ਅਖ਼ਬਾਰ ਦੇ ਸੰਪਾਦਕ ਨੂੰ ਬੱਚੇ ਚੁੱਕਣ ਦੀਆਂ ਵਾਰਦਾਤਾਂ ਸੰਬੰਧੀ ਬਿਨੈ-ਪੱਤਰ।

ਅਖ਼ਬਾਰ ਦੇ ਸੰਪਾਦਕ ਨੂੰ ਬੱਚੇ ਚੁੱਕਣ ਦੀਆਂ ਵਾਰਦਾਤਾਂ ਸੰਬੰਧੀ ਬਿਨੈ-ਪੱਤਰ।

ਸੇਵਾ ਵਿਖੇ

ਸੰਪਾਦਕ ਸਾਹਿਬ,

ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।

ਵਿਸ਼ਾ : ਬੱਚੇ ਚੁੱਕਣ ਵਾਲ਼ੇ ਗਰੋਹ ਤੋਂ ਸੁਚੇਤ ਕਰਨ ਸੰਬੰਧੀ।

ਸ੍ਰੀਮਾਨ ਜੀ / ਸ੍ਰੀਮਤੀ ਜੀ,

             ਮੈਂ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੁਆਰਾ ਆਪਣੇ ਸ਼ਹਿਰ ਵਿੱਚ ਬੱਚੇ ਚੁੱਕੇ ਜਾਣ ਦੀਆਂ ਘਟਨਾਵਾਂ ਬਾਰੇ ਸਰਕਾਰ ਅਤੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਤਾਂ ਜੋ ਇਸ ਗੰਭੀਰ ਸਮੱਸਿਆ ਦਾ ਕੋਈ ਸਾਰਥਕ ਹੱਲ ਲੱਭਿਆ ਜਾ ਸਕੇ। ਪਿਛਲੇ ਹਫ਼ਤੇ ਸਾਡੇ ਮਹੱਲੇ ਦੇ ਬੱਚੇ ਸਕੂਲ ਪੜ੍ਹਨ ਗਏ। ਉਹ ਤੀਜੀ ਜਮਾਤ ਵਿੱਚ ਪੜ੍ਹਦੇ ਸਨ। ਸ਼ਾਮ ਤੱਕ ਉਹਨਾਂ ਬੱਚਿਆਂ ਵਿੱਚੋਂ ਕੁਝ ਬੱਚੇ ਸਕੂਲ ਤੋਂ ਵਾਪਸ ਨਾ ਆਏ। ਉਹਨਾਂ ਦੇ ਸਾਥੀਆਂ ਤੋਂ ਪੁੱਛ-ਪੜਤਾਲ ਕਰਨ ’ਤੇ ਪਤਾ ਲੱਗਾ ਕਿ ਛੁੱਟੀ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਉਹਨਾਂ ਨੇ ਇੱਕ ਬੰਦੇ ਨਾਲ਼ ਗੱਲਾਂ ਕਰਦਿਆਂ ਵੇਖਿਆ ਸੀ ਪਰ ਕੋਈ ਰਿਸ਼ਤੇਦਾਰ ਸਮਝ ਕੇ ਉਹਨਾਂ ਬਹੁਤਾ ਧਿਆਨ ਨਾ ਦਿੱਤਾ। ਜਿਸ ਬੰਦੇ ਕੋਲ਼ ਉਹ ਖੜ੍ਹੇ ਸਨ ਸ਼ਾਇਦ ਉਹੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਆਪਣੇ ਨਾਲ਼ ਲੈ ਗਿਆ ਹੋਵੇ। ਪੁਲਿਸ ਨੂੰ ਸੂਚਿਤ ਕਰ ਦੇਣ ਦੇ ਬਾਵਜੂਦ ਅਜੇ ਤੱਕ ਉਹਨਾਂ ਦਾ ਕੁਝ ਅਤਾ ਪਤਾ ਨਹੀਂ ਲੱਗਿਆ। ਉਹਨਾਂ ਬੱਚਿਆਂ ਦੇ ਮਾਤਾ-ਪਿਤਾ ਅਤੇ ਸਾਕ-ਸੰਬੰਧੀ ਬਹੁਤ ਦੁਖੀ ਅਤੇ ਪ੍ਰੇਸ਼ਾਨ ਹਨ।

            ਇਸ ਤਰ੍ਹਾਂ ਹੀ ਕੁਝ ਬੱਚੇ ਪਾਰਕ ਵਿੱਚ ਖੇਡਣ ਗਏ ਅਤੇ ਉਹਨਾਂ ਵਿੱਚੋਂ ਇੱਕ ਬੱਚਾ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ। ਇਸ ਬਾਰੇ ਵੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਕੋਈ ਗਰਿਫ਼ਤਾਰੀ ਨਹੀਂ ਹੋਈ। ਸ਼ਹਿਰ ਦੇ ਲੋਕਾਂ ਨੂੰ ਡਰ ਹੈ ਕਿ ਸ਼ਹਿਰ ਵਿੱਚ ਕੋਈ ਬੱਚਾ ਚੁੱਕਣ ਵਾਲ਼ਾ ਗਰੋਹ ਸਰਗਰਮ ਹੈ। ਅਖ਼ਬਾਰ ਦੇ ਮਾਧਿਅਮ ਰਾਹੀਂ ਮੈਂ ਇਹ ਮਸਲਾ ਸਰਕਾਰ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਤਾਂ ਕਿ ਉਹ ਬੱਚੇ ਚੁੱਕਣ ਵਾਲ਼ੇ ਗਰੋਹ ਨੂੰ ਛੇਤੀ ਤੋਂ ਛੇਤੀ ਕਾਬੂ ਕਰਨ ਲਈ ਉਚਿਤ ਕਾਰਵਾਈ ਕਰਨ। ਇਸ ਸੰਬੰਧੀ ਮਾਪਿਆਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ। ਆਸ ਹੈ ਕਿ ਤੁਸੀਂ ਇਸ ਪੱਤਰ ਨੂੰ ਆਪਣੇ ਅਖ਼ਬਾਰ ਵਿੱਚ ਛਾਪਣ ਦੀ ਕਿਰਪਾਲਤਾ ਕਰੋਗੇ।

                                    ਧੰਨਵਾਦ ਸਹਿਤ

ਆਪ ਦਾ ਸ਼ੁੱਭਚਿੰਤਕ,

ਨਾਮ………………,

ਪਤਾ………………।

ਮਿਤੀ: 27 ਜੁਲਾਈ, 2024.

ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037

.

Share This Article
Leave a Comment

Leave a Reply

Your email address will not be published. Required fields are marked *