2. ਪਰਤ ਆਉਣ ਤੱਕ
ਇਕਾਂਗੀਕਾਰ – ਡਾ. ਸਤੀਸ਼ ਕੁਮਾਰ ਵਰਮਾ
••• ਸੱਜਣ ਦਾ ਪਾਤਰ ਚਿਤਰਨ •••
• ਜਾਣ – ਪਛਾਣ – ਸੱਜਣ ‘ਪਰਤ ਆਉਣ ਤੱਕ’ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਬਜ਼ੁਰਗ ਪੰਜਾਬਾ ਉਸ ਦਾ ਪਿਤਾ ਹੈ। ਉਸ ਦੀ ਪਤਨੀ ਦਾ ਨਾਂ ਕਰਤਾਰੀ ਅਤੇ ਪੁੱਤਰ ਦਾ ਨਾਂ ਗੁਰਦੀਪ (ਦੀਪਾ) ਹੈ। ਉਸ ਦੇ ਛੋਟੇ ਭਰਾ ਦਾ ਨਾਂ ਸੁੰਦਰ ਹੈ। ਉਹ ਪਿੰਡ ਵਿੱਚ ਰਹਿ ਕੇ ਖੇਤੀ ਦਾ ਕੰਮ ਕਰਦਾ ਹੈ।
• ਘਰ ਵਿੱਚਲੇ ਕਲੇਸ਼ ਕਰਕੇ ਦੁਖੀ – ਉਹ ਘਰ ਵਿੱਚ ਕਲੇਸ਼ ਹੋਣ ਕਰਕੇ ਦੁਖੀ ਹੈ, ਜੋ ਕਲੇਸ਼ ਉਸਦੀ ਪਤਨੀ ਕਰਤਾਰੀ ਅਤੇ ਛੇਟੇ ਭਰਾ ਸੁੰਦਰ ਦੀ ਪਤਨੀ ਸੰਤੀ ਦੇ ਆਪਸੀ ਝਗੜੇ ਕਾਰਨ ਹੈ। ਇਸ ਲਈ ਉਹ ਆਪਣੀ ਪਤਨੀ ਕਰਤਾਰੀ ਨੂੰ ਕਲੇਸ਼ ਲਈ ਜ਼ੁੰਮੇਵਾਰ ਮੰਨਦਾ ਹੋਇਆ ਹਰ ਸਮੇਂ ਸੰਤੀ ਵਿਰੁੱਧ ਗੱਲਾਂ ਕਰਨ ਤੋਂ ਵਰਜਦਾ ਹੈ।
• ਪੱਖਪਾਤ ਨਾ ਰੱਖਣ ਵਾਲ਼ਾ – ਘਰ ਵਿੱਚ ਰੋਜ਼ਾਨਾ ਦੇ ਲੜਾਈ-ਝਗੜੇ ਲਈ ਸੱਜਣ ਬਿਨਾਂ ਕਿਸੇ ਪੱਖਪਾਤ ਦੇ ਆਪਣੀ ਪਤਨੀ ਕਰਤਾਰੀ ਅਤੇ ਆਪਣੇ ਭਰਾ ਦੀ ਪਤਨੀ ਸੰਤੀ ਦੋਵਾਂ ਨੂੰ ਕਸੂਰਵਾਰ ਸਮਝਦਾ ਹੈ। ਇਸੇ ਕਰਕੇ ਉਹ ਕਰਤਾਰੀ ਦੀਆਂ ਸੰਤੀ ਵਿਰੁੱਧ ਗੱਲਾਂ ਸੁਣ ਕੇ ਉਸਨੂੰ ਕਹਿੰਦਾ ਹੈ, “ਓ ਤੂੰ ਕਿਸੇ ਨਾਲੋਂ ਘੱਟ ਐਂ। ਮੈਂ ਜਾਣਦਾ ਨਹੀਂ। ਤੁਸੀਂ ਦੋਵੇਂ ਟੋਆ ਪੁੱਟ ਕੇ ਦੱਬਣ ਵਾਲ਼ੀਆਂ ਓ। ਅਖੇ ਜੀ, ਸਕੀਆਂ ਭੈਣਾਂ ਘਰ ‘ਚ ਲੈ ਆਓ। ਇਹ ਸਕੀਆਂ ਸੌਕਣਾਂ ਨੂੰ ਟੱਪੀਆਂ ਫਿਰਦੀਆਂ।”
• ਸਮਝਦਾਰ – ਉਹ ਇੱਕ ਸਮਝਦਾਰ ਵਿਅਕਤੀ ਹੈ। ਉਹ ਘਰ ਵਿੱਚਲੇ ਲੜਾਈ-ਝਗੜੇ ਤੋਂ ਦੁਖੀ ਹੈ ਅਤੇ ਸਿਆਣਪ ਤੇ ਸਮਝਦਾਰੀ ਨਾਲ਼ ਸਾਰਿਆਂ ਨੂੰ ਸਮਝਾ ਕੇ ਪਿਆਰ ਨਾਲ਼ ਰਹਿਣ ਲਈ ਕਹਿੰਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਸਨੂੰ ਘਰ ਵਿੱਚ ਪਿਆਰ ਨਾਲ਼ ਰਹਿਣ ਦੀ ਗੱਲ ਵਾਰ–ਵਾਰ ਨਾ ਕਹਿਣੀ ਪਵੇ।
• ਗਰਮ ਅਤੇ ਸਖ਼ਤ ਸੁਭਾਅ ਵਾਲ਼ਾ – ਪਿਆਰ ਨਾਲ਼ ਨਾ ਸਮਝਣ ਤੇ ਉਹ ਪਰਿਵਾਰ ਵਿੱਚੋਂ ਕਲੇਸ਼ ਮਕਾਉਣ ਲਈ ਸਖ਼ਤ ਤੇ ਗਰਮ ਸੁਭਾਅ ਨਾਲ਼ ਵੀ ਸਮਝਾਉਂਦਾ ਹੈ। ਉਹ ਸਾਰਿਆਂ ਨੂੰ ਕਹਿੰਦਾ ਹੈ, “…ਆਪਣੇ–ਆਪਣੇ ਘਰ ਰਹੋ ਬੰਦਿਆਂ ਆਂਗੂ ਸਾਰੇ, ਨਹੀਂ ਫੇਰ ਜੇ ਮੈਨੂੰ ਚੜ੍ਹ ਗਿਆ ਨਾ ਰੌਣ, ਅਜਿਹੀ ਕਰੂੰ ਸਾਰਿਆਂ ਨਾਲ਼ ਬਈ ਅਗਲਾ–ਪਿਛਲਾ ਝਾਕੋਗੇ, ਸਮਝੇ।” ਸੱਜਣ ਆਪਣੀ ਪਤਨੀ ਕਰਤਾਰੀ ਨੂੰ ਵੀ ਗੁੱਸੇ ਵਿੱਚ ਕਹਿੰਦਾ ਹੈ, “ ਤੂੰ ਮੈਥੋਂ ਹੁਣ ਟੰਬੇ ਖਾ ਕੇ ਈ ਹਟੇਂਗੀ….।”
