੱਤਰ: ਸਹੀ।
(ਖ਼ਾਲੀ ਸਥਾਨ ਭਰੋ):
ਪ੍ਰਸ਼ਨ 8. ਮੇਰੇ ਪਿਤਾ ਜੀ ਦੀ ਥਾਂ ਮੇਰਾ ਆਪਣਾ ਮੱਥਾ …………………..ਬਣ ਗਿਆ।
ਉੱਤਰ: ਮੇਰਾ ਨਿਗ਼ਾਹਬਾਨ।
ਪ੍ਰਸ਼ਨ 9. ਸਿੱਖ ਇਤਿਹਾਸ ਲੋਕਾਂ ਤੱਕ ਪਹੁੰਚਾਉਣ ਲਈ ਲੇਖਕਾ ਦੇ ਪਿਤਾ ਜੀ ਨੇ………………. ਬਣਵਾਏ।
ਉੱਤਰ: ਸਲਾਈਡ।
(ਅ) ਦੱਸੋ:-
ਪ੍ਰਸ਼ਨ 1. ਅੰਮ੍ਰਿਤਾ ਪ੍ਰੀਤਮ ਦੇ ਪਿਤਾ ਦੇ ਮੱਥੇ ’ਤੇ ਤਿਊੜੀ ਕਿਉਂ ਪੈ ਗਈ ਸੀ?
ਉੱਤਰ: 1936 ਦੇ ਮੁੱਢ ਵਿੱਚ ਜਦੋਂ ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਕਿਤਾਬ ਛਪੀ ਸੀ। ਮਹਾਰਾਜਾ ਕਪੂਰਥਲਾ ਨੇ ਦੋ ਸੌ ਰੁਪਿਆ ਅਤੇ ਮਹਾਰਾਣੀ ਨਾਭਾ ਨੇ ਉਸਨੂੰ ਇੱਕ ਸਾੜ੍ਹੀ ਦਾ ਪਾਰਸਲ ਉਸ ਕਿਤਾਬ ਦੀ ਤਾਰੀਫ਼ ਵਜੋਂ ਭੇਜਿਆ ਸੀ। ਇਹ ਦੋਵੇਂ ਚੀਜ਼ਾਂ ਡਾਕ ਰਾਹੀਂ ਆਈਆਂ ਸਨ ਫਿਰ ਹੋਰ ਇੱਕ ਦਿਨ ਜਦੋਂ ਡਾਕੀਏ ਨੇ ਘਰ ਦਾ ਬੂਹਾ ਖੜਕਾਇਆ ਤਾਂ ਅੰਮ੍ਰਿਤਾ ਨੇ ਹੋਰ ਇਨਾਮ ਮਿਲਣ ਦੀ ਇੱਛਾ ਕੀਤੀ ਅਤੇ ਕਿਹਾ ਕਿ “ਅੱਜ ਫੇਰ ਕੋਈ ਇਨਾਮ ਆਇਆ ਹੈ।” ਲੇਖਕਾ ਦੀ ਇਹ ਹਰਕਤ ਦੇਖ ਕੇ ਉਸਦੇ ਪਿਤਾ ਦੇ ਮੱਥੇ ਉੱਤੇ ਤਿਊੜੀ ਪੈ ਗਈ। ਇਸ ਤਿਊੜੀ ਨਾਲ਼ ਉਹਨਾਂ ਨੇ ਆਪਣੀ ਬੇਟੀ ਨੂੰ ਦੁਨੀਆ ਤੋਂ ਕੋਈ ਵੀ ਇੱਛਾ ਰੱਖਣ ਤੋਂ ਵਰਜਿਆ ਸੀ।
ਪ੍ਰਸ਼ਨ 2. ਆਪਣੇ ਵਿਆਹ ਵਾਲ਼ੀ ਰਾਤ ਨੂੰ ਲੇਖਕਾ ਉਦਾਸ ਕਿਉਂ ਸੀ?
