3. ਸ਼ਾਹ ਹੁਸੈਨ

3. ਸ਼ਾਹ ਹੁਸੈਨ

ਅਭਿਆਸ

ਪ੍ਰਸ਼ਨ 1. ਹੇਠ ਲਿਖੇ ਕਾਵਿ-ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਟੋਪੀ ਮੈਲੀ ਸਾਬਣੁ ਥੋੜਾ

,

ਬਹਿ ਕਿਨਾਰੇ ਧੋਇ।

ਮੀਣੀ ਢੱਗੀ ਨਾਮ ਸਾਂਈ ਦਾ, ਅੰਦਰਿ ਬਹਿ ਕਰਿ ਚੋਇ।

ਉਛਲ ਨਦੀਆਂ ਤਾਰੂ ਹੋਈਆਂ, ਮੈਂ ਕੰਢੇ ਰਹੀ ਖਲੋਇ।

ਕਹੈ ਹੁਸੈਨ ਫ਼ਕੀਰ ਸਾਂਈ ਦਾ, ਹੋਣੀ ਹੋਇ ਸੋ ਹੋਇ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ‘ਸ਼ਾਹ ਹੁਸੈਨ’ ਜੀ ਦੀ ਕਾਫ਼ੀ ‘ਪਾਵੇਂਗਾ ਦੀਦਾਰ ਸਾਹਿਬ ਦਾ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਸ਼ਾਹ ਹੁਸੈਨ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਵਿਕਾਰਾਂ ਤੋਂ ਛੁਟਕਾਰਾ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ।

ਵਿਆਖਿਆ: ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਮਨੁੱਖ ਦੇ ਜੀਵਨ ਰੂਪੀ ਟੋਪੀ ਜੋ ਉਸਦੇ ਵਿਕਾਰਾਂ ਕਾਰਨ ਗੰਦੀ ਹੈ, ਮੈਲ਼ ਨਾਲ਼ ਭਰੀ ਹੋਈ ਹੈ। ਮਨੁੱਖ ਉਸ ਨੂੰ ਸਿੱਖਿਆ ਦੇ ਭਾਵ ਗਿਆਨ ਦੇ ਸਾਬਣ ਨਾਲ਼ ਹੌ ਧੋ ਸਕਦਾ ਹੈ। ਪਰਮਾਤਮਾ ਦਾ ਨਾਂ ਮੀਣੀ ਢੱਗੀ ਦੇ ਸਮਾਨ ਹੈ ਜਿਸ ਨੂੰ ਅੰਦਰ ਬਹਿ ਕੇ ਚੋਇਆ ਜਾਣਾ ਚਾਹੀਦਾ ਹੈ ਭਾਵ ਕਿ ਅੰਦਰ ਬੈਠ ਕੇ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ, ਕਿਉਂਕਿ ਨਾਮ ਜਪਣ ਵਾਲ਼ੀਆਂ ਰੂਹਾਂ ਲਈ ਵਿਕਾਰਾਂ ਭਰੀਆਂ ਨਦੀਆਂ ਤਰਨਯੋਗ ਹੋ ਜਾਂਦੀਆਂ ਹਨ। ਪਰ ਮੈਂ ਨਿਮਾਣੀ ਰੱਬ ਦੇ ਨਾਮ ਤੋਂ ਬਿਨਾਂ ਕਿਨਾਰੇ ਖੜ੍ਹੀ ਰਹੀ। ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਅਸਲ ਵਿੱਚ ਜੋ ਹੋਣੀ ਹੁੰਦੀ ਹੈ ਉਹ ਵਾਪਰ ਕੇ ਹੀ ਰਹਿੰਦੀ ਹੈ।

ਭਠਿ ਪਈ ਤੇਰੀ ਚਿੱਟੀ ਚਾਦਰ

,

ਚੰਗੀ ਫ਼ਕੀਰਾਂ ਦੀ ਲੋਈ।

ਦਰਗਹਿ ਵਿੱਚ ਸੁਹਾਗਣਿ ਸੋਈ, ਜੋ ਖੁਲ੍ਹਿ ਖੁਲ੍ਹਿ ਨਚ ਖਲੋਈ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ‘ਨਿਮਾਣਿਆਂ ਦੀ ਰੱਬਾ ਰੱਬਾ ਹੋਈ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਸ਼ਾਹ ਹੁਸੈਨ ਜੀ ਆਖਦੇ ਹਨ ਕਿ ਹਉਮੈਂ ਦਾ ਤਿਆਗ ਕਰਕੇ ਅਤੇ ਨਿਮਰਤਾ ਧਾਰਨ ਕਰਕੇ ਹੀ ਪਰਮਾਤਮਾ ਦੇ ਨੇੜੇ ਹੋਇਆ ਜਾ ਸਕਦਾ ਹੈ।

ਵਿਆਖਿਆ: ਸ਼ਾਹ ਹੁਸੈਨ ਜੀ ਮਨੁੱਖ ਨੂੰ ਕਹਿੰਦੇ ਹਨ ਕਿ ਤੇਰੀ ਹੰਕਾਰ ਦੇ ਨਾਲ਼ ਭਰੀ ਚਿੱਟੀ ਚਾਦਰ ਭੱਠੀ ਵਿੱਚ ਪਵੇ। ਫ਼ਕੀਰਾਂ ਲਈ ਨਿਮਰਤਾ ਦੀ ਕੰਬਲ਼ੀ ਹੀ ਠੀਕ ਹੈ। ਉਸ ਪਰਮਾਤਮਾ ਦੇ ਦਰਬਾਰ ਵਿੱਚ ਉਹ ਜੀਵ ਰੂਪੀ ਇਸਤਰੀ ਹੀ ਪ੍ਰਵਾਨ ਚੜ੍ਹਦੀ ਹੈ ਜੋ ਦਿਖਾਵਾ ਨਹੀਂ ਕਰਦੀ ਅਤੇ ਸੱਚੇ ਮਨੋਂ ਆਪਣੇ ਪ੍ਰੀਤਮ ਦੇ ਪਿਆਰ ਦੀ ਖੁੱਲ੍ਹ ਜਤਾਉਂਦੀ ਹੈ।

ਪ੍ਰਸ਼ਨ 2. ‘ਇੱਥੇ ਰਹਿਣਾ ਨਾਹੀਂ’ ਕਾਫ਼ੀ ਦਾ ਕੇਂਦਰੀ ਭਾਵ ਲਿਖੋ।

ਉੱਤਰ: ਮਨੁੱਖ ਦਾ ਇਹ ਸਰੀਰ ਨਾਸ਼ਵਾਨ ਹੈ। ਮਨੁੱਖ ਭੁਲੇਖੇ ਵਿੱਚ ਫਸਿਆ ਭੁੱਲ ਜਾਂਦਾ ਹੈ ਕਿ ਵੱਡੇ ਮਹਿਲ-ਮੁਨਾਰੇ ਉਸ ਦਾ ਅਸਲੀ ਘਰ ਨਹੀਂ ਹੈ ਬਲਕਿ ਉਸ ਦਾ ਅਸਲੀ ਘਰ ਉਸਦੀ ਕਬਰ ਹੈ, ਜੋ ਮਿੱਟੀ ਥੱਲੇ ਹੈ। ਇਸ ਲਈ ਮਨੁੱਖ ਨੂੰ ਹਉਮੈਂ ਦਾ ਤਿਆਗ਼ ਕਰਕੇ ਨਿਮਰਤਾ ਨੂੰ ਧਾਰਨ ਕਰਨਾ ਚਾਹੀਦਾ ਹੈ।

ਪ੍ਰਸ਼ਨ 3. ‘ਕੈ ਬਾਗ਼ੈ ਦੀ ਮੂਲੀ’ ਕਾਫ਼ੀ ਦਾ ਕੇਂਦਰੀ ਭਾਵ ਲਿਖੋ।

ਉੱਤਰ: ਮਨੁੱਖੀ ਜੀਵ ਬਹੁਤ ਮਾਮੂਲੀ ਹੈ। ਪਰ ਪਦਾਰਥਵਾਦੀ ਸਵਾਦਾਂ ਵਿੱਚ ਫਸ ਕੇ ਉਹ ਆਪਣੇ-ਆਪ ਨੂੰ ਭੁੱਲ ਬੈਠਾ ਹੈ। ਨਿਮਰਤਾ ਨੂੰ ਧਾਰਨ ਕੀਤੇ ਬਗ਼ੈਰ ਉਹ ਆਪਣੇ ਰੱਬ ਦੀ ਬਖ਼ਸ਼ਿਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ।

ਪ੍ਰਸ਼ਨ 4. ਵਸਤੂਨਿਸ਼ਠ ਪ੍ਰਸ਼ਨ-

(ੳ) ‘ਇੱਥੇ ਰਹਿਣਾ ਨਾਹੀ‘ ਕਿਹੜੇ ਸੂਫ਼ੀ ਕਵੀ ਦੀ ਰਚਨਾ ਹੈ?

ਉੱਤਰ: ਸ਼ਾਹ ਹੁਸੈਨ।

(ਅ) ‘ਕੈ ਬਾਗ਼ੈ ਦੀ ਮੂਲੀ‘ ਹੇਠਾਂ ਲਿਖੇ ਸੂਫ਼ੀ ਕਵੀਆਂ ਵਿੱਚੋਂ ਕਿਸ ਦੀ ਰਚਨਾ ਹੈ—

(i) ਬੁੱਲ੍ਹੇ ਸ਼ਾਹ (ii) ਸ਼ਾਹ ਹੁਸੈਨ (iii) ਗ਼ੁਲਾਮ ਫ਼ਰੀਦ

ਉੱਤਰ: ਸ਼ਾਹ ਹੁਸੈਨ।

(ੲ) ‘ਰੱਬਾ ਮੇਰੇ ਆਉਗੁਣ ਚਿਤਿ ਨਾ ਧਰੀਂ’ ਕਾਫ਼ੀ ਵਿੱਚ ਕਿਸ ਵੱਲ਼ੋਂ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ?

(i) ਜੀਵ-ਆਤਮਾ ਵੱਲ਼ੋਂ (ii) ਸੰਗਤਾਂ ਵੱਲ਼ੋਂ (iii) ਫ਼ਕੀਰਾਂ ਵੱਲ਼ੋਂ (iv) ਗੁਰੂ ਵੱਲ਼ੋਂ

ਉੱਤਰ: ਜੀਵ-ਆਤਮਾ ਵੱਲ਼ੋਂ।

(ਸ) ‘ਮੁਸ਼ਕਲ ਘਾਟ ਫ਼ਕੀਰੀ ਦਾ‘ ਵਿੱਚ ‘ਘਾਟ‘ ਸ਼ਬਦ ਦਾ ਕੀ ਅਰਥ ਹੈ?

ਉੱਤਰ: ਰਸਤਾ/ਮਾਰਗ।

(ਹ) ‘ਮੁਸ਼ਕਲ ਘਾਟ ਫ਼ਕੀਰੀ ਦਾ‘ ਕਾਫ਼ੀ ਵਿੱਚ ‘ਛੋਡਿ ਤਕੱਬਰੀ ਪਕੜਿ ਹਲੀਮੀ‘ ਤੋਂ ਭਾਵ ਹੈ;

(i) ਹੰਕਾਰ ਛੱਡ ਕੇ ਨਿਮਰਤਾ ਅਪਣਾਉਣਾ (ii) ਨਾਦਾਨੀ ਛੱਡ ਕੇ ਸਚਾਈ ਅਪਣਾਉਣਾ

(iii) ਔਗੁਣ ਛੱਡ ਕੇ ਗੁਣ ਅਪਣਾਉਣਾ (iv) ਝੂਠ ਨੂੰ ਛੱਡ ਕੇ ਸੱਚ ਨੂੰ ਅਪਣਾਉਣਾ।

ਉੱਤਰ: ਹੰਕਾਰ ਛੱਡ ਕੇ ਨਿਮਰਤਾ ਅਪਣਾਉਣਾ।

(ਕ) ‘ਕੈ ਬਾਗ਼ੈ ਦੀ ਮੂਲੀ‘ ਕਾਫ਼ੀ ਵਿੱਚ ਸ਼ਾਹ ਹੁਸੈਨ ਨੇ ਮਨੁੱਖ ਦੀ ਤੁਲਨਾ ਕਿਸ ਨਾਲ਼ ਕੀਤੀ?

ਉੱਤਰ: ਗੰਧੂਲੀ ਨਾਲ਼।

(ਖ) ‘ਨਿਮਾਣਿਆਂ ਦੀ ਰੱਬਾ ਰੱਬਾ ਹੋਈ‘ ਕਾਫ਼ੀ ਵਿੱਚ ‘ਰੱਬਾ ਰੱਬਾ‘ ਹੋਈ ਤੋਂ ਭਾਵ ਹੈ:

(i) ਤੋਬਾ ਹੋਈ (ii) ਜੈ-ਜੈਕਾਰ ਹੋਈ

ਉੱਤਰ: ਜੈ-ਜੈਕਾਰ ਹੋਈ।

(ਗ) ‘ਪਾਵੇਂਗਾ ਦੀਦਾਰ ਸਾਹਿਬ ਦਾ‘ ਕਾਫ਼ੀ ਦੀ ਅਗਲੀ ਸਤਰ ਪੂਰੀ ਕਰੋ-

ਪਾਵੇਂਗਾ ਦੀਦਾਰ ਸਾਹਿਬ ਦਾ

ਫ਼ਕੀਰਾ ਹੋਰ ਭੀ_____ ਹੋਇ ।1। ਰਹਾਉ। (ਉੱਚਾ/ਨੀਵਾਂ)

ਉੱਤਰ: ਨੀਵਾਂ

(ਘ) ‘ਪਾਵੇਂਗਾ ਦੀਦਾਰ ਸਾਹਿਬ ਦਾ‘ ਕਾਫ਼ੀ ਵਿੱਚ ਸ਼ਾਹ ਹੁਸੈਨ ਨੇ ‘ਮੀਣੀ ਢੱਗੀ‘ ਕਿਸ ਨੂੰ ਕਿਹਾ ਹੈ?

ਉੱਤਰ: ਪਰਮਾਤਮਾ ਦੇ ਨਾਮ ਨੂੰ।

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਪੰਜਾਬੀ ਮਾਸਟਰ) ਸਸਸਸ ਕਾਹਮਾ ਜ਼ਿਲ੍ਹਾ ਸ਼.ਭ.ਸ.ਨਗਰ (ਸਟੇਟ ਅਵਾਰਡੀ) 9878583784

TAGGED:
Share This Article
Leave a Comment

Leave a Reply

Your email address will not be published. Required fields are marked *