ਪਾਠ-5 ਬੈਂਕ ਅਤੇ ਬੈਂਕਿੰਗ ਗਤੀਵਿਧੀਆਂ
ਭਾਗ (ੳ)
ਬੈਂਕਾਂ ਬਾਰੇ ਜਾਣਕਾਰੀ:-
ਬਹੁਵਿਕਲਪੀ ਪ੍ਰਸ਼ਨ
1. ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਦੂਜੀ ਅਨੁਸੂਚੀ ਵਿੱਚ ਸ਼ਾਮਲ ਬੈਂਕਾਂ ਨੂੰ ਕਿਹਾ ਜਾਂਦਾ ਹੈ:-
ੳ) ਅਨੁਸੂਚਿਤ ਬੈਂਕ (✓) ਅ) ਗੈਰ-ਅਨੁਸੂਚਿਤ ਬੈਂਕ
ੲ) ਵਪਾਰਕ ਬੈਂਕ ਸ) ਵਿਕਾਸ ਬੈਂਕ
2. ਬੈਂਕ ਜੋ ਹੋਰ ਕਿਸਮ ਦੇ ਬੈਂਕਿੰਗ ਕਾਰੋਬਾਰ ਜਿਸ ਵਿਚ ਵਿੱਤ ਤੇ ਵਪਾਰ ਸ਼ਾਮਲ ਹੈ, ਨੂੰ ਸੰਭਾਲਦੇ ਹਨ, ਅਖਵਾਉਂਦੇ ਹਨ?
ੳ) ਅਨੁਸੂਚਿਤ ਬੈਂਕ ਅ) ਗੈਰ-ਅਨੁਸੂਚਿਤ ਬੈਂਕ
ੲ) ਵਪਾਰਕ ਬੈਂਕ (✓) ਸ) ਵਿਕਾਸ ਬੈਂਕ
3. ………………………………………. ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਸੀ:-
ੳ) ਸਹਿਕਾਰੀ ਬੈਂਕ ਅ) ਖੇਤਰੀ ਪੇਂਡੂ ਬੈਂਕ (✓)
ੲ) ਵਪਾਰਕ ਬੈਂਕ ਸ) ਵਿਕਾਸ ਬੈਂਕ
4. …………………………………………. ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਹੁੰਦਾ ਹੈ:-
ੳ) ਜਨਤਕ ਖੇਤਰ ਦੇ (✓) ਅ) ਨਿੱਜੀ ਖੇਤਰ ਦੇ
ੲ) ਕੇਂਦਰੀ ਸ) ਐਕਸਚੇਂਜ ਜਾਂ ਵਟਾਂਦਰਾ
5. ………………………………………. ਮੂਲ਼ੋਂ ਵਿਦੇਸ਼ੀ ਬੈਂਕ ਹਨ ਅਤੇ ਉਨ੍ਹਾਂ ਦੇ ਮੁੱਖ ਦਫਤਰ ਉਨ੍ਹਾਂ ਦੇ ਮੂਲ ਸਥਾਨਾਂ ਤੇ ਹੀ ਸਥਿੱਤ ਹੁੰਦੇ ਹਨ:-
ੳ) ਅਮਰੀਕਨ ਬੈਂਕ ਅ) ਵਿਦੇਸ਼ੀ ਬੈਂਕ (✓)
ੲ) ਘਰੇਲੂ ਬੈਂਕ ਸ) ਸਟੇਟ ਬੈਂਕ
ਭਾਗ (ਅ)
ਚੈੱਕ ਬਾਰੇ ਜਾਣਕਾਰੀ:-
1. ……………………………………………. ਇਕ ਅਜਿਹਾ ਦਸਤਾਵੇਜ਼ ਹੁੰਦਾ ਹੈ, ਜੋ ਬੈਂਕ ਦੇ ਖਾਤੇ ਵਿੱਚੋਂ ਭੁਗਤਾਨ ਦਾ ਆਦੇਸ਼ ਦਿੰਦਾ ਹੈ:-
ੳ) ਡਿਮਾਂਡ ਡਰਾਫਟ ਅ) ਫਿਕਸਡ ਡਿਪਾਜ਼ਿਟ
ੲ) ਚੈੱਕ (✓) ਸ) ਡੈਬਿਟ ਕਾਰਡ
2. ………………………………………………… ਚੈੱਕ ਨੂੰ ਫੰਡ ਲੈਣ ਵਾਲੇ ਖਾਤੇ ਵੱਲ ਤੋਰਨ ਵਿੱਚ ਸਹਾਈ ਹੁੰਦਾ ਹੈ:-
ੳ) MICR ਕੋਡ (✓) ਅ) IFSC ਕੋਡ
ੲ) ਖਾਤਾ ਨੰਬਰ ਸ) ਚੈੱਕ ਨੰਬਰ
3. …………………………………………………. 11 ਅੱਖਰਾਂ ਦਾ ਇਕ ਕੋਡ ਹੁੰਦਾ ਹੈ, ਜੋ ਉਸ ਬੈਂਕ ਤੇ ਉਸਦੀ ਸ਼ਾਖਾ ਦੀ ਪਛਾਣ ਕਰਵਾਉਂਦਾ ਹੈ, ਜਿਸ ਵਿਚ ਖਾਤਾ ਹੈ:-
ੳ) MICR ਕੋਡ ਅ) IFSC ਕੋਡ (✓)
ੲ) ਖਾਤਾ ਨੰਬਰ ਸ) ਚੈੱਕ ਨੰਬਰ
ਭਾਗ (ੲ)
ਬੈਂਕ ਖਾਤਿਆਂ ਸਬੰਧੀ ਜਾਣਕਾਰੀ:-
ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿਓ:-
ਪ੍ਰਸ਼ਨ 1. ਬੈਂਕਾਂ ਵਿੱਚ ਖਾਤੇ ਕਿੰਨੇ ਕਿਸਮਾਂ ਦੇ ਹੋ ਸਕਦੇ ਹਨ? ਨਾਮ ਲਿਖੋ।
ਉੱਤਰ – ਆਮ ਤੌਰ ਤੇ ਬੈਂਕ ਖਾਤੇ ਚਾਰ ਕਿਸਮਾਂ ਦੇ ਹੁੰਦੇ ਹਨ:- 1. ਚਲੰਤ ਖਾਤਾ (Current ਅਕਾਊਂਟ) 2. ਬੱਚਤ ਖਾਤਾ (ਸੇਵਿੰਗ ਅਕਾਊਂਟ)
3. ਮਿਆਦੀ ਖਾਤਾ (R.D. ਅਕਾਊਟ) 4. ਪੱਕਾ ਜਮ੍ਹਾਂ ਖਾਤਾ ( F.D. ਅਕਾਊਟ)
ਪ੍ਰਸ਼ਨ 2. ਕਿਸੇ ਵਪਾਰੀ ਵੱਲੋਂ ਆਪਣੇ ਰੋਜਾਨਾ ਕੰਮ-ਕਾਰ ਸਬੰਧੀ ਖੋਲ੍ਹੇ ਗਏ ਖਾਤੇ ਨੂੰ ਕੀ ਆਖਦੇ ਹਨ?
ਉੱਤਰ – ਕਿਸੇ ਵਪਾਰੀ ਵੱਲੋਂ ਆਪਣੇ ਰੋਜ਼ਾਨਾ ਕੰਮਕਾਰ ਸਬੰਧੀ ਖੋਲ੍ਹੇ ਗਏ ਖਾਤੇ ਨੂੰ ਚਲੰਤ ਖਾਤਾ ( Current ਅਕਾਊਂਟ) ਆਖਦੇ ਹਨ।
ਪ੍ਰਸ਼ਨ 3. ਬੈਂਕਾਂ ਵਿੱਚ ਸਭ ਤੋਂ ਵੱਧ ਲੋਕਪ੍ਰਿਯ ਖਾਤੇ ਕਿਹੜੀ ਕਿਸਮ ਦੇ ਖੋਲ੍ਹੇ ਗਏ ਹਨ?
ਉੱਤਰ – ਬੱਚਤ ਖ਼ਾਤੇ ( ਸੇਵਿੰਗ ਅਕਾਊਂਟਸ ) ਸਭ ਤੋਂ ਲੋਕਪ੍ਰਿਯ ਖਾਤੇ ਹੁੰਦੇ ਹਨ।
ਪ੍ਰਸ਼ਨ 4. ਚਲੰਤ ਖਾਤੇ ਨਾਲੋਂ ਬੱਚਤ ਖਾਤਾ ਕਿਹੜੇ ਪੱਖੋਂ ਵੱਧ ਲਾਹੇਵੰਦ ਹੁੰਦਾ ਹੈ?
ਉੱਤਰ – ਚਲੰਤ ਖਾਤੇ ਵਿੱਚ ਸਾਨੂੰ ਘੱਟੋ- ਘੱਟ ਰਾਸ਼ੀ ਵਜੋਂ ਕਾਫੀ ਧਨ ਹਮੇਸ਼ਾ ਜਮ੍ਹਾਂ ਰੱਖਣਾ ਪੈਂਦਾ ਹੈ ਅਤੇ ਇਸ ਪੈਸੇ ਤੇ ਵਿਆਜ ਵੀ ਨਹੀਂ ਮਿਲਦਾ। ਬਚਤ ਖਾਤੇ ਵਿੱਚ ਘੱਟ ਤੋਂ ਘੱਟ ਰੱਖਣ ਯੋਗ ਰਾਸ਼ੀ ਕਾਫੀ ਘੱਟ ਹੁੰਦੀ ਹੈ। ਇਸ ਖਾਤੇ ਵਿੱਚ ਜਮ੍ਹਾਂ ਰਾਸ਼ੀ ਤੇ ਵਿਆਜ ਵੀ ਮਿਲਦਾ ਹੈ।
ਪ੍ਰਸ਼ਨ 5. ਮਿਆਦੀ ਖਾਤਾ ਕਿਹੜੀ ਕਿਸਮ ਜਾਂ ਕਿਹੜੇ ਕੰਮਾਂ ਦੇ ਲੋਕਾਂ ਲਈ ਖੋਲ੍ਹਿਆ ਜਾਣਾ ਸਹੀ ਰਹਿੰਦਾ ਹੈ?
ਉੱਤਰ- ਮਿਆਦੀ ਖਾਤਾ (R.D.) ਉਦੋਂ ਖੋਲ੍ਹਿਆ ਜਾਣਾ ਸਹੀ ਰਹਿੰਦਾ ਹੈ ਜਦੋਂ ਅਸੀਂ ਕੁਝ ਸਾਲਾਂ ਲਈ, ਹਰ ਮਹੀਨੇ ਪੈਸੇ ਪੱਕੇ ਤੌਰ ਤੇ ਜਮ੍ਹਾਂ ਕਰਵਾਉਣੇ ਹੋਣ। ਮਿਆਦ ਪੂਰੀ ਹੋਣ ਤੇ ਸਾਰੇ ਪੈਸੇ ਇਕੱਠੇ ਕਢਵਾਏ ਜਾ ਸਕਦੇ ਹਨ। ਇਸ ਖਾਤੇ ਵਿੱਚ ਬੱਚਤ ਖਾਤੇ ਨਾਲੋਂ ਵੱਧ ਵਿਆਜ ਮਿਲਦਾ ਹੈ।
ਪ੍ਰਸ਼ਨ 6. ਬੈਂਕ ਵਿਚਲੇ ਪੱਕੇ ਜਮ੍ਹਾਂ ਖਾਤੇ ਨੂੰ ‘ ਪੱਕਾ ਖਾਤਾ ‘ ਕਿਉਂ ਕਿਹਾ ਜਾਂਦਾ ਹੈ?
