ਵਿਸ਼ਾ – ਪੰਜਾਬੀ ਕਵਿਤਾ-ਭਾਗ ਜਮਾਤ – ਨੌਂਵੀਂ
2 . ਧਨੀ ਰਾਮ ਚਾਤ੍ਰਿਕ
1. ਵਹਿੰਦਾ ਜਾਏ
(ੳ) ਉੱਤਰ ਪਹਾੜੋਂ ਡਿੱਗਦਾ ਢਹਿੰਦਾ,
ਚੱਕਰ ਖਾਂਦਾ ਧੱਪੇ ਸਹਿੰਦਾ,
ਨਾਲ ਚਟਾਨਾਂ ਖਹਿੰਦਾ ਖਹਿੰਦਾ,
ਨੀਰ ਨਦੀ ਦਾ ਵਹਿੰਦਾ ਜਾਏ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਵਹਿੰਦਾ ਜਾਏ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਪਾਣੀ ਆਪਣਾ ਚੱਕਰ ਪੂਰਾ ਕਰਨ ਲਈ ਵਰਖਾ ਦੇ ਰੂਪ ਵਿੱਚ ਪਹਾੜਾਂ ਤੇ ਡਿੱਗਦਾ ਹੈ ਤੇ ਚਟਾਨਾਂ ਨਾਲ਼ ਖਹਿੰਦਾ ਹੋਇਆ ਆਪਣੀ ਮੰਜ਼ਿਲ ਸਮੁੰਦਰ ਵੱਲ ਵਧਦਾ ਜਾਂਦਾ ਹੈ।
ਵਿਆਖਿਆ – ਕਵੀ ਦੱਸਦਾ ਹੈ ਕਿ ਨਦੀ ਦਾ ਪਾਣੀ ਪਹਾੜਾਂ ਤੋਂ ਥੱਲੇ ਆ ਰਿਹਾ ਹੈ। ਇਹ ਪਾਣੀ ਕਈ ਥਾਵਾਂ ਤੇ ਡਿਗਦਾ ਢਹਿੰਦਾ ਅਤੇ ਚੱਕਰ ਖਾਂਦਾ ਕਈ ਚਟਾਨਾਂ ਨਾਲ਼ ਖਹਿੰਦਾ ਚੋਟਾਂ ਖਾਂਦਾ ਹੋਇਆ ਹੇਠਾਂ ਉੱਤਰਦਾ ਹੈ। ਇਸ ਪ੍ਰਕਾਰ ਪਹਾੜਾਂ ਤੋਂ ਉੱਤਰ ਕੇ ਨਦੀ ਦਾ ਇਹ ਪਾਣੀ ਅੱਗੇ ਹੀ ਅੱਗੇ ਵਧਦਾ ਜਾਂਦਾ ਹੈ।
(ਅ) ਰਾਹ ਤੁਰਦਾ ਅਸਮਾਨੀ ਤਾਰਾ,
ਲਹਿਰਾਂ ਵਿੱਚ ਪਾ-ਪਾ ਝਲਕਾਰਾ,
ਪੰਧ ਤੇਰਾ ਹੈ ਲੰਮਾ ਸਾਰਾ,
ਚਲ ਚਲ ਚਲ ਚਲ ਕਹਿੰਦਾ ਜਾਏ,
ਨੀਰ ਨਦੀ ਦਾ ਵਹਿੰਦਾ ਜਾਏ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਵਹਿੰਦਾ ਜਾਏ’ ਵਿੱਚੋਂ ਲਿਆ ਗਿਆ ਹੈ।ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਪਾਣੀ ਆਪਣਾ ਚੱਕਰ ਪੂਰਾ ਕਰਨ ਲਈ ਵਰਖਾ ਦੇ ਰੂਪ ਵਿੱਚ ਪਹਾੜਾਂ ਤੇ ਡਿੱਗਦਾ ਹੈ ਤੇ ਚਟਾਨਾਂ ਨਾਲ਼ ਖਹਿੰਦਾ ਹੋਇਆ ਆਪਣੀ ਮੰਜ਼ਿਲ ਸਮੁੰਦਰ ਵੱਲ ਵਧਦਾ ਜਾਂਦਾ ਹੈ। ਜਿਸ ਵਿੱਚ ਅਸਮਾਨ ਦੇ ਤਾਰਿਆਂ ਦੇ ਝਲਕਾਰੇ ਉਸ ਨੂੰ ਚਲਦਾ ਰਹਿਣ ਲਈ ਕਹਿੰਦੇ ਹਨ।
ਵਿਆਖਿਆ – ਕਵੀ ਕਹਿੰਦਾ ਹੈ ਕਿ ਆਪਣੇ ਲੰਮੇ ਰਸਤੇ ਤੇ ਤੁਰਦਾ ਹੋਇਆ ਅਸਮਾਨ ਦਾ ਤਾਰਾ ਪਾਣੀ ਦੀਆਂ ਲਹਿਰਾਂ ਵਿੱਚ ਝਲਕਾਰੇ ਮਾਰਦਾ ਹੋਇਆ ਪਾਣੀ ਨੂੰ ਆਖਦਾ ਹੈ ਕਿ ਤੇਰਾ ਪੰਧ ਮੇਰੇ ਪੰਧ ਨਾਲ਼ੋਂ ਵੀ ਬਹੁਤ ਲੰਬਾ ਹੈ। ਇਸ ਲਈ ਇਸ ਨੂੰ ਮਕਾਉਣ ਲਈ ਤੂੰ ਅੱਗੇ ਹੀ ਅੱਗੇ ਤੁਰਦਾ ਜਾ, ਤਾਂ ਹੀ ਤੇਰਾ ਪੰਧ ਮੁੱਕੇਗਾ। ਇਸ ਤਰ੍ਹਾਂ ਪਾਣੀ ਚੇਤਾਵਨੀ ਨੂੰ ਸੁਣਦਾ ਹੋਇਆ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਹੈ।
(ੲ) ਨਾਲ ਸਮੁੰਦਰ ਸਾਕਾਦਾਰੀ,
ਵਿਛੜੇ ਮਿਲੇ ਹਜ਼ਾਰਾਂ ਵਾਰੀ,
ਖਾ ਗਰਮੀ ਅਸਮਾਨੇ ਚੜ੍ਹਿਆ,
ਮੁੜ ਪਹਾੜ ‘ਤੇ ਬਹਿੰਦਾ ਜਾਏ,
