10th ਇਕਾਂਗੀ-ਭਾਗ 2.ਨਾਇਕ ਇਕਾਂਗੀਕਾਰ (ਗੁਰਸ਼ਰਨ ਸਿੰਘ)

1.ਨਾਇਕ

ਇਕਾਂਗੀਕਾਰ – ਗੁਰਸ਼ਰਨ ਸਿੰਘ

••• ਪੁੱਤਰ ਦਾ ਪਾਤਰ–ਚਿਤਰਨ •••

• ਜਾਣ–ਪਛਾਣ – ਪੁੱਤਰ ‘ਨਾਇਕ‘ ਇਕਾਂਗੀ ਦਾ ਮੁੱਖ ਪਾਤਰ ਹੈ। ਉਸ ਦਾ ਨਾਂ ਸੁਖਦੇਵ ਸਿੰਘ ਹੈ। ਉਸ ਨੇ ਮੈਟ੍ਰਿਕ ਜ਼ਿਲ੍ਹੇ ਵਿੱਚੋਂ, ਬੀ.ਏ. ਕਾਲਜ ਵਿਚੋਂ ਤੇ ਐੱਮ. ਏ. ਜਮਾਤ ਵਿਚੋਂ ਪਹਿਲੇ ਦਰਜੇ ਨਾਲ ਪਾਸ ਕੀਤੀ ਹੈ। ਉਹ ਨੌਕਰੀ ਦੀ ਭਾਲ ਵਿੱਚ ਹੈ। ਇਕਾਂਗੀ ਵਿੱਚ ਉਸ ਦਾ ਪਾਤਰ ਪੁਰਾਣੀ ਪੀੜ੍ਹੀ ਨਾਲ ਟਕਰਾ ਅਤੇ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ।

• ਨਵੀਂ ਪੀੜ੍ਹੀ ਦਾ ਪ੍ਰਤੀਨਿਧ – ਇਕਾਂਗੀ ਵਿੱਚ ਪੁੱਤਰ ਨਵੀਂ ਪੀੜ੍ਹੀ ਦਾ ਪ੍ਰਤੀਨਿਧ ਹੈ। ਰਿਸ਼ਵਤ ਵਿਰੋਧੀ ਅਤੇ ਨਵੇਂ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸ ਦੀ ਪੁਰਾਣੀ ਪੀੜ੍ਹੀ ਦੇ ਆਪਣੇ ਪਿਤਾ ਦੇ ਵਿਚਾਰਾਂ ਨਾਲ਼ ਟੱਕਰ ਚਲਦੀ ਹੈ। ਉਹ ਉਸ ਦੇ ਵਿਚਾਰਾਂ ਨਾਲ਼ ਕਿਸੇ ਤਰ੍ਹਾਂ ਵੀ ਸਹਿਮਤ ਨਹੀਂ ਹੁੰਦਾ। ਇਕਾਂਗੀ ਵਿੱਚ ਉਹ ਸਪਸ਼ਟ ਕਰਦਾ ਹੈ ਕਿ ਵਿਚਾਰਾਂ ਤੇ ਅਮਲਾਂ ਵਿੱਚ ਉਸ ਦੀ ਪੀੜ੍ਹੀ ਦਾ ਪੁਰਾਣੀ ਪੀੜ੍ਹੀ ਨਾਲ਼ੋਂ ਬਹੁਤ ਫ਼ਰਕ ਹੈ।

• ਜਿਊਣ ਦੇ ਸੰਘਰਸ਼ ਵਿੱਚ ਫਸਿਆ ਹੋਇਆ – ਉਹ ਕਹਿੰਦਾ ਹੈ ਕਿ ਉਸ ਦੀ ਪੀੜ੍ਹੀ ਨਾ ਭਵਿੱਖ ਉੱਤੇ ਕੋਈ ਉਮੀਦਾਂ ਲਾ ਕੇ ਰੱਖਦੀ ਹੈ ਅਤੇ ਨਾ ਹੀ ਕੋਈ ਵਾਅਦਾ ਕਰ ਸਕਦੀ ਹੈ, ਸਗੋਂ ਉਸ ਨੂੰ ਹਰ ਘੜੀ ਜਿਊਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

• ਦਲੀਲ ਨਾਲ਼ ਗੱਲ ਕਰਨ ਵਾਲ਼ਾ – ਉਹ ਸੰਘਰਸ਼ ਦੇ ਰਾਹ ’ਤੇ ਚੱਲਦਾ ਹੋਇਆ  ਆਪਣੇ ਪਿਤਾ ਦੀ ਹਰ ਗੱਲ ਨੂੰ  ਦਲੀਲ ਨਾਲ਼ ਸਪਸ਼ਟ ਕਰਕੇ ਕੱਟਣ ਦਾ ਯਤਨ ਕਰਦਾ ਹੈ।

• ਹਾਜ਼ਰ–ਜਵਾਬ – ਉਹ ਹਰ ਗੱਲ ਵਿੱਚ ਬੜਾ ਹਾਜ਼ਰ – ਜਵਾਬੀ ਹੈ। ਉਹ ਆਪਣੇ ਪਿਤਾ ਦੀ ਹਰ ਗੱਲ ਦਾ ਜਵਾਬ ਦਲੀਲ ਨਾਲ਼ ਦਿੰਦਾ ਹੈ।  

