6. ਭਾਈ ਗੁਰਦਾਸ ਜੀ

6. ਭਾਈ ਗੁਰਦਾਸ ਜੀ

ਅਭਿਆਸ

ਪ੍ਰਸ਼ਨ 1. ਹੇਠਾਂ ਲਿਖੀਆਂ ਕਾਵਿ-ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

(ੳ) ਦੁਹੁ ਮਿਲਿ ਵੇਲਣੁ ਵੇਲਿਆ ਲੂੰ-ਲੂੰ ਕਰਿ ਕਰਿ ਤੁੰਬ ਤੁੰਬਾਇਆ।।

ਪਿੰਞਣਿ ਪਿੰਞ ਉਡਾਇਆ ਕਰਿ ਕਰਿ ਗੋੜੀਂ ਸੂਤ ਕਤਾਇਆ।।

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਗੁਰਮਤਿ ਕਾਵਿ ਅਧੀਨ ਦਰਜ ਭਾਈ ਗੁਰਦਾਸ ਜੀ ਦੀ ਰਚਨਾ ‘ਲੱਜਾ ਕੱਜਣ ਵਾਲਾ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਭਾਈ ਗੁਰਦਾਸ ਜੀ ਫੁਰਮਾਉਦੇ ਹਨ ਕਿ ਗੁਰਮੁਖ ਲੋਕ ਵੜੇਵੇਂ ਵਾਂਗ ਦੁੱਖ ਸਹਿ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਹਨ।

ਵਿਆਖਿਆ: ਭਾਈ ਗੁਰਦਾਸ ਜੀ ਆਖਦੇ ਹਨ ਕਿ ਕਪਾਹ ਨੂੰ ਵੇਲਣੇ ਦੀਆਂ ਦੋਵੇਂ ਲੱਠਾਂ ਵਿੱਚ ਵੇਲਿਆ ਗਿਆ, ਫਿਰ ਉਸ ਤੋਂ ਨਿਕਲੀ ਰੂੰ ਨੂੰ ਤੁੰਬਣੀ ਨਾਲ਼ ਤੁੰਬਿਆ ਗਿਆ। ਪੇਂਜੇ ਨੇ ਕਪਾਹ ਨੂੰ ਪਿੰਜਣ ਲੱਗਿਆਂ ਤਾੜੇ ਨੂੰ ਸੱਟ ਮਾਰ ਕੇ ਰੂੰ ਉਡਾਇਆ ਅਤੇ ਫਿਰ ਸੂਤ ਕੱਤ ਕੇ ਉਸਦੇ ਗੋਹੜੇ ਬਣਾਏ ਗਏ।

(ਅ) ਕੂੜੁ ਕਪਟ ਹਥਿਆਰ ਜਿਉ ਸਚੁ ਰਖਵਾਲਾ ਸਿਲਹ ਸੰਜੋਆ।।

ਕੂੜੁ ਵੈਰੀ ਨਿਤ ਜੋਹਦਾ ਸਚੁ ਸੁਮਿਤੁ ਹਿਮਾਇਤ ਹੋਆ।।

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਗੁਰਮਤਿ ਕਾਵਿ ਅਧੀਨ ਦਰਜ ਭਾਈ ਗੁਰਦਾਸ ਜੀ ਦੀ ਰਚਨਾ ‘ਸੱਚ ਅਤੇ ਕੂੜ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਭਾਈ ਗੁਰਦਾਸ ਜੀ ਨੇ ਸੱਚ ਦੇ ਗੁਣ ਅਤੇ ਝੂਠ ਦੇ ਔਗੁਣ ਬਾਰੇ ਗੱਲ ਕੀਤੀ ਹੈ।

ਵਿਆਖਿਆ: ਭਾਈ ਗੁਰਦਾਸ ਜੀ ਆਖਦੇ ਹਨ ਕਿ ਝੂਠ ਸਿਰਫ਼ ਧੋਖੇ ਦਾ ਹਥਿਆਰ ਹੈ ਅਤੇ ਪਰ ਸੱਚ ਲੋਹੇ ਦੇ ਕੱਪੜੇ ਦੀ ਨਿਆਈਂ ਹੈ ਜੋ ਸਰੀਰ ਦੀ ਰੱਖਿਆ ਕਰਦਾ ਹੈ। ਝੂਠ ਦੁਸ਼ਮਣ ਵਾਂਗ ਰੋਜ਼ ਨਜ਼ਰ ਰੱਖਦਾ ਹੈ ਅਤੇ ਮੌਕਾ ਮਿਲ਼ਨ ਤੇ ਆਪਣਾ ਸ਼ਿਕਾਰ ਵੀ ਕਰ ਲੈਂਦਾ ਹੈ। ਪਰ ਸੱਚ ਹਮੇਸ਼ਾ ਸੱਚੇ ਮਿੱਤਰਾਂ ਵਾਂਗ ਮਦਦਗਾਰ ਹੁੰਦਾ ਹੈ।

(ੲ) ਸੋਈ ਤਾਂਬਾ ਜਿਸਤ ਮਿਲਿ ਪਿਤਲ ਅਵਲੋਈ।।

ਸੋਈ ਸੀਸੇ ਸੰਗਤੀ ਭੰਗਾਰ ਭੁਲੋਈ॥

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਗੁਰਮਤਿ ਕਾਵਿ ਅਧੀਨ ਦਰਜ ਭਾਈ ਗੁਰਦਾਸ ਜੀ ਦੀ ਰਚਨਾ ‘ਜੇਹੀ ਸੰਗਤ ਤੇਹਾ ਫਲ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਭਾਈ ਗੁਰਦਾਸ ਜੀ ਸੰਗਤ ਦੇ ਅਸਰ ਦੀ ਗੱਲ ਕਰਦੇ ਹਨ।

ਵਿਆਖਿਆ: ਭਾਈ ਗੁਰਦਾਸ ਜੀ ਆਖਦੇ ਹਨ ਕਿ ਤਾਂਬਾਂ ਜਦੋਂ ਜਿਸਤ ਨਾਲ਼ ਮਿਲ਼ਦਾ ਹੈ ਤਾਂ ਪਿੱਤਲ ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਓਹੀ ਤਾਂਬਾ ਜੇਕਰ ਸਿੱਕੇ ਨਾਲ਼ ਮਿਲਦਾ ਹੈ ਤਾਂ ਭਰਤ ਦਾ ਰੂਪ ਵਟਾ ਲੈਂਦਾ ਹੈ।

(ਸ) ਸਿਰ ਤਲਵਾਇਆ ਬਿਰਖੁ ਹੈ ਹੋਇ ਸਹਸ ਫਲ ਸੁਫਲ ਫਲੰਦਾ।।

ਨਿਰਮਲੁ ਨੀਰੁ ਵਖਾਣੀਐ ਸਿਰੁ ਨੀਵਾਂ ਨੀਵਾਣਿ ਚਲੰਦਾ।।

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਗੁਰਮਤਿ ਕਾਵਿ ਅਧੀਨ ਦਰਜ ਭਾਈ ਗੁਰਦਾਸ ਜੀ ਦੀ ਰਚਨਾ ‘ਨਿਮਰਤਾ ਦਾ ਗੁਣ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਭਾਈ ਗੁਰਦਾਸ ਜੀ ਨੇ ਰੁੱਖ ਅਤੇ ਪਾਣੀ ਦੀ ਨਿਮਰਤਾ ਦਾ ਵਖਿਆਨ ਕੀਤਾ ਹੈ।

ਵਿਆਖਿਆ: ਭਾਈ ਸਾਹਿਬ ਆਖਦੇ ਹਨ ਕਿ ਰੁੱਖ ਨੀਵਾਂ ਰਹਿੰਦਾ ਹੈ ਭਾਵ ਝੁਕ ਕੇ ਨਿਮਰ ਰਹਿੰਦਾ ਹੈ ਅਤੇ ਹਜ਼ਾਰਾਂ ਪ੍ਰਕਾਰ ਦੇ ਫਲਾਂ ਨਾਲ਼ ਫਲ਼ਦਾ ਹੈ। ਜਲ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਉਹ ਨਿਵਾਣ ਵੱਲ ਚੱਲਦਾ ਹੈ।

ਪ੍ਰਸ਼ਨ 2. (ੳ) ‘ਮਾਪਿਆਂ ਨੂੰ ਛੱਡ ਕੇ ਕੋਈ ਕਰਮ-ਧਰਮ ਸਫ਼ਲਾ ਨਹੀਂ’ ਦਾ ਕੇਂਦਰੀ ਭਾਵ ਲਿਖੋ।

ਉੱਤਰ: ਮਨੁੱਖ ਵੱਲੋਂ ਕੀਤੇ ਜਾਂਦੇ ਕੰਮ ਸਿਰਫ਼ ਤਾਂ ਹੀ ਸਫ਼ਲੇ ਹੁੰਦੇ ਹਨ ਜੇਕਰ ਉਸ ਵਿੱਚ ਮਾਪਿਆ ਦੀ ਖੁਸ਼ੀ ਸ਼ਾਮਿਲ ਹੋਵੇ ਜੇਕਰ ਮਾਂ-ਬਾਪ ਦੁਖੀ ਹਨ ਤਾਂ ਇਹਨਾਂ ਕਰਮਾਂ ਦਾ ਕੋਈ ਲਾਭ ਨਹੀਂ ਹੋ ਸਕਦਾ।

ਪ੍ਰਸ਼ਨ 2. (ਅ) ‘ਨਿੰਦਕ ਆਪਣੀ ਜੜ੍ਹ ਪੁੱਟਦਾ ਹੈ’ ਦਾ ਕੇਂਦਰੀ ਭਾਵ ਲਿਖੋ।

ਉੱਤਰ: ਨਿੰਦਕ ਮਨੁੱਖ ਆਪਣੀ ਨਿੰਦਿਆ ਕਰਨ ਦੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦਾ। ਆਪਣੇ ਸੁਭਾਅ ਕਾਰਨ ਉਹ ਆਪਣਾ ਹੀ ਨੁਕਸਾਨ ਕਰਦਾ ਹੈ।

ਪ੍ਰਸ਼ਨ 3. ਵਸਤੂਨਿਸ਼ਠ ਪ੍ਰਸ਼ਨ

(ੳ) ਹਥਲੀ ਪਾਠ-ਪੁਸਤਕ ਵਿੱਚ ਭਾਈ ਗੁਰਦਾਸ ਦੀਆਂ ਰਚਨਾਵਾਂ ਵਿੱਚ ਕਿਹੜੇ ਕਾਵਿ-ਰੂਪ ਵਿੱਚੋਂ ਚੋਣ ਕੀਤੀ ਗਈ ਹੈ?

(i) ਕਬਿੱਤ (ii) ਸਵਈਏ (iii) ਵਾਰਾਂ

ਉੱਤਰ: ਵਾਰਾਂ ।

(ਅ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲ਼ੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲੇਖਣ ਦਾ ਕੰਮ ਕਿਸ ਨੇ ਕੀਤਾ?

(i) ਗੁਰੂ ਅਰਜਨ ਦੇਵ ਜੀ (ii) ਭਾਈ ਗੁਰਦਾਸ ਜੀ

ਉੱਤਰ: (ii) ਭਾਈ ਗੁਰਦਾਸ ਜੀ।

(ੲ) ਭਾਈ ਗੁਰਦਾਸ ਜੀ ਦੀ ਵਾਰ ‘ਜੇਹੀ ਸੰਗਤ ਤੇਹਾ ਫਲ‘ ਅਨੁਸਾਰ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਭਰੋ:

ਤਾਂਬਾ ਕਲੀ ਨਾਲ਼ ਮਿਲ਼ ਕੇ………. ਹੋ ਜਾਂਦਾ ਹੈ।

ਤਾਂਬਾ ਜਿਸਤ ਨਾਲ਼ ਮਿਲ਼ ਕੇ……….. ਹੋ ਜਾਂਦਾ ਹੈ।

ਕਲੀ ਵਾਲ਼ਾ ਤਾਂਬਾ ਸਿੱਕੇ ਨਾਲ਼ ਮਿਲ਼ ਕੇ……… ਬਣ ਜਾਂਦਾ ਹੈ।

ਤਾਂਬਾ ਪਾਰਸ ਨਾਲ਼ ਮਿਲ਼ ਕੇ……….. ਬਣ ਜਾਂਦਾ ਹੈ। (ਪਿੱਤਲ, ਕੈਂਹ, ਸੋਨਾ, ਭਰਤ)

ਉੱਤਰ: ਕੈਹਾਂ, ਪਿੱਤਲ, ਭਰਤ, ਸੋਨਾ।

(ਸ) ਭਾਈ ਗੁਰਦਾਸ ਜੀ ਨੇ ‘ਲੱਜਾ ਕੱਜਣ ਵਾਲਾ‘ ਵਾਰ ਵਿੱਚ ਗ਼ਰੀਬੀ ਤੇ ਨੀਵੇਂ ਹੋ ਕੇ ਚੱਲਣ ਦੀ ਵਡਿਆਈ ਦੀ ਤੁਲਨਾ ਕਿਸ ਨਾਲ ਕੀਤੀ ਹੈ?

ਉੱਤਰ: ਵੜੇਵੇਂ ਨਾਲ਼।

(ਹ) ਭਾਈ ਗੁਰਦਾਸ ਜੀ ਨੇ ‘ਨਿਮਰਤਾ ਦਾ ਗੁਣ‘ ਵਾਰ ਵਿੱਚ ਨਿਮਰਤਾ ਲਈ ਕਿਸ-ਕਿਸ ਦੀ ਉਦਾਹਰਨ ਦਿੱਤੀ ਹੈ?

ਉੱਤਰ: ਰੁੱਖ, ਧਰਤੀ, ਪਾਣੀ ਅਤੇ ਪੈਰ।

(ਕ) ਭਾਈ ਗੁਰਦਾਸ ਜੀ ਦੀ ਰਚਨਾ ‘ਸੱਚ ਅਤੇ ਕੂੜ’ ਅਨੁਸਾਰ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਪੂਰੀਆਂ ਕਰੋ:

(i) ਕੂੜ-ਕਪਟ ਕਰਕੇ ਮਨੁੱਖ ਹਮੇਸ਼ਾਂ………….. ਰਹਿੰਦਾ ਹੈ।

(ii) ਸੱਚ ਬੋਲਣ ਵਾਲ਼ਾ ਮਨੁੱਖ ਹਮੇਸ਼ਾਂ………….. ਰਹਿੰਦਾ ਹੈ। (ਰਾਜ਼ੀ-ਬਾਜ਼ੀ, ਰੋਗੀ)

ਉੱਤਰ: (i) ਰੋਗੀ (ii) ਰਾਜ਼ੀ-ਬਾਜ਼ੀ।

(ਖ) ‘ਨਿੰਦਕ ਆਪਣੀ ਜੜ੍ਹ ਪੁਟਦਾ ਹੈ’ ਵਾਰ ਵਿੱਚ ਆਈ ਨਿਮਨਲਿਖਤ ਸਤਰ ਨੂੰ ਪੂਰਾ ਕਰੋ:

“ਤਿਉ ਨਿੰਦਕ ਪਰਨਿੰਦ ਹੂੰ …………ਮੂਲਿ ਨ ਹਟੈ।”

ਉੱਤਰ: ਹਠਿ।

(ਗ) ਭਾਈ ਗੁਰਦਾਸ ਜੀ ਦੀ ਵਾਰ ‘ਮਾਪਿਆਂ ਨੂੰ ਛੱਡ ਕੇ ਕੋਈ ਧਰਮ-ਕਰਮ ਸਫਲਾ ਨਹੀ’ ਅਨੁਸਾਰ ਧਰਮ-ਕਰਮ ਕਿਸ ਤਰ੍ਹਾਂ ਸਫ਼ਲ ਕੀਤਾ ਜਾ ਸਕਦਾ ਹੈ?

ਉੱਤਰ: ਮਾਂ-ਬਾਪ ਦੀ ਸੇਵਾ ਨਾਲ਼।

(ਘ) ਭਾਈ ਗੁਰਦਾਸ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਲਿਖੋ।

ਉੱਤਰ: ਜੇਹੀ ਸੰਗਤ ਤੇਹਾ ਫਲ।

(ਙ) ਭਾਈ ਗੁਰਦਾਸ ਜੀ ਦੀ ਰਚਨਾ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਜਾਂਦਾ ਹੈ?

(i) ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਸਿਧਾਂਤਾਂ ਦੀ ਵਿਆਖਿਆ ਕਰਨ ਕਰਕੇ

(ii) ਗੁਰੂ ਘਰ ਦੇ ਨਿਕਟ-ਸਨੇਹੀ ਹੋਣ ਕਰਕੇ

(iii) ਗੁਰਮਤਿ ਦੇ ਮਹਾਨ ਅਨੁਭਵੀ ਅਤੇ ਵਿਦਵਾਨ ਹੋਣ ਕਰਕੇ।

ਉੱਤਰ: (i) ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਸਿਧਾਂਤਾਂ ਦੀ ਵਿਆਖਿਆ ਕਰਨ ਕਰਕੇ

 

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਸਟੇਟ ਅਵਾਰਡੀ) ਪੰਜਾਬੀ ਮਾਸਟਰ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *