ਡਿਪਟੀ ਕਮਿਸ਼ਨਰ ਨੂੰ ਆਰਾ ਬੰਦ ਕਰਵਾਉਣ ਸੰਬੰਧੀ ਬਿਨੈ-ਪੱਤਰ।
ਸੇਵਾ ਵਿਖੇ
ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ,
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਵਿਸ਼ਾ : ਰਹਾਇਸ਼ੀ ਖੇਤਰ ਵਿੱਚ ਆਰਾ ਬੰਦ ਕਰਵਾਉਣ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 68 ਦੇ ਰਹਾਇਸ਼ੀ ਖੇਤਰ ਵਿੱਚ ਇੱਕ ਲੱਕੜ ਚੀਰਨ ਵਾਲ਼ਾ ਆਰਾ ਲੱਗਿਆ ਹੋਇਆ ਹੈ। ਇਹ ਆਰਾ ਦਿਨ-ਰਾਤ ਚੱਲਦਾ ਰਹਿੰਦਾ ਹੈ। ਇਸ ਨਾਲ਼ ਹਰ ਵਕਤ ਹਵਾ ਅਤੇ ਸ਼ੋਰ-ਪ੍ਰਦੂਸ਼ਣ ਪੈਦਾ ਹੁੰਦਾ ਰਹਿੰਦਾ ਹੈ ਜਿਸ ਨਾਲ਼ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਬਜ਼ੁਰਗ ਅਤੇ ਬਿਮਾਰ ਵਿਅਕਤੀ ਚੈਨ ਨਾਲ਼ ਸੌਂ ਨਹੀਂ ਸਕਦੇ ਅਤੇ ਬੱਚੇ ਪੜ੍ਹ ਨਹੀਂ ਸਕਦੇ। ਇਸ ਨਾਲ਼ ਬੱਚਿਆਂ ਦੀ ਪੜ੍ਹਾਈ ਅਤੇ ਨਤੀਜਿਆਂ ‘ਤੇ ਬੁਰਾ ਅਸਰ ਪੈਂਦਾ ਹੈ। ਆਰੇ ਲਈ ਲੱਕੜ ਦੀ ਢੋ-ਢੁਆਈ ਕਰਨ ਵਾਲ਼ੇ ਟ੍ਰੱਕਾਂ, ਟ੍ਰਾਲੀਆਂ ਅਤੇ ਹੋਰ ਗੱਡੀਆਂ ਕਾਰਨ ਸ਼ੋਰ-ਸ਼ਰਾਬੇ ਅਤੇ ਟ੍ਰੈਫ਼ਿਕ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਜਿਸ ਨਾਲ਼ ਕੰਮ ’ਤੇ ਆਉਣ-ਜਾਣ ਵਾਲ਼ੇ ਲੋਕਾਂ ਲਈ ਰੁਕਾਵਟ ਪੈਦੀ ਹੁੰਦੀ ਹੈ। ਇਹਨਾਂ ਗੱਡੀਆਂ ਕਾਰਨ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਚੁੱਕੀਆਂ ਹਨ।
ਬਾਰਸ਼ ਦੇ ਦਿਨਾਂ ਵਿੱਚ ਲੱਕੜੀ ਦੇ ਕਚਰੇ ਦੇ ਗਲ਼ਨ ਕਾਰਨ ਸਾਰੇ ਇਲਾਕੇ ਵਿੱਚ ਬਦਬੋ ਫੈਲੀ ਰਹਿੰਦੀ ਹੈ ਜਿਸ ਕਾਰਨ ਕਦੇ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਇਸ ਸੰਬੰਧੀ ਪੰਜਾਬ ਪ੍ਰਦੂਸ਼ਣ ਬੋਰਡ ਦੇ ਡਾਇਰੈਕਟਰ ਨੂੰ ਮਿਲ਼ ਕੇ ਲਿਖਤੀ ਰੂਪ ਵਿੱਚ ਬੇਨਤੀ ਵੀ ਕਰ ਚੁੱਕੇ ਹਾਂ ਪਰੰਤੂ ਇਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਅਸੀਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਹ ਆਰਾ ਇੱਥੋਂ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਇਸ ਇਲਾਕੇ ਦੇ ਵਸਨੀਕ ਅਰਾਮ ਨਾਲ਼ ਜੀਵਨ ਬਤੀਤ ਕਰ ਸਕਣ। ਉਮੀਦ ਹੈ ਕਿ ਆਪ ਇਹ ਸਮੱਸਿਆ ਪਹਿਲ ਦੇ ਆਧਾਰ ‘ਤੇ ਹੱਲ ਕਰੋਗੇ।
ਧੰਨਵਾਦ ਸਹਿਤ
ਆਪ ਜੀ ਦੇ ਸ਼ੁੱਭਚਿੰਤਕ,
ਸਮੂਹ ਇਲਾਕਾ ਨਿਵਾਸੀ,
ਫੇਜ਼ 68, ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਮਿਤੀ: 26 ਜੁਲਾਈ, 2024.
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037