• ਆਪਣੇ ਪਿਤਾ ਦਾ ਖ਼ਿਆਲ ਰੱਖਣ ਵਾਲ਼ਾ – ਉਹ ਆਪਣੇ ਪਿਤਾ ਦਾ ਖ਼ਿਆਲ ਰੱਖਦਾ ਹੈ। ਜਦੋਂ ਉਹ ਬਿਮਾਰ ਹੁੰਦਾ ਹੈ, ਤਾਂ ਸੱਜਣ ਕਾਫ਼ੀ ਫ਼ਿਕਰਮੰਦ ਹੁੰਦਾ ਹੈ। ਉਹ ਉਸ ਦੀ ਚੰਗੀ ਤਰ੍ਹਾਂ ਦੇਖ–ਭਾਲ ਕਰਦਾ ਹੈ ਅਤੇ ਉਸਨੂੰ ਸਰਦੀ ਤੋਂ ਬਚਾਉਣ ਲਈ ਆਪਣੇ ਘਰ ਲਿਜਾਣ ਦੀ ਕੋਸ਼ਸ਼ ਕਰਦਾ ਹੈ।
• ਸਥਿਤੀ ਅਨੁਸਾਰ ਚੱਲਣ ਵਾਲ਼ਾ – ਉਹ ਦੀਪੇ ਅਤੇ ਜਿੰਦੇ ਦੁਆਰਾ ਬਾਪੂ ਦੀ ਮਾਨਸਿਕ ਅਵਸਥਾ ਬਾਰੇ ਸਮਝਾਉਣ ਕਰਕੇ ਸਮਝ ਜਾਂਦਾ ਹੈ ਅਤੇ ਦੋਵੇਂ ਪਰਿਵਾਰਾਂ ਨੂੰ ਇੱਕ ਕਰਨ ਲਈ ਤਿਆਰ ਕਰ ਲੈਂਦਾ ਹੈ। ਉਸ ਦੇ ਕਹੇ ਨੂੰ ਸਾਰੇ ਸਵੀਕਾਰ ਕਰ ਲੈਂਦੇ ਹਨ।
••• ਸੁੰਦਰ ਦਾ ਪਾਤਰ ਚਿਤਰਨ •••
• ਜਾਣ–ਪਛਾਣ – ਸੁੰਦਰ ‘ਪਰਤ ਆਉਣ ਤੱਕ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਸ ਦੇ ਪਿਤਾ ਦਾ ਨਾਂ ਪੰਜਾਬਾ ਹੈ। ਉਸ ਦੀ ਪਤਨੀ ਦਾ ਨਾਂ ਸੰਤੀ ਅਤੇ ਪੁੱਤਰ ਦਾ ਨਾਂ ਰਾਜਿੰਦਰ (ਜਿੰਦਾ) ਹੈ। ਉਹ ਸੱਜਣ ਦਾ ਛੋਟਾ ਭਰਾ ਹੈ। ਉਹ ਪਿੰਡ ਵਿੱਚ ਰਹਿ ਕੇ ਖੇਤੀ ਕਰਦਾ ਹੈ।
• ਘਰ ਵਿੱਚ ਕਲੇਸ਼ ਤੋਂ ਪਰੇਸ਼ਾਨ – ਸੁੰਦਰ ਆਪਣੇ ਭਰਾ ਦੀ ਤਰ੍ਹਾਂ ਹੀ ਘਰ ਵਿੱਚਲੇ ਕਲੇਸ਼ ਤੋਂ ਪਰੇਸ਼ਾਨ ਹੈ। ਉਹ ਆਪਣੀ ਪਤਨੀ ਸੰਤੀ ਦੇ ਝਗੜਾਲੂ ਸੁਭਾਅ ਕਰਕੇ ਬਹੁਤ ਦੁਖੀ ਹੈ। ਉਹ ਸੰਤੀ ਦੀਆਂ ਕਰਤਾਰੀ ਵਿਰੁੱਧ ਗੱਲਾਂ ਸੁਣ ਕੇ ਦੁਖੀ ਹੋਇਆ ਉਸਨੂੰ ਕਹਿੰਦਾ ਹੈ, “ਫੇਰ ਸ਼ੁਰੂ ਕਰ ਦਿੱਤਾ ਜੰਗ ਹਿੰਦ–ਪੰਜਾਬ ਦਾ। ਮਖਾਂ ਦੋ ਘੜੀ ਰਮਾਨ ਨਾਲ਼ ਵੀ ਬਹਿ ਲਿਆ ਕਰੋ।”
• ਵੱਡਿਆਂ ਦਾ ਸਤਿਕਾਰ ਕਰਨ ਵਾਲ਼ਾ – ਉਹ ਆਪਣੇ ਭਰਾ ਤੇ ਬਾਪ ਦਾ ਸਤਿਕਾਰ ਕਰਦਾ ਹੈ ਅਤੇ ਉਹਨਾਂ ਦੀ ਗੱਲ ਮੰਨ ਕੇ ਇਕਾਂਗੀ ਦੇ ਅੰਤ ਵਿੱਚ ਦੋਹਾਂ ਪਰਿਵਾਰਾਂ ਨੂੰ ਇੱਕ ਕਰਨ ਲਈ ਤਿਆਰ ਹੋ ਜਾਂਦਾ ਹੈ। ਉਹ ਕਰਤਾਰੀ ਨਾਲ਼ ਝਗੜਾ ਕਰ ਰਹੀ ਆਪਣੀ ਪਤਨੀ ਨੂੰ ਹੀ ਕਹਿੰਦਾ ਹੈ, “ਤੂੰ ਫਿਰ ਕੰਜਰਖਾਨਾ ਸ਼ੁਰੂ ਕਰ ਲਿਆ। ਤੈਨੂੰ ਸੌ ਵਾਰੀ ਕਿਹਾ ਬਈ ਬੜੇ ਛੋਟੇ ਦਾ ਲਿਹਾਜ਼ ਕਰ ਲਿਆ ਕਰ।”
