10. ਆਪਣੀ ਸੋਚ ਦੇ ਗਹਿਰੇ ਸਾਏ (ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ)

10. ਆਪਣੀ ਸੋਚ ਦੇ ਗਹਿਰੇ ਸਾਏ (ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ)

ਅਭਿਆਸ

(ੳ) ਵਸਤੂਨਿਸ਼ਠ ਪ੍ਰਸ਼ਨ:-

ਪ੍ਰਸ਼ਨ 1. ‘ਆਪਣੀ ਸੋਚ ਦੇ ਗਹਿਰੇ ਸਾਏ’ ਸ੍ਵੈਜੀਵਨੀ-ਅੰਸ਼ ਕਿਸ ਦੀ ਰਚਨਾ ਹੈ?

ਉੱਤਰ: ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ।

ਪ੍ਰਸ਼ਨ 2. ਕਾਲਜ ਵਿੱਚ ਪੜ੍ਹਦਿਆਂ ਵਣਜਾਰਾ ਬੇਦੀ ਕਿਸ ਪ੍ਰੋਫ਼ੈਸਰ ਤੋਂ ਪ੍ਰਭਾਵਿਤ ਹੋਇਆ?

ਉੱਤਰ: ਡਾ. ਗ਼ੁਪਾਲ ਸਿੰਘ ਦਰਦੀ ਤੋਂ।

ਪ੍ਰਸ਼ਨ 3. ਲੇਖਕ ਕੋਲ਼ ਸਾਈਕਲ-ਸਟੈਂਡ ਵਾਲ਼ੇ ਨੂੰ ਦੇਣ ਲਈ ਕਿੰਨੇ ਪੈਸੇ ਨਹੀਂ ਸਨ?

ਉੱਤਰ: ਇੱਕ ਆਨਾ।

ਪ੍ਰਸ਼ਨ 4. ਲੇਖਕ ਨੇ ਫ਼ਸਟ ਡਿਵੀਜ਼ਨ ਵਿੱਚ ਐੱਮ.ਏ. ਪਾਸ ਕੀਤੀ । (ਸਹੀ/ਗ਼ਲਤ)

ਉੱਤਰ: ਗ਼ਲਤ।

ਪ੍ਰਸ਼ਨ 5. ਪਿਤਾ ਦੀ ਬੇਵਕਤੀ ਮੌਤ ਕਾਰਨ ਵਣਜਾਰਾ ਬੇਦੀ ਨੂੰ ਪੜ੍ਹਾਈ ਵਿੱਚ ਹੀ ਛੱਡ ਕੇ ਨੌਕਰੀ ਕਰਨੀ ਪਈ। (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 6. ਲੋਕਧਾਰਾ ਨੂੰ ਇੱਕਤਰ ਕਰਨ ਵਿੱਚ ਲੇਖਕ ਨੂੰ ਬਹੁਤੀ ਸਮਗਰੀ ਸ਼ਰਨਾਰਥੀਆਂ ਤੋਂ ਮਿਲੀ । (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 7. “ਉੱਚੀਆਂ-ਲੰਮੀਆਂ ਟਾਹਲੀਆਂ: ………………” ਗੀਤ ਲੇਖਕ ਦੀ ਗੁਆਂਢਣ ਕੁੜੀ …………….ਗਾ ਰਹੀ ਸੀ।

