ਧਾਰਮਿਕ/ਇਤਿਹਾਸਿਕ ਸਥਾਨ ਦੀ ਯਾਤਰਾ Dharmik/Itihasik sthan di yatra lekh punjabi

ਧਾਰਮਿਕ/ਇਤਿਹਾਸਿਕ ਸਥਾਨ ਦੀ ਯਾਤਰਾ

  • ਜਾਣ-ਪਛਾਣ – ਸਾਡਾ ਦੇਸ ਗੁਰੂਆਂ-ਪੀਰਾਂ ਦੀ ਚਰਨ ਛੋਅ ਪ੍ਰਾਪਤ ਧਰਤੀ ਹੈ। ਸਾਡੇ ਦੇਸ ਵਿੱਚ ਬਹੁਤ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਵਾਲ਼ੇ ਸਥਾਨ ਹਨ। ਇਹਨਾਂ ਵਿੱਚੋਂ ਸ੍ਰੀ ਅੰਮ੍ਰਿਤਸਰ ਸਭ ਤੋਂ ਵੱਧ ਮਹੱਤਤਾ ਵਾਲ਼ਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਤਾਂ ਕਿਹਾ ਜਾਂਦਾ ਹੈ, ‘ਅੰਮ੍ਰਿਤਸਰ ਸਿਫ਼ਤੀ ਦਾ ਘਰ’ ਸੱਚ ਮੁੱਚ ਹੀ ਅੰਮ੍ਰਿਤਸਰ ਸਿਫ਼ਤੀ ਦਾ ਘਰ ਹੈ। ਇਹ ਪੁਰਾਤਨ ਸ਼ਹਿਰ ਹੈ। ਇਸ ਸ਼ਹਿਰ ਨਾਲ਼ ਬਹੁਤ ਸਾਰੀਆਂ ਇਤਿਹਾਸਿਕ ਤੇ ਮਿਥਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ।
  • ਸ਼ਹਿਰ ਦਾ ਖੇਤਰਫਲ ਅਤੇ ਸਥਿਤੀ – ਅੱਜ ਵਾਲ਼ਾ ਅੰਮ੍ਰਿਤਸਰ, ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਕਰਕੇ ਵਧੇਰੇ ਪ੍ਰਸਿੱਧ ਹੈ। ਅੰਮ੍ਰਿਤਸਰ ਪੰਜਾਬ ਦਾ ਵੱਡਾ ਵਪਾਰਿਕ ਕੇਂਦਰ ਹੈ। ਇਸ ਸ਼ਹਿਰ ਦਾ ਖੇਤਰਫਲ ਲਗ-ਪਗ 24 ਵਰਗ ਕਿਲੋਮੀਟਰ ਹੈ। ਇਹ ਸ਼ਹਿਰ, ਭਾਰਤ ਦੀ ਪਾਕਿਸਤਾਨ ਨਾਲ਼ ਲੱਗਦੀ ਹੱਦ ਤੋਂ ਪੂਰਬ ਵਾਲ਼ੇ ਪਾਸੇ 16 ਮੀਲ ਦੀ ਦੂਰੀ ‘ਤੇ ਸਥਿਤ ਹੈ।
  • ਸ਼ਹਿਰ ਦਾ ਇਤਿਹਾਸ – ਅੰਮ੍ਰਿਤਸਰ ਸ਼ਹਿਰ ਦੇ ਵੱਸਣ ਤੋਂ ਪਹਿਲਾਂ ਇਹ ਸਥਾਨ ਬੜਾ ਸੁੰਦਰ ਤੇ ਰਮਣੀਕ ਸੀ। ਸੰਤ-ਜਨ ਭਗਤੀ ਕਰਨ ਲਈ ਇਸ ਨੂੰ ਸੁੰਦਰ ਟਿਕਾਣਾ ਸਮਝਦੇ ਸਨ। ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਨੇ ਆਪਣੇ ਜਵਾਈ ਜੋ ਕਿ ਚੌਥੇ ਗੁਰੂ ਰਾਮਦਾਸ ਜੀ ਸਨ, ਨੂੰ ਇਸ ਸਥਾਨ ‘ਤੇ ਸਰੋਵਰ ਬਣਾਉਣ ਲਈ ਭੇਜਿਆ। ਇੱਥੇ ਹੀ ਕੋਈ 250 ਏਕੜ ਜ਼ਮੀਨ ਉੱਪਰ ‘ਗੁਰੂ ਕਾ ਚੱਕ’ ਨਾਂ ਦੀ ਬਸਤੀ ਦਾ ਅਰੰਭ ਕੀਤਾ ਗਿਆ। ਇਸ ਪ੍ਰਕਾਰ ਇਹ ਨਗਰ 1570 ਈਸਵੀ ਵਿੱਚ ਵਸਾਇਆ ਜਾਣ ਲੱਗਾ ਤੇ ਸਰੋਵਰ ਦੀ ਪੁਟਾਈ 1573 ਈਸਵੀ ਵਿੱਚ ਅਰੰਭ ਹੋਈ। ਹੌਲ਼ੀ-ਹੌਲ਼ੀ ਸ਼ਹਿਰ ਵੱਸ ਗਿਆ।
