7. ਖ਼ਵਾਜਾ ਗ਼ੁਲਾਮ ਫ਼ਰੀਦ

7. ਖ਼ਵਾਜਾ ਗ਼ੁਲਾਮ ਫ਼ਰੀਦ

ਅਭਿਆਸ

ਪ੍ਰਸ਼ਨ 1. ਹੇਠ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

(ੳ) ਅਨਹਦ ਬੀਨ ਬਜਾ ਮਨ ਮੋਹਿਓਸ

ਰੁਲਦੀ ਬੂਟੇ ਝਰ ਵੇ।

ਕੰਨੇ ਕੰਨੇ ਪੌਂਦੈ ਗਲ ਝਪ ਮਾਲਾਂ

ਰਹਿੰਦੈ ਹੁਸਨ ਨਗਰ ਵੇ।

ਪ੍ਰਸੰਗ: ਉਪਰੋਕਤ ਕਾਵਿ ਸਤਰਾਂ ਪੰਜਾਬੀ ਦੀ ਪਾਠ-ਪੁਸਤਕ, ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚੋਂ ਸੂਫ਼ੀ ਕਾਵਿ ਅਧੀਨ ਦਰਜ ‘ਖ਼ਵਾਜਾ ਗ਼ੁਲਾਮ ਫ਼ਰੀਦ’ ਦੀ ਕਾਫ਼ੀ ‘ਸ਼ਹੁ ਰਾਂਝਾ ਅਲਬੇਲਾ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਖ਼ਵਾਜਾ ਗ਼ੁਲਾਮ ਫ਼ਰੀਦ ਨੇ ਹੀਰ ਦੇ ਰਾਂਝੇ ਲਈ ਪ੍ਰੇਮ ਦੀ ਗੱਲ ਕੀਤੀ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਹੀਰ ਦੇ ਰਾਂਝੇ ਨੇ ਇਲਾਹੀ ਧੁਨ ਵਾਲ਼ੀ ਬੀਨ ਵਜਾ ਕੇ ਉਸ ਨੂੰ ਮੋਹ ਲਿਆ। ਉਸ ਦੀ ਧੁਨੀ ਵਿੱਚ ਮਸਤ ਹੋ ਕੇ ਉਹ ਜੰਗਲ਼ਾਂ ਵਿੱਚ ਰੁਲ ਰਹੀ ਹੈ। ਉਹ ਲੋਕਾਂ ਕੋਲ਼ੋਂ ਉਸ ਬਾਰੇ ਉਸ ਦੀ ਪਛਾਣ ਦੱਸਦੀ ਹੋਈ ਕਹਿੰਦੀ ਹੈ ਕਿ ਉਸ ਦੇ ਰਾਂਝੇ ਦੇ ਕੰਨਾਂ ਵਿੱਚ ਮੁੰਦਰਾਂ ਹਨ ਅਤੇ ਗਲ਼ ਵਿੱਚ ਮਾਲ਼ਾ ਪਾਈ ਹੈ ਤੇ ਉਹ ਤਖ਼ਤ ਹਜ਼ਾਰੇ ਦਾ ਰਹਿਣ ਵਾਲ਼ਾ ਹੈ।

(ਅ) ਕੋਇਲ ਕੂੰਜ ਮੁਰਰਵਾ ਬੈਠੇ ਦਿਲ ਦੁਖਿਆਰੀ ਨੂੰ ਡੁਖ ਤਾਵੇ

ਨੈਨ ਚੈਨ ਸੇ ਝਗੜਤ ਝਗੜਤ ਤੜਫਤ ਰੈਨ ਬਿਹਾਵੇ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਵਿੱਚੋਂ ਸੂਫ਼ੀ- ਕਾਵਿ ਅਧੀਨ ਦਰਜ ‘ਖ਼ਵਾਜਾ ਗ਼ੁਲਾਮ ਫ਼ਰੀਦ’ ਦੀ ਕਾਫ਼ੀ ‘ਸਾਵਣ ਬੂੰਦੜੀਆਂ ਝਰਲਾਵੇ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਖ਼ਵਾਜਾ ਗ਼ੁਲਾਮ ਫ਼ਰੀਦ ਨੇ ਸਾਉਣ ਮਹੀਨੇ ਵਿੱਚ ਪਤਨੀ ਦੀ ਆਪਣੇ ਪ੍ਰੀਤਮ ਲਈ ਤੜਫ਼ ਨੂੰ ਬਿਆਨ ਕੀਤਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਸਾਉਂਣ ਮਹੀਨੇ ਵਿੱਚ ਕੂੰਜਾਂ ਅਤੇ ਕੋਇਲਾਂ ਖ਼ੁਸ਼ੀ ਵਿੱਚ ਗਾ ਰਹੀਆਂ ਹਨ ਅਤੇ ਮੋਰ ਪੈਲਾਂ ਪਾ ਰਹੇ ਹਨ ਪਰ ਬਿਰਹਣ ਨੂੰ (ਪ੍ਰੀਤਮ ਦੇ ਵਿਛੋੜੇ ਵਿੱਚ ਤੜਫ਼ਦੀ ਰੂਹ) ਇਹ ਸੁਹਾਵਣਾ ਮੌਸਮ ਤੜਫ਼ਾ ਰਿਹਾ ਹੈ। ਉਸਦੇ ਨੈਣ ਅਤੇ ਚੈਨ ਲਗਾਤਾਰ ਝਗੜ ਰਹੇ ਹਨ ਅਤੇ ਉਹ ਤੜਫ਼-ਤੜਫ਼ ਕੇ ਰਾਤ ਗੁਜ਼ਾਰਦੀ ਹੈ।

ਪ੍ਰਸ਼ਨ 2. ‘ਕਾਫ਼ੀ-ਸ਼ਹੁ ਰਾਂਝਾ ਅਲਬੇਲਾ‘ ਦਾ ਕੇਂਦਰੀ-ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਕੇਂਦਰੀ ਭਾਵ: ਹੀਰ ਆਪਣੇ ਪ੍ਰੀਤਮ ਰਾਂਝੇ ਦੇ ਵਿਛੋੜੇ ਵਿੱਚ ਤੜਫ਼ਦੀ ਹੋਈ ਉਸ ਦੇ ਮਿਲਾਪ ਦੀ ਉਡੀਕ ਵਿੱਚ ਉਸ ਨੂੰ ਲੱਭਦੀ ਫਿਰਦੀ ਹੈ। ਰਾਂਝੇ ਤੋਂ ਬਿਨਾਂ ਉਸ ਨੂੰ ਆਪਣਾ ਰੂਪ,ਸ਼ਿੰਗਾਰ ਵੀ ਚੰਗਾ ਨਹੀਂ ਲੱਗਦਾ।

ਪ੍ਰਸ਼ਨ 3. ਵਸਤੂਨਿਸ਼ਠ ਪ੍ਰਸ਼ਨ-

(ੳ) ‘ਸ਼ਹੁ-ਰਾਂਝਾ ਅਲਬੇਲਾ‘ ਕਿਸ ਸੂਫ਼ੀ ਕਵੀ ਦੀ ਰਚਨਾ ਹੈ?

ਉੱਤਰ: ਖ਼ਵਾਜਾ ਗ਼ੁਲਾਮ ਫ਼ਰੀਦ ਦੀ।

(ਅ) ਖ਼ਵਾਜਾ ਗ਼ੁਲਾਮ ਫ਼ਰੀਦ ਦੀ ਕਿਸੇ ਇੱਕ ਰਚਨਾ ਦਾ ਨਾਂ ਦੱਸੋ।

ਉੱਤਰ: ਸਾਵਣ ਬੂੰਦੜੀਆਂ ਝਰਲਾਵੇ।

(ੲ) ‘ਸ਼ਹੁ-ਰਾਂਝਾ ਅਲਬੇਲਾ‘ ਕਾਫ਼ੀ ਵਿੱਚ ਖ਼ਵਾਜਾ ਗ਼ੁਲਾਮ ਫ਼ਰੀਦ ਨੇ ਕਿਸ ਕੋਲ਼ੋਂ ਡਰਨ ਲਈ ਸੰਕੇਤ ਕੀਤਾ ਹੈ?

ਉੱਤਰ: ਰੱਬ ਕੋਲ਼ੋਂ।

(ਸ) ਕਾਫ਼ੀ ‘ਸ਼ਹੁ ਰਾਂਝਾ ਅਲਬੇਲਾ‘ ਵਿੱਚ ਜੋਗੀ ਅਤੇ ਜੁਗਿਆਣੀ ਸ਼ਬਦ ਕਿਸ ਵੱਲ ਸੰਕੇਤ ਕਰਦੇ ਹਨ?

(i) ਆਤਮਾ-ਪਰਮਾਤਮਾ (ii) ਹੀਰ-ਰਾਂਝਾ

ਉੱਤਰ: ਆਤਮਾ-ਪਰਮਾਤਮਾ

(ਹ) ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਸਤਰ ਪੂਰੀ ਕਰੋ।

ਰਾਵਲ______________ਜੋੜ ਸੁਣਾਈ

ਵਿਸਰ ਗਿਊਮ ਘਰ ਬਰ ਵੇ। (ਬੀਨ, ਬੰਸੀ)

ਉੱਤਰ: ਬੰਸੀ।

(ਕ) ਕੋਇਲ, ਕੂੰਜ, ਮੋਰ ਵਰਗੀਆਂ ਮਿੱਠੀਆਂ ਅਵਾਜ਼ਾਂ ਸੁਣ ਕੇ ਬਿਰਹਣ ਨੂੰ ਕਿਉਂ ਦੁੱਖ ਹੁੰਦਾ ਹੈ?

ਉੱਤਰ: ਕਿਉਂਕਿ ਸਾਰੇ ਪੰਛੀ ਖ਼ੁਸ਼ ਹਨ।

(ਖ) ‘ਤੁਝ ਬਿਨ ਕਾਰੀ ਘਟਨ ਡਰਾਵੈ‘ ਵਿੱਚ ਕਿਸ ਡਰ ਦਾ ਜ਼ਿਕਰ ਹੈ?

ਉੱਤਰ: ਕਾਲ਼ੇ ਬੱਦਲ਼ਾਂ ਦੀਆਂ ਕਾਲ਼ੀਆਂ ਘਟਾਵਾਂ ਦਾ।

(ਗ) ਬਿਰਹਣ ਦੇ ਦੁੱਖਾਂ ਦੇ ਦਿਨ-ਰਾਤ ਕਦੋਂ ਖ਼ਤਮ ਹੁੰਦੇ ਹਨ?

ਉੱਤਰ: ਪ੍ਰੀਤਮ ਦਾ ਪਿਆਰ ਮਿਲ਼ਨ ਨਾਲ਼।

 

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਪੰਜਾਬੀ ਮਾਸਟਰ) ਸਸਸਸ ਕਾਹਮਾ ਜ਼ਿਲ੍ਹਾ ਸ਼.ਭ.ਸ.ਨਗਰ (ਸਟੇਟ ਅਵਾਰਡੀ) 9878583784

TAGGED:
Share This Article
Leave a Comment

Leave a Reply

Your email address will not be published. Required fields are marked *