ਉੱਤਰ: ਆਪਣੇ ਵਿਆਹ ਵਾਲ਼ੀ ਰਾਤ ਲੇਖਕਾ ਇਸ ਕਰਕੇ ਉਦਾਸ ਸੀ ਕਿਉਂਕਿ ਬਰਾਤ ਆ ਚੁੱਕੀ ਸੀ, ਰਾਤ ਦਾ ਖਾਣਾ ਵੀ ਹੋ ਚੁੱਕਾ ਸੀ ਕਿ ਪਿਤਾ ਜੀ ਨੂੰ ਅੰਮ੍ਰਿਤਾ ਦੇ ਸਹੁਰਿਆਂ ਵੱਲ਼ੋਂ ਇੱਕ ਸੁਨੇਹਾ ਮਿਲਿਆ ਕਿ ਜੇ ਕੋਈ ਰਿਸ਼ਤੇਦਾਰ ਪੁੱਛੇ ਤਾਂ ਕਹਿ ਦੇਣਾ ਕਿ ਤੁਸੀਂ ਏਨੇ ਹਜ਼ਾਰ ਰੁਪਿਆ ਨਕਦ ਦਾਜ ਵਿੱਚ ਦਿੱਤਾ ਹੈ। ਪਰ ਇਸ ਸੁਨੇਰੇ ਨੂੰ ਪਿਤਾ ਜੀ ਨੇ ਇੱਕ ਇਸ਼ਾਰਾ ਸਮਝਿਆ। ਉਹਨਾਂ ਕੋਲ਼ ਏਨਾ ਨਕਦ ਰੁਪਿਆ ਹੱਥ ਵਿੱਚ ਨਹੀਂ ਸੀ, ਇਸ ਲਈ ਉਹ ਘਬਰਾ ਗਏ। ਜਦੋਂ ਇਹ ਗੱਲ ਲੇਖਕਾ ਨੂੰ ਪਤਾ ਲੱਗੀ ਤਾਂ ਉਸਦੀ ਇੱਕੋ ਸੋਚ ਸੀ, ਜੇ ਉਹ ਅੱਜ ਰਾਤ ਮਰ ਸਕੇ। ਇਸੇ ਕਰਕੇ ਹੀ ਉਹ ਏਨੀ ਉਦਾਸ ਸੀ।
ਪ੍ਰਸ਼ਨ 3. ਪ੍ਰੀਤਮ ਕੌਰ ਨੇ ਲੇਖਕਾ ਦੇ ਪਿਤਾ ਅੱਗੇ ਆਪਣੀਆਂ ਸੋਨੇ ਦੀਆਂ ਚੂੜੀਆਂ ਲਾਹ ਕੇ ਕਿਉਂ ਰੱਖ ਦਿੱਤੀਆਂ ਸਨ?
ਉੱਤਰ: ਪ੍ਰੀਤਮ ਕੌਰ ਅੰਮ੍ਰਿਤਾ ਦੀ ਮਰੀ ਹੋਈ ਮਓ ਦੀ ਸਹੇਲੀ ਸੀ। ਜਦੋਂ ਉਸਨੂੰ ਅੰਮ੍ਰਿਤਾ ਦੇ ਸਹੁਰਿਆਂ ਵੱਲ਼ੋਂ ਪੈਸਿਆਂ ਦੀ ਕੀਤੀ ਮੰਗ ਕਾਰਨ ਉਸਦੇ ਪਿਤਾ ਦੀ ਘਬਰਾਹਟ ਅਤੇ ਪ੍ਰੇਸ਼ਾਨੀ ਬਾਰੇ ਪਤਾ ਲੱਗਿਆ ਤਾਂ ਪ੍ਰੀਤਮ ਕੌਰ ਨੇ ਇੱਕਲਿਆਂ ਹੋ ਕੇ ਹੱਥਾਂ ਦੀਆਂ ਸਾਰੀਆਂ ਸੋਨੇ ਦੀਆਂ ਚੂੜੀਆਂ ਲਾਹ ਕੇ ਲੇਖਕਾ ਦੇ ਪਿਤਾ ਦੇ ਅੱਗੇ ਰੱਖ ਦਿੱਤੀਆਂ ਤਾਂਜੋ ਵਿਆਹ ਵਿੱਚ ਕਿਸੇ ਕਿਸਮ ਦਾ ਕੋਈ ਵਿਘਨ ਨਾ ਪੈ ਸਕੇ।
ਪ੍ਰਸ਼ਨ 4. ਬਾਉਲੀ ਸਾਹਿਬ ਗੁਰਦੁਆਰੇ ਵਿੱਚ ਲੇਖਕਾ ਤੋਂ ਅਰਦਾਸ ਕਰਵਾਉਣ ਤੋਂ ਪਹਿਲਾਂ ਲੇਖਕਾ ਦੇ ਪਿਤਾ ਜੀ ਨੇ ਕੀ ਤਾਕੀਦ ਕੀਤੀ?
