7. ਨੈਸ਼ਨਲ ਮਕੂੰਮੀ ਪਾਰਕ (ਅਤਰਜੀਤ ਕੌਰ ਸੂਰੀ)
1. ਵਸਤੂਨਿਸ਼ਠ ਪ੍ਰਸ਼ਨ :
ਪ੍ਰਸ਼ਨ 1. ਤਨਜ਼ਾਨੀਆ ਦੀ ਰਾਜਧਾਨੀ ਦਾ ਨਾਂ ਦੱਸੋ।
ਉੱਤਰ: ਦਾਰ-ਅਸ-ਸਲਮ।
ਪ੍ਰਸ਼ਨ 2. ਮੋਰੋਗੋਰੋ ਤੋਂ ਮਕੂੰਮੀ ਨੈਸ਼ਨਲ ਪਾਰਕ ਕਿੰਨੀ ਦੂਰ ਹੈ?
ਉੱਤਰ: 130 ਕਿਲੋਮੀਟਰ।
ਪ੍ਰਸ਼ਨ 3. ਮਕੂੰਮੀ ਪਾਰਕ ਦੇਖਣ ਲਈ ਟਿਕਟ ਕਿੰਨੇ ਦੀ ਸੀ?
ਉੱਤਰ: 15 ਡਾਲਰ ਪ੍ਰਤਿ ਜੀਅ ਅਤੇ 5 ਡਾਲਰ ਪ੍ਰਤਿ ਬੱਚਾ।
ਪ੍ਰਸ਼ਨ 4. ਸੁੱ’ਤੇ ਹੋਏ ਸ਼ੇਰ ਅਤੇ ਸ਼ੇਰਨੀਆਂ ਦੀਆਂ ਫੋਟੋਆਂ ਕਿਸ ਨੇ ਖਿੱਚੀਆਂ?
ਉੱਤਰ: ਨਵਦੀਪ ਨੇ।
ਪ੍ਰਸ਼ਨ 5. ਅਫ਼ਰੀਕਾ ਦਾ ਕਿਹੜਾ ਜੰਗਲ਼ੀ ਜਾਨਵਰ ਵਿਸ਼ਵ ਭਰ ਵਿੱਚ ਵਧੇਰੇ ਰਿਸ਼ਟ–ਪੁਸ਼ਟ ’ਤੇ ਕੱਦਾਵਰ ਮੰਨਿਆ ਜਾਂਦਾ ਹੈ?
ਉੱਤਰ: ਅਫ਼ਰੀਕਾ ਦੇ ਜੰਗਲ਼ੀ ਹਾਥੀ।
ਪ੍ਰਸ਼ਨ 6. ਸ਼ੇਰ ਅਤੇ ਸ਼ੇਰਨੀ ਨੇ ਕਿਹੜੇ ਜਾਨਵਰ ਦਾ ਮਾਸ ਖਾਧਾ ਸੀ?
ਉੱਤਰ: ਜੰਗਲ਼ੀ ਗਾਂ ਦਾ।
ਪ੍ਰਸ਼ਨ 7. ਕੰਡਿਆਲੇ ਦਰਖ਼ਤਾਂ ਦੇ ਪੱਤਿਆਂ ਨੂੰ ਕਿਹੜਾ ਜਾਨਵਰ ਖਾ ਰਿਹਾ ਸੀ?
ਉੱਤਰ: ਜਿਰਾਫ਼।
ਪ੍ਰਸ਼ਨ 8. ਜਿਰਾਫ਼ ਇੱਕ ਦਿਨ ਵਿੱਚ ਕਿੰਨੀ ਹਰਿਆਵਲ ਖਾ ਜਾਂਦਾ ਹੈ?
ਉੱਤਰ: 75 ਕਿਲੋ।
ਪ੍ਰਸ਼ਨ 9. ਸੈਂਕੜੇ ਰੰਗ-ਬਰੰਗੀਆਂ ਚਿੜੀਆਂ ਕਿੱਥੇ ਬੈਠੀਆਂ ਸਨ?
ਉੱਤਰ: ਘਾਹ ਦੀਆਂ ਕਰੂੰਬਲਾਂ ਉੱਤੇ।
ਪ੍ਰਸ਼ਨ 10. ਨਹਾਉਣਾ ‘ਤੇ ਖਾਣਾ ਹੀ ਕਿਸ ਜਾਨਵਰ ਦਾ ਕੰਮ ਹੈ?
ਉੱਤਰ: ਦਰਿਆਈ ਘੋੜਾ।
ਪ੍ਰਸ਼ਨ 11. ਰੱਬ ਦੇ ਰੰਗ ਵਿੱਚ ਮਸਤ ਜੀਵ ਦੇਖ ਕੇ ਲੇਖਕਾ ਨੂੰ ਕਿਹੜੇ ਗੁਰੂ ਸਾਹਿਬ ਦੀ ਬਾਣੀ ਯਾਦ ਆਈ?
ਉੱਤਰ: ਗੁਰੂ ਨਾਨਕ ਸਾਹਿਬ ਦੀ।
2. ਦੱਸੋ :
ਪ੍ਰਸ਼ਨ 1. ਜ਼ੈਬਰਾ ਅਤੇ ਵਾਈਲਡ ਬੀਸਟ ਬਾਰੇ ਲੇਖਿਕਾ ਨੇ ਕਿਹੜੀ ਜਾਣਕਾਰੀ ਦਿੱਤੀ ਹੈ?
ਉੱਤਰ: ਨੈਸ਼ਨਲ ਮਕੂੰਮੀ ਪਾਰਕ ਦਾ ਚੱਕਰ ਲਗਾਉਣ ਲਈ ਜਦੋਂ ਲੇਖਿਕਾ ਸਾਥੀਆਂ ਨਾਲ਼ ਅੱਗੇ ਗਈ ਤਾਂ ਜ਼ੈਬਰੇ ’ਤੇ ਵਾਈਲਡ ਬੀਸਟ ਜੰਗਲ਼ੀ ਗਾਂਵਾਂ ਦੇ ਝੁੰਡ ਵਿਖਾਈ ਦਿੱਤੇ। ਜ਼ੈਬਰੇ ਤਾਂ ਉਹਨਾਂ ਨੂੰ ਵੇਖ ਕੇ ਉੱਥੇ ਹੀ ਖਲੋ ਗਏ ਪਰ ਵਾਈਲਡ ਬੀਸਟ ਇੱਕ ਡਰਪੋਕ ਜਾਨਵਰ ਹੋਣ ਕਾਰਨ ਓਪਰੇ ਲੋਕਾਂ ਨੂੰ ਵੇਖ ਕੇ ਭੱਜ ਉੱਠਦਾ ਹੈ। ਜ਼ੈਬਰਾ-ਗ੍ਰੋਹ ਦਾ ਮੁਖੀ ਬਾਕੀਆਂ ਨਾਲ਼ੋਂ ਵੱਖ ਹੋ ਕੇ ਸਾਰੀ ਸਥਿਤੀ ਨੂੰ ਭਾਂਪਦਾ ਹੈ। ਜੰਗਲ਼ੀ ਜੀਵ ਆਪਣੀ ਹੋਂਦ ਪ੍ਰਤਿ ਬੜੇ ਚੁਕੰਨੇ ਰਹਿੰਦੇ ਹਨ। ਇਹ ਜੰਗਲ਼ੀ ਜੀਵ ਬੜਾ ਸੁੰਦਰ ’ਤੇ ਤੰਦਰੁਸਤ ਹੁੰਦਾ ਹੈ । ਇਸ ਦੀਆਂ ਕਾਲ਼ੇ ਰੰਗ ਦੀਆਂ ਚੌੜੀਆਂ ਧਾਰੀਆਂ ਇਉਂ ਲੱਗਦੀਆਂ ਹਨ, ਜਿਵੇਂ ਕਿਸੇ ਚਿੱਤਰਕਾਰ ਨੇ ਫ਼ੀਤਾ ਰੱਖ ਕੇ ਬੜੀ ਨਿਪੁੰਨਤਾ ਨਾਲ਼ ਬਣਾਈਆਂ ਹੋਣ। ਜਦੋਂ ਉਹਨਾਂ ਨੂੰ ਸਾਡੇ ਵਰਗੇ ਸੈਲਾਨੀਆਂ ਨੂੰ ਵੇਖ ਕੇ ਅਹਿਸਾਸ ਹੋ ਜਾਂਦਾ ਹੈ ਤਾਂ ਉਹ ਉੱਥੇ ਹੀ ਇਤਮਿਨਾਨ ਨਾਲ਼ ਖਲੋ ਜਾਂਦੇ ਹਨ।
ਵਾਈਲਡ ਬੀਸਟ ਅਥਵਾ ਜੰਗਲ਼ੀ ਗਾਂ ਨਾਂ ਦਾ ਜਾਨਵਰ ਗੂੜ੍ਹੇ ਸਲੇਟੀ ਰੰਗ ਦਾ ਹੁੰਦਾ ਹੈ । ਉਸ ਦੀ ਧੌਣ ਅਤੇ ਸਾਰੇ ਜਿਸਮ ਉੱਤੇ ਕਾਲ਼ੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਗਰਦਨ ਉੱਤੇ ਥੋੜ੍ਹੇ ਵਾਲ ਅਤੇ ਸਿਰ ਉੱਤੇ ਸਿੰਗ ਹੁੰਦੇ ਹਨ। ਇਹ ਬੜਾ ਸੁਡੌਲ ’ਤੇ ਤੰਦਰੁਸਤ ਜੀਵ ਹੈ।
ਪ੍ਰਸ਼ਨ 2. ਹਰਨਾਂ ਦੀ ਡਾਰ ਵੇਖ ਕੇ ਲੇਖਿਕਾ ’ਤੇ ਸਾਥੀਆਂ ਨੇ ਕੀ ਮਹਿਸੂਸ ਕੀਤਾ?
