3. ਕਿੱਸਾ ਕਾਵਿ
ਅਭਿਆਸ
ਪ੍ਰਸ਼ਨ 1. ਪੰਜਾਬੀ ਕਿੱਸਾ ਕਾਵਿ-ਧਾਰਾ ਦੇ ਮੁੱਢ ਤੇ ਵਿਕਾਸ ਬਾਰੇ ਦੱਸੋ।
ਉੱਤਰ: ਕਿੱਸਾ ਸ਼ਬਦ ਅਰਬੀ ਭਾਸ਼ਾ ਦਾ ਹੈ ਤੇ ਇਸ ਦਾ ਅਰਥ ਹੈ ਕਹਾਣੀ। ਇੱਕ ਸਾਹਿਤਿਕ ਰੂਪ ਵਜੋਂ ਕਿੱਸਾ ਕਿਸੇ ਪ੍ਰੇਮ-ਕਹਾਣੀ ਦਾ ਕਾਵਿਕ ਬਿਰਤਾਂਤ ਹੁੰਦਾ ਹੈ। ਕਿੱਸੇ ਦਾ ਰੂਪ ਬਿਰਤਾਂਤਿਕ ਹੁੰਦਾ ਹੈ ਤੇ ਇਹ ਦੋ ਵਿਅਕਤੀਆਂ (ਔਰਤ ਤੇ ਮਰਦ) ਦੇ ਦੁਨਿਆਵੀ ਪਿਆਰ (ਇਸ਼ਕ-ਮਿਜ਼ਾਜੀ) ਨੂੰ ਆਧਾਰ ਬਣਾ ਕੇ ਲਿਖਿਆ ਜਾਂਦਾ ਹੈ। ਇਸ ਲਈ ਕਿੱਸਾ ਇੱਕ ਸ਼ਿੰਗਾਰ-ਰਸੀ ਰਚਨਾ ਹੁੰਦੀ ਹੈ।
ਕਿੱਸੇ ਦੀ ਕਹਾਣੀ ਇਤਿਹਾਸਿਕ ਕਾਲ-ਕ੍ਰਮ ਅਨੁਸਾਰ ਚੱਲਦੀ ਹੈ, ਅਰਥਾਤ ਇਸ ਵਿੱਚ ਕੇਂਦਰੀ ਪਾਤਰਾਂ ਜਾਂ ਨਾਇਕ-ਨਾਇਕਾਵਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਘਟਨਾਵਾਂ ਨੂੰ ਉਹਨਾਂ ਦੀ ਇਤਿਹਾਸਕ ਗਤੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਨਾਇਕ-ਨਾਇਕਾਵਾਂ ਭਾਵੇਂ ਹੁੰਦੇ ਤਾਂ ਆਮ ਮਨੁੱਖ ਹੀ ਹਨ ਪਰ ਉਹ ਅਸਧਾਰਨ ਗੁਣਾਂ ਦੇ ਮਾਲਕ ਹੁੰਦੇ ਹਨ, ਇਸ ਲਈ ਉਹ ਵਿਸ਼ੇਸ਼ ਵਿਅਕਤੀ ਹੁੰਦੇ ਹਨ।
ਕਿੱਸੇ ਵਿਚ ਨਾਇਕ/ਨਾਇਕਾ ਦਾ ਸਮਾਜ ਦੀਆਂ ਰਵਾਇਤਾਂ ਵੱਲ ਵਿਰੋਧ ਪ੍ਰਗਟ ਕੀਤਾ ਜਾਂਦਾ ਹੈ। ਕਿੱਸੇ ਦੇ ਨਾਇਕ/ਨਾਇਕਾ ਸਮਾਜ ਤੋਂ ਬਾਗ਼ੀ ਪੁਰਸ਼-ਇਸਤਰੀਆਂ ਹੁੰਦੇ ਹਨ ਜੋ ਸਮਾਜ ਵੱਲੋਂ ਸਥਾਪਿਤ ਕੀਤੀ ਮਰਯਾਦਾ ਨੂੰ ਵੰਗਾਰਦੇ ਹਨ। ਇਉਂ ਕਿੱਸਾ ਪੰਜਾਬੀ ਦਾ ਉਹ ਪਹਿਲਾ ਸਾਹਿਤ-ਰੂਪ ਹੈ ਜਿਸ ਵਿੱਚ ਵਿਅਕਤੀ ਤੇ ਸਮਾਜ ਇੱਕ-ਦੂਜੇ ਤੋਂ ਅੱਡ ਨਜ਼ਰ ਆਉਂਦੇ ਹਨ ਤੇ ਕਿੱਸਾ ਹੀ ਉਹ ਪਹਿਲਾ ਸਾਹਿਤ-ਰੂਪ ਹੈ, ਜਿਸ ਵਿੱਚ ਕਹਾਣੀ ਦਾ ਕੇਂਦਰ ਮਨੁੱਖ ਬਣਦਾ ਹੈ।
ਕਿੱਸੇ ਵਿੱਚ ਪਰਾਸਰੀਰਿਕ, ਗ਼ੈਰ ਕੁਦਰਤੀ ਜਾਂ ਦੈਵੀ ਘਟਨਾਵਾਂ ਵੀ ਹੁੰਦੀਆਂ ਹਨ। ਇਸ ਦਾ ਕਾਰਨ ਇੱਕ ਤਾਂ ਲੇਖਕ ਦੀ ਆਪਣੇ ਨਾਇਕ ਨਾਲ਼ ਹਮਦਰਦੀ ਹੋਣਾ ਹੈ। ਉਹ ਘਟਨਾਵਾਂ ਦੇ ਆਸਰੇ ਆਪਣੇ ਨਾਇਕ ਨੂੰ ਠੀਕ ਸਿੱਧ ਕਰਦਾ ਹੈ ਤੇ ਉਸ ਨੂੰ ਮੁਸ਼ਕਲਾਂ ਵਿੱਚੋਂ ਪਾਰ ਵੀ ਲੰਘਾਉਂਦਾ ਹੈ। ਦੂਜਾ ਕਾਰਨ ਇਹ ਹੈ ਕਿ ਕਿੱਸਾ ਆਮ ਤੌਰ ’ਤੇ ਲੋਕ-ਕਾਵਿ ਵਰਗਾ ਹੁੰਦਾ ਹੈ। ਇਸ ਲਈ ਇਸ ਵਿੱਚ ਆਮ ਲੋਕਾਂ ਦੇ ਵਿਸ਼ਵਾਸਾਂ ਤੇ ਮਨੋਰੰਜਨ ਦਾ ਧਿਆਨ ਰੱਖਿਆ ਜਾਂਦਾ ਹੈ। ਦੈਵੀ ਘਟਨਾਵਾਂ ਮਨੋਰੰਜਕ ਵੀ ਹੁੰਦੀਆਂ ਹਨ ਕਿਉਂਕਿ ਇਹਨਾਂ ਰਾਹੀਂ ਪਾਠਕਾਂ ਦੀ ਉਤਸੁਕਤਾ ਜਗਾਈ ਜਾਂਦੀ ਹੈ ਅਤੇ ਲੋਕਾਂ ਦਾ ਦੈਵੀ ਸ਼ਕਤੀਆਂ ਵਿੱਚ ਵਿਸ਼ਵਾਸ ਵੀ ਹੁੰਦਾ ਹੈ। ਇਸ ਤਰ੍ਹਾਂ ਦੀਆਂ ਅਦਭੁਤ ਘਟਨਾਵਾਂ ਨਾਲ਼ ਕਿੱਸਾ ਰੁਮਾਂਟਿਕ ਬਣ ਜਾਂਦਾ ਹੈ।
ਸਾਹਿਤਿਕ ਤੌਰ ’ਤੇ ਕਿੱਸਾ ਇੱਕ ਲੰਮੀ ਬਿਰਤਾਂਤਿਕ ਕਵਿਤਾ ਹੁੰਦੀ ਹੈ ਪਰ ਇਸ ਵਿੱਚ ਨਾਟਕੀ ਅੰਸ਼ ਵੀ ਹੁੰਦੇ ਹਨ ਜੋ ਕਿੱਸੇ ਨੂੰ ਮਨੋਰੰਜਕ ਬਣਾਉਂਦੇ ਹਨ। ਇਸ ਦੀ ਭਾਸ਼ਾ ਆਮ ਬੋਲ-ਚਾਲ ਦੀ ਭਾਸ਼ਾ ਹੁੰਦੀ ਹੈ ਤੇ ਇਹ ਲੋਕਾਂ ਦੀ ਸਮਝ ਵਿੱਚ ਆਉਣ ਵਾਲ਼ੀ ਬੋਲੀ ਹੁੰਦੀ ਹੈ। ਕਿੱਸੇ ਦੀ ਸ਼ੈਲੀ ਅਲੰਕਾਰਿਕ ਹੁੰਦੀ ਹੈ। ਇਸ ਵਿੱਚ ਸ਼ਿੰਗਾਰ-ਰਸ ਦੀ ਪ੍ਰਧਾਨਤਾ ਹੁੰਦੀ ਹੈ। ਇਸ ਲਈ ਕਿੱਸਾ ਰੋਚਕ ਤੇ ਮਨੋਰੰਜਕ ਹੁੰਦਾ ਹੈ।
ਕਿੱਸਾ-ਕਾਵਿ ਦੀਆਂ ਵਿਸ਼ੇਸ਼ਤਾਈਆਂ –
1. ਕਿੱਸਾ ਇੱਕ ਲੰਮੀ ਬਿਰਤਾਂਤਿਕ ਕਵਿਤਾ ਹੁੰਦੀ ਹੈ ਤੇ ਇਸ ਦਾ ਆਧਾਰ ਕੋਈ ਲੋਕ ਪ੍ਰਚਲਿਤ ਪ੍ਰੇਮ-ਕਹਾਣੀ ਹੁੰਦੀ ਹੈ।
2. ਕਿੱਸੇ ਦੇ ਨਾਇਕ/ਨਾਇਕਾ ਅਸਧਾਰਨ ਗੁਣਾਂ ਦੇ ਮਾਲਕ ਹੁੰਦੇ ਹਨ।
3. ਕਿੱਸੇ ਵਿੱਚ ਦੈਵੀ ਘਟਨਾਵਾਂ ਦਾ ਬਿਆਨ ਹੁੰਦਾ ਹੈ।
4. ਕਿੱਸਾ ਲੋਕ-ਕਾਵਿ ਦੇ ਨੇੜੇ ਹੁੰਦਾ ਹੈ।
5. ਕਿੱਸੇ ਦੀ ਭਾਸ਼ਾ ਲੋਕ-ਭਾਸ਼ਾ ਹੁੰਦੀ ਹੈ।
6. ਕਿੱਸਾ ਇੱਕ ਸ਼ਿੰਗਾਰ-ਰਸੀ ਰਚਨਾ ਹੁੰਦੀ ਹੈ।
7. ਕਿੱਸਾ ਇੱਕ ਪ੍ਰਕਾਰ ਦਾ ਦੁਖਾਂਤਿਕ ਰੁਮਾਂਸ ਹੁੰਦਾ ਹੈ।
ਪੰਜਾਬੀ ਕਿੱਸਾ-ਕਾਵਿ ਦਾ ਵਿਕਾਸ- ਪੰਜਾਬੀ ਕਿੱਸਾ-ਕਾਵਿ ਦੀ ਹੋਂਦ ਦੇ ਮੁਢਲੇ ਸਬੂਤ ਮੁਗ਼ਲ-ਕਾਲ ਤੋਂ ਮਿਲ਼ਦੇ ਹਨ। ਇਸਲਾਮ ਦੇ ਆਉਣ ਤੋਂ ਬਾਅਦ ਮੁਸਲਿਮ ਸਾਹਿਤ ਦਾ ਪ੍ਰਵੇਸ਼ ਪੰਜਾਬੀ ਕਿੱਸਾ-ਕਾਵਿ ਦੇ ਜਨਮ ਦਾ ਮੁੱਖ ਕਾਰਨ ਬਣਿਆ ਪਰ ਮੁਗ਼ਲਾਂ ਦੇ ਰਾਜ ਤੋਂ ਪਹਿਲਾਂ ਪੰਜਾਬੀ ਸਾਹਿਤ ਵਿੱਚ ਕੋਈ ਕਿੱਸਾ ਲਿਖਤੀ ਰੂਪ ਵਿੱਚ ਪ੍ਰਾਪਤ ਨਹੀਂ ਹੁੰਦਾ। ਸਿਰਫ਼ ਲੋਕ-ਕਾਵਿ ਵਿੱਚ ਕਿੱਸਿਆਂ ਦੀ ਕੱਚੀ ਸਮੱਗਰੀ ਦੇ ਕੁਝ ਨਮੂਨੇ ਮਿਲ਼ਦੇ ਹਨ ਤੇ ਲੋਕ ਕਹਾਣੀਆਂ, ਜਿਨ੍ਹਾਂ ਦਾ ਵਿਸ਼ਾ ਪ੍ਰੇਮ ਸੀ, ਦੇ ਪ੍ਰਚਲਿਤ ਹੋਣ ਦੇ ਸਬੂਤ ਮਿਲ਼ਦੇ ਹਨ ਪਰ ਇਹ ਪ੍ਰੇਮ-ਕਥਾਵਾਂ ਆਪਣੇ ਲਿਖਤੀ ਰੂਪ ਵਿੱਚ ਮੁਗ਼ਲ-ਕਾਲ ਵਿੱਚ ਹੀ ਸਾਮ੍ਹਣੇ ਆਈਆਂ।
ਪੰਜਾਬੀ ਕਿੱਸਾ-ਕਾਵਿ ਦਾ ਮੁੱਢ ਦਮੋਦਰ ਦੀ ਹੀਰ ਤੋਂ ਬੱਝਿਆ। ਉਸ ਤੋਂ ਬਾਅਦ ਪੀਲੂ, ਹਾਫ਼ਿਜ਼ ਬਰਖ਼ੁਰਦਾਰ, ਮੁਕਬਲ, ਵਾਰਿਸ, ਹਾਸ਼ਮ, ਅਹਿਮਦਯਾਰ, ਕਾਦਰਯਾਰ, ਫ਼ਜ਼ਲ ਸ਼ਾਹ ਆਦਿ ਪ੍ਰਮੁੱਖ ਕਿੱਸਾਕਾਰ ਹੋਏ ਹਨ ਇਹਨਾਂ ਸਾਰੇ ਕਵੀਆਂ ਨੇ ਕੁਝ ਪੰਜਾਬੀ ਜਨ-ਜੀਵਨ ਵਿੱਚ ਪ੍ਰਚਲਿਤ ਲੋਕ-ਕਥਾਵਾਂ ਜਿਵੇਂ ਹੀਰ-ਰਾਂਝਾ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ, ਪੂਰਨ ਭਗਤ ਆਦਿ ਨੂੰ ਆਪਣੇ ਕਿੱਸਿਆਂ ਦਾ ਆਧਾਰ ਬਣਾਇਆ ਤੇ ਕੁਝ ਵਿਦੇਸ਼ੀ ਕਹਾਣੀਆਂ ਨੂੰ ਅਪਣਾਇਆ ਜਿਵੇਂ ਸ਼ੀਰੀ ਫ਼ਰਿਹਾਦ, ਯੂਸਫ਼ ਜ਼ੁਲੈਖ਼ਾਂ ਆਦਿ।
ਪੰਦ੍ਰਰਵੀਂ-ਸੋਲ੍ਹਵੀਂ ਸਦੀ ਤੋਂ ਲੈ ਕੇ ਉੱਨੀਵੀਂ ਸਦੀ ਤੱਕ 30 ਤੋਂ ਵੱਧ ਕਿੱਸਾਕਾਰਾਂ ਨੇ ਕਿੱਸਾ ਰਚਨਾ ਕੀਤੀ। ਸਿਖਰਲੇ ਮੁਗ਼ਲ-ਕਾਲ (1707 ਈ. ਤੱਕ) ਵਿੱਚ ਦਮੋਦਰ, ਪੀਲੂ, ਹਾਫ਼ਿਜ਼ ਬਰਖ਼ੁਰਦਾਰ ਤੇ ਅਹਿਮਦ ਗੁੱਜਰ, ਚਾਰ ਕਿੱਸਾ ਕਵੀਆਂ ਦੀਆਂ ਰਚਨਾਵਾਂ ਮਿਲਦੀਆਂ ਹਨ। ਦਮੋਦਰ ਤੇ ਅਹਿਮਦ ਗੁੱਜਰ ਨੇ ਹੀਰ, ਪੀਲੂ ਨੇ ਮਿਰਜ਼ਾ-ਸਾਹਿਬਾਂ ਤੇ ਹਾਫ਼ਿਜ਼ ਬਰਖ਼ੁਰਦਾਰ ਨੇ ਮਿਰਜ਼ਾ-ਸਾਹਿਬਾਂ, ਸੱਸੀ-ਪੁੰਨੂੰ ਤੇ ਯੂਸਫ਼-ਜ਼ੁਲੈਖ਼ਾਂ ਦੇ ਕਿੱਸੇ ਲਿਖੇ।
ਮੁਗ਼ਲ-ਕਾਲ ਦੇ ਕਿੱਸਾ-ਕਵੀਆਂ ਦੀਆਂ ਰਚਨਾਵਾਂ ਵਿੱਚ ਸੂਫ਼ੀ ਵਿਚਾਰਾਂ ਦਾ ਪ੍ਰਭਾਵ ਪ੍ਰਤੱਖ ਹੈ। ਦਮੋਦਰ ਤੇ ਪੀਲੂ ਦੀਆਂ ਰਚਨਾਵਾਂ ਪੰਜਾਬੀ ਲੋਕ-ਜੀਵਨ ਦੇ ਵਧੇਰੇ ਨੇੜੇ ਹਨ ਪਰ ਹਾਫ਼ਿਜ਼ ਬਰਖ਼ੁਰਦਾਰ ਦੇ ਪ੍ਰਵੇਸ਼ ਨਾਲ਼ ਕਿੱਸਾ-ਕਾਵਿ, ਫ਼ਾਰਸੀ ਦੀ ਰਵਾਇਤੀ ਕਿੱਸਾ-ਕਲਾ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਅਤੇ ਇਹ ਰੁਝਾਨ ਅਗਲੇ ਕਵੀਆਂ ਵਿੱਚ ਵਧਦਾ ਹੀ ਚਲਾ ਗਿਆ। ਇਸੇ ਤਰ੍ਹਾਂ ਇਸ ਕਾਲ ਵਿੱਚ ਸੁਖਾਂਤ ਤੇ ਦੁਖਾਂਤ ਦੋਵੇਂ ਰੂਪ ਪੰਜਾਬੀ ਕਿੱਸਾ-ਕਾਵਿ ਵਿੱਚ ਆਏ। ਦਮੋਦਰ ਦੀ ਹੀਰ ਸੁਖਾਂਤਿਕ ਹੈ, ਪਰ ਪੀਲੂ ਦਾ ਮਿਰਜ਼ਾ-ਸਾਹਿਬਾਂ ਦੁਖਾਂਤਿਕ ਹੈ। ਛੰਦ ਦੇ ਪੱਖ ਤੋਂ ਇਸ ਕਾਲ ਵਿੱਚ ਤਿੰਨ ਪ੍ਰਕਾਰ ਦੇ ਛੰਦ ਅਪਣਾਏ ਗਏ-ਦਵਈਆ, ਸੱਦ ਤੇ ਬੈਂਤ।
ਅਠਾਰ੍ਹਵੀਂ ਸਦੀ ਨੂੰ ਪੰਜਾਬੀ ਕਿੱਸਾ-ਕਾਵਿ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ। ਇਸ ਕਾਲ ਵਿੱਚ ਹੀ ਤਿੰਨ ਪ੍ਰੀਤ ਕਥਾਵਾਂ ਹੀਰ ਰਾਂਝਾ, ਸੱਸੀ ਪੁੰਨੂੰ ਤੇ ਯੂਸਫ਼ ਜ਼ੁਲੈਖਾਂ ਨੂੰ ਕਵਿਤਾਇਆ ਗਿਆ ਪਰ ਆਮ ਤੌਰ ’ਤੇ ਇਹ ਸਦੀ ਹੀਰ-ਸਾਹਿਤ ਦੀ ਸਦੀ ਅਖਵਾਉਂਦੀ ਹੈ ਕਿਉਂਕਿ ਇਸ ਕਾਲ ਦੇ ਬਹੁ-ਗਿਣਤੀ ਕਿੱਸਾ-ਕਵੀਆਂ ਨੇ ਹੀਰ ਦੇ ਕਿੱਸੇ ਹੀ ਲਿਖੇ, ਜਿਵੇਂ ਚਰਾਗ ਅਵਾਨ, ਮੁਕਬਲ, ਵਾਰਿਸ, ਬਿਹਬਲ, ਹਾਮਦ। ਵਾਰਿਸ ਸ਼ਾਹ ਇਸ ਕਾਲ ਦਾ ਸਿਰਮੌਰ ਕਵੀ ਹੈ ਤੇ ਕਿੱਸਾ ਸਾਹਿਤ ਦਾ ਸਿਖਰ ਆਖਿਆ ਜਾ ਸਕਦਾ ਹੈ।
ਉੱਨੀਵੀਂ ਸਦੀ ਵਿੱਚ ਗਿਣਤੀ ਦੇ ਪੱਖ ਤੋਂ ਸਭ ਤੋਂ ਵਧੇਰੇ ਕਿੱਸਾ-ਰਚਨਾ ਹੋਈ ਤੇ ਡੇਢ ਦਰਜਨ ਦੇ ਲਗ-ਪਗ ਕਿੱਸਾ-ਕਵੀਆਂ ਨੇ ਨਵੀਆਂ-ਪੁਰਾਣੀਆਂ ਕਹਾਣੀਆਂ ਉੱਪਰ ਕਿੱਸੇ ਲਿਖੇ। ਜਿਵੇਂ ਹਾਸ਼ਮ, ਅਹਿਮਦਯਾਰ, ਇਮਾਮ ਬਖ਼ਸ਼, ਕਾਦਰਯਾਰ, ਮੌਲਵੀ ਗ਼ੁਲਾਮ ਰਸੂਲ, ਅਬਦੁਲ ਸੱਤਾਰ, ਫ਼ਜ਼ਲ ਸ਼ਾਹ, ਬਖ਼ਸ਼ ਫ਼ਕੀਰ, ਮੀਆਂ ਮੁਹੰਮਦ ਬਖ਼ਸ਼, ਮਾਹੀ ਕੰਬੋ, ਗੰਗਾ ਰਾਮ, ਅਹਿਮਦ ਅਲੀ ਸਾਈਆਂ, ਮੌਲਵੀ ਰੌਸ਼ਨ ਦੀਨ, ਭਗਵਾਨ ਸਿੰਘ, ਕਿਸ਼ਨ ਸਿੰਘ ਆਰਿਫ਼, ਗੁਪਾਲ ਸਿੰਘ ਗੋਪਾਲ, ਬਰਦਾ ਪਿਸ਼ੌਰੀ, ਪਿਆਰੇ ਸਾਹਿਬ। ਇਹਨਾਂ ਵਿੱਚੋਂ ਪ੍ਰਸਿੱਧੀ ਕੁਝ ਕੁ ਕਿੱਸਾਕਾਰਾਂ ਨੂੰ ਹੀ ਮਿਲੀ। ਇਸ ਸਦੀ ਦੇ ਪ੍ਰਮੁੱਖ ਕਿੱਸਾਕਾਰ ਹਨ : ਹਾਸ਼ਮ, ਅਹਿਮਦਯਾਰ, ਫ਼ਜ਼ਲ ਸ਼ਾਹ, ਕਾਦਰਯਾਰ ਤੇ ਮੀਆਂ ਮੁਹੰਮਦ ਬਖ਼ਸ਼।
ਉੱਨ੍ਹੀਵੀਂ ਸਦੀ ਦੇ ਕਿੱਸਾ-ਕਾਵਿ ਦੀਆਂ ਦੋ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ– ਇੱਕ ਤਾਂ ਇਸ ਸਮੇਂ ਕਿੱਸਾ-ਕਾਵਿ ਵਿੱਚ ਕੁਝ ਨਵੀਂਆਂ ਪ੍ਰੀਤ-ਕਥਾਵਾਂ ਨੇ ਪ੍ਰਵੇਸ਼ ਕੀਤਾ, ਜਿਵੇਂ : ਸੋਹਣੀ-ਮਹੀਂਵਾਲ ਤੇ ਸੈਫ਼ੁਲ-ਮਲੂਕ ਦੀ ਕਹਾਣੀ। ਦੂਜੇ ਇਸ ਸਮੇਂ ਕਿੱਸਾਕਾਰਾਂ ਦਾ ਰੁਝਾਨ ਪ੍ਰੇਮ-ਕਥਾਵਾਂ ਤੋਂ ਹਟ ਕੇ, ਭਾਰਤੀ ਮਿਥਿਹਾਸਿਕ ਘਟਨਾਵਾਂ ਵੱਲ ਹੋ ਗਿਆ ਤੇ ਕੁਝ ਧਾਰਮਿਕ ਤੇ ਮਿਥਿਹਾਸਿਕ ਘਟਨਾਵਾਂ ਨੂੰ ਆਧਾਰ ਬਣਾ ਕੇ ਕਿੱਸੇ ਲਿਖੇ ਗਏ। ਵਿਸ਼ੇਸ਼ ਤੌਰ ’ਤੇ ਹਿੰਦੀ ਕਿੱਸਾਕਾਰਾਂ ਨੇ ਹਿੰਦੂ-ਮਿਥਿਹਾਸ ਨਾਲ਼ ਸੰਬੰਧਿਤ ਕਿੱਸੇ ਲਿਖੇ- ਜਿਵੇਂ ਗੰਗਾ ਰਾਮ ਨੇ ਰੂਪ-ਬਸੰਤ, ਗੋਪੀ ਚੰਦ, ਹਕੀਕਤ ਰਾਏ ਤੇ ਰਾਜਾ ਭਰਥਰੀ।
ਵੀਹਵੀਂ ਸਦੀ ਵਿੱਚ ਆ ਕੇ ਤਾਂ ਕਿੱਸਾ-ਕਾਵਿ ਪਰੰਪਰਾ ਇੱਕ ਪ੍ਰਕਾਰ ਦੇ ਚਿੱਠਾ-ਸਾਹਿਤ ਤੇ ਕਵੀਸ਼ਰੀ ਦੇ ਰੂਪ ਵਿੱਚ ਪ੍ਰਵਾਹਿਤ ਹੋ ਜਾਂਦੀ ਹੈ ਤੇ ਪੁਰਾਣੀ ਕਿੱਸਾਕਾਰੀ ਦਮ ਤੋੜ ਜਾਂਦੀ ਹੈ। ਇਹ ਮੱਧ-ਯੁੱਗ ਦੀ ਸਾਹਿਤਿਕ ਪਰੰਪਰਾ ਦੀ ਸਮਾਪਤੀ ਤੇ ਆਧੁਨਿਕ ਕਾਵਿ ਦੇ ਅਰੰਭ ਦਾ ਹੀ ਇੱਕ ਲੱਛਣ ਹੈ।
ਪ੍ਰਸ਼ਨ 2. ਵਾਰਿਸ ਸ਼ਾਹ ਦੇ ਕਿੱਸੇ ਦਾ ਵਿਸ਼ਲੇਸ਼ਣ ਕਰਦਿਆਂ ਉਸ ਦੇ ਕਾਵਿਕ ਗੁਣਾਂ ਦਾ ਵਰਨਣ ਕਰੋ।
ਉੱਤਰ: ਵਾਰਿਸ ਸ਼ਾਹ ਦਾ ਜਨਮ 1735 ਈ. ਵਿੱਚ ਜੰਡਿਆਲਾ ਸ਼ੇਰ ਖ਼ਾਂ (ਜ਼ਿਲ੍ਹਾ ਸ਼ੇਖੂਪੁਰਾ) ਵਿੱਚ ਹੋਇਆ। ਉਸ ਦੀ ਮੁਢਲੀ ਵਿੱਦਿਆ ਕਸੂਰ ਵਿੱਚ ਹੋਈ ਤੇ ਪਾਕਪਟਨ ਤੋਂ ਉਸ ਨੇ ਉਚੇਰੀ ਵਿੱਦਿਆ ਪ੍ਰਾਪਤ ਕੀਤੀ। ਉਸ ਦੀ ਮੌਤ 1795 ਈ. ਵਿੱਚ ਹੋਈ। ਵਾਰਿਸ ਦੀ ਇੱਕੋ-ਇੱਕ ਲੰਮੀ ਰਚਨਾ ‘ਹੀਰ’ ਮਿਲ਼ਦੀ ਹੈ। ਇਸ ਦਾ ਰਚਨਾ-ਕਾਲ 1766-67 ਈ. ਹੈ ਤੇ ਇਹ ਖਰਲ ਹਾਂਸ ਵਿਖੇ ਲਿਖੀ ਗਈ।
ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਕਾਂ,
ਜਿੱਥੇ ਸ਼ੇਅਰ ਕੀਤਾ ਯਾਰਾਂ ਵਾਸਤੇ ਮੈਂ।
‘ਹੀਰ’ ਦੀ ਕਹਾਣੀ ਦਾ ਵਿਸ਼ਲੇਸ਼ਣ-ਵਾਰਿਸ ਦੀ ‘ਹੀਰ’ ਪੰਜਾਬੀ ਕਿੱਸਾ-ਕਾਵਿ ਦੀ ਤੇ ਸਮੁੱਚੇ ਪੰਜਾਬੀ ਸਾਹਿਤ ਦੀ ਵੀ ਇੱਕ ਸ਼ਾਹਕਾਰ ਰਚਨਾ ਹੈ। ਇਹ ਰਚਨਾ ਆਕਾਰ ਵਿੱਚ ਕਾਫ਼ੀ ਵੱਡੀ ਹੈ। ਹੀਰ-ਕਥਾ ਨੂੰ ਆਧਾਰ ਬਣਾ ਕੇ ਲਿਖੇ ਗਏ ਸਾਰੇ ਕਿੱਸਿਆਂ ਨਾਲ਼ੋਂ, ਵਾਰਿਸ ਦੀ ਹੀਰ ਵਧੇਰੇ ਯਥਾਰਥਿਕ ਹੈ ਤੇ ਉਸ ਸਮੇਂ ਦੇ ਸਮਾਜ, ਅਰਥਾਤ ਮੱਧ-ਕਾਲੀ ਜਗੀਰਦਾਰੀ ਪੰਜਾਬ ਦੇ ਲੋਕ-ਜੀਵਨ ਦਾ ਨਿਰੂਪਣ ਕਰਨ ਵਾਲ਼ੀ ਇੱਕ ਸ਼ਕਤੀਸ਼ਾਲੀ ਰਚਨਾ ਹੈ। ਇਹ ਕਿੱਸਾ ਦੁਖਾਂਤਿਕ ਹੈ ਤੇ ਵਾਰਿਸ ਨੇ ਆਪਣੇ ਨਾਇਕਾਂ ਦੇ ਜੀਵਨ ਵਿੱਚ ਵਾਪਰਦੇ ਦੁਖਾਂਤ ਦੇ ਕਾਰਨ ਸਮਾਜ ਵਿੱਚੋਂ ਲੱਭੇ ਹਨ। ਰਾਂਝੇ ਦੇ ਹੋਸ਼ ਸੰਭਾਲਣ ਵੇਲ਼ੇ ਤੋ ਹੀ ਇਸ ਦੁਖਾਂਤ ਦਾ ਮੁੱਢ ਬੱਝ ਜਾਂਦਾ ਹੈ ਕਿਉਂਕਿ ਉਸ ਦਾ ਪਿਤਾ ਮਰ ਜਾਂਦਾ ਹੈ ਤੇ ਭਰਾ ਸ਼ਰੀਕ ਬਣ ਜਾਂਦੇ ਹਨ। ਉਹ ਕਾਜ਼ੀਆਂ ਤੇ ਪਟਵਾਰੀਆਂ ਆਦਿ ਨੂੰ ਰਿਸ਼ਵਤ ਦੇ ਕੇ ਚੰਗੀ ਜ਼ਮੀਨ ਆਪ ਸਾਂਭ ਲੈਂਦੇ ਹਨ ਤੇ ਰਾਂਝੇ ਦੇ ਹਿੱਸੇ ਬੰਜਰ ਜ਼ਮੀਨ ਆਉਂਦੀ ਹੈ:
ਹਜ਼ਰਤ ਕਾਜ਼ੀ ਤੇ ਪੈਂਚ ਸਦਾਇ ਸਾਰੇ
ਭਾਈਆਂ ਜ਼ਿਮੀ ਨੂੰ ਕੱਛ ਪਵਾਈਆ ਈ।
ਵੱਢੀ ਦੇ ਕੇ ਭੁਇੰ ਦੇ ਬਣੇ ਵਾਰਸ
ਬੰਜਰ ਜ਼ਿਮੀ ਰੰਝੇਟੇ ਨੂੰ ਆਈਆ ਈ।
ਬੰਜਰ ਜ਼ਮੀਨ ਦੇ ਹਿੱਸੇ ਆਉਣ ਦਾ ਕਾਰਨ ਭਰਾਵਾਂ ਦੁਆਰਾ ਦਿੱਤੀ ਗਈ ਰਿਸ਼ਵਤ ਹੈ ਜੋ ਇੱਕ ਸਮਾਜਿਕ ਕਾਰਨ ਹੈ। ਇਸ ਤੋਂ ਬਾਅਦ ਰਾਂਝੇ ਤੇ ਹੀਰ ਦੀ ਜ਼ਿੰਦਗੀ ਵਿੱਚ ਵਾਪਰੀਆਂ ਸਾਰੀਆਂ ਘਟਨਾਵਾਂ ਦੇ ਪਿੱਛੇ ਉਸ ਸਮੇਂ ਦਾ ਸਮਾਜਿਕ ਵਿਧਾਨ ਹੈ। ਵਾਰਿਸ ਸ਼ਾਹ ਇੱਕ ਚੇਤੰਨ ਤੇ ਸੂਝ-ਬੂਝ ਵਾਲ਼ਾ ਸ਼ਾਇਰ ਸੀ ਤੇ ਉਹ ਜਾਣਦਾ ਸੀ ਕਿ ਉਸ ਸਮੇਂ ਦੀ ਸਮਾਜਿਕ-ਮਰਯਾਦਾ ਅਨੁਸਾਰ ਹੀਰ ਤੇ ਰਾਂਝੇ ਦਾ ਇਸ਼ਕ ਪ੍ਰਵਾਨ ਨਹੀਂ ਸੀ ਚੜ੍ਹ ਸਕਦਾ। ਇਸੇ ਲਈ ਉਸ ਨੇ ਆਪਣੇ ਕਿੱਸੇ ਨੂੰ ਦੁਖਾਂਤਿਕ ਰੰਗਣ ਦਿੱਤੀ ਹੈ। ਮੁਕਬਲ ਦਾ ਕਿੱਸਾ ਵੀ ਤ੍ਰਾਸਦਿਕ-ਸੁਖਾਂਤ ਹੈ ਪਰ ਉਸ ਨੇ ਇਸ ਦੇ ਸਮਾਜਿਕ ਪਿਛੋਕੜ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਸੇ ਲਈ ਵਾਰਿਸ ਦਾ ਕਿੱਸਾ ਵਧੇਰੇ ਯਥਾਰਥਿਕ ਲੱਗਦਾ ਹੈ ਕਿਉਂਕਿ ਉਸ ਨੇ ਦੁਖਾਂਤ ਦੇ ਕਾਰਨ ਜਗੀਰਦਾਰੀ ਯੁੱਗ ਦੇ ਭਾਈਚਾਰਿਕ ਜੀਵਨ, ਸਦਾਚਾਰਿਕ ਕੀਮਤਾਂ, ਧਰਮ ਤੇ ਰਾਜ-ਪ੍ਰਬੰਧ ਵਿੱਚੋਂ ਲੱਭੇ ਹਨ।
ਵਾਰਿਸ ਦੇ ਕਿੱਸੇ ਦੀ ਦੂਜੀ ਵੱਡੀ ਵਿਸ਼ੇਸ਼ਤਾ ਹੈ: ਮੱਧ-ਕਾਲੀ ਪੰਜਾਬ ਦਾ ਸੱਭਿਆਚਾਰਿਕ ਚਿਤਰਨ। ਵਾਰਿਸ ਨੇ ਉਸ ਸਮੇਂ ਦੇ ਪੰਜਾਬੀ ਸੱਭਿਆਚਾਰ ਨੂੰ ਭਰਪੂਰ ਰੂਪ ਵਿੱਚ ਚਿਤਰਿਆ ਹੈ। ਜਨਮ, ਵਿਆਹ ਆਦਿ ਦੇ ਜਸ਼ਨ, ਜਗੀਰਦਾਰੀ ਯੁੱਗ ਦੀ ਜੀਵਨ-ਜਾਚ, ਔਰਤ ਦੀ ਸਥਿਤੀ, ਕਾਜ਼ੀਆਂ ਤੇ ਮੌਲਵੀਆਂ ਆਦਿ ਦੇ ਕਿਰਦਾਰ ਨੂੰ ਅਜਿਹੇ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ ਕਿ ਇਹ ਰਚਨਾ ਕੇਵਲ ਕਿੱਸਾ ਨਾ ਰਹਿ ਕੇ, ਸਮੁੱਚੇ ਮੱਧ-ਕਾਲੀ ਪੰਜਾਬ ਦੇ ਸਮਾਜ ਦਾ ਦਰਪਣ ਬਣ ਗਈ ਹੈ।
ਕਾਵਿ-ਗੁਣ: ਕਲਾਤਮਿਕ ਪੱਖੋਂ ਹੀਰ ਵਾਰਿਸ ਇੱਕ ਕਲਾਸੀਕਲ ਰਚਨਾ ਹੈ। ਇਹ ਰਚਨਾ ਨਾ ਕੇਵਲ ਕਿੱਸਾ-ਕਾਵਿ ਦੀ ਹੀ ਸਿਖਰ ਹੈ ਸਗੋਂ ਸਮੁੱਚੀ ਕਵਿਤਾ ਲਈ ਇੱਕ ਕਸਵੱਟੀ ਵੀ ਬਣੀ ਰਹੀ ਹੈ। ਇਸ ਦੀ ਭਾਸ਼ਾ ਸ਼ਕਤੀਸ਼ਾਲੀ ਹੈ। ਇਹ ਉਸ ਸਮੇਂ ਦੀ ਕੇਂਦਰੀ ਪੰਜਾਬੀ ਹੈ ਤੇ ਸਾਹਿਤਿਕ ਗੁਣਾਂ ਨਾਲ਼ ਭਰਪੂਰ ਹੈ। ਵਾਰਿਸ ਸ਼ਾਹ ਦਾ ਬਿਰਤਾਂਤ-ਢੰਗ ਲੋਕ ਮੁਹਾਵਰੇ ਵਾਲ਼ਾ ਤੇ ਦਿਲ-ਖਿੱਚਵਾਂ ਹੈ। ਪਿਆਰ ਤੇ ਬਿਰਹਾ ਦੇ ਭਾਵਾਂ ਦਾ ਵਰਨਣ ਅਜਿਹੀ ਕਲਾਤਮਿਕ ਭਾਸ਼ਾ ਵਿੱਚ ਕੀਤਾ ਗਿਆ ਹੈ ਕਿ ਅੱਜ ਵੀ ਪ੍ਰਭਾਵਪੂਰਨ ਹੈ:
ਹੀਰ ਆਖਦੀ ਜੋਗੀਆ ਝੂਠ ਆਖੇਂ, ਕੌਣ ਰੁੱਠੜੇ ਯਾਰ ਮਿਲਾਂਵਦਾ ਈ।
ਏਹਾ ਕੋਈ ਨਾ ਮਿਲਿਆ ਮੈਂ ਭਾਲ ਥੱਕੀ, ਜਿਹੜਾ ਗਿਆ ਨੂੰ ਮੋੜ ਲਿਆਂਵਦਾ ਈ।
ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ।
ਭਲਾ ਮੋਏ ਤੇ ਵਿੱਛੜੇ ਕੌਣ ਮੇਲੇ, ਐਵੇਂ ਜੀਉੜਾ ਲੋਕ ਵਲਾਂਵਦਾ ਈ।
ਵਾਰਿਸ ਦੀ ਸ਼ੈਲੀ ਨਾਟਕੀ ਹੈ ਤੇ ਇਹ ਨਾਟਕੀਅਤਾ ਉਸ ਦੇ ਕਿੱਸੇ ਨੂੰ ਰੋਚਕ ਬਣਾਉਂਦੀ ਹੈ। ਵਿਸ਼ੇਸ਼ ਤੌਰ ’ਤੇ ਰਾਂਝੇ ਤੇ ਬਾਲ ਨਾਥ, ਰਾਂਝੇ ਤੇ ਸਹਿਤੀ, ਰਾਂਝੇ ਤੇ ਅਯਾਲੀ ਅਤੇ ਰਾਂਝੇ ਜੋਗੀ ਤੇ ਹੀਰ ਦੇ ਸੰਵਾਦ ਵਰਨਣਯੋਗ ਹਨ। ਹੀਰ-ਵਾਰਿਸ ਬੈਂਤ ਛੰਦ ਵਿੱਚ ਲਿਖੀ ਗਈ ਹੈ ਤੇ ਸਾਰੇ ਕਿੱਸੇ ਵਿੱਚ ਛੰਦ-ਚਾਲ ਭਾਵੇਂ ਇੱਕੋ-ਜਿਹੀ ਨਹੀਂ ਤਾਂ ਵੀ ਇਸ ਵਿਚਲੀ ਰਵਾਨੀ ਤੇ ਇਸ ਦਾ ਨਿਭਾਅ ਵਾਰਿਸ ਨੂੰ ਉਸਤਾਦ ਸ਼ਾਇਰ ਸਿੱਧ ਕਰਦੇ ਹਨ। ਵਾਰਿਸ ਦੀਆਂ ਕਈ ਤੁਕਾਂ ਅਟੱਲ-ਸਚਾਈਆਂ ਦੇ ਰੂਪ ਵਿੱਚ ਅੱਜ ਵੀ ਪ੍ਰਸਿੱਧ ਹਨ:
ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ
,
ਯਾਰ ਸੋਈ ਜੋ ਯਾਰ ਕੁਰਬਾਨ ਹੋਵੇ।
ਵਾਰਿਸ ਸ਼ਾਹ ਛੁਪਾਈਏ ਖਲਕ ਕੋਲੋਂ
,
ਭਾਵੇਂ ਆਪਣਾ ਹੀ ਗੁੜ ਖਾਈਏ ਜੀ।
ਸਮੁੱਚੇ ਤੌਰ ’ਤੇ ਵਾਰਿਸ ਪੰਜਾਬੀ ਕਿੱਸਾ-ਕਾਵਿ ਦਾ ਸਿਖ਼ਰ ਹੈ ਕਿਉਂਕਿ ਵਾਰਿਸ ਤੋਂ ਬਾਅਦ ਪੰਜਾਬੀ ਕਿੱਸਾ ਕਾਵਿ-ਧਾਰਾ ਹੌਲ਼ੀ-ਹੌਲ਼ੀ ਆਪਣੀ ਢਲਾਣ ਵੱਲ ਜਾਣੀ ਸ਼ੁਰੂ ਹੋ ਗਈ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784