• ਪੱਖਪਾਤ ਨਾ ਕਰਨ ਵਾਲ਼ਾ – ਉਹ ਵੀ ਆਪਣੇ ਭਰਾ ਸੱਜਣ ਵਾਂਗ ਨਿਰਪੱਖ ਵਿਅਕਤੀ ਹੈ। ਉਹ ਆਪਣੀ ਪਤਨੀ ਸੰਤੀ ਅਤੇ ਕਰਤਾਰੀ ਦੇ ਝਗੜੇ ਵਿੱਚ ਆਪਣੀ ਪਤਨੀ ਦਾ ਸਾਥ ਨਾ ਦੇ ਕੇ ਨਿਰਪੱਖ ਹੋਣ ਦਾ ਸਬੂਤ ਦਿੰਦਾ ਹੈ।
• ਪਰਿਵਾਰ ਵਿੱਚ ਏਕਤਾ ਪਸੰਦ ਕਰਨ ਵਾਲ਼ਾ – ਉਹ ਪਰਿਵਾਰ ਵਿੱਚ ਕਲੇਸ਼ ਦੀ ਥਾਂ ਏਕਤਾ ਤੇ ਆਪਸੀ ਪਿਆਰ ਦੇਖਣਾ ਚਾਹੁੰਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ, “ਓ ਮੈਂ ਤਾਂ ਕਹਿਨੈਂ ਦੋਵੇਂ ਜਣੀਆਂ ਪਿਆਰ ਨਾਲ਼ ਰਿਹਾ ਕਰੋ। ਘਰ ਦਾ ’ਤਫ਼ਾਕ ਬਣਾਈ ਰੱਖੋ। ਦੱਬ ਘੁਟ ਕੇ ਗੁਜ਼ਾਰਾ ਕਰੋ।”
• ਸਾਂਤ ਤੇ ਨਰਮ ਸੁਭਾਅ ਵਾਲ਼ਾ – ਉਹ ਸਾਂਤ ਤੇ ਨਰਮ ਸੁਭਾਅ ਵਾਲ਼ਾ ਵਿਅਕਤੀ ਹੈ। ਉਹ ਆਪਣੇ ਭਰਾ ਸੱਜਣ ਵਾਂਗ ਆਪਣੀ ਪਤਨੀ ਸੰਤੀ ਨਾਲ਼ ਰੋਹਬ ਨਾਲ਼ ਗੱਲ ਨਹੀਂ ਕਰਦਾ। ਉਸ ਦਾ ਪੁੱਤਰ ਵੀ ਆਪਣੇ ਪਿਤਾ ਦੇ ਸੁਭਾਅ ਨੂੰ ਨਰਮ ਕਹਿੰਦਾ ਹੈ, ਜਿਸ ਕਰਕੇ ਉਸਦੀ ਸੰਤੀ ਅੱਗੇ ਵਾਹ ਨਹੀਂ ਚਲਦੀ।
• ਬਾਪੂ ਦਾ ਖ਼ਿਆਲ ਰੱਖਣ ਵਾਲ਼ਾ – ਆਪਣੇ ਪਿਤਾ ਦੇ ਬਿਮਾਰ ਹੋਣ ਤੇ ਸੁੰਦਰ ਬਹੁਤ ਫ਼ਿਕਰਮੰਦ ਹੁੰਦਾ ਹੈ। ਉਸ ਨੂੰ ਸਾਰੇ ਪਰਿਵਾਰ ਦੇ ਕਹਿਣ ਅਨੁਸਾਰ ਆਪਣੇ ਘਰ ਚੱਲਣ ਲਈ ਕਹਿੰਦਾ ਹੈ। ਉਹ ਦੋਹਾਂ ਪਰਿਵਾਰਾਂ ਦੇ ਇੱਕ ਹੋਣ ਅਤੇ ਬਾਪੂ ਦੇ ਤੰਦਰੁਸਤ ਹੋਣ ਕਰਕੇ ਖ਼ੁਸ਼ੀ ਪ੍ਰਗਟ ਕਰਦਾ ਹੈ।
••• ਕਰਤਾਰੀ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਕਰਤਾਰੀ ‘ਪਰਤ ਆਉਣ ਤੱਕ` ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਸਦੇ ਪਤੀ ਦਾ ਨਾਂ ਸੱਜਣ ਅਤੇ ਪੁੱਤਰ ਦਾ ਨਾਂ ਗੁਰਦੀਪ (ਦੀਪਾ) ਹੈ। ਇਕਾਂਗੀ ਵਿੱਚ ਉਹ ਤੇ ਸੰਤੀ ਸਕੀਆਂ ਭੈਣਾਂ ਹਨ ਅਤੇ ਸਕੇ ਭਰਾਵਾਂ ਨਾਲ਼ ਵਿਆਹੀਆਂ ਹਨ।
• ਲੜਾਈ-ਝਗੜਾ ਕਰਨ ਵਾਲ਼ੀ – ਉਹ ਝਗੜਾਲੂ ਕਿਸਮ ਦੀ ਔਰਤ ਹੈ। ਉਹ ਹਰ ਸਮੇਂ ਆਪਣੀ ਦਰਾਣੀ ਨਾਲ਼ ਲੜਾਈ ਆਰੰਭੀ ਰੱਖਦੀ ਹੈ। ਉਸਦੀ ਤੇ ਸੰਤੀ ਦੀ ਲੜਾਈ ਕਾਰਨ ਘਰ ਵਿੱਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ।
• ਚਲਾਕ ਔਰਤ – ਉਹ ਇੱਕ ਚਲਾਕ ਔਰਤ ਹੈ। ਉਹ ਪਹਿਲਾਂ ਤਾਂ ਸੰਤੀ ਨੂੰ ਜਾਣ-ਬੁੱਝ ਕੇ ਸੁਣਾ ਕੇ ਬੁਰਾ–ਭਲਾ ਬੋਲਦੀ ਹੈ, ਪਰ ਜਦੋਂ ਕਰਤਾਰੀ ਅੱਗੋਂ ਜਵਾਬ ਦਿੰਦੀ ਹੈ, ਤਾਂ ਉਹ ਕਹਿੰਦੀ ਹੈ ਕਿ ਉਹ ਆਪਣੇ ਘਰ ਜੋ ਮਰਜ਼ੀ ਬੋਲ ਸਕਦੀ ਹੈ। ਉਹ ਕਰਤਾਰੀ ਉੱਪਰ ਉਲਟੇ ਕੰਧਾਂ ਨਾਲ਼ ਲੱਗ–ਲੱਗ ਕੇ ਉਸ ਦੀਆਂ ਗੱਲਾਂ ਸੁਣਨ ਦੇ ਦੋਸ਼ ਲਾਉਂਦੀ ਹੈ।
• ਅੰਧ–ਵਿਸ਼ਵਾਸ ਦੀ ਸ਼ਿਕਾਰ – ਕਰਤਾਰੀ ਅੰਧ–ਵਿਸ਼ਵਾਸ ਦੀ ਸ਼ਿਕਾਰ ਔਰਤ ਹੈ। ਉਹ ਆਪਣੇ ਸਹੁਰੇ ਕੋਲ਼ ਦਰਾਣੀ ਸੰਤੀ ਉੱਪਰ ਅੰਧ–ਵਿਸ਼ਵਾਸ ਤਹਿਤ ਹੀ ਇਲਜ਼ਾਮ ਲਾਉਂਦੀ ਹੈ ਕਿ ਉਸ ਦੀ ਨਜ਼ਰ ਲੱਗਣ ਕਰਕੇ ਮਣ ਕਣਕ ਵਿਚੋਂ ਮਸਾਂ ਦਸ ਸੇਰ ਆਟਾ ਨਿਕਲਿਆ ਹੈ।
• ਹਮਲਾਵਰ – ਇਕਾਂਗੀ ਵਿੱਚ ਕਰਤਾਰੀ ਇੱਕ ਹਮਲਾਵਰ ਕਿਸਮ ਦੀ ਔਰਤ ਹੈ। ਉਹ ਲੜਾਈ ਦੌਰਾਨ ਸੰਤੀ ਨੂੰ ਮਾਰਨ ਲਈ ਅੱਗੇ ਵੀ ਵਧਦੀ ਹੈ। ਉਹ ਦੀਪੇ ਨੂੰ ਤੱਤਾ–ਤੱਤਾ ਚਿਮਟਾ ਮਾਰਨ ਦੀ ਧਮਕੀ ਵੀ ਦਿੰਦੀ ਹੈ।
• ਸਖ਼ਤ ਸੁਭਾਅ ਵਾਲ਼ੀ – ਕਰਤਾਰੀ ਦਾ ਸੁਭਾਅ ਸਖ਼ਤ ਹੈ। ਉਹ ਘਰ ਵਿੱਚ ਆਪਣੀ ਦਹਿਸ਼ਤ ਬਣਾ ਕੇ ਰੱਖਦੀ ਹੈ। ਜਿੰਦੇ ਦੇ ਕਹਿਣ ਅਨੁਸਾਰ ਉਸਦੇ ਘਰ ਵਿੱਚ ਹੁੰਦਿਆਂ ਦੀਪਾ ਸਾਹ ਨਹੀਂ ਕੱਢਦਾ। ਉਸ ਦੇ ਖੇਤ ਜਾਣ ਪਿੱਛੋਂ ਦੀਪਾ, ਜਿੰਦਾ ਤੇ ਬਜ਼ੁਰਗ ਘਰ ਵਿੱਚ ਅਜ਼ਾਦੀ ਮਹਿਸੂਸ ਕਰਦੇ ਅਤੇ ਢਾਰੇ ਉੱਤੇ ਬੈਠ ਕੇ ਚਾਹ ਪੀਣ ਦਾ ਆਨੰਦ ਮਾਣਦੇ ਹਨ।
• ਸਥਿਤੀ ਅਨੁਸਾਰ ਬਦਲ ਜਾਣ ਵਾਲ਼ੀ – ਕਰਤਾਰੀ ਅਤੇ ਸੰਤੀ ਦੇ ਝਗੜੇ ਕਾਰਨ ਘਰ ਵਿੱਚ ਵੰਡ ਪਈ ਸੀ। ਜਿਸ ਕਾਰਨ ਬਜ਼ੁਰਗ ਮਾਨਸਿਕ ਤੌਰ ਤੇ ਦੁਖੀ ਸੀ। ਇਕਾਂਗੀ ਦੇ ਅੰਤ ਵਿੱਚ ਕਰਤਾਰੀ ਆਪਣੇ ਸਹੁਰੇ ਦੀ ਹਾਲਤ ਨੂੰ ਸਮਝ ਕੇ ਘਰ ਨੂੰ ਇੱਕ ਕਰਨ ਲਈ ਤਿਆਰ ਹੋ ਜਾਂਦੀ ਹੈ ਅਤੇ ਭੈਣ ਸੰਤੀ ਨਾਲ਼ ਰਲ਼ ਕੇ ਬੈਠਦੀ ਹੈ।
••• ਸੰਤੀ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਸੰਤੀ ‘ਪਰਤ ਆਉਣ ਤੱਕ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਸੁੰਦਰ ਦੀ ਪਤਨੀ ਹੈ ਅਤੇ ਜਿੰਦਾ ਉਸ ਦਾ ਪੁੱਤਰ ਹੈ। ਉਹ ਅਤੇ ਕਰਤਾਰੀ ਸਕੀਆਂ ਭੈਣਾਂ ਹਨ ਅਤੇ ਸਕੇ ਭਰਾਵਾਂ ਨਾਲ਼ ਵਿਆਹੀਆਂ ਹਨ। ਇਕਾਂਗੀ ਵਿੱਚ ਉਸਦੇ ਕਰਤਾਰੀ ਨਾਲ਼ ਕਲੇਸ਼ ਕਰਕੇ ਘਰ ਦੇ ਟੋਟੇ ਹੋ ਜਾਂਦੇ ਹਨ।
• ਬਦਲਾ ਲੈਣ ਵਾਲ਼ੀ – ਉਹ ਬਦਲੇਖੋਰ ਔਰਤ ਹੈ। ਉਹ ਕਰਤਾਰੀ ਨਾਲ਼ ਝਗੜੇ ਦੌਰਾਨ ਉਸਦੀ ਹਰ ਗੱਲ ਦਾ ਮੋੜ ਕੇ ਜਵਾਬ ਦਿੰਦੀ ਹੈ। ਜੇਕਰ ਕਰਤਾਰੀ ਉਸ ਉੱਪਰ ਕੋਈ ਦੋਸ਼ ਲਾਉਂਦੀ ਹੈ, ਤਾਂ ਬਦਲੇ ਵਿੱਚ ਉਹ ਵੀ ਉਸ ਉੱਪਰ ਕੋਈ ਨਾ ਕੋਈ ਦੋਸ਼ ਲਾ ਦਿੰਦੀ ਹੈ।
• ਵਹਿਮ ਦਾ ਸ਼ਿਕਾਰ – ਉਹ ਕਰਤਾਰੀ ਵਾਂਗ ਨਜ਼ਰ ਲੱਗਣ ਵਰਗੇ ਵਹਿਮਾਂ ਦਾ ਸ਼ਿਕਾਰ ਹੈ। ਉਹ ਕਰਤਾਰੀ ਉੱਤੇ ਆਪਣੀ ਦੁੱਧ ਦੀ ਭਰੀ ਬਾਲਟੀ ਨੂੰ ਨਜ਼ਰ ਲਾਉਣ ਦਾ ਦੋਸ਼ ਲਾਉਂਦੀ ਹੈ।
• ਲੁਕ ਕੇ ਗੱਲਾਂ ਸੁਣਨ ਵਾਲ਼ੀ – ਉਹ ਆਪਣੀ ਜਿਠਾਣੀ ਕਰਤਾਰੀ ਦੀਆਂ ਲੁਕ-ਛੁਪ ਕੇ ਗੱਲਾਂ ਸੁਣਦੀ ਹੈ। ਉਹ ਘਰ ਵਿੱਚ ਲੜਾਈ ਬਣਾਈ ਰੱਖਣ ਲਈ ਆਪਣਾ ਧਿਆਨ ਹਰ ਸਮੇਂ ਕਰਤਾਰੀ ਦੀਆਂ ਗੱਲਾਂ ਵਿੱਚ ਰੱਖਦੀ ਹੈ ਅਤੇ ਥੋੜ੍ਹਾ ਜਿਹਾ ਵੀ ਆਪਣੇ ਖ਼ਿਲਾਫ ਬੋਲਿਆ ਸੁਣ ਕੇ ਆਢਾ ਲਾ ਲੈਂਦੀ ਹੈ।
• ਪਤੀ ਦਾ ਨਿਰਾਦਰ ਨਾ ਸਹਿਣ ਵਾਲ਼ੀ – ਉਹ ਆਪਣੇ ਪਤੀ ਦਾ ਨਿਰਾਦਰ ਨਹੀਂ ਸਹਿਣ ਕਰਦੀ। ਜਦੋਂ ਕਰਤਾਰੀ ਉਸਦੇ ਪਤੀ ਨੂੰ ਮਾਉਂ-ਜਿਹਾ ਕਹਿੰਦੀ ਹੈ, ਤਾਂ ਉਹ ਇਸਨੂੰ ਸਹਿਣ ਨਾ ਕਰਦੀ ਹੋਈ ਕਹਿੰਦੀ ਹੈ, ‘‘ਜ਼ਬਾਨ ਸੰਭਾਲ ਕੇ ਗੱਲ ਕਰ ਨੀ ਵੱਡੀਏ ਰਕਾਨੇ…..।”
• ਸਥਿਤੀ ਅਨੁਸਾਰ ਬਦਲ ਜਾਣ ਵਾਲ਼ੀ – ਕਰਤਾਰੀ ਅਤੇ ਸੰਤੀ ਦੇ ਝਗੜੇ ਕਾਰਨ ਘਰ ਵਿੱਚ ਵੰਡ ਪਈ ਸੀ। ਜਿਸ ਕਾਰਨ ਬਜ਼ੁਰਗ ਮਾਨਸਿਕ ਤੌਰ ਤੇ ਦੁਖੀ ਸੀ। ਇਕਾਂਗੀ ਦੇ ਅੰਤ ਵਿੱਚ ਸੰਤੀ ਆਪਣੇ ਸਹੁਰੇ ਦੀ ਹਾਲਤ ਨੂੰ ਸਮਝ ਕੇ ਘਰ ਨੂੰ ਇੱਕ ਕਰਨ ਲਈ ਤਿਆਰ ਹੋ ਜਾਂਦੀ ਹੈ ਅਤੇ ਆਪਣੀ ਭੈਣ ਕਰਤਾਰੀ ਨਾਲ਼ ਰਲ਼ ਕੇ ਬੈਠਦੀ ਹੈ।
••• ਬਜ਼ੁਰਗ ਦਾ ਪਾਤਰ ਚਿਤਰਨ •••
• ਜਾਣ-ਪਛਾਣ – ਬਜ਼ੁਰਗ ‘ਪਰਤ ਆਉਣ ਤੱਕ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਸਦਾ ਨਾਂ ਪੰਜਾਬਾ ਹੈ। ਉਸਦੀ ਪਤਨੀ ਮਰ ਚੁੱਕੀ ਸੀ। ਸੱਜਣ ਤੇ ਸੁੰਦਰ ਉਸ ਦੇ ਪੁੱਤਰ ਹਨ। ਕਰਤਾਰੀ ਤੇ ਸੰਤੀ ਉਸਦੀਆਂ ਨੂੰਹਾਂ ਹਨ। ਦੀਪਾ ਤੇ ਜਿੰਦਾ ਉਸਦੇ ਪੋਤਰੇ ਹਨ। ਉਹ ਧੌਲੀ ਦਾੜ੍ਹੀ ਵਾਲ਼ਾ ਬਜ਼ੁਰਗ ਹੈ।
• ਘਰ ਦੇ ਕਲੇਸ਼ ਤੋਂ ਦੁਖੀ – ਉਹ ਘਰ ਦੇ ਕਲੇਸ਼ ਤੋਂ ਦੁਖੀ ਹੈ, ਪਰ ਉਹ ਬੇਵੱਸ ਵਿਅਕਤੀ ਹੈ, ਕਿਉਂਕਿ ਘਰ ਵਿੱਚ ਕੋਈ ਉਸਦੀ ਗੱਲ ਮੰਨਣ ਨੂੰ ਤਿਆਰ ਨਹੀਂ। ਉਹ ਘਰ ਵਿੱਚ ਪਈ ਵੰਡ ਕਰਕੇ ਦੁਖੀ ਹੈ। ਦੁੱਖ ਕਰਕੇ ਹੀ ਬੋਲਦੇ ਸਮੇਂ ਉਸਦਾ ਗੱਚ ਭਰ ਆਉਂਦਾ ਹੈ। ਵੰਡ ਤੋਂ ਬਾਅਦ ਉਸ ਨੇ ਘਰ ਵਿੱਚ ਪੈਰ ਨਹੀਂ ਪਾਇਆ। ਉਹ ਘਰ ਤੋਂ ਅਲੱਗ ਆਪਣੇ ਢਾਰੇ ਵਿੱਚ ਰਹਿੰਦਾ ਹੈ।
• ਮਿਹਨਤ ਕਰਨ ਵਾਲ਼ਾ– ਉਹ ਇਕ ਮਿਹਨਤੀ ਆਦਮੀ ਹੈ। ਉਸਨੇ ਬਹੁਤ ਮਿਹਨਤ ਕਰਕੇ ਆਪਣਾ ਘਰ ਬਣਾਇਆ ਸੀ। ਉਸਨੇ ਆਪਣੀ ਪਤਨੀ ਸਮੇਤ ਆਪਣੇ ਪੁੱਤਰਾਂ ਲਈ ਆਪਣੇ ਸੁੱਖ-ਦੁੱਖ ਦੀ ਪ੍ਰਵਾਹ ਨਹੀਂ ਕੀਤੀ ਸੀ।
• ਘਰ ਦੀ ਵੰਡ ਨੂੰ ਨਾ ਮੰਨਣ ਵਾਲ਼ਾ – ਉਸ ਦੀਆਂ ਨੂੰਹਾਂ ਦੇ ਆਪਸੀ ਕਲੇਸ਼ ਕਾਰਨ ਘਰ ਦੀ ਜੋ ਵੰਡ ਹੋਈ ਹੈ, ਉਹ ਉਸਨੂੰ ਸਵੀਕਾਰ ਨਹੀਂ ਕਰਦਾ ਅਤੇ ਵੰਡੇ ਘਰ ਵਿੱਚ ਪੈਰ ਨਹੀਂ ਪਾਉਂਦਾ। ਉਹ ਸਾਂਝੇ ਵਿਹੜੇ ਦੇ ਪਿੱਛੇ ਬਣੇ ਢਾਰੇ ਵਿੱਚ ਇਕੱਲਾ ਰਹਿੰਦਾ ਹੈ।
• ਘਰ ਨੂੰ ਇੱਕ ਕਰਨ ਲਈ ਪੋਤਿਆਂ ਦਾ ਸਾਥ ਦੇਣ ਵਾਲ਼ਾ – ਆਪਣੇ ਦਾਦੇ ਦੀ ਮਾਨਸਿਕ ਹਾਲਤ ਨੂੰ ਸਮਝ ਕੇ ਦੀਪਾ ਤੇ ਜਿੰਦਾ ਇੱਕ ਵਿਉਂਤ ਬਣਾਉਂਦੇ ਹਨ, ਜਿਸ ਵਿੱਚ ਬਜ਼ੁਰਗ ਬਿਮਾਰ ਹੋਣ ਦਾ ਨਾਟਕ ਕਰਕੇ ਉਹਨਾਂ ਦਾ ਸਾਥ ਦਿੰਦਾ ਹੈ। ਇਸ ਤਰ੍ਹਾਂ ਉਹ ਵੰਡੇ ਹੋਏ ਘਰ ਨੂੰ ਇੱਕ ਕਰ ਦਿੰਦੇ ਹਨ।
••• ਵਾਰਤਾਲਾਪ ਸੰਬੰਧੀ ਪ੍ਰਸ਼ਨ •••
1. “ਤੁਸੀਂ ਮੀਰਜ਼ਾਦਿਓ ਘਬਰਾਓ ਨਾ। ਤੁਸੀਂ ਏਉਂ ਕਿਉਂ ਨੀ ਕਰਦੇ ਬਈ ਸਾਡੇ ਡਰਾਮੇ ’ਚ ਪਾਰਟ ਕਰੋ। ਕਲਾਕਾਰ ਤੁਸੀਂ ਹੋ ਈ। ਬੱਸ ਗੱਲ ਆਪਣੇ ਕੋਲੋਂ ਨੀ ਬਣਾਉਣੀ ਜੋ ਸਭ ਡਾਇਰੈਕਟਰ ਸਾਹਿਬ ਦੱਸਣ, ਉਹੀ ਬੋਲਣੀ ਐ।”
ਪ੍ਰਸ਼ਨ – (ੳ) ਇਕਾਂਗੀ ਅਤੇ ਇਕਾਂਗੀਕਾਰ ਦਾ ਕੀ ਨਾਂ ਹੈ??
(ਅ) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(ੲ) ਇਸ ਵਾਰਤਾਲਾਪ ਵਿੱਚ ਕਲਾਕਾਰ ਕਿਸ ਨੂੰ ਕਿਹਾ ਗਿਆ ਹੈ?
(ਸ) ਮੀਰਜ਼ਾਦਿਆਂ ਨੂੰ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕੀ ਕਿਹਾ ਗਿਆ ਹੈ?
ਉੱਤਰ – (ੳ) ਇਕਾਂਗੀ ‘ਪਰਤ ਆਉਣ ਤੱਕ’ ਅਤੇ ਇਕਾਂਗੀਕੀਰ ਡਾ. ਸਤੀਸ਼ ਕੁਮਾਰ ਵਰਮਾ।
(ਅ) ਇਹ ਸ਼ਬਦ ਪਹਿਲੇ ਕਲਾਕਾਰ ਨੇ ਦੋਹਾਂ ਮਰਾਸੀਆਂ ਨੂੰ ਕਹੇ।
(ੲ) ਮਰਾਸੀਆਂ ਨੂੰ।
(ਸ) ਮੀਰਜ਼ਾਦਿਆਂ ਨੂੰ ਕਿਹਾ ਗਿਆ ਹੈ ਕਿ ਡਰਾਮਾ ਪੇਸ਼ ਕਰਦੇ ਸਮੇਂ ਗੱਲ ਆਪਣੇ ਕੋਲ਼ੋਂ ਨਹੀਂ ਬਣਾਉਣੀ, ਸਗੋਂ ਜੋ ਡਾਇਰੈਕਟਰ ਸਾਹਿਬ ਦੱਸਣ, ਉਹੋ ਹੀ ਬੋਲਣੀ ਹੈ।
2. “ਚਾਹੇ ਕੋਈ ਕੁਛ ਕਹੇ। ਮੈਨੂੰ ਨੀ ਪਰਵਾਹ। ਮੈਂ ਸੌ ਦੀ ਇੱਕ ਸੁਣਾ ’ਤੀ। ਬਈ ਮੈਂ ਅੱਡ–ਅੱਡ ਹੋਏ ਘਰਾਂ ‘ਚ ਨੀ ਜਾਣਾ। ਨਾਲ਼ੇ ਆਹ ਅੱਜ ਦੀ ਗੱਲ ਐ? ਜਿਵੇਂ ਥੋਨੂੰ ਪਤਾ ਨੀ। ਜਿੱਦਣ ਦਾ ਇਹ ਵੰਡ–ਵੰਡਾਰਾ ਹੋਇਐ, ਮੈਂ ਪਾਇਐ ਕਦਮ ਥੋਡੇ ਦੋਹਾਂ ਦੇ ਘਰਾਂ ’ਚ?”
ਪ੍ਰਸ਼ਨ – (ੳ) ਇਕਾਂਗੀ ਅਤੇ ਇਕਾਂਗੀਕਾਰ ਦਾ ਕੀ ਨਾਂ ਹੈ?
(ਅ) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(ੲ) ਬਜ਼ੁਰਗ ਕਿਸ ਦੀ ਪਰਵਾਹ ਨਹੀਂ ਕਰਦਾ?
(ਸ) ਵੰਡ–ਵੰਡਾਰਾ ਹੋਣ ‘ਤੇ ਬਜ਼ੁਰਗ ਕੀ ਕਹਿੰਦਾ ਹੈ?
ਉੱਤਰ – (ੳ) ਇਕਾਂਗੀ ‘ਪਰਤ ਆਉਣ ਤੱਕ’ ਅਤੇ ਇਕਾਂਗੀਕੀਰ ਡਾ. ਸਤੀਸ਼ ਕੁਮਾਰ ਵਰਮਾ।
(ਅ) ਇਹ ਸ਼ਬਦ ਬਜ਼ੁਰਗ ਨੇ ਆਪਣੇ ਪੁੱਤਰਾਂ ਸੱਜਣ ਤੇ ਸੁੰਦਰ ਨੂੰ ਕਹੇ।
(ੲ) ਲੋਕਾਂ ਦੀ।
(ਸ) ਉਸਨੂੰ ਵੰਡ ਪਸੰਦ ਨਹੀਂ ਇਸ ਲਈ ਉਸਨੇ ਦੋਹਾਂ ਘਰਾਂ ਵਿੱਚ ਪੈਰ ਨਹੀਂ ਪਾਇਆ।
3. ‘‘ਕੋਈ ਅਕਲ ਦੀ ਗੱਲ ਕਰੋ। ਕਿਉਂ ਸਾਰੇ ਪਿੰਡ ਨੂੰ ਬਦਨਾਮੀ ਖੱਟਣ ਆਲ਼ਾ ਕੰਮ ਕਰਦੀਓਂ।ਇਸ ਘਰ ‘ਚੋਂ ਕਦੇ ਉੱਚੀ ਅਵਾਜ਼ ਨੀ ਸੀ ਨਿਕਲ਼ੀ। ਲੋਕਾਂ ਨੇ ਸਾਡੀ ਅੱਲ ‘ਚੁਪਕਿਆਂ ਕੇ’ ਪਾਈ ਹੋਈ ਸੀ। ਹੁਣ ਮੈਨੂੰ ਲੱਗਦੈ ‘ਬੋਲ ਬੁਲਾਰਿਆਂ ਕੇ’ ਪਾਉਣਗੇ।”
ਪ੍ਰਸ਼ਨ – (ੳ) ਇਕਾਂਗੀ ਅਤੇ ਇਕਾਂਗੀਕਾਰ ਦਾ ਕੀ ਨਾਂ ਹੈ?
(ਅ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
(ੲ) ਇਸ ਵਾਰਤਾਲਾਪ ਅਨੁਸਾਰ ਕਿਹੜੇ ਕੰਮ ਨਾਲ਼ ਪਿੰਡ ਵਿੱਚ ਬਦਨਾਮੀ ਹੋਣ ਦਾ ਖ਼ਤਰਾ ਸੀ।
(ਸ) ਇਸ ਵਾਰਤਾਲਾਪ ਵਿੱਚ ‘ਚੁਪਕਿਆਂ ਕੇ’ ਅੱਲ ਕਿਨ੍ਹਾਂ ਬਾਰੇ ਹੈ?
ਉੱਤਰ – (ੳ) ਇਕਾਂਗੀ ‘ਪਰਤ ਆਉਣ ਤੱਕ’ ਅਤੇ ਇਕਾਂਗੀਕੀਰ ਡਾ. ਸਤੀਸ਼ ਕੁਮਾਰ ਵਰਮਾ।
(ਅ) ਇਹ ਸ਼ਬਦ ਸੁੰਦਰ ਨੇ ਸੰਤੀ ਨੂੰ ਕਹੇ।
(ੲ) ਸੰਤੀ ਤੇ ਕਰਤਾਰੀ ਦੇ ਝਗੜੇ ਕਰਕੇ।
(ਸ) ਸੱਜਣ ਤੇ ਸੁੰਦਰ ਦੇ ਪਰਿਵਾਰ ਬਾਰੇ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਪਰਤ ਆਉਣ ਤੱਕ` ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ – ਡਾ. ਸਤੀਸ਼ ਕੁਮਾਰ ਵਰਮਾ।
ਪ੍ਰਸ਼ਨ 2. ਪਹਿਲੇ ਦ੍ਰਿਸ਼ ਵਿੱਚ ਮੰਚ ਉੱਤੇ ਅਚਾਨਕ ਕੌਣ ਪਰਵੇਸ਼ ਕਰਦੇ ਹਨ?
ਉੱਤਰ – ਦੋ ਮਰਾਸੀ।
ਪ੍ਰਸ਼ਨ 3. ਢਾਰੇ ਵਿੱਚ ਕੌਣ ਰਹਿੰਦਾ ਹੈ?
ਉੱਤਰ – ਬਜ਼ੁਰਗ ਪੰਜਾਬਾ।
ਪ੍ਰਸ਼ਨ 4. ਘਰਾਂ ਦੇ ਵਿੱਚਕਾਰ ਵੰਡ ਨੂੰ ਦਰਸਾਉਣ ਲਈ ਕੀ ਹੈ?
ਉੱਤਰ – ਢਾਰਾ ਤੇ ਗੱਡੇ ਦਾ ਪਹੀਆ।
ਪ੍ਰਸ਼ਨ 5. ਕਰਤਾਰੀ ਬਜ਼ੁਰਗ ਕੋਲ਼ ਕਿਸ ਵਿਰੁੱਧ ਸ਼ਕਾਇਤ ਕਰਦੀ ਹੈ?
ਉੱਤਰ – ਸੰਤੀ ਵਿਰੁੱਧ।
ਪ੍ਰਸ਼ਨ 6. ਤੀਜੇ ਦ੍ਰਿਸ਼ ਦਾ ਸਮਾਂ ਕਿਹੜਾ ਹੈ?
ਉੱਤਰ – ਪ੍ਰਭਾਤ ਵੇਲਾ।
ਪ੍ਰਸ਼ਨ 7. ‘ਪਰਤ ਆਉਣ ਤੱਕ’ ਇਕਾਂਗੀ ਵਿੱਚ ਪਾਠ ਦੀ ਅਵਾਜ਼ ਕਿਥੋਂ ਆਉਂਦੀ ਹੈ?
ਉੱਤਰ – ਬਜ਼ੁਰਗ ਦੇ ਢਾਰੇ ਵਿੱਚੋਂ।
ਪ੍ਰਸ਼ਨ 8. ਕਰਤਾਰੀ ਆਪਣੇ ਪਤੀ ਸੱਜਣ ਕੋਲ਼ ਕਿਸ ਵਿਰੁੱਧ ਸ਼ਕਾਇਤਾਂ ਕਰਦੀ ਹੈ?
ਉੱਤਰ – ਸੰਤੀ ਵਿਰੁੱਧ।
ਪ੍ਰਸ਼ਨ 9. ਸੰਤੀ ਆਪਣੇ ਪਤੀ ਕੋਲ ਕਿਸ ਦੇ ਵਿਰੁੱਧ ਸ਼ਕਾਇਤਾਂ ਕਰਦੀ ਹੈ?
ਉੱਤਰ – ਕਰਤਾਰੀ ਵਿਰੁੱਧ।
ਪ੍ਰਸ਼ਨ 10. ਕਰਤਾਰੀ ਦੇ ਪਤੀ ਦਾ ਨਾਂ ਕੀ ਹੈ?
ਉੱਤਰ – ਸੱਜਣ।
ਪ੍ਰਸ਼ਨ 11. ਸੰਤੀ ਦੇ ਪਤੀ ਦਾ ਨਾਂ ਕੀ ਹੈ?
ਉੱਤਰ – ਸੁੰਦਰ।
ਪ੍ਰਸ਼ਨ 12. ਸੱਜਣ ਤੇ ਸੁੰਦਰ ਦਾ ਆਪਸ ਵਿਚ ਕੀ ਰਿਸ਼ਤਾ ਹੈ?
ਉੱਤਰ – ਭਰਾਵਾਂ ਦਾ।
ਪ੍ਰਸ਼ਨ 13. ਕਰਤਾਰੀ ਤੇ ਸੰਤੀ ਦਾ ਕੀ ਰਿਸ਼ਤਾ ਹੈ?
ਉੱਤਰ – ਭੈਣਾਂ ਤੇ ਦਰਾਣੀ-ਜੇਠਾਣੀ ਦਾ।
ਪ੍ਰਸ਼ਨ 14. ਦੀਪਾ ਕਿਸਦਾ ਪੁੱਤਰ ਹੈ?
ਉੱਤਰ – ਸੱਜਣ ਤੇ ਕਰਤਾਰੀ ਦਾ।
ਪ੍ਰਸ਼ਨ 15. ਜਿੰਦਾ ਕਿਸਦਾ ਪੁੱਤਰ ਹੈ?
ਉੱਤਰ – ਸੁੰਦਰ ਤੇ ਸੰਤੀ ਦਾ।
ਪ੍ਰਸ਼ਨ 16. ‘ਨੋ ਮੈਨਜ਼ ਲੈਂਡ’ ਕੀ ਹੈ?
ਉੱਤਰ – ਢਾਰਾ ਤੇ ਗੱਡੇ ਦਾ ਪਹੀਆ।
ਪ੍ਰਸ਼ਨ 17. ਦੀਪਾ ਬਾਬੇ ਲਈ ਕਿਹੜਾ ਸ਼ਬਦ ਵਰਤਦਾ ਹੈ?
ਉੱਤਰ – ਰਾਸ਼ਟਰਪਤੀ।
ਪ੍ਰਸ਼ਨ 18. ਇਕਾਂਗੀ ਵਿੱਚ ਬਜ਼ੁਰਗ ਦਾ ਨਾਂ ਕੀ ਹੈ?
ਉੱਤਰ – ਪੰਜਾਬਾ।
ਪ੍ਰਸ਼ਨ 19. ਘਰ ਦੀ ਵੰਡ ਦਾ ਸਭ ਤੋਂ ਵੱਧ ਦੁੱਖ ਕਿਸ ਨੂੰ ਹੈ?
ਉੱਤਰ – ਬਜ਼ੁਰਗ ਨੂੰ।
ਪ੍ਰਸ਼ਨ 20. ਕੌਣ ਆਪਣਾ ਘਰ ਖੇਤਾਂ ਵਿਚ ਬਣਾਉਣ ਲਈ ਕਹਿੰਦਾ ਹੈ?
ਉੱਤਰ – ਕਰਤਾਰੀ।
ਪ੍ਰਸ਼ਨ 21. ਕੌਣ ਜ਼ਮੀਨ ਤੇ ਘਰ ਵੇਚ ਕੇ ਸ਼ਹਿਰ ਜਾਣ ਦੀ ਸਲਾਹ ਦਿੰਦਾ ਹੈ?
ਉੱਤਰ – ਸੰਤੀ।
ਪ੍ਰਸ਼ਨ 22. ਸੰਤੀ ਸ਼ਹਿਰ ਜਾ ਕੇ ਕਿਹੜਾ ਕੰਮ ਚਲਾਉਣ ਦੀ ਗੱਲ ਕਰਦੀ ਹੈ?
ਉੱਤਰ – ਡੇਅਰੀ ਫ਼ਾਰਮ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037