ਉੱਤਰ: ਪੁਸ਼ਪਾ।

ਪ੍ਰਸ਼ਨ 8. ਨਵਾਂ ਸਾਈਕਲ ਖ਼ਰੀਦਣ ਲਈ ਵਣਜਾਰਾ ਬੇਦੀ ਨੂੰ ਆਪਣੀ ਪਤਨੀ ਦਾ …………..ਵੇਚਣਾ ਪਿਆ।

ਉੱਤਰ: ਸੋਨੇ ਦਾ ਹਾਰ।

ਪ੍ਰਸ਼ਨ 9. ਵਣਜਾਰਾ ਬੇਦੀ ਨੇ ਆਪਣੀ ਸੱਸ ਨੂੰ ਕੀ ਲਿਖਵਾਉਣ ਲਈ ਕਿਹਾ–

(ੳ) ਸੁਹਾਗ (ਅ) ਘੋੜੀਆਂ (ੲ) ਅਲਾਹੁਣੀਆਂ (ਸ) ਬੋਲੀਆਂ

ਉੱਤਰ: ਅਲਾਹੁਣੀਆਂ।

ਪ੍ਰਸ਼ਨ 10. ਡਾ. ਵਣਜਾਰਾ ਬੇਦੀ ਨੇ ਕਿਸ ਵਿਸ਼ੇ ’ਤੇ ਪੀ. ਐੱਚ. ਡੀ. ਕਰਨੀ ਸ਼ੁਰੂ ਕੀਤੀ-

(ੳ) ਪੰਜਾਬ ਦਾ ਲੋਕ-ਸਾਹਿਤ (ਅ) ਪੰਜਾਬੀ ਨਾਵਲ (ੲ) ਪੰਜਾਬੀ ਕਵਿਤਾ (ਸ) ਪੰਜਾਬੀ ਨਾਟਕ

ਉੱਤਰ: ਪੰਜਾਬ ਦਾ ਲੋਕ-ਸਾਹਿਤ।

(ਅ) ਦੱਸੋ:-

ਪ੍ਰਸ਼ਨ 1. ਲੇਖਕ ਨੇ ਸਮੇਂ-ਸਮੇਂ ਆਪਣਾ ਜੀਵਨ-ਮਨੋਰਥ ਕੀ ਮਿਥਿਆ ਤੇ ਕਿਉਂ?

ਉੱਤਰ: ਜਦੋਂ ਲੇਖਕ ਰਾਵਲਪਿੰਡੀ ਖ਼ਾਲਸਾ ਸਕੂਲ ਵਿੱਚ ਪੜ੍ਹਦਾ ਸਾਂ ਤਾਂ ਮਾਸਟਰ ਅਰਜਨ ਸਿੰਘ ਤੋਂ ਪ੍ਰਭਾਵਿਤ ਹੋਕੇ ਉਹ ਸੋਚਦਾ ਕਿ ਵੱਡਾ ਹੋ ਕੇ ਉਸੇ ਵਾਂਗ ਹਿਸਾਬ ਦਾ ਮਾਸਟਰ ਬਣੇਗਾ। ਫਿਰ ਜਦੋਂ ਉਹ ਦਸਵੀਂ ਪਾਸ ਕਰ ਕੇ ਕਾਲਜ ਦਾਖ਼ਲ ਹੋਇਆ ਤਾਂ ਉੱਥੇ ਉਸਦਾ ਮੇਲ਼ ਡਾ.ਗੁਪਾਲ ਸਿੰਘ ਦਰਦੀ ਨਾਲ਼ ਹੋਇਆ, ਜੋ ਲੇਖਕ ਨੂੰ ਪੰਜਾਬੀ ਤੇ ਅੰਗਰੇਜ਼ੀ ਪੜ੍ਹਾਇਆ ਕਰਦੇ ਸਨ। ਸਾਰੇ ਕਾਲਜ ਵਿੱਚ ਇੱਕੋ-ਇੱਕ ਸਿੱਖ ਲੈਕਚਰਾਰ ਸਨ। ਉਹ ਸਾਰਿਆਂ ਨਾਲ਼ੋਂ ਵੱਖਰੀ ਸ਼ਖ਼ਸੀਅਤ ਦੇ ਮਾਲਕ ਸਨ। ਉਹਨਾਂ ਦੀ ਵਿਲੱਖਣਤਾ ਤੇ ਰਚਨਾਤਮਿਕ ਪ੍ਰਤਿਭਾ ਦਾ ਲੇਖਕ ’ਤੇ ਇੰਨਾ ਗਹਿਰਾ ਪ੍ਰਭਾਵ ਪਿਆ ਕਿ ਉਸਨੇ ਲਿਖਣਾ ਤੇ ਕਾਲਜ ਵਿੱਚ ਪੜ੍ਹਾਉਣਾ ਹੀ ਆਪਣਾ ਨਿਸ਼ਾਨਾ ਮਿਥ ਲਿਆ। ਪਰ ਪਿਤਾ ਦੇ ਬੇਵਕਤ ਚਲਾਣੇ ਕਾਰਨ ਉਸਨੂੰ ਪੜ੍ਹਾਈ ਵਿੱਚੇ ਛੱਡ ਕੇ ਬੈਂਕ ਦੀ ਨੌਕਰੀ ਕਰਨੀ ਪਈ। ਲੇਖਕ ਬੈਂਕ ਵਿੱਚ ਬੜੀ ਲਗਨ ਤੇ ਸੁਹਿਰਦਤਾ ਨਾਲ਼ ਕੰਮ ਕਰਦਾ ਰਿਹਾ, ਪਰ ਮਨ ਦੀ ਅੰਦਰਲੀ ਤਹਿ ਵਿੱਚ ਕਾਲਜ ਦਾ ਲੈਕਚਰਾਰ ਬਣਨ ਦਾ ਸੁਪਨਾ ਸਦਾ ਮਚਲਦਾ ਰਹਿੰਦਾ। ਇਹੀ ਕਾਰਨ ਸੀ ਕਿ ਉਹ ਕਿਸੇ ਨੌਕਰੀ ’ਤੇ ਨਹੀਂ ਸੀ ਟਿਕਦਾ।

ਪ੍ਰਸ਼ਨ 2. ਲੋਕ-ਸਾਹਿਤ ਇਕੱਤਰ ਕਰਨ ਲਈ ਵਣਜਾਰਾ-ਬੇਦੀ ਨੂੰ ਕਿਸ-ਕਿਸ ਤਰ੍ਹਾਂ ਦੇ ਯਤਨ ਕਰਨੇ ਪਏ? ਇਸ ਪਾਠ ਦੇ ਆਧਾਰ ’ਤੇ ਦੱਸੋ।

ਉੱਤਰ: ਲੋਕ ਸਾਹਿਤ ਨੂੰ ਇਕੱਠਾ ਕਰਨ ਲਈ ਲੇਖਕ ਨੇ ਬਹੁਤ ਮਿਹਨਤ ਕੀਤੀ। ਉਸਨੇ ਲੋਕਧਾਰਾ ਸੰਕਲਪ ਤੇ ਇਸ ਖੇਤਰ ਨਾਲ਼ ਸੰਬੰਧਿਤ ਪਰਿਭਾਸ਼ਿਕ ਸ਼ਬਦਾਂ ਨੂੰ ਸਮਝਣ, ਗਹਿਰਾਈ ਤੱਕ ਉੱਤਰਨ ਤੇ ਵਸਤੂ-ਅਧਿਐਨ ਤੋਂ ਇਲਾਵਾ ਢੇਰ ਸਾਰੀ ਸਮਗਰੀ ਵੀ ਲੋਕਾਂ ਤੋਂ ਇਕੱਠੀ ਕੀਤੀ। ‘ਪੰਜਾਬੀ ਲੋਕਧਾਰਾ ਵਿਸ਼ਵ ਕੋਸ਼’ ਦਾ ਆਦਿ ਵੀ ਇਹਨਾਂ ਦਿਨਾਂ ਵਿੱਚ ਹੋਇਆ। ਸਟੈਂਡਰਡ ਫ਼ੋਕਲੋਰ ਡਿਕਸ਼ਨਰੀ ਦੀਆਂ ਦੋਵੇਂ ਜਿਲਦਾਂ ਇਹਨੀਂ ਦਿਨੀਂ ਹੀ ਖ਼ਰੀਦ ਕੇ ਅਧਿਐਨ ਸ਼ੁਰੂ ਕੀਤਾ।

ਲੋਕਧਾਰਾ ਨੂੰ ਇਕੱਠਾ ਕਰਨ ਵਿੱਚ ਲੇਖਕ ਨੂੰ ਬਹੁਤੀ ਸਮਗਰੀ ਸ਼ਰਨਾਰਥੀਆਂ ਤੋਂ ਮਿਲ਼ੀ। ਉਦੋਂ ਉਹ ਦਿੱਲੀ ਵਿੱਚ ਸੀਤਾ ਰਾਮ ਬਜ਼ਾਰ ਦੇ ਪਿੱਛੇ, ਗਲ਼ੀ ਕਾਲ਼ੀ ਮਸਜਿਦ ਵਿੱਚ ਰਹਿੰਦਾ ਸੀ, ਜਿੱਥੇ ਪੱਛਮੀ ਪੰਜਾਬ ਦੇ ਭਿੰਨ-ਭਿੰਨ ਖੇਤਰਾਂ– ਧਨੀ ਪੋਠੋਹਾਰ, ਸ਼ਾਹਪੁਰ ਤੇ ਮੁਲਤਾਨ ਤੋਂ ਸ਼ਰਨਾਰਥੀ ਆ ਕੇ ਟਿਕੇ ਹੋਏ ਸਨ। ਇਹ ਸਾਰੇ ਲੋਕ ਪਿੰਡਾਂ ਵਿੱਚੋਂ ਆਏ ਹੋਣ ਕਰ ਕੇ, ਲੋਕ ਸੰਸਕ੍ਰਿਤੀ ਦੇ ਮੂਲ ਪ੍ਰਵਾਹ ਨਾਲ਼ ਭਿੱਜੇ ਹੋਏ ਸਨ, ਜਿਸ ਕਰਕੇ ਇਹਨਾਂ ਕੋਲ਼ੋਂ ਸਹਿਜੇ ਹੀ ਸੁੱਚੀ ਸਮਗਰੀ ਇਕੱਠੀ ਕੀਤੀ ਜਾ ਸਕਦੀ ਸੀ।

