3. ਪ੍ਰੋ. ਪੂਰਨ ਸਿੰਘ
ਪਾਠ-ਅਭਿਆਸ
1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
ਜੀਣ ਤੇਰੇ ਬਾਲ ਸਾਰੇ, ਮੁਸ-ਮੁਸ ਰੋਣ ਵਾਲ਼ੇ,
ਭਰੀਆਂ ਰਹਿਣ ਤੇਰੀਆਂ ਲੱਸੀ ਦੀਆਂ ਚਾਟੀਆਂ,
ਉੱਪਰ ਤਰਦੇ ਉਨ੍ਹਾਂ ’ਤੇ ਮੱਖਣਾਂ ਦੇ ਪਿੰਨੇ,
ਫਿਰਨ ਘੁੰਮ-ਘੁੰਮ, ਸਵੇਰ-ਸਾਰ, ਲਾਲ-ਲਾਲ ਮਧਾਣੀਆਂ,
ਦੁੱਧ-ਦਹੀਂ ਆਮ ਹੋਵੇ, ਠੰਢ-ਠੰਢ ਪਾਂਦੀਆਂ।
ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਪ੍ਰੋ. ਪੂਰਨ ਸਿੰਘ’ ਦੀ ਕਵਿਤਾ ‘ਦੇਸ ਨੂੰ ਅਸੀਸ ਸਾਡੀ ਗ਼ਰੀਬਾਂ ਦੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਆਪਣੇ ਦੇਸ ਪੰਜਾਬ ਨੂੰ ਪਿਆਰ ਕਰਦਾ ਹੋਇਆ ਅਸੀਸ ਦਿੰਦਾ ਹੈ।
ਵਿਆਖਿਆ: ਕਵੀ ਪੰਜਾਬ ਦੇਸ ਨੂੰ ਅਸੀਸ ਦਿੰਦਾ ਹੋਇਆ ਕਹਿੰਦਾ ਹੈ ਕਿ ਮੇਰੇ ਪਿਆਰੇ ਦੇਸ ਪੰਜਾਬ ਮੁਸ-ਮੁਸ ਕੇ ਰੋਣ ਵਾਲ਼ੇ ਤੇਰੇ ਬੱਚੇ ਸਦਾ ਜਿਊਂਦੇ ਰਹਿਣ। ਪੰਜਾਬ ਦੇ ਘਰਾਂ ਅੰਦਰ ਲੱਸੀ ਦੀਆਂ ਚਾਟੀਆਂ ਭਰੀਆਂ ਰਹਿਣ ਜਿਹਨਾਂ ਉੱਤੇ ਮੱਖਣ ਦੇ ਪਿੰਨੇ ਤਰਦੇ ਸਦਾ ਦਿਸਣ। ਅਸਿੱਧੇ ਰੂਪ ਵਿੱਚ ਕਵੀ ਪੰਜਾਬ ਦੇ ਘਰਾਂ ਅੰਦਰ ਪਾਲ਼ੇ ਗਏ ਪਸੂਆਂ ਅਤੇ ਉਹਨਾਂ ਤੋਂ ਆਉਣ ਵਾਲ਼ੀ ਬਰਕਤ ਦੀ ਗੱਲ ਕਰਦਾ ਹੈ। ਸਵੇਰ ਸਾਰ ਪੰਜਾਬ ਦੇ ਪਿੰਡਾਂ ਦੇ ਘਰਾਂ ਅੰਦਰ ਲਾਲ-ਲਾਲ ਮਧਾਣੀਆਂ ਦੀ ਘੁੰਮਦੀਆਂ ਰਹਿਣ। ਘਰਾਂ ਵਿੱਚ ਦੁੱਧ ਦਹੀਂ ਆਮ ਵਰਤਦਾ ਰਹੇ।
2. ‘ਦੇਸ ਨੂੰ ਅਸੀਸ ਸਾਡੀ ਗ਼ਰੀਬਾਂ ਦੀ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਕੇਂਦਰੀ ਭਾਵ: ਕਵੀ ਦੇ ਮਨੋਂ ਇਹੀ ਅਵਾਜ਼ ਨਿਕਲ਼ਦੀ ਹੈ ਕਿ ਉਸਦਾ ਦੇਸ ਪੰਜਾਬ ਅਤੇ ਪੰਜਾਬ ਵਸਣ ਵਾਲ਼ੇ ਪੰਜਾਬੀ ਹਮੇਸ਼ਾ ਖੁਸ਼ੀ ਹੱਸਦੇ-ਵੱਸਦੇ ਰਹਿਣ। ਪੰਜਾਬ ਦੇ ਰੁੱਖ, ਪੰਜਾਬ ਦੇ ਮਜਦੂਰ, ਰੁੱਤਾਂ, ਪਰਬਤ ਸਭ ਕੁਝ ਹਮੇਸ਼ਾ ਜਿਊਂਦੇ ਵੱਸਦੇ ਰਹਿਣ।
3. ਵਸਤੂਨਿਸ਼ਠ ਪ੍ਰਸ਼ਨ:
(ੳ) ‘ਦੇਸ ਨੂੰ ਅਸੀਸ ਸਾਡੀ ਗ਼ਰੀਬਾਂ ਦੀ‘ ਕਵਿਤਾ ਵਿੱਚ ਆਏ ਕਿਸੇ ਦੋ ਰੁੱਖਾਂ ਦੇ ਨਾਂ ਲਿਖੋ।
ਉੱਤਰ: ਪਿੱਪਲ ਅਤੇ ਅੰਬ।
(ਅ) ਲੱਸੀ ਦੀਆਂ ਚਾਟੀਆਂ ਉੱਪਰ ਕੀ ਤਰਦਾ ਹੈ?
ਉੱਤਰ: ਮੱਖਣ ਦੇ ਪਿੰਨੇ।
(ੲ) ਕਵੀ ਛੋਟੇ-ਛੋਟੇ ਹੱਥਾਂ ਨਾਲ਼ ਕੀ ਕਰਨ ਦੀ ਪ੍ਰੇਰਨਾ ਦਿੰਦਾ ਹੈ?
ਉੱਤਰ: ਵੱਡੇ-ਵੱਡੇ ਕੰਮ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784