ਉੱਤਰ: ਜਦੋਂ ਲੇਖਕਾ ਪੰਜ ਕੁ ਸਾਲਾਂ ਦੀ ਸੀ ਤਾਂ ਉਸਦੇ ਪਿਤਾ ਜੀ ਨੇ ਉਸ ਕੋਲ਼ੋਂ ਬਾਉਲੀ ਸਾਹਿਬ ਗੁਰਦਵਾਰੇ ਵਿੱਚ ਭਰੀ ਸੰਗਤ ਵਿੱਚ ਅਰਦਾਸ ਕਰਵਾਉਣ ਤੋਂ ਪਹਿਲਾਂ ਤਾਕੀਦ ਕੀਤੀ ਕਿ ਉਸਨੇ ਕਈ ਦਿਨ ਲਾ ਕੇ ਚੇਤੇ ਕੀਤੀ ਅਰਦਾਸ ਨੂੰ ਹੱਥ ਜੋੜ ਕੇ, ਹਜ਼ੂਰੀ ਵਿੱਚ ਖੜ੍ਹੇ ਹੋਕੇ ਅੱਖਾਂ ਮੀਟ ਲੈਣੀਆਂ ਹਨ। ਚਾਰੇ ਪਾਸੇ ਲੋਕ ਹੋਣਗੇ, ਪਰ ਤੂੰ ਕਿਸੇ ਵੱਲ ਵੇਖਣਾ ਨਹੀਂ। ਉਹਨਾਂ ਬਾਰੇ ਸੋਚਣਾ ਵੀ ਨਹੀਂ ਕਿ ਲੋਕ ਤੈਨੂੰ ਕਿਵੇਂ ਵੇਖ ਰਹੇ ਹਨ। ਸਾਰਾ ਧਿਆਨ ਅਰਦਾਸ ਵਿੱਚ ਰੱਖਣਾ ਹੈ। ਆਪਣੇ ਮੂੰਹ-ਧਿਆਨ ਹੋ ਕੇ ਬੋਲਣਾ ਹੈ। ਇਸ ਤਰ੍ਹਾਂ ਉਸਨੂੰ ਕੋਈ ਹਰਫ਼ ਨਹੀਂ ਭੁੱਲੇਗਾ।
ਪ੍ਰਸ਼ਨ 5. ਲੇਖਕਾ ਦੇ ਪਿਤਾ ਜੀ ਦੁਆਰਾ ਸਿੱਖ ਇਤਿਹਾਸ ਬਾਰੇ ਸਲਾਈਡਜ਼ ਵਿਖਾਉਣ ਦੀ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ- ਲੇਖਕਾ ਦੇ ਪਿਤਾ ਜੀ ਜਦੋਂ ਸਿੱਖ ਇਤਿਹਾਸ ਵਿਚ ਕੁਰਬਾਨੀਆਂ ਦੀਆਂ ਗੱਲਾਂ ਕਰਦੇ, ਤਾਂ ਉਨ੍ਹਾਂ ਦਾ ਗਲ਼ਾ ਭਰ ਆਉਂਦਾ ਸੀ। ਸਿੱਖ ਇਤਿਹਾਸ ਨਾਲ਼ ਡੂੰਘੇ ਪਿਆਰ ਕਰਕੇ ਉਹਨਾਂ ਨੇ ਇਸ ਨਾਲ਼ ਸੰਬੰਧਿਤ ਕਈ ਵਾਰਦਾਤਾਂ ਦੇ ਸਲਾਈਡਜ਼ ਬਣਾਏ ਹੋਏ ਸਨ। ਉਸ ਸਮੇਂ ਵੀਡੀਓ ਵਰਗੀ ਗੱਲ ਤਾਂ ਕਿਸੇ ਦੇ ਸੁਪਨੇ ਵਿਚ ਵੀ ਨਹੀਂ ਸੀ ਅਤੇ ਖ਼ਾਮੋਸ਼ ਫ਼ਿਲਮਾਂ ਦਾ ਜ਼ਮਾਨਾ ਸੀ। ਉਨ੍ਹਾਂ ਆਪਣੀ ਪੁੱਜਤ ਤੋਂ ਵੱਧ ਖ਼ਰਚ ਕਰ ਕੇ ਸਲਾਈਡ ਦਿਖਾਉਣ ਵਾਲ਼ੀ ਮਸ਼ੀਨ ਖ਼ਰੀਦੀ। ਉਹ ਮਸ਼ੀਨ ਰਾਹੀਂ ਸਲਾਈਡ ਦੀ ਤਸਵੀਰ ਕੰਧ ਉੱਤੇ ਲੱਗੇ ਪਰਦੇ ਉੱਤੇ ਦਿਖਾਉਂਦੇ ਤੇ ਨਾਲ਼ ਬੋਲ ਕੇ ਇਤਿਹਾਸ ਦੀ ਹੋਈ ਘਟਨਾ ਨੂੰ ਸੁਣਾਉਂਦੇ। ਇਕ ਵਾਰ ਮੁਜੰਗ ਦੇ ਜਾਂ ਕਿਸੇ ਹੋਰ ਗੁਰਦੁਆਰੇ ਵਿਖੇ ਇਹ ਪ੍ਰੋਗਰਾਮ ਪੇਸ਼ ਕਰਨ ਲਈ ਉਹ ਆਪਣਾ ਸਲਾਈਡਜ਼ ਤੇ ਮਸ਼ੀਨ ਵਾਲ਼ਾ ਕਾਲਾ ਟਰੰਕ ਲੈ ਗਏ। ਰਾਤ ਨੂੰ ਗੁਰਦੁਆਰੇ ਦੇ ਬਾਹਰ ਇਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸੀ, ਤਾਂ ਲੇਖਕਾ ਦੇ ਪਿਤਾ ਜੀ ਦੀ ਅਵਾਜ਼ ਦੂਰ ਕਿਤੇ ਇਤਿਹਾਸ ਦੇ ਦਰਦ ਵਿਚ ਉੱਤਰੀ ਹੋਈ ਸੀ। ਲੋਕ ਦਰੀਆਂ ਉੱਤੇ ਬੈਠ ਦੇਖ ਰਹੇ ਸਨ, ਤਾਂ ਅਚਾਨਕ ਪਿੱਛਿਓਂ ਕੁੱਝ ਲੋਕਾਂ ਦੀ ਅਵਾਜ਼ ਆਈ, ‘‘ਬੰਦ ਕਰੋ ਇਹ ਸਿਨੇਮਾ।” ਲੋਕ ਘਬਰਾ ਗਏ। ਪਰ ਸਭ ਚੁੱਪ ਸਨ। ਲੇਖਕਾ ਦੇ ਪਿਤਾ ਜੀ ਨੇ ਆਪਣੇ ਨਾਲ਼ ਦੇ ਬੰਦੇ ਨੂੰ ਸਾਰਾ ਸਮਾਨ ਟਰੰਕ ਵਿਚ ਪਾ ਕੇ ਤੁਰਨ ਲਈ ਕਿਹਾ ਤੇ ਨਾਲ਼ ਹੀ ਉਹ ਲੇਖਿਕਾ ਨੂੰ ਬਾਹੋਂ ਫੜ ਕੇ ਭੀੜ ਵਿਚੋਂ ਬਾਹਰ ਆ ਗਏ। ਇਸ ਪਿੱਛੋਂ ਉਨ੍ਹਾਂ ਦਾ ਇਹ ਟਰੰਕ ਕਦੇ ਨਾ ਖੁੱਲ੍ਹਿਆ ਤੇ ਉਹ ਉਦਾਸ ਰਹਿਣ ਲੱਗੇ। ਉਹ ਸਿਰਫ਼ ਇੰਨਾ ਕਹਿ ਛੱਡਦੇ, “ਮੂਰਖਾਂ ਨਾਲ਼ ਬਹਿਸ ਨਹੀਂ ਹੋ ਸਕਦੀ।”
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784