• ਭ੍ਰਿਸ਼ਟਾਚਾਰ ਵਿਰੋਧੀ – ਉਹ ਪੂਰੀ ਤਰ੍ਹਾਂ ਭਿਸ਼ਟਾਚਾਰ ਤੋਂ ਦੂਰ ਰਹਿਣਾ ਚਾਹੁੰਦਾ ਹੈ। ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਨੌਕਰੀ ਲੈਣ ਲਈ ਸਿਫ਼ਾਰਸ਼ ਅਤੇ ਰਿਸ਼ਵਤ ਦਾ ਸਹਾਰਾ ਨਹੀਂ ਲਵੇਗਾ।  ਉਹ ਕੁਰਸੀ ਉੱਪਰ ਬੈਠੇ ਸਿਫ਼ਾਰਸ਼ ਦੀ ਗੱਲ ਕਰਨ ਵਾਲ਼ੇ ਅਫ਼ਸਰ ਨਾਲ਼ ਝਗੜ ਪੈਂਦਾ ਹੈ।

• ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਦਾ ਚਾਹਵਾਨ – ਉਹ ਬਿਨਾਂ ਕਿਸੇ ਸਿਫ਼ਾਰਸ਼ ਅਤੇ ਰਿਸ਼ਵਤ ਤੋਂ ਨੌਕਰੀ ਪ੍ਰਾਪਤ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਚਾਹੁੰਦਾ ਹੈ। ਇਸੇ ਕਰਕੇ ਉਹ ਨਤੀਜੇ ਤੋਂ ਮਗਰੋਂ ਆਪਣੇ ਪਿਤਾ ਪਾਸੋਂ ਮਿਲੇ ਪੈਸਿਆਂ ਨੂੰ ਕਰਜ਼ਾ ਸਮਝਦਾ ਹੈ ਅਤੇ ਵਿਆਜ ਸਮੇਤ ਵਾਪਸ ਕਰਨਾ ਚਾਹੁੰਦਾ ਹੈ।

• ਹਕੀਕਤ ਦੀ ਪਛਾਣ ਕਰਨ ਵਾਲ਼ਾ – ਉਹ ਫੋਕੀ ਦੇਸ਼–ਭਗਤੀ ਰੱਖਣ ਦੀ ਥਾਂ ਹਕੀਕਤ ਦੀ ਪਛਾਣ ਕਰਨ ਵਾਲ਼ਾ ਹੈ। ਉਹ ਇਸ ਗੱਲ ਨੂੰ ਸਮਝ ਗਿਆ ਕਿ ਦੇਸ਼ ਦੇ ਭਵਿੱਖ ਦਾ ਫ਼ਿਕਰ ਕਰਨ ਵਾਲ਼ੀ ਪੁਰਾਣੀ ਪੀੜ੍ਹੀ ਇਸ ਗੱਲ ਤੋਂ ਅਨਜਾਣ ਹੈ ਕਿ ਦੇਸ਼ ਦੀ ਅਜਾਦੀ ਦਾ ਲਾਭ ਸਿਰਫ ਅਮੀਰ ਵਰਗ ਨੂੰ ਹੋਇਆ ਹੈ। ਗਰੀਬ ਵਰਗ ਨੂੰ ਅੱਜ ਵੀ ਜਿਊਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

• ਦਲੇਰ, ਸੱਚਾ ਤੇ ਖ਼ਰੀ–ਖ਼ਰੀ ਗੱਲ ਕਹਿਣ ਵਾਲ਼ਾ – ਉਹ ਇੱਕ ਦਲੇਰ ਅਤੇ ਸੱਚਾ ਨੌਜਵਾਨ ਹੈ। ਉਹ ਸੱਚ ਬੋਲਣ ਲੱਗਿਆ ਝਿਜਕ ਦਾ ਨਹੀਂ।  ਉਹ ਆਪਣੇ ਪਿਤਾ, ਅਫ਼ਸਰ ਤੇ ਜੱਜ ਦੇ ਸਾਹਮਣੇ ਬੜੀ ਨਿਡਰਤਾ ਨਾਲ਼ ਬੋਲਦਾ ਹੈ। ਉਹ ਬੇਬਾਕੀ ਨਾਲ਼ ਸੱਚੀਆਂ ਅਤੇ ਖ਼ਰੀਆਂ–ਖ਼ਰੀਆਂ ਗੱਲਾਂ ਕਰਦਾ ਹੈ। ਉਹ ਪਿਤਾ, ਅਫ਼ਸਰ ਤੇ ਜੱਜ ਦੀਆਂ ਗੱਲਾਂ ਤੇ ਧਮਕੀਆਂ ਦੀ ਪਰਵਾਹ ਨਹੀਂ ਕਰਦਾ ਤੇ ਨਾ ਹੀ ਉਨ੍ਹਾਂ ਤੋਂ ਕੋਈ ਆਸ ਕਰਦਾ ਹੈ। ਉਹ ਸੱਚ ਬੋਲਦਾ ਹੋਇਆ ਜੇਲ੍ਹ ਜਾਣ ਦੀ ਵੀ ਪਰਵਾਹ ਨਹੀਂ ਕਰਦਾ।

• ਪੁਰਾਣੀ ਪੀੜ੍ਹੀ ਦੀ ਬੁਜ਼ਦਿਲੀ ਤੋਂ ਨਿਰਾਸ਼ – ਉਹ ਪੁਰਾਣੀ ਪੀੜ੍ਹੀ ਦੀ ਬੁਜ਼ਦਿਲੀ ਤੋਂ ਇਸ ਕਰਕੇ ਨਿਰਾਸ਼ ਹੈ ਕਿ ਉਹਨਾਂ ਨੇ ਉਹ ਲੜਾਈ ਨਹੀਂ ਲੜੀ, ਜਿਹੜੀ ਹੁਣ ਨਵੀਂ ਪੀੜ੍ਹੀ ਨੂੰ ਲੜਨੀ ਪੈ ਰਹੀ ਹੈ। ਉਹ ਆਪਣੇ ਪਿਤਾ ਨੂੰ ਬੁਜ਼ਦਿਲ ਸਮਝਦਾ ਹੈ, ਜਿਹੜਾ ਬੇਇਨਸਾਫ਼ੀ ਦੇ ਵਿਰੁੱਧ ਕਦੇ ਬੋਲਿਆ ਨਹੀਂ।

• ਕ੍ਰਾਂਤੀਕਾਰੀ  ਵਿਚਾਰਾਂ ਵਾਲ਼ਾ – ਉਹ ਕ੍ਰਾਂਤੀਕਾਰੀ ਵਿਚਾਰਾਂ ਵਾਲ਼ਾ ਹੈ। ਉਹ ਕਹਿੰਦਾ ਹੈ ਕਿ ਨਵੀਂ ਪੀੜ੍ਹੀ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਉਹ ਹੰਗਾਮੇ ਕਰਨਗੇ ਅਤੇ ਕੁਰਸੀਆਂ ‘ਤੇ ਬੈਠਿਆਂ ਦੀ ਪੱਗ ਨੂੰ ਹੱਥ ਵੀ ਪਾਉਣਗੇ। ਉਹ ਜੱਜ ਨੂੰ ਕਹਿੰਦਾ ਹੈ ਕਿ ਦੇਸ਼ ਵਿੱਚ ਜੋ ਵੀ ਅਪਰਾਧ ਹੋ ਰਿਹਾ ਹੈ, ਉਹ ਕੁਰਸੀਆਂ ਉੱਤੇ ਬੈਠੇ ਲੋਕਾਂ ਕਾਰਨ ਹੋ ਰਿਹਾ ਹੈ, ਜਿਸ ਕਰਕੇ ਉਨ੍ਹਾਂ ਕੋਲ਼ ਵਿਦਰੋਹ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ।

• ਸੁਹਿਰਦ – ਉਹ ਇਕ ਸੁਹਿਰਦ ਇਨਕਲਾਬੀ ਹੈ।ਉਹ ਕਹਿੰਦਾ ਹੈ ਕਿ ਜੇਕਰ ਕੋਈ ਨੌਜਵਾਨ ਉਸ ਦੇ ਗ਼ਲਤੀ ਕਰ ਰਹੇ ਪਿਤਾ ਦੀ ਪੱਗ ਨੂੰ ਹੱਥ ਪਾਵੇ, ਤਾਂ ਉਹ ਉਸ ਨੂੰ ਸ਼ਾਬਾਸ਼ ਦੇਵੇਗਾ ਤੇ ਕਹੇਗਾ ਕਿ ਉਸ ਦੇ ਪਿਤਾ ਨਾਲ਼ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਸੀ, ਜੋ ਕਿ ਟੁਕੜਿਆਂ ਬਦਲੇ ਆਪਣੀ ਜ਼ਮੀਰ ਵੇਚ ਰਿਹਾ ਹੈ।

• ਪਿਤਾ ਨਾਲ਼ ਪਿਆਰ ਰੱਖਣ ਵਾਲ਼ਾ – ਉਸ ਦੇ ਆਪਣੇ ਪਿਤਾ ਨਾਲ਼ ਵਿਚਾਰਿਕ ਮੱਤਭੇਦ ਹੋਣ ਦੇ ਬਾਵਜੂਦ ਵੀ ਸਮਾਜਿਕ ਫ਼ਰਜ਼ ਸਮਝਦਾ ਹੋਇਆ ਉਹ ਆਪਣੇ ਪਿਤਾ ਦਾ ਹਮੇਸ਼ਾ ਸਤਿਕਾਰ ਕਰਦਾ ਹੈ। ਉਸ ਨੂੰ ਪਿਤਾ ਦੇ ਅੰਦਰ ਲੁਕੇ ਪੁੱਤਰ–ਪਿਆਰ ਦਾ ਅਹਿਸਾਸ ਹੈ, ਇਸ ਕਰਕੇ ਉਹ ਜੇਲ੍ਹ ਵਿੱਚ ਮੁਲਾਕਾਤ ਲਈ ਗਏ ਪਿਤਾ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਕਹਿੰਦਾ ਹੈ। ਉਹ ਪਿਤਾ ਦੇ ਬੁਢਾਪੇ ਸਮੇਂ ਉਸ ਦਾ ਖ਼ਿਆਲ ਨਾ ਰੱਖ ਸਕਣ ਨੂੰ ਆਪਣੇ ਲਈ ਸ਼ਰਮ ਦੀ ਗੱਲ ਸਮਝਦਾ ਹੈ।

