9. ਮੇਰਾ ਨਾਮਕਰਨ (ਪ੍ਰਭਜੋਤ ਕੌਰ)

9. ਮੇਰਾ ਨਾਮਕਰਨ (ਪ੍ਰਭਜੋਤ ਕੌਰ)

ਅਭਿਆਸ

(ੳ) ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਲੇਖਕਾ ਦਾ ਜਨਮ ਕਿੱਥੇ ਹੋਇਆ?

ਉੱਤਰ: ਗੁਜ਼ਰਾਤ ਜ਼ਿਲ੍ਹੇ ਦੇ ਪਿੰਡ ਲੰਗੜਿਆਲ (ਹੁਣ ਪਾਕਿਸਤਾਨ ਵਿੱਚ)।

ਪ੍ਰਸ਼ਨ 2. ਲੇਖਕਾ ਦੇ ਪਿਤਾ ਜੀ ਕੀ ਕੰਮ ਕਰਦੇ ਸਨ?

ਉੱਤਰ: ਮਿਲਟਰੀ ਫ਼ਾਰਮਜ਼ ਦੇ ਖ਼ਜ਼ਾਨਚੀ ਸਨ।

ਪ੍ਰਸ਼ਨ 3. ਲੇਖਕਾ ਦੇ ਮਾਤਾ-ਪਿਤਾ ਨੇ ਉਸ ਦਾ ਕੀ ਨਾਂ ਰੱਖਿਆ ਸੀ।

ਉੱਤਰ: ਮੋਤੀਆ।

ਪ੍ਰਸ਼ਨ 4. ਲੇਖਿਕਾ ਨੂੰ ‘ਮੋਤੀਆ’ ਨਾਂ ਬਹੁਤ ਪੰਸਦ ਸੀ । (ਸਹੀ/ਗ਼ਲਤ)

ਉੱਤਰ: ਗ਼ਲਤ।

ਪ੍ਰਸ਼ਨ 5. ਲੇਖਕਾ ਦੀ ਜ਼ਿਦ ਅੱਗੇ ਝੁੱਕਦਿਆਂ ਉਸੇ ਦੇ ਮਾਪਿਆਂ ਵੱਲੋਂ ਉਸਦੇ ਨਾਮਕਰਨ ਲਈ ਅਖੰਡ-ਪਾਠ ਰਖਵਾਇਆ ਗਿਆ। (ਸਹੀ/ਗ਼ਲਤ)

ਉੱਤਰ: ਸਹੀ।

(ਖ਼ਾਲੀ ਸਥਾਨ ਭਰੋ)

ਪ੍ਰਸ਼ਨ 6. ਲੇਖਕਾ ਨੂੰ ਲਾਹੌਰ ਦੇ ………………ਸਕੂਲ ਵਿੱਚ ਦਾਖ਼ਲ ਕਰਵਾਉਣ ਦਾ ਫ਼ੈਸਲਾ ਹੋਇਆ।

ਉੱਤਰ: ਖ਼ਾਲਸਾ ਗਰਲਜ਼।

ਪ੍ਰਸ਼ਨ 7. ………………ਦੀ ਆਪਣੀ ਹੀ ਇੱਕ ਧੁਨ ਸੀ- ਅਹਿੰਸਾ।

ਉੱਤਰ: ਮਹਾਤਮਾ ਗਾਂਧੀ।

ਪ੍ਰਸ਼ਨ 8. ਸਿੰਘ-ਸਭੀਏ ਤੇ ਆਰੀਆ ਸਮਾਜੀਏ ਸਮਾਜ ਵਿੱਚ ਫੈਲ ਰਹੀ ………….ਨੂੰ ਠੀਕ ਕਰਨ ਦੇ ਨਾਹਰੇ ਲਾ ਰਹੇ ਸਨ।

ਉੱਤਰ: ਦਰਗਤੀ।

ਪ੍ਰਸ਼ਨ 9. ਲੇਖਕਾ ਦੇ ਜਨਮ ਦੀ ਖ਼ੁਸ਼ੀ ਵਿੱਚ ਉਸ ਦੇ ਦਾਦਾ ਜੀ ਨੇ ਸਾਰੇ ਪਿੰਡ ਵਿੱਚ ਵੰਡਣ ਲਈ ਕਿਹਾ……………….