ਲੋਕਧਾਰਾ ਬਾਰੇ ਲੇਖਕ ਦੇ ਅਨੁਭਵ ਦਾ ਆਧਾਰ ਪੁਸਤਕਾਂ ਨਹੀਂ, ਲੋਕ-ਸੰਸਕ੍ਰਿਤੀ ਰਹੀ। ਜਿਸਨੂੰ ਉਸਨੇ ਸਜੀਵ ਰੂਪ ਵਿੱਚ ਵੇਖਿਆ ਤੇ ਮਾਣਿਆ। ਲੇਖਕ ਦੇ ਘਰ ਦੇ ਸਾਮ੍ਹਣੇ ਇੱਕ ਮੁਲਤਾਨੀ ਪਰਿਵਾਰ ਰਹਿੰਦਾ ਸੀ। ਉਸ ਦੀ ਚੌਦਾਂ-ਪੰਦਰਾਂ ਵਰ੍ਹਿਆਂ ਦੀ ਲੜਕੀ ਪੁਸ਼ਪਾ ਦੀ ਅਵਾਜ਼ ਬਹੁਤ ਸੁਰੀਲੀ ਸੀ। ਉਸ ਕੋਲੋਂ ਲੇਖਕ ਨੇ ਬਹੁਤ ਸਾਰੇ ਗੀਤ ਇਕੱਠੇ ਕੀਤੇ ਪਰ ਗੀਤਾਂ ਦੀ ਰੂਹ ਉਹਨਾਂ ਦੀਆਂ ਧੁਨੀਆਂ ਦੀ ਸੰਭਾਲ ਕਰਨੀ ਉਸਦੇ ਵੱਸੋਂ ਬਾਹਰਾ ਕੰਮ ਸੀ। ਇਹ ਕੰਮ ਟੇਪ ਰਿਕਾਰਡ ਦੁਆਰਾ ਹੋ ਸਕਦਾ ਸੀ, ਜੋ ਉਸਦੀ ਪਹੁੰਚ ਵਿੱਚ ਨਹੀਂ ਸੀ।

ਇਤਕ ਵਾਰ ਲੇਖਕ ਨੇ ਆਪਣੀ ਸੱਸ ਨੂੰ ਕਿਸੇ ਜੁਆਨ ਮੌਤ ’ਤੇ ਅਲਾਹੁਣੀਆਂ ਪਾਉਂਦੇ ਸੁਣਿਆ। ਜਦੋਂ ਲੇਖਕ ਅਲਾਹੁਣੀਆਂ ਲਿਖਵਾਣ ਵਾਸਤੇ ਕਹਿੰਦਾ ਤਾਂ ਉਹ ਹਮੇਸ਼ਾਂ ਟਾਲ ਦਿੰਦੇ। ਲੇਖਕ ਦੇ ਵਾਰ-ਵਾਰ ਕਹਿਣ ’ਤੇ ਇੱਕ ਦੁਪਹਿਰ ਉਸਦੀ ਸੱਸ ਵਿਹੜੇ ਵਿੱਚ ਇੱਕ ਪਾਸੇ ਦਰੀ ਵਿਛਾ ਕੇ ਬੈਠ ਗੀ ਤੇ ਲੰਮਾ ਘੁੰਢ ਕੱਢ ਕੇ, ਦੋ ਤਿੰਨ ਸਾਲ ਪਹਿਲਾਂ ਸਵਰਗਵਾਸ ਹੋਏ ਆਪਣੇ ਜਵਾਨ ਪੁੱਤਰ ਨੂੰ ਯਾਦ ਕਰ ਕੇ ਰੋਂਦੇ ਹੋਏ ਵੈਣ ਪਾਉਣ ਲੱਗੀ। ਪਹਿਲਾਂ ਤਾਂ ਲੇਖਕ ਘਬਰਾ ਗਿਆ, ਫਿਰ ਸਾਹਸ ਇਕੱਠਾ ਕਰ ਕੇ ਲਿਖਣ ਵਿੱਚ ਜੁੱਟ ਗਿਆ।

ਪ੍ਰਸ਼ਨ 3. ਲੇਖਕ ਨੇ ਵਿੱਦਿਆ ਪ੍ਰਾਪਤੀ ਅਤੇ ਖੋਜ ਦਾ ਕੰਮ ਅੰਤਾਂ ਦੀਆਂ ਆਰਥਿਕ ਤੰਗੀਆਂ ਦੇ ਬਾਵਜੂਦ ਕੀਤਾ। ਇਸ ਸੰਬੰਧੀ ਇੱਕ ਨੋਟ ਲਿਖੋ।

ਉੱਤਰ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੇਖਕ ਨੇ ਵਿੱਦਿਆ ਪ੍ਰਾਪਤੀ ਅਤੇ ਖੋਜ ਦਾ ਕੰਮ ਅੰਤਾਂ ਦੀਆਂ ਆਰਥਿਕ ਤੰਗੀਆਂ ਦੇ ਬਾਵਜੂਦ ਕੀਤਾ। ਲੇਖਕ ਦੇ ਪਿਤਾ ਦੀ ਬੇਵਕਤੀ ਮੌਤ ਕਾਰਨ ਉਸਦੀ ਉੱਚ ਵਿੱਦਿਆ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਨਾ ਹੋ ਸਕਿਆ। ਉਸਨੂੰ ਆਪਣੀ ਪੜ੍ਹਾਈ ਅਧੂਰੀ ਛੱਡ ਨੌਕਰੀ ਕਰਨੀ ਪਈ। ਲੇਖਕ ਖੋਜ ਦੇ ਕੰਮ ਲਈ ਹਰ ਰੋਜ਼ ਨਾਸ਼ਤਾ ਕਰ ਕੇ ਹਾਰਡਿੰਗ ਲਾਇਬ੍ਰੇਰੀ ਜਾਇਆ ਕਰਦਾ ਸੀ। ਉਸਦੇ ਕੋਲ਼ ਹਰਕੁਲੀਸ ਦੀ ਸਾਈਕਲ ਸੀ। ਉੱਥੋਂ ਦੁਪਹਿਰੀ ਵਿਹਲਾ ਹੋ ਕੇ ਘਰ ਖਾਣਾ ਖਾਣ ਆਉਂਦਾ। ਸਵੇਰੇ ਸ਼ਾਮੀਂ ਪ੍ਰਾਈਵੇਟ ਕਲਾਸਾਂ ਜਾਂ ਕੋਈ ਟਿਊਸ਼ਨ ਪੜ੍ਹਾਂਦਾ। ਸਾਰਾ ਦਿਨ ਸਾਈਕਲ ’ਤੇ ਭੱਜਾ ਫਿਰਦਾ। ਇਹ ਸਾਈਕਲ ਉਸਦਾ ਹਮਸਫ਼ਰ ਨਹੀਂ ਸੀ ਸਗੋਂ ਜ਼ਿੰਦਗੀ ਦੀ ਸਾਰੀ ਗਤੀ ਸੀ।

ਇੱਕ ਦਿਨ ਜਦੋਂ ਉਹ ਆਪਣਾ ਕੰਮ ਮੁਕਾ ਕੇ ਉੱਠਿਆ। ਝੂੰਮਦਾ ਹੋਇਆ ਸਾਈਕਲ ਕੋਲ਼ ਪੁੱਜਾ ਤੇ ਜੇਬ ਵਿੱਚੋਂ ਚਾਬੀ ਕੱਢ ਕੇ ਤਾਲਾ ਖੋਲ੍ਹਣ ਲੱਗਾ, ਪਰ ਸਾਈਕਲ ਤਾਂ ਉੱਥੇ ਮੌਜੂਦ ਨਹੀਂ ਸੀ। ਇੱਧਰ-ਉੱਧਰ ਨਜ਼ਰ ਮਾਰੀ, ਸਾਈਕਲ ਨਦਾਰਦ। ਲੇਖਕ ਘਬਰਾਇਆ ਹੋਇਆ ਚਾਂਦਨੀ ਚੌਕ ਦੇ ਥਾਣੇ ਰਿਪੋਰਟ ਲਿਖਵਾਉਣ ਗਿਆ। ਪਰ ਉੱਥੇ ਬੈਠੇ ਪੁਲਸੀਏ ਨੇ ਪਹਿਲਾਂ ਉਸਨੂੰ ਹੀ ਡਾਂਟਣਾ ਸ਼ੁਰੂ ਕਰ ਦਿੱਤਾ। ਲੇਖਕ ਦੀ ਪਤਨੀ ਨੇ ਉਸਦੀ ਔਖ ਨੂੰ ਸਮਝ ਕੇ ਸੋਨੇ ਦੇ ਹਾਰ ਕੱਢ ਲਿਆਈ। ਜਿਸਨੂੰ ਵੇਚ ਕੇ ਨਵਾਂ ਸਾਈਕਲ ਲੈਣ ਨੂੰ ਉਹ ਕਹਿ ਰਹੀ ਸੀ। ਕੁਝ ਦਿਨ ਪਹਿਲਾਂ ਹੀ ਤਾਂ ਘਰ ਦਾ ਖ਼ਰਚ ਚਲਾਣ ਵਾਸਤੇ ਲੇਖਕ ਨੇ ਉਹਦਾ ਸੁਨਹਿਰੀ ਤਾਰਾਂ ਵਾਲ਼ਾ ਵਰੀ ਵਿੱਚ ਢੋਇਆ ਦੁਪੱਟਾ ਵੇਚਿਆ ਸੀ ਤੇ ਉਸ ਤੋਂ ਕੁਝ ਦਿਨ ਪਹਿਲਾਂ ਤਿੱਲੇਦਾਰ ਸੁਨਹਿਰੀ ਸੂਟ। ਲੇਖਕ ਨੇ ਮਨ ਸਮਝਾਇਆ ਅਤੇ ਫਿਰ ਪਲਈਅਰ ਗਾਰਡਨ ਤੋਂ ਸਾਈਕਲ ਖ਼ਰੀਦੀ। ਲੇਖਕ ਨੂੰ ਸਾਈਕਲ ਮਿਲ ਗਈ ਜਿਵੇਂ ਖੰਭ ਫਿਰ ਉੱਗ ਪਏ ਹੋਣ। ਪੜ੍ਹਨ ਦਾ ਸ਼ੌਕ ਫਿਰ ਜਾਗ ਉੱਠਿਆ। ਅਗਲੇਦਿਨ ਤੋਂ ਉਸਨੇ ਆਰਕੀਲੋਜੀਕਲ ਲਾਇਬ੍ਰੇਰੀ ਜਾਣਾ ਸ਼ੁਰੂ ਕਰ ਦਿੱਤਾ।

 

 

ਪ੍ਰਸ਼ਨ 4. ਲੇਖਕ ਦੀ ਉਸ ਦੇ ਗੁਆਂਢ ਵਿੱਚ ਰਹਿੰਦੇ ਮੁਲਤਾਨੀ ਬਜ਼ੁਰਗ ਨਾਲ਼ ਜੋ ਗੱਲਬਾਤ ਹੋਈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਲੇਖਕ ਦੇ ਘਰ ਤੋਂ ਗਲ਼ੀਆਂ ਪਰ੍ਹੇ ਇੱਕ ਮੁਲਤਾਨੀ ਬੁੱਢਾ ਰਹਿੰਦਾ ਸੀ, ਜੋ ਬਾਹਰੋਂ ਕਿੱਧਰੋਂ ਲੱਕੜਾਂ ਕੱਟ ਕੇ ਲਿਆਉਂਦਾ ਤੇ ਮੁਹੱਲੇ ਦੇ ਘਰਾਂ ਵਿੱਚ ਵੇਚ ਦਿੰਦਾ। ਉਹ ਲੇਖਕ ਦੇ ਘਰ ਵੀ ਕਦੇ-ਕਦੇ ਲੱਕੜਾਂ ਦਾ ਗੱਠਾ ਸੁੱਟ ਜਾਂਦਾ। ਉਸ ਦੇ ਤਾਂਬੇ ਰੰਗੇ ਚਿਹਰੇ ’ਤੇ ਪਈਆਂ ਡੂੰਘੀਆਂ ਝੁਰੜੀਆਂ, ਲੰਮੇ ਅਨੁਭਵ ਦਾ ਹੁੰਗਾਰਾ ਭਰਦੀਆਂ। ਪਿੰਡਾਂ ਲੂਠਿਆ ਹੋਇਆ ਤੇ ਸਰੀਰ ਹੰਢਿਆ ਹੋਇਆ। ਪਰ ਅੱਖਾਂ ਮਸ਼ਾਲਾਂ ਵਾਂਗ ਚਮਕਦੀਆਂ। ਇੱਕ ਦਿਨ ਲੇਖਕ ਦੀ ਪਤਨੀ ਘਰ ਨਹੀਂ ਸੀ, ਉਹ ਲੱਕੜਾਂ ਦਾ ਗੱਠਾ ਸੁੱਟ ਕੇ ਬੈਠ ਗਿਆ। ਲੇਖਕ ਨੇ ਗੱਲਾਂ ਸ਼ੁਰੂ ਕਰ ਲਈਆਂ। ਉਸ ਦੀ ਹਰ ਗੱਲ ਵਿੱਚ ਅਖਾਣ ਝੜਦੇ ਸਨ। ਲੇਖਕ ਦੀ ਦਿਲਚਸਪੀ ਜਾਗ ਪਈ। ਜਦੋਂ ਲੇਖਕ ਨੇ ਗੀਤਾਂ ਤੇ ਕਹਾਣੀਆਂ ਬਾਰੇ ਗੱਲ ਛੇੜੀ। ਉਸ ਦੀਆਂ ਅੱਖਾਂ ਚਮਕ ਪਈਆਂ। ਉਸ ਨੂੰ ਬੜੇ ਗੀਤ ਆਉਂਦੇ ਸਨ। ਲੋਕ-ਕਹਾਣੀਆਂ ਨਾਲ਼ ਉਸ ਦੀ ਸਿਮਰਤੀ ਤੂਸੀ ਹੋਈ ਸੀ। ਲੇਖਕ ਨੇ ਉਸਨੂੰ ਕੁਝ ਗੀਤ ਅਤੇ ਕਹਾਣੀਆਂ ਲਿਖਵਾਉਣ ਵਾਸਤੇ ਪ੍ਰੇਰਦੇ ਹੋਏ ਕਿਹਾ, “ਬੜੇ ਸੁਆਦ ਦਾ ਕੰਮ ਈ-ਪੁੰਨ ਖੱਟ ਲੈ।”

