3. ਵਾਰਿਸ ਸ਼ਾਹ
ਅਭਿਆਸ
1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
(ੳ) ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆ, ਖਰੀ ਕਠਨ ਹੈ ਜੋਗ-ਮੁਹਿੰਮ ਮੀਆਂ।
ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ, ਜੇਹੀ ਘੋਲ ਕੇ ਪੀਵਣਾ ਨਿੰਮ ਮੀਆਂ।
ਜਹਾਂ ਸੁੰਨ ਸਮਾਧ ਕੀ ਮੰਡਲੀ ਹੈ, ਅਤੇ ਝੂਟਣਾ ਹੈ ਰਿੰਮ ਝਿੰਮ ਮੀਆਂ।
ਤਹਾਂ ਭਸਮ ਲਗਾਇ ਕੇ ਭਸਮ ਹੋਣਾ, ਪੇਸ਼ ਜਾਇ ਨਾਹੀਂ ਗਰਬ ਤੇ ਡਿੰਮ੍ਹ ਮੀਆਂ।
ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ‘ਵਾਰਿਸ਼ ਸ਼ਾਹ’ ਦੀ ਰਚਨਾ ਕਿੱਸਾ ‘ਹੀਰ’ ਅਧੀਨ ‘ਬਾਲ ਨਾਥ ਦਾ ਰਾਂਝੇ ਨੂੰ ਸਮਝਾਉਣਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਦੱਸਿਆ ਹੈ ਕਿ ਕਿਵੇਂ ਬਾਲ ਨਾਥ ਰਾਂਝੇ ਨੂੰ ਜੋਗ ਦੀ ਕਠਿਨ ਕਮਾਈ ਨਾ ਕਰਨ ਲਈ ਸਮਝਾ ਰਿਹਾ ਹੈ।
ਵਿਆਖਿਆ: ਕਵੀ ਲਿਖਦਾ ਹੈ ਕਿ ਬਾਲ ਨਾਥ ਰਾਂਝੇ ਨੂੰ ਸਮਝਾਉਂਦਾ ਹੈ ਕਿ ਜੋਗ ਪੰਥ ਭਗਵਾਨ ਤੋਂ ਅਰੰਭ ਹੁੰਦਾ ਹੈ ਅਤੇ ਇਹ ਜੋਗ ਦੀ ਰਾਹ ਬਹੁਤ ਔਖੀ ਹੈ। ਜੋਗ ਰਾਹ ਦਾ ਸਵਾਦ ਬਹੁਤ ਬਕਬਕਾ ਹੈ ਇਸਦਾ ਸਵਾਦ ਇਵੇਂ ਹੈ ਜਿਵੇਂ ਕੋਈ ਨਿੰਮ ਨੂੰ ਘੋਲ ਕੇ ਪੀਂਦਾ ਹੈ। ਇਸ ਰਾਹ ਵਿੱਚ ਜਿੱਥੇ ਸੁੰਨ ਸਮਾਧ ਦੀ ਮੰਡਲੀ ਹੈ। ਜੋਗ ਲੈਣ ਵਾਲ਼ਾ ਇੱਥੇ ਅੰਤਰ ਧਿਆਨ ਹੋ ਕੇ ਮਸਤੀ ਅੰਦਰ ਰੰਮ-ਝਿੰਮ ਦੇ ਝੂਟੇ ਲੈਂਦਾ ਹੈ। ਜੋਗੀ ਆਪਣੇ ਜਿਸਮ ਤੇ ਸੁਆਹ ਮਲ਼ ਕੇ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਸਾੜ ਦਿੰਦਾ ਹੈ ਅਤੇ ਜੋਗੀ ਦੇ ਜੀਵਨ ਵਿੱਚ ਹਉਮੈ ਤੇ ਹੰਕਾਰ ਦੀ ਪੇਸ਼ ਨਹੀਂ ਚੱਲਦੀ ਹੈ।
(ਅ) ਸੁਖੀ ਦਵਾਰ ਵੱਸੇ, ਜੋਗੀ ਭੀਖ ਮਾਂਗੇ, ਦੇਣੀ ਦੁਆਇ ਅਸੀਸ ਸੁਣਾਈਏ ਜੀ।
ਇਸੀ ਭਾਂਤ ਸੇ, ਨਗਰ ਦੀ ਭੀਖ ਲੈ ਕੇ, ਮਸਤ ਲਟਕਦੇ ਦੁਆਰ ਕੋ ਆਈਏ ਜੀ।
ਵੱਡੀ ਮਾਂ ਹੀ ਜਾਣ ਕੇ ਕਰੋ ਨਿਹਚਾ, ਛੋਟੀ ਭੈਣ ਮਿਸਾਲ ਕਰਾਈਏ ਜੀ।
ਵਾਰਿਸ ਸ਼ਾਹ ਯਕੀਨ ਦੀ ਕੁੱਲ੍ਹਾ ਬੱਧੀ, ਸੱਭੋ ਹੱਕ ਹੀ ਹੱਕ ਠਹਿਰਾਈਏ ਜੀ।
ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ‘ਵਾਰਿਸ਼ ਸ਼ਾਹ’ ਦੀ ਰਚਨਾ ਕਿੱਸਾ ‘ਹੀਰ’ ਅਧੀਨ ‘ਬਾਲ ਨਾਥ ਵੱਲੋਂ ਰਾਂਝੇ ਨੂੰ ਨਸੀਅਤ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਦੱਸਿਆ ਹੈ ਕਿ ਕਿਵੇਂ ਬਾਲ ਨਾਥ ਰਾਂਝੇ ਨੂੰ ਜੋਗ ਦੀ ਕਠਿਨ ਕਮਾਈ ਨਾ ਕਰਨ ਲਈ ਸਮਝਾ ਰਿਹਾ ਹੈ।
ਵਿਆਖਿਆ: ਬਾਲ ਨਾਥ ਰਾਂਝੇ ਨੂੰ ਨਸੀਅਤ ਦਿੰਦਾ ਹੋਇਆ ਦੱਸਦਾ ਹੈ ਕਿ ਜੋਗੀ ਜਿਸ ਦਰ ਤੋਂ ਭਿੱਖਿਆ ਲਈ ਜਾਂਦਾ ਹੈ ਉਹ ਘਰ ਸੁੱਖੀ ਵਸਦਾ ਹੈ ਅਤੇ ਭਿੱਖਿਆ ਲੈਣ ਉਪਰੰਤ ਘਰ ਵਾਲ਼ਿਆਂ ਨੂੰ ਅਸੀਸ ਦੇਣਾ ਜੋਗੀ ਦਾ ਧਰਮ ਬਣ ਜਾਂਦਾ ਹੈ। ਇਸੇ ਤਰ੍ਹਾਂ ਤੋਂ ਭਿੱਖਿਆ ਲੈਣ ਤੋਂ ਬਾਅਦ ਮਸਤ-ਮਲੰਗ ਹੋ ਕੇ ਲਟਕਦੇ ਹੋਏ ਡੇਰੇ ਨੂੰ ਵਾਪਸ ਪਰਤਣਾ ਹੈ। ਕਿਸੇ ਘਰ ਵਿੱਚ ਮਿਲ਼ੀ ਇਸਤਰੀ ਜੇ ਉਮਰ ਵਿੱਚ ਵੱਡੀ ਹੋਵੇ ਤਾਂ ਉਸਨੂੰ ਮਾਂ ਸਮਝਣ ਦਾ ਨਿਸ਼ਚਾ ਕਰਨਾ ਹੈ ਅਤੇ ਛੋਟੀ ਨੂੰ ਭੈਣ ਦੇ ਬਰਾਬਰ ਸਮਝਣਾ ਹੈ। ਵਾਰਿਸ਼ ਸਾਹ ਆਖਦਾ ਹੈ ਕਿ ਬਾਲ ਨਾਥ ਰਾਂਝੇ ਨੂੰ ਸਮਝਾਉਂਦਾ ਹੈ ਕਿ ਯਕੀਨ ਵਿੱਚ ਆਪਣੇ-ਆਪ ਨੂੰ ਬੰਨ੍ਹ ਕੇ ਸਭ ਨੂੰ ਸੱਚ ਆਖਣਾ ਚਾਹੀਦਾ ਹੈ।
2. ਉਪਰੋਕਤ ਸਤਰਾਂ ਕਿਸ ਨੇ ਕਿਸ ਨੂੰ ਕਹੀਆਂ? ਇਹਨਾਂ ਸਤਰਾਂ ਦੀ ਵਿਆਖਿਆ ਆਪਣੇ ਸ਼ਬਦਾਂ ਵਿੱਚ ਕਰੋ।
ਜੋਗੀ ਛੱਡ ਜਹਾਨ ਫ਼ਕੀਰ ਹੋਏ, ਇਸ ਜੱਗ ਵਿੱਚ ਬਹੁਤ ਖਵਾਰੀਆਂ ਨੇ।
ਲੈਣ ਦੇਣ ਤੇ ਦਗ਼ਾ ਅਨਿਆਉਂ ਕਰਨਾ, ਲੁੱਟ-ਖੁੱਟ ਤੇ ਚੋਰੀਆਂ ਯਾਰੀਆਂ ਨੇ।
ਉਹ ਪੁਰਖ ਨਿਰਬਾਣ ਪਦ ਜਾਇ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ।
ਜੋਗ ਦਿਉ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਉ ’ਤੇ ਘੁੰਡੀਆਂ ਚਾੜ੍ਹੀਆਂ ਨੇ।
ਵਿਆਖਿਆ: ਉਪਰੋਕਤ ਕਾਵਿ ਸਤਰਾਂ ਰਾਂਝਾ ਨੇ ਬਾਲ ਨਾਥ ਨੂੰ ਕਹੀਆਂ ਹਨ। ਰਾਂਝਾ ਕਹਿੰਦਾ ਹੈ ਕਿ ਜੋਗੀ ਇਸ ਜਹਾਨ ਨੂੰ ਛੱਡ ਕੇ ਫ਼ਕੀਰ ਹੋ ਜਾਂਦਾ ਹੈ ਕਿਉਂਕਿ ਉਹ ਇਸ ਜਹਾਨ ਦੀਆਂ ਖ਼ਰਾਬੀਆਂ ਨੂੰ ਸਹਿਨ ਨਹੀਂ ਕਰ ਸਕਦਾ। ਇਸ ਜਹਾਨ ਵਿੱਚ ਰਹਿ ਕੇ ਲੈਣ-ਦੇਣ ਵਿੱਚ ਦਗ਼ਾ, ਅਨਿਆਂ, ਲੁੱਟ-ਖਸੁੱਟ ਅਤੇ ਚੋਰੀਆਂ-ਯਾਰੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਜੋ ਲੋਕ ਆਪਣੀਆਂ ਪੰਜੇ ਇੰਦਰੀਆਂ ’ਤੇ ਕਾਬੂ ਪਾ ਕੇ ਜੋਗ ਧਾਰਨ ਕਰਦੇ ਹਨ ਕੇਵਲ ਉਹ ਹੀ ਮੁਕਤੀ ਭਾਵ ਨਿਰਵਾਣ ਪ੍ਰਾਪਤ ਕਰ ਸਕਦੇ ਹਨ। ਇਸ ਕਰਕੇ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦਾ ਸ਼ੱਕ ਨਾ ਰੱਖ ਕੇ ਮੈਂਨੂੰ ਜੋਗ ਦੇ ਕਿ ਨਿਹਾਲ ਕਰ ਦੇਵੋ।
ਵਸਤੂਨਿਸ਼ਠ ਪ੍ਰਸ਼ਨ:
ਪ੍ਰਸ਼ਨ 1. ਵਾਰਿਸ ਸ਼ਾਹ ਕਿਸ ਸ਼ਾਹਕਾਰ ਰਚਨਾ ਕਰਕੇ ਮਸ਼ਹੂਰ ਹੋਇਆ?
ਉੱਤਰ: ਕਿੱਸਾ ਹੀਰ-ਰਾਂਝਾ।
ਪ੍ਰਸ਼ਨ 2. ਵਾਰਿਸ ਸ਼ਾਹ ਦੇ ਕਿੱਸੇ ‘ਹੀਰ ਰਾਂਝਾ’ ਵਿੱਚ ਰਾਂਝਾ ਕਿਸ ਜੋਗੀ ਕੋਲ਼ ਜੋਗ ਦੀ ਪ੍ਰਾਪਤੀ ਲਈ ਜਾਂਦਾ ਹੈ?
ਉੱਤਰ: ਬਾਲ ਨਾਥ।
ਪ੍ਰਸ਼ਨ 3. ਵਾਰਿਸ ਸ਼ਾਹ ਅਨੁਸਾਰ ਜੋਗ ਦਾ ਪੰਥ ਕਿਸ ਨੇ ਬਣਾਇਆ ਹੈ?
ਉੱਤਰ: ਸ਼ਿਵਜੀ ਨੇ।
ਪ੍ਰਸ਼ਨ 4. ਬਾਲਨਾਥ ਰਾਂਝੇ ਨੂੰ ਨ੍ਹਾਉਣ ਤੋਂ ਬਾਅਦ ਸਰੀਰ ਉੱਤੇ ਕੀ ਮਲ਼ਨ ਦੀ ਸਲਾਹ ਦਿੰਦਾ ਹੈ?
ਉੱਤਰ: ਬਿਭੂਤੀ।
ਪ੍ਰਸ਼ਨ 5. ਬਾਲਨਾਥ ਨੇ ਜੋਗ ਦੇਣ ਸਮੇਂ ਰਾਂਝੇ ਨੂੰ ਵੱਡੀ ਤੇ ਛੋਟੀ ਇਸਤਰੀ ਨੂੰ ਕਿਸ ਸਮਾਨ ਸਤਿਕਾਰ ਦੇਣ ਦੀ ਨਸੀਹਤ ਦਿੱਤੀ ਹੈ?
ਉੱਤਰ: ਵੱਡੀ ਇਸਤਰੀ ਨੂੰ ਮਾਂ ਅਤੇ ਛੋਟੀ ਨੂੰ ਭੈਣ ਸਮਾਨ ਸਤਿਕਾਰ ਦੇਣ।
ਪ੍ਰਸ਼ਨ 6. ਰਾਂਝਾ ਜੋਗ ਲੈਣ ਉਪਰੰਤ ਕਿੱਥੇ ਜਾਣ ਲਈ ਤੁਰਿਆ?
ਉੱਤਰ: ਰੰਗਪੁਰ ਖੇੜੀ।
ਪ੍ਰਸ਼ਨ 7. ਰਾਂਝਾ ਕਿਸ ਉਦੇਸ਼ ਨਾਲ਼ ਜੋਗ ਧਾਰਨ ਕਰਦਾ ਹੈ-
(i) ਹੀਰ ਦਾ ਮਿਲ਼ਾਪ (ii) ਆਤਮਿਕ ਸੰਤੁਸ਼ਟੀ (iii) ਮਾਇਆ ਦੀ ਪ੍ਰਾਪਤੀ (iv) ਖ਼ੁਦਾ ਨਾਲ਼ ਮੇਲ਼।
ਉੱਤਰ: ਹੀਰ ਦਾ ਮਿਲ਼ਾਪ ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784