(ੳ) ਲੱਡੂ (ਅ) ਬਰਫ਼ੀ (ੲ) ਜਲੇਬੀਆਂ (ਸ) ਮਿਸ਼ਰੀ ਦਾ ਕੜਾਹ

ਉੱਤਰ: ਮਿਸ਼ਰੀ ਦਾ ਕੜਾਹ।

ਪ੍ਰਸ਼ਨ 10. ਖ਼ਰਚਣ ਲਈ ਮਿਲ਼ੇ ਚਾਰ ਆਨਿਆਂ ਦਾ ਲੇਖਕਾ ਨੇ ਕੀ ਖ਼ਰੀਦਿਆ?

(ੳ) ਚੂੜੀਆਂ (ਅ) ਕਿਤਾਬਾਂ (ੲ) ਰੰਗ-ਬਰੰਗੇ ਭੁਕਾਨੇ (ਸ) ਕੁਲਫ਼ੀ

ਉੱਤਰ: ਰੰਗ-ਬਰੰਗੇ ਭੁਕਾਨੇ

(ਅ) ਦੱਸੋ :

ਪ੍ਰਸ਼ਨ 1. ਲੇਖਕਾ ਦੇ ਜਨਮ ਉਪਰੰਤ ਉਸ ਦੇ ਘਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਪ੍ਰਤਿਕਿਰਿਆ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਲੇਖਕਾ ਦੇ ਜਨਮ ਉਪਰੰਤ ਪਿੰਡ ਦੀਆਂ ਜ਼ਨਾਨੀਆਂ ਨੇ, ਚਾਚੀਆਂ, ਤਾਈਆਂ ਤੇ ਗੁਆਂਢਣਾਂ ਨੇ ਹਾਏ-ਹਾਏ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਵੱਡੀ ਤੇ ਲੇਖਕਾ ਦੇ ਵਿਚਕਾਰਲੀ ਮੋਤੀਆ ਨਾਂ ਦੀ ਕੁੜੀ ਮਰ ਗਈ ਸੀ। ਲੇਖਕਾ ਉਸ ਸਮੇਂ ਮਾਂ ਦੀ ਕੁੱਖ ਵਿੱਚ ਸੀ। ਇਹ ਸਭ ਗੱਲਾਂ ਸੁਣੀਆਂ- ਸੁਣਾਈਆਂ ਹਨ। ਜਦੋਂ ਮੇਰੀ ਮਾਂ ਨੇ ਸਭਪਾਸਿਉਂ ਹਾਏ-ਹਾਏ ਸੁਣੀ ਤਾਂ ਉਹ ਉਸ ਵੱਲ ਪਿੱਠ ਕਰ ਕੇ ਲੇਟ ਗਈ। ਉਹ ਰੋ ਰਹੀ ਸੀ। ਕੇਖਕਾ ਦੇ ਦਾਦਾ ਜੀ ਨੂੰ ਜਦੋਨ ਲੇਖਕਾ ਦੇ ਜਨਮ ਅਤੇ ਪਿੱਛੋਂ ਤੀਵੀਆਂ ਦੇ ਰੋਣ-ਪਿੱਟਣ ਦਾ ਪਤਾ ਲੱਗਿਆ ਤਾਂ ਉਹ ਗਰਜੇ, ਕਹਿਣ ਲੱਗੇ ਕਿ ਨਿਕਲ਼ ਜਾਉ ਮੇਰੇ ਘਰੋਂ। ਕੁੜੀ ਦੇ ਮੱਥੇ ’ਤੇ ਸੱਤ ਭਾਗ ਹੁੰਦੇ ਹਨ। ਹਾਏ-ਹਾਏ ਕਰ ਕੇ ਮੇਟ ਦਿੰਦੀਆਂ ਹੋ। ਉਹਨਾਂ ਨੇ ਲੇਖਕਾ ਦੀ ਦਾਦੀ ਨੂੰ ਹੁਕਮ ਦਿੱਤਾ ਕਿ ਮਿਸ਼ਰੀ ਦਾ ਕੜਾਹ ਕਰ ਕੇ ਸਾਰੇ ਪਿੰਡ ਵਿੱਚ ਵੰਡਿਆ ਜਾਵੇ।