ਉੱਤਰ: ਲੇਖਿਕਾ ’ਤੇ ਉਸ ਦੇ ਸਾਥੀ ਸਾਮ੍ਹਣੇ ਪਾਸਿਓਂ ਆਉਂਦੀ ਹਰਨਾਂ ਦੀ ਡਾਰ ਵੇਖ ਕੇ ਖਲੋ ਗਏ। ਘਾਹ ਦੇ ਮੈਦਾਨ ਉੱ’ਤੇ ਕੁਝ ਹਿਰਨ ਘਾਹ ਚਰਦੇ ਕੁਝ ਚੁੰਗੀਆਂ ਭਰਦੇ ਕਦੀ-ਕਦੀ ਉਹਨਾਂ ਵੱਲ ਵੀ ਮਸੂਮ ‘ਤੇ ਮਨਮੋਹਣੀਆਂ ਅੱਖਾਂ ਚੁੱਕ ਕੇ ਵੇਖ ਲੈਂਦੇ। ਉਹ ਇਹਨਾਂ ਮਲੂਕ ’ਤੇ ਨਿਮਾਣੇ ਜੀਵਾਂ ਨੂੰ ਨਿਹਾਰਦੇ ਪ੍ਰਸੰਨ-ਚਿੱਤ ਸਨ। ਉਹਨਾਂ ਦੇ ਬਦਾਮੀ ਰੰਗ ਦੇ ਮੁਲਾਇਮ ਜੁੱਸੇ ਉੱਤੇ ਗੂੜ੍ਹੀਆਂ ਨਸਵਾਰੀ ਰੰਗ ਦੀਆਂ ਧਾਰੀਆਂ ਉਹਨਾਂ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਸਨ। ਵੱਡੀਆ ਖ਼ੂਬਸੂਰਤ ਅੱਖਾਂ ਨਿੱਕੀਆਂ-ਨਿੱਕੀਆਂ ਪੂਛਾਂ ’ਤੇ ਪਤਲਾ ਫੁਰਤੀਲਾ ਜਿਸਮ ਇੱਕ ਵਿਲੱਖਣ ਨਜ਼ਾਰਾ ਸੀ। ਉਹ ਕਤਾਰ ਬਣਾ ਕੇ ਖੜ੍ਹਦੇ ਹਨ। ਚੁੰਗੀਆਂ ਵੀ ਭਰਦੇ ਹਨ ਤਾਂ ਸਾਰੇ ਇੱਕਠੇ। ਹਰਨੀਆਂ ਦੇ ਕੰਨ ਖੜ੍ਹੇ ਰਹਿੰਦੇ ਹਨ। ਹਰਨਾਂ ਦੇ ਸਿੰਗ ਹੁੰਦੇ ਹਨ। ਸ਼ੇਰਾਂ ’ਤੇ ਹੋਰ ਮਾਸਖੋਰੇ ਜਾਨਵਰਾਂ ਵਿੱਚ ਰਹਿਣ ਵਾਲ਼ਾ ਇਹ ਮਾਸੂਮ ਜੀਵ ਏਨਾ ਸੋਹਣਾ ਹੈ ਕਿ ਰੱਬ ਦੀ ਬਣਾਈ ਕਾਇਨਾਤ ਵੱਲ ਅਚੇਤ ਹੀ ਧਿਆਨ ਚਲਾ ਜਾਂਦਾ ਹੈ।
ਪ੍ਰਸ਼ਨ 3. ਮਕੂੰਮੀ ਨੈਸ਼ਨਲ ਪਾਰਕ ਦੀ ਭੂਗੋਲਿਕ ਸਥਿਤੀ ਬਾਰੇ ਸੰਖੇਪ ਨੋਟ ਲਿਖੋ।
ਉੱਤਰ: ਤਨਜ਼ਾਨੀਆ ਦੀ ਰਾਜਧਾਨੀ ਦਾਰ-ਅਸ-ਸਲਾਮ ਤੋਂ ਦੋ ਹਾਈਵੇ ਸੜਕਾਂ ਵੱਖ-ਵੱਖ ਦਿਸ਼ਾਵਾਂ ਵਿੱਚ ਜਾਂਦੀਆਂ ਹਨ। ਇੱਕ ਹਾਈਵੇ ਦਾਰ-ਅਸ-ਸਲਾਮ ਤੋਂ ਅਰੂਸ਼ਾਂ ਹੁੰਦੀ ਹੋਈ ਗੁਆਂਢੀ ਦੇਸ ਕੀਨੀਆ ਨੂੰ ਜਾਂਦੀ ਹੈ ’ਤੇ ਦੂਜੀ ਕੌਮੀ ਹਾਈਵੇ ਮੋਰੋਗੋਰੋ ਨਗਰ ’ਤੇ ਮਕੂੰਮੀ ਨੈਸ਼ਨਲ ਪਾਰਕ ਲੰਘ ਕੇ ਤਨਜ਼ਾਨੀਆ ਦੇ ਗੁਆਂਢੀ ਦੇਸ ਜ਼ਿੰਬਾਬਵੇ ਨੂੰ ਜਾਂਦੀ ਹੈ। ਮੋਰੋਗੋਰੋ ਤੋਂ ਮਕੂੰਮੀ ਨੈਸ਼ਨਲ ਪਾਰਕ 130 ਕਿਲੋਮੀਟਰ ਦੂਰ ਹੈ।
ਪ੍ਰਸ਼ਨ 4. ਸ਼ੇਰ ’ਤੇ ਸ਼ੇਰਨੀ ਦੇ ਮਾਸ ਖਾਣ ਵਾਲ਼ੀ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਲੇਖਿਕਾ ਅਤੇ ਉਸ ਦੇ ਸਾਥੀ ਸਾਰਿਆਂ ਦਾ ਧਿਆਨ ਬੱਬਰ ਸ਼ੇਰ ‘ਤੇ ਸ਼ੇਰਨੀ ਨੂੰ ਦੇਖਣ ਵੱਲ ਸੀ। ਅੰਗੜਾਈਆਂ ਲੈਣ ਪਿੱਛੋਂ ਸ਼ੇਰਨੀ ਹੌਲ਼ੀ-ਹੌਲ਼ੀ ਉੱਠੀ। ਲੰਮੀ ਉਬਾਸੀ ਲਈ ਫਿਰ ਉਹ ਚੁਕੰਨੀ ਹੋ ਕੇ ਉਹਨਾਂ ਨੂੰ ਵੇਖਣ ਲੱਗ ਪਈ। ਪਰ ਛੇਤੀ ਹੀ ਸ਼ੇਰਨੀ ਆਪਣੀ ਸ਼ਹਾਨਾ ਤੋਰ ਤੁਰਦੀ ਹੋਈ ਦਰਖ਼ਤ ਹੇਠ ਪਏ ਸ਼ਿਕਾਰ ਨੂੰ ਖਾਣ ਲਈ ਆਈ। ਏਧਰ-ਓਧਰ ਚੱਕਰ ਕੱਟ ਕੇ ਪਹਿਲਾਂ ਉਸ ਨੇ ਬੱਬਰ ਸ਼ੇਰ ਦੀ ਟੋਹ ਲਾਈ। ਉਸ ਵੱਲੋਂ ਨਿਸ਼ਚਿੰਤ ਹੋ ਕੇ ਅਜੇ ਉਸ ਨੇ ਸ਼ਿਕਾਰ ਨੂੰ ਮੂੰਹ ਲਾਇਆ ਹੀ ਸੀ ਕਿ ਘਾਹ ਵਿੱਚੋਂ ਉੱਠ ਕੇ ਸ਼ੇਰ ਦਹਾੜਦਾ ਹੋਇਆ ਉਸ ਵੱਲ ਆਇਆ। ਸ਼ੇਰਨੀ ਮਾਯੂਸ ਹੋ ਕੇ ਦੋ-ਤਿੰਨ ਗਜ਼ ਦੀ ਵਿੱਥ ਉੱਤੇ ਜਾ ਬੈਠੀ। ਹੁਣ ਸ਼ੇਰ ਦਾ ਮੂੰਹ ਉਹਨਾਂ ਵੱਲ ਸੀ। ਉਹ ਸ਼ਿਕਾਰ ਖਾਣ ਲੱਗਾ, ਵਿੱਚ-ਵਿੱਚ ਮੂੰਹ ਉੱਚਾ ਕਰਕੇ ਉਹਨਾਂ ਨੂੰ ਵੀ ਦੇਖ ਲੈਂਦਾ। ਉਹ ਹੈਰਾਨੀਜਨਕ ਹਾਲਤ ਵਿੱਚ ਉਸ ਨੂੰ ਮਾਸ ਖਾਂਦਿਆਂ ਵੇਖਣ ਲੱਗੇ। ਫੋਟੋਆਂ ਖਿੱਚੀਆਂ, ਵੀਡੀਓ ਲਈ ਪਰ ਨਾਲ਼ ਹੀ ਉਹਨਾਂ ਨੂੰ ਡਰ ਸੀ ਕਿ ਸ਼ੇਰ ਕਿਤੇ ਗ਼ੁੱਸਾ ਹੀ ਨਾ ਖਾ ਜਾਏ। ਉਹ ਕਿੰਨਾ ਚਿਰ ਬੱਬਰ ਸ਼ੇਰ ਨੂੰ ਮਾਸ ਖਾਂਦਿਆਂ ਵੇਖਦੇ ਰਹੇ। ਪਰ ਕੀ ਮਜਾਲ ਜੋ ਉਸ ਨੇ ਸ਼ੇਰਨੀ ਨੂੰ ਨੇੜੇ ਆਉਣ ਦਿੱਤਾ ਹੋਵੇ। ਬੱਬਰ ਸ਼ੇਰ ਆਪਣੀ ਸਰਦਾਰੀ ਜਿਤਾਉਣ ਲਈ ਇੱਕਲਾ ਹੀ ਸ਼ਿਕਾਰ ਖਾ ਰਿਹਾ ਸੀ। ਅੰਤ ਦੋਵੇਂ ਰੱਜ ਕੇ ਖਾਣ ਪਿੱਛੋਂ ਆਪਣੇ ਸ਼ਿਕਾਰ ਦੀ ਰਾਖੀ ਕਰਨ ਲੱਗ ਪਏ।
ਪ੍ਰਸ਼ਨ 5. ਅਫ਼ਰੀਕਾ ਦੇ ਜਿਰਾਫ਼ ਬਾਰੇ ਲੇਖਕਾ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਜਿਰਾਫ਼ ਦੀ ਨਸਲ ਕੇਵਲ ਅਫ਼ਰੀਕਾ ਦੇ ਜੰਗਲ਼ਾਂ ਵਿੱਚ ਹੀ ਵੇਖਣ ਨੂੰ ਮਿਲ਼ਦੀ ਹੈ ਕਿਉਂਕਿ ਅਕੇਸ਼ੀਆ ਨਾਂ ਦੇ ਕੰਡਿਆਲ਼ੇ ਬਿਰਖ ਕੇਵਲ ਇਸ ਇਲਾਕੇ ਵਿੱਚ ਹੀ ਉੱਗਦੇ ਹਨ। ਇਸ ਲਈ ਜਿਰਾਫ਼ ਵੀ ਦੁਨੀਆ ਦੇ ਇਸ ਖਿੱਤੇ ਦੀ ਪੈਦਾਇਸ਼ ਹੈ। ਇਹ ਜਾਨਵਰ ਏਨਾ ਪੇਟੂ ਹੈ ਕਿ ਇੱਕ ਦਿਨ ਵਿੱਚ ਤਕਰੀਬਨ 75 ਕਿਲੋ ਹਰਿਆਵਲ ਖਾ ਜਾਂਦਾ ਹੈ। ਜਿੰਨੀ ਛੇਤੀ ਇਹ ਦਰਖ਼ਤ ਰੁੰਡ-ਮਰੁੰਡ ਕਰਦੇ ਹਨ, ਓਨੀ ਛੇਤੀ ਹੀ ਇਹ ਮੁੜ ਹਰੇ ਹੋ ਜਾਂਦੇ ਹਨ। ਇਹਨਾਂ ਦੀਆਂ ਲੰਮੀਆਂ ਗਰਦਨਾਂ ’ਤੇ ਨਿੱਕਾ ਜਿਹਾ ਮੂੰਹ ਇਹਨਾਂ ਨੂੰ ਦਰਖ਼ਤ ਦੀਆਂ ਉਪਰਲੀਆਂ ਟਾਹਣੀਆਂ ਤੱਕ ਪਹੁੰਚਣ ਵਿੱਚ ਸਹਾਈ ਹੁੰਦਾ ਹੈ। ਜਿਰਾਫ਼ ਦੇ ਨਿੱਕੇ-ਨਿੱਕੇ ਕੰਨ, ਗੂੜ੍ਹੇ ਨਸਵਾਰੀ ਰੰਗ ਦੇ ਸਾਰੇ ਸਰੀਰ ਉੱਤੇ ਧੱਬੇ, ਹਲਕਾ ਕਿਰਮਚੀ ਰੰਗ, ਲੰਮੀਆਂ-ਲੰਮੀਆਂ ਲੱਤਾਂ-ਇਹ ਅਜਬ ਕਿਸਮ ਦਾ ਭੋਲ਼ਾ-ਭਾਲ਼ਾ ’ਤੇ ਸੁੰਦਰ ਜੰਗਲ਼ੀ ਜੀਵ ਆਪਣੇ ਹਾਲ ਵਿੱਚ ਮਸਤ ਰਹਿੰਦਾ ਹੈ। ਜਿੱਥੇ ਇਸ ਨੂੰ ਖ਼ੁਰਾਕ ਮਿਲ਼ੇ, ਉੱਥੇ ਹੀ ਇਸ ਦਾ ਬਸੇਰਾ ਹੈ। ਖੂੰਖ਼ਾਰ ਜੀਵਾਂ ਤੋਂ ਇਹ ਬੜਾ ਡਰਦਾ ਹੈ। ਆਪਣੇ ਬੱਚਿਆਂ ਨੂੰ ਵੀ ਉਹਨਾਂ ਤੋਂ ਸਾਵਧਾਨ ਰੱਖਦਾ ਹੈ।
3. ਸਾਰ
ਪ੍ਰਸ਼ਨ: ‘ਨੈਸ਼ਨਲ ਮਕੂੰਮੀ ਪਾਰਕ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਤਨਜ਼ਾਨੀਆ ਦੀ ਰਾਜਧਾਨੀ ਦਾਰ-ਅਸ-ਸਲਾਮ ਤੋਂ ਦੋ ਹਾਈਵੇ ਸੜਕਾਂ ਵੱਖ-ਵੱਖ ਦਿਸ਼ਾਵਾਂ ਵਿੱਚ ਜਾਂਦੀਆਂ ਹਨ। ਇੱਕ ਹਾਈਵੇ ਦਾਰ-ਅਸ-ਸਲਾਮ ਤੋਂ ਅਰੂਸ਼ਾਂ ਹੁੰਦੀ ਹੋਈ ਗੁਆਂਢੀ ਦੇਸ ਕੀਨੀਆ ਨੂੰ ਜਾਂਦੀ ਹੈ ’ਤੇ ਦੂਜੀ ਕੌਮੀ ਹਾਈਵੇ ਮੋਰੋਗੋਰੋ ਨਗਰ ’ਤੇ ਮਕੂੰਮੀ ਨੈਸ਼ਨਲ ਪਾਰਕ ਲੰਘ ਕੇ ਤਨਜ਼ਾਨੀਆ ਦੇ ਗੁਆਂਢੀ ਦੇਸ ਜ਼ਿੰਬਾਬਵੇ ਨੂੰ ਜਾਂਦੀ ਹੈ। ਲੇਖਿਕਾ ਅਤੇ ਉਸ ਦੇ ਸਾਥੀਆਂ ਨੇ ਇੱਕ ਗੁਜਰਾਤੀ ਹੋਟਲ ਵਿੱਚ ਜਾ ਮੁਕਾਮ ਕੀਤਾ। ਦੁਪਹਿਰ ਦਾ ਭੋਜਨ ਕਰਨ ਉਪਰੰਤ ਉਹਨਾਂ ਨੇ ਮਕੂੰਮੀ ਲਈ ਚਾਲੇ ਪਾ ਦਿੱਤੇ। ਮੋਰੋਗੋਰੋ ਤੋਂ ਮਕੂੰਮੀ ਨੈਸ਼ਨਲ ਪਾਰਕ 130 ਕਿਲੋਮੀਟਰ ਦੂਰ ਹੈ।
ਵਾਈਲਡ ਲਾਈਫ਼ ਇਲਾਕਾ ਹੋਣ ਕਾਰਨ ਇੱਥੇ ਕੋਈ ਵੀ ਵਾਹਨ 20 ਕਿਲੋਮੀਟਰ ਦੀ ਰਫ਼ਤਾਰ ਤੋਂ ਤੇਜ਼ ਚਲਾਉਣ ਦੀ ਮਨਾਹੀ ਹੈ। ਸੱਜੇ ਪਾਸੇ ਸੈਂਕੜੇ ਹਰਨਾਂ ਦਾ ਝੁੰਡ ਘਾਹ ਚਰਦਾ ਵਿਖਾਈ ਦਿੱਤਾ। ਫਿਰ ਖੱਬੇ ਪਾਸੇ ਅਨੇਕਾਂ ਜ਼ੈਬਰੇ ਮਨ ਦੀ ਮੌਜ ਵਿੱਚ ਇੱਧਰ-ਉੱਧਰ ਘੁੰਮਦੇ ਵਿਖਾਈ ਦਿੱਤੇ। ਇਹ ਜੰਗਲ਼ੀ ਜੀਵ ਬੜਾ ਸੁੰਦਰ ’ਤੇ ਤੰਦਰੁਸਤ ਹੁੰਦਾ ਹੈ। ਇਸ ਦੀਆਂ ਕਾਲ਼ੇ ਰੰਗ ਦੀਆਂ ਚੌੜੀਆਂ ਧਾਰੀਆਂ ਇਉਂ ਲੱਗਦੀਆਂ ਹਨ, ਜਿਵੇਂ ਕਿਸੇ ਚਿੱਤਰਕਾਰ ਨੇ ਫ਼ੀਤਾ ਰੱਖ ਕੇ ਬੜੀ ਨਿਪੁੰਨਤਾ ਨਾਲ਼ ਬਣਾਈਆਂ ਹੋਣ। ਰਤਾ ਅੱਗੇ ਗਏ ਤਾਂ ਜੰਗਲ਼ੀ ਹਾਥੀਆਂ ਦਾ ਝੁੰਡ ਦਿਖਾਈ ਦਿੱਤਾ। ਪੰਦਰਾਂ ਡਾਲਰ ਪ੍ਰਤੀ ਜੀਅ ’ਤੇ ਪੰਜ ਡਾਲਰ ਪ੍ਰਤੀ ਬੱਚਾ। ਕੁੱਲ ਸੌ ਡਾਲਰ ਦੀਆਂ ਟਿਕਟਾਂ ਲੈ ਕੇ ਉਹ ਮਕੂੰਮੀ ਨੈਸ਼ਨਲ ਪਾਰਕ ਦਾ ਫਾਟਕ ਲੰਘੇ।
ਮਕੂੰਮੀ ਨੈਸ਼ਨਲ ਪਾਰਕ ਦੇ ਅੰਦਰ ਜਾਣ ਲਈ ਕੱਚੀਆਂ ਸੜਕਾਂ ਹਨ। ਸੜਕ ਦੇ ਸੱਜੇ ਹੱਥ ਬੇਸ਼ੁਮਾਰ ਜ਼ੈਬਰੇ ਇੱਕਠੇ ਖੜ੍ਹੇ ਵਿਖਾਈ ਦਿੱਤੇ। ਸੜਕ ਦੇ ਸੱਜੇ ਪਾਸੇ ਘਾਹ ਵਿੱਚ ਇੱਕ ਸ਼ੇਰਨੀ ਘੂਕ ਸੁੱਤੀ ਪਈ ਵੇਖੀ। ਸਾਡੇ ਸਾਹ ਸੁੱਕ ਗਏ। ਉਤਸੁਕਤਾ ਵਿੱਚ ਅਸੀਂ ਆਸੇ-ਪਾਸੇ ਵੇਖਣ ਲੱਗੇ। ਕੁਝ ਕਦਮਾਂ ਦੀ ਵਿੱਥ ਉੱਤੇ ਦਰਖ਼ਤ ਹੇਠ ਇੱਕ ਜਾਨਵਰ ਅੱਧਾ ਕੁ ਖਾਧਾ ਹੋਇਆ ਪਿਆ ਸੀ। ਉਸ ਤੋਂ ਰਤਾ ਪਰੇ ਇੱਕ ਬੱਬਰ ਸ਼ੇਰ ਘਾਹ ਵਿੱਚ ਲੇਟਿਆ ਵਿਖਾਈ ਦਿੱਤਾ। ਉਸ ਦਾ ਕੇਵਲ ਮੂੰਹ ਹੀ ਦਿਖਾਈ ਦੇ ਰਿਹਾ ਸੀ।
ਪਾਰਕ ਦਾ ਚੱਕਰ ਲਾਉਣ ਲਈ ਅੱਗੇ ਗਏ ਤਾਂ ਜ਼ੈਬਰੇ ’ਤੇ ਵਾਈਲਡ ਬੀਸਟ ਜੰਗਲ਼ੀ ਗਾਂਵਾਂ ਦੇ ਝੁੰਡ ਵਿਖਾਈ ਦਿੱਤੇ । ਜ਼ੈਬਰੇ ਤਾਂ ਉਹਨਾਂ ਨੂੰ ਵੇਖ ਕੇ ਉੱਥੇ ਹੀ ਖਲੋ ਗਏ ਪਰ ਵਾਈਲਡ ਬੀਸਟ ਇੱਕ ਡਰਪੋਕ ਜਾਨਵਰ ਹੋਣ ਕਾਰਨ ਓਪਰੇ ਲੋਕਾਂ ਨੂੰ ਵੇਖ ਕੇ ਭੱਜ ਉੱਠਦਾ ਹੈ। ਜ਼ੈਬਰਾ-ਗ੍ਰੋਹ ਦਾ ਮੁਖੀ ਬਾਕੀਆਂ ਨਾਲ਼ੋਂ ਵੱਖ ਹੋ ਕੇ ਸਾਰੀ ਸਥਿਤੀ ਨੂੰ ਭਾਂਪਦਾ ਹੈ। ਵਾਈਲਡ ਬੀਸਟ ਅਥਵਾ ਜੰਗਲ਼ੀ ਗਾਂ ਨਾਂ ਦਾ ਜਾਨਵਰ ਗੂੜ੍ਹੇ ਸਲੇਟੀ ਰੰਗ ਦਾ ਹੁੰਦਾ ਹੈ । ਉਸ ਦੀ ਧੌਣ ਅਤੇ ਸਾਰੇ ਜਿਸਮ ਉੱਤੇ ਕਾਲ਼ੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਗਰਦਨ ਉੱਤੇ ਥੋੜ੍ਹੇ ਵਾਲ਼ ਅਤੇ ਸਿਰ ਉੱਤੇ ਸਿੰਗ ਹੁੰਦੇ ਹਨ। ਇਹ ਬੜਾ ਸੁਡੌਲ ’ਤੇ ਤੰਦਰੁਸਤ ਜੀਵ ਹੈ।
ਮਕੂੰਮੀ ਨੈਸ਼ਨਲ ਪਾਰਕ ਕੋਈ ਸੰਘਣਾ ਜੰਗਲ਼ ਨਹੀਂ । ਇਹ ਸਾਰਾ ਮੈਦਾਨੀ ਇਲਾਕਾ ਹੈ । ਦੂਰ ਪਿੱਛੇ ਪਰਬਤੀ ਚੋਟੀਆਂ ਵਿਖਾਈ ਦੇਂਦੀਆਂ ਹਨ। ਸੈਂਕੜੇ ਮੀਲਾਂ ਵਿੱਚ ਫੈਲਿਆ ਇਹ ਸਫ਼ਾਰੀ ਪਾਰਕ ਤਨਜ਼ਾਨੀਆ ਦਾ ਇੱਕ ਦਰਮਿਆਨਾ ਜਿਹਾ ਕੌਮੀ ਨੈਸ਼ਨਲ ਪਾਰਕ ਹੈ। ਸਾਰੇ ਪਾਸੇ ਘਾਹ ਦੇ ਮੈਦਾਨ ’ਤੇ ਟਾਂਵੇਂ-ਟਾਂਵੇਂ ਬਿਰਖ ਹਨ। ਕਿਤੇ ਘਾਹ ਛੋਟਾ ਹੈ ’ਤੇ ਕਿਤੇ ਪੰਜ ਫ਼ੁੱਟ ਤੱਕ ਉੱਚਾ। ਵੱਡਾ ਘਾਹ ਹਾਥੀ ਖਾਂਦੇ ਹਨ। ਉਹਨਾਂ ਪਿੱਛੋਂ ਬਾਕੀ ਛੋਟੇ ਜੀਵ ਜੈਬਰੇ, ਗਾਂਵਾਂ, ਹਰਨ ਆਦਿ ਆਪਣੀ ਉਦਰ-ਪੂਰਤੀ ਕਰਦੇ ਹਨ।
ਸਾਰਿਆਂ ਦਾ ਧਿਆਨ ਇੱਕ ਵਾਰੀ ਫਿਰ ਬੱਬਰ ਸ਼ੇਰ ’ਤੇ ਸ਼ੇਰਨੀ ਨੂੰ ਦੇਖਣ ਵੱਲ ਸੀ। ਉਹ ਫਿਰ ਉੱਥੇ ਹੀ ਵਾਪਸ ਪਹੁੰਚ ਗਏ ਕਾਰ ਰੋਕੀ, ਕੀ ਦੇਖਦੇ ਹਨ ਕਿ ਸ਼ੇਰਨੀ ਜਾਗ ਚੁੱਕੀ ਹੈ। ਅੰਗੜਾਈਆਂ ਲੈਣ ਪਿੱਛੋਂ ਉਹ ਹੌਲ਼ੀ-ਹੌਲ਼ੀ ਉੱਠੀ। ਲੰਮੀ ਉਬਾਸੀ ਲਈ ਫਿਰ ਉਹ ਚੁਕੰਨੀ ਹੋ ਕੇ ਸਾਨੂੰ ਵੇਖਣ ਲੱਗ ਪਈ। ਉਹ ਬੰਦ ਵੈਨ ਵਿੱਚ ਹੀ ਆਪਣੇ ਕੈਮਰੇ ਸੰਭਾਲ਼ੀ ਸੁਚੇਤ ਹੋ ਗਏ। ਪਰ ਹੁਣ ਸ਼ੇਰਨੀ ਆਪਣੀ ਸ਼ਹਾਨਾ ਤੋਰ ਤੁਰਦੀ ਹੋਈ ਦਰਖ਼ਤ ਹੇਠ ਪਏ ਸ਼ਿਕਾਰ ਨੂੰ ਖਾਣ ਲਈ ਆਈ। ਏਧਰ-ਓਧਰ ਚੱਕਰ ਕੱਟ ਕੇ ਪਹਿਲਾਂ ਉਸ ਨੇ ਬੱਬਰ ਸ਼ੇਰ ਦੀ ਟੋਹ ਲਾਈ। ਉਸ ਵੱਲੋਂ ਨਿਸ਼ਚਿੰਤ ਹੋ ਕੇ ਅਜੇ ਉਸ ਨੇ ਸ਼ਿਕਾਰ ਨੂੰ ਮੂੰਹ ਲਾਇਆ ਹੀ ਸੀ ਕਿ ਘਾਹ ਵਿੱਚੋਂ ਉੱਠ ਕੇ ਸ਼ੇਰ ਦਹਾੜਦਾ ਹੋਇਆ ਉਸ ਵੱਲ ਆਇਆ। ਸ਼ੇਰਨੀ ਮਾਯੂਸ ਹੋ ਕੇ ਦੋ-ਤਿੰਨ ਗਜ਼ ਦੀ ਵਿੱਥ ਉੱਤੇ ਜਾ ਬੈਠੀ।
ਬੱਬਰ ਸ਼ੇਰ ਆਪਣੀ ਸਰਦਾਰੀ ਜਿਤਾਉਣ ਲਈ ਇੱਕਲਾ ਹੀ ਸ਼ਿਕਾਰ ਖਾ ਰਿਹਾ ਸੀ। ਦੋਵੇਂ ਜੀਅ ਰੱਜ ਕੇ ਖਾਣ ਪਿੱਛੋਂ ਬਾਕੀ ਬਚੇ ਮਾਸ ਦੀ ਰਖਵਾਲ਼ੀ ਕਰ ਰਹੇ ਸਨ। ਦਰਖ਼ਤਾਂ ਉੱਤੇ ਬੈਠੀਆਂ ਗਿਰਝਾਂ ਕਰੰਗ ਫ਼ਰੋਲਣ ਦੀ ਉਡੀਕ ਵਿੱਚ ਸਨ ਕਿ ਕਦੋਂ ਉਹ ਦੋਵੇਂ ਉੱਥੋਂ ਜਾਣ ’ਤੇ ਕਦੋਂ ਉਹ ਰਹਿੰਦ-ਖੂੰਹਦ ਸਾਂਭਣ। ਸ਼ਾਮ ਹੋ ਰਹੀਂ ਸੀ। ਸੂਰਜ ਪਰਬਤ ਓਹਲੇ ਛਿਪ ਰਿਹਾ ਸੀ। ਸਾਢੇ ਛੇ ਵਜੇ ਪਾਰਕ ਬੰਦ ਹੋ ਜਾਂਦਾ ਹੈ। ਇਸ ਲਈ ਸਵੇਰੇ ਫਿਰ ਆਉਣ ਲਈ ਉਹ ਵਾਪਸ ਮੋਰੋਗੋਰੋ ਨਗਰ ਲਈ ਰਵਾਨਾ ਹੋਏ।
ਅਗਲੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਮੋਰੋਗੋਰੇ ਹੋਟਲ ਤੋਂ ਮਕੂੰਮੀ ਨੈਸ਼ਨਲ ਪਾਰਕ ਲਈ ਚੱਲੇ। ਹਾਈਵੇ ਦੀ ਸੜਕ ਖ਼ਾਲੀ ਸੀ। ਵੈਨ ਦੀ ਰਫ਼ਤਾਰ ਤੇਜ਼ ਸੀ ਪਰ ਜਿਉਂ ਹੀ ਅਸੀਂ ਮਕੂੰਮੀ ਪਾਰਕ ਦੇ ਬਾਹਰਲੇ ਘੇਰੇ ਵਿੱਚ ਪ੍ਰਵੇਸ਼ ਕੀਤਾ ਤਾਂ ਸੜਕ ਦੇ ਇੱਕ ਪਾਸੇ ਅਣਗਿਣਤ ਜੈਬਰੇ ਵਿਖਾਈ ਦਿੱਤੇ। ਥੋੜ੍ਹਾ ਅੱਗੇ ਜਾ ਕੇ ਡ੍ਰਾਈਵਰ ਨੇ ਕਾਰ ਰੋਕੀ। ਕੀ ਵੇਖਦੇ ਹਾਂ ਕਿ ਖੱਬੇ ਹੱਥ ਸੜਕ ਦੇ ਨੇੜੇ ਦਰਜਨਾਂ ਜਿਰਾਫ਼ ਖੜ੍ਹੇ ਹਨ। ਪਹਿਲੇ ਦਿਨ ਕੇਵਲ ਇੱਕ ਹੀ ਜਿਰਾਫ਼ ਦੂਰੋਂ ਵਿਖਾਈ ਦਿੱਤਾ ਪਰ ਦੂਜੇ ਦਿਨ ਅਚਾਨਕ ਏਨੇ ਸਾਰੇ ਜਿਰਾਫ਼ ਇੱਕਠੇ ਵੇਖੇ ਪਰ ਉਹਨਾਂ ਨੂੰ ਸੰਸਾ ਸੀ ਕਿ ਪੈਂਤੀ ਸੌ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਇਹ ਪਾਰਕ ’ਤੇ ਪਤਾ ਨਹੀਂ ਸੜਕ ਉੱਤੋਂ ਲੰਘਦਿਆਂ ਕੋਈ ਜਿਰਾਫ਼ ਵਿਖਾਈ ਦੇਵੇ ਜਾਂ ਨਾ।
ਜਿਰਾਫ਼ ਦੀ ਨਸਲ ਕੇਵਲ ਅਫ਼ਰੀਕਾ ਦੇ ਜੰਗਲ਼ਾਂ ਵਿੱਚ ਹੀ ਵੇਖਣ ਨੂੰ ਮਿਲ਼ਦੀ ਹੈ ਕਿਉਂਕਿ ਅਕੇਸ਼ੀਆ ਨਾਂ ਦੇ ਕੰਡਿਆਲ਼ੇ ਬਿਰਖ ਕੇਵਲ ਇਸ ਇਲਾਕੇ ਵਿੱਚ ਹੀ ਉੱਗਦੇ ਹਨ। ਇਸ ਲਈ ਜਿਰਾਫ਼ ਵੀ ਦੁਨੀਆ ਦੇ ਇਸ ਖਿੱਤੇ ਦੀ ਪੈਦਾਇਸ਼ ਹੈ। ਇਹ ਜਾਨਵਰ ਏਨਾ ਪੇਟੂ ਹੈ ਕਿ ਇੱਕ ਦਿਨ ਵਿੱਚ ਤਕਰੀਬਨ 75 ਕਿਲੋ ਹਰਿਆਵਲ ਖਾ ਜਾਂਦਾ ਹੈ। ਜਿੰਨੀ ਛੇਤੀ ਇਹ ਦਰਖ਼ਤ ਰੁੰਡ-ਮਰੁੰਡ ਕਰਦੇ ਹਨ, ਓਨੀ ਛੇਤੀ ਹੀ ਇਹ ਮੁੜ ਹਰੇ ਹੋ ਜਾਂਦੇ ਹਨ। ਇਹਨਾਂ ਦੀਆਂ ਲੰਮੀਆਂ ਗਰਦਨਾਂ ’ਤੇ ਨਿੱਕਾ ਜਿਹਾ ਮੂੰਹ ਇਹਨਾਂ ਨੂੰ ਦਰਖ਼ਤ ਦੀਆਂ ਉਪਰਲੀਆਂ ਟਾਹਣੀਆਂ ਤੱਕ ਪਹੁੰਚਣ ਵਿੱਚ ਸਹਾਈ ਹੁੰਦਾ ਹੈ, ਜਿਰਾਫ਼ ਦੇ ਨਿੱਕੇ-ਨਿੱਕੇ ਕੰਨ, ਗੂੜ੍ਹੇ ਨਸਵਾਰੀ ਰੰਗ ਦੇ ਸਾਰੇ ਸਰੀਰ ਉੱ’ਤੇ ਧੱਬੇ, ਹਲਕਾ ਕਿਰਮਚੀ ਰੰਗ, ਲੰਮੀਆਂ-ਲੰਮੀਆਂ ਲੱਤਾਂ-ਇਹ ਅਜਬ ਕਿਸਮ ਦਾ ਭੋਲ਼ਾ–ਭਾਲ਼ਾ ’ਤੇ ਸੁੰਦਰ ਜੰਗਲ਼ੀ ਜੀਵ ਆਪਣੇ ਹਾਲ ਵਿੱਚ ਮਸਤ ਰਹਿੰਦਾ ਹੈ। ਜਿੱਥੇ ਇਸ ਨੂੰ ਖ਼ੁਰਾਕ ਮਿਲ਼ੇ, ਉੱਥੇ ਹੀ ਇਸ ਦਾ ਬਸੇਰਾ ਹੈ। ਖੂੰਖ਼ਾਰ ਜੀਵਾਂ ਤੋਂ ਇਹ ਬੜਾ ਡਰਦਾ ਹੈ। ਆਪਣੇ ਬੱਚਿਆਂ ਨੂੰ ਵੀ ਉਹਨਾਂ ਤੋਂ ਸਾਵਧਾਨ ਰੱਖਦਾ ਹੈ।
ਥੋੜ੍ਹਾ ਅੱਗੇ ਗਏ ਤਾਂ ਸੱਜੇ ਹੱਥ ਇੱਕ ਵੱਡਾ ਹਾਥੀ ਸੜਕ ਦੇ ਨੇੜੇ ਖੜ੍ਹਾ ਸੀ। ਪਹਿਲੇ ਦਿਨ ਜੋ ਕੁਝ ਦੂਰੋਂ ਦਿਸਿਆ ਸੀ, ਅਗਲੇ ਦਿਨ ਪਾਰਕ ਦੇ ਬਾਹਰਵਾਰ ਹੀ ਦਿਸ ਪਿਆ। ਇਸ ਦੇ ਵੱਡੇ-ਵੱਡੇ ਦੰਦ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਸਨ। ਅਫ਼ਰੀਕਾ ਦੇ ਹਾਥੀ ਭਾਰਤ ਦੇ ਹਾਥੀਆਂ ਨਾਲ਼ੋਂ ਵਧੇਰੇ ਤੰਦਰੁਸਤ ’ਤੇ ਕੱਦਾਵਰ ਹੁੰਦੇ ਹਨ। ਇਹਨਾਂ ਦੀ ਬੜੀ ਵੱਡੀ ਗਿਣਤੀ ਹੋਣ ਕਾਰਨ ਹਾਥੀ-ਦੰਦ ਬਾਹਰਲੇ ਮੁਲਕਾਂ ਨੂੰ ਬਰਾਮਦ ਕੀਤਾ ਜਾਂਦਾ ਹੈ।
ਜ਼ੈਬਰਾ ’ਤੇ ਜੰਗਲ਼ੀ ਗਾਂਵਾਂ ਦੀ ਹਰ ਪਾਸੇ ਭਰਮਾਰ ਸੀ ਪਰ ਸਾਡਾ ਧਿਆਨ ਕੱਲ੍ਹ ਵਾਲ਼ੀ ਜਗ੍ਹਾ ਉੱ’ਤ ਕੇਂਦਰਿਤ ਸੀ ਜਿੱਥੇ ਉਹਨਾਂ ਨੇ ਸ਼ੇਰ ’ਤੇ ਸ਼ੇਰਨੀ ਦਾ ਜੋੜਾ ਵੇਖਿਆ ਸੀ। ਭਾਵੇਂ ਉਹਨਾਂ ਨੂੰ ਪਤਾ ਸੀ ਕਿ ਜੰਗਲ਼ੀ ਜੀਵ ਸਾਰਾ ਵਕਤ ਇੱਕੋ ਥਾਂ ਨਹੀਂ ਬੈਠੇ ਰਹਿੰਦੇ ਫਿਰ ਵੀ ਉਹਨਾਂ ਦੀ ਉਤਸੁਕਤਾ ਉੱਥੇ ਲੈ ਗਈ । ਇੱਕ ਗਿਰਝ ਕਰੰਗ ਫਰੋਲ ਰਹੀ ਸੀ । ਬਾਕੀ ਗਿਰਝਾਂ ਉੱਥੋਂ ਉੱਡ ਚੁੱਕੀਆਂ ਸਨ ਪਰ ਪਿੰਜਰ ਦਾ ਜੋ ਹਾਲ ਅਸੀਂ ਵੇਖਿਆ, ਉੱਥੇ ਜੰਗਲ਼ੀ ਗਾਂ ਦੀਆਂ ਦੋ-ਤਿੰਨ ਹੱਡੀਆਂ ਤੋਂ ਸਿਵਾ ਕੁਝ ਵੀ ਨਹੀਂ ਸੀ।
ਅੱਗੇ ਜਾਂਦਿਆਂ ਸੜਕ ਦੇ ਦੋਵੇਂ ਪਾਸੇ ਸੈਂਕੜੇ ਜ਼ੈਬਰੇ, ਜੰਗਲ਼ੀ ਗਾਂਵਾਂ ‘ਤੇ ਹਰਨਾਂ ਦੀਆਂ ਡਾਰਾਂ ਧੁੱਪੇ ਬਾਹਰ ਨਿਕਲੀਆਂ ਸਨ। ਦੂਰ-ਦੂਰ ਤੱਕ ਇਹ ਜੀਵ-ਜੰਤੂ ਇੱਧਰ-ਉੱਧਰ ਘੁੰਮ ਰਹੇ ਸਨ। ਘਾਹ ਦੀਆਂ ਕਰੂੰਬਲਾਂ ਉੱਤੇ ਰੰਗ-ਬਰੰਗੀਆਂ ਸੈਂਕੜੇ ਚਿੜੀਆਂ ਬੈਠੀਆਂ ਸਨ। ਕਿਤੇ ਘਾਹ ਉੱਤੇ ਚਹਿਲ-ਕਦਮੀ ਕਰ ਰਹੇ ਸੁੰਦਰ ਪੰਛੀ, ਕਿਤੇ ਜੰਗਲ਼ੀ ਬਾਂਦਰਾਂ ਦੇ ਝੁੰਡ ਮਨ ਦੀ ਮੌਜ ਵਿੱਚ ਇੱਧਰ-ਉੱਧਰ ਛਲ਼ਾਂਗਾਂ ਮਾਰਦੇ, ਇੱਕ ਦਰਖ਼ਤ ਤੋਂ ਦੂਜੇ ਵੱਲ ਜਾਂਦੇ, ਮਸਤੀ ਦੇ ਮੂਡ ਵਿੱਚ ਸਨ।
ਉਹਨਾਂ ਨੇ ਵੇਖਿਆ ਕਿ ਸ਼ੇਰਾਂ ਤੋਂ ਕੁਝ ਗਜ਼ ਦੀ ਦੂਰੀ ਉੱਤੇ ਸੈਂਕੜੇ ਜੀਵ ਬੇਫ਼ਿਕਰ ਹੋ ਕੇ ਘੁੰਮ ਰਹੇ ਸਨ। ਥੋੜ੍ਹਾ ਪਰੇ ਜੈਬਰਾ ’ਤੇ ਜੰਗਲ਼ੀ ਗਾਂਵਾਂ ਸੈਂਕੜਿਆਂ ਦੀ ਗਿਣਤੀ ਵਿੱਚ ਖੜ੍ਹੀਆਂ ਸਨ। ਸੂਰਜ ਦੀਆਂ ਸੁਨਹਿਰੀ ਰਿਸ਼ਮਾਂ ਉਹਨਾਂ ਦੇ ਆਕਰਸ਼ਣ ਵਿੱਚ ਵਾਧਾ ਕਰ ਰਹੀਆਂ ਸਨ। ਸਭਨਾਂ ਤੋਂ ਵੱਖ ਇੱਕ ਜੰਗਲ਼ੀ ਗਾਂ ਇੱਕਲੀ ਖੜ੍ਹੀ ਸੀ। ਉਹ ਡਰੀ-ਸਹਿਮੀ ਲਗਾਤਾਰ ਉਹਨਾਂ ਵੱਲ ਵੇਖ ਰਹੀ ਸੀ। ਉਸ ਨੂੰ ਦੇਖ ਕੇ ਇਉਂ ਲੱਗਾ, ਜਿਵੇਂ ਉਸ ਦੇ ਸੰਗੀ-ਸਾਥੀਆਂ ਨੇ ਫ਼ੈਸਲਾ ਕਰ ਕੇ ਉਸ ਨੂੰ ਸ਼ੇਰਾਂ ਦਾ ਭੋਜਨ ਬਣਨ ਲਈ ਭੇਜ ਦਿੱਤਾ ਸੀ। ਸ਼ਾਇਦ ਜੰਗਲ਼ ਵਿੱਚ ਰਹਿੰਦੇ ਹਰ ਪ੍ਰਾਣੀ ਨੂੰ ਆਪਣੀ ਹੋਣੀ ਦਾ ਅਗਾਊਂ ਪਤਾ ਹੁੰਦਾ ਹੈ। ਉਤਪਤੀ ’ਤੇ ਵਿਨਾਸ਼ ਦਾ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ। ਪ੍ਰਕਿਰਤੀ ਦਾ ਸੰਤੁਲਨ ਕਾਇਮ ਰੱਖਣ ਲਈ ਵਾਰੋ-ਵਾਰੀ ਸਭਨਾਂ ਨੇ ਜਾਣਾ ਹੈ। ਸ਼ੇਰ ਇੱਕਠੇ ਵੱਗ ਉੱਤੇ ਕਦੀ ਨਹੀਂ ਪੈਂਦਾ। ਉਸ ਨੂੰ ਤਾਂ ਆਪਣੀ ਭੁੱਖ ਮਿਟਾਉਣ ਲਈ ਕੇਵਲ ਇੱਕ ਜੀਅ ਦੀ ਲੋੜ ਹੁੰਦੀ ਹੈ। ਉਹ ਆਪਣੇ ਬਾਕੀ ਸਾਥੀਆਂ ਨਾਲ਼ ਵੰਡ ਕੇ ਖਾਂਦਾ ਹੈ | ਬਾਕੀ ਜੀਵ ਨਿਸ਼ਚਿੰਤ ਹੋ ਕੇ ਉੱਥੇ ਹੀ ਘੁੰਮਦੇ ਵਿਖਾਏ ਦੇਂਦੇ ਹਨ । ਵੱਗ ਵਿੱਚੋਂ ਜਿਹੜਾ ਜੀਅ ਪੱਛੜ ਜਾਂਦਾ ਹੈ, ਉਸ ਦੀ ਮੌਤ ਨਿਸ਼ਚਿਤ ਹੈ।