ਨੀਰ ਨਦੀ ਦਾ ਵਹਿੰਦਾ ਜਾਏ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਵਹਿੰਦਾ ਜਾਏ’ ਵਿੱਚੋਂ ਲਿਆ ਗਿਆ ਹੈ।ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਪਾਣੀ ਦਾ ਸਮੁੰਦਰ ਦੇ ਨਾਲ਼ ਬਹੁਤ ਡੂੰਘਾ ਰਿਸ਼ਤਾ ਹੈ, ਜਿਸ ਦੇ ਨਾਲ਼ ਕਈ ਵਾਰੀ ਮਿਲ਼ ਚੁੱਕਿਆ ਹੈ ਅਤੇ ਕਈ ਵਾਰ ਵੱਖ ਹੋ ਚੁੱਕਿਆ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਨਦੀ ਦੇ ਪਾਣੀ ਦੀ ਸਮੁੰਦਰ ਦੇ ਨਾਲ਼ ਗੂੜ੍ਹੀ ਰਿਸ਼ਤੇਦਾਰੀ ਹੈ। ਉਹ ਆਪਣੇ ਇਸ ਰਿਸ਼ਤੇਦਾਰ ਸਮੁੰਦਰ ਦੇ ਪਾਣੀ ਨਾਲ਼ ਕਈ ਵਾਰ ਮਿਲ਼ਿਆ ਹੈ ਤੇ ਕਈ ਵਾਰ ਉਸ ਨਾਲ਼ੋਂ ਵਿਛੜਿਆ ਹੈ। ਸਮੁੰਦਰ ਵਿੱਚ ਮਿਲ਼ਣ ਪਿੱਛੋਂ ਇਹ ਪਾਣੀ ਸੂਰਜ ਦੀ ਗਰਮੀ ਨਾਲ਼ ਭਾਫ ਬਣ ਕੇ ਅਸਮਾਨ ਤੇ ਜਾ ਚੜ੍ਹਦਾ ਹੈ ਅਤੇ ਫਿਰ ਪਹਾੜਾਂ ’ਤੇ ਵਰਖਾ ਦੇ ਰੂਪ ਵਿੱਚ ਵਰ੍ਹਦਾ ਹੈ। ਉਥੋਂ ਫਿਰ ਨਦੀ ਦਾ ਪਾਣੀ ਹੇਠਾਂ ਸਮੁੰਦਰ ਵੱਲ ਵਗਣਾ ਸ਼ੁਰੂ ਕਰ ਦਿੰਦਾ ਹੈ।
(ਸ) ਆਣਾ ਜਾਣਾ ਫੇਰੇ ਪਾਣਾ,
ਤੁਰਿਆ ਰਹਿਣਾ ਅੱਖ ਨਾ ਲਾਣਾ,
ਹੁਕਮਾਂ ਅੰਦਰ ਵਾਂਗ ਫੁਹਾਰੇ,
ਮੁੜ-ਮੁੜ ਚੜ੍ਹਦਾ ਲਹਿੰਦਾ ਜਾਏ,
ਨੀਰ ਨਦੀ ਦਾ ਵਹਿੰਦਾ ਜਾਏ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਵਹਿੰਦਾ ਜਾਏ’ ਵਿੱਚੋਂ ਲਿਆ ਗਿਆ ਹੈ।ਇਨ੍ਹਾਂ ਲਾਈਨਾਂ ਵਿੱਚ ਕਵੀ ਦੱਸਦਾ ਹੈ ਕਿ ਸਮੁੰਦਰ ਵਿੱਚ ਪਾਣੀ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਕੁਦਰਤ ਦੇ ਹੁਕਮ ਵਿੱਚ ਇਹ ਪਾਣੀ ਦਾ ਚੱਕਰ ਚੱਲਦਾ ਰਹਿੰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪਾਣੀ ਦਾ ਕੰਮ ਪਹਾੜਾਂ ਤੋਂ ਸਮੁੰਦਰ ਵੱਲ ਵਧਣਾ ਅਤੇ ਗਰਮੀ ਨਾਲ਼ ਭਾਫ ਬਣ ਕੇ ਫਿਰ ਬੱਦਲਾਂ ਦੇ ਰਾਹੀਂ ਵਰਖਾ ਦੇ ਰੂਪ ਵਿੱਚ ਪਹਾੜਾਂ ’ਤੇ ਪਹੁੰਚਦਾ ਹੈ । ਇਹ ਆਉਣਾ ਜਾਣਾ ਵਾਰ-ਵਾਰ ਚੱਲਦਾ ਰਹਿੰਦਾ ਹੈ। ਉਹ ਅਰਾਮ ਨਹੀਂ ਕਰਦਾ ਤੇ ਆਪਣੇ ਮਾਲਕ ਦੇ ਹੁਕਮ ਵਿੱਚ ਬੱਝੇ ਫੁਹਾਰੇ ਵਾਂਗ, ਕਦਰਤ ਦੇ ਹੁਕਮ ਵਿੱਚ ਚੜ੍ਹਦਾ ਅਤੇ ਲਹਿੰਦਾ ਰਹਿੰਦਾ ਹੈ। ਇਸ ਤਰ੍ਹਾਂ ਨਦੀ ਦਾ ਪਾਣੀ ਵਹਿੰਦਾ ਜਾਂਦਾ ਹੈ। ਇਸੇ ਤਰ੍ਹਾਂ ਦਾ ਹਾਲ ਹੀ ਮਨੁੱਖੀ ਜੀਵਨ ਦਾ ਹੈ।
••• ਕੇਂਦਰੀ ਭਾਵ •••
ਨਦੀ ਦਾ ਪਾਣੀ ਪਹਾੜਾਂ ਤੋਂ ਡਿੱਗਦਾ ਢਹਿੰਦਾ ਚਟਾਨਾਂ ਨਾਲ਼ ਖਹਿੰਦਾ ਹੋਇਆ ਮੈਦਾਨਾਂ ਵੱਲ ਨੂੰ ਵਹਿੰਦਾ ਹੋਇਆ ਸਮੁੰਦਰ ਨਾਲ਼ ਮਿਲ਼ ਜਾਂਦਾ ਹੈ। ਫਿਰ ਸੂਰਜ ਦੀ ਗਰਮੀ ਨਾਲ਼ ਭਾਫ ਬਣ ਕੇ ਬੱਦਲ ਬਣ ਕੇ ਅਸਮਾਨ ’ਤੇ ਜਾ ਚੜ੍ਹਦਾ ਹੈ ਅਤੇ ਮੀਂਹ ਦੇ ਰੂਪ ਵਿੱਚ ਪਹਾੜਾਂ ’ਤੇ ਡਿੱਗਦਾ ਹੈ। ਇਸ ਤਰ੍ਹਾਂ ਕੁਦਰਤ ਦੇ ਨਿਯਮਾਂ ਵਿੱਚ ਪਾਣੀ ਦਾ ਗੇੜ ਹਮੇਸ਼ਾ ਚਲਦਾ ਰਹਿੰਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਵਹਿੰਦਾ ਜਾਏ’ ਕਵਿਤਾ ਦਾ ਲੇਖਕ ਕੌਣ ਹੈ?
ਉੱਤਰ – ਧਨੀ ਰਾਮ ਚਾਤ੍ਰਿਕ।
ਪ੍ਰਸ਼ਨ 2. ਨਦੀ ਦਾ ਪਾਣੀ ਕਿੱਥੋਂ ਉੱਤਰਿਆ ਹੈ?
ਉੱਤਰ – ਪਹਾੜਾਂ ਤੋਂ ।
ਪ੍ਰਸ਼ਨ 3. ਨਦੀ ਦੇ ਪਾਣੀ ਦੀ ਸਾਕਾਦਾਰੀ ਕਿਸ ਨਾਲ਼ ਹੈ?
ਉੱਤਰ – ਸਮੁੰਦਰ ਨਾਲ਼।
ਪ੍ਰਸ਼ਨ 4. ਪਾਣੀ ਸੂਰਜ ਦੀ ਗਰਮੀ ਨਾਲ਼ ਕੀ ਬਣ ਕੇ ਅਸਮਾਨ ਵਿੱਚ ਚੜ੍ਹਦਾ ਹੈ?
ਉੱਤਰ – ਭਾਫ਼।
2. ਵਿਸਾਖੀ ਦਾ ਮੇਲਾ
(ੳ) ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ, ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ।
ਪੁੰਗਰੀਆਂ ਵੱਲਾਂ, ਵੇਲਾਂ, ਰੁੱਖੀਂ ਚੜ੍ਹੀਆਂ, ਫੁੱਲਾਂ ਹੇਠੋਂ ਫਲ਼ਾਂ ਨੇ ਪਰੋਈਆਂ ਲੜੀਆਂ।
ਸਾਈਂ ਦੀ ਨਿਗਾਹ ਜੱਗ ’ਤੇ ਸਵੱਲੀ ਏ, ਚੱਲ ਨੀ ਪਰੇਮੀਏਂ! ਵਿਸਾਖੀ ਚੱਲੀਏ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਵਿਸਾਖੀ ਦਾ ਮੇਲਾ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਰਾਹੀਂ ਕਵੀ ਵਿਸਾਖ ਦੇ ਮਹੀਨੇ ਵਿੱਚ ਕੁਦਰਤੀ ਦ੍ਰਿਸ਼ ਦਾ ਵਰਣਨ ਕਰਦਾ ਹੋਇਆ ਦੱਸਦਾ ਹੈ ਕਿ ਇਹਨਾਂ ਕੁਦਰਤੀ ਸੁਗਾਤਾਂ ਦਾ ਅਨੰਦ ਲੈਣ ਲਈ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮੇਲੇ ਜਾਣ ਲਈ ਕਹਿੰਦਾ ਹੈ ।
ਵਿਆਖਿਆ – ਮੇਲੇ ਦਾ ਸ਼ੌਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਕਣਕਾਂ ਪੱਕ ਕੇ ਵੱਢਣ ਲਈ ਤਿਆਰ ਹੋਈਆਂ ਪਈਆਂ ਹਨ। ਲੁਕਾਠ ਰਸ ਨਾਲ਼ ਭਰ ਗਏ ਹਨ। ਅੰਬਾਂ ਨੂੰ ਬੂਰ ਪੈ ਗਿਆ ਹੈ। ਗੁਲਾਬ ਦੇ ਫੁੱਲ ਖਿੜ ਗਏ ਹਨ। ਬਾਗ਼ਾਂ ਵਿੱਚ ਸੋਹਣੀ ਬਹਾਰ ਦਾ ਰੰਗ ਚੜ੍ਹ ਗਿਆ ਹੈ। ਬੇਰਾਂ ਦੇ ਭਾਰ ਨਾਲ਼ ਬੇਰੀਆਂ ਦੀਆਂ ਟਹਿਣੀਆਂ ਝੁਕ ਗਈਆਂ ਹਨ। ਵੇਲਾਂ ਪੁੰਗਰ ਕੇ ਰੁੱਖਾਂ ਉਪਰ ਚੜ੍ਹਨ ਲੱਗ ਪਈਆਂ ਹਨ। ਫੁੱਲ ਖਿੜਣ ਤੋਂ ਬਾਅਦ ਉਹਨਾਂ ਹੇਠੋਂ ਫਲ਼ਾਂ ਨੇ ਲੜੀਆਂ ਪਰੋ ਲਈਆਂ ਹਨ। ਦੁਨੀਆਂ ਉੱਪਰ ਰੱਬ ਦੀ ਨਜ਼ਰ ਮਿਹਰ ਭਰੀ ਜਾਪਦੀ ਹੈ। ਚੱਲ ਆਪਾਂ ਵੀ ਇਨ੍ਹਾਂ ਖ਼ੁਸ਼ੀਆਂ ਨੂੰ ਮਨਾਉਣ ਲਈ ਮੇਲਾ ਦੇਖਣ ਚੱਲੀਏ।
(ਅ) ਦੂਰ-ਦੂਰ ਥਾਓਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਤੇ ਫ਼ੀਤੇ ਲਿਆਏ ਨੇ।
ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ।
ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ।
ਹੱਟੀ-ਹੱਟੀ ਸ਼ੌਂਕੀਆਂ ਦੀ ਭੀੜ ਖੱਲੀ ਏ, ਚੱਲ ਨੀ ਪਰੇਮੀਏ! ਵਿਸਾਖੀ ਚੱਲੀਏ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਵਿਸਾਖੀ ਦਾ ਮੇਲਾ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਰਾਹੀਂ ਕਵੀ ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਬਿਆਨ ਕਰਦਾ ਹੋਇਆ ਦੱਸਦਾ ਹੈ ਕਿ ਮੇਲੇ ਵਿੱਚ ਔਰਤਾਂ ਦੇ ਹਾਰ-ਸ਼ਿੰਗਾਰ ਅਤੇ ਖਾਣ ਪੀਣ ਦੀਆ ਵਸਤਾਂ ਦਾ ਹਵਾਲ਼ਾ ਦੇ ਕੇ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮੇਲੇ ਜਾਣ ਲਈ ਕਹਿੰਦਾ ਹੈ।
ਵਿਆਖਿਆ – ਮੇਲੇ ਦਾ ਸ਼ੌਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਦੂਰ-ਦੂਰ ਤੋਂ ਆਪਣਾ ਸਮਾਨ ਵੇਚਣ ਲਈ ਵਪਾਰੀ ਆਏ ਹਨ, ਜੋ ਕਿ ਦੁਪੱਟਿਆਂ ਤੇ ਕਿਨਾਰੀ ਕਰਾਉਣ ਲਈ ਸੋਹਣੀਆਂ ਲੈਸਾਂ ਤੇ ਫ਼ੀਤੇ ਲਿਆਏ ਹਨ। ਮੇਲੇ ਦੇ ਬਜ਼ਾਰ ਵਿੱਚ ਔਰਤਾਂ ਦੇ ਹੱਥਾਂ ਵਿੱਚ ਪਹਿਣਨ ਵਾਲ਼ੇ ਗਜਰਿਆਂ ਤੇ ਵੰਗਾਂ ਦਾ ਕੋਈ ਵੀ ਅੰਤ ਨਹੀਂ ਹੈ। ਮੇਲੇ ਵਿੱਚ ਨਕਲੀ ਗਹਿਣਿਆਂ ਦੀ ਤਾਂ ਮੰਡੀ ਲੱਗੀ ਹੋਈ ਹੈ। ਹਲਵਾਈਆਂ ਨੇ ਹਜ਼ਾਰਾਂ ਹੱਟੀਆਂ ਲਾਈਆਂ ਹੋਈਆਂ ਹਨ। ਮੇਲੇ ਵਿੱਚ ਹੋਰ ਵੀ ਸੈਂਕੜੇ ਪ੍ਰਕਾਰ ਦੀਆਂ ਸੁਗਾਤਾਂ ਆਈਆਂ ਹੋਈਆਂ ਹਨ। ਸਾਰੀਆਂ ਹੱਟੀਆਂ ਉੱਪਰ ਚੀਜ਼ਾਂ ਦੇ ਸ਼ੌਕੀਨਾਂ ਦੀ ਭੀੜ ਲੱਗੀ ਹੋਈ ਹੈ। ਚੱਲ ਆਪਾਂ ਵੀ ਖ਼ੁਸ਼ੀਆਂ ਮਨਾਉਣ ਲਈ ਮੇਲੇ ਦਾ ਅਨੰਦ ਲੈਣ ਚੱਲੀਏ।
(ੲ) ਥਾਈਂ-ਥਾਈਂ ਖੇਡਾਂ ਤੇ ਪੰਘੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ।
ਵੰਝਲੀ, ਲੰਗੋਜਾ, ਕਾਟੋ, ਤੂੰਬਾ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ।
’ਕੱਠਾ ਹੋ ਕੇ ਆਇਆ ਰੌਲ਼ਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ।
ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਏ, ਚੱਲ ਨੀ ਪਰੇਮੀਏ! ਵਿਸਾਖੀ ਚੱਲੀਏ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਵਿਸਾਖੀ ਦਾ ਮੇਲਾ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਰਾਹੀਂ ਕਵੀ ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਬਿਆਨ ਕਰਦਾ ਹੋਇਆ ਦੱਸਦਾ ਹੈ ਕਿ ਮੇਲੇ ਵਿੱਚ ਖੇਡਾਂ, ਤਮਾਸ਼ਿਆਂ ਅਤੇ ਹੋਰ ਸਭਿੱਆਚਾਰਕ ਮਨੋਰੰਜਨ ਦੇ ਸਾਧਨਾਂ ਦਾ ਹਵਾਲ਼ਾ ਦੇ ਕੇ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮੇਲੇ ਜਾਣ ਲਈ ਕਹਿੰਦਾ ਹੈ ।
ਵਿਆਖਿਆ – ਮੇਲੇ ਦਾ ਸ਼ੌਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਮੇਲੇ ਵਿੱਚ ਥਾਂ-ਥਾਂ ਝੂਟੇ ਲੈਣ ਵਾਲ਼ੇ ਪੰਘੂੜੇ ਲੱਗੇ ਹੋਏ ਹਨ। ਕਈ ਪ੍ਰਕਾਰ ਦੀਆਂ ਖੇਡਾਂ ਹੋ ਰਹੀਆਂ ਹਨ। ਥਾਂ-ਥਾਂ ਉੱਪਰ ਯੋਗੀਆਂ ਨੇ ਸੱਪਾਂ ਦੇ ਅਤੇ ਮਦਾਰੀਆਂ ਨੇ ਬਾਂਦਰਾਂ ਦੇ ਤਮਾਸ਼ੇ ਲਾਏ ਹੋਏ ਹਨ। ਮੇਲੇ ਵਿੱਚ ਕਿਸੇ ਪਾਸੇ ਵੰਝਲੀ, ਅਲਗੋਜੇ, ਕਾਟੋ ਅਤੇ ਤੂੰਬੇ ਦੀ ਅਵਾਜ਼ ਸੁਣਾਈ ਦੇ ਰਹੀ ਹੈ ਅਤੇ ਕਿਸੇ ਪਾਸੇ ਛਿੰਝ ਵਿੱਚ ਸੂਰਮੇ ਪਹਿਲਵਾਨ ਗੱਜ ਰਹੇ ਹਨ। ਮੇਲੇ ਵਿੱਚ ਬਹੁਤ ਰੌਲ਼ਾ ਪੈ ਰਿਹਾ ਹੈ, ਜੋ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਇੱਥੇ ਸਾਰੇ ਸੰਸਾਰ ਦਾ ਰੌਲ਼ਾ ਇਕੱਠਾ ਹੋ ਕੇ ਆ ਗਿਆ ਹੋਵੇ। ਮੇਲੇ ਵਿੱਚ ਸੰਘਣੀ ਭੀੜ ਹੋਣ ਕਾਰਨ ਲੋਕਾਂ ਦਾ ਇੱਕ ਦੂਜੇ ਦੇ ਮੋਢੇ ਨਾਲ਼ ਮੋਢਾ ਖਹਿ ਰਿਹਾ ਹੈ। ਮੇਲਾ ਕੋਹਾਂ ਤੱਕ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਚੱਲ ਆਪਾਂ ਵੀ ਮੇਲਾ ਦੇਖਣ ਲਈ ਚੱਲੀਏ।
••• ਕੇਂਦਰੀ ਭਾਵ •••
ਵਿਸਾਖੀ ਦਾ ਮੇਲਾ ਜੋ ਵਿਸਾਖ ਦੇ ਮਹੀਨੇ ਵਿੱਚ, ਉਸ ਸਮੇਂ ਲੱਗਦਾ ਹੈ, ਜਦੋਂ ਫੁੱਲਾਂ ਅਤੇ ਫਲ਼ਾਂ ਨਾਲ਼ ਕੁਦਰਤੀ ਦ੍ਰਿਸ਼ ਖ਼ੁਸ਼ੀਆਂ ਭਰਿਆ ਹੁੰਦਾ ਹੈ। ਮੇਲੇ ਵਿੱਚ ਖਾਣ-ਪੀਣ ਦੀਆਂ ਦੁਕਾਨਾਂ ਤੇ ਰੌਣਕਾਂ ਹਨ ਅਤੇ ਸਾਰੇ ਪਾਸੇ ਖੇਡਾਂ ਅਤੇ ਤਮਾਸ਼ਿਆਂ ਦਾ ਰੌਲ਼ਾ-ਰੱਪਾ ਹੁੰਦਾ ਹੈ। ਸਾਨੂੰ ਇਸ ਮੇਲੇ ਦੀ ਖ਼ੁਸ਼ੀ ਨੂੰ ਰੱਜ ਕੇ ਮਾਣਨਾ ਚਾਹੀਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਵਿਸਾਖੀ ਦੇ ਮੇਲੇ ਸਮੇਂ ਕਿਹੜੀ ਫ਼ਸਲ ਪੱਕ ਗਈ ਹੈ?
ਉੱਤਰ – ਕਣਕ।
ਪ੍ਰਸ਼ਨ 2. ਵਿਸਾਖੀ ਦੇ ਮੇਲੇ ਸਮੇਂ ਕਿਹੜਾ ਫਲ਼ ਰਸ ਗਿਆ ਹੈ?
ਉੱਤਰ – ਲੁਕਾਠ।
ਪ੍ਰਸ਼ਨ 3. ਵਿਸਾਖੀ ਦੇ ਮੇਲੇ ਸਮੇਂ ਕਿਹੜਾ ਫੁੱਲ ਹੱਸਿਆ ਹੈ?
ਉੱਤਰ – ਗੁਲਾਬ ਦਾ।
ਪ੍ਰਸ਼ਨ 4. ਵਿਸਾਖੀ ਦੇ ਮੇਲੇ ਸਮੇਂ ਬੂਰ ਕਿਸ ਨੂੰ ਪਿਆ ਹੈ?
ਉੱਤਰ – ਅੰਬਾਂ ਨੂੰ।
ਪ੍ਰਸ਼ਨ 5. ਵਣਜਾਰੇ ਤੇ ਹਲਵਾਈ ਕਿੱਥੇ ਦੁਕਾਨਾਂ ਲਾਈ ਬੈਠੇ ਹਨ?
ਉੱਤਰ – ਮੇਲੇ ਵਿੱਚ।
ਪ੍ਰਸ਼ਨ 6. ਝੂਠੇ ਗਹਿਣੇ ਕੌਣ ਵੇਚ ਰਹੇ ਹਨ?
ਉੱਤਰ – ਵਣਜਾਰੇ।
ਪ੍ਰਸ਼ਨ 7. ਤਮਾਸ਼ੇ ਕਿੰਨਾਂ ਨੇ ਲਾਏ ਹੋਏ ਹਨ?
ਉੱਤਰ – ਜੋਗੀਆਂ ਤੇ ਮਦਾਰੀਆਂ ਨੇ।
ਪ੍ਰਸ਼ਨ 8. ਛਿੰਝ ਵਿੱਚ ਕੌਣ ਗੱਜ ਰਹੇ ਹਨ?
ਉੱਤਰ – ਪਹਿਲਵਾਨ।
ਪ੍ਰਸ਼ਨ 9. ਮੇਲਾ ਕਿੱਥੋਂ ਤੱਕ ਫੈਲਿਆ ਹੋਇਆ ਹੈ?
ਉੱਤਰ – ਕੋਹਾਂ ਤੱਕ।
3. ਜੀਵਨ – ਜੋਤ
(ੳ) ਜਗਤ ਵਿੱਚ ਜੀ ਕੇ ਜਿਊਂਦਾ ਰਹਿਣ ਦੇ ਸਾਮਾਨ ਪੈਦਾ ਕਰ,
ਜੋ ਮਰ ਕੇ ਭੀ ਅਮਰ ਹੋ ਜਾਏ, ਐਸੀ ਜਾਨ ਪੈਦਾ ਕਰ।
ਸਮੁੰਦਰ ਤੋਂ ਨਿੱਖੜ ਕੇ ਭੀ, ਤੂੰ ਕਤਰਾ ਹੈਂ ਸਮੁੰਦਰ ਦਾ,
ਉਛਾਲਾ ਮਾਰ ਕੇ ਇਸ ਵਿੱਚ ਕੋਈ ਤੂਫ਼ਾਨ ਪੈਦਾ ਕਰ।
ਤੂੰ ਜੀਵਨ ਹੈਂ ਜਹਾਨਾਂ ਦਾ, ਨਾ ਬਹੁ ਬੇਜਾਨ ਬੁੱਤ ਬਣ ਕੇ,
ਜੋ ਨਕਸ਼ਾ ਪਲਟ ਦੇ ਦੁਨੀਆਂ ਦਾ, ਉਹ ਘਮਸਾਨ ਪੈਦਾ ਕਰ।
ਤੇਰਾ ਇਸ ਤੰਗ ਧਰਤੀ ‘ਤੇ, ਗੁਜ਼ਾਰਾ ਹੈ ਬੜਾ ਮੁਸ਼ਕਿਲ,
ਸਿਤਾਰਾ ਬਣ ਕੇ ਚਮਕਣ ਵਾਸਤੇ, ਅਸਮਾਨ ਪੈਦਾ ਕਰ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਜੀਵਨ-ਜੋਤ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਮਨੁੱਖ ਨੂੰ ਸੰਬੋਧਿਤ ਹੋ ਕੇ ਦੱਸਦਾ ਹੈ ਕਿ ਉਹ ਪਰਮਾਤਮਾ ਦਾ ਹੀ ਅੰਸ਼ ਹੋਣ ਕਰਕੇ ਉਸ ਅੰਦਰ ਬਹੁਤ ਹਿੰਮਤ ਅਤੇ ਬਲ ਹੈ। ਉਹ ਆਪਣੀ ਹਿੰਮਤ ਦੀ ਪਹਿਚਾਨ ਕਰਕੇ ਆਪਣੀ ਹੋਂਦ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕਰ ਸਕਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਮਨੁੱਖ ਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੀਵਨ ਨੂੰ ਜਿਉਂਣ ਦੇ ਸਾਮਾਨ ਪੈਦਾ ਕਰਦੇ ਰਹਿਣਾ ਹੈ। ਉਸਨੂੰ ਆਪਣੇ ਵਿੱਚ ਅਜਿਹੀ ਜਾਨ ਪੈਦਾ ਕਰਨੀ ਚਾਹੀਦੀ ਹੈ ਕਿ ਉਹ ਮਰ ਕੇ ਵੀ ਲੋਕਾਂ ਦੇ ਦਿਲਾਂ ਵਿੱਚ ਸਦਾ ਜਿਉਂਦਾ ਰਹੇ। ਮਨੁੱਖ ਪਰਮਾਤਮਾ ਰੂਪੀ ਸਮੁੰਦਰ ਤੋਂ ਨਿੱਖੜਿਆ ਹੋਇਆ ਉਸ ਦਾ ਹੀ ਇੱਕ ਅੰਸ਼ ਹੈ। ਉਸ ਨੂੰ ਆਪਣੇ ਇਸ ਜੀਵਨ ਦੇ ਪਿਛੋਕੜ ਨੂੰ ਪਹਿਚਾਣ ਕੇ ਉਛਾਲਿਆਂ ਨਾਲ਼ ਇਸ ਵਿੱਚ ਕੋਈ ਤੂਫ਼ਾਨ ਪੈਦਾ ਕਰਨਾ ਚਾਹੀਦਾ ਹੈ। ਹੇ ਮਨੁੱਖ! ਤੂੰ ਇਸ ਸੰਸਾਰ ਦੇ ਜੀਵਨ ਦਾ ਜੀਵ ਹੈਂ, ਤੈਨੂੰ ਬੇਜਾਨ ਬੁੱਤ ਬਣ ਕੇ ਨਹੀਂ ਰਹਿਣਾ ਚਾਹੀਦਾ। ਤੈਨੂੰ ਦੁਨੀਆਂ ਦਾ ਨਕਸ਼ਾ ਬਦਲ ਦੇਣ ਵਾਲ਼ਾ ਘਮਸਾਨ ਪੈਦਾ ਕਰ ਦੇਣਾ ਚਾਹੀਦਾ ਹੈ। ਜਿੱਥੇ ਤੂੰ ਰਹਿ ਰਿਹਾ ਹੈਂ, ਇਹ ਥਾਂ ਤੇਰੇ ਲਈ ਬਹੁਤ ਘੱਟ ਹੈ ਇਸ ਲਈ ਤੈਨੂੰ ਸਿਤਾਰਾ ਬਣ ਕੇ ਚਮਕਣ ਲਈ ਨਵੇਂ ਅਸਮਾਨ ਪੈਦਾ ਕਰਨੇ ਚਾਹੀਦੇ ਹਨ।
(ਅ) ਨਾ ਬਣਿਆ ਬੇ ਹਕੀਕਤ ਰਹੁ, ਹਕੀਕਤ-ਆਸ਼ਨਾ ਹੋ ਜਾ,
ਓ ਸੂਖਮ! ਆਪਣੇ ਫੈਲਣ ਲਈ, ਮੈਦਾਨ ਪੈਦਾ ਕਰ।
ਸ਼ਮ੍ਹਾ ਬਣ ਕੇ ਭਖਾ ਮਹਿਫ਼ਲ, ਜਗਾ ਦੇ ਜੋਤ ਦੁਨੀਆ ‘ਤੇ,
ਕਲੀ ਦੀ ਜੂਨ ਛੱਡ ਦੇ, ਖਿੜ ਕੇ ਚਮਨਿਸਤਾਨ ਪੈਦਾ ਕਰ।
ਤੜਪ ਹੈ ਤੇਰੇ ਅੰਦਰ ਉਹ, ਮਚਾ ਦੇਵੇ ਕਿਆਮਤ ਜੋ,
ਕੋਈ ਕਰਤਬ ਵਿਖਾਲਣ ਨੂੰ, ਨਵਾਂ ਚੌਗਾਨ ਪੈਦਾ ਕਰ।
ਨਾ ਸਿੱਪੀ ਵਾਂਗ, ਇੱਕ ਇੱਕ ਬੂੰਦ ਦੀ, ਖ਼ਾਤਰ ਤੜਪਦਾ ਰਹੁ,
ਤੂੰ ਦਿਲ ਦਰਿਆ ਦੇ ਅੰਦਰ, ਮੋਤੀਆਂ ਦੀ ਖਾਨ ਪੈਦਾ ਕਰ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਜੀਵਨ-ਜੋਤ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਮਨੁੱਖ ਨੂੰ ਸੰਬੋਧਿਤ ਹੋ ਕੇ ਦੱਸਦਾ ਹੈ ਕਿ ਉਹ ਪਰਮਾਤਮਾ ਦਾ ਹੀ ਅੰਸ਼ ਹੋਣ ਕਰਕੇ ਉਸ ਅੰਦਰ ਬਹੁਤ ਹਿੰਮਤ ਅਤੇ ਬਲ ਹੈ। ਉਹ ਆਪਣੀ ਹਿੰਮਤ ਦੀ ਪਹਿਚਾਨ ਕਰਕੇ ਆਪਣੀ ਹੋਂਦ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕਰ ਸਕਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਹੇ ਮਨੁੱਖ! ਤੈਨੂੰ ਹੋਂਦ ਰਹਿਤ ਬਣ ਕੇ ਨਹੀਂ ਰਹਿਣਾ ਚਾਹੀਦਾ ਸਗੋਂ ਆਪਣੀ ਅਸਲੀਅਤ ਦੀ ਪਹਿਚਾਣ ਕਰਨੀ ਚਾਹੀਦੀ ਹੈ। ਇਸ ਸਮੇਂ ਬੇਸ਼ੱਕ ਤੇਰੀ ਹਸਤੀ ਸੂਖਮ ਹੈ, ਪਰ ਤੈਨੂੰ ਆਪਣੇ ਫੈਲਣ ਲਈ ਖੁੱਲ੍ਹੇ ਮੈਦਾਨ ਪੈਦਾ ਕਰਨੇ ਚਾਹੀਦੇ ਹਨ। ਤੈਨੂੰ ਸ਼ਮ੍ਹਾ ਬਣ ਕੇ ਮਹਿਫ਼ਲ ਵਿੱਚ ਜਾਨ ਪਾਉਣੀ ਚਾਹੀਦੀ ਹੈ ਅਤੇ ਦੁਨੀਆਂ ਲਈ ਕਾਮਯਾਬੀ ਦੇ ਰਾਹਾਂ ਤੇ ਰੌਸ਼ਨੀ ਦੀ ਜੋਤ ਜਗਾਉਣੀ ਚਾਹੀਦੀ ਹੈ। ਤੈਨੂੰ ਇੱਕ ਕਲੀ ਦੀ ਜੂਨ ਛੱਡ ਕੇ ਖਿੜੇ ਹੋਏ ਬਾਗ਼ ਪੈਦਾ ਕਰਨੇ ਚਾਹੀਦੇ ਹਨ। ਮਨੁੱਖੀ ਜੀਵ! ਤੇਰੇ ਅੰਦਰ ਉਹ ਹਿੰਮਤ ਹੈ ਜੋ ਦੁਨੀਆਂ ਦਾ ਪਰਲੋ ਵਾਂਗ ਨਕਸ਼ਾ ਬਦਲ ਸਕਦੀ ਹੈ। ਤੇਰੇ ਅੰਦਰ ਬਹੁਤ ਕਲਾ ਛੁਪੀ ਹੋਈ ਹੈ। ਇਸ ਲਈ ਤੈਨੂੰ ਆਪਣੀ ਕਲਾ ਦੇ ਕਰਤੱਬ ਵਿਖਾਉਣ ਲਈ ਨਵੇਂ ਮੈਦਾਨ ਪੈਦਾ ਕਰਨੇ ਚਾਹੀਦੇ ਹਨ। ਤੈਨੂੰ ਸਿੱਪੀ ਵਾਂਗ ਇੱਕ-ਇੱਕ ਪਾਣੀ ਦੀ ਬੂੰਦ ਲਈ ਨਹੀਂ ਤੜਫਦੇ ਰਹਿਣਾ ਚਾਹੀਦਾ ਸਗੋਂ ਤੈਨੂੰ ਦਿਲ ਦਰਿਆ ਵਿੱਚ ਮੋਤੀਆਂ ਦੀ ਵਿਸ਼ਾਲ ਖਾਨ ਪੈਦਾ ਕਰਨੀ ਚਾਹੀਦੀ ਹੈ।
(ੲ) ਤੇਰੇ ਹੀ ਕਰਮ ਫਲ ਕੇ ਕਿਸਮਤਾਂ ਦਾ ਬਾਗ਼ ਲਾਉਣਗੇ,
ਤੂੰ ਜਿਗਰੇ ਨਾਲ਼ ਤਾਕਤ ਆਪਣੀ, ਦਾ ਗਿਆਨ ਪੈਦਾ ਕਰ।
ਤੇਰੀ ਬੰਸੀ ਦੇ ਅੰਦਰ, ਆਪ ਮੋਹਨ ਫੂਕ ਭਰਦਾ ਹੈ,
ਗੂੰਜਾ ਦੇ ਜ਼ਿਮੀ ਤੇ ਅਸਮਾਨ ਐਸੀ ਤਾਨ ਪੈਦਾ ਕਰ।
ਜਿਨ੍ਹਾਂ ਨੇ ਜੋੜ ਕੇ ਤਿਣਕੇ, ਜਹਾਨ ਆਬਾਦ ਕੀਤੇ ਸਨ,
ਜੇ ਹਿੰਮਤ ਹੈ, ਤਾਂ ਐਸੇ ਸੂਰਮੇ ਬਲਵਾਨ ਪੈਦਾ ਕਰ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ‘ਜੀਵਨ-ਜੋਤ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਮਨੁੱਖ ਨੂੰ ਸੰਬੋਧਿਤ ਹੋ ਕੇ ਦੱਸਦਾ ਹੈ ਕਿ ਉਹ ਪਰਮਾਤਮਾ ਦਾ ਹੀ ਅੰਸ਼ ਹੋਣ ਕਰਕੇ ਉਸ ਅੰਦਰ ਬਹੁਤ ਹਿੰਮਤ ਅਤੇ ਬਲ ਹੈ। ਉਹ ਆਪਣੀ ਹਿੰਮਤ ਦੀ ਪਹਿਚਾਨ ਕਰਕੇ ਆਪਣੀ ਹੋਂਦ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕਰ ਸਕਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਮਨੁੱਖ ਦੀ ਕੀਤੀ ਮਿਹਨਤ ਨਾਲ਼ ਕਿਸਮਤਾਂ ਦੇ ਬਾਗ਼ ਲੱਗ ਜਾਣਗੇ। ਉਸ ਨੂੰ ਹੌਂਸਲੇ ਨਾਲ਼ ਆਪਣੀ ਤਾਕਤ ਦਾ ਗਿਆਨ ਪੈਦਾ ਕਰਨਾ ਚਾਹੀਦਾ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਜੀਵਨ ਰੂਪੀ ਬੰਸਰੀ ਵਿੱਚ ਪਰਮਾਤਮਾ ਆਪ ਫੂਕ ਮਾਰਦਾ ਹੈ। ਉਸ ਲਈ ਉਸ ਨੂੰ ਆਪਣੇ ਵਿੱਚੋਂ ਅਜਿਹੀ ਮਜਬੂਤ ਸੁਰ ਪੈਦਾ ਕਰਨੀ ਚਾਹੀਦੀ ਹੈ ਜੋ ਜ਼ਮੀਨ ਅਤੇ ਅਸਮਾਨ ਨੂੰ ਗੂੰਜਣ ਲਾ ਦੇਵੇ। ਹੇ ਮਨੁੱਖ! ਤੈਨੂੰ ਪਤਾ ਹੈ ਕਿ ਤੇਰੇ ਵਿੱਚ ਬਹੁਤ ਹਿੰਮਤ ਹੈ। ਇਸ ਲਈ ਤੈਨੂੰ ਆਪਣੇ ਵਿੱਚੋਂ ਉਹਨਾਂ ਬਲਵਾਨ ਸੂਰਮਿਆਂ ਦੀ ਸ਼ਕਤੀ ਪੈਦਾ ਕਰਨੀ ਚਾਹੀਦੀ ਹੈ, ਜਿਹਨਾਂ ਨੇ ਨਿੱਕੇ-ਨਿੱਕੇ ਤਿਨਕੇ ਜੋੜ ਕੇ ਮਹਾਨ ਦੁਨੀਆਂ ਵਸਾਈ ਹੈ।
••• ਕੇਂਦਰੀ ਭਾਵ •••
ਮਨੁੱਖ ਵਿੱਚ ਅਥਾਹ ਰੱਬੀ ਸ਼ਕਤੀ ਹੈ। ਉਸ ਨੂੰ ਹਮੇਸ਼ਾ ਆਪਣੇ ਆਪ ਦਾ ਵਿਕਾਸ ਕਰਨ, ਆਪੇ ਦੀ ਪਛਾਣ ਕਰਨ, ਆਪੇ ਨੂੰ ਵਿਸ਼ਾਲ ਤੇ ਬਲਵਾਨ ਬਣਾਉਣ ਅਤੇ ਆਲ਼ੇ-ਦੁਆਲ਼ੇ ਨੂੰ ਬਦਲ ਕੇ ਰੱਖ ਦੇਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਜੀਵਨ–ਜੋਤ’ ਕਵਿਤਾ ਵਿੱਚ ‘ਮੋਹਨ’ ਸ਼ਬਦ ਕਿਸ ਲਈ ਵਰਤਿਆ ਹੈ?
ਉੱਤਰ – ਪਰਮਾਤਮਾ ਲਈ।
ਪ੍ਰਸ਼ਨ 2. ‘ਜੀਵਨ–ਜੋਤ’ ਕਵਿਤਾ ਵਿੱਚ ਕਵੀ ਮਨੁੱਖ ਨੂੰ ਕਿਹੋ ਜਿਹਾ ਬਣਨ ਲਈ ਪ੍ਰੇਰਨਾ ਦਿੰਦਾ ਹੈ?
ਉੱਤਰ – ਯੁੱਗ ਪਲਟਾਊ।
ਪ੍ਰਸ਼ਨ 3. ਉਹ ਕਿਹੜੀ ਸ਼ਕਤੀ ਹੈ ਜਿਸ ਨੇ ਨਿੱਕੇ-ਨਿੱਕੇ ਤਿਨਕੇ ਜੋੜ ਕੇ ਦੁਨੀਆਂ ਵਸਾਈ ਹੈ?
ਉੱਤਰ – ਹਿੰਮਤ।
ਪ੍ਰਸ਼ਨ 4. ਮਨੁੱਖ ਦੀ ਜੀਵਨ ਰੂਪ ਬੰਸਰੀ ਵਿੱਚ ਕੌਣ ਫੂਕ ਭਰਦਾ ਹੈ?
ਉੱਤਰ – ਪਰਮਾਤਮਾ ਆਪ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037