ਉੱਤਰ- ਇਹ ਖਾਤੇ ਇਕ ਪੱਕੇ ਸਮੇਂ (7 ਦਿਨਾਂ ਤੋਂ 10 ਸਾਲ ਤੱਕ ਦੀ ਮਿਆਦ ) ਲਈ ਖੋਲ੍ਹੇ ਜਾਂਦੇ ਹਨ। ਇਸ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਨਿਸ਼ਚਿਤ ਮਿਆਦ ਤੋਂ ਪਹਿਲਾਂ ਪੈਸੇ ਕਢਵਾਏ ਨਹੀਂ ਜਾ ਸਕਦੇ। ਪ੍ਰੰਤੂ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹਰਜ਼ਾਨਾ ਭਰਨ ਉਪਰੰਤ ਪੈਸੇ ਮਿਆਦ ਤੋਂ ਪਹਿਲਾਂ ਵੀ ਕਢਵਾਏ ਜਾ ਸਕਦੇ ਹਨ। ਮਿਆਦ ਪੂਰੀ ਹੋਣ ਤੇ ਸਾਰੇ ਪੈਸੇ ਇਕੱਠੇ ਹੀ ਪ੍ਰਾਪਤ ਹੋ ਜਾਂਦੇ ਹਨ। ਆਮ ਤੌਰ ਤੇ ਪੱਕੇ ਖਾਤੇ ਤੇ ਵਿਆਜ਼ ਵੱਧ ਮਿਲਦਾ ਹੈ।
ਪ੍ਰਸ਼ਨ 7. ਕੋਈ ਨਾਬਾਲਗ ਆਪਣੇ ਪੱਧਰ ਤੇ ਕਿਹੜੀ ਉਮਰ ਮਗਰੋਂ ਕਿਹੜਾ ਖਾਤਾ ਖੁਲ੍ਹਵਾ ਸਕਦਾ ਹੈ?
ਉੱਤਰ- ਕੋਈ ਨਾਬਾਲਗ ਆਪਣੇ ਪੱਧਰ ਤੇ ਦਸ ਸਾਲ ਦੀ ਉਮਰ ਮਗਰੋਂ ਬੱਚਤ ਖਾਤਾ ਖੁਲ੍ਹਵਾ ਸਕਦਾ ਹੈ।
ਬਹੁ ਵਿਕਲਪੀ ਪ੍ਰਸ਼ਨ:-
1. ਕਿਸੇ ਕਾਰੋਬਾਰੀ ਲਈ ਕਿਹੜਾ ਖਾਤਾ ਖੋਲ੍ਹਣਾ ਸਹੀ ਹੈ?
ੳ) ਚਲੰਤ ਖਾਤਾ (✓) ਅ) ਮਿਆਦੀ ਜਮ੍ਹਾਂ ਖਾਤਾ
ੲ) ਬੱਚਤ ਖਾਤਾ ਸ) ਪੱਕਾ ਜਮਾਂ ਖਾਤਾ
2. ਕਿਹੜਾ ਖਾਤਾ ਲੋਕਾਂ ਨੂੰ ਬੱਚਤ ਕਰਨ ਤੇ ਪੈਸੇ ਜਮ੍ਹਾਂ ਕਰਵਾਉਣ ਲਈ ਉਤਸ਼ਾਹਿਤ ਕਰਦਾ ਹੈ?
ੳ) ਚਲੰਤ ਖਾਤਾ ਅ) ਮਿਆਦੀ ਜਮ੍ਹਾਂ ਖਾਤਾ
ੲ) ਬੱਚਤ ਖਾਤਾ (✓) ਸ) ਪੱਕਾ ਜਮਾਂ ਖਾਤਾ
3. ਜੇ ਕੋਈ ਵਿਅਕਤੀ ਕਿਸੇ ਖਾਸ ਮਿਆਦ ਮਗਰੋਂ, ਖਾਤੇ ਵਿੱਚ ਲਗਾਤਾਰ ਧਨ ਜਮ੍ਹਾਂ ਕਰਨਾ ਚਾਹੇ ਤਾਂ ਉਹ ਕਿਹੜਾ ਖਾਤਾ ਖੁਲ੍ਹਵਾਏ?
ੳ) ਚਲੰਤ ਖਾਤਾ ਅ) ਮਿਆਦੀ ਜਮ੍ਹਾਂ ਖਾਤਾ (✓)
ੲ) ਬੱਚਤ ਖਾਤਾ ਸ) ਪੱਕਾ ਜਮਾਂ ਖਾਤਾ
4. ਇਕ ਵਾਰ ਕੁਝ ਧਨ ਜਮਾਂ ਕਰਵਾ ਕੇ ਨਿਸਚਿਤ ਸਮੇਂ ਲਈ ਖੋਲ੍ਹਿਆ ਗਿਆ ਖਾਤਾ ਕਿਹੜਾ ਹੁੰਦਾ ਹੈ?
ੳ) ਚਲੰਤ ਖਾਤਾ ਅ) ਮਿਆਦੀ ਜਮ੍ਹਾਂ ਖਾਤਾ
ੲ) ਬੱਚਤ ਖਾਤਾ ਸ) ਪੱਕਾ ਜਮ੍ਹਾਂ ਖਾਤਾ (✓)
5. ਪੱਕੇ ਜਮ੍ਹਾਂ ਖਾਤੇ ਲਈ ਅਦਾ ਕੀਤੇ ਜਾਂਦੇ ਵਿਆਜ ਦੀ ਦਰ ਕਿਸ ਆਧਾਰ ਤੇ ਨਿਸ਼ਚਿਤ ਹੁੰਦੀ ਹੈ?
ੳ) ਖਾਤੇ ਦੀ ਮਿਆਦ ਤੇ ਰਾਸ਼ੀ ਤੇ ਅ) ਸਾਰੇ ਬੈਂਕਾਂ ਵਿਚ ਇਕ ਸਮਾਨ
ੲ) ਵੱਖ-ਵੱਖ ਬੈਂਕਾਂ ਦੇ ਨਿਯਮਾਂ ਅਨੁਸਾਰ ਸ) ਦੋਵੇਂ ੳ) ਅਤੇ ੲ) (✓)
ਭਾਗ (ਸ)
ਬੈਂਕਿੰਗ ਦੀ ਨਵੀਂ ਤਕਨੀਕ ਬਾਰੇ ਜਾਣਕਾਰੀ:-
ਪ੍ਰਸ਼ਨ 1. RTGS ਕੀ ਹੈ?