• ਆਸ਼ਾਵਾਦੀ – ਉਹ ਜ਼ਿੰਦਗੀ ਵਿੱਚ ਕਦੇ ਨਿਰਾਸ਼ ਨਹੀਂ ਹੁੰਦਾ।  ਉਹ ਜੇਲ੍ਹ ਭੇਜਣ ਕਰਕੇ ਪਿਤਾ ਦਾ ਅਹਿਸਾਨਮੰਦ ਹੁੰਦਾ ਹੈ, ਕਿਉਂਕਿ ਇੱਥੇ ਰਹਿ ਕੇ ਉਸ ਨੂੰ ਨਵੇਂ ਵਿਚਾਰਾਂ ਦਾ ਅਹਿਸਾਸ ਹੋਇਆ ਹੈ ਅਤੇ ਸੰਘਰਸ਼ ਲਈ ਸੇਧ ਮਿਲੀ ਹੈ।

• ਸੁਲਝਿਆ ਹੋਇਆ ਇਨਸਾਨ – ਪੁੱਤਰ ਇਕ ਸੁਲਝਿਆ ਹੋਇਆ ਵਿਅਕਤੀ ਹੈ। ਉਹ ਆਪਣੇ ਪਰਿਵਾਰਕ ਅਤੇ ਸਮਾਜਿਕ ਫ਼ਰਜ਼ਾਂ ਤੋਂ ਜਾਣੂ ਹੈ। ਉਸ ਨੂੰ ਜੇਲ੍ਹ ਵਿੱਚ ਜਾ ਕੇ ਜ਼ਿੰਦਗੀ ਦੇ ਵਰਤਾਰੇ ਬਾਰੇ ਕਾਫ਼ੀ ਨਵੇਂ ਅਨੁਭਵ ਪ੍ਰਾਪਤ ਹੁੰਦੇ ਹਨ ਅਤੇ ਉਸ ਨੂੰ ਪਤਾ ਲਗਦਾ ਹੈ ਕਿ ਸਮਾਜ ਵਿੱਚ ਜੋ ਕੁੱਝ ਗ਼ਲਤ ਹੈ, ਉਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ।

••• ਪਿਤਾ ਦਾ ਪਾਤਰ–ਚਿਤਰਨ •••

• ਜਾਣ–ਪਛਾਣ – ਪਿਤਾ ‘ਨਾਇਕ‘ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਇਕਾਂਗੀ ਵਿੱਚ ਉਹ ਤਿੰਨ ਰੂਪਾਂ ਵਿੱਚ ਸਾਹਮਣੇ ਆਉਂਦਾ ਹੈ–ਪਿਤਾ ਦੇ ਰੂਪ ਵਿੱਚ, ਕੁਰਸੀ ਉੱਤੇ ਬੈਠੇ ਅਫ਼ਸਰ ਦੇ ਰੂਪ ਵਿੱਚ ਤੇ ਕਚਹਿਰੀ ਦੇ ਜੱਜ ਦੇ ਰੂਪ ਵਿੱਚ। ਉਹ ਮੈਟ੍ਰਿਕ ਪਾਸ ਹੈ। ਉਹ ਕਮੇਟੀ ਘਰ ਵਿੱਚ ਸੁਪਰਡੈਂਟ ਦੀ ਨੌਕਰੀ ਕਰਦਾ ਹੋਇਆ ਰਿਟਾਇਰਮੈਂਟ ਲੈਂਦਾ ਹੈ। ਉਸ ਦੀ ਪਤਨੀ ਮਰ ਚੁੱਕੀ ਹੁੰਦੀ ਹੈ। ਉਹ ਸੋਟੀ ਦੇ ਸਹਾਰੇ ਤੁਰਦਾ ਹੈ। ਇਕਾਂਗੀਕਾਰ ਨੇ ਇਕਾਂਗੀ ਵਿੱਚ ਉਸ ਦੇ ਪਾਤਰ ਰਾਹੀਂ ਪੁਰਾਣੀ ਪੀੜ੍ਹੀ ਦੀ ਨਵੀਂ ਪੀੜ੍ਹੀ ਨਾਲ਼ ਟੱਕਰ ਨੂੰ ਪੇਸ਼ ਕੀਤਾ ਹੈ।

• ਪੁਰਾਣੀ ਪੀੜ੍ਹੀ ਦਾ ਪ੍ਰਤੀਨਿਧ – ਇਕਾਂਗੀ ਵਿੱਚ ਪਿਤਾ ਪੁਰਾਣੀ ਪੀੜ੍ਹੀ ਦਾ ਪ੍ਰਤੀਨਿਧ ਹੈ। ਉਹ ਜ਼ਿੰਦਗੀ ਦੇ ਸਥਾਪਿਤ ਨਿਯਮਾਂ ਅਨੁਸਾਰ ਚੱਲਦਾ  ਹੈ ਅਤੇ ਪੁੱਤਰ ਨੂੰ ਵੀ ਉਸ ਰਾਹ ‘ਤੇ ਚੱਲਣ ਲਈ ਕਹਿੰਦਾ ਹੈ। ਇਸ ਕਰਕੇ ਹੀ ਦੋਹਾਂ ਵਿੱਚਕਾਰ ਵਿਰੋਧ ਚੱਲਦਾ ਹੈ। ਉਹ ਨੌਕਰੀ ਪ੍ਰਾਪਤ ਕਰਨ ਲਈ ਸਿਫ਼ਾਰਸ਼ ਦਾ ਸਹਾਰਾ ਲੈਣ ਦੇ ਹੱਕ ਵਿੱਚ ਹੈ।

• ਦਲੀਲ ਨਾਲ਼ ਗੱਲ ਕਰਨ ਵਾਲ਼ਾ – ਪਿਤਾ ਪੁੱਤਰ ਨਾਲ ਗੱਲ–ਬਾਤ ਸਮੇਂ ਪੁਰਾਣੀਆਂ ਦਲੀਲਾਂ ਤੋਂ ਕੰਮ ਲੈਂਦਾ ਹੈ, ਜੋ ਨਵੇਂ ਵਿਚਾਰਾਂ  ਅਨੁਸਾਰ ਢੁੱਕਦੀਆਂ ਨਹੀਂ ਹਨ।  ਉਹ ਆਪਣੇ ਪੁੱਤਰ ਨੂੰ ਆਪਣੇ ਵਿਚਾਰਾਂ ਅਨੁਸਾਰ ਚਲਾਉਣਾ ਚਾਹੁੰਦਾ ਹੈ।

• ਦੇਸ਼–ਭਗਤੀ ਦੇ ਭਾਵ ਰੱਖਣ ਵਾਲ਼ਾ – ਉਸ ਵਿੱਚ ਦੇਸ਼–ਭਗਤੀ ਦੇ ਭਾਵ ਵੀ ਭਰੇ ਹਨ। ਉਸ ਦਾ ਵਿਸ਼ਵਾਸ ਹੈ ਕਿ ਜੇ ਦੇਸ ਦਾ ਕੁੱਝ ਬਣੇਗਾ, ਤਾਂ ਹੀ ਲੋਕਾਂ ਦਾ ਕੁੱਝ ਬਣੇਗਾ। ਇਸ ਲਈ ਪਹਿਲਾਂ ਦੇਸ ਦੇ ਬਾਰੇ ਸੋਚਣਾ ਚਾਹੀਦਾ ਹੈ।

• ਗੱਲ ਦੇ ਉਲਟੇ ਮਤਲਬ ਕੱਢਣ ਵਾਲ਼ਾ – ਉਹ ਸਧਾਰਨ ਅਤੇ ਸਿੱਧੀ ਗੱਲ ਦੇ ਵੀ ਉਲਟ ਅਰਥ ਕੱਢਦਾ ਹੈ। ਉਹ ਪੁੱਤਰ ਦੁਆਰਾ ਪਿਤਾ ਦੇ ਬੁਢਾਪੇ ਵਿੱਚ ਸਹਾਇਤਾ ਨਾ ਕਰਨ ਨੂੰ ਸ਼ਰਮ ਦੀ ਗੱਲ ਸਮਝਣ ਸਬੰਧੀ ਕਹਿਣ ਕਰਕੇ ਸ਼ਬਦਾਂ ਦੇ ਉਲਟੇ ਅਰਥ ਕੱਢਦਾ ਹੋਇਆ ਕਹਿੰਦਾ ਹੈ ਕਿ ਉਸ ਨੇ ਹੁਣ ਇਹ ਫ਼ੈਸਲਾ ਕਰ ਲਿਆ ਕਿ ਉਹ ਮੇਰੇ ਲਈ ਕੁੱਝ ਨਹੀਂ ਕਰੇਗਾ, ਸਿਰਫ਼ ਸ਼ਰਮ ਕਰਕੇ ਆਪਣਾ ਫ਼ਰਜ਼ ਭੁਲਾ ਦੇਵੇਗਾ।

• ਪੁੱਤਰ–ਪਿਆਰ ਨਾਲ਼ ਭਰਪੂਰ – ਪਿਤਾ ਦੇ ਰੂਪ ਵਿੱਚ ਉਹ ਪੁੱਤਰ ਪਿਆਰ ਨਾਲ ਭਰਪੂਰ ਹੈ। ਉਹ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਰਾਤ ਨੂੰ ਪੁੱਤਰ ਦੇ ਸੌਣ ਮਗਰੋਂ ਉਸ ਦੇ ਸਿਰ ਉੱਪਰ ਪਿਆਰ ਨਾਲ਼ ਹੱਥ ਫੇਰਦਾ ਹੈ। ਉਹ ਪੁੱਤਰ ਨੂੰ ਜੇਲ੍ਹ ਵਿੱਚ ਮਿਲਣ ਵੀ ਜਾਂਦਾ ਹੈ ਅਤੇ ਉਸ ਦੇ ਵਿਚਾਰਾਂ ਵਿੱਚ ਦਿਲਚਸਪੀ ਲੈਂਦਾ ਹੋਇਆ ਉਸ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਉਸ ਦੇ ਨਾਲ਼ ਸੰਘਰਸ਼ ਵਿੱਚ ਸ਼ਾਮਲ ਹੋ ਜਾਣਾ ਚਾਹੁੰਦਾ ਹੈ।

• ਸਥਿਤੀ ਅਨੁਸਾਰ ਬਦਲ ਜਾਣ ਵਾਲ਼ਾ – ਉਹ ਪਹਿਲਾਂ ਇਹ ਚਾਹੁੰਦਾ ਹੈ ਕਿ ਉਸ ਦਾ ਪੁੱਤਰ ਉਸਦੇ ਕਹਿਣ ਅਨੁਸਾਰ  ਚੱਲ ਕੇ ਨੌਕਰੀ ਪ੍ਰਾਪਤ ਕਰ ਲਵੇ, ਪਰ ਸਮੇਂ ਅਨੁਸਾਰ ਉਹ ਆਪਣੇ ਆਪ ਨੂੰ ਬਦਲ ਲੈਂਦਾ ਹੈ ਅਤੇ ਪੁੱਤਰ ਨਾਲ਼ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਜਾਂਦਾ ਹੈ।

••• ਵਾਰਤਾਲਾਪ ਸਬੰਧੀ ਪ੍ਰਸ਼ਨ •••

1. “ਇਕ ਚੌਂਕ ‘ਚ ਖੜ੍ਹਾ ਸਿਪਾਹੀ ਹਰ ਇਕ ਕਾਰ ਵਾਲ਼ੇ ਨੂੰ ਰੋਕ ਸਕਦਾ ਏ, ਪਰ ਇਹਦਾ ਇਹ ਮਤਲਬ ਨਹੀਂ ਕਿ ਉਹਦਾ ਰੁਤਬਾ ਕਾਰ ਵਾਲ਼ਿਆਂ ਨਾਲ਼ੋਂ ਉੱਚਾ ਹੈ।”

ਪ੍ਰਸ਼ਨ  –     (1) ਇਹ ਸ਼ਬਦ ਕਿਹੜੇ ਇਕਾਂਗੀ ਵਿਚੋਂ ਹਨ?

(2) ਇਸ ਇਕਾਂਗੀ ਦਾ ਲੇਖਕ ਕੌਣ ਹੈ?

(3) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

(4) ਕਿਸ ਦਾ ਰੁਤਬਾ ਕਿਸ ਦੇ ਬਰਾਬਰ ਨਹੀਂ ਹੁੰਦਾ?  

ਉੱਤਰ  –     (1) ਨਾਇਕ।  

(2) ਗੁਰਸ਼ਰਨ ਸਿੰਘ।

              (3) ਇਹ ਸ਼ਬਦ ਪੁੱਤਰ ਨੇ ਪਿਤਾ ਨੂੰ ਕਹੇ।

               (4) ਚੌਂਕ ਵਿੱਚ ਖੜ੍ਹੇ ਸਿਪਾਹੀ ਦਾ ਲੰਘ ਰਹੀ ਕਾਰ ਵਾਲ਼ੇ ਦੇ ਬਰਾਬਰ।

2. “ਨਹੀਂ ਇਹ ਗੱਲ ਨਹੀਂ, ਮੈਂ ਆਪਣੇ ਪੈਰਾਂ ‘ਤੇ ਖਲੋਣਾ ਚਾਹੁੰਦਾ ਹਾਂ, ਪਰ ਤੁਸੀਂ ਮੇਰੀ ਇਹ ਗੱਲ ਨਹੀਂ ਸਮਝੋਗੇ।”

ਪ੍ਰਸ਼ਨ  –    (1) ਇਹ ਸ਼ਬਦ ਕਿਹੜੇ ਇਕਾਂਗੀ ਵਿਚੋਂ ਹਨ?

(2) ਇਸ ਇਕਾਂਗੀ ਦਾ ਲੇਖਕ ਕੌਣ ਹੈ?

(3) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

               (4) ਇਹ ਸ਼ਬਦ ਬੋਲਣ ਵਾਲ਼ੇ ਦਾ ਸੁਭਾ ਕਿਹੋ ਜਿਹਾ ਹੈ?  

ਉੱਤਰ – (1) ਨਾਇਕ।  

(2) ਗੁਰਸ਼ਰਨ ਸਿੰਘ।

(3) ਇਹ ਸ਼ਬਦ ਪੁੱਤਰ ਨੇ ਪਿਤਾ ਨੂੰ ਕਹੇ।

               (4) ਸਵੈ–ਵਿਸ਼ਵਾਸ ਵਾਲ਼ਾ।

3. “ਮੈਂ ਜਜ਼ਬਿਆਂ ਦੀ ਕਦਰ ਕਰਦਾ ਹਾਂ, ਨੌਜਵਾਨਾਂ ਵਿੱਚ ਇਹੋ ਜਿਹਾ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ।”

ਪ੍ਰਸ਼ਨ  –     (1) ਇਹ ਸ਼ਬਦ ਕਿਹੜੇ ਇਕਾਂਗੀ ਵਿਚੋਂ ਹਨ?

(2) ਇਸ ਇਕਾਂਗੀ ਦਾ ਲੇਖਕ ਕੌਣ ਹੈ?

(3) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

               (4) ਕਿਹੜੇ ਜਜ਼ਬਿਆਂ ਦੀ ਕਦਰ ਕੀਤੀ ਗਈ ਹੈ?  

ਉੱਤਰ  –      (1) ਨਾਇਕ।  

(2) ਗੁਰਸ਼ਰਨ ਸਿੰਘ।

(3) ਇਹ ਸ਼ਬਦ ਪਿਤਾ ਨੇ ਪੁੱਤਰ ਨੂੰ ਕਹੇ।

               (4) ਸਿਫ਼ਾਰਸ਼ ਦਾ ਸਹਾਰਾ ਨਾ ਲੈਣ ਵਾਲੇ।

4. ‘‘ਕੋਈ ਐਸਾ ਉਮੀਦਵਾਰ ਵੀ ਆ ਸਕਦਾ ਹੈ, ਜਿਸ ਦੇ ਨੰਬਰ ਭਾਵੇਂ ਥੋੜ੍ਹੇ ਹੋਣ, ਪਰ ਉਸਦੀ ਸਿਫ਼ਾਰਸ਼ ਬਹੁਤੀ

ਹੋਵੇ, ਉਸ ਦੀ ਲਿਆਕਤ ਘੱਟ ਹੋਵੇ, ਪਰ ਮੁੱਲ ਬਹੁਤ ਹੋਵੇ।”

ਪ੍ਰਸ਼ਨ  –      (1) ਇਹ ਸ਼ਬਦ ਕਿਹੜੇ ਇਕਾਂਗੀ ਵਿਚੋਂ ਹਨ?

(2) ਇਸ ਇਕਾਂਗੀ ਦਾ ਲੇਖਕ ਕੌਣ ਹੈ?

(3) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

(4) ਇਸ ਵਾਰਤਾਲਾਪ ਅਨੁਸਾਰ ਕਿਸ ਉਮੀਦਵਾਰ ਨੂੰ ਨੌਕਰੀ ਮਿਲ ਸਕਦੀ ਹੈ?  

ਉੱਤਰ  – (1) ਨਾਇਕ।  

(2) ਗੁਰਸ਼ਰਨ ਸਿੰਘ।

(3) ਇਹ ਸ਼ਬਦ ਪਿਤਾ ਨੇ ਪੁੱਤਰ ਨੂੰ ਕਹੇ।

               (4) ਲਿਆਕਤ ਘੱਟ ਹੋਣ ਦੇ ਬਾਵਜੂਦ ਵੀ ਵੱਡੀ ਸਿਫ਼ਾਰਸ਼  ਵਾਲ਼ੇ ਨੂੰ।

5. “ਇਹ ਤੁਹਾਡੀ ਪੀੜੀ ਦੀ ਆਦਤ ਬਣ ਗਈ ਏ ਹਰ ਚੀਜ਼ ਨੂੰ ਉਲਟਾ ਕਰਕੇ ਦੇਖੋ।”

ਪ੍ਰਸ਼ਨ  –     (1) ਇਹ ਸ਼ਬਦ ਕਿਹੜੇ ਇਕਾਂਗੀ ਵਿਚੋਂ ਹਨ?

(2) ਇਸ ਇਕਾਂਗੀ ਦਾ ਲੇਖਕ ਕੌਣ ਹੈ?

(3) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

(4) ਇਸ ਵਿੱਚ ਕਿਹੜੀ ਪੀੜ੍ਹੀ ਦੀ ਆਦਤ ਦੀ ਗੱਲ ਕੀਤੀ ਗਈ ਹੈ?  

ਉੱਤਰ  –     (1) ਨਾਇਕ।  

(2) ਗੁਰਸ਼ਰਨ ਸਿੰਘ।

               (3) ਇਹ ਸ਼ਬਦ ਪਿਤਾ ਨੇ ਪੁੱਤਰ ਨੂੰ ਕਹੇ।

                (4) ਨੌਜਵਾਨ ਪੀੜ੍ਹੀ ਦੀ।

••• ਵਸਤੂਨਿਸ਼ਠ ਪ੍ਰਸ਼ਨ •••

ਪ੍ਰਸ਼ਨ 1. ‘ਨਾਇਕ’ ਇਕਾਂਗੀ ਕਿਸ ਦੀ ਰਚਨਾ ਹੈ?

ਉੱਤਰ – ਗੁਰਸ਼ਰਨ ਸਿੰਘ ਦੀ।   

ਪ੍ਰਸ਼ਨ 2. ‘ਨਾਇਕ’ ਇਕਾਂਗੀ ਦੇ ਕਿੰਨੇ ਪਾਤਰ ਹਨ?

ਉੱਤਰ – ਤਿੰਨ।

ਪ੍ਰਸ਼ਨ 3. ਇੱਕ ਨੌਜਵਾਨ ਪੁੱਤਰ ਕਿਸ ਇਕਾਂਗੀ ਦਾ ਪਾਤਰ ਹੈ?

ਉੱਤਰ – ਨਾਇਕ।  

ਪ੍ਰਸ਼ਨ 4. ‘ਨਾਇਕ‘ ਇਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ?

ਉੱਤਰ – ਤਿੰਨ – ਪਿਤਾ ,ਅਫ਼ਸਰ ਤੇ ਜੱਜ।

ਪ੍ਰਸ਼ਨ 5. ਪਿਤਾ ਅਨੁਸਾਰ ਉਨ੍ਹਾਂ ਦੇ ਸਮੇਂ ਦਸਵੀਂ ਪਾਸ ਦੀ ਲਿਆਕਤ ਅੱਜ ਦੇ ਕਿੰਨੇ ਪੜ੍ਹੇ ਦੇ ਬਰਾਬਰ ਹੈ?  

ਉੱਤਰ – ਐੱਮ. ਏ.।

ਪ੍ਰਸ਼ਨ 6. ਪਿਤਾ ਦੀ ਪੀੜ੍ਹੀ ਦੀ ਕੀ ਆਦਤ ਸੀ?

ਉੱਤਰ – ਉਮੀਦਾਂ ਲਾਉਣੀਆਂ।

ਪ੍ਰਸ਼ਨ 7. ਪੁੱਤਰ ਦੀ ਪੀੜ੍ਹੀ ਨੂੰ ਜਿਊਣ ਲਈ ਕੀ ਕਰਨਾ ਪੈਂਦਾ ਹੈ?

ਉੱਤਰ – ਸੰਘਰਸ਼।

ਪ੍ਰਸ਼ਨ 8. ਪੁੱਤਰ ਦਾ ਨਾਂ ਕੀ ਹੈ?

ਉੱਤਰ – ਸੁਖਦੇਵ ਸਿੰਘ।

ਪ੍ਰਸ਼ਨ 9. ਪੁੱਤਰ ਨੇ ਮੈਟਿਕ, ਬੀ. ਏ. ਤੇ ਐੱਮ.ਏ. ਕਿਹੜੇ ਦਰਜੇ ਨਾਲ਼ ਪਾਸ ਕੀਤੀਆਂ ਹਨ?

ਉੱਤਰ – ਪਹਿਲੇ ਦਰਜੇ ਨਾਲ਼।

ਪ੍ਰਸ਼ਨ 10. ਪੁੱਤਰ ਅਨੁਸਾਰ ਪਿਤਾ ਤੇ ਉਸ ਦੀ ਪੀੜ੍ਹੀ ਨੇ ਕੀ ਬਰਦਾਸ਼ਤ ਕੀਤਾ ਹੈ?

ਉੱਤਰ – ਬੁਜ਼ਦਿਲੀ।

ਪ੍ਰਸ਼ਨ 11. ਜਦੋਂ ਪਿਤਾ ਜੱਜ ਦੀ ਕੁਰਸੀ ਉੱਤੇ ਬੈਠਾ ਹੈ, ਤਾਂ ਪੁੱਤਰ ਕਿੱਥੇ ਖੜ੍ਹਾ ਹੈ?

ਉੱਤਰ – ਕਟਹਿਰੇ ਵਿੱਚ।

ਪ੍ਰਸ਼ਨ 12. ਜੱਜ ਕਿਸ ਆਧਾਰ ‘ਤੇ ਇਨਸਾਫ਼ ਕਰਦਾ ਹੈ?

ਉੱਤਰ – ਗੁਵਾਹੀਆਂ ਦੇ।

ਪ੍ਰਸ਼ਨ 13. ਕਚਹਿਰੀ ਵਿੱਚ ਝੂਠ ਨੂੰ ਕਿਸ ਚੀਜ਼ ਦੀ ਪੁੱਠ ਦਿੱਤੀ ਜਾਂਦੀ ਹੈ?

ਉੱਤਰ – ਧਾਰਮਿਕਤਾ ਦੀ/ਪਵਿੱਤਰਤਾ ਦੀ।

ਪ੍ਰਸ਼ਨ 14. ਪੁੱਤਰ ਅਨੁਸਾਰ ਦੇਸ ਵਿੱਚ ਹੋ ਰਹੇ ਅਪਰਾਧਾਂ ਦਾ ਜ਼ਿੰਮੇਵਾਰ ਕੌਣ ਹੈ?

ਉੱਤਰ – ਕੁਰਸੀਆਂ ਉੱਤੇ ਬੈਠੇ ਲੋਕ।

ਪ੍ਰਸ਼ਨ 15. ਪੁੱਤਰ ਅਨੁਸਾਰ ਨੌਜਵਾਨਾਂ ਵਿੱਚ ਕਿਹੋ ਜਿਹੀ ਭਾਵਨਾ ਪੈਦਾ ਹੋ ਰਹੀ ਹੈ?

ਉੱਤਰ – ਵਿਦਰੋਹ ਦੀ।

ਪ੍ਰਸ਼ਨ 16. ਪੁੱਤਰ ਕਿਸ ਕਵੀ ਦੀ ਕਵਿਤਾ ਦਾ ਹਵਾਲਾ ਦਿੰਦਾ ਹੈ?

ਉੱਤਰ – ਸਰਬਜੀਤ ਸਿੰਘ ਬੇਦੀ ਦੀ।

ਪ੍ਰਸ਼ਨ 17. ਜੱਜ ਪੁੱਤਰ ਨੂੰ ਕਿੰਨੀ ਸਜ਼ਾ ਦਿੰਦਾ ਹੈ?

ਉੱਤਰ – ਇਕ ਸਾਲ ਕੈਦ।

ਪ੍ਰਸ਼ਨ 18. ਇਕਾਂਗੀ ਦੇ ਅੰਤ ਵਿੱਚ ਪਿਤਾ ਤੇ ਪੁੱਤਰ ਦੀ ਮੁਲਾਕਾਤ ਕਿੱਥੇ ਹੁੰਦੀ ਹੈ?

ਉੱਤਰ – ਜੇਲ੍ਹ ਵਿੱਚ।

ਪ੍ਰਸ਼ਨ 19. ਪੁੱਤਰ ਨੂੰ ਸਾਬਤ ਸਿਰ ਦੇ ਨਾਲ਼ ਹੋਰ ਕਿਸ ਗੱਲ ਦੀ ਲੋੜ ਅਨੁਭਵ ਹੋਈ ਸੀ?   

ਉੱਤਰ – ਸੋਚਵਾਨ ਸਿਰ ਦੀ।

ਪ੍ਰਸ਼ਨ 20. ਅੰਤ ਵਿੱਚ ਪਿਤਾ ਕਿਸ ਨਾਲ਼ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕਰਦਾ ਹੈ?

ਉੱਤਰ  – ਪੁੱਤਰ ਨਾਲ਼।

.

.

TAGGED:
Share This Article
Leave a Comment

Leave a Reply

Your email address will not be published. Required fields are marked *