ਪ੍ਰਸ਼ਨ 2. ਲੇਖਕਾ ਨੂੰ ‘ਮੋਤੀਆ’ ਨਾਂ ਕਿਉਂ ਪਸੰਦ ਨਹੀਂ ਸੀ? ਉਸ ਦੇ ਨਾਮਕਰਨ ਦੀ ਘਟਨਾ ਬਾਰੇ ਵੀ ਦੱਸੋ।

ਉੱਤਰ: ਲੇਖਕਾ ਦੇ ਮਾਤਾ-ਪਿਤਾ ਨੇ ਉਸਦਾ ਨਾਂ ‘ਮੋਤੀਆ’ ਰੱਖਿਆ, ਭਿੰਨੀ-ਭਿੰਨੀ ਖ਼ੁਸ਼ਬੂ ਵਾਲ਼ਾ, ਸੁੱਚਾ ਮੋਤੀਆ, ਜਿਸ ਵਿੱਚ ਪੱਤੀਆਂ ਦੀਆਂ ਕਈ ਪਰਤਾਂ ਹੁੰਦੀਆਂ ਹਨ। ਸ਼ਾਇਦ ਉਹ ਚਾਹੁੰਦੇ ਸਨ ਉਸਦੀ ਖ਼ੁਸ਼ਬੂ ਵੀ ਮੋਤੀਏ ਵਾਂਗ ਭਿੰਨੀ-ਭਿੰਨੀ ਹੋਵੇ। ਪਰ ਲੇਖਕਾ ਨੂੰ ਇਹ ਨਾਂ ਪਸੰਦ ਨਹੀਂ ਸੀ। ਇਸ ਭਾਵਨਾ ਦਾ ਇਜ਼ਹਾਰ ਉਹ ਰੋਜ਼ ਕਰਦੀ ਸੀ ਕਿ ਉਹ ਕੋਈ ਫੁੱਲ ਨਹੀਂ, ਜੋ ਇੱਕ ਜਾਂ ਦੋ ਦਿਨਾਂ ਤੋਂ ਵੱਧ ਨਹੀਂ ਜੀਅ ਸਕਦਾ ਕਿਉਂਕਿ ਮੋਤੀਆ ਸਿਰਫ਼ ਇੱਕੋ ਰਾਤ ਦਾ ਸ਼ਿੰਗਾਰ ਹੁੰਦਾ ਹੈ। ਲੇਖਕਾ ਚਿਰੰਜੀਵੀ ਹੋਣਾ ਲੋਚਦੀ ਸੀ । ਸ਼ਾਇਦ ਮਰਨ ਪਿੱਛੋਂ ਵੀ ਜਿਊਂਦੇ ਰਹਿਣ ਦੀ ਇੱਛਾ ਉਸਨੂੰ ਉਦੋਂ ਹੀ ਸੀ।

