ਦੀਵਾਲੀ ਲੇਖ diwali-essay-in-punjabi (8th Punjabi)

ਦੀਵਾਲੀ

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਕੁੱਝ ਤਿਉਹਾਰ ਸਾਡੇ ਇਤਿਹਾਸਿਕ ਵਿਰਸੇ ਨਾਲ ਸੰਬੰਧਿਤ ਹਨ ਅਤੇ ਕੁੱਝ ਧਾਰਮਿਕ ਵਿਰਸੇ ਨਾਲ। ਕਈਆਂ ਦਾ ਸੰਬੰਧ ਰੁੱਤਾਂ ਨਾਲ ਹੈ, ਕਈਆਂ ਦਾ ਇਤਿਹਾਸਿਕ ਘਟਨਾਵਾਂ ਨਾਲ ਅਤੇ ਕਈਆਂ ਦਾ ਧਾਰਮਿਕ ਵਿਸ਼ਵਾਸਾਂ ਅਤੇ ਘਟਨਾਵਾਂ ਨਾਲ ਹੈ । ਦੀਵਾਲੀ ਭਾਰਤ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਇਕ ਅਜਿਹਾ ਹੀ ਤਿਉਹਾਰ ਹੈ। ਇਸ ਦਾ ਸੰਬੰਧ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੈ।

ਘਰਾਂ ਦੀ ਸਫ਼ਾਈ : ਦੀਵਾਲੀ ਦਾ ਤਿਉਹਾਰ ਚੜ੍ਹਦੇ ਸਿਆਲ ਵਿਚ ਕੱਤਕ ਦੀ ਮੱਸਿਆ ਨੂੰ ਆਉਂਦਾ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਫ਼ਾਈ ਆਰੰਭ ਕਰਦੇ ਹਨ ਤੇ ਮਕਾਨਾਂ ਨੂੰ ਸਫ਼ੈਦੀ ਤੇ ਰੰਗ ਕਰਾਉਂਦੇ ਹਨ।

ਇਤਿਹਾਸਿਕ ਪਿਛੋਕੜ : ਇਸ ਤਿਉਹਾਰ ਦਾ ਸੰਬੰਧ ਉਸ ਦਿਨ ਨਾਲ ਹੈ, ਜਦੋਂ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਰਤੇ ਸਨ। ਉਸ ਦਿਨ ਲੋਕਾਂ ਨੇ ਖ਼ੁਸ਼ੀ ਵਿਚ ਦੀਪਮਾਲਾ ਕੀਤੀ ਸੀ ਤੇ ਉਸ ਦਿਨ ਦੀ ਯਾਦ ਵਿਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਸੰਬੰਧ ਸਿੱਖ ਇਤਿਹਾਸ ਨਾਲ ਵੀ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ! ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ-ਯੋਗ ਹੁੰਦੀ ਹੈ । ਇਸੇ ਲਈ ਇਹ ਅਖਾਣ ਪ੍ਰਸਿੱਧ ਹੈ-

ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ ।

ਲੋਕਾਂ ਦਾ ਚਾ ਤੇ ਉਤਸਾਹ : ਦੀਵਾਲੀ ਦੇ ਦਿਨ ਲੋਕਾਂ ਵਿਚ ਬੜਾ ਚਾ ਤੇ ਉਤਸਾਹ ਹੁੰਦਾ ਹੈ। ਬਜ਼ਾਰ ਸਜੇ-ਫ਼ਬੇ ਹੁੰਦੇ ਹਨ। ਪਟਾਕਿਆਂ, ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਲੋਕ ਪਟਾਕੇ, ਮਠਿਆਈਆਂ, ਖਿਡੌਣੇ ਤੇ ਸਜਾਵਟ ਦਾ ਸਮਾਨ ਖ਼ਰੀਦਦੇ ਹਨ।

ਦੀਪਮਾਲਾ ਤੇ ਆਤਸ਼ਬਾਜ਼ੀ : ਹਨੇਰਾ ਹੋਣ ਤੇ ਲੋਕ ਆਪਣੇ-ਆਪਣੇ ਘਰਾਂ ਵਿਚ ਦੀਪਮਾਲਾ ਕਰਦੇ ਹਨ। ਕੋਈ ਦੀਵੇ ਜਗਾਉਂਦਾ ਹੈ, ਕੋਈ ਮੋਮਬੱਤੀਆਂ ਅਤੇ ਕੋਈ ਬਿਜਲੀ ਦੇ ਰੰਗ-ਬਰੰਗੇ ਲਾਟੂ ਤੇ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ। ਚਾਰ-ਚੁਫੇਰਾ ਚਾਨਣ ਨਾਲ ਭਰ ਜਾਂਦਾ ਹੈ। ਲੋਕ ਮੰਦਰਾਂ ਅਤੇ ਗੁਰਦੁਆਰਿਆਂ ਵਿਚ ਰੌਸ਼ਨੀ ਕਰਦੇ ਹਨ ਤੇ ਮੱਥਾ ਟੇਕਣ ਜਾਂਦੇ ਹਨ। ਚਾਰੇ ਪਾਸਿਓਂ ਪਟਾਕੇ ਚੱਲਣ ਦੀਆਂ ਅਵਾਜ਼ਾਂ ਆਉਂਦੀਆਂ ਹਨ। ਅਸਮਾਨਾਂ ਵਲ ਚੜ ਰਹੀਆਂ ਆਤਸ਼ਬਾਜ਼ੀਆਂ ਤੇ ਹਵਾਈਆਂ ਹਨੇਰੇ ਵਿਚ ਰੰਗ-ਬਰੰਗੇ ਚੰਗਿਆੜੇ ਕੱਢ ਕੇ ਤੇ ਅੱਗ ਦੇ ਰੰਗ-ਬਰੰਗੇ ਫੁੱਲਾਂ ਦੀ ਵਰਖਾ ਕਰਦੀਆਂ ਹੋਈਆਂ ਵਾਤਾਵਰਨ ਨੂੰ ਬਹੁਤ ਹੀ ਦਿਲ-ਖਿੱਚਵਾਂ ਬਣਾ ਦਿੰਦੀਆਂ ਹਨ।.

ਲੱਛਮੀ ਦੀ ਪੂਜਾ: ਇਸ ਰਾਤ ਲੋਕ ਭਾਂਤ-ਭਾਂਤ ਦੀਆਂ ਮਠਿਆਈਆਂ ਤੇ ਹੋਰ ਮਨ-ਭਾਉਂਦੀਆਂ ਚੀਜ਼ਾਂ ਖਾਂਦੇ ਹਨ। ਸਾਰੀ ਰਾਤ ਲੱਛਮੀ ਦੀ ਪੂਜਾ ਹੁੰਦੀ ਹੈ, ਲੋਕ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ, ਤਾਂ ਜੋ ਲੱਛਮੀ ਉਹਨਾਂ ਦੇ ਘਰ ਆ ਸਕੇ ।

ਪਵਿੱਤਰ ਰੱਖਣ ਦੀ ਲੋੜ : ਦੀਵਾਲੀ ਦੀ ਰਾਤ ਨੂੰ ਕਈ ਲੋਕ ਸ਼ਰਾਬਾਂ ਪੀਂਦੇ, ਜੂਆ ਖੇਡਦੇ ਤੇ ਟੂਣੇ ਆਦਿ ਕਰਦੇ ਹਨ। ਇਹ ਬਹੁਤ ਬੁਰੀ ਗੱਲ ਹੈ। ਇਹ ਗੱਲਾਂ ਨਾ ਨੈਤਿਕ ਤੌਰ ‘ਤੇ ਚੰਗੀਆਂ ਹਨ ਅਤੇ ਨਾ ਹੀ ਸਮਾਜਿਕ ਤੌਰ ‘ਤੇ। ਸਾਨੂੰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤੇ ਦੀਵਾਲੀ ਦੇ ਤਿਉਹਾਰ ਨੂੰ ਵੱਧ ਤੋਂ ਵੱਧ ਪਵਿੱਤਰ ਬਣਾਉਣਾ ਚਾਹੀਦਾ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *