3. ਗੁਰਮਤਿ ਕਾਵਿ
ਅਭਿਆਸ
ਪ੍ਰਸ਼ਨ 1. ਗੁਰਮਤਿ ਕਾਵਿ-ਧਾਰਾ ਦੀਆਂ ਕਾਵਿਕ ਵਿਸ਼ੇਸ਼ਤਾਵਾਂ ਨਾਲ਼ ਜਾਣ-ਪਛਾਣ ਕਰਾਓ।
ਉੱਤਰ: ਗੁਰਮਤਿ ਕਾਵਿ-ਧਾਰਾ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਾਲ਼ ਹੁੰਦਾ ਹੈ। ਇਸੇ ਕਰਕੇ ਇਸਨੂੰ ਗੁਰੂ ਕਾਲ ਦੀ ਪ੍ਰਮੁੱਖ ਕਾਵਿ-ਧਾਰਾ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਤੋਂ ਉਪਰੰਤ ਗੁਰੂ ਅੰਗ ਜੀ ਤੋਂ ਹੁੰਦੀ ਹੋਈ ਕਾਵਿ-ਧਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਪੁੱਜਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਗੁਰੂ ਤੇ ਮੱਧ-ਕਾਲੀ ਭਾਰਤ ਦੇ ਇੱਕ ਮਹਾਨ ਚਿੰਤਕ ਸਨ। ਆਪ ਦਾ ਜਨਮ 1469 ਈ. ਵਿੱਚ ਰਾਇ ਭੋਇੰ ਦੀ ਤਲਵੰਡੀ (ਅੱਜ-ਕੱਲ੍ਹ ਨਨਕਾਣਾ ਸਾਹਿਬ) ਵਿਖੇ ਹੋਇਆ। ਆਪ ਦੀਆਂ ਪ੍ਰਮੁੱਖ ਰਚਨਾਵਾਂ ਇਸ ਪ੍ਰਕਾਰ ਹਨ:- ਜਪੁਜੀ ਸਿਧ ਗੋਸਟਿ, ਪੱਟੀ, ਵਾਰ ਰਾਗ ਆਸਾ, ਵਾਰ ਰਾਗ ਮਾਝ, ਵਾਰ ਰਾਗ ਮਲਾਰ, ਬਾਰਾਂਮਾਹ ਤੁਖਾਰੀ, ਸੋਹਿਲਾ, ਅਲਾਹੁਣੀਆਂ, ਬਾਬਰਵਾਣੀ, ਅਸ਼ਟਪਦੀਆਂ, ਦੱਖਣੀ ਓਅੰਕਾਰ, ਪਹਿਰੇ, ਕੁਝ ਸ਼ਬਦ ਤੇ ਸਲੋਕ ਆਦਿ।
ਗੁਰੂ ਸਾਹਿਬ ਦਾ ਬ੍ਰਹਮ ਨਿਰਗੁਣ ਵੀ ਹੈ ਤੇ ਸਰਗੁਣ ਵੀ ਨਿਰਗੁਣ ਇਸ ਲਈ ਕਿ ਉਹ ਕਿਸੇ ਇੱਕ ਰੂਪ ਵਿੱਚ ਨਹੀਂ ਦਿਸਦਾ, ਸਰਗੁਣ ਇਸ ਲਈ ਕਿ ਉਹ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਤੇ ਇਹ ਬ੍ਰਹਿਮੰਡ ਉਸ ਦਾ ਹੀ ਰੂਪ ਹੈ। ਇਹ ਬ੍ਰਹਮ ਨਿਰਭੌ, ਨਿਰਵੈਰ ਤੇ ਨਿਰਾਕਾਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਦੇ ਭਾਣੇ ਅੰਦਰ ਚੱਲ ਰਹੀ ਹੈ। ਇਸ ਭਾਣੇ ਨੂੰ ਕਿਤੇ ਭੈ ਕਿਹਾ ਗਿਆ ਹੈ ਤੇ ਕਿਤੇ ਹੁਕਮ, ਜਿਵੇਂ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚਲੀ ਰਾਜਨੀਤਿਕ ਚੇਤਨਾ ਇਸ ਗੱਲ ਦੀ ਸੂਚਕ ਹੈ ਕਿ ਉਹ ਆਪਣੇ ਯੁੱਗ ਦੇ ਨਾ ਕੇਵਲ ਧਾਰਮਿਕ, ਸਗੋਂ ਬੜੇ ਵੱਡੇ ਰਾਜਨੀਤਿਕ ਚਿੰਤਕ ਵੀ ਸਨ। ਉਹਨਾਂ ਨੇ ਰਾਜਿਆਂ ਤੇ ਉਹਨਾਂ ਦੇ ਵਜ਼ੀਰਾਂ ਲਈ ਕੁੱਤਾ, ਸ਼ੀਂਹ ਤੇ ਕਸਾਈ ਵਰਗੇ ਸ਼ਬਦ ਵਰਤੇ ਹਨ। ਬਾਬਰ ਦੇ ਹਮਲੇ ਵੇਲ਼ੇ ਉਹ ਦੇਸੀ ਰਾਜਿਆਂ ਨੂੰ ਲੋਥਾਂ ਨਾਲ਼ ਤੁਲਨਾ ਦਿੰਦੇ ਹਨ ਅਤੇ ‘ਵਾਰ ਮਾਝ ਕੀ’ ਵਿੱਚ ਰਾਜਿਆਂ ਨੂੰ ਕਸਾਈ ਕਹਿੰਦੇ ਹਨ।
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਨਾਨਕ-ਬਾਣੀ ਨਾ ਕੇਵਲ ਵਿਸ਼ੇ ਪੱਖੋਂ, ਸਗੋਂ ਰੂਪ ਦੇ ਪੱਖੋਂ ਵੀ ਮਹਾਨ ਤੇ ਸਨਾਤਨੀ (ਕਲਾਸਿਕ) ਰਚਨਾ ਹੈ। ਇਹ ਸਾਰੀ ਬਾਣੀ ਰਾਗ ਬੱਧ ਹੈ (ਜਪੁਜੀ ਨੂੰ ਛੱਡ ਕੇ) ਤੇ ਇਸ ਵਿੱਚ 19 ਰਾਗਾਂ ਦੀ ਵਰਤੋਂ ਕੀਤੀ ਗਈ ਹੈ। ਇਸ ਬਾਣੀ ਦੀ ਕਾਵਿਕ ਸੁੰਦਰਤਾ ਇਸ ਨੂੰ ਮਹਾਨ ਕਵਿਤਾ ਦਾ ਦਰਜਾ ਦਿੰਦੀ ਹੈ। ਨਾਨਕ-ਬਾਣੀ ਦੀ ਬਿੰਬਾਵਲੀ ਬੜੀ ਵੰਨ-ਸੁਵੰਨੀ ਹੈ ਤੇ ਇਸ ਦੇ ਬਿੰਬ ਆਲ਼ੇ-ਦੁਆਲ਼ੇ ਦੇ ਸਮਾਜਿਕ ਤੇ ਪ੍ਰਕਿਰਤਕ ਜੀਵਨ ਵਿੱਚੋਂ ਲਏ ਗਏ ਹਨ, ਜਿਵੇਂ:
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥
ਨਾਨਕ-ਬਾਣੀ ਦੀ ਭਾਸ਼ਾ ਉਸ ਸਮੇਂ ਦੀ ਲੋਕ-ਭਾਸ਼ਾ ਹੈ, ਜਿਸ ਵਿੱਚ ਅਰਬੀ, ਫ਼ਾਰਸੀ, ਸੰਸਕ੍ਰਿਤ, ਅਪਭਰੰਸ਼ ਤੇ ਸਾਧ-ਭਾਸ਼ਾ ਦੀ ਸ਼ਬਦਾਵਲੀ ਮਿਲੀ ਹੋਈ ਹੈ। ਇਹ ਭਾਸ਼ਾ ਸੁੰਦਰ ਤੇ ਅਲੰਕ੍ਰਿਤ ਹੈ। ਗੁਰੂ ਸਾਹਿਬ ਦੀ ਸ਼ੈਲੀ ਉਪਦੇਸ਼ਾਤਮਿਕ, ਦਾਰਸ਼ਨਿਕ ਤੇ ਵਿਅੰਗਾਤਮਿਕ ਹੈ।
ਗੁਰੂ ਅੰਗਦ ਦੇਵ ਜੀ ਦਾ ਜਨਮ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇੱਕ ਪਿੰਡ (ਮੱਤੇ ਦੀ ਸਰਾਏ) ਵਿੱਚ ਹੋਇਆ। ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਆਪ ਸ਼ਾਕਤ ਮਤ ਦੇ ਅਨੁਯਾਈ ਸਨ ਤੇ ਆਪ ਦਾ ਪਹਿਲਾ ਨਾਂ ਭਾਈ ਲਹਿਣਾ ਸੀ। ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪ ਸਿੱਖ ਬਣ ਗਏ। ਗੁਰੂ ਸਾਹਿਬ ਨੇ ਆਪ ਦਾ ਨਾਂ ਅੰਗਦ ਰੱਖਿਆ ਤੇ ਆਪ ਗੁਰਿਆਈ ਬਖ਼ਸ਼ੀ।
ਗੁਰੂ ਅੰਗਦ ਦੇਵ ਜੀ ਦੀ ਕਾਵਿ-ਰਚਨਾ ਕੇਵਲ 62 ਸਲੋਕਾਂ ਦੇ ਰੂਪ ਵਿੱਚ ਹੈ ਜੋ ਆਦਿ-ਗ੍ਰੰਥ ਵਿੱਚ ਵੱਖ-ਵੱਖ ਗੁਰੂਆਂ ਦੀਆਂ ਵਾਰਾਂ ਵਿੱਚ ਦਰਜ ਹਨ। ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਆਪ ਦਾ ਇੱਕ ਵੱਡਾ ਯੋਗਦਾਨ ਗੁਰਮੁਖੀ ਲਿਪੀ ਨੂੰ ਅਜੋਕੀ ਤਰਤੀਬ ਦੇਣ ਵਿੱਚ ਹੈ। ਆਪ ਤੋਂ ਪਹਿਲਾਂ ਇਸ ਲਿਪੀ ਦੀ ਇਹ ਤਰਤੀਬ ਨਹੀਂ ਸੀ । ਗੁਰੂ ਨਾਨਕ ਦੇਵ ਜੀ ਦੀ ਇੱਕ ਬਾਣੀ, ਪੱਟੀ ਵਿੱਚ ਇਹ ‘ਸ’ ਅੱਖਰ ਤੋਂ ਸ਼ੁਰੂ ਹੁੰਦੀ ਹੈ।
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥
ਆਪ ਦੇ ਆਦਰਸ਼ ਗੁਰੂ, ਗੁਰੂ ਨਾਨਕ ਦੇਵ ਜੀ ਹਨ। ਸਿੱਖ ਮਤ ਵਿੱਚ ਸਿਧਾਂਤਕ ਪੱਧਰ ’ਤੇ ਭਾਵੇਂ ਦੇਹਧਾਰੀ ਗੁਰੂ ਨੂੰ ਸਵੀਕਾਰ ਨਹੀਂ ਕੀਤਾ ਗਿਆ, ਪਰ ਵਿਹਾਰਿਕ ਪੱਧਰ ਉੱਪਰ ਗੁਰੂ ਨਾਨਕ ਦੇਵ ਤੋਂ ਬਾਅਦ ਆਉਣ ਵਾਲ਼ੇ ਗੁਰੂਆਂ ਨੇ ਆਪਣੇ ਤੋਂ ਪਹਿਲੇ ਗੁਰੂ ਨੂੰ ਆਦਰਸ਼ ਗੁਰੂ ਤੇ ਆਪਣੇ ਆਪ ਨੂੰ ਆਦਿ ਗੁਰੂ ਨਾਨਕ ਦੀ ਜੋਤ ਮੰਨਿਆ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੇ ਗੁਰੂਆਂ ਦੀ ਬਾਣੀ ‘ਨਾਨਕ’ ਨਾਮ ਥੱਲੇ ਹੀ ਲਿਖੀ ਹੋਈ ਹੈ । ਗੁਰੂ ਅੰਗਦ ਦੇਵ ਨੇ ਗੁਰੂ ਨੂੰ ਗਿਆਨ ਦਾ ਸੂਰਜ ਦੱਸਿਆ ਹੈ :
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥
ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਗੁਰੂ ਅੰਗਦ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਵੈਸ਼ਨੋ ਮੱਤ ਦੇ ਅਨੁਯਾਈ ਸਨ । ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਆ ਕੇ ਆਪ ਗੁਰੂ-ਘਰ ਦੇ ਸ਼ਰਧਾਲੂ ਬਣ ਗਏ। ਆਪ ਦੀ ਸੇਵਾ-ਭਾਵਨਾ, ਭਗਤੀ ਤੇ ਨਿਮਰਤਾ ਤੋਂ ਖ਼ੁਸ਼ ਹੋ ਕੇ ਗੁਰੂ ਅੰਗਦ ਦੇਵ ਨੇ ਆਪ ਨੂੰ ਗੁਰਿਆਈ ਬਖ਼ਸ਼ੀ ।
ਗੁਰਮਤਿ ਦੇ ਪ੍ਰਚਾਰ ਤੇ ਆਪਣੇ ਤੋਂ ਪਹਿਲੇ ਦੋ ਗੁਰੂਆਂ ਦੀ ਬਾਣੀ ਸਾਂਭਣ ਵਿੱਚ ਗੁਰੂ ਅਮਰਦਾਸ ਜੀ ਦਾ ਵੱਡਾ ਹੱਥ ਹੈ। ਆਪ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਤੇ ਭਗਤਾਂ ਦੀ ਬਾਣੀ ਨੂੰ ਆਪ ਦੇ ਪੋਤੇ ਸਹੰਸਰ ਰਾਮ ਪਾਸੋਂ ਲਿਖਵਾ ਕੇ ਇੱਕ ਥਾਂ ਇਕੱਤਰ ਕੀਤਾ। ਗੁਰੂ ਅਮਰਦਾਸ ਦੀ ਆਪਣੀ ਰਚਨਾ ਵੀ ਹਰ ਪੱਖੋਂ ਬਹੁਤ ਮਹੱਤਵਪੂਰਨ ਹੈ। ਆਪ ਨੇ 17 ਰਾਗਾਂ ਵਿੱਚ ਰਚਨਾ ਕੀਤੀ ਜੋ ਚੌਪਦਿਆਂ ਅਸ਼ਟਪਦੀਆਂ, ਸੋਹਿਲੇ, ਛੰਦ, ਅਲਾਹੁਣੀਆਂ, ਪੱਟੀ, ਅਨੰਦ ਸਾਹਿਬ ਤੇ ਵਾਰਾਂ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਗੁਰੂ ਅਮਰਦਾਸ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਗੁਰਮਤਿ ਦੀ ਸ੍ਰੇਸ਼ਟਤਾ ਨੂੰ ਸਿੱਧ ਕਰਨਾ ਤੇ ਗੁਰੂ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਧਾਰਮਿਕ ਕਰਮ-ਕਾਂਡ ਦਾ ਖੰਡਨ ਤੇ ਗੁਰੂ ਨਾਨਕ ਦੇਵ ਜੀ ਦੇ ਸਥਾਪਿਤ ਕੀਤੇ ਸਿਧਾਂਤਾਂ ਦੀ ਵਿਆਖਿਆ ਇਸ ਬਾਣੀ ਦਾ ਮੂਲ ਸਰੋਕਾਰ ਹੈ, ਜਿਵੇਂ:
ਕਰਮ ਕਾਂਡ ਬਹੁ ਕਰਹਿ ਅਚਾਰ॥
ਬਿਨ ਨਾਵੈ ਧ੍ਰਿਗੁ ਅਹੰਕਾਰ॥
ਕਾਇਆ ਅੰਦਰਿ ਸਭੁ ਕਿਛੁ
ਵਸੈ ਖੰਡ ਮੰਡਲ ਪਾਤਾਲਾ॥
ਗੁਰੂ ਅਮਰਦਾਸ ਦੀ ਕਾਵਿ-ਸ਼ੈਲੀ ਉਹਨਾਂ ਦੀ ਸ਼ਖ਼ਸੀਅਤ ਵਾਂਗ ਹੀ ਸਹਿਜ ਦੀ ਸ਼ੈਲੀ ਹੈ। ਇਹ ਪਿੰਗਲ ਦੇ ਕਰੜੇ ਨੇਮਾਂ, ਮਾਤਰਾਵਾਂ ਦੀ ਗਿਣਤੀ-ਮਿਣਤੀ, ਬਿੰਬਾਂ, ਪ੍ਰਤੀਕਾਂ ਤੇ ਅਲੰਕਾਰਾਂ ਦੀ ਚੰਚਲਤਾ ਦੀ ਕਲਾ ਨਹੀਂ । ਉਹਨਾਂ ਨੇ ਆਪਣੇ ਵਿਚਾਰਾਂ ਨੂੰ ਸਰੋਦੀ ਬਣਾ ਕੇ ਪੇਸ਼ ਕੀਤਾ ਹੈ। ਉਹਨਾਂ ਦੀ ਬਾਣੀ ਵਿੱਚ ਕੇਂਦਰੀ ਪੰਜਾਬੀ ਦਾ ਮੁਹਾਵਰਾ ਪ੍ਰਧਾਨ ਹੈ।
ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂ ਭਾਈ ਜੇਠਾ ਸੀ ਤੇ ਆਪ ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ 1534 ਈ. ਵਿੱਚ ਹੋਇਆ । ਆਪਣੇ ਅੰਤ ਸਮੇਂ ਗੁਰੂ ਅਮਰਦਾਸ ਜੀ ਨੇ ਸਿੱਖ-ਰਵਾਇਤ ਨੂੰ ਕਾਇਮ ਰੱਖਦਿਆਂ ਆਪ ਨੂੰ ਗੁਰੂ ਥਾਪਿਆ ਅਤੇ ਆਪ ਦਾ ਨਾਂ ਗੁਰੂ ਰਾਮਦਾਸ ਰੱਖਿਆ। ਗੁਰੂ ਰਾਮਦਾਸ ਨੇ 30 ਰਾਗਾਂ ਵਿੱਚ ਬਾਣੀ ਰਚੀ। ਆਪ ਦੀਆਂ ਪ੍ਰਮੁੱਖ ਰਚਨਾਵਾਂ ਹਨ-ਚੌਪਦੇ, ਅਸ਼ਟਪਦੀਆਂ, ਛੰਦ, ਸੋਹਿਲੇ, ਪਹਿਰੇ, ਕਰਹਲੇ, ਲਾਂਵਾਂ, ਵਣਜਾਰਾ, ਘੋੜੀਆਂ ਤੇ ਅੱਠਵਾਰਾਂ।
ਗੁਰੂ ਰਾਮਦਾਸ ਜੀ ਦੀ ਬਾਣੀ ਦਾ ਵੀ ਕੇਂਦਰੀ ਵਿਸ਼ਾ ਗੁਰੂ-ਪ੍ਰੇਮ ਹੀ ਹੈ। ਇਸ ਤਰ੍ਹਾਂ ਆਪ ਗੁਰੂ ਅੰਗਦ ਤੇ ਗੁਰੂ ਅਮਰਦਾਸ ਦੀ ਪਰੰਪਰਾ ਨੂੰ ਹੀ ਅੱਗੇ ਤੋਰਦੇ ਹਨ। ਗੁਰੂ ਨੂੰ ਪ੍ਰੀਤਮ, ਪਤੀ ਤੇ ਪਿਤਾ ਦਾ ਰੂਪ ਮੰਨਦਿਆਂ ਉਸ ਪ੍ਰਤਿ ਸ਼ਰਧਾ ਦੀ ਭਾਵਨਾ ਦਾ ਪ੍ਰਗਟਾਵਾ ਆਪ ਦੀ ਰਚਨਾ ਵਿੱਚ ਥਾਂ-ਥਾਂ ਹੋਇਆ ਹੈ। ਗੁਰੂ ਦਾ ਦੇਹਧਾਰੀ ਸਰੂਪ ਉਹਨਾਂ ਸਾਮ੍ਹਣੇ ਗੁਰੂ ਅਮਰਦਾਸ ਜੀ ਸਨ ਤੇ ਉਹਨਾਂ ਨਾਲ਼ ਆਪ ਦੀ ਤੀਬਰ ਭਾਵਕ ਸਾਂਝ ਕਾਰਨ ਹੀ ਆਪ ਦੀ ਗੁਰੂ-ਪ੍ਰੇਮ ਦੇ ਵਿਸ਼ੇ ਨਾਲ਼ ਸੰਬੰਧਿਤ ਰਚਨਾ ਕਾਵਿਕਤਾ ਪੱਖੋਂ ਮਹਾਨ ਰਚਨਾ ਦਾ ਦਰਜਾ ਰੱਖਦੀ ਹੈ। ਗੁਰੂ ਤੇ ਗੁਰੂ ਦੇ ਉਪਦੇਸ਼ (ਜਾਂ ਗੁਰਬਾਣੀ) ਵਿੱਚ ਕੋਈ ਅੰਤਰ ਨਹੀਂ ਕਿਉਂਕਿ ਆਪ ਦੇ ਸਾਹਮਣੇ ਕਥਨੀ ਤੇ ਕਰਨੀ ਵਿੱਚ ਇਕਸੁਰ ਗੁਰੂ ਅਮਰਦਾਸ ਦੀ ਉਦਾਹਰਨ ਸੀ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥
ਪਹਿਲੇ ਗੁਰੂ ਸਾਹਿਬਾਨ ਵਾਂਗ ਹੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵੀ ਲੋਕ-ਪਰੰਪਰਾ ਵਿੱਚੋਂ ਲਏ ਗਏ ਕਾਵਿ-ਰੂਪ ਬਿੰਬ ਤੇ ਅਲੰਕਾਰ ਵਰਤੇ ਗਏ ਹਨ। ਗੁਰੂ ਸਾਹਿਬ ਦੀ ਰਚਨਾ ਵਿੱਚ ਸਰੋਦੀ ਅੰਸ਼ ਵਧੇਰੇ ਉੱਘੜਵਾਂ ਹੈ।
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈਸਵੀ ਨੂੰ ਪਿੰਡ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਘਰ, ਬੀਬੀ ਭਾਨੀ ਦੀ ਕੁੱਖੋਂ ਹੋਇਆ। ਆਪ ਗੁਰੂ ਰਾਮਦਾਸ ਜੀ ਦੇ ਤੀਜੇ ਤੇ ਸਭ ਤੋਂ ਛੋਟੇ ਪੁੱਤਰ ਸਨ। ਆਪ ਦੇ ਦੋ ਵੱਡੇ ਭਰਾ ਸਨ ਪ੍ਰਿਥੀ ਚੰਦ ਤੇ ਮਹਾਂਦੇਵ। ਪ੍ਰਿਥੀ ਚੰਦ ਈਰਖਾਲੂ ਤੇ ਹੰਕਾਰੀ ਸੁਭਾਅ ਦੇ ਅਤੇ ਮਹਾਂਦੇਵ ਬਿਲਕੁਲ ਤਿਆਗੀ ਪੁਰਸ਼ ਸਨ । ਇਸ ਲਈ ਗੁਰੂ ਰਾਮਦਾਸ ਨੇ ਗੁਰੂ ਅਰਜਨ ਦੇਵ ਜੀ ਨੂੰ ਹੀ ਗੁਰਗੱਦੀ ਦਾ ਸਹੀ ਵਾਰਸ ਸਮਝਿਆ ਤੇ ਸਤੰਬਰ, 1581 ਈ. ਵਿੱਚ ਆਪ ਨੂੰ ਗੁਰਿਆਈ ਬਖ਼ਸ਼ੀ। 1588 ਈ. ਵਿੱਚ ਆਪ ਨੇ ਹਰਿਮੰਦਰ ਸਾਹਿਬ ਦੀ ਨੀਂਹ, ਸਿੱਖ ਮੱਤ ਦੀ ਉਦਾਰਵਾਦੀ ਨੀਤੀ ‘ਤੇ ਚਲਦਿਆਂ, ਇੱਕ ਮੁਸਲਮਾਨ ਫ਼ਕੀਰ ਮੀਆਂ ਮੀਰ ਦੇ ਹੱਥੋਂ ਰਖਵਾਈ।
ਗੁਰੂ ਅਰਜਨ ਦੇਵ ਜੀ ਦੀ ਰਚਨਾ ਆਕਾਰ ਤੇ ਗੁਣ, ਦੋਹਾਂ ਪੱਖਾਂ ਤੋਂ ਮਹੱਤਵਪੂਰਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਏ ਕੁੱਲ 31 ਰਾਗਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਤੀਹ ਰਾਗਾਂ ਵਿੱਚ ਬਾਣੀ ਰਚੀ। ਇਹ ਬਾਣੀ ਪਦੇ, ਅਸ਼ਟਪਦੀਆਂ, ਪਹਿਰੇ, ਛੰਤ, ਬਾਰਾਮਾਂਹ, ਦਿਨ ਰੈਣਿ, ਬਾਵਨ ਅਖਰੀ, ਥਿਤੀ, ਵਾਰਾਂ, ਸਲੋਕ, ਆਦਿ ਦੇ ਰੂਪ ਵਿੱਚ ਹੈ।
ਆਦਿ-ਗ੍ਰੰਥ ਦੀ ਪਹਿਲੀ ਬੀੜ ਆਪ ਨੇ ਆਪਣੇ ਮਾਮਾ ਤੇ ਗੁਰੂ ਘਰ ਦੇ ਸ਼ਰਧਾਲੂ ਭਾਈ ਗੁਰਦਾਸ ਜੀ ਤੋਂ ਲਿਖਵਾਈ। ਇਹ ਕੰਮ 1604 ਈਸਵੀ ਵਿੱਚ ਸੰਪੰਨ ਹੋਇਆ ਤੇ ਆਪ ਨੇ ਹਰਿਮੰਦਰ ਸਾਹਿਬ ਵਿਖੇ ਇਸ ਦਾ ਪ੍ਰਕਾਸ਼ ਕਰ ਕੇ ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਥਾਪਿਆ।
ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਬਾਰਾਂਮਾਹ, ਮਾਝ, ਸੁਖਮਨੀ ਤੇ ਬਾਵਨ ਅੱਖਰੀ ਗੁਰੂ ਸਾਹਿਬ ਦੀਆਂ ਸ਼ਾਹਕਾਰ ਰਚਨਾਵਾਂ ਹਨ, ਜਿਨ੍ਹਾਂ ਵਿੱਚ ਸ੍ਰਿਸ਼ਟੀ ਦੀ ਹੋਂਦ, ਇਸ ਵਿੱਚ ਮਨੁੱਖ ਦਾ ਸਥਾਨ ਤੇ ਮਨੁੱਖ ਦਾ ਅੰਤਿਮ ਉਦੇਸ਼ ਤੇ ਪਰਮਾਤਮਾ ਤੇ ਮਨੁੱਖ ਦੀ ਸਾਂਝ ਆਦਿ ਵਿਸ਼ਿਆਂ ਨੂੰ ਲਿਆ ਗਿਆ ਹੈ। ਸੁਖਮਨੀ ਦੀਆਂ 24 ਅਸ਼ਟਪਦੀਆਂ ਵਿੱਚ ਗੁਰਮਤਿ ਦਰਸ਼ਨ ਦੀ ਸਿਧਾਂਤਿਕ ਵਿਆਖਿਆ ਪੇਸ਼ ਕੀਤੀ ਗਈ ਹੈ। ਇਸ ਵਿੱਚ ਨਾਮ-ਸਿਮਰਨ ਦੀ ਮਹਿਮਾ, ਪ੍ਰਭੂ ਦੀ ਉਸਤਤ, ਗੁਰਬਾਣੀ ਦੇ ਆਦਰਸ਼ ਮਨੁੱਖ, ਅਰਥਾਤ ਬ੍ਰਹਮ-ਗਿਆਨੀ ਦਾ ਚਰਿੱਤਰ, ਸਾਧ ਦੀ ਵਡਿਆਈ, ਬਾਣੀ ਪੜ੍ਹਨ ਦਾ ਫਲ ਆਦਿ ਮਸਲਿਆਂ ਨੂੰ ਬੜੇ ਕਾਵਿਮਈ ਅੰਦਾਜ਼ ਵਿੱਚ ਬਿਆਨਿਆ ਗਿਆ ਹੈ।
ਚਾਰਿ ਪਦਾਰਥ ਜੇ ਕੋ ਮਾਗੈ॥
ਸਾਧ ਜਨਾ ਕੀ ਸੇਵਾ ਲਾਗੈ॥
ਜੇ ਕੋ ਆਪੁਨਾ ਦੂਖੁ ਮਿਟਾਵੇ॥
ਹਰਿ ਹਰਿ ਨਾਮੁ ਰਿਦੈ ਸਦ ਗਾਵੈ॥
ਭਾਈ ਗੁਰਦਾਸ ਜੀ ਗੁਰਮਤਿ-ਕਾਵਿ ਪਰੰਪਰਾ ਦੇ ਪ੍ਰਮੁੱਖ ਕਵੀ ਹਨ। ਆਪ ਦਾ ਜਨਮ 1559 ਈ. ਵਿੱਚ ਈਸਰ ਦਾਸ ਜੀ ਦੇ ਘਰ ਹੋਇਆ। ਭਾਈ ਗੁਰਦਾਸ ਜੀ ਦੀ ਕੁੱਲ ਰਚਨਾ 40 ਵਾਰਾਂ ਤੇ 556 ਕਬਿੱਤ, ਸਵਈਏ ਹਨ। ਇਹਨਾਂ ਵਿੱਚੋਂ ਕਬਿੱਤ, ਸਵਈਏ ਬ੍ਰਿਜ ਭਾਸ਼ਾ ਵਿੱਚ ਹਨ ਤੇ ਵਾਰਾਂ ਪੰਜਾਬੀ ਵਿੱਚ। ਇਹ ਵਾਰਾਂ ਵਿਸ਼ੇ ਤੇ ਰੂਪ ਦੋਹਾਂ ਪੱਖਾਂ ਤੋਂ ਮਹੱਤਵਪੂਰਨ ਤੇ ਵਿਸ਼ੇਸ਼ ਹਨ। ਭਾਈ ਗੁਰਦਾਸ ਗੁਰਮਤਿ ਫਲਸਫ਼ੇ ਦੇ ਪ੍ਰਚਾਰਕ ਸਨ। ਇਸ ਲਈ ਉਹਨਾਂ ਨੇ ਆਪਣੀਆਂ ਵਾਰਾਂ ਰਾਹੀਂ ਗੁਰਮਤਿ ਦੇ ਸਿਧਾਂਤਾਂ ਦੀ ਵਿਆਖਿਆ ਸਰਲ ਬੋਲੀ ਵਿੱਚ ਕੀਤੀ। ਇਹੀ ਕਾਰਨ ਹੈ ਕਿ ਆਪ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ। ਗੁਰੂ-ਕਾਵਿ ਵਿੱਚ ਆਏ ਸੰਕਲਪਾਂ, ਜਿਵੇਂ: ਸਤਿਗੁਰੂ, ਨਾਮ, ਭਗਤੀ, ਸਾਧ-ਸੰਗਤ, ਮਨਮੁਖ-ਗੁਰਮੁਖ ਆਦਿ ਨੂੰ ਭਾਈ ਗੁਰਦਾਸ ਨੇ ਲੋਕ-ਮੁਹਾਵਰੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ:
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ।
ਸਪੈ ਦੁਧੁ ਪੀਆਲੀਐ, ਵਿਹੁ ਮੁਖਹੁ ਸਟੈ।
ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1621 ਈ. ਵਿੱਚ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਆਪ ਦੀ ਸਮੁੱਚੀ ਬਾਣੀ 59 ਸ਼ਬਦ ਵੱਖਰੇ-ਵੱਖਰੇ 15 ਰਾਗਾਂ ਵਿੱਚ ਅਤੇ 57 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਪ ਦੀ ਰਚਨਾ ਵਿੱਚ ਸੰਸਾਰ ਦੀ ਨਾਸ਼ਮਾਨਤਾ, ਆਤਮਾ ਦੇ ਪਰਮਾਤਮਾ ਨਾਲ਼ ਮੇਲ ਅਤੇ ਪ੍ਰਭੂ-ਭਗਤੀ ਵਿੱਚ ਲੀਨ ਹੋਣ ਦੇ ਵਿਚਾਰ ਨੂੰ ਉਜਾਗਰ ਕੀਤਾ ਗਿਆ ਹੈ। ਗੁਰੂ ਤੇਗ਼ ਬਹਾਦਰ ਜੀ ਦੁਆਰਾ ਰਚਿਤ ਸਮੁੱਚੀ ਰਚਨਾ ਹੀ ਵੈਰਾਗਮਈ ਹੈ ਅਤੇ ਸਰੋਦੀ ਗੁਣਾਂ ਨਾਲ਼ ਭਰਪੂਰ ਹੈ। ਆਪ ਦੀ ਸ਼ੈਲੀ ਉਪਦੇਸ਼ਾਤਮਿਕ ਹੈ।
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਦਾ ਜਨਮ 1666 ਈ. ਵਿੱਚ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ ਘਰ ਪਟਨਾ ਵਿਖੇ ਹੋਇਆ। ਆਪ ਦੀ ਮਾਤਾ ਦਾ ਨਾਂ ਮਾਤਾ ਗੁਜਰੀ ਸੀ। ਗੁਰੂ ਗੋਬਿੰਦ ਸਿੰਘ ਇੱਕ ਸੂਰਬੀਰ ਤੇ ਨਿਪੁੰਨ ਨੀਤੀਵੇਤਾ ਹੋਣ ਦੇ ਨਾਲ਼-ਨਾਲ਼ ਉੱਚ ਕੋਟੀ ਦੇ ਕਵੀ ਵੀ ਸਨ। ਆਪ ਨੇ ਬ੍ਰਿਜ ਭਾਸ਼ਾ ਵਿੱਚ ਕਾਫ਼ੀ ਮਾਤਰਾ ਵਿੱਚ ਰਚਨਾ ਕੀਤੀ। ਆਪ ਦੀ ਸਾਰੀ ਬਾਣੀ ਦਸਮ-ਗ੍ਰੰਥ ਵਿੱਚ ਸੰਗ੍ਰਹਿਤ ਹੈ। ਪੰਜਾਬੀ ਵਿੱਚ ਆਪ ਦੇ ਦੋ ਸ਼ਬਦ ਤੇ ਚੰਡੀ ਦੀ ਵਾਰ ਮਿਲ਼ਦੇ ਹਨ।
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ।
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣੁ
ਨਾਗ ਨਿਵਾਸਾਂ ਤੇ ਰਹਿਣਾ।
ਸੂਲ ਸੁਰਾਹੀ ਖੰਜਰੁ ਪਿਯਾਲਾ,
ਬਿੰਗ ਕਸਾਈਆਂ ਦਾ ਸਹਣਾ।
ਯਾਰੜੇ ਦਾ ਸਾਨੂੰ ਸਥਰ ਚੰਗਾ,
ਭਠ ਖੇੜਿਆਂ ਦਾ ਰਹਿਣਾ।
ਇਸ ਨਿੱਕੀ ਜਿਹੀ ਰਚਨਾ ਨੂੰ ਸੰਗੀਤ ਦੀ ਭਾਸ਼ਾ ਵਿੱਚ ਖ਼ਿਆਲ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਬਲਵਾਨ ਆਤਮਾ ਦੀ ਅਵਾਜ਼ ਹੈ ਜੋ ਐਸ਼ੋ-ਅਰਾਮ ਤੇ ਦੁਨਿਆਵੀ ਭੋਗਾਂ ਦੇ ਵੱਡੇ-ਵੱਡੇ ਲਾਲਚਾਂ ਦੇ ਸਾਹਮਣੇ ਵੀ ਕਦੇ ਨਹੀਂ ਝੁਕਦੀ ਤੇ ਸਮਝੌਤਾ ਨਹੀਂ ਕਰਦੀ। ਇਹੋ ਆਤਮਕ ਬਲ ਇਸ ਦੇ ਸਰੋਦੀ ਅੰਸ਼ ਦਾ ਜ਼ਾਮਨ ਹੈ, ਜਿਹੜਾ ਤਰਲ-ਸ਼ਬਦਾਵਲੀ ਰਾਹੀਂ ਪਾਠਕ ਜਾਂ ਸਰੋਤੇ ਦੀ ਆਤਮਾ ਵਿੱਚ ਰਮ ਜਾਂਦਾ ਹੈ।
ਪ੍ਰਸ਼ਨ 2. (ੳ) ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਰਚਨਾ ਬਾਰੇ ਨੋਟ ਲਿਖੋ।
ਉੱਤਰ: ਜੀਵਨ: ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਗੁਰੂ ਤੇ ਮੱਧ-ਕਾਲੀ ਭਾਰਤ ਦੇ ਇੱਕ ਮਹਾਨ ਚਿੰਤਕ ਸਨ । ਆਪ ਦਾ ਜਨਮ 1469 ਈ. ਵਿੱਚ ਰਾਇ ਭੋਇੰ ਦੀ ਤਲਵੰਡੀ (ਅੱਜ-ਕੱਲ੍ਹ ਨਨਕਾਣਾ ਸਾਹਿਬ) ਵਿਖੇ ਸ੍ਰੀ ਮਹਿਤਾ ਕਲਿਆਣ ਦਾਸ ਦੇ ਘਰ ਹੋਇਆ। ਆਪ ਦੀ ਮਾਤਾ ਦਾ ਨਾਂ ਮਾਤਾ ਤ੍ਰਿਪਤਾ ਸੀ। ਆਪ ਦੇ ਪਿਤਾ ਕਿੱਤੇ ਵਜੋਂ ਪਟਵਾਰੀ ਸਨ। ਆਪ ਦਾ ਵਿਆਹ ਬਟਾਲੇ ਦੇ ਵਸਨੀਕ ਮੂਲ ਚੰਦ ਚੋਣੇ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ਼ ਹੋਇਆ ਜਿਸ ਦੀ ਕੁੱਖੋਂ ਤੋਂ ਗੁਰੂ ਨਾਨਕ ਦੇ ਦੋ ਪੁੱਤਰ (ਸ੍ਰੀ ਚੰਦ ਤੇ ਲੱਖਮੀ ਦਾਸ) ਪੈਦਾ ਹੋਏ। ਪਰੰਤੂ ਪਰਿਵਾਰਿਕ ਬੰਧਨ ਵੀ ਆਪ ਨੂੰ ਬਹੁਤਾ ਚਿਰ ਬੰਨ੍ਹ ਕੇ ਨਾ ਰੱਖ ਸਕੇ ਤੇ ਲਗ-ਪਗ ਤੀਹ ਵਰ੍ਹੇ ਦੀ ਉਮਰ ਵਿੱਚ ਆਪ ਘਰ-ਬਾਰ ਤਿਆਗ ਕੇ ਉਦਾਸੀਆਂ ’ਤੇ ਨਿਕਲ਼ ਪਏ। ਆਪ ਨੇ ਨਾ ਸਿਰਫ਼ ਭਾਰਤ ਸਗੋਂ ਅਫ਼ਗ਼ਾਨਿਸਤਾਨ, ਈਰਾਨ ਤੇ ਮੱਧ ਪੂਰਬ ਦੇ ਕਈ ਦੇਸਾਂ ਦੀ ਯਾਤਰਾ ਕੀਤੀ। ਅਖ਼ੀਰਲੀ ਉਮਰ ਵਿੱਚ ਆਪ ਰਾਵੀ ਦਰਿਆ ਦੇ ਕੰਢੇ ਆਪਣੇ ਵਸਾਏ ਨਗਰ ਕਰਤਾਰਪੁਰ ਵਿਖੇ ਆ ਗਏ ਤੇ ਖੇਤੀ ਕਰਨ ਲੱਗੇ। ਇੱਥੇ ਹੀ 1539 ਈ. ਵਿੱਚ ਆਪ ਜੋਤੀ-ਜੋਤ ਸਮਾ ਗਏ।
ਰਚਨਾ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਕਾਵਿ-ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਗ੍ਰਹਿਤ ਹੈ। ਆਪ ਦੀਆਂ ਪ੍ਰਮੁੱਖ ਰਚਨਾਵਾਂ ਇਸ ਪ੍ਰਕਾਰ ਹਨ :- ਜਪੁਜੀ ਸਿਧ ਗੋਸਟਿ, ਪੱਟੀ, ਵਾਰ ਰਾਗ ਆਸਾ, ਵਾਰ ਰਾਗ ਮਾਝ, ਵਾਰ ਰਾਗ ਮਲਾਰ, ਬਾਰਾਂਮਾਹ ਤੁਖਾਰੀ, ਸੋਹਿਲਾ, ਅਲਾਹੁਣੀਆਂ, ਬਾਬਰਵਾਣੀ, ਅਸ਼ਟਪਦੀਆਂ, ਦੱਖਣੀ ਓਅੰਕਾਰ, ਪਹਿਰੇ, ਕੁਝ ਸ਼ਬਦ ਤੇ ਸਲੋਕ ਆਦਿ।
ਗੁਰੂ ਸਾਹਿਬ ਦਾ ਬ੍ਰਹਮ ਨਿਰਗੁਣ ਵੀ ਹੈ ਤੇ ਸਰਗੁਣ ਵੀ। ਨਿਰਗੁਣ ਇਸ ਲਈ ਕਿ ਉਹ ਕਿਸੇ ਇੱਕ ਰੂਪ ਵਿੱਚ ਨਹੀਂ ਦਿਸਦਾ, ਸਰਗੁਣ ਇਸ ਲਈ ਕਿ ਉਹ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਤੇ ਇਹ ਬ੍ਰਹਿਮੰਡ ਉਸ ਦਾ ਹੀ ਰੂਪ ਹੈ। ਬ੍ਰਹਮ ਦੇ ਇਸੇ ਰੂਪ ਦਾ ਤੀਖਣ ਅਨੁਭਵ ਹੀ ਅਸਲ ਵਿੱਚ ਰੱਬ ਦੀ ਪ੍ਰਾਪਤੀ ਹੈ ਤੇ ਇਹੀ ਅੰਤਿਮ ਸੱਚ ਹੈ, ਜਿਸ ਦੀ ਮਨੁੱਖ ਨੂੰ ਭਾਲ ਹੈ। ਇਹ ਬ੍ਰਹਮ ਨਿਰਭੌ, ਨਿਰਵੈਰ ਤੇ ਨਿਰਾਕਾਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਦੇ ਭਾਣੇ ਅੰਦਰ ਚੱਲ ਰਹੀ ਹੈ। ਇਸ ਭਾਣੇ ਨੂੰ ਕਿਤੇ ਭੈ ਕਿਹਾ ਗਿਆ ਹੈ ਤੇ ਕਿਤੇ ਹੁਕਮ, ਜਿਵੇਂ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।।
ਇਹਨਾਂ ਦਾਰਸ਼ਨਿਕ ਮਸਲਿਆਂ ਤੋਂ ਬਿਨਾਂ ਗੁਰੂ ਨਾਨਕ ਬਾਣੀ ਦਾ ਸਮਾਜਿਕ ਪੱਖ ਵੀ ਘੱਟ ਮਹੱਤਤਾ ਵਾਲ਼ਾ ਨਹੀਂ। ਆਪ ਦੀ ਰਚਨਾ ਵਿੱਚ ਉਹਨਾਂ ਦਾ ਸਮੁੱਚਾ ਯੁੱਗ ਜਿਊਂਦੇ-ਜਾਗਦੇ ਰੂਪ ਵਿੱਚ ਰੂਪਮਾਨ ਹੁੰਦਾ ਹੈ। ਇਸ ਪੱਖੋਂ ਆਪ ਦੀ ਰਚਨਾ ‘ਆਸਾ ਦੀ ਵਾਰ’ ਵਿਚਾਰਨ ਯੋਗ ਹੈ ਕਿਉਂਕਿ ਇਸ ਰਚਨਾ ਵਿੱਚ ਉਸ ਸਮੇਂ ਦੀ ਅਤਿ ਦੀ ਨਿੱਘਰੀ ਹੋਈ ਸਮਾਜਿਕ ਵਿਵਸਥਾ ਬਾਰੇ ਬੜੀਆਂ ਸਾਰਥਕ ਟਿੱਪਣੀਆਂ ਹਨ। ਵੇਲ਼ੇ ਦੇ ਧਰਮ ਆਪਣੇ ਅਸਲੀ ਮਨੋਰਥ ਤੋਂ ਭਟਕ ਕੇ ਕੇਵਲ ਕਰਮ-ਕਾਂਡੀ ਧਰਮ ਬਣ ਗਏ ਸਨ ਤੇ ਇਹਨਾਂ ਦੇ ਪ੍ਰਚਾਰਕ ਆਚਰਨਹੀਣ ਹੋ ਚੁੱਕੇ ਸਨ। ਰਾਗ ਧਨਾਸਰੀ ਵਿੱਚ ਵੀ ਅਜਿਹੀ ਆਚਰਨਹੀਣਤਾ ਉੱਤੇ ਕਟਾਖਸ਼ ਕੀਤਾ ਗਿਆ ਹੈ।
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਆਪਣੀ ਪਵਿੱਤਰਤਾ ਗੁਆ ਬੈਠਾ ਸੀ ਤੇ ਚੇਲਿਆਂ ਦੇ ਇਸ਼ਾਰਿਆਂ ‘ਤੇ ਨੱਚਦੇ ਗੁਰੂਆਂ ਦੀ ਤਸਵੀਰ ਰਾਗ ਆਸਾ ਵਿੱਚ ਦੇਖੋ:
ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ।।
ਵੇਖੈ ਲੋਕੁ ਹਸੈ ਘਰਿ ਜਾਇ॥
ਪਰਿਵਾਰਿਕ ਮੋਹ-ਪਿਆਰ ਮੁੱਕ ਚੁੱਕਾ ਸੀ ਤੇ ਪਤੀ-ਪਤਨੀ, ਮਾਪਿਆਂ ਤੇ ਧੀਆਂ-ਪੁੱਤਰਾਂ ਦੀ ਆਪੋ-ਵਿਚਲੀ ਮਨੁੱਖੀ ਸਾਂਝ ਖ਼ਤਮ ਹੋ ਚੁੱਕੀ ਸੀ।
ਕਲੀ ਅੰਦਰਿ ਨਾਨਕਾ ਜਿੰਨਾ ਦਾ ਅਉਤਾਰੁ॥
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥
‘ਏਕੋ ਨਾਮ‘ ਤੋਂ ਭਾਵ ਇੱਕ ਰੱਬ ਵਿੱਚ ਵਿਸ਼ਵਾਸ ਤੋਂ ਵੀ ਹੈ ਤੇ ਸਮਾਜਿਕ ਏਕਤਾ ਤੋਂ ਵੀ। ਅਰਥਾਤ ਅਜਿਹੇ ਸਮਾਜ ਵਿੱਚ ਜਾਤ, ਧਰਮ, ਵਰਨ ਆਦਿ ਦੇ ਝਗੜੇ ਨਹੀਂ ਹੋਣਗੇ । ਮਨੁੱਖਤਾ ਦੀ ਸਾਂਝ ਹੀ ਸਭ ਤੋਂ ਵੱਡੀ ਸਾਂਝ ਹੋਵੇਗੀ।
ਰੂਪਕ ਪੱਖ: ਨਾਨਕ-ਬਾਣੀ ਨਾ ਕੇਵਲ ਵਿਸ਼ੇ ਪੱਖੋਂ, ਸਗੋਂ ਰੂਪ ਦੇ ਪੱਖੋਂ ਵੀ ਮਹਾਨ ਤੇ ਸਨਾਤਨੀ (ਕਲਾਸਿਕ) ਰਚਨਾ ਹੈ। ਇਹ ਸਾਰੀ ਬਾਣੀ ਰਾਗ ਬੱਧ ਹੈ (ਜਪੁਜੀ ਨੂੰ ਛੱਡ ਕੇ) ਤੇ ਇਸ ਵਿੱਚ 19 ਰਾਗਾਂ ਦੀ ਵਰਤੋਂ ਕੀਤੀ ਗਈ ਹੈ। ਇਸ ਬਾਣੀ ਦੀ ਕਾਵਿਕ ਸੁੰਦਰਤਾ ਇਸ ਨੂੰ ਮਹਾਨ ਕਵਿਤਾ ਦਾ ਦਰਜਾ ਦਿੰਦੀ ਹੈ। ਨਾਨਕ-ਬਾਣੀ ਦੀ ਬਿੰਬਾਵਲੀ ਬੜੀ ਵੰਨ-ਸੁਵੰਨੀ ਹੈ ਤੇ ਇਸ ਦੇ ਬਿੰਬ ਆਲ਼ੇ-ਦੁਆਲ਼ੇ ਦੇ ਸਮਾਜਿਕ ਤੇ ਪ੍ਰਕਿਰਤਕ ਜੀਵਨ ਵਿੱਚੋਂ ਲਏ ਗਏ ਹਨ, ਜਿਵੇਂ:
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥
ਪ੍ਰਕਿਰਤਕ ਜੀਵਨ ਦੇ ਬਿੰਬਾਂ ਦੀ ਉਦਾਹਰਨ ਆਪ ਦੀ ਰਚਨਾ ਬਾਰਾਮਾਹ ਤੁਖਾਰੀ ਵਿੱਚ ਦੇਖੀ ਜਾ ਸਕਦੀ ਹੈ :
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ।।
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥
ਨਾਨਕ-ਬਾਣੀ ਦੀ ਭਾਸ਼ਾ ਉਸ ਸਮੇਂ ਦੀ ਲੋਕ-ਭਾਸ਼ਾ ਹੈ, ਜਿਸ ਵਿੱਚ ਅਰਬੀ, ਫ਼ਾਰਸੀ, ਸੰਸਕ੍ਰਿਤ, ਅਪਭਰੰਸ਼ ਤੇ ਸਾਧ-ਭਾਸ਼ਾ ਦੀ ਸ਼ਬਦਾਵਲੀ ਮਿਲੀ ਹੋਈ ਹੈ। ਇਹ ਭਾਸ਼ਾ ਸੁੰਦਰ ਤੇ ਅਲੰਕ੍ਰਿਤ ਹੈ। ਗੁਰੂ ਸਾਹਿਬ ਦੀ ਸ਼ੈਲੀ ਉਪਦੇਸ਼ਾਤਮਿਕ, ਦਾਰਸ਼ਨਿਕ ਤੇ ਵਿਅੰਗਾਤਮਿਕ ਹੈ।
ਪ੍ਰਸ਼ਨ 2. (ਅ) ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਰਚਨਾ ਬਾਰੇ ਨੋਟ ਲਿਖੋ।
ਉੱਤਰ: ਜੀਵਨ : ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈਸਵੀ ਨੂੰ ਪਿੰਡ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਘਰ, ਬੀਬੀ ਭਾਨੀ ਦੀ ਕੁੱਖੋਂ ਹੋਇਆ। ਆਪ ਗੁਰੂ ਰਾਮਦਾਸ ਜੀ ਦੇ ਤੀਜੇ ਤੇ ਸਭ ਤੋਂ ਛੋਟੇ ਪੁੱਤਰ ਸਨ। ਆਪ ਦੇ ਦੋ ਵੱਡੇ ਭਰਾ ਸਨ ਪ੍ਰਿਥੀ ਚੰਦ ਤੇ ਮਹਾਂਦੇਵ। ਗੁਰੂ ਰਾਮਦਾਸ ਨੇ ਗੁਰੂ ਅਰਜਨ ਦੇਵ ਜੀ ਨੂੰ ਹੀ ਗੁਰਗੱਦੀ ਦਾ ਸਹੀ ਵਾਰਸ ਸਮਝਿਆ ਤੇ ਸਤੰਬਰ, 1581 ਈ. ਵਿੱਚ ਆਪ ਨੂੰ ਗੁਰਿਆਈ ਬਖ਼ਸ਼ੀ।
1588 ਈ. ਵਿੱਚ ਆਪ ਨੇ ਹਰਿਮੰਦਰ ਸਾਹਿਬ ਦੀ ਨੀਂਹ, ਸਿੱਖ ਮੱਤ ਦੀ ਉਦਾਰਵਾਦੀ ਨੀਤੀ ’ਤੇ ਚਲਦਿਆਂ, ਇੱਕ ਮੁਸਲਮਾਨ ਫ਼ਕੀਰ ਮੀਆਂ ਮੀਰ ਦੇ ਹੱਥੋਂ ਰਖਵਾਈ। ਇਸ ਤੋਂ ਬਿਨਾਂ ਤਰਨਤਾਰਨ ਤੇ ਕਰਤਾਰਪੁਰ ਨਗਰ ਵੀ ਵਸਾਏ। ਸਿੱਖੀ ਦੇ ਵਧਦੇ ਪ੍ਰਭਾਵ ਕਾਰਨ ਸਮੇਂ ਦੀ ਮੁਗ਼ਲ ਹਕੂਮਤ ਨੇ ਗੁਰੂ ਘਰ ਨਾਲ਼ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਸਮੇਂ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੇ ਬਾਗ਼ੀ ਪੁੱਤਰ ਖੁਸਰੋ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਗਿਰਫ਼ਤਾਰ ਕਰ ਲਿਆ ਤੇ 30 ਮਈ, 1606 ਈ. ਨੂੰ ਲਾਹੌਰ ਵਿਖੇ ਰਾਵੀ ਦੇ ਕਿਨਾਰੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਗੁਰੂ-ਘਰ ਦੇ ਪਹਿਲੇ ਸ਼ਹੀਦ ਸਨ, ਜਿਨ੍ਹਾਂ ਨੇ ਸ਼ਾਂਤਮਈ ਰਹਿ ਕੇ ਮੁਗ਼ਲ ਸਲਤਨਤ ਦੇ ਜ਼ੁਲਮ ਨੂੰ ਨੰਗਾ ਕੀਤਾ।
ਰਚਨਾ- ਗੁਰੂ ਅਰਜਨ ਦੇਵ ਜੀ ਦੀ ਰਚਨਾ ਆਕਾਰ ਤੇ ਗੁਣ, ਦੋਹਾਂ ਪੱਖਾਂ ਤੋਂ ਮਹੱਤਵਪੂਰਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਏ ਕੁੱਲ 31 ਰਾਗਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ। ਇਹ ਬਾਣੀ ਪਦੇ, ਅਸ਼ਟਪਦੀਆਂ, ਪਹਿਰੇ, ਛੰਤ, ਬਾਰਾਮਾਂਹ, ਦਿਨ ਰੈਣਿ, ਬਾਵਨ ਅਖਰੀ, ਥਿਤੀ, ਵਾਰਾਂ, ਸਲੋਕ, ਆਦਿ ਦੇ ਰੂਪ ਵਿੱਚ ਹੈ। ਆਪ ਨੇ ਆਪਣੀ ਤੇ ਆਪਣੇ ਤੋਂ ਪਹਿਲਾਂ ਦੇ ਗੁਰੂਆਂ ਦੀ ਬਾਣੀ ਅਤੇ ਹੋਰ ਸੰਤਾਂ ਭਗਤਾਂ ਦੀ ਰਚਨਾ ਨੂੰ ਆਦਿ-ਗ੍ਰੰਥ ਵਿੱਚ ਸੰਕਲਿਤ ਕੀਤਾ। ਆਦਿ-ਗ੍ਰੰਥ ਦੀ ਪਹਿਲੀ ਬੀੜ ਆਪ ਨੇ ਆਪਣੇ ਮਾਮਾ ਤੇ ਗੁਰੂ ਘਰ ਦੇ ਸ਼ਰਧਾਲੂ ਭਾਈ ਗੁਰਦਾਸ ਜੀ ਤੋਂ ਲਿਖਵਾਈ। ਇਹ ਕੰਮ 1604 ਈਸਵੀ ਵਿੱਚ ਸੰਪੰਨ ਹੋਇਆ ਤੇ ਆਪ ਨੇ ਹਰਿਮੰਦਰ ਸਾਹਿਬ ਵਿਖੇ ਇਸ ਦਾ ਪ੍ਰਕਾਸ਼ ਕਰ ਕੇ ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਥਾਪਿਆ।
ਰਚਨਾ ਦਾ ਵਿਸ਼ਾ ਤੇ ਰੂਪਕ ਪੱਖ:- ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰਮਤਿ ਦੇ ਸਿਧਾਂਤਾਂ ਦੀ ਸਰਲ ਵਿਆਖਿਆ ਹੈ। ਇਸ ਬਾਣੀ ਦੀ ਸੁਰ ਉਪਦੇਸ਼ਾਤਮਿਕ ਤੇ ਸ਼ੈਲੀ ਵਿਆਖਿਆਤਮਿਕ ਹੈ। ਇਸੇ ਲਈ ਆਕਾਰ ਪੱਖੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਾਰੇ ਗੁਰੂਆਂ ਨਾਲੋਂ ਵੱਧ ਹੈ। ਲੰਮੀਆਂ ਰਚਨਾਵਾਂ ਵਿੱਚੋਂ ਬਾਰਾਂਮਾਹ, ਮਾਝ, ਸੁਖਮਨੀ ਤੇ ਬਾਵਨ ਅੱਖਰੀ ਗੁਰੂ ਸਾਹਿਬ ਦੀਆਂ ਸ਼ਾਹਕਾਰ ਰਚਨਾਵਾਂ ਹਨ, ਜਿਨ੍ਹਾਂ ਵਿੱਚ ਸ੍ਰਿਸ਼ਟੀ ਦੀ ਹੋਂਦ, ਇਸ ਵਿੱਚ ਮਨੁੱਖ ਦਾ ਸਥਾਨ ਤੇ ਮਨੁੱਖ ਦਾ ਅੰਤਿਮ ਉਦੇਸ਼ ਤੇ ਪਰਮਾਤਮਾ ਤੇ ਮਨੁੱਖ ਦੀ ਸਾਂਝ ਆਦਿ ਵਿਸ਼ਿਆਂ ਨੂੰ ਲਿਆ ਗਿਆ ਹੈ । ਸੁਖਮਨੀ ਦੀਆਂ 24 ਅਸ਼ਟਪਦੀਆਂ ਵਿੱਚ ਗੁਰਮਤਿ ਦਰਸ਼ਨ ਦੀ ਸਿਧਾਂਤਿਕ ਵਿਆਖਿਆ ਪੇਸ਼ ਕੀਤੀ ਗਈ ਹੈ।
ਚਾਰਿ ਪਦਾਰਥ ਜੇ ਕੋ ਮਾਗੈ॥
ਸਾਧ ਜਨਾ ਕੀ ਸੇਵਾ ਲਾਗੈ॥
ਜੇ ਕੋ ਆਪੁਨਾ ਦੂਖੁ ਮਿਟਾਵੇ॥
ਹਰਿ ਹਰਿ ਨਾਮੁ ਰਿਦੈ ਸਦ ਗਾਵੈ॥
ਇਸੇ ਤਰ੍ਹਾਂ ਬਾਵਨ ਅੱਖਰੀ ਵਿੱਚ ਵੀ ਬ੍ਰਹਮ ਦੇ ਨਿਰਗੁਣ ਤੇ ਸਰਗੁਣ ਸਰੂਪ ਦੀ ਵਿਆਖਿਆ, ਉਸ ਨੂੰ ਮਿਲ਼ਨ ਲਈ ਨਾਮ ਦੇ ਸਿਮਰਨ ਦੀ ਆਵੱਸ਼ਕਤਾ, ਗੁਰੂ ਦੀ ਸੇਵਾ ਅਤੇ ਹਉਮੈ ਨੂੰ ਮਾਰਨ ਦੀ ਲੋੜ ਆਦਿ ਵਿਸ਼ਿਆਂ ਨੂੰ ਲਿਆ ਗਿਆ ਹੈ। ਬਾਵਨ ਅੱਖਰੀ ਦਾ ਭਾਵ ਹੈ, 52 ਅੱਖਰ ਅਰਥਾਤ ਇਹ ਬਾਣੀ ਦੇਵਨਾਗਰੀ ਦੇ 52 ਅੱਖਰਾਂ ‘ਤੇ ਆਧਾਰਿਤ ਹੈ। ਇਹਨਾਂ ਅੱਖਰਾਂ ਦਾ ਉਚਾਰਨ ਭਾਵੇਂ ਪੰਜਾਬੀ ਵਾਲ਼ਾ ਹੈ ਪਰ ਇਸ ਰਚਨਾ ਦੀ ਭਾਸ਼ਾ ਹਿੰਦੀ ਰਲ਼ੀ ਪੰਜਾਬੀ ਜਾਂ ਇਉਂ ਕਹਿ ਲਵੋ ਕਿ ਮਿਸ਼ਰਤ ਭਾਸ਼ਾ ਹੈ।
ਛਛਾ ਛੋਹਰੇ ਦਾਸ ਤੁਮਾਰੇ।।
ਦਾਸ ਦਾਸਨ ਕੇ ਪਾਨੀਹਾਰੇ॥
ਛਛਾ ਛਾਰੁ ਹੋਤ ਤੇਰੇ ਸੰਤਾ॥
ਅਪਨੀ ਕ੍ਰਿਪਾ ਕਰਹੁ ਭਗਵੰਤਾ॥
ਬਾਰਾਮਾਂਹ ਮਾਝ ਆਪ ਦੀ ਇੱਕ ਹੋਰ ਪ੍ਰਸਿੱਧ ਰਚਨਾ ਹੈ। ਜਿਸ ਦਾ ਪਾਠ ਹਰ ਸੰਗਰਾਂਦ ਨੂੰ ਗੁਰਦਵਾਰਿਆਂ ਤੇ ਸਿੱਖ-ਘਰਾਂ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਵੀ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਬਦਲਦੀ ਪ੍ਰਕਿਰਤੀ ਦੇ ਨਾਲ਼-ਨਾਲ਼ ਜੀਵ-ਆਤਮਾ ਦੀ ਪ੍ਰਭੂ ਮਿਲਨ ਲਈ ਤੜਪ ਤੇ ਤੀਬਰਤਾ ਨੂੰ ਬਿਆਨ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਤੁਖਾਰੀ ਰਾਗ ਵਿੱਚ ਲਿਖੇ ਬਾਰਾਮਾਂਹ ਵਿੱਚ ਇਸੇ ਤਰ੍ਹਾਂ ਦਾ ਵਿਸ਼ਾ ਲਿਆ ਹੈ।
ਗੁਰੂ ਅਰਜਨ ਦੇਵ ਜੀ ਦੀ ਸਮੁੱਚੀ ਬਾਣੀ ਦੇ ਅਧਿਐਨ ਤੋਂ ਇੱਕ ਗੱਲ ਇਹ ਸਪਸ਼ਟ ਹੁੰਦੀ ਹੈ ਕਿ ਇਸ ਵਿੱਚ ਗੁਰੂ ਭਗਤੀ-ਭਾਵਨਾ ਤੇ ਭਾਵਕਤਾ ਵਧੇਰੇ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਭਾਵਕਤਾ ਤੇ ਸਰੋਦੀ ਅੰਸ਼ ਵਧ ਜਾਂਦਾ ਹੈ ਤੇ ਇਉਂ ਆਪ ਦੀ ਰਚਨਾ ਸਿਧਾਂਤ ਤੇ ਕਵਿਤਾ ਦਾ ਸੁੰਦਰ ਸੁਮੇਲ ਹੋ ਨਿੱਬੜਦੀ ਹੈ।
ਖੰਭ ਵਿਕਾਂਦੜੇ ਜੇ ਲਹਾਂ ਜਿੰਨਾ ਸਾਵੀ ਤੋਲਿ।।
ਤਨਿ ਜੜਾਈ ਆਪਣੇ ਲਹਾਂ ਸੁ ਸਜਣੁ ਟੋਲਿ।।
ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ, ਸਮੁੱਚੀ ਰਚਨਾ ਤੇ ਆਦਿ ਗ੍ਰੰਥ ਦਾ ਸੰਕਲਨ ਸਿੱਧ ਕਰਦਾ ਹੈ ਕਿ ਆਪ ਉੱਚ-ਕੋਟੀ ਦੇ ਵਿਦਵਾਨ, ਮਹਾਨ ਕਵੀ, ਮਹਾਨ ਸੰਪਾਦਕ ਤੇ ਮਹਾਨ ਸ਼ਹੀਦ ਸਨ ਜਿਨ੍ਹਾਂ ਨੇ ਗੁਰਬਾਣੀ ਦੀ ਦਾਰਸ਼ਨਿਕ ਪਰੰਪਰਾ ਨੂੰ ਗੁਰਬਾਣੀ ਦੀ ਹੀ ਸਾਹਿਤਿਕ ਪਰੰਪਰਾ ਰਾਹੀਂ ਅੱਗੇ ਤੋਰਿਆ। ਇਸ ਲਈ ਨਾ ਕੇਵਲ ਸਿਧਾਂਤਿਕ ਸਗੋਂ ਸਾਹਿਤਿਕ ਪੱਖੋਂ ਵੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰੂ-ਕਾਵਿ ਪਰੰਪਰਾ ਦਾ ਅਦੁੱਤੀ ਸਿਖਰ ਹੈ ਕਿਉਂਕਿ ਆਪ ਨੇ ਕਾਵਿ-ਭੇਦ, ਅਲੰਕਾਰ, ਬਿੰਬ ਤੇ ਛੰਦ ਲੋਕ-ਪਰੰਪਰਾ ਵਿੱਚੋਂ ਹੀ ਲਏ ਹਨ ਤੇ ਸਾਦੀ, ਸਰਲ ਭਾਸ਼ਾ ਰਾਹੀਂ ਦਾਰਸ਼ਨਿਕ ਮਸਲਿਆਂ ਦੀ ਵਿਆਖਿਆ ਕੀਤੀ ਹੈ।
ਹੇਠਾਂ ਲਿਖਿਆਂ ਦੇ ਜੀਵਨ ਅਤੇ ਰਚਨਾ ਬਾਰੇ ਨੋਟ ਲਿਖੋ।
(ੳ) ਗੁਰੂ ਅੰਗਦ ਦੇਵ ਜੀ
ਜੀਵਨ: ਗੁਰੂ ਅੰਗਦ ਦੇਵ ਜੀ ਦਾ ਜਨਮ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇੱਕ ਪਿੰਡ (ਮੱਤੇ ਦੀ ਸਰਾਏ) ਵਿੱਚ ਹੋਇਆ। ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਆਪ ਸ਼ਾਕਤ ਮਤ ਦੇ ਅਨੁਯਾਈ ਸਨ ਤੇ ਆਪ ਦਾ ਪਹਿਲਾ ਨਾਂ ਭਾਈ ਲਹਿਣਾ ਸੀ। ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪ ਸਿੱਖ ਬਣ ਗਏ। ਗੁਰੂ ਸਾਹਿਬ ਨੇ ਆਪ ਦਾ ਨਾਂ ਅੰਗਦ ਰੱਖਿਆ ਤੇ ਆਪ ਦੀ ਸ਼ਰਧਾ ਤੇ ਭਗਤੀ-ਭਾਵਨਾ ਤੋਂ ਖ਼ੁਸ਼ ਹੋ ਕੇ, ਆਪਣੇ ਪੁੱਤਰਾਂ (ਸ੍ਰੀ ਚੰਦ ਤੇ ਲੱਖਮੀ ਦਾਸ) ਨੂੰ ਛੱਡ ਕੇ, ਆਪ ਨੂੰ ਗੁਰਿਆਈ ਬਖ਼ਸ਼ੀ। ਆਪ 1552 ਈ. ਵਿੱਚ ਜੋਤੀ-ਜੋਤ ਸਮਾਏ।
ਰਚਨਾ:- ਗੁਰੂ ਅੰਗਦ ਦੇਵ ਜੀ ਦੀ ਕਾਵਿ-ਰਚਨਾ ਕੇਵਲ 62 ਸਲੋਕਾਂ ਦੇ ਰੂਪ ਵਿੱਚ ਹੈ ਜੋ ਆਦਿ-ਗ੍ਰੰਥ ਵਿੱਚ ਵੱਖ-ਵੱਖ ਗੁਰੂਆਂ ਦੀਆਂ ਵਾਰਾਂ ਵਿੱਚ ਦਰਜ ਹਨ। ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਆਪ ਦਾ ਇੱਕ ਵੱਡਾ ਯੋਗਦਾਨ ਗੁਰਮੁਖੀ ਲਿਪੀ ਨੂੰ ਅਜੋਕੀ ਤਰਤੀਬ ਦੇਣ ਵਿੱਚ ਹੈ। ਆਪ ਤੋਂ ਪਹਿਲਾਂ ਇਸ ਲਿਪੀ ਦੀ ਇਹ ਤਰਤੀਬ ਨਹੀਂ ਸੀ।
ਆਪ ਨੇ ਇਸ ਲਿਪੀ ਨੂੰ ਜੋ ਤਰਤੀਬ ਦਿੱਤੀ, ਉਹ ਤਰਤੀਬ ਹੁਣ ਤੱਕ ਪ੍ਰਚਲਿਤ ਹੈ। ਇਸੇ ਕਰਕੇ ਇਸ ਦਾ ਨਾਂ ਗੁਰਮੁਖੀ ਪਿਆ।
ਗੁਰੂ ਅੰਗਦ ਦੇਵ ਜੀ ਦੀ ਰਚਨਾ ਭਗਤੀ-ਰਸ ਦੀ ਰਚਨਾ ਹੈ। ਇਸ ਸਾਰੀ ਬਾਣੀ ਦਾ ਕੇਂਦਰ ਗੁਰੂ ਹੈ ਤੇ ਇਸ ਦਾ ਵਿਸ਼ਾ ਗੁਰੂ ਦੀ ਵਡਿਆਈ ਤੇ ਗੁਰੂ-ਸਿੱਖ ਦੀ ਸਾਂਝ ਦੇ ਅਨੁਭਵ ਨੂੰ ਪੇਸ਼ ਕਰਨ ਵਿੱਚ ਹੈ। ਆਪ ਦੇ ਆਦਰਸ਼ ਗੁਰੂ, ਗੁਰੂ ਨਾਨਕ ਦੇਵ ਜੀ ਹਨ। ਸਿੱਖ ਮਤ ਵਿੱਚ ਸਿਧਾਂਤਕ ਪੱਧਰ ‘ਤੇ ਭਾਵੇਂ ਦੇਹਧਾਰੀ ਗੁਰੂ ਨੂੰ ਸਵੀਕਾਰ ਨਹੀਂ ਕੀਤਾ ਗਿਆ, ਪਰ ਵਿਹਾਰਿਕ ਪੱਧਰ ਉੱਪਰ ਗੁਰੂ ਨਾਨਕ ਦੇਵ ਤੋਂ ਬਾਅਦ ਆਉਣ ਵਾਲ਼ੇ ਗੁਰੂਆਂ ਨੇ ਆਪਣੇ ਤੋਂ ਪਹਿਲੇ ਗੁਰੂ ਨੂੰ ਆਦਰਸ਼ ਗੁਰੂ ਤੇ ਆਪਣੇ ਆਪ ਨੂੰ ਆਦਿ ਗੁਰੂ ਨਾਨਕ ਦੀ ਜੋਤ ਮੰਨਿਆ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੇ ਗੁਰੂਆਂ ਦੀ ਬਾਣੀ ‘ਨਾਨਕ’ ਨਾਮ ਥੱਲੇ ਹੀ ਲਿਖੀ ਹੋਈ ਹੈ। ਗੁਰੂ ਅੰਗਦ ਦੇਵ ਨੇ ਗੁਰੂ ਨੂੰ ਗਿਆਨ ਦਾ ਸੂਰਜ ਦੱਸਿਆ ਹੈ :
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥
ਗੁਰੂ ਦੀ ਮਹਿਮਾ ਕਰਦਿਆਂ ਉਹ ਹੋਰ ਉਚਾਰਦੇ ਹਨ:
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ॥
ਗੁਰੂ ਅੰਗਦ ਦੇਵ ਜੀ ਨੇ ਗੁਰੂ ਘਰ ਦੇ ਇੱਕ ਅਨਿੰਨ ਭਗਤ ਭਾਈ ਪੈੜਾ ਮੋਖਾ ਕੋਲੋਂ ਗੁਰੂ ਨਾਨਕ ਦੇਵ ਦੇ ਜੀਵਨ ਬਾਰੇ ਇੱਕ ਜਨਮ-ਸਾਖੀ ਵੀ ਲਿਖਵਾਈ। ਇਸ ਨੂੰ ਸਭ ਤੋਂ ਪਹਿਲੀ ਜਨਮ-ਸਾਖੀ ਮੰਨਿਆ ਜਾਂਦਾ ਹੈ।
ਰੂਪਕ ਪੱਖ: ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਫ਼ਰੀਦ ਜੀ ਦੇ ਸਲੋਕਾਂ ਵਰਗੀ ਸੰਖੇਪਤਾ, ਸੰਜਮ ਤੇ ਰਵਾਨੀ ਹੈ। ਇਹਨਾਂ ਸਲੋਕਾਂ ਦੀ ਭਾਸ਼ਾ ਆਪਣੇ ਸਮੇਂ ਦੀ ਸ਼ੁੱਧ ਤੇ ਟਕਸਾਲੀ ਪੰਜਾਬੀ ਹੈ। ਕੁਝ ਸਲੋਕਾਂ ਵਿੱਚ ਜੀਵਨ ਦੀਆਂ ਅਟੱਲ ਸਚਾਈਆਂ ਹਨ, ਜਿਸ ਕਾਰਨ ਇਹ ਸਲੋਕ ਅਖਾਣ ਬਣ ਗਏ ਹਨ।
1. ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ॥
2. ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ॥
(ਅ) ਗੁਰੂ ਅਮਰਦਾਸ ਜੀ
ਜੀਵਨ : ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਗੁਰੂ ਅੰਗਦ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਵੈਸ਼ਨੋ ਮੱਤ ਦੇ ਅਨੁਯਾਈ ਸਨ। ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਆ ਕੇ ਆਪ ਗੁਰੂ-ਘਰ ਦੇ ਸ਼ਰਧਾਲੂ ਬਣ ਗਏ। ਆਪ ਦੀ ਸੇਵਾ-ਭਾਵਨਾ, ਭਗਤੀ ਤੇ ਨਿਮਰਤਾ ਤੋਂ ਖ਼ੁਸ਼ ਹੋ ਕੇ ਗੁਰੂ ਅੰਗਦ ਦੇਵ ਨੇ ਆਪ ਨੂੰ ਗੁਰਿਆਈ ਬਖ਼ਸ਼ੀ। ਗੁਰੂ ਅਮਰਦਾਸ ਜੀ 1574 ਈ. ਵਿੱਚ ਜੋਤੀ-ਜੋਤ ਸਮਾਏ।
ਰਚਨਾ :- ਗੁਰਮਤਿ ਦੇ ਪ੍ਰਚਾਰ ਤੇ ਆਪਣੇ ਤੋਂ ਪਹਿਲੇ ਦੋ ਗੁਰੂਆਂ ਦੀ ਬਾਣੀ ਸਾਂਭਣ ਵਿੱਚ ਗੁਰੂ ਅਮਰਦਾਸ ਜੀ ਦਾ ਵੱਡਾ ਹੱਥ ਹੈ। ਆਪ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਤੇ ਭਗਤਾਂ ਦੀ ਬਾਣੀ ਨੂੰ ਆਪ ਦੇ ਪੋਤੇ ਸਹੰਸਰ ਰਾਮ ਪਾਸੋਂ ਲਿਖਵਾ ਕੇ ਇੱਕ ਥਾਂ ਇਕੱਤਰ ਕੀਤਾ। ਗੁਰੂ ਅਮਰਦਾਸ ਦੀ ਆਪਣੀ ਰਚਨਾ ਵੀ ਹਰ ਪੱਖੋਂ ਬਹੁਤ ਮਹੱਤਵਪੂਰਨ ਹੈ। ਆਪ ਨੇ 17 ਰਾਗਾਂ ਵਿੱਚ ਰਚਨਾ ਕੀਤੀ ਜੋ ਚੌਪਦਿਆਂ ਅਸ਼ਟਪਦੀਆਂ, ਸੋਹਿਲੇ, ਛੰਦ, ਅਲਾਹੁਣੀਆਂ, ਪੱਟੀ, ਅਨੰਦ ਸਾਹਿਬ ਤੇ ਵਾਰਾਂ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਗੁਰੂ ਅਮਰਦਾਸ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਗੁਰਮਤਿ ਦੀ ਸ੍ਰੇਸ਼ਟਤਾ ਨੂੰ ਸਿੱਧ ਕਰਨਾ ਤੇ ਗੁਰੂ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਧਾਰਮਿਕ ਕਰਮ-ਕਾਂਡ ਦਾ ਖੰਡਨ ਤੇ ਗੁਰੂ ਨਾਨਕ ਦੇਵ ਜੀ ਦੇ ਸਥਾਪਿਤ ਕੀਤੇ ਸਿਧਾਂਤਾਂ ਦੀ ਵਿਆਖਿਆ ਇਸ ਬਾਣੀ ਦਾ ਮੂਲ ਸਰੋਕਾਰ ਹੈ, ਜਿਵੇਂ:
ਕਰਮ ਕਾਂਡ ਬਹੁ ਕਰਹਿ ਅਚਾਰ॥
ਬਿਨ ਨਾਵੈ ਧ੍ਰਿਗੁ ਅਹੰਕਾਰ॥
ਕਾਇਆ ਅੰਦਰਿ ਸਭੁ ਕਿਛੁ
ਵਸੈ ਖੰਡ ਮੰਡਲ ਪਾਤਾਲਾ॥
ਗੁਰਬਾਣੀ ਗੁਰੂ ਅਮਰਦਾਸ ਜੀ ਲਈ ਅਜਿਹਾ ਪੈਗ਼ੰਬਰੀ ਬੋਲ ਸੀ, ਜਿਸ ਨੂੰ ਸੁਣ ਅਤੇ ਸਮਝ ਕੇ ਗਿਆਨ ਦਾ ਚਾਨਣ ਹਾਸਲ ਕੀਤਾ ਜਾ ਸਕਦਾ ਹੈ।
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ।।
ਆਪ ਦੀ ਸਭ ਤੋਂ ਪ੍ਰਸਿੱਧ ਰਚਨਾ ਰਾਗ ਰਾਮਕਲੀ ਵਿੱਚ ਲਿਖੀ ‘ਅਨੰਦੁ’ (ਸਾਹਿਬ) ਹੈ ਤੇ ਇਸ ਦਾ ਪਾਠ ਸਿੱਖ ਪਰਿਵਾਰਾਂ ਵਿੱਚ ਹਰ ਖ਼ੁਸ਼ੀ-ਗ਼ਮੀ ਦੇ ਮੌਕੇ ਕੀਤਾ ਜਾਂਦਾ ਹੈ।
ਗੁਰਮਤਿ ਨੂੰ ਸੰਸਥਾ ਰੂਪ ਵਿੱਚ ਸਥਾਪਿਤ ਕਰਨ ਵਿੱਚ ਗੁਰੂ ਅਮਰਦਾਸ ਦਾ ਬੜਾ ਯੋਗਦਾਨ ਹੈ। ਸਿੱਖਾਂ ਨੂੰ ਜਥੇਬੰਦ ਕਰ ਕੇ ਆਪ ਨੇ 22 ਇਲਾਕੇ ਬਣਾਏ। ਹਰ ਇੱਕ ਇਲਾਕੇ ਨੂੰ ‘ਮੰਜੀ’ ਕਿਹਾ ਜਾਂਦਾ ਸੀ। ਹਰ ਇਲਾਕੇ ਦਾ ਇੱਕ ਮਸੰਦ ਥਾਪਿਆ ਗਿਆ ਤੇ ਸਿੱਖੀ ਦੇ ਪ੍ਰਚਾਰ ਦੇ ਨਾਲ਼–ਨਾਲ਼ ਆਪਣੀ ਮੰਜੀ ’ਤੇ ਇਕੱਤਰ ਹੋਈ ਭੇਟਾ ਨੂੰ ਗੁਰੂ ਸਾਹਿਬ ਤੱਕ ਪਹੁੰਚਾਉਂਦਾ ਸੀ। ਲੰਗਰ ਦੀ ਪ੍ਰਥਾ ਵੀ ਆਪ ਦੇ ਸਮੇਂ ਹੀ ਸ਼ੁਰੂ ਹੋਈ। ਆਪ ਨੇ ਕਈ ਹਿੰਦੂ ਕੁਰੀਤੀਆਂ ਜਿਵੇਂ ਮੂਰਤੀ ਪੂਜਾ,ਸਤੀ ਪ੍ਰਥਾ ਆਦਿ ਦੀ ਅਮਲੀ ਤੌਰ ’ਤੇ ਵਿਰੋਧਤਾ ਕੀਤੀ।
ਰੂਪਕ ਪੱਖ :- ਗੁਰੂ ਅਮਰਦਾਸ ਦੀ ਕਾਵਿ-ਸ਼ੈਲੀ ਉਹਨਾਂ ਦੀ ਸ਼ਖ਼ਸੀਅਤ ਵਾਂਗ ਹੀ ਸਹਿਜ ਦੀ ਸ਼ੈਲੀ ਹੈ। ਇਹ ਪਿੰਗਲ ਦੇ ਕਰੜੇ ਨੇਮਾਂ, ਮਾਤਰਾਵਾਂ ਦੀ ਗਿਣਤੀ-ਮਿਣਤੀ, ਬਿੰਬਾਂ, ਪ੍ਰਤੀਕਾਂ ਤੇ ਅਲੰਕਾਰਾਂ ਦੀ ਚੰਚਲਤਾ ਦੀ ਕਲਾ ਨਹੀਂ । ਉਹਨਾਂ ਨੇ ਆਪਣੇ ਵਿਚਾਰਾਂ ਨੂੰ ਸਰੋਦੀ ਬਣਾ ਕੇ ਪੇਸ਼ ਕੀਤਾ ਹੈ। ਉਹਨਾਂ ਦੀ ਬਾਣੀ ਵਿੱਚ ਕੇਂਦਰੀ ਪੰਜਾਬੀ (ਬੋਲੀ) ਦਾ ਮੁਹਾਵਰਾ ਪ੍ਰਧਾਨ ਹੈ।
4.(ੳ) ਭਾਈ ਗੁਰਦਾਸ ਜੀ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ: ਜੀਵਨ- ਪੰਜ ਗੁਰੂ ਕਵੀਆਂ ਤੋਂ ਬਾਅਦ ਭਾਈ ਗੁਰਦਾਸ ਜੀ ਗੁਰਮਤਿ-ਕਾਵਿ ਪਰੰਪਰਾ ਦੇ ਪ੍ਰਮੁੱਖ ਕਵੀ ਹਨ। ਆਪ ਦਾ ਜਨਮ 1559 ਈ. ਵਿੱਚ ਈਸਰ ਦਾਸ ਜੀ ਦੇ ਘਰ ਹੋਇਆ। ਈਸਰ ਦਾਸ ਗੁਰੂ ਅਮਰਦਾਸ ਦੇ ਚਚੇਰੇ ਭਰਾ ਸਨ। ਇਉਂ ਭਾਈ ਗੁਰਦਾਸ ਜੀ ਅਮਰਦਾਸ ਦੇ ਭਤੀਜੇ ਤੇ ਗੁਰੂ ਅਰਜਨ ਦੇਵ ਦੇ ਮਾਮਾ ਲੱਗਦੇ ਸਨ। ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਭਾਈ ਗੁਰਦਾਸ ਜੀ ਦੀ ਮਹਾਨਤਾ ਦੋ ਕਾਰਨਾਂ ਕਰਕੇ ਹੈ। ਇੱਕ ਤਾਂ ਆਪ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੇ ਕਾਤਬ ਸਨ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਾਰਜ ਅਰੰਭਿਆ ਤਾਂ ਮੂਲ ਪਾਠ ਦੀ ਲਿਖਾਈ ਦਾ ਕੰਮ ਭਾਈ ਗੁਰਦਾਸ ਜੀ ਨੂੰ ਸੌਂਪਿਆ, ਜਿਸ ਨੂੰ ਭਾਈ ਗੁਰਦਾਸ ਜੀ ਨੇ ਬੜੀ ਸਿਆਣਪ ਤੇ ਸ਼ਰਧਾ ਨਾਲ਼ ਕਬੂਲਿਆ ਤੇ ਪੂਰਾ ਕੀਤਾ। ਦੂਜੇ ਆਪ ਨੇ ਆਪਣੀ ਕਵਿਤਾ ਦੁਆਰਾ ਗੁਰਮਤਿ ਦੇ ਸਿਧਾਂਤਾਂ ਦੀ ਸਰਲ ਵਿਆਖਿਆ ਕੀਤੀ।
ਰਚਨਾ-ਭਾਈ ਗੁਰਦਾਸ ਜੀ ਦੀ ਕੁੱਲ ਰਚਨਾ 40 ਵਾਰਾਂ ਤੇ 556 ਕਬਿੱਤ, ਸਵਈਏ ਹਨ। ਇਹਨਾਂ ਵਿੱਚੋਂ ਕਬਿੱਤ, ਸਵਈਏ ਬ੍ਰਿਜ ਭਾਸ਼ਾ ਵਿੱਚ ਹਨ ਤੇ ਵਾਰਾਂ ਪੰਜਾਬੀ ਵਿੱਚ। ਇਹ ਵਾਰਾਂ ਵਿਸ਼ੇ ਤੇ ਰੂਪ ਦੋਹਾਂ ਪੱਖਾਂ ਤੋਂ ਮਹੱਤਵਪੂਰਨ ਤੇ ਵਿਸ਼ੇਸ਼ ਹਨ। ਇਹਨਾਂ ਵਿੱਚ ਗੁਰਮਤਿ ਫ਼ਲਸਫ਼ੇ ਦੇ ਸਿਧਾਂਤਾਂ ਦੀ ਵਿਆਖਿਆ ਗੁਰੂ ਚੇਲੇ ਦਾ ਸੰਬੰਧ, ਸੇਵਾ, ਭਗਤੀ, ਨਿਮਰਤਾ, ਗੁਰਮੁਖ ਦੀ ਵਡਿਆਈ ਅਤੇ ਸਮਕਾਲੀ ਸਮਾਜ ਦਾ ਯਥਾਰਥ ਆਦਿ ਅਨੇਕਾਂ ਵਿਸ਼ੇ ਲਏ ਗਏ ਹਨ। ਭਾਈ ਗੁਰਦਾਸ ਗੁਰਮਤਿ ਫਲਸਫ਼ੇ ਦੇ ਪ੍ਰਚਾਰਕ ਸਨ। ਇਸ ਲਈ ਉਹਨਾਂ ਨੇ ਆਪਣੀਆਂ ਵਾਰਾਂ ਰਾਹੀਂ ਗੁਰਮਤਿ ਦੇ ਸਿਧਾਂਤਾਂ ਦੀ ਵਿਆਖਿਆ ਸਰਲ ਬੋਲੀ ਵਿੱਚ ਕੀਤੀ। ਇਹੀ ਕਾਰਨ ਹੈ ਕਿ ਆਪ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
ਭਾਈ ਗੁਰਦਾਸ ਜੀ ਨੇ ਗੁਰੂ-ਕਾਵਿ ਵਿੱਚ ਆਏ ਸੰਕਲਪਾਂ, ਜਿਵੇਂ : ਸਤਿਗੁਰੂ, ਨਾਮ, ਭਗਤੀ, ਸਾਧ-ਸੰਗਤ, ਮਨਮੁਖ-ਗੁਰਮੁਖ ਆਦਿ ਨੂੰ ਲੋਕ-ਮੁਹਾਵਰੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ :
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ।
ਸਪੈ ਦੁਧੁ ਪੀਆਲੀਐ, ਵਿਹੁ ਮੁਖਹੁ ਸਟੈ।
ਰੂਪਕ ਪੱਖ- ਭਾਈ ਗੁਰਦਾਸ ਦੀ ਕਵਿਤਾ ਸਰੋਦੀ ਗੁਣਾਂ ਨਾਲ਼ ਭਰਪੂਰ ਹੈ। ਇਸ ਦੇ ਬਿਆਨ ਵਿੱਚ ਰਵਾਨੀ ਹੈ ਤੇ ਸ਼ੈਲੀ ਦ੍ਰਿਸ਼ਟਾਂਤਮਿਕ, ਉਪਦੇਸ਼ਾਤਮਿਕ ਤੇ ਵਿਆਖਿਆਤਮਿਕ ਹੈ। ਕਿਤੇ-ਕਿਤੇ ਇਸ ਸ਼ੈਲੀ ਵਿੱਚ ਵਿਅੰਗਾਤਮਿਕਤਾ ਭਾਰੂ ਹੋ ਜਾਂਦੀ ਹੈ ਤੇ ਇਹ ਵਿਅੰਗ ਬੜਾ ਤਰਕ-ਸੰਗਤ ਲੱਗਦਾ ਹੈ। ਵਿਸ਼ੇਸ਼ ਤੌਰ ’ਤੇ ਜਦੋਂ ਆਪ ਧਾਰਮਿਕ ਪਖੰਡ, ਕਰਮ-ਕਾਂਡ ਤੇ ਸਮਾਜਿਕ ਬੁਰਾਈਆਂ ਬਾਰੇ ਲਿਖਦੇ ਹਨ :
ਮਿਲੈ ਜਿ ਤੀਰਥ ਨਾਤਿਆ ਡਡਾਂ ਜਲ ਵਾਸੀ।
ਵਾਲ ਵਧਾਇਆ ਪਾਈਐ ਬੜ ਜਟਾਂ ਪਲਾਸੀ।
ਘੰਟੁ ਘੜਾਇਆ ਚੂਹਿਆਂ ਗਲਿ ਬਿਲੀ ਪਾਈਐ।
ਮਤਾ ਮਤਾਇਆ ਮੁਖੀਆਂ ਘਿਅ ਅੰਦਰਿ ਨਾਈਐ।
ਭਾਈ ਗੁਰਦਾਸ ਉੱਚ-ਕੋਟੀ ਦੇ ਵਿਦਵਾਨ ਹੋਣ ਦੇ ਨਾਲ਼-ਨਾਲ਼ ਭਾਰਤੀ ਮਿਥਿਹਾਸ ਤੇ ਇਤਿਹਾਸ ਦੇ ਗਿਆਤਾ ਵੀ ਸਨ । ਇਸ ਲਈ ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਪ੍ਰਚਲਿਤ ਸਿੱਖ-ਕਥਾਵਾਂ ਨੂੰ ਕਵਿਤਾ ਦਾ ਰੂਪ ਦਿੱਤਾ ਤੇ ਉਹਨਾਂ ਰਾਹੀਂ ਗੁਰਮਤਿ ਦੇ ਅਸੂਲਾਂ ਦੀ ਪ੍ਰੋੜ੍ਹਤਾ ਕੀਤੀ । ਧਰੂ ਭਗਤ, ਪ੍ਰਹਿਲਾਦ, ਹਰੀ ਚੰਦ ਤੇ ਤਾਰਾ ਰਾਣੀ, ਦ੍ਰੋਪਤੀ, ਸੁਦਾਮਾ, ਜੈਦੇਉ, ਨਾਮਦੇਵ, ਰਵਿਦਾਸ, ਅਹਿਲਿਆ, ਗੌਤਮ, ਗਣਿਕਾ ਆਦਿ ਨਾਲ਼ ਸੰਬੰਧਿਤ ਪੁਰਾਣ-ਕਥਾਵਾਂ ਨੂੰ ਗੁਰਮਤਿ-ਵਿਚਾਰਧਾਰਾ ਦੀ ਪ੍ਰੋੜ੍ਹਤਾ ਲਈ ਵਰਤਿਆ।
ਭਾਈ ਗੁਰਦਾਸ ਜੀ ਦੇ ਕਾਵਿ ਦੀ ਇਤਿਹਾਸਿਕ ਵਿਸ਼ੇਸ਼ਤਾ ਵੀ ਵਰਨਣਯੋਗ ਹੈ। ਉਹਨਾਂ ਨੇ ਨਾ ਕੇਵਲ ਗੁਰੂ-ਵਿਅਕਤੀਆਂ ਦੀਆਂ ਜੀਵਨੀਆਂ ਨੂੰ ਕਵਿਤਾ ਦਾ ਵਿਸ਼ਾ ਬਣਾਇਆ, ਸਗੋਂ ਸਮਕਾਲੀ ਸਿੱਖ-ਇਤਿਹਾਸ ਸੰਬੰਧੀ ਵੀ ਬੜੀਆਂ ਠੀਕ ਤੇ ਸਾਰਥਕ ਟਿੱਪਣੀਆਂ ਕੀਤੀਆਂ। ਆਪ ਦੀ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ਼ ਸੰਬੰਧਿਤ ਹੈ ਤੇ ਦਸਵੀਂ ਵਾਰ ਵਿੱਚ ਬਹੁਤ ਸਾਰੇ ਪ੍ਰਸਿੱਧ ਭਗਤਾਂ ਦੇ ਜੀਵਨ ਤੇ ਵਿਚਾਰਧਾਰਾ ਨੂੰ ਪ੍ਰਗਟਾਇਆ ਗਿਆ ਹੈ।
ਭਾਈ ਗੁਰਦਾਸ ਜੀ ਨੇ ਇੱਕ ਪ੍ਰਚਾਰਕ ਹੋਣ ਦੇ ਨਾਲ਼–ਨਾਲ਼ ਹਰਿਮੰਦਰ ਸਾਹਿਬ, ਅੰਮਿਸਰ ਵਿਖੇ ਗ੍ਰੰਥੀ (ਬਾਬਾ ਬੁੱਢਾ ਜੀ ਦੇ ਅਕਾਲ-ਚਲਾਣੇ ਮਗਰੋਂ) ਦੀ ਸੇਵਾ ਵੀ ਨਿਭਾਈ। ਉਹਨਾਂ ਦੇ ਕਈ ਕਾਵਿ-ਵਾਕ ਤਾਂ ਲੋਕ-ਉਕਤੀਆਂ ਨਾਲ਼ ਇੰਨੇ ਰਲ ਮਿਲ ਗਏ ਹਨ ਕਿ ਪਛਾਣ ਕਰਨੀ ਔਖੀ ਹੋ ਜਾਂਦੀ ਹੈ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਹਨ ਜਾਂ ਲੋਕ-ਸਮੂਹ ਦੀ:
(1) ਗਿੱਦੜ ਦਾਖ ਨ ਅੱਪੜੈ, ਆਖੈ ਥੂਹ ਕਉੜੀ।
(2) ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।
(3) ਮੂਰਖ ਨਾਲ਼ ਚੰਗੇਰੀ ਚੁਪੈ।
(ਅ) ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ: ਜੀਵਨ: ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਦਾ ਜਨਮ 1666 ਈ. ਵਿੱਚ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ ਘਰ ਪਟਨਾ ਵਿਖੇ ਹੋਇਆ। ਆਪ ਦੀ ਮਾਤਾ ਦਾ ਨਾਂ ਮਾਤਾ ਗੁਜਰੀ ਸੀ। ਆਪ ਦੀ ਉਮਰ ਅਜੇ ਨੌਂ ਸਾਲ ਦੀ ਹੀ ਸੀ ਕਿ ਪਿਤਾ ਗੁਰੂ ਤੇਗ਼ ਬਹਾਦਰ ਨੂੰ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਇਸਲਾਮ ਨਾ ਕਬੂਲਣ ਦੇ ਜੁਰਮ ਵਿੱਚ ਸ਼ਹੀਦ ਕਰਵਾ ਦਿੱਤਾ। ਦਿੱਲੀ ਦੇ ਚਾਂਦਨੀ-ਚੌਕ ਵਿੱਚ ਆਪ ਨੂੰ ਸ਼ਹੀਦ ਕਰਵਾਇਆ ਗਿਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਬਚਪਨ ਤੋਂ ਹੀ ਮੁਗ਼ਲ ਹਕੂਮਤ ਨਾਲ਼ ਟੱਕਰ ਸ਼ੁਰੂ ਹੋ ਗਈ ਤੇ ਆਪ ਸਰਗਰਮ ਰਾਜਨੀਤਿਕ ਜੀਵਨ ਵਿੱਚ ਪੈ ਗਏ। 1699 ਈ. ਵਿੱਚ ਆਪ ਨੇ ਵਿਸਾਖੀ ਵਾਲ਼ੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਸਾਰੀ ਉਮਰ ਆਪ ਨੇ ਮੁਗ਼ਲ ਸਲਤਨਤ ਵਿਰੁੱਧ ਸੰਘਰਸ਼ ਕਰਦਿਆਂ ਬਿਤਾ ਦਿੱਤੀ। ਆਪ ਦੇ ਦੋ ਵੱਡੇ ਸਾਹਿਬਜ਼ਾਦੇ ਮੁਗ਼ਲ ਸਾਮਰਾਜ ਦੀਆਂ ਸ਼ਾਹੀ ਫ਼ੌਜਾਂ ਨਾਲ਼ ਲੜਦਿਆਂ ਸ਼ਹੀਦ ਹੋ ਗਏ ਤੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਨੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ 1708 ਈ: ਨੂੰ ਹਜ਼ੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।
ਰਚਨਾ- ਗੁਰੂ ਗੋਬਿੰਦ ਸਿੰਘ ਇੱਕ ਸੂਰਬੀਰ ਤੇ ਨਿਪੁੰਨ ਨੀਤੀਵੇਤਾ ਹੋਣ ਦੇ ਨਾਲ਼-ਨਾਲ਼ ਉੱਚ ਕੋਟੀ ਦੇ ਕਵੀ ਵੀ ਸਨ। ਆਪ ਨੇ ਬ੍ਰਿਜ ਭਾਸ਼ਾ ਵਿੱਚ ਕਾਫ਼ੀ ਮਾਤਰਾ ਵਿੱਚ ਰਚਨਾ ਕੀਤੀ। ਆਪ ਦੀ ਸਾਰੀ ਬਾਣੀ ਦਸਮ-ਗ੍ਰੰਥ ਵਿੱਚ ਸੰਗ੍ਰਹਿਤ ਹੈ। ਪੰਜਾਬੀ ਵਿੱਚ ਆਪ ਦੇ ਦੋ ਸ਼ਬਦ ਤੇ ਚੰਡੀ ਦੀ ਵਾਰ ਮਿਲ਼ਦੇ ਹਨ। ਇਹ ਦੋ ਸ਼ਬਦ ਹਨ: (1) ਮਿਤਰ ਪਿਆਰੇ ਨੂੰ (2) ਸੁਣ ਕੇ ਸੱਦ ਮਾਹੀ ਦਾ।
ਰੂਪਕ ਪੱਖ- ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਇਹ ਦੋ ਸ਼ਬਦ ਬੜੇ ਸੰਖੇਪ ਤੇ ਪ੍ਰਭਾਵਪੂਰਨ ਹਨ। ‘ਮਿਤਰ ਪਿਆਰੇ ਨੂੰ’ ਸ਼ਬਦ ਆਪਣੇ ਆਦਰਸ਼ ਲਈ ਜੂਝਦੇ ਅਜਿਹੇ ਮਾਨਵ ਦਾ ਸੰਕਲਪ ਪੇਸ਼ ਕਰਦਾ ਹੈ, ਜੋ ਸਾਰੇ ਸੁੱਖ-ਅਰਾਮ, ਐਸ਼ੋ-ਇਸ਼ਰਤ ਦੇ ਸਾਧਨਾਂ ਨੂੰ ਠੁਕਰਾ ਕੇ ਆਪਣੇ ਆਦਰਸ਼ ਤੱਕ ਪਹੁੰਚਣ ਦਾ ਦ੍ਰਿੜ੍ਹ ਇਰਾਦਾ ਰੱਖਦਾ ਹੈ। ਇਸ ਸ਼ਬਦ ਵਿਚਲੇ ਬਿੰਬ, ਪੰਜਾਬ ਦੀ ਰਜਵਾੜਾ-ਕਲਚਰ ਤੇ ਹੀਰ ਦੀ ਲੋਕ-ਕਥਾ ਵਿੱਚੋਂ ਲਏ ਗਏ ਹਨ। ਇਸ ਸ਼ਬਦ ਵਿੱਚ ਸਰੋਦੀ ਅੰਸ਼ ਹੋਣ ਕਰਕੇ ਇਸ ਵਿੱਚ ਗੀਤ ਵਰਗੀ ਰਵਾਨੀ ਤੇ ਕਾਵਿਕ ਸੁੰਦਰਤਾ ਹੈ:
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ।
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣੁ
ਨਾਗ ਨਿਵਾਸਾਂ ਤੇ ਰਹਿਣਾ।
ਸੂਲ ਸੁਰਾਹੀ ਖੰਜਰੁ ਪਿਯਾਲਾ,
ਬਿੰਗ ਕਸਾਈਆਂ ਦਾ ਸਹਣਾ।
ਯਾਰੜੇ ਦਾ ਸਾਨੂੰ ਸਥਰ ਚੰਗਾ,
ਭਠ ਖੇੜਿਆਂ ਦਾ ਰਹਿਣਾ।
ਇਸ ਨਿੱਕੀ ਜਿਹੀ ਰਚਨਾ ਨੂੰ ਸੰਗੀਤ ਦੀ ਭਾਸ਼ਾ ਵਿੱਚ ਖ਼ਿਆਲ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਬਲਵਾਨ ਆਤਮਾ ਦੀ ਅਵਾਜ਼ ਹੈ ਜੋ ਐਸ਼ੋ-ਅਰਾਮ ਤੇ ਦੁਨਿਆਵੀ ਭੋਗਾਂ ਦੇ ਵੱਡੇ-ਵੱਡੇ ਲਾਲਚਾਂ ਦੇ ਸਾਹਮਣੇ ਵੀ ਕਦੇ ਨਹੀਂ ਝੁਕਦੀ ਤੇ ਸਮਝੌਤਾ ਨਹੀਂ ਕਰਦੀ। ਇਹੋ ਆਤਮਕ ਬਲ ਇਸ ਦੇ ਸਰੋਦੀ ਅੰਸ਼ ਦਾ ਜ਼ਾਮਨ ਹੈ, ਜਿਹੜਾ ਤਰਲ-ਸ਼ਬਦਾਵਲੀ ਰਾਹੀਂ ਪਾਠਕ ਜਾਂ ਸਰੋਤੇ ਦੀ ਆਤਮਾ ਵਿੱਚ ਰਮ ਜਾਂਦਾ ਹੈ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ-ਸਟੇਟ ਅਵਾਰਡੀ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784