ਕਿਸਾਨ ਅਤੇ ਉਸ ਦੇ ਚਾਰ ਪੁੱਤਰ

                       ਇੱਕ ਪਿੰਡ ਵਿੱਚ ਇੱਕ ਸਿਆਣਾ ਕਿਸਾਨ ਰਹਿੰਦਾ ਸੀ। ਉਸ ਦੇ ਚਾਰ ਪੁੱਤਰ ਸਨ । ਉਹ ਚਾਰੇ, ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਕਿਸਾਨ ਆਪਣੇ ਪੁੱਤਰਾਂ ਨੂੰ ਲੜਦਿਆਂ ਵੇਖ ਕੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਹੁਣ ਉਹ ਬੁੱਢਾ ਹੋ ਗਿਆ ਸੀ। ਉਸ ਨੇ ਸੋਚਿਆ ਕਿ ਉਸ ਦੀ ਮੌਤ ਪਿੱਛੋਂ ਤਾਂ ਉਸ ਦੇ ਝਗੜਾਲੂ ਪੁੱਤਰ ਆਪਸ ਵਿੱਚ ਲੜ-ਲੜ ਕੇ ਛੇਤੀ ਹੀ ਤਬਾਹ ਹੋ ਜਾਣਗੇ। ਉਹ ਆਪਣੇ ਪੁੱਤਰਾਂ ਨੂੰ ਆਪਸ ਵਿੱਚ ਮਿਲ਼ ਕੇ ਕੰਮ ਕਰਨ ਦੀ ਸਿੱਖਿਆ ਦੇਣੀ ਚਾਹੁੰਦਾ ਸੀ।
                      ਇੱਕ ਸੋਚੀ-ਸਮਝੀ ਵਿਉਂਤ ਅਨੁਸਾਰ ਬੁੱਢਾ ਕਿਸਾਨ ਬਿਮਾਰੀ ਦੇ ਬਹਾਨੇ ਮੰਜਾ ਮੱਲ ਕੇ ਪੈ ਗਿਆ। ਹੁਣ ਉਸ ਦੇ ਪੁੱਤਰਾਂ ਨੂੰ ਵੀ ਫ਼ਿਕਰ ਹੋਇਆ। ਉਹ ਸਾਰੇ ਵਾਰੀ-ਵਾਰੀ ਪਿਤਾ ਜੀ ਦਾ ਹਾਲ ਪੁੱਛਣ ਲਈ ਉਸ ਕੋਲ ਆਉਣ ਲੱਗੇ। ਇੱਕ ਦਿਨ ਕਿਸਾਨ ਨੇ ਆਪਣੇ ਚੋਹਾਂ ਪੁੱਤਰਾਂ ਨੂੰ ਨੂੰ ਆਪਣੇ ਆਪਣੇ ਕੋਲ ਬੁਲਾਇਆ। ਜਦੋਂ ਚਾਰੇ ਪੁੱਤਰ ਇਕੱਠੇ ਹੋ ਗਏ ਤਾਂ ਬੁੱਢੇ ਕਿਸਾਨ ਨੇ ਕੁਝ ਛੋਟੀਆਂ ਲੱਕੜੀਆਂ ਮੰਗਵਾਈਆਂ। ਜਦੋਂ ਲੱਕੜੀਆਂ ਆ ਗਈਆਂ ਤਾਂ ਕਿਸਾਨ ਨੇ ਉਨ੍ਹਾਂ ਨੂੰ ਬੰਨ੍ਹਣ ਲਈ ਕਿਹਾ।
                      ਹੁਣ ਬੁੱਢੇ ਕਿਸਾਨ ਨੇ ਆਪਣੇ ਇਕੱਲੇ-ਇਕੱਲੇ ਪੁੱਤਰ ਨੂੰ ਲੱਕੜੀਆਂ ਦਾ ਗੱਠਾ ਤੋੜਨ ਲਈ ਕਿਹਾ, ਸਾਰਿਆਂ ਨੇ ਵਾਰੀ-ਵਾਰੀ ਜ਼ੋਰ ਲਾਇਆ, ਪਰ ਉਹ ਗੱਠਾ ਤੋੜ ਨਾ ਸਕੇ। ਫਿਰ ਬੁੱਢੇ ਕਿਸਾਨ ਨੇ ਕਿਹਾ,” ਇਸ ਗੱਠੇ ਨੂੰ ਖੋਲ੍ਹ ਦਿਓ ਅਤੇ ਇੱਕ-ਇੱਕ ਲੱਕੜੀ ਵੱਖਰੀ-ਵੱਖਰੀ ਕਰ ਦਿਓ।”
                  ਜਦੋਂ ਲੱਕੜੀਆਂ ਵੱਖਰੀਆਂ-ਵੱਖਰੀਆਂ ਹੋ ਗਈਆਂ ਤਾਂ ਕਿਸਾਨ ਨੇ ਆਪਣੇ ਪੁੱਤਰਾਂ ਨੂੰ ਇੱਕ-ਇੱਕ ਲੱਕੜ ਤੋੜਨ ਲਈ ਕਿਹਾ। ਸਾਰਿਆਂ ਨੇ ਝੱਟ ਹੀ ਇੱਕ-ਇੱਕ ਲੱਕੜ ਆਸਾਨੀ ਨਾਲ ਤੋੜ ਸੁੱਟੀ। ਹੁਣ ਕਿਸਾਨ ਨੇ ਆਪਣੇ ਪੁੱਤਰਾਂ ਨੂੰ ਸਮਝਾਉਂਦਿਆਂ ਕਿਹਾ ਕਿ ਜੇ ਤੁਸੀਂ ਇਨ੍ਹਾਂ ਲੱਕੜੀਆਂ ਵਾਂਗ ਲੜ-ਝਗੜ ਕੇ ਇਕੱਲੇ-ਇਕੱਲੇ ਰਹੋਗੇ ਤਾਂ ਕੋਈ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ, ਪਰ ਜੇ ਤੁਸੀਂ ਸਾਰੇ ਲੱਕੜਾਂ ਦੇ ਗੱਠੇ ਵਾਂਗ ਇਕੱਠੇ ਰਹੋਗੇ ਤਾਂ ਕੋਈ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕੇਗਾ। ਪੁੱਤਰਾਂ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਸੀ ਉਨ੍ਹਾਂ ਨੇ ਅੱਗੇ ਤੋਂ ਆਪਸ ਵਿੱਚ ਨਾ ਲੜਨ ਦਾ ਪ੍ਰਣ ਲਿਆ ਅਤੇ ਮਿਲ-ਜੁਲ ਕੇ ਰਹਿਣ ਦਾ ਵਚਨ ਦਿੱਤਾ। ਹੁਣ ਕਿਸਾਨ
ਅਤੇ ਉਸਦੇ ਪੁੱਤਰ ਖੁਸ਼ੀ-ਖੁਸ਼ੀ ਰਹਿਣ ਲੱਗੇ।
ਸਿੱਖਿਆ : ਏਕਤਾ ਵਿੱਚ ਬਲ ਹੈ।
ਏਕੇ ਵਿੱਚ ਬਰਕਤ।

Share This Article
Leave a Comment

Leave a Reply

Your email address will not be published. Required fields are marked *