ਲੇਖਕਾ ਆਪਣੇ ਪਰਿਵਾਰ ਨਾਲ਼ ਲਾਹੌਰ ਆ ਗਈ, ਲੇਖਕਾ ਨੂੰ ਖ਼ਾਲਸਾ ਗਰਲਜ਼ ਸਕੂਲ ਵਿੱਚ ਦਾਖ਼ਲ ਕਰਾਉਣ ਦਾ ਫੈਸਲਾ ਹੋਇਆ ਸੀ ਤਾਂ ਉਸਨੇ ਆਪਣੇ ਨਾਂ ਨੂੰ ਲੈਕੇ ਭੁੱਖ- ਹੜਤਾਲ ਕਰ ਦਿੱਤੀ ਅਤੇ ਕਿਹਾ ਕਿ ਉਸਨੂੰ ਉਸਦਾ ਆਪਣਾ ਨਾਂ ਚਾਹੀਦਾ ਹੈ, ਜੋ ਵੱਖਰਾ ਜਿਹਾ ਹੋਵੇ, ਜਿਸ ਦੀ ਆਪਣੀ ਹੀ ਪਛਾਣ ਹੋਵੇ। ਅੰਤ ਮਾਪਿਆਂ ਉਸਦੀ ਮੇਰੀ ਜ਼ਿਦ ਅੱਗੇ ਝੁਕਣਾ ਪਿਆ। ਅਖੰਡ-ਪਾਠ ਰੱਖਿਆ ਗਿਆ। ਵਾਕ ਲਿਆ ਗਿਆ। ‘ਪ’ ਅੱਖਰ ਨਿਕਲ਼ਿਆ। ਸੰਗਤ ਵਿੱਚੋਂ ਕਈ ਨਾਂ ਉਛਾਲ਼ੇ ਗਏ। ਲੇਖਕਾ ਸਿਰ ਮਾਰਦੀ ਰਹੀ। ‘ਨਹੀਂ, ਨਹੀਂ।’ ਲੇਖਕਾ ਦੇ ਪਿਤਾ ਦੇ ਦੋਸਤ ਜਿਹਨਾਂ ਦਾ ਨਾਂ ਸੰਤ ਸਿੰਘ ਸੀ ਉਹਨਾਂ ਨੇ ਕਿਹਾ “ਮੋਤੀਆ! ਪ੍ਰਭਜੀਤ ਠੀਕ ਰਹੇਗਾ” ਤਾਂ ਲੇਖਕਾ ਨੇ ਉਸ ਵਿੱਚ ਜ਼ਰਾ ਕੁ ਫ਼ਰਕ ਪਾ ਕੇ ਕਿਹਾ, “ਹਾਂ, ਪ੍ਰਭਜੋਤ ਕੌਰ।”

ਪ੍ਰਸ਼ਨ 3. ਭਗਤ ਸਿੰਘ ਹੋਰਾਂ ਦੀ ਸ਼ਹੀਦੀ ਬਾਰੇ ‘ਮੇਰਾ ਨਾਮਕਰਨ’ ਸ੍ਵੈਜੀਵਨੀ ਅੰਸ਼ ਵਿੱਚ ਜੋ ਵੇਰਵੇ ਦਿੱਤੇ ਗਏ ਹਨ ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: 23 ਮਾਰਚ, 1931 ਨੂੰ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਉਸ ਸਮੇਂ ਲੇਖਕਾ ਦੀ ਉਮਰ ਸੱਤ ਸਾਲ ਪੂਰੀ ਨਹੀਂ ਸੀ। ਭਗਤ ਸਿੰਘ ਦੀ ਫਾਂਸੀ ਦੀ ਖ਼ਬਰ ਕਾਰਨ ਲੋਕੀ ਦੱਬੇ-ਦੱਬੇ ਕਦਮਾਂ ਨਾਲ਼ ਚੱਲ ਰਹੇ ਸਨ। ਚਿਹਰੇ ਸਭ ਦੇ ਉਦਾਸ ਤੇ ਸਹਿਮੇ ਹੋਏ। ਇਹ ਛਾਉਣੀ ਦਾ ਵਾਤਾਵਰਨ ਸੀ। ਸ਼ਹਿਰਾਂ ਵਿੱਚ ਕੀ ਹੋਇਆ ਹੋਵੇਗਾ, ਲੇਖਕਾ ਨਹੀਂ ਸੀ ਜਾਣਦੀ। ਕੇਖਕਾ ਦੱਸਦੀ ਹੈ ਕਿ ਛਾਉਣੀ ਵਿੱਚ ਛੋਟੀਆਂ-ਛੋਟੀਆਂ ਮਰਦਾਂ ਦੀਆਂ ਟੋਲੀਆਂ ਚੁਰਾਹਿਆਂ ’ਤੇ ਦਿਸਦੀਆਂ ਪਰ ਛੇਤੀ ਹੀ ਖਿੰਡ-ਖੁੰਡ ਜਾਂਦੀਆਂ। ਘਰਾਂ ਵਿੱਚ ਵੀ ਹਨੇਰਾ–ਹਨੇਰਾ ਪਸਰਿਆ ਹੋਇਆ ਸੀ। ਕੁਝ ਸਾਫ਼ ਨਜ਼ਰ ਨਹੀਂ ਸੀ ਆ ਰਿਹਾ। ਸੁਣਨ ਵਿੱਚ ਆ ਰਿਹਾ ਸੀ ਕਿ ਅੰਗਰੇਜ਼ ਨੇ ਨੌਜਵਾਨਾਂ ਨੂੰ ਚੋਰੀ-ਚੋਰੀ ਲਾਹੌਰ ਦੀ ਬੋਰਸਟਲ ਜੇਲ੍ਹ ਵਿੱਚ ਫਾਂਸੀ ਲਾ ਕੇ ਬੋਰੀਆਂ ਵਿੱਚ ਬੰਨ੍ਹ ਕੇ, ਸਤਲੁਜ ਦੇ ਕੰਢੇ ਹੁਸੈਨੀਵਾਲ਼ਾ ਪਿੰਡ ਦੇ ਕੋਲ਼ ਦੱਬ ਦਿੱਤਾ ਗਿਆ ਸੀ। ਤੇ ਉਹਨਾਂ ਦੇ ਪਰਿਵਾਰਾਂ ਨੂੰ ਖ਼ਬਰ ਵੀ ਨਹੀਂ ਕੀਤੀ ਗਈ ਸੀ। ਲੇਖਕਾ ਦੀ ਛੋਟੀ ਉਮਰ ਕਾਰਨ ਉਸਨੂੰ ਏਹੀ ਸਮਝ ਆਈ ਸੀ। ਉਸ ਸਮੇਂ ਲੋਕਾਂ ਦੇ ਕਹਿਣ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਡਰ ਦੇ ਕਾਰਨ ਹੀ ਇਹ ਸਬ ਕੁਝ ਚੋਰੀ ਕੀਤਾ ਸੀ। ਇਸ ਦਾ ਭਾਵ ਤਾਂ ਸਾਫ਼ ਹੈ ਕਿ ਚੱਲ ਰਹੀ ਵਿਦਰੋਹ ਦੀ ਲਹਿਰ ਜ਼ੋਰ ਪਕੜ ਰਹੀ ਸੀ। ਲੋਕ ਹੌਲ਼ੀ-ਹੌਲ਼ੀ ਨਿਰਭਉ ਹੁੰਦੇ ਜਾਂਦੇ ਸਨ। ਸਿੱਧੇ ਜਾਂ ਅਸਿੱਧੇ ਟੱਕਰ ਲੈਣ ਲਈ ਤਿਆਰ ਸਨ। ਮੌਤ ਦਾ ਡਰ ਲਹਿ ਗਿਆ ਸੀ। ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਜੇ ਮਰਨਾ ਹੈ ਤਾਂ ਮਰ ਹੀ ਜਾਣਾ ਹੈ। ਫਿਰ ਡਰ ਕਿਸ ਗੱਲ ਦਾ ਦੇਸ਼ ਦੀ ਖ਼ਾਤਰ ਸ਼ਹੀਦ ਹੋਣਾ ਮਰਨਾ ਨਹੀਂ ਹੁੰਦਾ।

ਪ੍ਰਸ਼ਨ 4. “ਛੋਟੀ ਉਮਰ ਵਿੱਚ ਹੀ ਲੇਖਕਾਂ ਦੀਆਂ ਸਿਰਜਣਾਤਮਿਕ ਰੁਚੀਆਂ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ ਸਨ।” ਇਸ ਕਥਨ ਨੂੰ ਸਪਸ਼ਟ ਕਰੋ।