“ਰੋਟੀ ਟੁੱਕ ਕਮਾਉਣ ਹੀ ਵਿਹਲ ਨਹੀਂ ਮਿਲ਼ਦੀ।” ਉਹ ਘਬਰਾਇਆ ਹੋਇਆ ਸੀ। ਉਸ ਦੇ ਪੁੱਤਰ ਕੋਈ ਧੰਦਾ ਨਹੀਂ ਸੀ ਕਰਦੇ। ਕੋਠੇ-ਕੋਠੇ ਜਿੱਡੇ ਵੱਡੇ। ਬੱਸ ਦੋਵੇਂ ਬਹਿ ਕੇ ਰੋਟੀ ਛਕ ਲੈਂਦੇ।

“ਤੂੰ ਕਿਤਨੇ ਪੈਸੇ ਰੋਜ਼ ਕਮਾ ਲੈਂਦਾ ਹੈਂ?”

“ਬੱਸ ਢਾਈ-ਤਿੰਨ ਰੁਪਏ।”

“ਇੰਨੇ ਤੂੰ ਮੇਰੇ ਕੋਲ਼ੋਂ ਲੈ ਲਵੀਂ ਅਤੇ ਦੋ-ਚਾਰ ਦਿਨ ਮੇਰੇ ਕੋਲ਼ ਹੀ ਟਿਕ ਕੇ ਰਹਿ।”

“ਮੈਂ ਮੁਫ਼ਤ ਦੇ ਰੁਪਏ ਕਿਉਂ ਲਵਾਂ? ਗੱਲਾਂ ਕਰਨ ਦੇ ਪੈਸੇ! ਮੈਂ ਰੱਬ ਨੂੰ ਜਾਨ ਨਹੀਂ ਦੇਣੀ। ਪਿਉ-ਦਾਦੇ ਦਾ ਦਿੱਤਾ ਕੋਈ ਇੰਜ ਵੇਚਣਾ?”

ਮੈਂ ਉਹਨੂੰ ਬੜਾ ਸਮਝਾਇਆ, ਪਰ ਉਸ ਨੇ ਇੱਕ ਨਾ ਸੁਣੀ, “ਜਿਸ ਵੇਲ਼ੇ ਵਿਹਲਾ ਹੋਵਾਂਗਾ, ਮੈਂ ਆਪ ਆ ਜਾਵਾਂਗਾ।”

ਪ੍ਰਸ਼ਨ 5. ਇਸ ਪਾਠ ਨੂੰ ਪੜ੍ਹ ਕੇ ਡਾ. ਵਣਜਾਰਾ ਬੇਦੀ ਦੀ ਸ਼ਖ਼ਸੀਅਤ ਬਾਰੇ ਤੁਹਾਨੂੰ ਜੋ ਜਾਣਕਾਰੀ ਮਿਲ਼ਦੀ ਹੈ, ਉਸ ਬਾਰੇ ਨੋਟ ਲਿਖੋ।

