ਡਾ. ਹਰਿਭਜਨ ਸਿੰਘ
ਪਾਠ-ਅਭਿਆਸ
1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
ਭੈਣ ਕਹਾਂ ਤਾਂ ਦੱਸਣਾ ਪੈਂਦੈ
ਆਪਣੀ ਨੀਅਤ ਦਾ ਸਰਨਾਂਵਾਂ।
ਸਭ ਜੱਗ ਹੋਇਆ ਮਰਦ ਜ਼ਨਾਨੀ
ਬਾਕੀ ਸਭ ਛਾਂਵਾਂ ਪਰਛਾਂਵਾਂ।
ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਡਾ. ਹਰਿਭਜਨ ਸਿੰਘ’ ਦੀ ਕਵਿਤਾ ‘ਕਿੱਥੇ ਗਈਆਂ ਭੈਣਾਂ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਮੌਜੂਦਾ ਦੌਰ ਵਿੱਚ ਔਰਤ-ਮਰਦ ਦੇ ਰਿਸ਼ਤਿਆਂ ਦੀ ਅਸਥਿਰਤਾ ਦਾ ਬਿਆਨ ਕੀਤਾ ਹੈ।
ਵਿਆਖਿਆ: ਕਵੀ ਕਹਿੰਦਾ ਹੈ ਕਿ ਜੇਕਰ ਉਹ ਕਿਸੇ ਇਸਤਰੀ ਨੂੰ ਭੈਣ ਕਹਿ ਕੇ ਬੁਲਾਵੇ ਤਾਂ ਵੀ ਆਪਣੀ ਉਸ ਪਿੱਛੇ ਦੀ ਅਸਲੀ ਨੀਅਤ ਬਾਰੇ ਦੱਸਣਾ ਪੈਂਦਾ ਹੈ। ਅੱਜ ਇਸ ਪਵਿੱਤਰ ਰਿਸ਼ਤੇ ਦੀ ਅਹਿਮੀਅਤ ਵੀ ਧੁੰਦਲੀ ਪੈ ਗਈ ਹੈ। ਸਾਰਾ ਸੰਸਾਰ ਕਵੀ ਨੂੰ ਮਰਦ ਅਤੇ ਔਰਤ ਦੇ ਸੰਬੰਧਾਂ ਵਿੱਚ ਘੁੰਮਦਾ ਨਜ਼ਰੀ ਪੈਂਦਾ ਹੈ। ਮੌਜੂਦਾ ਦੌਰ ਵਿੱਚ ਮਾਵਾਂ-ਭੈਣਾਂ ਅਤੇ ਧੀਆਂ ਦੇ ਰਿਸ਼ਤਿਆ ਵਿੱਚ ਵੀ ਅਸਥਿਰਤਾ ਬਹੁਤ ਵੱਧ ਗਈ ਹੈ।
2. ‘ਕਿੱਥੇ ਗਈਆਂ ਭੈਣਾਂ’ ਕਵਿਤਾ ਦਾ ਕੇਂਦਰੀ ਭਾਵ ਲਿਖੋ ।
ਉੱਤਰ: ਕੇਂਦਰੀ ਭਾਵ: ਮੌਜੂਦਾ ਦੌਰ ਵਿੱਚ ਮਾਵਾਂ-ਭੈਣਾਂ ਅਤੇ ਧੀਆਂ ਦੇ ਰਿਸ਼ਤਿਆਂ ਵਿੱਚ ਵੀ ਅਸਥਿਰਤਾ ਬਹੁਤ ਵੱਧ ਗਈ ਹੈ। ਹਰ ਰਿਸ਼ਤੇ ਨੂੰ ਸ਼ੱਕ ਦੀ ਨਿਗਾਹ ਨਾਲ਼ ਦੇਖਿਆ ਜਾਣ ਲੱਗ ਗਿਆ ਹੈ। ਸਮਾਜ ਵਿੱਚ ਸੱਚੇ ਰਿਸ਼ਤੇ ਵੀ ਅਖੌਤੀ ਤਰੱਕੀ ਦੀ ਹੋੜ ਵਿੱਚ ਫਿੱਕੇ ਪੈਂਦੇ ਨਜ਼ਰੀ ਆਉਂਦੇ ਹਨ।
3. ਵਸਤੂਨਿਸ਼ਠ ਪ੍ਰਸ਼ਨ:
(ੳ) ਇਸ ਕਵਿਤਾ ਵਿੱਚ ਪ੍ਰੀਤ-ਕਥਾਵਾਂ ਦੀਆਂ ਕਿਹੜੀਆਂ ਨਾਇਕਾਵਾਂ ਦਾ ਨਾਮ ਆਇਆ ਹੈ?
ਉੱਤਰ: ਸੱਸੀ, ਹੀਰ ਅਤੇ ਸੋਹਣੀ।
(ਅ) ਇਸ ਕਵਿਤਾ ਅਨੁਸਾਰ ਹੁਣ ਰਿਸ਼ਤਿਆਂ ਨੂੰ ਕਿਵੇਂ ਦੇਖਿਆ ਜਾਂਦਾ ਹੈ?
ਉੱਤਰ: ਸ਼ੱਕ ਦੀ ਨਜ਼ਰੇ।
(ੲ) ਕੀ ਹੁਣ ਸੱਚ-ਮੁੱਚ ਮਾਂਵਾਂ-ਭੈਣਾਂ ਦੇ ਸੁੱਚੇ ਰਿਸ਼ਤੇ ਗੁਆਚ ਗਏ ਹਨ?
ਉੱਤਰ: ਜੀ ਹਾਂ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784