ਉੱਤਰ: ਲੇਖਕਾ ਨੇ ਜਦੋਂ ਦੂਜੀ ਜਮਾਤ ਦੀਆਂ ਪੌੜੀਆਂ ਚੜ੍ਹੀਆਂ ਤਾਂ ਉਸ ਸਮੇਂ ਤੋਂ ਹੀ ਉਸਨੂੰ ਆਲ਼ੇ-ਦੁਆਲ਼ੇ ਦੀ ਕੁਝ-ਕੁਝ ਸਮਝ ਆਉਣ ਲੱਗ ਪਈ ਸੀ। ਜਿਸ ਕਰਕੇ ਉਸਦੀ ਲਿਖਤ ਵਿੱਚ ਰਸਾਈ ਆ ਗਈ ਸੀ। ਉਹ ਕਦੀ ਤਖ਼ਤੀ ਉੱਤੇ ਤੇ ਕਦੀ ਸਕੂਲ ਦੀਆਂ ਕਾਪੀਆਂ ਵਿੱਚ ਕੁਝ ਨਾ ਕੁਝ ਲਿਖਦੀ ਰਹਿੰਦੀ। ਤਖ਼ਤੀ ਤਾਂ ਰੋਜ਼ ਸ਼ਾਮੀ ਪੋਚ ਦੇਂਦੀ, ਪਰ ਕਾਪੀ ਵਿੱਚ ਲਿਖੀਆਂ ਅਲਵਲੱਲੀਆਂ ਨੂੰ ਭੈਣ ਜੀ ਪੜ੍ਹਦੇ, ਤਾਂ ਅਸ਼-ਅਸ਼ ਕਰ ਉੱਠਦੇ। ਪੁੱਛਣ ’ਤੇ ਲੇਖਕਾ ਕਹਿੰਦੀ ਕਿ ਇਹ ਸ਼ਬਦ ਉਸਨੂੰ ਆਪਣੇ-ਆਪ ਸੁੱਝਦੇ ਹਨ। ਉਸਨੂੰ ਨਰਮ-ਨਰਮ ਕੋਮਲ-ਕੋਮਲ ਤੇ ਲਿਸ਼-ਲਿਸ਼ ਕਰਦੇ ਸ਼ਬਦ ਚੰਗੇ ਲੱਗਦੇ ਤੇ ਉਹਨਾਂ ਨੂੰ ਉਸਦੀ ਕਲਮ ਆਪਣੇ ਆਪ ਹੀ ਲਿਖ ਲੈਂਦੀ। ਲੇਖਕਾ ਨੂੰ ਪਤਾ ਵੀ ਨਾ ਲੱਗਦਾ ਕਿ ਉਹਨਾਂ ਵਿੱਚ ਕੋਈ ਸੰਗੀਤ ਜਾਂ ਸੁਰ ਵੀ ਸੀ, ਸ਼ਬਦ ਉਸਦੀਆਂ ਅੱਖਾਂ ਸਾਮ੍ਹਣੇ ਨੱਚਦੇ ਤੇ ਆਪਣਾ ਨਿਸ਼ਚਿਤ ਰੂਪ ਧਾਰਨ ਕਰ ਲੈਂਦੇ। ਲੇਖਕਾ ਉਹਨਾਂ ਵੱਲ ਅੱਧ-ਖੁੱਲ੍ਹੀਆਂ ਅੱਖਾਂ ਨਾਲ਼ ਦੇਖਦੀ ਦੰਗ ਰਹਿ ਜਾਂਦੀ। ਹੁਲਾਸ ਵਿੱਚ ਆ ਜਾਂਦੀ, ਪਰ ਚੁੱਪ ਰਹਿੰਦੀ। ਕਿਸੇ ਨੂੰ ਕੁਝ ਨਾ ਦੱਸਦੀ।

ਪ੍ਰਸ਼ਨ 5. “ਕੀ ਇਹ ਸੱਚ-ਮੁੱਚ ਦਾ ਸੁਧਾਰ ਸੀ ਜਾਂ ਬਾਹਰਮੁਖੀ ਮਖੌਟਾ?” ਸਮਾਜ-ਸੁਧਾਰਕ ਲਹਿਰਾਂ ਬਾਰੇ ਲੇਖਕਾ ਅਜਿਹਾ ਕਿਉਂ ਸੋਚਦੀ ਹੈ?

ਉੱਤਰ: ਸਿੰਘ-ਸਭੀਏ ਤੇ ਆਰੀਆ-ਸਮਾਜੀਏ, ਸਮਾਜ ਵਿੱਚ ਫੈਲ ਰਹੀ ਦੁਰਗਤੀ ਨੂੰ ਠੀਕ ਕਰਨ ਦੇ ਨਾਹਰੇ ਲਾਉਂਦੇ ਸਨ। ਆਪਣੀ ਬੋਲੀ ਬੋਲੋ। ਦੇਸੀ ਖੱਡੀ ਦੇ ਕੱਪੜੇ ਪਾਓ। ਵਿਆਹ ’ਤੇ ਮਰਨ-ਜੰਮਣ ਦੀਆਂ ਰਸਮਾਂ ਨੂੰ ਸੁਧਾਰੋ। ਰਸਮਾਂ ਉੱਤੇ ਖ਼ਰਚ ਘੱਟ ਕਰੋ। ਇਸਤਰੀ ਨੂੰ ਮਰਦ ਦੀ ਬਰਾਬਰੀ ਦਿਓ ਤੇ ਇਵੇਂ ਬਹਾਦਰ ਇਸਤਰੀਆਂ ਵੀ ਘਰਾਂ ਵਿੱਚੋਂ ਬਾਹਰ ਨਿਕਲ਼ ਕੇ ਸਮਾਜਿਕ ਤੇ ਰਾਜਨੀਤਿਕ ਪਿੜ ਵਿੱਚ ਖੇਡੀ ਜਾ ਰਹੀ ਖੇਡ ਵਿੱਚ ਸ਼ਾਮਲ ਹੋ ਗਈਆਂ। ਲੇਖਕਾ ਸੋਚਦੀ ਸੀ ਕਿ ਕੀ ਇਹ ਸੱਚ-ਮੁੱਚ ਦਾ ਸੁਧਾਰ ਸੀ ਜਾਂ ਸਿਰਫ਼ ਬਾਹਰਮੁਖੀ ਮਖੌਟਾ? ਕਿਉਂਕਿ ਓਨੇ ਪ੍ਰਚਾਰ ਦੇ ਬਾਵਜੂਦ ਵੀ ਜੋ ਕਿਸੇ ਨੇ ਕਰਨਾ ਹੁੰਦਾ, ਉਹ ਜ਼ਰੂਰ ਕਰਦਾ। ਖ਼ਰਚ ਵੀ ਤੇ ਸ਼ੋ ਵੀ। ਕਦੇ ਸ਼ਾਹਦੀ ਕਦੇ ਚੋਰੀ। ਜਿਸ ਨੇ ਦਾਜ ਦੇਣਾ ਹੁੰਦਾ ਜ਼ਰੂਰ ਦਿੰਦਾ ਤੇ ਜਿਸ ਕੋਲ਼ ਕੁਝ ਹੁੰਦਾ ਹੀ ਨਹੀਂ ਸੀ ਉਹ ਦਾਜ ਕਿੱਥੋਂ ਦਿੰਦਾ? ਉਸ ਲਈ ਸੁਧਾਰ ਦਾ ਸਹਾਰਾ ਲੈਣਾ ਬੜਾ ਸੁਖਾਵਾਂ ਸੀ। ਪਰ ਕਦੇ ਕਿਸੇ ਨੇ ਇਹ ਨਾ ਸੋਚਿਆ ਕਿ ਮਾਤਾ-ਪਿਤਾ ਦੀ ਸੰਪਤੀ ਉੱਤੇ ਧੀ ਦਾ ਵੀ ਓਨਾ ਹੀ ਹੱਕ ਹੈ ਜਿੰਨਾ ਪੁੱਤਰ ਦਾ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

 

 

 

TAGGED:
Share This Article
Leave a Comment

Leave a Reply

Your email address will not be published. Required fields are marked *