ਉੱਤਰ- RTGS ਇੱਕ ਅਜਿਹੀ ਪ੍ਰਣਾਲੀ ਹੈ ਜਿਸ ਰਾਹੀਂ ਕਿਸੇ ਇੱਕ ਬੈਂਕ ਦੇ ਗਾਹਕ ਦੇ ਖਾਤੇ ਵਿੱਚੋਂ ਕਿਸੇ ਦੂਸਰੇ ਬੈਂਕ ਦੇ ਗਾਹਕ ਦੇ ਖਾਤੇ ਵਿੱਚ ਪੈਸੇ ਤੁਰੰਤ ਭੇਜੇ ਜਾ ਸਕਦੇ ਹਨ। ਇਸ ਰਾਹੀਂ ਲੈਣ -ਦੇਣ ਕਰਨ ਲਈ ਘੱਟੋਘੱਟ ਰਕਮ ਦੋ ਲੱਖ ਹੈ। ਵੱਡੀਆਂ ਕੰਪਨੀਆਂ ਅਤੇ ਵਪਾਰ ਕਰਨ ਵਾਲਿਆਂ ਲਈ ਵੱਡੀ ਰਕਮ ਤੁਰੰਤ ਪ੍ਰਾਪਤ ਕਰਨ ਲਈ ਇਹ ਪ੍ਰਣਾਲੀ ਬਹੁਤ ਲਾਹੇਵੰਦ ਹੈ।
ਪ੍ਰਸ਼ਨ 2. NEFT ਕੀ ਹੈ?
ਉੱਤਰ- NEFT ਵੀ RTGS ਵਾਂਗ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਰਾਹੀਂ ਕਿਸੇ ਇੱਕ ਬੈਂਕ ਦੇ ਗਾਹਕ ਦੇ ਖਾਤੇ ਵਿੱਚੋਂ ਕਿਸੇ ਦੂਸਰੇ ਬੈਂਕ ਦੇ ਗਾਹਕ ਦੇ ਖਾਤੇ ਵਿੱਚ ਪੈਸੇ ਭੇਜੇ ਜਾ ਸਕਦੇ ਹਨ। ਇਸ ਪ੍ਰਣਾਲੀ ਵਿੱਚ ਪੈਸੇ ਭੇਜਣ ਦੀ ਕੋਈ ਘੱਟੋ-ਘੱਟ ਜਾਂ ਵੱਧ ਤੋਂ ਵੱਧ ਸੀਮਾਂ ਨਹੀਂ ਹੈ। ਪ੍ਰੰਤੂ, ਨਵੇਂ ਨਿਯਮਾਂ ਅਨੁਸਾਰ, ਇਸ ਵਿੱਚ ਪੈਸੇ 30-30 ਮਿੰਟ ਦੇ ਬੈਚ ਦੇ ਆਧਾਰ ਤੇ ਭੇਜੇ ਜਾਂਦੇ ਹਨ, ਭਾਵ ਪੈਸੇ ਭੇਜਣ ਉਪਰੰਤ, ਪੈਸੇ ਪ੍ਰਾਪਤ ਹੋਣ ਵਿੱਚ 30 ਮਿੰਟ ਦਾ ਸਮਾਂ ਲੱਗ ਸਕਦਾ ਹੈ।
ਪ੍ਰਸ਼ਨ 3. ਇੰਟਰਨੈੱਟ ਬੈਂਕਿੰਗ ਕੀ ਹੈ?
ਉੱਤਰ- ਇਸ ਸੇਵਾ ਰਾਹੀਂ ਅਸੀਂ ਇੰਟਰਨੈੱਟ ਦੀ ਮੱਦਦ ਨਾਲ ਸਾਡੇ ਬੈਂਕ ਖਾਤੇ ਵਿੱਚ ਬਕਾਇਆ ਰਾਸ਼ੀ ਦੀ ਜਾਣਕਾਰੀ, RTGS ਜਾਂ NEFT ਰਾਹੀਂ ਪੈਸੇ ਟਰਾਂਸਫਰ ਕਰਨੇ, ਬਿਲਾਂ ਦਾ ਭੁਗਤਾਨ ਕਰਨਾ, R.D ਅਤੇ F.D. ਖਾਤਾ ਖੋਲ੍ਹਣਾ ਆਦਿ ਆਨਲਾਈਨ ਅਤੇ ਘਰ ਬੈਠੇ ਹੀ ਕਰ ਸਕਦੇ ਹਾਂ। ਇਸ ਸਹੂਲਤ ਲਈ ਸਾਨੂੰ ਇੱਕ ਵਾਰ ਬੈਂਕ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਇੰਟਰਨੈੱਟ ਬੈਂਕਿੰਗ ਨੂੰ ਈ- ਬੈਂਕਿੰਗ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ 4. ਮੋਬਾਈਲ ਬੈਂਕਿੰਗ ਕੀ ਹੈ?
ਉੱਤਰ- ਇਸ ਸੇਵਾ ਰਾਹੀਂ ਅਸੀਂ ਆਪਣੇ ਮੋਬਾਈਲ ਤੋਂ SMS ਦੀ ਮੱਦਦ ਨਾਲ ਵੀ ਸਾਡੇ ਬੈਂਕ ਖਾਤੇ ਵਿੱਚ ਬਕਾਇਆ ਰਾਸ਼ੀ ਦੀ ਜਾਣਕਾਰੀ, ਪੈਸੇ ਟਰਾਂਸਫਰ ਅਤੇ ਬਿਲਾਂ ਦਾ ਭੁਗਤਾਨ ਆਦਿ ਕਰ ਸਕਦੇ ਹਾਂ। ਇੰਟਰਨੈੱਟ ਬੈਂਕਿੰਗ ਵਾਂਗ ਇਸ ਸੇਵਾ ਲਈ ਵੀ ਬੈਂਕ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ।
ਪ੍ਰਸ਼ਨ 5. RTGS ਕਰਵਾਉਣ ਸਮੇਂ ਬੈਂਕ ਨੂੰ ਕਿਹੜੇ ਵੇਰਵੇ ਦਿੱਤੇ ਜਾਣੇ ਚਾਹੀਦੇ ਹਨ?
ਉੱਤਰ- RTGS ਕਰਵਾਉਣ ਸਮੇਂ ਬੈਂਕ ਨੂੰ ਰਾਸ਼ੀ ਪ੍ਰਾਪਤ ਕਰਨ ਵਾਲੇ ਦਾ ਨਾਮ, ਉਸਦਾ ਬੈਂਕ ਖਾਤਾ ਨੰਬਰ, ਬੈਂਕ ਦਾ ਨਾਮ ਅਤੇ ਉਸ ਬੈਂਕ ਦੇ IFSC ਕੋਡ ਦੇ ਵੇਰਵੇ ਦੇਣੇ ਚਾਹੀਦੇ ਹਨ।
ਪ੍ਰਸ਼ਨ 6. RTGS ਰਾਹੀਂ ਘੱਟੋ ਘੱਟ ਕਿੰਨੀ ਰਕਮ ਅਦਾ ਕੀਤੀ ਜਾ ਸਕਦੀ ਹੈ?
ਉੱਤਰ – RTGS ਰਾਹੀਂ ਘੱਟੋ- ਘੱਟ ਦੋ ਲੱਖ ਰੁਪਏ ਦੀ ਰਾਸ਼ੀ ਅਦਾ ਕੀਤੀ ਜਾ ਸਕਦੀ ਹੈ।
ਪ੍ਰਸ਼ਨ 7. NEFT ਰਾਹੀਂ ਲੈਣ ਦੇਣ ਕਰਨ ਲਈ ਘੱਟੋ-ਘੱਟ ਸੀਮਾ ਕੀ ਹੈ?
ਉੱਤਰ – NEFT ਰਾਹੀਂ ਪੈਸੇ ਭੇਜਣ ਦੀ ਕੋਈ ਘੱਟੋ-ਘੱਟ ਜਾਂ ਵੱਧ ਤੋਂ ਵੱਧ ਸੀਮਾ ਨਹੀਂ ਹੈ।
ਪ੍ਰਸ਼ਨ 8. ਇੰਟਰਨੈੱਟ ਬੈਂਕਿੰਗ ਦੇ ਹੋਰ ਨਾਮ ਕਿਹੜੇ ਹਨ?
ਉੱਤਰ – ਇੰਟਰਨੈੱਟ ਬੈਂਕਿੰਗ ਦੇ ਹੋਰ ਨਾਮ ਈ-ਬੈਂਕਿੰਗ, ਵੈੱਬ ਬੈਂਕਿੰਗ ਅਤੇ ਵਰਚੂਅਲ ਬੈਂਕਿੰਗ ਹਨ।
ਪ੍ਰਸ਼ਨ 9. RTGS ਅਤੇ NEFT ਵਿੱਚ ਕੀ ਅੰਤਰ ਹੈ ?
ਉੱਤਰ – RTGS 1. ਇਸ ਪ੍ਰਣਾਲੀ ਵਿੱਚ ਪੈਸੇ ਤੁਰੰਤ ਟਰਾਂਸਫਰ ਹੋ ਜਾਂਦੇ ਹਨ। 2. ਇਸ ਪ੍ਰਣਾਲੀ ਵਿੱਚ ਘੱਟੋ-ਘੱਟ ਦੋ ਲੱਖ ਰੁਪਏ ਭੇਜੇ ਜਾ ਸਕਦੇ ਹਨ।
NEFT 1. ਇਸ ਪ੍ਰਣਾਲੀ ਵਿਚ ਪੈਸੇ ਪਹੁੰਚਣ ਵਿੱਚ 30 ਮਿੰਟ ਦਾ ਸਮਾਂ ਲੱਗ ਸਕਦਾ ਹੈ। 2. ਇਸ ਪ੍ਰਣਾਲੀ ਵਿਚ ਲੈਣ ਦੇਣ ਕਰਨ ਸਮੇਂ ਰਕਮ ਦੀ ਕੋਈ ਘੱਟੋ-ਘੱਟ ਜਾਂ ਵੱਧ ਤੋਂ ਵੱਧ ਸੀਮਾ ਨਹੀਂ ਹੈ।
ਪਾਠ 5 ਆਫ਼ਤ ਪ੍ਰਬੰਧਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ 1. ਆਫ਼ਤ ਕਿਸਨੂੰ ਕਿਹਾ ਜਾਂਦਾ ਹੈ?
ਉੱਤਰ- ਖਤਰੇ ਜਦੋਂ ਘਾਤਕ ਘਟਨਾਵਾਂ ਦਾ ਧਾਰਨ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਆਫ਼ਤਾਂ ਕਿਹਾ ਜਾਂਦਾ ਹੈ।
ਪ੍ਰਸ਼ਨ 2. ਕੁਦਰਤੀ ਆਫ਼ਤਾਂ ਮੁੱਖ ਤੌਰ ਤੇ ਕਿਹੜੀਆਂ-ਕਿਹੜੀਆਂ ਹਨ?.
ਉੱਤਰ- 1. ਭੂਚਾਲ 2. ਜਵਾਲਾਮੁਖੀ ਕਿਰਿਆ 3. ਸੁਨਾਮੀ 4 ਹੜ੍ਹ , 5. ਚੱਕਰਵਾਤ 6. ਭੂਮੀ ਦਾ ਖਿਸਕਣਾ 7. ਬਰਫ ਦੇ ਤੋਦਿਆਂ ਦਾ ਖਿਸਕਣਾ 8. ਸੋਕਾ।
ਪ੍ਰਸ਼ਨ 3. ਭੂਚਾਲ ਤੋਂ ਤੁਹਾਡਾ ਕੀ ਭਾਵ ਹੈ? ਇਸ ਨੂੰ ਕਿਵੇਂ ਮਾਪਿਆ ਜਾਂਦਾ ਹੈ?
ਉੱਤਰ- ਧਰਤੀ ਦੇ ਹਿੱਲਣ ਨੂੰ ਅਸੀਂ ਭੂਚਾਲ ਦਾ ਨਾਂ ਦਿੰਦੇ ਹਾਂ । ਭੂਚਾਲ ਦੀ ਤੀਬਰਤਾ ਨੂੰ ਰਿਕਟਰ ਪੈਮਾਨੇ ਅਤੇ ਮਰਕਾਲੀ ਪੈਮਾਨੇ ਤੇ ਮਾਪਿਆ ਜਾਂਦਾ ਹੈ।
ਪ੍ਰਸ਼ਨ 4. ਜਵਾਲਾਮੁਖੀ ਕਿਸ ਨੂੰ ਆਖਦੇ ਹਨ? ਇਸ ਦੀਆਂ ਕਿਸਮਾਂ ਦੇ ਨਾਮ ਲਿਖੋ
ਉੱਤਰ- ਧਰਤੀ ਦੇ ਅੰਦਰੂਨੀ ਹਿੱਸੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋਣ ਕਰਕੇ, ਕਈ ਵਾਰ ਪਿਘਲੀਆਂ ਹੋਈਆਂ ਚਟਾਨਾਂ ਧਰਤੀ ਦੇ ਕਮਜ਼ੋਰ ਹਿੱਸੇ ਤੋਂ ਲਾਵਾ ਦੇ ਰੂਪ ਵਿਚ ਬਾਹਰ ਆ ਜਾਂਦੀਆਂ ਹਨ। ਲਾਵਾ ਦੇ ਧਰਤੀ ਤੇ ਆਉਣ ਨੂੰ ਦੀ ਕਿਰਿਆ ਨੂੰ ਜਵਾਲਾਮੁਖੀ ਦਾ ਨਾਮ ਦਿੱਤਾ ਜਾਂਦਾ ਹੈ।
ਜਵਾਲਾਮੁਖੀ ਮੁੱਖ ਤੌਰ ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ :
1.ਕਿਰਿਆਸ਼ੀਲ ਜਵਾਲਾਮੁਖੀ 2. ਸੁੱਤੇ ਹੋਏ ਜਵਲਾਮੁਖੀ 3. ਬੁਝੇ ਹੋਏ ਜਵਾਲਾਮੁਖੀ
ਪ੍ਰਸ਼ਨ 5. ਸੁਨਾਮੀ ਕਿਵੇਂ ਪੈਦਾ ਹੁੰਦੀ ਹੈ?
ਉੱਤਰ- ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਕਿ ਸਮੁੰਦਰ ਦੇ ਤਲ ਤੇ ਭੂਚਾਲ, ਜਵਾਲਾਮੁਖੀ, ਧਰਤੀ ਦੇ ਖਿਸਕਣ ਆਦਿ ਤੋਂ ਪੈਦਾ ਹੁੰਦੀ ਹੈ।
ਪ੍ਰਸ਼ਨ 6. ਹੜ੍ਹਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ ਕਿਹੜੇ ਹਨ?
ਉੱਤਰ- 1. ਜਿਆਦਾ ਵਰਖਾ 2. ਤੇਜ਼ ਚੱਕਰਵਾਤਾਂ ਦਾ ਆਉਣਾ 3. ਬੱਦਲਾਂ ਦਾ ਫੱਟਣਾ 4. ਪਾਈ ਦੇ ਨਿਕਾਸ ਦਾ ਪ੍ਰਬੰਧ ਠੀਕ ਨਾ ਹੋਣਾ 5. ਨਦੀਆਂ ਅਤੇ ਦਰਿਆਵਾਂ ਦੇ ਤਲ ਉਤੇ ਮਿੱਟੀ ਦਾ ਜਮਾਅ 6. ਬੰਨਾਂ ਦਾ ਟੁੱਟ ਜਾਣਾ 7. ਨਦੀਆਂ ਅਤੇ ਦਰਿਆਵਾਂ ਦੀ ਮਾਰ ਹੇਠ ਆਉਂਦੇ ਇਲਾਕਿਆਂ ਵਿਚ ਰਿਹਾਇਸ਼ੀ ਇਮਾਰਤਾਂ ਦਾ ਨਿਰਮਾਣ ਕਰਨਾ 8. ਪਹਾੜਾਂ ਦੀਆਂ ਢਲਾਣਾਂ ਤੋਂ ਦਰਖ਼ਤਾਂ ਦਾ ਕੱਟਿਆ ਜਾਣਾ।
ਪ੍ਰਸ਼ਨ 7. ਚੱਕਰਵਾਤ ਕੀ ਹੁੰਦਾ ਹੈ? ਇਸ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ ? ਉੱਤਰ- ਚੱਕਰਵਾਤ ਜਾਂ ਤੂਫ਼ਾਨ ਤੇਜ਼ ਹਵਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੁੰਦੀ ਹੈ। ਉੱਤਰੀ ਅਮਰੀਕਾ ਵਿੱਚ ਇਸਨੂੰ ਹਰੀਕੇਨ, ਦੱਖਣ-ਪੂਰਬੀ ਏਸ਼ੀਆ ਵਿਚ ਟਾਈਫੂਨ, ਭਾਰਤ ਵਿਚ ਝੱਖੜ (Storms), ਤੂਫ਼ਾਨ ਜਾਂ ਵਾਵਰੋਲਾ ਕਿਹਾ ਜਾਂਦਾ ਹੈ। ਪ੍ਰਸ਼ਨ 8. ਮਨੁੱਖੀ ਆਫ਼ਤਾਂ ਕਿਸ ਨੂੰ ਕਹਿੰਦੇ ਹਨ?
ਉੱਤਰ- ਆਫ਼ਤਾਂ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਮਨੁੱਖੀ ਆਫ਼ਤਾਂ ਦਾ ਨਾਮ ਦਿੱਤਾ ਜਾਂਦਾ ਹੈ। ਮਨੁੱਖ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਇਹਨਾਂ ਮੁਸੀਬਤਾਂ ਨੂੰ ਪੈਦਾ ਕਰਦਾ ਹੈ
ਪ੍ਰਸ਼ਨ 9. ਮਹਾਂਮਾਰੀ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ- ਜਦੋਂ ਇਕ ਬਿਮਾਰੀ ਵੱਧ ਕੇ ਬਹੁਤ ਵੱਡੇ ਪੱਧਰ ਤੇ ਲੋਕਾਂ ਉੱਤੇ ਮਾਰੂ ਹਮਲਾ ਕਰਦੀ ਹੈ ਤਾਂ ਇਸ ਨੂੰ ਮਹਾਂਮਾਰੀ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ ਕਰੋਨਾ ਮਹਾਂਮਾਰੀ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ 10. ਆਫ਼ਤਾਂ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ?
ਉੱਤਰ- ਆਫ਼ਤਾਂ ਭਾਵੇਂ ਬਹੁਤ ਥੋੜ੍ਹੇ ਸਮੇਂ ਲਈ ਆਉਂਦੀਆਂ ਹਨ ਪਰ ਇਹ ਵੱਡੇ ਪੱਧਰ ਤੇ ਤਬਾਹੀ ਮਚਾ ਜਾਂਦੀਆਂ ਹਨ । ਇਹ ਜਾਨ ਅਤੇ ਮਾਲ ਦਾ ਬਹੁਤ ਨੁਕਸਾਨ ਕਰਦੀਆਂ ਹਨ। ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਜਾਂਦੇ ਹਨ।
ਪ੍ਰਸ਼ਨ 11. ਭੂਚਾਲ ਆਫ਼ਤ ਪ੍ਰਬੰਧਨ ਵਿੱਚ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ- ਭੂਚਾਲ ਆਫ਼ਤ ਪ੍ਰਬੰਧਨ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ:
1. ਭੁਚਾਲ ਗ੍ਰਸਤ ਇਲਾਕਿਆਂ ਵਿਚ ਇਮਾਰਤਾਂ ਦੇ ਨਕਸ਼ੇ ਅਤੇ ਬਨਾਵਟ ਇਸ ਤਰ੍ਹਾਂ ਦੀ ਹੋਈ ਚਾਹੀਦੀ ਹੈ ਕਿ ਭੂਚਾਲ ਆਉਣ ਤੇ ਇਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।
2. ਭੂਚਾਲ ਆਉਣ ਤੇ ਡਰ ਜਾਂ ਦਹਿਸ਼ਤ ਦਾ ਮਾਹੌਲ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ।
3. ਭੂਚਾਲ ਆਉਣ ਸਮੇਂ ਜੇਕਰ ਅਸੀਂ ਅੰਦਰ ਬੈਠੇ ਹੋਈਏ ਤਾਂ ਬਾਹਰ ਨੂੰ ਭੱਜਣ ਦੀ ਬਜਾਏ ਕਿਸੇ ਸਖ਼ਤ ਚੀਜ਼ ਜਿਵੇਂ ਮੇਜ਼, ਮੰਜੇ ਜਾਂ ਦਰਵਾਜ਼ੇ ਦੇ ਪਿੱਛੇ ਹੋ ਜਾਣਾ ਚਾਹੀਦਾ ਹੈ।
4. ਭੂਚਾਲ ਆਉਣ ਸਮੇਂ ਜੇਕਰ ਅਸੀਂ ਬਾਹਰ ਹੋਈਏ ਤਾਂ ਖੁੱਲ੍ਹੀ ਜਗ੍ਹਾ ਵਿਚ ਚਲੇ ਜਾਣਾ ਚਾਹੀਦਾ ਹੈ।
5. ਚਲਦੇ ਹੋਏ ਵਾਹਨ (ਕਾਰ, ਸਕੂਟਰ, ਬੱਸ ਆਦਿ) ਰੋਕ ਲੈਣੇ ਚਾਹੀਦੇ ਹਨ।
6. ਭੂਚਾਲ ਨਾਲ ਪ੍ਰਭਾਵਿਤ ਆਵਾਜਾਈ, ਸੂਚਨਾ ਅਤੇ ਸੰਚਾਰ ਦੇ ਸਾਧਨਾਂ ਨੂੰ ਦੁਬਾਰਾ ਛੇਤੀ ਚਾਲੂ ਕੀਤਾ ਜਾਣਾ ਚਾਹੀਦਾ ਹੈ।
7. ਬੇਘਰ ਹੋਏ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦਾ ਮੁੱਖ ਫ਼ਰਜ਼ ਬਣ ਜਾਂਦਾ ਹੈ।
ਪ੍ਰਸ਼ਨ 12. ਜਵਾਲਾਮੁਖੀ ਅਤੇ ਸੁਨਾਮੀ ਤੋ ਬਚਾਅ ਵਾਸਤੇ ਕੀ ਕੀ ਪ੍ਰਬੰਧ ਕਰਨੇ ਚਾਹੀਦੇ ਹਨ?
ਉੱਤਰ- ਜਵਾਲਾਮੁਖੀ ਤੋਂ ਬਚਾਅ ਲਈ ਪ੍ਰਬੰਧ:
ਜਵਾਲਾਮੁਖੀ ਵਿਸਫੋਟ ਸਥਾਨ ਦੇ ਨੇੜੇ ਘਰ ਜਾਂ ਹੋਰ ਇਮਾਰਤਾਂ ਨਹੀਂ ਬਣਾਉਣੀਆਂ ਚਾਹੀਦੀਆਂ।
ਜਵਾਲਾਮੁਖੀ ਫਟਣ ਤੋਂ ਕੁੱਝ ਦੇਰ ਪਹਿਲਾਂ ਕੁਝ ਨਿਸ਼ਾਨੀਆਂ ਦਿਖਣ ਤੇ ਹੀ ਇਸ ਸਥਾਨ ਤੋਂ ਬਹੁਤ ਦੂਰ ਚਲੇ ਜਾਣਾ ਚਾਹੀਦਾ ਹੈ।
ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਹਾਲਤ ਵਿੱਚ ਸਰਕਾਰ ਨੂੰ ਲੋੜੀਂਦੀ ਮੈਡੀਕਲ ਅਤੇ ਹੋਰ ਮੱਦਦ ਲਈ ਤਿਆਰ ਰਹਿਣਾ ਚਾਹੀਦਾ ਹੈ।
ਸੁਨਾਮੀ ਤੋਂ ਬਚ-ਬਚਾਅ:
ਜਦੋਂ ਵੀ ਸੁਨਾਮੀ ਬਾਰੇ ਸੂਚਨਾ ਮਿਲੇ ਤਾਂ ਸਮੁੰਦਰ ਵੱਲ ਨੂੰ ਨਹੀਂ ਜਾਣਾ ਚਾਹੀਦਾ।
ਸਮੁੰਦਰ ਵਿੱਚ ਚੱਲ ਰਹੇ ਸਮੁੰਦਰੀ ਜਹਾਜ਼ ਅਤੇ ਬੇੜਿਆਂ ਨੂੰ ਵਾਪਸ ਬੰਦਰਗਾਹ ਤੇ ਆ ਜਾਣਾ ਚਾਹੀਦਾ ਹੈ।
ਜੇਕਰ ਸੁਨਾਮੀ ਬਹੁਤ ਤੇਜ਼ੀ ਨਾਲ ਸਮੁੰਦਰੀ ਤੱਟ ਵੱਲ ਆ ਰਹੀ ਹੋਵੇ ਤਾਂ ਤੱਟੀ ਇਲਾਕਿਆ ਵਿੱਚ ਰਹਿੰਦੇ ਲੋਕਾਂ ਨੂੰ ਉਹ ਜਗ੍ਹਾ ਛੱਡ ਕੇ ਦੂਰ ਕਿਤੇ ਹੋਰ ਸੁਰੱਖਿਅਤ ਜਗ੍ਹਾ ਤੇ ਚਲੇ ਜਾਣਾ ਚਾਹੀਦਾ ਹੈ।
ਪ੍ਰਸ਼ਨ 13. ਸੋਕੇ ਤੋਂ ਬਚਣ ਲਈ ਕਿਹੜੇ ਕਿਹੜੇ ਕਦਮ ਉਠਾਏ ਜਾ ਸਕਦੇ ਹਨ?
ਉੱਤਰ- 1. ਸੋਕੇ ਤੋ ਬਚਣ ਲਈ ਪਾਈ ਨੂੰ ਸ਼ੁਰੂ ਤੋਂ ਹੀ ਸਾਂਭ ਸੰਭਾਲ ਨਾਲ ਵਰਤਣਾ ਚਾਹੀਦਾ ਹੈ।
2. ਸੋਕਾ ਗ੍ਰਸਤ ਇਲਾਕੇ ਵਿਚ ਘੱਟ ਪਾਈ ਦੀ ਖਪਤ ਵਾਲੀਆਂ ਫਸਲਾਂ ਜਿਵੇਂ ਕਿ ਮੱਕੀ, ਬਾਜਰਾ ਅਤੇ ਦਾਲਾਂ ਆਦਿ ਹੀ ਬੀਜੀਆਂ ਜਾਣ।
3. ਵਰਖਾ ਦੇ ਪਾਣੀ ਨੂੰ ਤਲਾਬਾਂ ਜਾਂ ਡੈਮਾਂ ਵਿੱਚ ਸਟੋਰ ਕਰਕੇ ਮੁਸੀਬਤ ਦੇ ਸਮੇਂ ਵਾਸਤੇ ਰੱਖਿਆ ਜਾ ਸਕਦਾ ਹੈ।
4. ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ, ਕਿਉਂਕਿ ਦਰਖਤ ਵਰਖਾ ਲਿਆਉਣ ਵਿੱਚ ਮੱਦਦ ਕਰਦੇ ਹਨ।
ਪ੍ਰਸ਼ਨ 14. ਕਿਹੜੇ- ਕਿਹੜੇ ਉਪਾਅ ਸਾਨੂੰ ਮਹਾਂਮਾਰੀ ਵਰਗੀ ਆਫ਼ਤ ਤੋਂ ਬਚਾਅ ਸਕਦੇ ਹਨ?
ਉੱਤਰ- 1. ਸ਼ੁੱਧ ਹਵਾ, ਸਾਫ ਪਾਣੀ ਅਤੇ ਸਾਫ਼-ਸੁਥਰਾ ਆਲਾ- ਦੁਆਲਾ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਸਕਦਾ ਹੈ।
2. ਸ਼ਹਿਰਾਂ ਦੇ ਆਲੇ-ਦੁਆਲੇ ਗੰਦੀਆਂ ਬਸਤੀਆਂ ਦੇ ਵਿਕਾਸ ਨੂੰ ਰੋਕਣਾ ਚਾਹੀਦਾ ਹੈ।
3. ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ ਵਿੱਚ ਬਿਮਾਰੀਆਂ ਦੀ ਜਾਂਚ ਦਾ ਕੰਮ ਲਗਾਤਾਰ ਹੋਣਾ ਚਾਹੀਦਾ ਹੈ। 4. ਮਹਾਂਮਾਰੀ ਫੈਲਣ ਦੀ ਸੂਰਤ ਵਿੱਚ ਡਾਕਟਰੀ ਟੀਮਾਂ ਅਤੇ ਹਸਪਤਾਲਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।