2. ਵਜੀਦ

2. ਵਜੀਦ

ਅਭਿਆਸ

ਪ੍ਰਸ਼ਨ 1. ਹੇਠਾਂ ਲਿਖੇ ਕਾਵਿ-ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

(ੳ) ਮਾਇਆ ਰਸ ਲਗਿ ਭੂਲੇ, ਮੌਤ ਨਹਿੰ ਸੂਝਈ।

ਕਹਿ ਕਹਿ ਹਾਰੇ ਗ੍ਰੰਥ, ਮੂੜ ਨਹੀਂ ਬੂਝਈ।

ਹਰਿ ਕਾ ਨਾਮ ਅਗਿਆਨੀ, ਰਿਦੈ ਨ ਲਿਆਵਈ।

ਵਜੀਦਾ ਦੀਪਕ ਜਿਉਂ ਬੁਝ ਜਾਇ, ਪ੍ਰਾਣ ਭੀ ਜਾਵਈ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ‘ਮੱਧ-ਕਾਲੀਨ ਪੰਜਾਬੀ-ਕਾਵਿ’ (ਝਲਕਾਂ ਤੇ ਇਤਿਹਾਸ) ਵਿੱਚ ਦਰਜ ਵਜੀਦ ਜੀ ਦਾ ਸਲੋਕ ਹੈ। ਇਸ ਵਿੱਚ ਵਜੀਦ ਜੀ ਆਖਦੇ ਹਨ ਕਿ ਮਨੁੱਖ ਨੂੰ ਸਰੀਰ ਦੀ ਨਾਸ਼ਵਾਨਤਾ ਨੂੰ ਚੇਤੇ ਰੱਖਣਾ ਚਾਹੀਦਾ ਹੈ।

ਵਿਆਖਿਆ: ਵਜੀਦ ਜੀ ਉਪਰੋਕਤ ਸਲੋਕ ਵਿੱਚ ਕਹਿੰਦੇ ਹਨ ਕਿ ਮਨੁੱਖ ਨੂੰ ਮਾਇਆ ਦੇ ਰੰਗ ਵਿੱਚ ਰੰਗੇ ਜਾਣ ਉਪਰੰਤ ਮੌਤ ਭੁੱਲ ਜਾਂਦੀ ਹੈ। ਵੱਡੇ-ਵੱਡੇ ਗ੍ਰੰਥ ਇਹ ਗੱਲਾਂ ਸਮਝਾਉਂਦੇ ਥੱਕ ਗਏ ਹਨ, ਪਰ ਮੂਰਖ ਮਨੁੱਖ ਦੀ ਬੁੱਧੀ ਵਿੱਚ ਇਹ ਗੱਲ ਨਹੀਂ ਆਉਂਦੀ। ਮਨੁੱਖ ਅਗਿਆਨਤਾ ਦੇ ਵੱਸ ਪਰਮਾਤਮਾ ਦਾ ਨਾਂ ਆਪਣੇ ਮਨ ਵਿੱਚ ਨਹੀਂ ਵਸਾਉਂਦਾ। ਉਹ ਇਹ ਭੁੱਲ ਜਾਂਦਾ ਹੈ ਕਿ ਜਿਵੇਂ ਦੀਵੇ ਵਿਚਲਾ ਤੇਲ ਮੁੱਕਣ ਨਾਲ਼ ਦੀਵਾ ਬੁਝ ਜਾਂਦਾ ਹੈ, ਇਸੇ ਪ੍ਰਕਾਰ ਇੱਕ ਦਿਨ ਮਨੁੱਖ ਦਾ ਜੀਵਨ ਵੀ ਖ਼ਤਮ ਹੋ ਜਾਵੇਗਾ।

(ਅ) ਚੋਰ ਜੁ ਕਰਦੇ ਚੋਰੀ, ਲਿਆਵਣ ਲੁਟ ਘਰ।

ਖਾਂਦੇ ਦੁਧ ਮਲਾਈ, ਮਲੀਦੇ ਕੁੱਟ ਕਰ।

ਰਹਿੰਦੇ ਤੇਰੀ ਆਸ , ਜਾਂਦੇ ਭੁੱਖ ਮਰ।

ਵਜੀਦਾ ਕੌਣ ਸਾਹਿਬ ਨੋ ਆਖੇ, ਐਉਂ ਨਹੀਂ ਅੰਞ ਕਰ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ‘ਮੱਧ-ਕਾਲੀਨ ਪੰਜਾਬ- ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ਵਜੀਦ ਜੀ ਦਾ ਸਲੋਕ ਹੈ। ਇਸ ਵਿੱਚ ਵਜੀਦ ਜੀ ਨੇ ਮਨੁੱਖ ’ਤੇ ਹੋ ਰਹੀਆਂ ਬਖ਼ਸ਼ਿਸ਼ਾਂ ਅਤੇ ਰੱਬ ਦੇ ਭਾਣੇ ਦੀ ਬੇਪਰਵਾਹੀ ਦਾ ਬਿਆਨ ਕੀਤਾ ਹੈ।

ਵਿਆਖਿਆ: ਵਜੀਦ ਜੀ ਉਪਰੋਕਤ ਸਲੋਕ ਵਿੱਚ ਕਹਿੰਦੇ ਹਨ ਕਿ ਮਨੁੱਖ ਚੋਰੀ ਕਰਕੇ, ਲੁੱਟਾਂ ਕਰਕੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਲੁੱਟ ਕੇ ਐਸ਼ਾਂ ਕਰਦੇ ਹਨ ਭਾਵ ਚੂਰੀਆਂ ਕੁੱਟ-ਕੁੱਟ ਖਾਂਦੇ ਹਨ, ਦੁੱਧ-ਮਲਾਈਆਂ ਛਕਦੇ ਹਨ। ਦੂਜੇ ਪਾਸੇ ਉਹ ਲੋਕ ਹਨ ਜੋ ਸਿਰਫ਼ ਰੱਬ ਦੀ ਆਸ ’ਤੇ ਜਿਊਂਦੇ ਹਨ ਪਰ ਭੁੱਖੇ ਮਰ ਜਾਂਦੇ ਹਨ। ਇਹ ਸਭ ਕੁਝ ਰੱਬ ਦੇ ਭਾਣੇ ਵਿੱਚ ਵਾਪਰ ਰਿਹਾ ਹੈ ਰੱਬ ਇਸ ਭਾਣੇ ਤੋਂ ਬੇਖ਼ਬਰ ਨਹੀਂ ਹੈ ਪਰ ਉਸ ਰੱਬ ਨੂੰ ਉਸ ਦੇ ਦੁਆਰਾ ਕੀਤੇ ਜਾਂਦੇ ਕੰਮਾਂ ਤੋਂ ਕੌਣ ਰੋਕ ਸਕਦਾ ਹੈ? ਅਜਿਹਾ ਕੋਈ ਨਹੀਂ ਜੋ ਉਸ ਨੂੰ ਇਹ ਕਹਿ ਸਕੇ ਕਿ ਇੰਝ ਨਾ ਕਰਕੇ ਤੂੰ ਇਸ ਤਰ੍ਹਾਂ ਕਰਦੇ।

(ੲ) ਘੜੀ ਘੜੀ ਘੜਿਆਲ ਕਿ ਵਾਜੇ ਕਹਿਤ ਹੈ।

ਬਹੁਤੀ ਗਈ ਵਿਹਾਇ, ਥੋੜੀ ਸੀ ਰਹਿਤ ਹੈ।

ਸਾਂਈ ਬੇਗ ਸਮਾਲ ਕਿ ਜਮ ਕੀ ਰਾਰ ਹੈ।

ਵਜੀਦਾ ਜਮ ਕੇ ਹਾਥਿ ਗੁਲੇਲ, ਪਟਾਕਾ ਪਾਰ ਹੈ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ਵਜੀਦ ਜੀ ਦਾ ਸਲੋਕ ਹੈ। ਇਸ ਵਿੱਚ ਵਜੀਦ ਜੀ ਨੇ ਮਨੁੱਖ ਮੌਤ ਦੀ ਨਾਸ਼ਵਾਨਤਾ ਅਤੇ ਤੇਜ਼ੀ ਨਾਲ਼ ਬੀਤ ਰਹੇ ਸਮੇਂ ਤੋਂ ਅਗਾਹ ਕੀਤਾ ਹੈ ਕਿ ਮੌਤ ਵਾਲ਼ੇ ਦਿਨ ਪਰਮਾਤਮਾ ਦਾ ਨਿਸ਼ਾਨਾ ਖੁੰਝਣ ਵਾਲ਼ਾ ਨਹੀਂ।

ਵਿਆਖਿਆ: ਵਜੀਦ ਜੀ ਆਖਦੇ ਹਨ ਕਿ ਘੜੀ-ਘੜੀ ਦੀ ਸੂਚਨਾ ਦੇਣ ਵਾਲ਼ਾ ਘੜਿਆਲ ਵਾਰ-ਵਾਰ ਵੱਜਦਾ ਹੋਇਆ ਕਹਿੰਦਾ ਹੈ ਕਿ ਹੇ ਮਨੁੱਖ! ਤੇਰੀ ਰੱਬ ਦੀ ਬਖ਼ਸ਼ੀ ਹੋਈ ਉਮਰ ਵਿੱਚੋਂ ਬਹੁਤੀ ਬੀਤ ਚੁੱਕੀ ਹੈ ਅਤੇ ਥੋੜ੍ਹੀ ਬਾਕੀ ਬਚੀ ਹੈ, ਕਿਉਂਕਿ ਤੇਰੇ ਨਾਲ਼ ਯਮਦੂਤ ਦਾ ਵੈਰ ਹੈ, ਇਸ ਲਈ ਜਿੰਨੀ ਛੇਤੀ ਹੋ ਸਕੇ ਤੂੰ ਇਸ ਸਮੇਂ ਨੂੰ ਸੰਭਾਲ਼ ਕੇ ਖ਼ਰਚ ਕਰ। ਉਹ ਦੱਸਦਾ ਹੈ ਕਿ ਪਰਮਾਤਮਾ ਦੇ ਹੱਥ ਵਿੱਚ ਐਸੀ ਗੁਲੇਲ ਹੈ ਜਿਸ ਦਾ ਨਿਸ਼ਾਨਾ ਅਚੂਕ ਹੈ, ਕਦੇ ਖੁੰਝਣ ਵਾਲ਼ਾ ਨਹੀਂ ਹੈ।

ਪ੍ਰਸ਼ਨ 2. ਹੇਠਾਂ ਲਿਖੀਆਂ ਕਾਵਿ-ਸਤਰਾਂ ਦਾ ਕੇਂਦਰੀ ਭਾਵ ਲਿਖੋ:

(ੳ) ਕਿਆ ਸਮਝਾਈਐ ਗਿਆਨ, ਅਗਿਆਨੀ ਜੀਵ ਕਉ।

ਪੜੀ ਭਰਮ ਕੀ ਚੂਕ, ਭਜੈ ਨਹਿੰ ਪੀਵ ਕਉ।

ਨਿੰਮ ਨ ਮਿੱਠੀ ਹੋਇ ਸਿੰਚ ਗੁੜ ਘੀਉ ਸਿਉ।

ਵਜੀਦਾ ਜੈਸਾ ਹੋਇ ਸੁਭਾਉ, ਜਾਇਗਾ ਜੀਉ ਸਿਉ।

ਉੱਤਰ: ਕੇਂਦਰੀ-ਭਾਵ: ਜਿਵੇਂ ਅਗਿਆਨੀ ਵਿਅਕਤੀ ਨੂੰ ਗਿਆਨ ਦੀ ਕੋਈ ਗੱਲ ਨਹੀਂ ਸਮਝਾਈ ਜਾ ਸਕਦੀ: ਜਿਵੇਂ ਨਿੰਮ ਦੀ ਕੁੜੱਤਣ ਨੂੰ ਜਿੰਨਾ ਮਰਜ਼ੀ ਘਿਓ-ਗੁੜ ਵਿੱਚ ਲਪੇਟ ਦਿਓ, ਪਰ ਉਸ ਦੀ ਕੁੜੱਤਣ ਨਹੀਂ ਜਾਂਦੀ। ਇਸੇ ਪ੍ਰਕਾਰ ਹੀ ਵਿਅਕਤੀ ਦਾ ਸੁਭਾਅ ਹੈ।

(ਅ) ਘਿਉ, ਸ਼ੱਕਰ ਤੇ ਮੈਦਾ ਮਿਲਦਾ ਕੁੱਤਿਆਂ।

ਜਿਨ੍ਹਾਂ ਦਾ ਪੀਂਦੇ ਦੁੱਧ, ਸੋ ਮਰਦੇ ਭੁੱਖਿਆਂ।

ਬੀਜਣ, ਗਾਹੁਣ, ਵਾਹੁਣ ਖੜਸਨਿ ਬੰਨ੍ਹ ਕਰ।

ਵਜੀਦਾ ਕੌਣ ਸਾਹਿਬ ਨੂੰ ਆਖੇ, ਐਉਂ ਨਹੀਂ ਅੰਞ ਕਰ।

ਉੱਤਰ: ਕੇਂਦਰੀ-ਭਾਵ: ਰੱਬ ਬੜਾ ਬੇਪਰਵਾਹ ਹੈ। ਜਿਵੇਂ ਅਗਿਆਨੀ ਵਿਅਕਤੀ ਨੂੰ ਗਿਆਨ ਦੀ ਕੋਈ ਗੱਲ ਨਹੀਂ ਸਮਝਾਈ ਜਾ ਸਕਦੀ। ਜਿਵੇਂ ਨਿੰਮ ਦੀ ਕੁੜੱਤਣ ਨੂੰ ਜਿੰਨਾ ਮਰਜ਼ੀ ਘਿਓ-ਗੁੜ ਵਿੱਚ ਲਪੇਟ ਦਿਓ, ਪਰ ਉਸ ਦੀ ਕੁੜੱਤਣ ਨਹੀਂ ਜਾਂਦੀ। ਇਸੇ ਪ੍ਰਕਾਰ ਹੀ ਵਿਅਕਤੀ ਦਾ ਸੁਭਾਅ ਹੈ।

ਪ੍ਰਸ਼ਨ 3. (ੳ) ‘ ਨਾ ਕਰ ਖ਼ੁਦੀ ਗੁਮਾਨ, ਜੁਆਨ ਮਰ ਜਾਹਿੰਗਾ ’ ਬੰਦ ਦਾ ਕੇਂਦਰੀ ਭਾਵ ਲਿਖੋ। ਜਾਂ

ਉੱਤਰ: ਕੇਂਦਰੀ-ਭਾਵ: ਮਨੁੱਖ ਨੂੰ ਆਪਣੇ-ਆਪ ’ਤੇ ਕਿਸੇ ਵੀ ਪ੍ਰਕਾਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਮਨੁੱਖ ਦੇ ਸਰੀਰ ਵਾਂਗ ਹਰ ਚੀਜ਼ ਨਾਸ਼ਵਾਨ ਹੈ। ਕੱਚ ਦੀ ਵੰਗ ਵਰਗਾ ਮਨੁੱਖੀ ਜੀਵਨ ਹੈ ਪਤਾ ਨਹੀਂ ਕਦੋਂ ਖ਼ਤਮ ਹੋ ਜਾਣਾ ਹੈ।

(ਅ) “ਚੋਰਾਂ ਦੇ ਘਰਿ ਵਗ ਜੁ ਮਾਨਸ ਘਾਇੰਦੇ।” ਬੰਦ ਦਾ ਕੇਂਦਰੀ ਭਾਵ ਲਿਖੋ।

ਉੱਤਰ: ਕੇਂਦਰੀ-ਭਾਵ: ਰੱਬ,ਪਰਮਾਤਮਾ ਦੀ ਮਰਜ਼ੀ ਅਨੁਸਾਰ ਕੋਈ ਚੋਰ, ਧੋਖੇਬਾਜ਼ ਵੀ ਪ੍ਰਸਿੱਧੀ ਕਮਾ ਲੈਂਦਾ ਹੈ, ਮਾਣ-ਸਨਮਾਨ ਹਾਸਲ ਕਰ ਲੈਂਦਾ ਹੈ। ਪਰ ਉਸ ਰੱਬ ਨੂੰ ਉਸਦੇ ਦੁਆਰਾ ਕੀਤੇ ਜਾਂਦੇ ਕੰਮਾਂ ਤੋਂ ਕੌਣ ਰੋਕ ਸਕਦਾ ਹੈ? ਅਜਿਹਾ ਕੋਈ ਨਹੀਂ ਜੋ ਉਸਨੂੰ ਇਹ ਕਹਿ ਸਕੇ ਕਿ ਇੰਝ ਨਾ ਕਰਕੇ ਤੂੰ ਇਸ ਤਰ੍ਹਾਂ ਕਰਦੇ।

ਪ੍ਰਸ਼ਨ 4. ਵਸਤੁਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ‘ਚੋਰਾਂ ਦੇ ਘਰਿ ਵਗ ਜੁ ਮਾਨਸ ਘਾਇੰਦੇ।‘ ਤੁਕ ਕਿਸ ਸੂਫ਼ੀ ਸ਼ਾਇਰ ਦੀ ਰਚਨਾ ਹੈ?

ਉੱਤਰ: ਵਜੀਦ।

ਪ੍ਰਸ਼ਨ 2. ਵਜੀਦ ਜੀ ਦੇ ਸਲੋਕ ਅਨੁਸਾਰ ਨਿੰਮ ਕਿਸ ਚੀਜ਼ ਵਿੱਚ ਸਿੰਜਣ ਦੇ ਬਾਵਜੂਦ ਮਿੱਠੀ ਨਹੀਂ ਹੁੰਦੀ?

ਉੱਤਰ: ਗੁੜ ਅਤੇ ਘਿਓ।

ਪ੍ਰਸ਼ਨ 3. ‘ਇਕਨਾ ਦੇ ਧਨ ਪੱਲੇ ਸ਼ਾਹ ਸਦਾਇੰਦੇ’ ਸਲੋਕ ਵਿੱਚ ਜ਼ਿਕਰ ਹੈ—

ਮਾਲਕ-ਨੌਕਰ

ਅਮੀਰੀ-ਗ਼ਰੀਬੀ

ਦੁੱਖ-ਸੁੱਖ

ਖ਼ੁਸ਼ੀ-ਗ਼ਮੀ

ਉੱਤਰ: ਅਮੀਰੀ-ਗ਼ਰੀਬੀ

ਪ੍ਰਸ਼ਨ 5. ਵਜੀਦ ਜੀ ਨੇ ਆਪਣੇ ਸਲੋਕਾਂ ਵਿੱਚ ‘ਸਾਹਿਬ‘ ਕਿਸ ਨੂੰ ਆਖਿਆ ਹੈ?

ਉੱਤਰ: ਪਰਮਾਤਮਾ ਨੂੰ।

ਪ੍ਰਸ਼ਨ 6. ‘ਵਜੀਦ ਜੀ “ਨਾ ਕਰ ਖ਼ੁਦੀ ਗੁਮਾਨ, ਜੁਆਨ ਮਰ ਜਾਹਿੰਗਾ” ਸਲੋਕ ਵਿੱਚ ਜੁਆਨ ਨੂੰ ਕੀ ਸੁਨੇਹਾ ਦੇਂਦੇ ਹਨ?

ਉੱਤਰ: ਆਪਣੇ ਹੰਕਾਰ ਦਾ ਤਿਆਗ ਕਰਨ ਦਾ, ਉਸ ਨੂੰ ਛੱਡਣ ਦਾ।

ਪ੍ਰਸ਼ਨ 7. ‘ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ।’ ਸਲੋਕ ਵਿੱਚ ਵਜੀਦ ਜੀ ਨੇ ਕਿਸ ਬਾਰੇ ਵਿਅੰਗ ਕੀਤਾ ਹੈ:

ਅਮੀਰੀ-ਗ਼ਰੀਬੀ

ਸਮਾਜਿਕ ਅਨਿਆਂ

ਉੱਤਰ: ਸਮਾਜਿਕ ਅਨਿਆਂ

ਪ੍ਰਸ਼ਨ 8. ‘ਮਾਇਆ ਰਸ ਲਗਿ ਭੂਲੇ, ਮੌਤ ਨਹਿੰ ਸੂਝਈ’ ਸਲੋਕ ਵਿੱਚ ਵਜੀਦ ਜੀ ਮਨੁੱਖ ਨੂੰ ਕਿਸ ਦਾ ਨਾਂ ਹਿਰਦੇ ਵਿੱਚ ਧਿਆਉਣ ਲਈ ਕਹਿੰਦੇ ਹਨ?

ਉੱਤਰ: ਰੱਬ ਦਾ ਨਾਂ।

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਪੰਜਾਬੀ ਮਾਸਟਰ) ਸਸਸਸ ਕਾਹਮਾ ਜ਼ਿਲ੍ਹਾ ਸ਼.ਭ.ਸ.ਨਗਰ (ਸਟੇਟ ਅਵਾਰਡੀ) 9878583784

 

TAGGED:
Share This Article
Leave a Comment

Leave a Reply

Your email address will not be published. Required fields are marked *