  • ਸ਼ਹਿਰ ਦੇ ਪ੍ਰਸਿੱਧ ਖਾਣੇ – ਇਸ ਸ਼ਹਿਰ ਦੇ ਬਹੁਤੇ ਲੋਕ ਵਪਾਰ ਕਰਦੇ ਹਨ। ਇੱਥੇ ਮੁੱਖ ਰੂਪ ਵਿੱਚ ਕੱਪੜੇ ਦਾ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਦਾ ਵਪਾਰ ਹੁੰਦਾ ਹੈ। ਅੰਮ੍ਰਿਤਸਰ ਸ਼ਹਿਰ ਸੁਆਦਲੇ-ਚਟਪਟੇ ਖਾਣਿਆਂ ਲਈ ਵੀ ਮਸ਼ਹੂਰ ਹੈ, ਖ਼ਾਸ ਤੌਰ ਤੇ ਅੰਮ੍ਰਿਤਸਰੀ ਕੁਲਚੇ ਲੋਕ ਬੜੇ ਚਾਅ ਨਾਲ਼ ਖਾਂਦੇ ਹਨ। ਅੰਮ੍ਰਿਤਸਰ ਗੁਰੂ ਦੀ ਨਗਰੀ ਕਰਕੇ ਵੀ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਦੇ ਪਾਪੜ-ਵੜੀਆਂ ਬਹੁਤ ਮਸ਼ਹੂਰ ਹਨ।
  • ਪ੍ਰਸਿੱਧ ਧਾਰਮਿਕ ਤੇ ਇਤਿਹਾਸਿਕ ਸਥਾਨ – ਅੰਮ੍ਰਿਤਸਰ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਹਨ। ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ-ਵਿਦੇਸ ਦੇ ਹਰ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ। ਅਕਾਲ-ਤਖ਼ਤ ਸਾਹਿਬ, ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਸੰਤੋਖਸਰ ਸਾਹਿਬ, ਗੁਰਦੁਆਰਾ ਅਟੱਲ ਸਾਹਿਬ, ਗੁਰੂ ਕੇ ਮਹਿਲ, ਗੁਰਦੁਆਰਾ ਸ਼ਹੀਦਾਂ ਅਤੇ ਹੋਰ ਬਹੁਤ ਸਾਰੇ ਸਿੱਖਾਂ ਦੇ ਧਾਮ ਇੱਥੇ ਸਥਿਤ ਹਨ। ਇਸ ਦੇ ਨਾਲ਼ ਹੀ ਦੁਰਗਿਆਣਾ ਮੰਦਰ ਅਤੇ ਪ੍ਰਾਚੀਨ ਸੀਤਲਾ ਮੰਦਰ ਹਿੰਦੂਆਂ ਦੇ ਪ੍ਰਸਿੱਧ ਪੂਜਾ ਅਸਥਾਨ ਹਨ। ਇੱਥੇ ਇੱਕ ਕਿਲ੍ਹਾ ਹੈ। ਜਿਸ ਦਾ ਨਾਮ ‘ਕਿਲ੍ਹਾ ਲੋਹਗੜ੍ਹ’ ਹੈ, ਜਿਸ ਨੂੰ ਸੰਨ 1671 ਈਸਵੀ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਤਿਆਰ ਕਰਵਾਇਆ ਸੀ। ਅੰਮ੍ਰਿਤਸਰ ਪੰਜਾਬ ਦਾ ਇੱਕ ਪ੍ਰਸਿੱਧ ਵਿੱਦਿਅਕ ਕੇਂਦਰ ਵੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਥੇ ਹੀ ਸਥਿਤ ਹੈ। ਇੱਥੋਂ ਦੇ ਖ਼ਾਲਸਾ ਕਾਲਜ ਦੀ ਸ਼ਾਨ ਵੀ ਨਿਰਾਲੀ ਹੈ। ਡੀ. ਏ. ਵੀ. ਕਾਲਜ ਤੇ ਹੋਰ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਵੀ ਇੱਥੇ ਸਥਿਤ ਹਨ।
  • ਜੱਲ੍ਹਿਆਂਵਾਲ਼ਾ ਬਾਗ਼ – ਇਸ ਸ਼ਹਿਰ ਦੇ ਵਿੱਚ ਹੀ ਜੱਲ੍ਹਿਆਂਵਾਲ਼ਾ ਬਾਗ਼ ਸਥਿਤ ਹੈ ਜਿੱਥੇ 13 ਅਪਰੈਲ, 1919 ਨੂੰ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਖ਼ੂਨ ਡੁੱਲ੍ਹਿਆ ਸੀ। ਜਲ੍ਹਿਆਂਵਾਲ਼ਾ ਬਾਗ਼ ਦੇ ਖ਼ੂਨੀ ਸਾਕੇ ਪਿੱਛੋਂ ਅਜ਼ਾਦੀ-ਸੰਗਰਾਮ ਹੋਰ ਤਿੱਖਾ ਹੋ ਗਿਆ ਸੀ। ਇਸ ਥਾਂ ਉੱਤੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਮਿਨਾਰ ਬਣਿਆ ਹੋਇਆ ਹੈ।
  • ਕੰਪਨੀ ਬਾਗ਼ – ਇੱਥੇ ਅੰਗਰੇਜ਼ਾਂ ਦੇ ਸਮੇਂ ਦਾ ਇੱਕ ਬੜਾ ਖੁੱਲ੍ਹਾ ਬਾਗ਼ ਹੈ ਜਿਸ ਨੂੰ ‘ਕੰਪਨੀ ਬਾਗ਼’ ਕਹਿੰਦੇ ਹਨ। ਭਾਵੇਂ ਬਾਅਦ ਵਿੱਚ ਇਸ ਦਾ ਨਾਂ ਬਦਲ ਕੇ ‘ਨਹਿਰੂ ਬਾਗ਼’ ਰੱਖਿਆ ਗਿਆ ਪਰ ਇਹ ਅਜੇ ਵੀ ‘ਕੰਪਨੀ ਬਾਗ਼’ ਦੇ ਨਾਂ ਨਾਲ਼ ਹੀ ਜਾਣਿਆ ਜਾਂਦਾ ਹੈ। ਇੱਥੋਂ ਦੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਹਾਨ ਤੇ ਗੌਰਵਮਈ ਵਿਰਸੇ ਨੂੰ ਸੰਭਾਲ਼ੀ ਬੈਠੀ ਹੈ।
  • ਸਾਰ-ਅੰਸ਼ – ਪੰਜਾਬ ਦੇ ਹੋਰ ਪੁਰਾਤਨ ਸ਼ਹਿਰਾਂ ਵਾਂਗ ਅੰਮ੍ਰਿਤਸਰ ਵਿੱਚ ਪ੍ਰਾਚੀਨਤਾ ਵੀ ਹੈ ਅਤੇ ਨਵੀਨਤਾ ਵੀ। ਅੰਮ੍ਰਿਤਸਰ ਮਾਝੇ ਦਾ ਕੇਂਦਰੀ ਸ਼ਹਿਰ ਹੈ। ਇਸ ਲਈ ਇੱਥੇ ਪੰਜਾਬੀ ਦੀ ਉਪਭਾਸ਼ਾ ‘ਮਾਝੀ’ ਬੋਲੀ ਜਾਂਦੀ ਹੈ। ਟਕਸਾਲੀ ਪੰਜਾਬੀ ਮਾਝੀ ਦੇ ਕਾਫ਼ੀ ਨੇੜੇ ਹੈ। ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮੁੱਚਾ ਅੰਮ੍ਰਿਤਸਰ ਇਤਿਹਾਸਿਕ ਤੇ ਧਾਰਮਿਕ ਮਹਾਨਤਾ ਵਾਲ਼ਾ ਸ਼ਹਿਰ ਹੈ ਅਤੇ ਨਾਲ਼ ਹੀ ਬੜਾ ਵੱਡਾ ਵਪਾਰਿਕ ਕੇਂਦਰ ਵੀ ਹੈ।

ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037

TAGGED:
Share This Article
Leave a Comment

Leave a Reply

Your email address will not be published. Required fields are marked *