ਵਾਪਸੀ ਉੱਤੇ ਏਨੇ ਸੋਹਣੇ, ਸੁਨੱਖੇ ’ਤੇ ਤੰਦਰੁਸਤ ਹਰਨਾਂ ਦੀ ਡਾਰ ਵੇਖਣ ਨੂੰ ਮਿਲ਼ੀ ਕਿ ਬੱਸ ਵੇਖਦੇ ਹੀ ਰਹਿ ਜਾਓ। ਉਹਨਾਂ ਦੇ ਬਦਾਮੀ ਰੰਗ ਦੇ ਮੁਲਾਇਮ ਜੁੱਸੇ ਉੱਤੇ ਗੂੜ੍ਹੀਆਂ ਨਸਵਾਰੀ ਰੰਗ ਦੀਆਂ ਧਾਰੀਆਂ ਉਹਨਾਂ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਸਨ। ਵੱਡੀਆ ਖ਼ੂਬਸੂਰਤ ਅੱਖਾਂ ਨਿੱਕੀਆਂ-ਨਿੱਕੀਆਂ ਪੂਛਾਂ ’ਤੇ ਪਤਲਾ ਫੁਰਤੀਲਾ ਜਿਸਮ ਇੱਕ ਵਿਲੱਖਣ ਨਜ਼ਾਰਾ ਹੈ। ਖੜੋਂਦੇ ਹਨ ਤਾਂ ਕਤਾਰ ਬਣਾ ਕੇ। ਚੁੰਗੀਆਂ ਭਰਦੇ ਹਨ ਤਾਂ ਸਾਰੇ ਇੱਕਠੇ। ਹਰਨੀਆਂ ਦੇ ਕੰਨ ਖੜ੍ਹੇ ਰਹਿੰਦੇ ਹਨ। ਹਰਨਾਂ ਦੇ ਸਿੰਗ ਹੁੰਦੇ ਹਨ। ਸ਼ੇਰਾਂ ’ਤੇ ਹੋਰ ਮਾਸਖੋਰੇ ਜਾਨਵਰਾਂ ਵਿੱਚ ਰਹਿਣ ਵਾਲ਼ਾ ਇਹ ਮਸੂਮ ਜੀਵ ਏਨਾ ਸੋਹਣਾ ਹੈ ਕਿ ਰੱਬ ਦੀ ਬਣਾਈ ਕਾਇਨਾਤ ਵੱਲ ਅਚੇਤ ਹੀ ਧਿਆਨ ਚਲਾ ਜਾਂਦਾ ਹੈ।
ਮਕੂੰਮੀ ਨੈਸ਼ਨਲ ਪਾਰਕ ਦਾ ਚੱਕਰ ਕੱਟਦੇ ਹੋਏ ਉਹ ਹਿੱਪੋ-ਪੂਲ ਅਥਵਾ ਦਰਿਆਈ ਘੋੜਿਆਂ ਦੇ ਤਲਾਬ ਵੱਲ ਗਏ। ਕੁਦਰਤ ਦੇ ਰੰਗ ਵੇਖ-ਵੇਖ ਕੇ ਅਚੰਭਿਤ ਹੁੰਦੇ ਰਹੇ। ਇਹ ਜੀਵ ਏਨਾ ਵੱਡਾ ’ਤੇ ਭਾਰਾ ਹੈ ਕਿ ਦਿਨ ਦੀ ਗਰਮੀ ਤੋਂ ਆਪਣੇ-ਆਪ ਨੂੰ ਰਾਹਤ ਦੇਣ ਲਈ ਸਾਰਾ ਦਿਨ ਪਾਣੀ ਵਿੱਚ ਰਹਿੰਦਾ ਹੈ ’ਤੇ ਰਾਤ ਨੂੰ ਬਾਹਰ ਘਾਹ ਖਾਣ ਲਈ ਨਿਕਲ਼ਦਾ ਹੈ। ਭੂਰੇ ਰੰਗਾ ਪਾਣੀ ਦਾ ਇਹ ਜੀਵ ਏਨਾ ਵੱਡਾ ਹੈ ਕਿ ਇੱਕ ਪਾਸੇ ਮੱਛੀਆਂ, ਮਗਰ-ਮੱਛ ‘ਤੇ ਹਜ਼ਾਰਾਂ ਕਿਸਮਾਂ ਦੇ ਪਾਣੀ ਦੇ ਜੀਵ ‘ਤੇ ਦੂਜੇ ਪਾਸੇ ਇਹ ਦਰਿਆਈ ਘੋੜਾ ਜਿਸ ਦਾ ਕਿਸੇ ਨਾਲ਼ ਕੋਈ ਵਾਸਤਾ ਨਹੀਂ, ਨਾਉਣਾ ’ਤੇ ਖਾਣਾ ਹੀ ਜਿਸ ਦਾ ਜੀਵਨ ਹੈ।
ਜੰਗਲ਼ ਵਿੱਚ ਲੱਖਾਂ ਪ੍ਰਾਣੀਆ ਦੀ ਪਾਲਣਹਾਰ ਕੁਦਰਤ ਨੂੰ ਉਹ ਨਮਸਕਾਰ ਕਰਦੇ ਰਹੇ। ਦਰਖ਼ਤਾਂ ਦੇ ਪੱਤੇ, ਕੰਡੇ, ਫਲ਼-ਫੁੱਲ, ਕੀੜੇ-ਮਕੌੜੇ, ਘਾਹ, ਪਾਣੀ, ਸ਼ਿਕਾਰ, ਹਵਾ, ਮੀਂਹ ’ਤੇ ਧੁੱਪ ਇੱਕੋ ਥਾਂ ਲੋੜ ਅਨੁਸਾਰ ਮਿਕਦਾਰ ਵਿੱਚ ਮੌਜੂਦ ਹਨ। ਕੋਈ ਕਿਸੇ ਜੀਵ ਦੀ ਦੇਖ-ਭਾਲ ਨਹੀਂ ਕਰਦਾ। ਇਹ ਜੀਵ ਇਉਂ ਸਭ ਪਾਸੇ ਤੋਂ ਬੇਫ਼ਿਕਰ ਆਪਣੇ ਚੁਗਿਰਦੇ ਵਿੱਚ ਰੱਬ ਦੇ ਰੰਗ ਵਿੱਚ ਮਸਤ ਹਨ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਯਾਦ ਆ ਰਹੀ ਸੀ- ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਇ ਲਖਿਆ॥
ਉਹ ਪਾਰਕ ਦਾ ਚੱਕਰ ਲਾ ਕੇ ਬੜੇ ਸੰਤੁਸ਼ਟ ਵਾਪਸ ਮੋਰੋਗੋਰੋ ਲਈ ਚੱਲੇ। ਦੁਪਹਿਰ ਦਾ ਖਾਣਾ ਖਾਣ ਪਿੱਛੋਂ ਦਾਰ-ਅਸ-ਸਲਾਮ ਲਈ ਵਾਪਸੀ ਦਾ ਸਫ਼ਰ ਅਰੰਭ ਕਰ ਦਿੱਤਾ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸਸਸਸ ਕਾਹਮਾ (ਸ਼.ਭ.ਸ.ਨਗਰ) 9878583784