ਉੱਤਰ: ਡਾ. ਵਣਜਾਰਾ ਬੇਦੀ ਨੇ ਆਪਣੇ ਵਿੱਚ ਬਹੁਤ ਸਖ਼ਤ ਮਿਹਨਤ ਤੇ ਕੀਤੀ। ‘ਆਪਣੀ ਸੋਚ ਦੇ ਗਹਿਰੇ ਸਾਏ’ ਉਹਨਾਂ ਦੇ ਸਵੈ-ਜੀਵਨੀ ਅੰਸ਼ ਨੂੰ ਪੜ੍ਹ ਕੇ ਉਹਨਾਂ ਦੀਆਂ ਤਕਲੀਫਾਂ, ਉਹਨਾਂ ਦੀ ਲਗਨ ਭਰਪੂਰ, ਮਿਹਨਤੀ ਤੇ ਸੁਹਿਰਦ ਸ਼ਖ਼ਸੀਅਤ ਭਲੀ-ਭਾਂਤ ਝਲਕਦੀ ਹੈ ।

ਲੇਖਕ ਪਹਿਲਾਂ ਸਕੂਲ ਵਿਚ ਪੜ੍ਹਦਾ ਸੀ ਤਾਂ ਉਹ ਹਿਸਾਬ ਅਧਿਆਪਕ ਬਣਨਾ ਚਾਹੁੰਦਾ ਸੀ। ਫਿਰ ਉਸ ਨੇ ਕਾਲਜ ਵਿਚੋਂ ਬੀ.ਏ. ਕੀਤੀ। ਜਿੱਥੇ ਆਪਣੇ ਪ੍ਰੋਫੈਸਰ ਗ਼ੁਪਾਲ ਸਿੰਘ ਦਰਦੀ ਤੋਂ ਪ੍ਰਭਾਵਿਤ ਹੋਕੇ ਉਹ ਇਕ ਵਿਦਵਾਨ ਲਿਖਾਰੀ ਤੇ ਕਾਲਜ ਲੈਕਚਰਾਰ ਬਣਨਾ ਚਾਹੁੰਦਾ ਸੀ। ਪਰ ਪਿਤਾ ਦੀ ਬੇਵਕਤ ਮੌਤ ਕਾਰਨ ਉਸ ਨੂੰ ਬੈਂਕ ਦੀ ਨੌਕਰੀ ਕਰਨੀ ਪਈ। ਉਹ ‘ਫ਼ਤਹਿ’ ਅਤੇ ‘ਪ੍ਰੀਤਮ’ ਦਾ ਸੰਪਾਦਕ ਵੀ ਰਿਹਾ। 1950 ਈ: ਵਿਚ ਉਸ ਨੇ ਥਰਡ ਡਿਵੀਜ਼ਨ ਵਿਚ ਐੱਮ. ਏ. ਪੰਜਾਬੀ ਕੀਤੀ ਤੇ ਫਿਰ ਬੜੀ ਮਿਹਨਤ ਨਾਲ਼ ‘ਪੰਜਾਬ ਦੇ ਲੋਕ-ਸਾਹਿਤ‘ ਉੱਤੇ ਪੀ. ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ।

ਉਹ ਬਚਪਨ ਤੋਂ ਹੀ ਆਪਣੇ ਅਧਿਆਪਕਾਂ ਦੀਆਂ ਸ਼ਖ਼ਸੀਅਤਾਂ ਤੋਂ ਪ੍ਰੇਰਨਾਵਾਂ ਪ੍ਰਾਪਤ ਕਰਦਾ ਰਿਹਾ। ਲਗਨ, ਆਤਮ-ਵਿਸ਼ਵਾਸ, ਸਖ਼ਤ ਮਿਹਨਤ ਤੇ ਮੁਸ਼ਕਿਲਾਂ ਅੱਗੇ ਨਾ ਹਾਰਨਾ ਉਸ ਦੇ ਚਰਿੱਤਰ ਦੇ ਮੁੱਖ ਗੁਣ ਸਨ। ਘਰ ਵਿੱਚ ਉਹ ਆਰਥਿਕਤਾ ਦੇ ਬੋਝ ਹੇਠ ਦੱਬਿਆ ਰਹਿੰਦਾ ਸੀ। ਸਾਰਾ-ਸਾਰਾ ਦਿਨ ਸਾਈਕਲ ’ਤੇ ਹੀ ਨੱਠ-ਭੱਜ ਕਰਦਾ। ਉਹ ਮਨੋ-ਵਿਗਿਆਨਿਕ ਸੂਝ ਰੱਖਣ ਵਾਲ਼ਾ ਅਤੇ ਅਨੁਭਵੀ ਵਿਅਕਤੀ ਸੀ। ਆਪਣੇ ਸਵੈ-ਜਿਵਨੀ ਅੰਸ਼ ਤੋਂ ਉਹ ਇਕ ਉੱਤਮ ਲੇਖਕ ਬਣ ਕੇ ਨਿਬੜਦਾ ਹੈ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *