2. ਗੁਰੂ ਅੰਗਦ ਦੇਵ ਜੀ

2. ਗੁਰੂ ਅੰਗਦ ਦੇਵ ਜੀ

ਅਭਿਆਸ

ਪ੍ਰਸ਼ਨ 1. ਹੇਠਾਂ ਦਿੱਤੀਆਂ ਕਾਵਿ-ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

(ੳ) ਇਕਨਾ ਭਾਣੈ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ॥

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥

ਨਾਨਕ ਗੁਰਮੁਖ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ॥

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ‘ਇਹ ਜਗੁ ਸਚੈ ਕੀ ਹੈ ਕੋਠੜੀ’ ਵਿਚੋਂ ਲਈਆਂ ਗਈਆਂ ਹਨ। ਇਸ ਬਾਣੀ ਵਿਚ ਗੁਰੂ ਜੀ ਨੇ ਇਸ ਸੰਸਾਰ ਨੂੰ ਸੱਚੇ ਰੱਬ ਦਾ ਘਰ ਕਿਹਾ ਹੈ ਅਤੇ ਸਾਰੇ ਵਰਤਾਰੇ ਨੂੰ ਪਰਮਾਤਮਾ ਦੀ ਰਜ਼ਾ ਦੱਸਿਆ ਹੈ।

ਵਿਆਖਿਆ: ਸ੍ਰੀ ਗੁਰੂ ਅੰਗਦ ਦੇਵ ਜੀ ਆਖ ਰਹੇ ਹਨ ਕਿ ਇਹ ਰੱਬ ਦੀ ਹੀ ਰਜ਼ਾ ਹੁੰਦੀ ਹੈ ਕਿ ਕਈ ਜੀਵ ਮੋਹ-ਮਾਇਆ ਦੇ ਜਾਲ ਵਿੱਚੋਂ ਨਿਕਲ਼ ਜਾਂਦੇ ਹਨ ਜਦੋਂ ਕਿ ਕੁਝ ਜੀਵ ਅਜਿਹੇ ਵੀ ਹੁੰਦੇ ਹਨ ਜੋ ਇਸ ਮੋਹ-ਮਾਇਆ ਦੇ ਜਾਲ ਵਿੱਚ ਫਸੇ ਰਹਿੰਦੇ ਹਨ। ਗੁਰੂ ਜੀ ਆਖਦੇ ਹਨ ਕਿ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿ ਸੱਚੇ ਰੱਬ ਦਾ ਨਿਰਣਾ ਕਿਸਨੂੰ ਰਾਸ ਆਵੇਗਾ ਭਾਵ ਕਿਸਦਾ ਬੇੜਾ ਪਾਰ ਹੋਵੇਗਾ। ਜਿਹੜੇ ਵੀ ਜੀਵ ਨੂੰ ਗਿਆਨ ਦਾ ਪ੍ਰਕਾਸ਼ ਜਾਂ ਚਾਨਣ ਰੱਬ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਕਿਰਪਾ ਰਾਹੀਂ ਸੋਝੀ ਹੋ ਜਾਂਦੀ ਹੈ।

(ਅ) ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥

ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥

ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ‘ਹਊਮੈ ਏਹਾ ਜਾਤਿ ਹੈ’ ਵਿਚੋਂ ਲਈਆਂ ਗਈਆਂ ਹਨ। ਇਸ ਬਾਣੀ ਵਿਚ ਗੁਰੂ ਜੀ ਨੇ ਹਊਮੈ ਦਾ ਜ਼ਿਕਰ ਕੀਤਾ ਹੈ ਕਿ ਇਸਦੇ ਕੀ ਕੰਮ ਹਨ ਅਤੇ ਕਿਵੇਂ ਇਹ ਪੈਦਾ ਹੁੰਦੀ ਹੈ।

ਵਿਆਖਿਆ: ਸ੍ਰੀ ਗੁਰੂ ਅੰਗਦ ਦੇਵ ਜੀ ਆਖਦੇ ਹਨ ਕਿ ਹਊਮੈ ਦਾ ਇਹ ਕੁਦਰਤੀ ਸੁਭਾਅ ਹੈ ਕਿ ਹਊਮੈ ਕਾਰਨ ਮਨੁੱਖ ਆਪਣੀ ਵੱਖਰੀ ਹੋਂਦ ਲਈ ਕਰਮ ਕਰਦਾ ਰਹਿੰਦਾ ਹੈ। ਹਊਮੈ ਦੇ ਇਹਨਾਂ ਬੰਧਨਾਂ ਦੇ ਵਿੱਚ ਫਸ ਕੇ ਜੀਵ ਅਜਿਹੇ ਕਰਮ ਕਮਾਉਂਦਾ ਹੈ ਕਿ ਉਸਨੂੰ ਵਾਰ-ਵਾਰ ਜਨਮ-ਮਰਨ ਦੇ ਚੱਕਰ ਵਿੱਚ ਫਸਣਾ ਪੈਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਵਿਚਾਰਨ ਵਾਲ਼ੀ ਗੱਲ ਹੈ ਕਿ ਹਊਮੈ ਪੈਦਾ ਕਿਵੇਂ ਹੁੰਦੀ ਅਤੇ ਕਿਹੜੇ ਕੰਮਾਂ ਨਾਲ਼ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਸੱਚੇ ਰੱਬ ਦੇ ਹੁਕਮ ਅਨੁਸਾਰ ਹੀ ਹੈ ਕਿ ਜੀਵ ਆਪਣੇ ਪਿਛਲੇ ਕਰਮਾਂ ਅਨੁਸਾਰ ਵਾਰ-ਵਾਰ ਉਹਨਾਂ ਕੰਮਾਂ ਨੂੰ ਕਰਨ ਲਈ ਦੌੜਦੇ ਹਨ ਜਿਸ ਨਾਲ਼ ਉਹਨਾਂ ਦੀ ਵੱਖਰੀ ਹੋਂਦ ਬਣੀ ਰਹੇ।

(ੲ) ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥

ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥

ਓਥੈ ਅੰਮ੍ਰਿਤ ਵੰਡੀਐ ਕਰਮੀ ਹੋਇ ਪਸਾਉ॥

ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ॥

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ਼ਬਦ ‘ਅਠੀ ਪਹਰੀ ਅਠ ਖੰਡ’ ਵਿਚੋਂ ਲਈਆਂ ਗਈਆਂ ਹਨ। ਇਸ ਸ਼ਬਦ ਗੁਰੂ ਜੀ ਫੁਰਮਾਉਂਦੇ ਹਨ ਕਿ ਕੋਈ ਵਿਰਲਾ ਵਿਅਕਤੀ ਹੀ ਅੰਮ੍ਰਿਤ ਵੇਲ਼ੇ ਉੱਠ ਕੇ ਗੁਰਮੁਖਾਂ ਦੀ ਸੰਗਤ ਕਰਦਾ ਹੈ।

ਵਿਆਖਿਆ: ਸ੍ਰੀ ਗੁਰੂ ਅੰਗਦ ਦੇਵ ਜੀ ਆਖਦੇ ਹਨ ਕਿ ਅੰਮ੍ਰਿਤ ਵੇਲ਼ੇ ਉੱਠ ਕੇ ਕੋਈ ਵਿਰਲਾ ਹੀ ਉੱਚੀ ਸੁਰਤ ਵਾਲ਼ੇ ਜੀਵ ਦੇ ਮਨ ਵਿੱਚ ਪਰਮਾਤਮਾ ਦੇ ਨਾਂ ਦਾ ਚਾਅ ਪੈਦਾ ਹੁੰਦਾ ਹੈ। ਇਸ ਵੇਲ਼ੇ ਇਹਨਾਂ ਦੀ ਸਾਂਝ ਉਹਨਾਂ ਗੁਰਮੁਖ ਜੀਵਾਂ ਨਾਲ਼ ਬਣਦੀ ਹੈ ਜਿਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਵਾਹ ਚੱਲਦਾ ਹੈ। ਉੱਥੇ ਰੱਬ ਦੀ ਮਿਹਰ ਅਨੁਸਾਰ ਗੁਰਮੁਖਾਂ ਦੀ ਸੰਗਤ ਵਿੱਚ ਪਰਮਾਤਮਾ ਦੇ ਨਾਂ ਰੂਪੀ ਅੰਮ੍ਰਿਤ ਦੀ ਬਖ਼ਸ਼ਿਸ਼ ਹੁੰਦੀ ਹੈ। ਜਿਵੇਂ ਸੋਨੇ ਨੂੰ ਤਾਅ ਦੇ ਕੇ ਉਸਨੂੰ ਕੱਸ ਲਾਈ ਜਾਂਦੀ ਹੈ ਤਿਵੇਂ ਹੀ ਅੰਮ੍ਰਿਤ ਵੇਲ਼ੇ ਦੀ ਘਾਲ-ਕਮਾਈ ਨਾਲ਼ ਭਗਤੀ ਦਾ ਸੋਹਣਾ ਰੰਗ ਚਾੜ੍ਹਿਆ ਜਾਂਦਾ ਹੈ। ਜਦੋਂ ਰੱਬ ਦੀ ਮਿਹਰ ਹੁੰਦੀ ਹੈ ਤਾਂ ਫਿਰ ਹੋਰ ਤਪਾਉਣ ਜਾਂ ਘਾਲਾਂ- ਘਾਲਣ ਦੀ ਲੋੜ ਨਹੀਂ ਰਹਿੰਦੀ।

ਪ੍ਰਸ਼ਨ 2. (ੳ) ‘ਨਾਨਕ ਪਰਖੇ ਆਪ ਕਉ’ ਸ਼ਬਦ ਦਾ ਕੇਂਦਰੀ ਭਾਵ ਲਿਖੋ।

ਉੱਤਰ: ਕੇਂਦਰੀ ਭਾਵ: ਅਸਲੀ ਪਾਰਖੂ ਉਹ ਹੀ ਹੁੰਦਾ ਹੈ ਜੋ ਦੂਜਿਆਂ ਦੇ ਵਿਕਾਰ ਦੋਸ਼ ਲੱਭਣ ਦੀ ਥਾਂ ਆਪਣਾ ਆਪਣੇ ਦੋਸ਼ਾ ਜਾਂ ਰੋਗਾਂ ਨੂਮ ਲੱਭ ਕੇ ਉਸਦਾ ਇਲਾਜ ਕਰਦਾ ਹੈ ਤੇ ਹੋਰਨਾਂ ਨਾਲ਼ ਝਗੜਾ ਪਾਉਣ ਦੀ ਥਾਂ ਆਪਣੇ ਮਸਲੇ ਪ੍ਰਭੂ ਨਾਲ਼ ਸਾਂਝ ਪਾ ਕੇ ਆਪਣਾ ਵਧੇਰੇ ਕੀਮਤੀ ਸਮਾਂ ਗੁਰਮੁਖਾਂ ਨਾਲ਼ ਸਤਸੰਗ ਵਿੱਚ ਗੁਜ਼ਾਰਦਾ ਹੋਇਆ ਆਪ ਵੀ ਤਰਦਾ ਹੈ ਤੇ ਦੂਜਿਆਂ ਨੂੰ ਤਾਰਨ ਲਈ ਵਿਚੋਲੇ ਦੀ ਭੂਮਿਕਾ ਵੀ ਨਿਭਾਉਂਦਾ ਹੈ।

ਪ੍ਰਸ਼ਨ 2. (ਅ) ‘ਆਖਣੁ ਆਖਿ ਨ ਰਜਿਆ’ ਸ਼ਬਦ ਦਾ ਕੇਂਦਰੀ ਭਾਵ ਲਿਖੋ।

ਉੱਤਰ: ਕੇਂਦਰੀ ਭਾਵ: ਮਨੁੱਖ ਦੇ ਇੰਦਰੀਆਂ ਹੀ ਉਸਦੀ ਜਾਣਕਾਰੀ ਭਾਵ ਗਿਆਨ ਦਾ ਆਧਾਰ ਹਨ। ਮਨੁੱਖ ਦੀ ਅਨੇਕਾਂ ਤਰ੍ਹਾਂ ਦੀ ਭੁੱਖ ਤਾਂ ਹੀ ਤ੍ਰਿਪਤ ਹੁੰਦੀ ਹੈ ਜੇਕਰ ਉਹ ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਉਸ ਵਿੱਚ ਆਪਣੇ-ਆਪ ਨੂੰ ਉਸ ਦੇ ਅਧੀਨ ਕਰ ਦੇਵੇ।

ਪ੍ਰਸ਼ਨ 3. ਵਸਤੁਨਿਸ਼ਠ ਪ੍ਰਸ਼ਨ:

(ੳ) ‘ਅਠੀ ਪਹਰੀ ਅਠ ਖੰਡ‘ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?

(i) ਗੁਰੂ ਨਾਨਕ ਦੇਵ ਜੀ (ii) ਗੁਰੂ ਅੰਗਦ ਦੇਵ ਜੀ (iii) ਗੁਰੂ ਅਮਰਦਾਸ ਜੀ ।

ਉੱਤਰ: (ii) ਗੁਰੂ ਅੰਗਦ ਦੇਵ ਜੀ ਦੀ।

(ਅ) ਗੁਰੂ ਅੰਗਦ ਦੇਵ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਦੱਸੋ।

ਉੱਤਰ: ਅਠੀ ਪਹਰੀ ਅਠ ਖੰਡ।

(ੲ) ਗੁਰੂ ਅੰਗਦ ਦੇਵ ਜੀ ਅਨੁਸਾਰ ਨੌਂਵਾਂ ਖੰਡ ਤੋਂ ਕੀ ਭਾਵ ਹੈ?

ਉੱਤਰ: ਮਨੁੱਖੀ ਸਰੀਰ।

(ਸ) ਗੁਰੂ ਅੰਗਦ ਦੇਵ ਜੀ ਦੀ ਰਚਨਾ ‘ਆਖਣੁ ਆਖਿ ਨ ਰਜਿਆ‘ ਅਨੁਸਾਰ ਤ੍ਰਿਸ਼ਨਾ ਦੇ ਮਾਰੇ ਮਨੁੱਖੀ ਮਨ ਦੀ ਤ੍ਰਿਸ਼ਨਾ ਅਸਲ ਵਿੱਚ ਕਦੋਂ ਤ੍ਰਿਪਤ ਹੁੰਦੀ ਹੈ?

ਮੂੰਹ ਨਾਲ

਼

ਗੱਲਾਂ ਕਰਕੇ

(ii)

ਕੰਨਾਂ ਨਾਲ

਼

ਗੱਲਾਂ ਸੁਣ ਕੇ

(iii)

ਪਰਮਾਤਮਾ ਦੇ ਗੁਣਾਂ ਨੂੰ ਉਚਾਰ ਕੇ।

ਉੱਤਰ: (iii) ਪਰਮਾਤਮਾ ਦੇ ਗੁਣਾਂ ਨੂੰ ਉਚਾਰ ਕੇ।

(ਹ) ਗੁਰੂ ਅੰਗਦ ਦੇਵ ਜੀ ਅਸਲ ਪਾਰਖੂ ਕਿਸ ਨੂੰ ਕਹਿੰਦੇ ਹਨ?

ਉੱਤਰ: ਜਿਹੜਾ ਮਨੁੱਖ ਆਪਣੀ ਪਰਖ ਕਰੇ।

(ਕ) ਗੁਰੂ ਅੰਗਦ ਦੇਵ ਜੀ ਇਸ ‘ਜਗੁ’ ਨੂੰ ਕਿਸ ਦੀ ਕੋਠੜੀ ਕਹਿੰਦੇ ਹਨ?

ਉੱਤਰ: ਸੱਚੇ ਰੱਬ ਦੀ।

(ਖ) ਗੁਰੂ ਅੰਗਦ ਦੇਵ ਜੀ ਦੇ ਕਥਨ ‘ਹਉਮੈ …………..ਰੋਗੁ ਹੈ’ ਨੂੰ ਪੂਰਾ ਕਰੋ।

ਉੱਤਰ: ਦੀਰਘ (ਲੰਮਾ)।

(ਗ) ਕਿਸ ਦੀ ਕਿਰਪਾ ਨਾਲ਼ ਮਨੁੱਖੀ ਜੀਵ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਹਨ?

ਉੱਤਰ: ਅਕਾਲ ਪੁਰਖ ਰੱਬ ਦੀ।

(ਘ) ਗੁਰੂ ਅੰਗਦ ਦੇਵ ਜੀ ਅਨੁਸਾਰ ਹਉਂਮੈ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?

(i) ਆਪਣੀ ਵੱਖਰੀ ਹੋਂਦ ਬਣਾ ਕੇ (ii) ਗੁਰੂ ਦੇ ਸ਼ਬਦ ਨੂੰ ਕਮਾ ਕੇ (iii) ਆਪਣੀ ਸ਼ਖ਼ਸੀਅਤ ਕਾਇਮ ਰੱਖ ਕੇ।

ਉੱਤਰ: (ii) ਗੁਰੂ ਦੇ ਸ਼ਬਦ ਨੂੰ ਕਮਾ ਕੇ।

 

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਸਟੇਟ ਅਵਾਰਡੀ) ਪੰਜਾਬੀ ਮਾਸਟਰ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784

TAGGED:
Share This Article
Leave a Comment

Leave a Reply

Your email address will not be published. Required fields are marked *