ਪਾਠ-3 ਗੁਰਮੁਖੀ ਲਿਪੀ
ਅਭਿਆਸ
ਪ੍ਰਸ਼ਨ 1. ਲਿਪੀ ਤੋਂ ਕੀ ਭਾਵ ਹੈ? ਇਸ ਦੇ ਮਹੱਤਵ ਬਾਰੇ ਚਾਨਣਾ ਪਾਓ।
ਉੱਤਰ: ਲਿਪੀ ਕੀ ਹੈ? ਲਿਪੀ, ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਿਤ ਕਰਨ ਦੀ ਕਲਾ ਹੈ ਜਾਂ ਲਿਖਣ ਦਾ ਇੱਕ ਵਿਓਂਤਬੱਧ ਤਰੀਕਾ। ਜੇ ਜ਼ਰਾ ਹੋਰ ਡੂੰਘਾਈ ਨਾਲ਼ ਵੇਖੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲਿਪੀ ਉਚਰਿਤ ਧੁਨੀਆਂ ਨੂੰ ਅੰਕਿਤ ਕਰਨ ਲਈ ਚਿੰਨ੍ਹਾਂ ਤੇ ਨਿਸ਼ਾਨਾਂ ਦੇ ਲਕੀਰਨ ਦਾ ਇੱਕ ਢੰਗ ਹੈ ਜਾਂ ਲਿਪੀ ਮਨੁੱਖੀ ਸੰਘ ਵਿੱਚੋਂ ਨਿਕਲ਼ੇ ਬੋਲਾਂ ਨੂੰ ਚਿੱਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦੀ ਇੱਕ ਵਿਧੀ ਹੈ।
ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਬੋਲੀ ਨੇ ਜਿੰਨਾ ਹਿੱਸਾ ਪਾਇਆ ਹੈ ਉਸ ਤੋਂ ਕਿਤੇ ਵੱਧ ਹਿੱਸਾ ਲਿਪੀ ਨੇ ਪਾਇਆ ਹੈ। ਬੋਲੀ ਤਾਂ ਬੋਲਣਸਾਰ ਅਲੋਪ ਹੋ ਜਾਂਦੀ ਹੈ ਕਿਉਂਕਿ ਬੋਲੀ ਤਾਂ ਸਮੇਂ ਤੇ ਸਥਾਨ ਦੀ ਕੈਦਣ ਹੈ ਪਰ ਲਿਪੀ ਸਮੇਂ ਤੇ ਸਥਾਨ ਤੋਂ ਅਜ਼ਾਦ ਹੈ। ਦੂਰ-ਦੂਰ ਥਾਂਵਾਂ ਅਤੇ ਦੂਰ-ਦੂਰ ਸਮਿਆਂ ਦੇ ਬੋਲੇ ਹੋਏ ਬੋਲ, ਲਿਪੀ ਰਾਹੀਂ ਸਮੇਂ ਤੇ ਸਥਾਨ ਦੀ ਸੀਮਾ ਨੂੰ ਪਾਰ ਕਰਕੇ ਅੱਜ ਵੀ ਸਾਡੇ ਕੋਲ਼ ਸੁਰੱਖਿਅਤ ਹਨ। ਸੰਸਾਰ ਦੀਆਂ ਬਹੁਤ ਸਾਰੀਆਂ ਨਸ਼ਟ ਹੋਈਆਂ ਸੱਭਿਆਤਾਵਾਂ ਬਾਰੇ ਅਸੀਂ ਇਸ ਲਈ ਬਹੁਤ ਕੁਝ ਜਾਣਦੇ ਹਾਂ ਕਿਉਂਕਿ ਉਹ ਆਪਣੇ ਬਾਰੇ ਆਪਣੇ ਪਿੱਛੇ ਬਹੁਤ ਕੁਝ ਲਿਖਿਆ ਹੋਇਆ ਛੱਡ ਗਏ ਹਨ। ਇਹਨਾਂ ਅਰਥਾਂ ਵਿੱਚ ਲਿਖਣ ਦੀ ਜੋ ਕਲਾ ਲਿਪੀ ਹੈ, ਉਸ ਨੇ ਮਨੁੱਖੀ ਸੱਭਿਅਤਾ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹੈ।
ਪ੍ਰਸ਼ਨ 2. ਲਿਪੀ ਦੇ ਇਤਿਹਾਸ ਬਾਰੇ ਤੁਸੀਂ ਕੀ ਜਾਣਦੇ ਹੋ? ਚਰਚਾ ਕਰੋ।
ਉੱਤਰ: ਲਿਪੀ ਦਾ ਸਹੀ ਅਰਥਾਂ ਵਿੱਚ ਮੁਢਲਾ ਰੂਪ ਚਿੱਤਰਾਂ ਤੇ ਤਸਵੀਰਾਂ ਤੋਂ ਸ਼ੁਰੂ ਹੁੰਦਾ ਹੈ। ਇਹ ਉਹ ਸਮਾਂ ਸੀ ਜਦੋਂ ਮਨੁੱਖ ਕਿਸੇ ਸ਼ੈ ਦੀ ਸ਼ਕਲ ਚਿੱਤਰਾਂ ਵਿੱਚ ਬਣਾ ਕੇ ਉਸ ਸ਼ੈ ਦਾ ਗਿਆਨ ਕਰਵਾਉਂਦਾ ਸੀ ਅਤੇ ਤਸਵੀਰਾਂ ਵਿੱਚ ਹੀ ਬੋਲੀ ਨੂੰ ਲਿਖਦਾ ਸੀ । ਸੱਭਿਅਤਾ ਦੇ ਵਿਕਾਸ ਤੋਂ ਪਹਿਲਾਂ ਆਦਮ ਮਨੁੱਖ ਪਹਾੜਾਂ ਦੀਆਂ ਕੰਦਰਾਂ ਅਤੇ ਗੁਫ਼ਾਵਾਂ ਵਿੱਚ ਰਹਿੰਦਾ ਸੀ। ਗੁਫ਼ਾਵਾਂ ਦੀਆਂ ਕੰਧਾਂ ਉੱਤੇ ਉਸ ਨੇ ਦੇਵੀ-ਦੇਵਤਿਆਂ ਦੇ ਚਿੱਤਰ ਬਣਾਏ ਹੋਣਗੇ ਅਤੇ ਇੱਧਰ-ਉੱਧਰ ਸੋਹਣੇ ਪਸੂ-ਪੰਛੀਆਂ ਦੀਆਂ ਤਸਵੀਰਾਂ ਵੀ ਬਣਾਈਆਂ ਹੋਣਗੀਆਂ।
ਚਿੱਤਰ-ਲਿਪੀ ਲਿਖਣ-ਕਲਾ ਦਾ ਪਹਿਲਾ ਪੜਾਅ ਹੈ। ਚਿੱਤਰ-ਲਿਪੀ ਦੇ ਚਿੰਨ੍ਹਾਂ ਨੂੰ ਚਿੱਤਰ-ਮੂਲਕ ਚਿੰਨ੍ਹ (ਪਿਕਟੋਗ੍ਰਾਮ) ਕਿਹਾ ਜਾਂਦਾ ਹੈ। ਚਿੱਤਰ-ਲਿਪੀ ਤੋਂ ਸੰਬੰਧਿਤ ਵਸਤੂਆਂ ਦਾ ਪਤਾ ਜ਼ਰੂਰ ਲੱਗ ਜਾਂਦਾ ਸੀ ਪਰ ਉਹਨਾਂ ਦਾ ਉਚਾਰਨ ਉਸ ਵੇਲ਼ੇ ਦੀ ਬੋਲੀ ਵਿੱਚ ਕੀ ਸੀ? ਇਸ ਦੀ ਜਾਣਕਾਰੀ ਨਹੀਂ ਮਿਲ਼ਦੀ ਸੀ। ਚਿੱਤਰ-ਲਿਪੀ ਵਿੱਚ ਇਸ ਤਰ੍ਹਾਂ ਬਹੁਤ ਸਾਰੀਆਂ ਊਣਤਾਈਆਂ ਕਰਕੇ ਲਿਪੀ ਦੇ ਇਤਿਹਾਸ ਵਿੱਚ ਦੂਜੀ ਕਿਸਮ ਦੀ ਲਿਪੀ ਦਾ ਵਿਕਾਸ ਹੋਇਆ ਜਿਸ ਨੂੰ ਭਾਵ-ਲਿਪੀ ਕਿਹਾ ਜਾਂਦਾ ਹੈ। ਭਾਵ–ਲਿਪੀ ਦੇ ਚਿੰਨ੍ਹ ਸੂਖਮ ਭਾਵ-ਅਰਥਾਂ ਨੂੰ ਵੀ ਜ਼ਾਹਰ ਕਰਨ ਲੱਗੇ। ਸੂਰਜ ਦੀ ਖ਼ਾਲੀ ਤਸਵੀਰ ਭਾਵ ਲਿਪੀ ਵਿੱਚ ਆ ਕੇ ਚਾਨਣ, ਗਰਮੀ, ਊਰਜਾ ਵਰਗੇ ਸੂਖਮ ਅਰਥ ਵੀ ਦੇਣ ਲੱਗੀ। ਚਿੱਤਰ-ਲਿਪੀ ਦੇ ਚਿੰਨ੍ਹ ਜਦੋਂ ਵਸਤੂਆਂ ਦੀ ਥਾਂ ਭਾਵਾਂ ਨੂੰ ਵੀ ਪ੍ਰਗਟ ਕਰਨ ਲੱਗਦੇ ਹਨ ਤਾਂ ਉਹਨਾਂ ਨੂੰ ਭਾਵ-ਮੂਲਿਕ ਚਿੰਨ੍ਹ ਕਿਹਾ ਜਾਂਦਾ ਹੈ।
ਪ੍ਰਸ਼ਨ 3. ਗੁਰਮੁਖੀ ਲਿਪੀ ਦੇ ਨਿਕਾਸ ਤੇ ਵਿਕਾਸ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ: ਗੁਰਮੁਖੀ ਦੇ ਨਿਕਾਸ ਜਾਂ ਉਤਪਤੀ ਬਾਰੇ ਤਿੰਨ ਤਰ੍ਹਾਂ ਦੇ ਮੱਤ ਸਿਧਾਂਤ ਵੇਖੇ ਜਾਂਦੇ ਹਨ। ਪਹਿਲਾ ਮੱਤ ਇਹ ਹੈ ਕਿ ਗੁਰਮੁਖੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ। ਗੁਰਮੁਖੀ ਪਦ ਬਾਰੇ ਹਵਾਲਾ ਬਾਬਾ ਮੋਹਨ ਵਾਲ਼ੀਆਂ ਪੋਥੀਆਂ ਵਿੱਚ ਇਉਂ ਮਿਲ਼ਦਾ ਹੈ: ‘ਗੁਰੂ ਅੰਗਦੁ ਗੁਰਮੁਖੀ ਅੱਖਰ ਬਾਨਾਏ ਬਾਬੇ ਦੇ ਅਗੇ ਸਬਦੁ ਭੇਟ ਕੀਤਾ’ ਸਿੱਖ ਸਾਹਿਤ ਵਿੱਚ ਇਸ ਮੱਤ ਦੀ ਪ੍ਰੋੜ੍ਹਤਾ ਵਿੱਚ ਕਈ ਹਵਾਲ਼ੇ ਮਿਲ਼ਦੇ ਹਨ।
ਦੂਜੇ ਮੱਤ ਦੇ ਅਨੁਸਾਰ ਗੁਰਮੁਖੀ ਦੇ ਰਚੈਤਾ ਗੁਰੂ ਨਾਨਕ ਦੇਵ ਜੀ ਸਨ। ਤੀਜਾ ਮੱਤ ਕੇਸਰ ਸਿੰਘ ਛਿੱਬਰ ਦੇ ਗ੍ਰੰਥ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਉਪਲਬਧ ਹੈ।
ਇਹਨਾਂ ਸਾਰੀਆਂ ਧਾਰਨਾਵਾਂ ਦੀ ਭਰਮ-ਨਵਿਰਤੀ ਇਸ ਇਤਿਹਾਸਿਕ ਪ੍ਰਮਾਣ ਤੋਂ ਹੋ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪ ਜਿਹੜੀ ‘ਪਟੀ’ ਨਾਮਕ ਬਾਣੀ ਰਚੀ, ਜੋ ਹੁਣ ‘ਸ੍ਰੀ ਗੁਰੂ ਗ੍ਰੰਥ ਸਾਹਿਬ‘ ਵਿੱਚ ਦਰਜ ਹੈ, ਉਸ ਵਿੱਚ ਗੁਰਮੁਖੀ ਲਿਪੀ ਦੇ ਸਾਰੇ ਅੱਖਰ ਅਤੇ ਉਹਨਾਂ ਅੱਖਰਾਂ ਦੇ ਸੱਸਾ, ਕੱਕਾ, ਆਦਿ ਉਚਾਰਨ ਵੀ ਦਿੱਤੇ ਹੋਏ ਹਨ। ਪਟੀ ਦਾ ਅਰਥ ਵਰਨਮਾਲਾ, ਪੈਂਤੀ, ਹਰਫ਼ਾਂ ਦੀ ਲੜੀ ਹੈ ਪਰ ਪਟੀ ਦਾ ਅਰਥ ਲੱਕੜੀ ਦੀ ਫੱਟੀ ਵੀ ਹੈ ਜਿਸ ਉੱਤੇ ਅੱਖਰ ਲਿਖੇ ਜਾਂਦੇ ਸਨ। ਪੰਜਾਬੀ ਦੇ ਮੁਹਾਵਰਿਆਂ ਜਿਵੇਂਕਿ ਪੱਟੀ ਪੜ੍ਹਾਉਣਾ, ਪੱਟੀ ਮੇਸ ਕਰਨਾ, ਵਿੱਚ ਵਰਨਮਾਲਾ ਅਤੇ ਫੱਟੀ ਦੇ ਮੂਲ ਸ਼ਬਦਾਰਥ ਪ੍ਰਾਪਤ ਹਨ, ਭਾਵੇਂ ਪ੍ਰਯੋਗ ਵਿੱਚ ਲੱਖਣਾਰਥ ਵੀ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਪਹਿਲੇ ਦੇ ਆਮ ਲੋਕਾਂ ਵਿੱਚ ਪ੍ਰਚਲਿਤ ਅੱਖਰ ਲੈ ਕੇ ਅੱਖਰ-ਕ੍ਰਮ ਨਾਲ਼ ਬਾਣੀ ਦਾ ਉਚਾਰਨ ਕੀਤਾ ਸੀ। ਇਸ ਤੋਂ ਜ਼ਾਹਰ ਹੈ ਕਿ ਗੁਰਮੁਖੀ, ਬਾਬਾ ਸ੍ਰੀ ਚੰਦ ਜੀ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ ਨੇ ਨਹੀਂ ਬਣਾਈ, ਇਹ ਤਾਂ ਪੁਰਾਤਨ ਪੰਜਾਬ ਵਿੱਚ ਆਮ ਵਰਤੀ ਜਾਂਦੀ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਮੁਖੀ ਦਾ ਆਖ਼ਰਕਾਰ ਸਰੋਤ ਕੀ ਹੈ ? ਇਸ ਦਾ ਕਿੱਥੋਂ ਨਿਕਾਸ ਹੋਇਆ? ਇਹ ਤਾਂ ਅਸੀਂ ਵੇਖ ਆਏ ਹਾਂ ਕਿ ਭਾਰਤ ਦੀਆਂ ਸਾਰੀਆਂ ਲਿਪੀਆਂ ਦਾ ਸੋਮਾ ‘ਬ੍ਰਾਹਮੀ’ ਲਿਪੀ ਹੈ। ਬ੍ਰਾਹਮੀ ਦੀ ਉੱਤਰ ਸ਼ੈਲੀ ਤੇ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਅਤੇ ਕੁਟਿਲ ਲਿਪੀ ਤੋਂ ਹੀ ਸ਼ਾਰਦਾ ਅਤੇ ਸ਼ਾਰਦਾ ਤੋਂ ਅਰਧ-ਨਾਗਰੀ, ਸਿਧ-ਮਾਤਰਿਕਾ, ਲੰਡੇ ਮਹਾਜਨੀ, ਭੱਟਅੱਛਰੀ, ਉੱਚੀ, ਗੁਰਮੁਖੀ ਆਦਿ ਲਿਪੀਆਂ ਨਿਕਲ਼ੀਆਂ ਹਨ। ਸ਼ਾਰਦਾ ਦੇ ਪ੍ਰਾਚੀਨ ਸ਼ਾਰਦਾ ਅਤੇ ਨਵੀਨ ਸ਼ਾਰਦਾ ਦੋ ਰੂਪ ਹੈ।
ਇਸ ਸਮੱਸਿਆ ਨੂੰ ਇੱਕ ਹੋਰ ਦ੍ਰਿਸ਼ਟੀ ਤੋਂ ਵੀ ਵੇਖਿਆ ਜਾ ਸਕਦਾ ਹੈ ਪ੍ਰਾਚੀਨ ਪੰਜਾਬੀ ਦੀਆਂ ਅਰਧ-ਨਾਗਰੀ, ਸਿੱਧ-ਮਾਤਰਿਕਾ, ਲੰਡੇ ਆਦਿ ਲਿਪੀਆਂ ਨਾਲ਼ ਜਦ ਅਸੀਂ ਗੁਰਮੁਖੀ ਦਾ ਟਾਕਰਾ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਬਹੁਤ ਸਾਰੇ ਅੱਖਰ ਆਪਸ ਵਿੱਚ ਮਿਲ਼ਦੇ ਹਨ। ਗੁਰਮੁਖੀ ਲਿਪੀ ਸ਼ਾਰਦਾ ਦੇ ਹੀ ਪਿਛਲੇ ਰੂਪ ਦਾ ਇੱਕ ਇਲਾਕਾਈ ਵਿਕਸਿਤ ਰੂਪ ਹੈ। ਸਾਰੰਸ਼ ਇਹ ਹੈ ਕਿ ਗੁਰਮੁਖੀ ਅਤੇ ਹੋਰ ਪੰਜਾਬ ਦੀਆਂ ਪੁਰਾਣੀਆਂ ਲਿਪੀਆਂ ਦਾ ਜਨਮ ਸ਼ਾਰਦਾ ਲਿਪੀ ਤੋਂ ਹੀ ਹੋਇਆ ਹੈ।
ਪ੍ਰਸ਼ਨ 4. ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਲਿਖਣ ਲਈ ਕਿੱਥੋਂ ਤੱਕ ਢੁਕਵੀਂ ਹੈ? ਸੰਖੇਪ ਵਿੱਚ ਦਲੀਲਾਂ ਦਿਓ।
ਉੱਤਰ: ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਦਾਅਵੇਦਾਰ ਹਨ। ਇੱਕ ਹੈ ਗੁਰਮੁਖੀ ਲਿਪੀ ਜਿਸ ਦੀ ਵਰਤੋਂ ਭਾਰਤੀ ਪੰਜਾਬੀ ਨੂੰ ਲਿਖਣ ਵਾਸਤੇ ਕੀਤੀ ਜਾ ਰਹੀ ਹੈ ਅਤੇ ਦੂਜੀ ਹੈ ਫ਼ਾਰਸੀ-ਉਰਦੂ ਲਿਪੀ ਜਿਸ ਨੂੰ ਪਾਕਿਸਤਾਨ ਵਿੱਚ ਪੰਜਾਬੀ ਲਿਖਣ ਵਾਸਤੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਗੁਰਮੁਖੀ ਲਿਪੀ ਤਾਂ ਪੰਜਾਬ ਦੀ ਧਰਤੀ ਦੀ ਉਪਜ ਹੈ, ਇਹ ਕਿਸੇ ਬਾਹਰਲੇ ਦੇਸ ਤੋਂ ਮਾਂਗਵੀਂ ਨਹੀਂ ਲਿਆਂਦੀ ਗਈ ਪਰ ਫ਼ਾਰਸੀ-ਉਰਦੂ ਲਿਪੀ ਬਾਹਰਲੇ ਦੇਸ ਦੀ ਹੀਬਰੂ ਲਿਪੀ ਤੋਂ ਅਰਬੀ ਲਿਪੀ ਰਾਹੀਂ ਫ਼ਾਰਸੀ, ਉਰਦੂ ਲਿਖਣ ਲਈ ਲਿਆਂਦੀ ਗਈ ਹੈ। ਨਾਲ਼ੇ ਗੁਰਮੁਖੀ ਲਿਪੀ ਸਿਰਫ਼ ਪੰਜਾਬੀ ਭਾਸ਼ਾ ਲਿਖਣ ਲਈ ਹੀ ਰਾਖਵੀਂ ਹੈ ਪਰ ਫ਼ਾਰਸੀ–ਉਰਦੂ ਲਿਪੀ ਨੂੰ ਇੱਕ ਤੋਂ ਵੱਧ ਜ਼ੁਬਾਨਾਂ ਲਈ ਵਰਤਣ ਦਾ ਜਤਨ ਕੀਤਾ ਜਾਂਦਾ ਹੈ। ਇਹ ਇੱਕ ਵਿਗਿਆਨਿਕ ਸਚਾਈ ਹੈ ਕਿ ਹਰ ਜ਼ੁਬਾਨ ਦੀਆਂ ਆਪਣੀਆਂ ਵਿਲੱਖਣ ਤੇ ਨਿਵੇਕਲੀਆਂ ਧੁਨੀਆਂ ਹੁੰਦੀਆਂ ਹਨ। ਅਰਬੀ ਦੀਆਂ ਧੁਨੀਆਂ ਹੋਰ ਹਨ, ਫ਼ਾਰਸੀ ਦੀਆਂ ਹੋਰ ਹਨ ਅਤੇ ਪੰਜਾਬੀ ਦੀਆਂ ਧੁਨੀਆਂ ਹੋਰ ਹਨ। ਇਹਨਾਂ ਸਾਰੀਆਂ ਬਹੁਭਾਸ਼ਿਕ ਧੁਨੀਆਂ ਨੂੰ ਇੱਕੋ ਲਿਪੀ ਸਹੀ ਤੌਰ ‘ਤੇ ਪ੍ਰਗਟ ਨਹੀਂ ਕਰ ਸਕਦੀ। ਇਸ ਤੋਂ ਬਿਨਾਂ ਫ਼ਾਰਸੀ-ਉਰਦੂ ਲਿਪੀ ਵਿੱਚ ਪੰਜਾਬੀ ਦੀਆਂ ਣ, ਙ, ਲ਼ ਧੁਨੀਆਂ ਲਿਖਣ ਵਾਸਤੇ ਅੱਖਰ (ਹਰੂਫ਼) ਹੀ ਨਹੀਂ ਹਨ ਅਤੇ ਫ਼ਾਰਸੀ-ਉਰਦੂ ਲਿਪੀ ਵਿੱਚ ਕਈ ਅੱਖ਼ਰ ਵਾਧੂ ਹਨ, ਜਿਨ੍ਹਾਂ ਦੇ ਬਰਾਬਰ ਦੀਆਂ ਪੰਜਾਬੀ ਵਿੱਚ ਧੁਨੀਆਂ ਹੀ ਨਹੀਂ ਹਨ। ਇਸ ਲਈ ਇਹ ਅੱਖਰ ਵਾਧੂ ਤੇ ਬੇਲੋੜੇ ਹਨ। ਏਥੇ ਥਾਂ ਨਹੀਂ ਕਿ ਇਸ ਸਮੱਸਿਆ ਦੀ ਹੋਰ ਚਰਚਾ ਕੀਤੀ ਜਾਵੇ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਲਿਖਣ ਵਾਸਤੇ ਗੁਰਮੁਖੀ ਲਿਪੀ ਹੀ ਸੁਯੋਗ ਤੇ ਸਮਰੱਥ ਲਿਪੀ ਹੈ।
ਪ੍ਰਸ਼ਨ 5. ਗੁਰਮੁਖੀ ਲਿਪੀ ਦਾ ਇਹ ਨਾਂ ਕਿਵੇਂ ਪਿਆ? ਸੰਖੇਪ ਕਰਕੇ ਲਿਖੋ।
ਉੱਤਰ: ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਜੋ ਬ੍ਰਾਹਮੀ ਲਿਪੀ-ਪਰਿਵਾਰ ਦੀ ਸ਼ਾਰਦਾ ਲਿਪੀ ਤੋਂ ਨਿਕਲ਼ੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਸਹਿਬਾਨ ਤੋਂ ਪਹਿਲਾਂ ਗੁਰਮੁਖੀ ਲਿਪੀ ਦਾ ਨਾਂ ਗੁਰਮੁਖੀ ਨਹੀਂ ਸੀ, ਕੋਈ ਹੋਰ ਨਾਂ ਹੋਵੇਗਾ, ਜਿਵੇਂ ਸ਼ਾਰਦਾ ਜਾਂ ਸਿਧੋਝਾਇਆ, ਸਿੱਧ-ਮਾਤਰਿਕਾ ਭੱਟਅੱਛਰੀ ਜਾਂ ਅਰਧ-ਨਾਗਰੀ। ਗੁਰਮੁਖੀ ਨਾਂ ਤਾਂ ਗੁਰੂ ਸਾਹਿਬਾਨ ਦੀ ਦੇਣ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿੱਚ ਗੁਰੂ-ਬਾਣੀ ਨੂੰ ਲਿਖਣ ਦਾ ਅਵਸਰ ਆਇਆ ਤਾਂ ਉਸ ਵੇਲ਼ੇ ਅਜਿਹੀ ਲਿਪੀ ਦੀ ਜ਼ਰੂਰਤ ਸੀ ਜੋ ਸਾਹਿਤਿਕ ਹੋਵੇ ਅਤੇ ਜੋ ਗੁਰਬਾਣੀ ਦੀਆਂ ਬਰੀਕੀਆਂ ਨੂੰ ਅੰਕਿਤ ਕਰਨ ਵਿੱਚ ਸਮਰੱਥ ਹੋਵੇ।
ਗੁਰਮੁਖੀ ਦਾ ਨਾਂ ਪੁਰਾਣਾ ਨਹੀਂ, ਕੋਈ ਪੰਜ ਸੌ ਸਾਲ ਤੋਂ ਹੀ ਪਿਆ ਹੈ ਪਰ ਗੁਰਮੁਖੀ ਦੇ ਅੱਖਰ ਅਵੱਸ਼ ਪੁਰਾਣੇ ਹਨ। ਗੁਰਮੁਖੀ ਦੇ 15 ਅੱਖਰ ਟਾਕਰੀ ਦੇ ਅੱਖਰਾਂ ਨਾਲ਼ ਸਾਂਝੇ ਹਨ, ਪੰਜ ਕਾਫ਼ੀ ਮਿਲ਼ਦੇ ਹਨ ਅਤੇ ਛੇ ਕੁਝ-ਕੁਝ ਮਿਲ਼ਦੇ ਹਨ। ਸੱਤ ਅੱਖਰ ਨਵੀਨ ਸ਼ਾਰਦਾ ਨਾਲ਼ ਸਾਂਝੇ ਹਨ ਅਤੇ ਬਾਰਾਂ ਕਾਫ਼ੀ ਮਿਲ਼ਦੇ ਹਨ। ਗੁਰਮੁਖੀ ਦੇ ਜਿਹੜੇ ਥੋੜ੍ਹੇ ਅੱਖਰ ਸ਼ਾਰਦਾ ਤੇ ਟਾਕਰੀ ਨਾਲ਼ ਨਹੀਂ ਰਲ਼ਦੇ ਉਹ ਲੰਡੇ, ਮਹਾਜਨੀ ਦੇ ਅੱਖਰਾਂ ਨਾਲ਼ ਮਿਲਦੇ ਹਨ। ਇਸ ਤੋਂ ਸਿੱਟਾ ਇਹ ਨਿਕਲ਼ਦਾ ਹੈ ਕਿ ਗੁਰਮੁਖੀ ਦੇ ਸਾਰੇ ਅੱਖਰ ਗੁਰੂ ਕਾਲ ਤੋਂ ਪਹਿਲਾਂ ਦੇ ਸਨ ਪਰ ਗੁਰੂ ਨਾਨਕ ਦੇਵ ਜਾਂ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਸਹੀ ਸੋਧ ਤੇ ਤਰਤੀਬ ਦੇ ਕੇ ਆਦਰਸ਼ ਲਿਪੀ ਦਾ ਮੁਹਾਂਦਰਾ ਪ੍ਰਦਾਨ ਕੀਤਾ। ਇਸ ਲਈ ਇਹ ਕਹਿਣਾ ਸਰਾਸਰ ਭ੍ਰਾਮਿਕ ਹੈ ਕਿ ਗੁਰਮੁਖੀ ਸਿੱਖ ਗੁਰੂਆਂ ਦੀ ਘੜੀ ਹੋਈ ਲਿਪੀ ਹੈ। ਸਗੋਂ ਸਚਾਈ ਇਹ ਹੈ ਕਿ ਗੁਰਮੁਖੀ ਗੁਰੂ-ਕਾਲ ਤੋਂ ਪਹਿਲਾਂ ਪੰਜਾਬ ਵਿੱਚ ਪ੍ਰਚਲਿਤ ਪੁਰਾਣੀਆਂ ਲਿਪੀਆਂ ਦਾ ਸੁਧਰਿਆ ਤੇ ਸੁਆਰਿਆ ਰੂਪ ਹੈ।
ਪ੍ਰਸ਼ਨ 6. ਗੁਰਮੁਖੀ ਦੀ ਸਾਰੀ ਵਰਨਮਾਲਾ ਨੂੰ ਤਰਤੀਬ ਵਿੱਚ ਲਿਖ ਕੇ ਇਸ ਦਾ ਮਹੱਤਵ ਸੰਖੇਪ ਵਿੱਚ ਵਰਣਨ ਕਰੋ।
ਉੱਤਰ: ਗੁਰਮੁਖੀ ਵਰਨਮਾਲਾ
ਗੁਰਮੁਖੀ ਦੀ ਜੋ ਇਸ ਵੇਲ਼ੇ ਵਰਨਮਾਲਾ ਹੈ ਉਸ ਦਾ ਵਿਸਤਾਰ ਇਹ ਹੈ:
ੳ ਅ ੲ ਸ ਹ
ਕ ਖ ਗ ਘ ਙ
ਚ ਚ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਇਹ ਪੈਂਤੀ ਅੱਖਰ ਹਨ। ਇਹਨਾਂ ਤੋਂ ਬਿਨਾਂ, ਹੁਣ ਫ਼ਾਰਸੀ ਧੁਨੀਆਂ ਨੂੰ ਪ੍ਰਗਟਾਉਣ ਲਈ ਸ਼, ਖ਼, ਗ਼, ਜ਼, ਫ਼, ਪੰਜ ਅਤੇ ਤਾਲ੍ਹਵੀ ਧੁਨੀ ਲਈ ਲ਼ (ਇੱਕ) ਅੱਖਰ ਦਾ ਹੋਰ ਅੱਖਰਾਂ ਦਾ ਵਾਧਾ ਕਰ ਲਿਆ ਗਿਆ ਹੈ। ਇਹਨਾਂ ਅੱਖਰਾਂ ਤੋਂ ਬਿਨਾਂ ਗੁਰਮੁਖੀ ਲਿਪੀ ਵਿੱਚ ਲਗਾਂ ਵੀ ਹਨ: ਅ, ਆ, ਇ, ਈ, ਉ, ਊ, ਏ, ਐ, ਓ, ਔ, ਅੰ, ਆਂ ਲਗਾਂ ਵਾਲ਼ੇ ਇਹਨਾਂ ਅੱਖਰਾਂ ਨੂੰ ‘ਮੁਹਾਰਨੀ’ ਵੀ ਕਿਹਾ ਜਾਂਦਾ ਹੈ।
ਵਰਨਾਂ ਤੇ ਲਗਾਂ ਤੋਂ ਬਿਨਾਂ ਗੁਰਮੁਖੀ ਦੀ ਲਿਖਾਵਟ ਵਿੱਚ ਅਧਕ ਦਾ ਚਿੰਨ੍ਹ ਵੀ ਹੈ ਜੋ ਪੰਜਾਬੀ ਦੀ ਖ਼ਾਸ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਗੁਰਮੁਖੀ ਲਿਪੀ ਦੇ ਤਿੰਨ ਪੱਧਰ ਹਨ।
1. ਵਰਨ
2. ਲਗਾਂ-ਮਾਤਰਾਂ
3. ਅਧਕ ਚਿੰਨ੍ਹ
ਲਗਾਂ ਦੇ ਜੋ ਬਾਰਾਂ ਅੱਖਰ-ਚਿੰਨ੍ਹ ਮੁਹਾਰਨੀ ਵਿੱਚ ਰੱਖੇ ਗਏ ਹਨ, ਉਹ ਸਾਰੇ ੳ, ਅ, ੲ ਇਹਨਾਂ ਤਿੰਨਾਂ ਚਿੰਨ੍ਹਾਂ ਨੇ ਹੀ ਸਮੇਟ ਲਏ ਹਨ। ਇਹ ਤਿੰਨੇ ਲਗਾਂ ਦੇ ਵਾਹਕ ਚਿੰਨ੍ਹ ਹਨ। ਸਾਰੀਆਂ ਲਗਾਂ ਇਹਨਾਂ ਤਿੰਨਾਂ ਚਿੰਨ੍ਹਾਂ ਨਾਲ਼ ਹੀ ਚਿੰਨ੍ਹਿਤ ਕਰ ਦਿੱਤੀਆਂ ਗਈਆਂ ਹਨ। ਜਿੱਥੋਂ ਤੱਕ ਗੁਰਮੁਖੀ ਦੇ ਲਿਪੀ-ਪ੍ਰਕਾਰ ਦਾ ਸੰਬੰਧ ਹੈ, ਅੱਜ ਦੀਆਂ ਲਿਪੀ-ਵਿਗਿਆਨਿਕ ਖੋਜਾਂ ਇਸ ਸਿੱਟੇ ‘ਤੇ ਪਹੁੰਚਦੀਆਂ ਹਨ ਕਿ ਗੁਰਮੁਖੀ ਉਚਾਰਖੰਡੀ ਲਿਪੀ ਦੀ ਵੰਨਗੀ ਹੈ। ਇਸ ਦਾ ਲੱਛਣ ਇਹ ਹੈ ਗੁਰਮੁਖੀ ਦੇ ਕ,ਖ,ਗ, ਆਦਿ ਸਾਰੇ ਲਿਪੀ-ਚਿੰਨ੍ਹ ਅਸਲ ਵਿੱਚ ਕ + ਅ, ਖ + ਅ, ਗ + ਅ ਦੇ ਦੋ ਧੁਨੀਆਂ ਨੂੰ ਪ੍ਰਗਟ ਕਰਦੇ ਹਨ, ਇਕਹਿਰੀਆਂ ਵਿਅੰਜਨ ਧੁਨੀਆਂ ਨੂੰ ਪ੍ਰਗਟ ਨਹੀਂ ਕਰਦੇ। ਦੋ-ਦੋ ਧੁਨੀਆਂ (ਵਿਅੰਜਨ ਤੇ ਸ੍ਵਰ) ਦੇ ਜੁੱਟਾਂ ਲਈ ਇੱਕ ਇੱਕ ਲਿਪੀ-ਚਿੰਨ੍ਹ ਨੂੰ ਹੀ ਉਚਾਰ-ਖੰਡ ਜਾਂ ਸਿਲੇਬਲ ਕਿਹਾ ਜਾਂਦਾ ਹੈ। ਉਚਾਰ-ਖੰਡਾਂ ਨੂੰ ਪ੍ਰਗਟ ਕਰਨ ਵਾਲ਼ੇ ਲਿਪੀ-ਚਿੰਨ੍ਹਾਂ ‘ਤੇ ਆਧਾਰਿਤ ਹੋਣ ਕਰਕੇ ਗੁਰਮੁਖੀ ਲਿਪੀ ਇੱਕ ਉਚਾਰ-ਖੰਡੀ ਲਿਪੀ ਹੈ।
ਪ੍ਰਸ਼ਨ 7. ‘ਗੁਰਮੁਖੀ ਇੱਕ ਪੁਰਾਣੀ ਲਿਪੀ ਹੈ’, ਇਸ ਕਥਨ ਨੂੰ ਸਮਝਾਓ।
ਉੱਤਰ: ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਦਾ ਨਾਂ ਬ੍ਰਾਹਮੀ ਹੈ। ਬ੍ਰਾਹਮੀ ਤੋਂ ਪਹਿਲਾਂ ਭਾਵੇਂ ਸਿੰਧੂ ਲਿਪੀ ਦਾ ਜ਼ਿਕਰ ਹੁੰਦਾ ਹੈ ਪਰ ਉਸ ਨੂੰ ਅਜੇ ਤੱਕ ਪੜ੍ਹਿਆ ਨਹੀਂ ਜਾ ਸਕਿਆ ਹੈ। ਬ੍ਰਾਹਮੀ ਇਤਿਹਾਸਿਕ ਤੌਰ ‘ਤੇ ਪ੍ਰਮਾਣਿਤ ਲਿਪੀ ਹੈ। ਬ੍ਰਾਹਮੀ ਲਿਪੀ ਦੀਆਂ ਛੁਟ-ਪੁੱਟ ਨਿਸ਼ਾਨੀਆਂ ਭਾਵੇਂ ਕਾਫ਼ੀ ਪੁਰਾਣੇ ਸਮੇਂ ਵਿੱਚ ਉਪਲਬਧ ਹੁੰਦੀਆਂ ਹਨ ਪਰ ਅੱਜ ਤੋਂ ਕੋਈ ਢਾਈ ਹਜ਼ਾਰ ਸਾਲ ਪਹਿਲਾਂ ਤੀਜੀ ਸਦੀ ਪੂਰਵ-ਈਸਵੀ ਵਿੱਚ ਅਸ਼ੋਕ ਮਹਾਨ (ਰਾਜ ਕਾਲ 272-235 ਪੂ. ਈ.) ਦੇ ਦੇਸ-ਵਿਆਪੀ ਸ਼ਿਲਾਲੇਖਾਂ ਤੋਂ ਬ੍ਰਾਹਮੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਇਤਿਹਾਸਿਕ ਗਵਾਹੀ ਮਿਲ਼ਦੀ ਹੈ। ਅਸ਼ੋਕ ਦੇ ਸ਼ਿਲਾਲੇਖ ਜਾਂ ਧਰਮਲੇਖ ਪੱਛਮ-ਉੱਤਰ ਭਾਰਤ (ਹੁਣ ਪਾਕਿਸਤਾਨ) ਤੋਂ ਲੈ ਕੇ ਦੱਖਣੀ ਭਾਰਤ ਵਿੱਚ ਮੈਸੂਰ ਰਾਜ ਤੱਕ ਮਿਲ਼ੇ ਹਨ, ਕਿਉਂਕਿ ਅਸ਼ੋਕ ਦਾ ਰਾਜ-ਸ਼ਾਸਨ ਬੰਗਾਲ ਦੀ ਖਾੜੀ ਤੋਂ ਲੈ ਕੇ ਪੱਛਮ ਵਿੱਚ ਅਰਬ ਸਾਗਰ ਦੇ ਕੰਢਿਆਂ ਤੱਕ ਫੈਲਿਆ ਹੋਇਆ ਸੀ। ਪੱਛਮ-ਉੱਤਰ ਵਿੱਚ ਸ਼ਾਹਬਾਜ਼ ਗੜ੍ਹੀ (ਜ਼ਿਲ੍ਹਾ ਪਿਸ਼ਾਵਰ) ਅਤੇ ਮਾਨਸੇਹਰਾ (ਜ਼ਿਲ੍ਹਾ ਹਜ਼ਾਰਾ) ਦੇ ਸ਼ਿਲਾਲੇਖਾਂ ਨੂੰ ਛੱਡ ਕੇ ਅਸ਼ੋਕ ਦੇ ਬਾਕੀ ਸਾਰੇ ਸ਼ਿਲਾਲੇਖ ਬ੍ਰਾਹਮੀ ਲਿਪੀ ਵਿੱਚ ਹੀ ਅੰਕਿਤ ਹਨ। ਇਹਨਾਂ ਸ਼ਿਲਾਲੇਖਾਂ ਦੀ ਭਾਸ਼ਾ ਪਾਲੀ ਪ੍ਰਾਕਿਰਤ ਹੈ ਜੋ ਵੈਦਿਕ ਸੰਸਕ੍ਰਿਤ ਤੇ ਅਗਲੇ ਪੜਾਅ ਦੀ ਭਾਸ਼ਾ ਹੈ। ਪਾਲੀ ਹੀ ਬੁੱਧ ਧਰਮ ਦੀ ਭਾਸ਼ਾ ਸੀ। ਅਸ਼ੋਕੀ ਸ਼ਿਲਾਲੇਖਾਂ ਦੀ ਪ੍ਰਾਕਿਰਤ ਭਾਸ਼ਾ ਵਿੱਚ ਇਲਾਕੇ ਦੇ ਅਨੁਸਾਰ ਥੋੜ੍ਹਾ-ਥੋੜ੍ਹਾ ਫ਼ਰਕ ਜ਼ਰੂਰ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਤਰ੍ਹਾਂ ਅਸ਼ੋਕ ਦੇ ਰਾਜ-ਕਾਲ ਵਿੱਚ ਸਮੁੱਚੇ ਭਾਰਤ ਵਿੱਚ ਬ੍ਰਾਹਮੀ ਲਿਪੀ ਹੀ ਪ੍ਰਚਲਿਤ ਸੀ ਅਤੇ ਪੱਛਮ-ਉੱਤਰ ਦੇ ਦੋ ਸਥਾਨਾਂ ਦੇ ਸ਼ਿਲਾਲੇਖਾਂ ਵਿੱਚ ਖਰੋਸ਼ਟੀ ਲਿਪੀ ਦਾ ਪ੍ਰਯੋਗ ਹੋਇਆ ਹੈ। ਇਸ ਲਈ ਬ੍ਰਾਹਮੀ ਲਿਪੀ ਗੁਰਮੁਖੀ, ਨਾਗਰੀ ਆਦਿ ਸਾਰੀਆਂ ਭਾਰਤੀ ਲਿਪੀਆਂ ਦੀ ਜਨਮਦਾਤੀ ਮੰਨੀ ਜਾ ਸਕਦੀ ਹੈ।
ਅਸ਼ੋਕ ਦੀ ਬ੍ਰਾਹਮੀ ਲਿਪੀ ਵਿੱਚ ਕੁੱਲ 39 (ਉਨਤਾਲੀ) ਅੱਖਰ-ਸੰਕੇਤ ਹਨ। ਸੰਜੁਗਤ ਅੱਖਰ ਬਹੁਤ ਘੱਟ ਹਨ। ਬ੍ਰਾਹਮੀ, ਗੁਰਮੁਖੀ ਵਾਂਗੂ ਖੱਬੇ ਤੋਂ ਸੱਜੇ ਪਾਸੇ ਵੱਲ ਲਿਖੀ ਜਾਂਦੀ ਹੈ। ਅਸ਼ੋਕ ਤੋਂ ਬਾਅਦ ਜਿਵੇਂ ਸਮਾਂ ਬੀਤਦਾ ਗਿਆ, ਬ੍ਰਾਹਮੀ ਵਿੱਚ ਵੀ ਤਬਦੀਲੀ ਆਉਂਦੀ ਗਈ। ਬ੍ਰਾਹਮੀ ਤੋਂ ਹੀ ਹੌਲ਼ੀ-ਹੌਲ਼ੀ ਭਾਰਤ ਦੀਆਂ ਅਨੇਕ ਪ੍ਰਾਂਤਿਕ ਲਿਪੀਆਂ ਵਿਕਸਿਤ ਹੋਈਆਂ ਹਨ, ਜੋ ਅੱਜ-ਕੱਲ੍ਹ ਜਾਰੀ ਹਨ।
ਬ੍ਰਾਹਮੀ ਤੋਂ ਉੱਤਰੀ ਸ਼ੈਲੀ ਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ। ਉੱਤਰੀ ਸ਼ੈਲੀ ਤੋਂ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ਹੀ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪ੍ਰਾਚੀਨ ਲਿਪੀ-ਰੂਪ ਤੋਂ ਗੁਰਮੁਖੀ ਦੀ ਉਤਪਤੀ ਹੋਈ। ਇਸ ਪ੍ਰਕਾਰ ਬ੍ਰਾਹਮੀ ਤੋਂ ਵੱਖ-ਵੱਖ ਪੜਾਓ ਪਾਰ ਕਰਦੀਆਂ ਹੋਈਆਂ ਭਾਰਤ ਦੀਆਂ ਪ੍ਰਮੁੱਖ ਲਿਪੀਆਂ ਜਿਵੇਂ ਦੇਵਨਾਗਰੀ, ਬੰਗਲਾ, ਕੈਥੀ, ਗੁਰਮੁਖੀ, ਮੋੜੀ, ਗੁਜਰਾਤੀ, ਤੇਲਗੂ, ਕੰਨੜੀ ਆਦਿ ਉਤਪੰਨ ਹੋਈਆਂ। ਪੰਜਾਬੀ ਵਿੱਚ ਗੁਰਮੁਖੀ ਤੋਂ ਇਲਾਵਾ ਟਾਕਰੀ, ਲੰਡੇ, ਭੱਟਅੱਛਰੀ, ਸਰਾਫੀ, ਅਰਧ-ਨਾਗਰੀ, ਸਿੱਧ-ਮਾਤਰਿਕਾ ਆਦਿ ਲਿਪੀਆਂ ਸ਼ਾਰਦਾ ਲਿਪੀ ਤੋਂ ਵਿਗਸੀਆਂ ਹਨ।
ਪ੍ਰਸ਼ਨ 8. ਕੀ ਗੁਰਮੁਖੀ ਲਿਪੀ ਨੂੰ ਗੁਰੂ ਸਾਹਿਬਾਨ ਨੇ ਬਣਾਇਆ ਹੈ? ਚਰਚਾ ਕਰੋ।
ਉੱਤਰ: ਗੁਰਮੁਖੀ ਨਾਂ ਤਾਂ ਗੁਰੂ ਸਾਹਿਬਾਨ ਦੀ ਦੇਣ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿੱਚ ਗੁਰੂ-ਬਾਣੀ ਨੂੰ ਲਿਖਣ ਦਾ ਅਵਸਰ ਆਇਆ ਤਾਂ ਉਸ ਵੇਲ਼ੇ ਅਜਿਹੀ ਲਿਪੀ ਦੀ ਜ਼ਰੂਰਤ ਸੀ ਜੋ ਸਾਹਿਤਿਕ ਹੋਵੇ ਅਤੇ ਜੋ ਗੁਰਬਾਣੀ ਦੀਆਂ ਬਰੀਕੀਆਂ ਨੂੰ ਅੰਕਿਤ ਕਰਨ ਵਿੱਚ ਸਮਰੱਥ ਹੋਵੇ। ਗੁਰੂ ਸਾਹਿਬਾਨ ਦੇ ਸਾਮ੍ਹਣੇ ਪੰਜਾਬ ਦੀਆਂ ਅਧੂਰੀਆਂ ਲਿਪੀਆਂ ਸਨ। ਹੋ ਸਕਦਾ ਹੈ ਉਹਨਾਂ ਅਧੂਰੀਆਂ ਲਿਪੀਆਂ ਦੇ ਅੱਖਰਾਂ ਨੂੰ ਸੋਧ ਕੇ ਅਤੇ ਤਰਤੀਬ ਦੇ ਕੇ ਇੱਕ ਅਜਿਹੀ ਲਿਪੀ ਵਿਓਂਤ ਲਈ ਜੋ ਤਤਕਾਲੀ ਪੰਜਾਬੀ ਸਾਹਿਤਿਕ ਭਾਸ਼ਾ ਅਤੇ ਗੁਰੂ-ਬਾਣੀ ਦੀਆਂ ਸਾਰੀਆਂ ਧੁਨੀਆਂ ਨੂੰ ਲਿਖਣ ਲਈ ਆਦਰਸ਼ ਲਿਪੀ ਬਣ ਨਿੱਬੜੀ।
ਗੁਰਮੁਖੀ ਦਾ ਨਾਂ ਪੁਰਾਣਾ ਨਹੀਂ, ਕੋਈ ਪੰਜ ਸੌ ਸਾਲ ਤੋਂ ਹੀ ਪਿਆ ਹੈ ਪਰ ਗੁਰਮੁਖੀ ਦੇ ਅੱਖਰ ਅਵੱਸ਼ ਪੁਰਾਣੇ ਹਨ। ਗੁਰਮੁਖੀ ਦੇ 15 ਅੱਖਰ ਟਾਕਰੀ ਦੇ ਅੱਖਰਾਂ ਨਾਲ਼ ਸਾਂਝੇ ਹਨ, ਪੰਜ ਕਾਫੀ ਮਿਲ਼ਦੇ ਹਨ ਅਤੇ ਛੇ ਕੁਝ-ਕੁਝ ਮਿਲ਼ਦੇ ਹਨ। ਸੱਤ ਅੱਖਰ ਨਵੀਨ ਸ਼ਾਰਦਾ ਨਾਲ਼ ਸਾਂਝੇ ਹਨ ਅਤੇ ਬਾਰਾਂ ਕਾਫ਼ੀ ਮਿਲ਼ਦੇ ਹਨ। ਗੁਰਮੁਖੀ ਦੇ ਜਿਹੜੇ ਥੋੜ੍ਹੇ ਅੱਖਰ ਸ਼ਾਰਦਾ ਤੇ ਟਾਕਰੀ ਨਾਲ਼ ਨਹੀਂ ਰਲ਼ਦੇ ਉਹ ਲੰਡੇ, ਮਹਾਜਨੀ ਦੇ ਅੱਖਰਾਂ ਨਾਲ਼ ਮਿਲ਼ਦੇ ਹਨ। ਇਸ ਤੋਂ ਸਿੱਟਾ ਇਹ ਨਿਕਲ਼ਦਾ ਹੈ ਕਿ ਗੁਰਮੁਖੀ ਦੇ ਸਾਰੇ ਅੱਖਰ ਗੁਰੂ ਕਾਲ ਤੋਂ ਪਹਿਲਾਂ ਦੇ ਸਨ ਪਰ ਗੁਰੂ ਨਾਨਕ ਦੇਵ ਜਾਂ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਸਹੀ ਸੋਧ ਤੇ ਤਰਤੀਬ ਦੇ ਕੇ ਆਦਰਸ਼ ਲਿਪੀ ਦਾ ਮੁਹਾਂਦਰਾ ਪ੍ਰਦਾਨ ਕੀਤਾ। ਇਸ ਲਈ ਇਹ ਕਹਿਣਾ ਸਰਾਸਰ ਭ੍ਰਾਮਿਕ ਹੈ ਕਿ ਗੁਰਮੁਖੀ ਸਿੱਖ ਗੁਰੂਆਂ ਦੀ ਘੜੀ ਹੋਈ ਲਿਪੀ ਹੈ। ਸਗੋਂ ਸਚਾਈ ਇਹ ਹੈ ਕਿ ਗੁਰਮੁਖੀ ਗੁਰੂ-ਕਾਲ ਤੋਂ ਪਹਿਲਾਂ ਪੰਜਾਬ ਵਿੱਚ ਪ੍ਰਚਲਿਤ ਪੁਰਾਣੀਆਂ ਲਿਪੀਆਂ ਦਾ ਸੁਧਰਿਆ ਤੇ ਸੁਆਰਿਆ ਰੂਪ ਹੈ।
ਪ੍ਰਸ਼ਨ 9. ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਦਾ ਆਪਸੀ ਰਿਸ਼ਤਾ ਕਿਹੋ–ਜਿਹਾ ਹੈ? ਵਰਣਨ ਕਰੋ।
ਉੱਤਰ: ਪੰਜਾਬੀ ਭਾਸ਼ਾ ਤੇ ਗੁਰਮੁਖੀ ਦਾ ਬਹੁਤ ਗੂੜ੍ਹਾ ਸੰਬੰਧ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਹੀ ਗੁਰਮੁਖੀ ਦਾ ਜਨਮ ਹੋਇਆ ਹੈ ਅਤੇ ਪੰਜਾਬੀ ਨੂੰ ਛੱਡ ਕੇ ਗੁਰਮੁਖੀ ਲਿਪੀ ਕਿਸੇ ਹੋਰ ਭਾਸ਼ਾ ਨੂੰ ਲਿਖਣ ਲਈ ਰਾਖਵੀਂ ਨਹੀਂ ਹੈ। ਪੰਜਾਬੀ ਭਾਸ਼ਾ ਦੀਆਂ ਸਾਰਥਕ ਧੁਨੀਆਂ ਨੂੰ ਅੱਖਰਾਂ ਵਿੱਚ ਚਿੰਨ੍ਹਿਤ ਕਰਨ ਦਾ ਜੋ ਲਿਖਣ-ਪ੍ਰਬੰਧ ਉਸਰਿਆ ਹੈ, ਉਹ ਗੁਰਮੁਖੀ ਲਿਪੀ ਹੈ। ਗੁਰਮੁਖੀ ਦੇ ਸਾਰੇ ਅੱਖਰ ਪੰਜਾਬੀ ਦੀਆਂ ਸਾਰੀਆਂ ਧੁਨੀਆਂ ਨੂੰ ਪ੍ਰਗਟਾਉਣ ਵਾਲ਼ੇ ਹਨ। ਅੱਖਰਾਂ ਨੂੰ ‘ਵਰਨ’ ਵੀ ਕਿਹਾ ਜਾਂਦਾ ਹੈ ਅਤੇ ਵਰਨਾਂ ਦੀ ਤਰਤੀਬ ਨੂੰ ਵਰਨਮਾਲਾ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਦੇ ਅੱਖਰ ਜਦੋਂ ਇੱਕ ਤਰਤੀਬ ਵਿੱਚ ਵਿਓਂਤੇ ਜਾਂਦੇ ਹਨ ਤਾਂ ਉਹਨਾਂ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਗੁਰਮੁਖੀ ਵਰਨਮਾਲਾ ਨੂੰ ‘ਪੈਂਤੀ’ ਕਹਿਣ ਦਾ ਰਿਵਾਜ ਹੈ ਕਿਉਂਕਿ ਪਹਿਲਾਂ ਗੁਰਮੁਖੀ ਵਰਨਮਾਲਾ ਵਿੱਚ 35 (ਪੈਂਤੀ) ਅੱਖਰ ਹੀ ਸਨ। ਇਹ ਸਿਰਫ਼ ਪੰਜਾਬੀ ਸੱਭਿਆਚਾਰ ਦੀ ਹੀ ਰੀਤ ਹੈ ਕਿ ਗਿਣਤੀਵਾਚਕ ਸ਼ਬਦ ਲਿਪੀਵਾਚਕ ਬਣ ਨਿਬੜੇ ਹਨ।
ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੇ ਸੰਬੰਧ ਵਿੱਚ ਇਹ ਉਲੇਖਯੋਗ ਹੈ ਕਿ ਪੰਜਾਬੀ ਤੇ ਗੁਰਮੁਖੀ ਦਾ ਰਿਸ਼ਤਾ ਚਿਰੋਕਣਾ ਹੈ । ਗੁਰਮੁਖੀ ਪੰਜਾਬੀ ਦੀ ਵਿਰਾਸਤ ਹੈ, ਇਹ ਪੰਜਾਬ ਦੀ ਜੱਦੀ ਪੈਦਾਵਾਰ ਹੈ, ਗੁਰਮੁਖੀ ਮਾਂਗਵੀਂ ਜਾਂ ਬਾਹਰੋਂ ਠੋਸੀ ਹੋਈ ਨਹੀਂ ਹੈ, ਇਹ ਤਾਂ ਸੁਦੇਸ਼ੀ ਪੰਜਾਬੀ ਬੋਲੀ ਨਾਲ਼ ਪਰਨਾਈ ਹੋਈ ਹੈ। ਇਹਨਾਂ ਦੋਹਾਂ ਦਾ ਰਿਸ਼ਤਾ ਮੁੱਢ-ਕਦੀਮ ਦਾ ਹੈ।
ਆਧੁਨਿਕ ਖੋਜਾਂ ਤੋਂ ਇੱਕ ਗੱਲ ਉੱਭਰ ਕੇ ਸਾਮ੍ਹਣੇ ਆਈ ਹੈ ਕਿ ਪੰਜਾਬੀ ਟੋਨ ਵਾਲ਼ੀ (ਸੁਰਾਤਮਿਕ) ਭਾਸ਼ਾ ਹੈ ਕਿਉਂਕਿ ਟੋਨ ਕਰਕੇ ਅਰਥਾਂ ਵਿੱਚ ਫ਼ਰਕ ਆ ਜਾਂਦਾ ਹੈ। ਪਰ ਗੁਰਮੁਖੀ ਵਰਨਮਾਲਾ ਵਿੱਚ ਟੋਨ ਨੂੰ ਲਿਖਣ ਵਾਸਤੇ ਕੋਈ ਵੱਖਰਾ ਲਿਪੀ-ਚਿੰਨ੍ਹ ਨਹੀਂ ਹੈ। ਉਂਞ ਰਵਾਇਤੀ ਤੌਰ ‘ਤੇ ਪੰਜਾਬੀ ਬੁਲਾਰੇ ਟੋਨ ਦਾ ਉਚਾਰਨ ਕਰਦੇ ਆ ਰਹੇ ਹਨ। ਕੰਨ੍ਹਾ, ਜਿਨ੍ਹਾਂ, ਚਿੰਨ੍ਹ, ਆਦਿ ਸ਼ਬਦਾਂ ਦੇ ਨੰਨੇ ਦੇ ਪੈਰੀਂ ਜਿਹੜਾ ਛੋਟਾ ਜਿਹਾ ਹਾਹਾ, ਅੱਖਰ ਪਾਇਆ ਹੋਇਆ ਹੈ ਇਹ ਟੋਨ ਦਾ ਹੀ ਰਵਾਇਤੀ ਸੰਕੇਤ ਹੈ ਇਸੇ ਤਰ੍ਹਾਂ ਘ, ਝ, ਢ, ਧ, ਭ ਇਹ ਪੰਜ ਅੱਖਰ ਵੀ ਪੰਜਾਬੀ ਦੀਆਂ ਟੋਨ ਵਾਲ਼ੀਆਂ ਧੁਨੀਆਂ ਨੂੰ ਪ੍ਰਗਟ ਕਰਦੇ ਹਨ।
ਪ੍ਰਸ਼ਨ 10. ਗੁਰਮੁਖੀ ਲਿਪੀ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ: ਜਿਸ ਲਿਪੀ ਦੇ ਅੱਖਰਾਂ ਵਿੱਚ ਅਸੀਂ ਪੰਜਾਬੀ ਲਿਖਦੇ ਹਾਂ, ਉਸ ਨੂੰ ‘ਗੁਰਮੁਖੀ ਲਿਪੀ’ ਕਿਹਾ ਜਾਂਦਾ ਹੈ। ਗੁਰਮੁਖੀ ਇੱਕ ਭਾਰਤੀ ਲਿਪੀ ਹੈ ਜੋ ਭਾਰਤ ਦੇਸ ਦੀਆਂ ਹੋਰਨਾਂ ਲਿਪੀਆਂ ਵਾਂਗ ਵਿਕਾਸ ਦੇ ਪੜਾਅ ਪਾਰ ਕਰਦੀ ਹੋਈ ਅੱਜ ਵਾਲ਼ੇ ਰੂਪ ਤੇ ਪਹੁੰਚੀ ਹੈ। ਗੁਰਮੁਖੀ ਦਾ ਜੋ ਰੂਪ ਹੁਣ ਹੈ ਉਹ ਇਸ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘ ਕੇ, ਉੱਭਰਿਆ ਹੈ। ਪੰਜਾਬੀ ਨੂੰ ਲਿਖਣ ਵਾਸਤੇ ਗੁਰਮੁਖੀ ਹੀ ਢੁਕਵੀਂ ਤੇ ਸ੍ਰੇਸ਼ਟ ਲਿਪੀ ਹੈ।
ਲਿਪੀ ਕੀ ਹੈ?
ਲਿਪੀ, ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਿਤ ਕਰਨ ਦੀ ਕਲਾ ਹੈ ਜਾਂ ਲਿਖਣ ਦਾ ਇੱਕ ਵਿਓਂਤਬੱਧ ਤਰੀਕਾ। ਜੇ ਜ਼ਰਾ ਹੋਰ ਡੂੰਘਾਈ ਨਾਲ਼ ਵੇਖੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲਿਪੀ ਉਚਰਿਤ ਧੁਨੀਆਂ ਨੂੰ ਅੰਕਿਤ ਕਰਨ ਲਈ ਚਿੰਨ੍ਹਾਂ ਤੇ ਨਿਸ਼ਾਨਾਂ ਦੇ ਲਕੀਰਨ ਦਾ ਇੱਕ ਢੰਗ ਹੈ ਜਾਂ ਲਿਪੀ ਮਨੁੱਖੀ ਸੰਘ ਵਿੱਚੋਂ ਨਿਕਲ਼ੇ ਬੋਲਾਂ ਨੂੰ ਚਿੱਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦੀ ਇੱਕ ਵਿਧੀ ਹੈ।
ਪ੍ਰਾਚੀਨ ਲਿਪੀਆਂ
ਲਿਪੀ ਦੀ ਕਾਢ ਤੋਂ ਪਹਿਲਾਂ ਪ੍ਰਾਚੀਨ ਮਨੁੱਖ ਆਪਣੇ ਦੂਰ ਬੈਠੇ ਸਾਕ-ਸੰਬੰਧੀਆਂ ਨੂੰ ਸੁਨੇਹੇ ਘੱਲਣ ਲਈ ਕਈ ਤਰ੍ਹਾਂ ਦੇ ਤਰਲੇ ਲੈਂਦਾ ਸੀ ਅਤੇ ਆਪਣੀ ਸੂਝ ਮੁਤਾਬਕ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਸੀ। ਘੋਰ ਪ੍ਰਾਚੀਨ ਮਨੁੱਖ ਨੇ ਪਹਿਲਾਂ ਆਪਣੇ ਦਿਲੀ ਭਾਵਾਂ ਨੂੰ ਦੂਰ ਭੇਜਣ ਲਈ ਆਪਣੇ ਚੁਤਰਫ਼ੇ ਖਿੱਲਰੀਆਂ ਚੀਜ਼ਾਂ ਨੂੰ ਵਰਤਣ ਦੀ ਜਾਚ ਸਿੱਖੀ। ਉਹ ਸੂਤਰਾਂ, ਧਾਗਿਆਂ ਨੂੰ ਭਾਂਤ-ਭਾਂਤ ਦੇ ਰੰਗਾਂ ਨਾਲ਼ ਰੰਗ ਕੇ ਜਾਂ ਫਿਰ ਘੋਗੇ, ਮੂੰਗੇ ਜਾਂ ਮਣਕੇ ਬੰਨ੍ਹ ਕੇ ਉਹਨਾਂ ਤੋਂ ਸੁਨੇਹੇ ਭੇਜਣ ਦਾ ਕੰਮ ਲੈਂਦਾ ਸੀ। ਇਹ ਇੱਕ ਤਰ੍ਹਾਂ ਦੀ ਲਿਪੀ ਹੀ ਸੀ ਜਿਸ ਨੂੰ ‘ਸੂਤਰ-ਲਿਪੀ’ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਉਦੋਂ ਰੱਸੀਆਂ, ਧਾਗਿਆਂ, ਬਿਰਖਾਂ ਦੀਆਂ ਛਿੱਲਾਂ ਨੂੰ ਗੰਢਾ ਦੇ ਕੇ ਸੁਨੇਹੇ ਭੇਜਣ ਦਾ ਰਿਵਾਜ ਵੀ ਆਮ ਸੀ। ਇਸ ਨੂੰ ‘ਗੰਢ ਲਿਪੀ’ ਕਿਹਾ ਗਿਆ ਹੈ। ਅੱਜ ਵੀ ਅਸੀਂ ਵਿਆਹ-ਸ਼ਾਦੀਆਂ ਦੇ ਸਮੇਂ ਰਿਸ਼ਤੇਦਾਰਾਂ ਨੂੰ ਗੰਢਾਂ ਹੀ ਭੇਜਦੇ ਹਾਂ ਅਤੇ ਵਰ੍ਹੇ-ਗੰਢ ਵੀ ਮਨਾਉਂਦੇ ਹਾਂ।
ਪਰ ਇਹਨਾਂ ਨੂੰ ਲਿਪੀ ਨਹੀਂ ਕਿਹਾ ਜਾ ਸਕਦਾ, ਇਹ ਤਾਂ ਪੁਰਾਤਨ ਮਨੁੱਖ ਦੇ ਤਰਲੇ ਸਨ। ਸੱਚ ਤਾਂ ਇਹ ਹੈ ਕਿ ਆਦਿਮ ਮਨੁੱਖ ਨੇ ਦੂਰ-ਸੰਚਾਰ ਲਈ ਰੱਸੀਆਂ ਧਾਗਿਆਂ, ਗੰਢਾਂ ਆਦਿ ਜੁਗਤਾਂ ਖੋਜ ਕੱਢੀਆਂ ਸਨ ਪਰ ਲਿਪੀ ਤੇ ਲਿਖਣ-ਕਲਾ ਨਾਲ਼ ਇਹਨਾਂ ਦਾ ਰਿਸ਼ਤਾ ਨਹੀਂ ਦਿਸਦਾ।
ਲਿਪੀ ਦਾ ਇਤਿਹਾਸ
ਲਿਪੀ ਦਾ ਸਹੀ ਅਰਥਾਂ ਵਿੱਚ ਮੁਢਲਾ ਰੂਪ ਚਿੱਤਰਾਂ ਤੇ ਤਸਵੀਰਾਂ ਤੋਂ ਸ਼ੁਰੂ ਹੁੰਦਾ ਹੈ। ਇਹ ਉਹ ਸਮਾਂ ਸੀ ਜਦੋਂ ਮਨੁੱਖ ਕਿਸੇ ਸ਼ੈਅ ਦੀ ਸ਼ਕਲ ਚਿੱਤਰਾਂ ਵਿੱਚ ਬਣਾ ਕੇ ਉਸ ਸ਼ੈਅ ਦਾ ਗਿਆਨ ਕਰਵਾਉਂਦਾ ਸੀ ਅਤੇ ਤਸਵੀਰਾਂ ਵਿੱਚ ਹੀ ਬੋਲੀ ਨੂੰ ਲਿਖਦਾ ਸੀ। ਸੱਭਿਅਤਾ ਦੇ ਵਿਕਾਸ ਤੋਂ ਪਹਿਲਾਂ ਆਦਮ ਮਨੁੱਖ ਪਹਾੜਾਂ ਦੀਆਂ ਕੰਦਰਾਂ ਅਤੇ ਗੁਫ਼ਾਵਾਂ ਵਿੱਚ ਰਹਿੰਦਾ ਸੀ। ਗੁਫ਼ਾਵਾਂ ਦੀਆਂ ਕੰਧਾਂ ਉੱਤੇ ਉਸ ਨੇ ਦੇਵੀ-ਦੇਵਤਿਆਂ ਦੇ ਚਿੱਤਰ ਬਣਾਏ ਹੋਣਗੇ ਅਤੇ ਏਧਰ-ਉਧਰ ਸੋਹਣੇ ਪਸ਼ੂ-ਪੰਛੀਆਂ ਦੀਆਂ ਤਸਵੀਰਾਂ ਵੀ ਬਣਾਈਆਂ ਹੋਣਗੀਆਂ।
ਭਾਰਤੀ ਲਿਪੀਆਂ
ਭਾਰਤ ਵਿੱਚ ਵੀ ਪੰਜ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲੱਗਦਾ ਹੈ। ਢਾਈ ਹਜ਼ਾਰ ਸਾਲਾਂ ਤੋਂ ਤਾਂ ‘ਬ੍ਰਾਹਮੀ’ ਲਿਪੀ ਵਿੱਚ ਲਿਖੇ ਸੈਂਕੜੇ ਪੱਥਰ-ਲੇਖ ਮਿਲ਼ਦੇ ਹਨ। ਮੋਹਿੰਜੋਦੜੇ ਤੇ ਹੜੱਪਾ ਥਾਂਵਾਂ ਦੀਆਂ ਥੇਹਾਂ ਵਿੱਚੋਂ ਪੰਜ ਹਜ਼ਾਰ ਸਾਲ ਪੁਰਾਣੀਆਂ ਦੇਵ-ਮੂਰਤੀਆਂ ਅਤੇ ਠੀਕਰੀਆਂ ‘ਤੇ ਉੱਕਰੇ ਬੌਲਦ, ਸ਼ੇਰ ਆਦਿ ਦੇ ਚਿੱਤਰਾਂ ਦੇ ਲਿਪੀ-ਅੱਖਰ ਮਿਲ਼ੇ ਹਨ। ਇਸ ਨੂੰ ਸਿੰਧੂ ਲਿਪੀ ਕਿਹਾ ਗਿਆ ਹੈ। ਸਿੰਧੂ ਲਿਪੀ ਅਜੇ ਪੂਰੇ ਤਰ੍ਹਾਂ ਪੜ੍ਹੀ ਨਹੀਂ ਗਈ ਪਰ ਤੀਜੀ ਸਦੀ ਪੂਰਵ ਈਸਵੀ ਸਮੇਂ ਸਮਰਾਟ ਅਸ਼ੋਕ ਨੇ ਆਪਣੇ ਹੁਕਮਨਾਮੇ ਪੱਥਰਾਂ ਉੱਤੇ ਖੁਦਵਾਏ ਸਨ। ਉਹਨਾਂ ਦੀ ਲਿਪੀ ਬ੍ਰਾਹਮੀ ਤੇ ਖਰੋਸ਼ਟੀ ਹੈ।
ਬ੍ਰਾਹਮੀ ਲਿਪੀ
ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਦਾ ਨਾਂ ਬ੍ਰਾਹਮੀ ਹੈ। ਬ੍ਰਾਹਮੀ ਤੋਂ ਪਹਿਲਾਂ ਭਾਵੇਂ ਸਿੰਧੂ ਲਿਪੀ ਦਾ ਜ਼ਿਕਰ ਹੁੰਦਾ ਹੈ ਪਰ ਉਸ ਨੂੰ ਅਜੇ ਤੱਕ ਪੜ੍ਹਿਆ ਨਹੀਂ ਜਾ ਸਕਿਆ ਹੈ। ਬ੍ਰਾਹਮੀ ਇਤਿਹਾਸਿਕ ਤੌਰ ’ਤੇ ਪ੍ਰਮਾਣਿਤ ਲਿਪੀ ਹੈ। ਬ੍ਰਾਹਮੀ ਲਿਪੀ ਦੀਆਂ ਛੁਟ-ਪੁੱਟ ਨਿਸ਼ਾਨੀਆਂ ਭਾਵੇਂ ਕਾਫ਼ੀ ਪੁਰਾਣੇ ਸਮੇਂ ਵਿੱਚ ਉਪਲਬਧ ਹੁੰਦੀਆਂ ਹਨ ਪਰ ਅੱਜ ਤੋਂ ਕੋਈ ਢਾਈ ਹਜ਼ਾਰ ਸਾਲ ਪਹਿਲਾਂ ਤੀਜੀ ਸਦੀ ਪੂਰਵ-ਈਸਵੀ ਵਿੱਚ ਅਸ਼ੋਕ ਮਹਾਨ (ਰਾਜ ਕਾਲ 272-235 ਪੂ. ਈ.) ਦੇ ਦੇਸ-ਵਿਆਪੀ ਸ਼ਿਲਾਲੇਖਾਂ ਤੋਂ ਬ੍ਰਾਹਮੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਇਤਿਹਾਸਿਕ ਗਵਾਹੀ ਮਿਲ਼ਦੀ ਹੈ। ਅਸ਼ੋਕ ਦੇ ਸ਼ਿਲਾਲੇਖ ਜਾਂ ਧਰਮਲੇਖ ਪੱਛਮ-ਉੱਤਰ ਭਾਰਤ (ਹੁਣ ਪਾਕਿਸਤਾਨ) ਤੋਂ ਲੈ ਕੇ ਦੱਖਣੀ ਭਾਰਤ ਵਿੱਚ ਮੈਸੂਰ ਰਾਜ ਤੱਕ ਮਿਲ਼ੇ ਹਨ, ਕਿਉਂਕਿ ਅਸ਼ੋਕ ਦਾ ਰਾਜ-ਸ਼ਾਸਨ ਬੰਗਾਲ ਦੀ ਖਾੜੀ ਤੋਂ ਲੈ ਕੇ ਪੱਛਮ ਵਿੱਚ ਅਰਬ ਸਾਗਰ ਦੇ ਕੰਢਿਆਂ ਤੱਕ ਫੈਲਿਆ ਹੋਇਆ ਸੀ। ਪੱਛਮ-ਉੱਤਰ ਵਿੱਚ ਸ਼ਾਹਬਾਜ਼ ਗੜ੍ਹੀ (ਜ਼ਿਲ੍ਹਾ ਪਿਸ਼ਾਵਰ) ਅਤੇ ਮਾਨਸੇਹਰਾ (ਜ਼ਿਲ੍ਹਾ ਹਜ਼ਾਰਾ) ਦੇ ਸ਼ਿਲਾਲੇਖਾਂ ਨੂੰ ਛੱਡ ਕੇ ਅਸ਼ੋਕ ਦੇ ਬਾਕੀ ਸਾਰੇ ਸ਼ਿਲਾਲੇਖ ਬ੍ਰਾਹਮੀ ਲਿਪੀ ਵਿੱਚ ਹੀ ਅੰਕਿਤ ਹਨ। ਇਹਨਾਂ ਸ਼ਿਲਾਲੇਖਾਂ ਦੀ ਭਾਸ਼ਾ ਪਾਲੀ ਪ੍ਰਾਕਿਰਤ ਹੈ ਜੋ ਵੈਦਿਕ ਸੰਸਕ੍ਰਿਤ ਤੇ ਅਗਲੇ ਪੜਾਅ ਦੀ ਭਾਸ਼ਾ ਹੈ। ਪਾਲੀ ਹੀ ਬੁੱਧ ਧਰਮ ਦੀ ਭਾਸ਼ਾ ਸੀ | ਅਸ਼ੋਕੀ ਸ਼ਿਲਾਲੇਖਾਂ ਦੀ ਪ੍ਰਾਕਿਰਤ ਭਾਸ਼ਾ ਵਿੱਚ ਇਲਾਕੇ ਦੇ ਅਨੁਸਾਰ ਥੋੜ੍ਹਾ-ਥੋੜ੍ਹਾ ਫ਼ਰਕ ਜ਼ਰੂਰ ਦ੍ਰਿਸ਼ਟੀਗੋਚਰ ਹੁੰਦਾ ਹੈ ਇਸ ਤਰ੍ਹਾਂ ਅਸ਼ੋਕ ਦੇ ਰਾਜ-ਕਾਲ ਵਿੱਚ ਸਮੁੱਚੇ ਭਾਰਤ ਵਿੱਚ ਬ੍ਰਾਹਮੀ ਲਿਪੀ ਹੀ ਪ੍ਰਚਲਿਤ ਸੀ ਅਤੇ ਪੱਛਮ-ਉੱਤਰ ਦੇ ਦੋ ਸਥਾਨਾਂ ਦੇ ਸ਼ਿਲਾਲੇਖਾਂ ਵਿੱਚ ਖਰੋਸ਼ਟੀ ਲਿਪੀ ਦਾ ਪ੍ਰਯੋਗ ਹੋਇਆ ਹੈ। ਇਸ ਲਈ ਬ੍ਰਾਹਮੀ ਲਿਪੀ ਗੁਰਮੁਖੀ, ਨਾਗਰੀ ਆਦਿ ਸਾਰੀਆਂ ਭਾਰਤੀ ਲਿਪੀਆਂ ਦੀ ਜਨਮਦਾਤੀ ਮੰਨੀ ਜਾ ਸਕਦੀ ਹੈ।
ਪੰਜਾਬ ਦੀਆਂ ਲਿਪੀਆਂ
ਪੰਜਾਬ ਵਿੱਚ ਸ਼ਾਰਦਾ, ਟਾਕਰੀ, ਲੰਡੇ, ਸਿਧ-ਮਾਤਰਿਕਾ, ਗੁਰਮੁਖੀ, ਭੱਟਅੱਛਰੀ, ਲਿਪੀਆਂ ਪ੍ਰਚਲਿਤ ਰਹੀਆਂ ਹਨ। ਸ਼ਾਰਦਾ ਦਾ ਖੇਤਰ ਕਸ਼ਮੀਰ ਤੋਂ ਪੰਜਾਬ ਤੱਕ ਸੀ। ਉਸ ਵਿੱਚੋਂ ਹੀ ਨਵੀਨ ਸ਼ਾਰਦਾ ਉਤਪੰਨ ਹੋਈ ਜੋ ਹੁਣ ਤੱਕ ਕਸ਼ਮੀਰ ਵਿੱਚ ਚਾਲੂ ਹੈ ਪਰ ਹੁਣ ਕਸ਼ਮੀਰ ਵਿੱਚ ਸ਼ਾਰਦਾ ਦੀ ਥਾਂ ਉਰਦੂ ਲਿਪੀ ਨੇ ਮੱਲ ਲਈ ਹੈ। ਟਾਕਰੀ ਲਿਪੀ ਕਾਂਗੜਾ ਤੇ ਜੰਮੂ ਪ੍ਰਦੇਸ਼ ਵਿੱਚ ਪ੍ਰਚਲਿਤ ਸੀ। ਹੁਣ ਉਸ ਨੂੰ ਤਿਆਗ ਦਿੱਤਾ ਗਿਆ ਹੈ। ਉਸ ਦੀ ਥਾਂ ਦੇਵਨਾਗਰੀ ਲਿਪੀ ਦਾ ਪ੍ਰਚਾਰ ਹੋ ਰਿਹਾ ਹੈ। ਲੰਡੇ, ਮਹਾਜਨੀ, ਸਰਾਫ਼ੀ ਆਦਿ ਲਿਪੀਆਂ ਮਹਾਜਨਾਂ-ਵਪਾਰੀਆਂ ਦੀਆਂ ਵਹੀਆਂ ਤੇ ਖਾਤਿਆਂ ਵਿੱਚ ਲਿਖੀਆਂ ਜਾਂਦੀਆਂ ਸਨ। ਉਹਨਾਂ ਦੀ ਵਰਤੋਂ ਉੱਥੋਂ ਤੱਕ ਹੀ ਸੀਮਿਤ ਸੀ। ਸਿੱਧ ਮਾਤਰਿਕਾ, ਅਰਧ-ਨਾਗਰੀ, ਭੱਟਅੱਛਰੀ, ਆਦਿ ਦੇ ਕੋਈ ਚਿੰਨ੍ਹ ਅੱਜ ਬਕਾਇਆ ਨਹੀਂ ਹਨ, ਸਿਰਫ਼ ਗੁਰਮੁਖੀ ਹੀ ਬਚੀ ਹੈ।
ਗੁਰਮੁਖੀ ਦਾ ਨਿਕਾਸ
ਗੁਰਮੁਖੀ ਦੇ ਨਿਕਾਸ ਜਾਂ ਉਤਪਤੀ ਬਾਰੇ ਤਿੰਨ ਤਰ੍ਹਾਂ ਦੇ ਮੱਤ-ਸਿਧਾਂਤ ਵੇਖੇ ਜਾਂਦੇ ਹਨ। ਪਹਿਲਾ ਮੱਤ ਇਹ ਹੈ ਕਿ ਗੁਰਮੁਖੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ। ਦੂਜੇ ਮੱਤ ਦੇ ਅਨੁਸਾਰ ਗੁਰਮੁਖੀ ਦੇ ਰਚੈਤਾ ਗੁਰੂ ਨਾਨਕ ਦੇਵ ਜੀ ਸਨ। ਤੀਜਾ ਮੱਤ ਕੇਸਰ ਸਿੰਘ ਛਿੱਬਰ ਦੇ ਗ੍ਰੰਥ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਉਪਲਬਧ ਹੈ। ਇਸ ਵਿੱਚ ਬਾਬਾ ਸ੍ਰੀ ਚੰਦ ਜੀ ਨੂੰ ਗੁਰਮੁਖੀ ਦਾ ਰਚੈਤਾ ਮੰਨਿਆ ਹੈ।
ਇਹਨਾਂ ਸਾਰੀਆਂ ਧਾਰਨਾਵਾਂ ਦੀ ਭਰਮ-ਨਵਿਰਤੀ ਇਸ ਇਤਿਹਾਸਿਕ ਪ੍ਰਮਾਣ ਤੋਂ ਹੋ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪ ਜਿਹੜੀ ‘ਪਟੀ’ ਨਾਮਕ ਬਾਣੀ ਰਚੀ, ਜੋ ਹੁਣ ‘ਸ੍ਰੀ ਗੁਰੂ ਗ੍ਰੰਥ ਸਾਹਿਬ‘ ਵਿੱਚ ਦਰਜ ਹੈ, ਉਸ ਵਿੱਚ ਗੁਰਮੁਖੀ ਲਿਪੀ ਦੇ ਸਾਰੇ ਅੱਖਰ ਅਤੇ ਉਹਨਾਂ ਅੱਖਰਾਂ ਦੇ ਸੱਸਾ, ਕੱਕਾ, ਆਦਿ ਉਚਾਰਨ ਵੀ ਦਿੱਤੇ ਹੋਏ ਹਨ। ਪਟੀ ਦਾ ਅਰਥ ਵਰਨਮਾਲਾ, ਪੈਂਤੀ, ਹਰਫ਼ਾਂ ਦੀ ਲੜੀ ਹੈ ਪਰ ਪਟੀ ਦਾ ਅਰਥ ਲੱਕੜੀ ਦੀ ਫੱਟੀ ਵੀ ਹੈ ਜਿਸ ਉੱਤੇ ਅੱਖਰ ਲਿਖੇ ਜਾਂਦੇ ਸਨ। ਪੰਜਾਬੀ ਦੇ ਮੁਹਾਵਰਿਆਂ ਜਿਵੇਂ ਕਿ ਪੱਟੀ ਪੜ੍ਹਾਉਣਾ, ਪੱਟੀ ਮੇਸ ਕਰਨਾ, ਵਿੱਚ ਵਰਨਮਾਲਾ ਅਤੇ ਫੱਟੀ ਦੇ ਮੂਲ ਸ਼ਬਦਾਰਥ ਪ੍ਰਾਪਤ ਹਨ, ਭਾਵੇਂ ਪ੍ਰਯੋਗ ਵਿੱਚ ਲੱਖਣਾਰਥ ਵੀ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਪਹਿਲੇ ਦੇ ਆਮ ਲੋਕਾਂ ਵਿੱਚ ਪ੍ਰਚਲਿਤ ਅੱਖਰ ਲੈ ਕੇ ਅੱਖਰ-ਕ੍ਰਮ ਨਾਲ਼ ਬਾਣੀ ਦਾ ਉਚਾਰਨ ਕੀਤਾ ਸੀ। ਇਸ ਤੋਂ ਜ਼ਾਹਰ ਹੈ ਕਿ ਗੁਰਮੁਖੀ, ਬਾਬਾ ਸ੍ਰੀ ਚੰਦ ਜੀ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ ਨੇ ਨਹੀਂ ਬਣਾਈ, ਇਹ ਤਾਂ ਪੁਰਾਤਨ ਪੰਜਾਬ ਵਿੱਚ ਆਮ ਵਰਤੀ ਜਾਂਦੀ ਸੀ।
ਗੁਰਮੁਖੀ ਦਾ ਨਾਮਕਰਨ
ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਜੋ ਬ੍ਰਾਹਮੀ ਲਿਪੀ-ਪਰਿਵਾਰ ਦੀ ਸ਼ਾਰਦਾ ਲਿਪੀ ਤੋਂ ਨਿਕਲ਼ੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਸਹਿਬਾਨ ਤੋਂ ਪਹਿਲਾਂ ਗੁਰਮੁਖੀ ਲਿਪੀ ਦਾ ਨਾਂ ਗੁਰਮੁਖੀ ਨਹੀਂ ਸੀ, ਕੋਈ ਹੋਰ ਨਾਂ ਹੋਵੇਗਾ, ਜਿਵੇਂ ਸ਼ਾਰਦਾ ਜਾਂ ਸਿਧੋਝਾਇਆ, ਸਿੱਧ-ਮਾਤਰਿਕਾ ਭੱਟ ਅੱਛਰੀ ਜਾਂ ਅਰਧ-ਨਾਗਰੀ। ਗੁਰਮੁਖੀ ਨਾਂ ਤਾਂ ਗੁਰੂ ਸਾਹਿਬਾਨ ਦੀ ਦੇਣ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿੱਚ ਗੁਰੂ-ਬਾਣੀ ਨੂੰ ਲਿਖਣ ਦਾ ਅਵਸਰ ਆਇਆ ਤਾਂ ਉਸ ਵੇਲ਼ੇ ਅਜਿਹੀ ਲਿਪੀ ਦੀ ਜ਼ਰੂਰਤ ਸੀ ਜੋ ਸਾਹਿਤਿਕ ਹੋਵੇ ਅਤੇ ਜੋ ਗੁਰਬਾਣੀ ਦੀਆਂ ਬਰੀਕੀਆਂ ਨੂੰ ਅੰਕਿਤ ਕਰਨ ਵਿੱਚ ਸਮਰੱਥ ਹੋਵੇ। ਗੁਰੂ ਸਾਹਿਬਾਨ ਦੇ ਸਾਮ੍ਹਣੇ ਪੰਜਾਬ ਦੀਆਂ ਅਧੂਰੀਆਂ ਲਿਪੀਆਂ ਸਨ। ਹੋ ਸਕਦਾ ਹੈ ਉਹਨਾਂ ਅਧੂਰੀਆਂ ਲਿਪੀਆਂ ਦੇ ਅੱਖਰਾਂ ਨੂੰ ਸੋਧ ਕੇ ਅਤੇ ਤਰਤੀਬ ਦੇ ਕੇ ਇੱਕ ਅਜਿਹੀ ਲਿਪੀ ਵਿਓਂਤ ਲਈ ਜੋ ਤਤਕਾਲੀ ਪੰਜਾਬੀ ਸਾਹਿਤਿਕ ਭਾਸ਼ਾ ਅਤੇ ਗੁਰੂ-ਬਾਣੀ ਦੀਆਂ ਸਾਰੀਆਂ ਧੁਨੀਆਂ ਨੂੰ ਲਿਖਣ ਲਈ ਆਦਰਸ਼ ਲਿਪੀ ਬਣ ਨਿੱਬੜੀ।
ਗੁਰਮੁਖੀ ਦਾ ਨਾਂ ਪੁਰਾਣਾ ਨਹੀਂ, ਕੋਈ ਪੰਜ ਸੌ ਸਾਲ ਤੋਂ ਹੀ ਪਿਆ ਹੈ ਪਰ ਗੁਰਮੁਖੀ ਦੇ ਅੱਖਰ ਅਵੱਸ਼ ਪੁਰਾਣੇ ਹਨ। ਗੁਰਮੁਖੀ ਦੇ 15 ਅੱਖਰ ਟਾਕਰੀ ਦੇ ਅੱਖਰਾਂ ਨਾਲ਼ ਸਾਂਝੇ ਹਨ, ਪੰਜ ਕਾਫੀ ਮਿਲ਼ਦੇ ਹਨ ਅਤੇ ਛੇ ਕੁਝ-ਕੁਝ ਮਿਲ਼ਦੇ ਹਨ। ਸੱਤ ਅੱਖਰ ਨਵੀਨ ਸ਼ਾਰਦਾ ਨਾਲ਼ ਸਾਂਝੇ ਹਨ ਅਤੇ ਬਾਰਾਂ ਕਾਫ਼ੀ ਮਿਲ਼ਦੇ ਹਨ। ਇਸ ਤੋਂ ਸਿੱਟਾ ਇਹ ਨਿਕਲ਼ਦਾ ਹੈ ਕਿ ਗੁਰਮੁਖੀ ਦੇ ਸਾਰੇ ਅੱਖਰ ਗੁਰੂ ਕਾਲ ਤੋਂ ਪਹਿਲਾਂ ਦੇ ਸਨ ਪਰ ਗੁਰੂ ਨਾਨਕ ਦੇਵ ਜਾਂ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਸਹੀ ਸੋਧ ਤੇ ਤਰਤੀਬ ਦੇ ਕੇ ਆਦਰਸ਼ ਲਿਪੀ ਦਾ ਮੁਹਾਂਦਰਾ ਪ੍ਰਦਾਨ ਕੀਤਾ। ਇਸ ਲਈ ਇਹ ਕਹਿਣਾ ਸਰਾਸਰ ਭ੍ਰਾਮਿਕ ਹੈ ਕਿ ਗੁਰਮੁਖੀ ਸਿੱਖ ਗੁਰੂਆਂ ਦੀ ਘੜੀ ਹੋਈ ਲਿਪੀ ਹੈ।
ਗੁਰਮੁਖੀ ਵਰਨਮਾਲਾ
ਗੁਰਮੁਖੀ ਦੀ ਜੋ ਇਸ ਵੇਲੇ ਵਰਨਮਾਲਾ ਹੈ ਉਸ ਦਾ ਵਿਸਤਾਰ ਇਹ ਹੈ:
ੳ ਅ ੲ ਸ ਹ
ਕ ਖ ਗ ਘ ਙ
ਚ ਚ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਇਹ ਪੈਂਤੀ ਅੱਖਰ ਹਨ। ਇਹਨਾਂ ਤੋਂ ਬਿਨਾਂ, ਹੁਣ ਫ਼ਾਰਸੀ ਧੁਨੀਆਂ ਨੂੰ ਪ੍ਰਗਟਾਉਣ ਲਈ ਸ਼, ਖ਼, ਗ਼, ਜ਼, ਫ਼, ਪੰਜ ਅਤੇ ਤਾਲ੍ਹਵੀ ਧੁਨੀ ਲਈ ਲ਼ (ਇੱਕ) ਅੱਖਰ ਦਾ ਹੋਰ ਅੱਖਰਾਂ ਦਾ ਵਾਧਾ ਕਰ ਲਿਆ ਗਿਆ ਹੈ। ਇਹਨਾਂ ਅੱਖਰਾਂ ਤੋਂ ਬਿਨਾਂ ਗੁਰਮੁਖੀ ਲਿਪੀ ਵਿੱਚ ਲਗਾਂ ਵੀ ਹਨ: ਅ, ਆ, ਇ, ਈ, ਉ, ਊ, ਏ, ਐ, ਓ, ਔ, ਅੰ, ਆਂ ਲਗਾਂ ਵਾਲ਼ੇ ਇਹਨਾਂ ਅੱਖਰਾਂ ਨੂੰ ‘ਮੁਹਾਰਨੀ’ ਵੀ ਕਿਹਾ ਜਾਂਦਾ ਹੈ।
ਵਰਨਾਂ ਤੇ ਲਗਾਂ ਤੋਂ ਬਿਨਾਂ ਗੁਰਮੁਖੀ ਦੀ ਲਿਖਾਵਟ ਵਿੱਚ ਅਧਕ ਦਾ ਚਿੰਨ੍ਹ ਵੀ ਹੈ ਜੋ ਪੰਜਾਬੀ ਦੀ ਖ਼ਾਸ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਗੁਰਮੁਖੀ ਲਿਪੀ ਦੇ ਤਿੰਨ ਪੱਧਰ ਹਨ।
1. ਵਰਨ
2. ਲਗਾਂ-ਮਾਤਰਾ
3. ਅਧਕ ਚਿੰਨ੍ਹ
ਉਚਾਰਨ ਤੇ ਅੱਖਰਾਂ ਦੇ ਨਾਂ
ਗੁਰਮੁਖੀ ਦੇ ਜਿੰਨੇ ਵੀ ਅੱਖਰ-ਚਿੰਨ੍ਹ ਹਨ ਉਹਨਾਂ ਦੇ ਵੱਖ-ਵੱਖ ਨਾਂ ਵੀ ਰੱਖੇ ਗਏ ਹਨ। ਨਾਂ ਰੱਖਣ ਦੀ ਰੀਤ ਅਨੁਸਾਰ ਉਸੇ ਵਰਨ ਨੂੰ ਦੁਹਰਾ ਕਰਕੇ ਨਾਂ ਰੱਖ ਲਿਆ ਗਿਆ ਹੈ, ਜਿਵੇਂ ਸ ਦਾ ਨਾਂ ਸੱਸਾ, ਕ ਦਾ ਨਾਂ ਕੱਕਾ ਪਰ ਕਈ ਥਾਂ ੜ ਜੋੜਿਆ ਹੈ ਜਿਵੇਂ ਉੜਾ, ਆੜਾ, ਈੜੀ। ਕਈ ਆੜਾ ਨੂੰ ਐੜਾ ਜਾਂ ਆਇਆ ਵੀ ਬੋਲਦੇ ਹਨ। ਲਗਾਂ-ਮਾਤਰਾ ਦੇ ਨਾਮਕਰਨ ਵਿੱਚ ਇਹ ਰੀਤ ਨਹੀਂ ਅਪਣਾਈ ਗਈ। ਉਹਨਾਂ ਦੇ ਨਾਂ ਕਾਰਜਾਂ ਨੂੰ ਮੁੱਖ ਰੱਖ ਕੇ ਰੱਖੇ ਗਏ ਹਨ।
ਮੁਕਤਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ, ਟਿੱਪੀ, ਬਿੰਦੀ ਅਤੇ ਅਧਕ।
ਪੰਜਾਬੀ ਭਾਸ਼ਾ ਤੇ ਗੁਰਮੁਖੀ
ਪੰਜਾਬੀ ਭਾਸ਼ਾ ਤੇ ਗੁਰਮੁਖੀ ਦਾ ਬਹੁਤ ਗੂੜ੍ਹਾ ਸੰਬੰਧ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਹੀ ਗੁਰਮੁਖੀ ਦਾ ਜਨਮ ਹੋਇਆ ਹੈ ਅਤੇ ਪੰਜਾਬੀ ਨੂੰ ਛੱਡ ਕੇ ਗੁਰਮੁਖੀ ਲਿਪੀ ਕਿਸੇ ਹੋਰ ਭਾਸ਼ਾ ਨੂੰ ਲਿਖਣ ਲਈ ਰਾਖਵੀਂ ਨਹੀਂ ਹੈ। ਪੰਜਾਬੀ ਭਾਸ਼ਾ ਦੀਆਂ ਸਾਰਥਕ ਧੁਨੀਆਂ ਨੂੰ ਅੱਖਰਾਂ ਵਿੱਚ ਚਿੰਨ੍ਹਿਤ ਕਰਨ ਦਾ ਜੋ ਲਿਖਣ-ਪ੍ਰਬੰਧ ਉਸਰਿਆ ਹੈ, ਉਹ ਗੁਰਮੁਖੀ ਲਿਪੀ ਹੈ। ਗੁਰਮੁਖੀ ਦੇ ਸਾਰੇ ਅੱਖਰ ਪੰਜਾਬੀ ਦੀਆਂ ਸਾਰੀਆਂ ਧੁਨੀਆਂ ਨੂੰ ਪ੍ਰਗਟਾਉਣ ਵਾਲ਼ੇ ਹਨ। ਅੱਖਰਾਂ ਨੂੰ ‘ਵਰਨ’ ਵੀ ਕਿਹਾ ਜਾਂਦਾ ਹੈ ਅਤੇ ਵਰਨਾਂ ਦੀ ਤਰਤੀਬ ਨੂੰ ਵਰਨਮਾਲਾ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਦੇ ਅੱਖਰ ਜਦੋਂ ਇੱਕ ਤਰਤੀਬ ਵਿੱਚ ਵਿਓਂਤੇ ਜਾਂਦੇ ਹਨ ਤਾਂ ਉਹਨਾਂ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਗੁਰਮੁਖੀ ਵਰਨਮਾਲਾ ਨੂੰ ‘ਪੈਂਤੀ’ ਕਹਿਣ ਦਾ ਰਿਵਾਜ ਹੈ ਕਿਉਂਕਿ ਪਹਿਲਾਂ ਗੁਰਮੁਖੀ ਵਰਨਮਾਲਾ ਵਿੱਚ 35 (ਪੈਂਤੀ) ਅੱਖਰ ਹੀ ਸਨ। ਇਹ ਸਿਰਫ਼ ਪੰਜਾਬੀ ਸੱਭਿਆਚਾਰ ਦੀ ਹੀ ਰੀਤ ਹੈ ਕਿ ਗਿਣਤੀਵਾਚਕ ਸ਼ਬਦ ਲਿਪੀਵਾਚਕ ਬਣ ਨਿਬੜੇ ਹਨ।
ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੇ ਸੰਬੰਧ ਵਿੱਚ ਇਹ ਉਲੇਖਯੋਗ ਹੈ ਕਿ ਪੰਜਾਬੀ ਤੇ ਗੁਰਮੁਖੀ ਦਾ ਰਿਸ਼ਤਾ ਚਿਰੋਕਣਾ ਹੈ । ਗੁਰਮੁਖੀ ਪੰਜਾਬੀ ਦੀ ਵਿਰਾਸਤ ਹੈ, ਇਹ ਪੰਜਾਬ ਦੀ ਜੱਦੀ ਪੈਦਾਵਾਰ ਹੈ, ਗੁਰਮੁਖੀ ਮਾਂਗਵੀਂ ਜਾਂ ਬਾਹਰੋਂ ਠੋਸੀ ਹੋਈ ਨਹੀਂ ਹੈ, ਇਹ ਤਾਂ ਸੁਦੇਸ਼ੀ ਪੰਜਾਬੀ ਬੋਲੀ ਨਾਲ਼ ਪਰਨਾਈ ਹੋਈ ਹੈ। ਇਹਨਾਂ ਦੋਂਹਾਂ ਦਾ ਰਿਸ਼ਤਾ ਮੁੱਢ-ਕਦੀਮ ਦਾ ਹੈ।
ਗੁਰਮੁਖੀ ਲਿਪੀ ਤੇ ਹੋਰ ਲਿਪੀਆਂ
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਦਾਅਵੇਦਾਰ ਹਨ। ਇੱਕ ਹੈ ਗੁਰਮੁਖੀ ਲਿਪੀ ਜਿਸ ਦੀ ਵਰਤੋਂ ਭਾਰਤੀ ਪੰਜਾਬੀ ਨੂੰ ਲਿਖਣ ਵਾਸਤੇ ਕੀਤੀ ਜਾ ਰਹੀ ਹੈ ਅਤੇ ਦੂਜੀ ਹੈ ਫ਼ਾਰਸੀ-ਉਰਦੂ ਲਿਪੀ ਜਿਸ ਨੂੰ ਪਾਕਿਸਤਾਨ ਵਿੱਚ ਪੰਜਾਬੀ ਲਿਖਣ ਵਾਸਤੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਗੁਰਮੁਖੀ ਲਿਪੀ ਤਾਂ ਪੰਜਾਬ ਦੀ ਧਰਤੀ ਦੀ ਉਪਜ ਹੈ, ਇਹ ਕਿਸੇ ਬਾਹਰਲੇ ਦੇਸ ਤੋਂ ਮਾਂਗਵੀਂ ਨਹੀਂ ਲਿਆਂਦੀ ਗਈ ਪਰ ਫ਼ਾਰਸੀ-ਉਰਦੂ ਲਿਪੀ ਬਾਹਰਲੇ ਦੇਸ ਦੀ ਹੀਬਰੂ ਲਿਪੀ ਤੋਂ ਅਰਬੀ ਲਿਪੀ ਰਾਹੀਂ ਫ਼ਾਰਸੀ–ਉਰਦੂ ਲਿਖਣ ਲਈ ਲਿਆਂਦੀ ਗਈ ਹੈ। ਨਾਲ਼ੇ ਗੁਰਮੁਖੀ ਲਿਪੀ ਸਿਰਫ਼ ਪੰਜਾਬੀ ਭਾਸ਼ਾ ਲਿਖਣ ਲਈ ਹੀ ਰਾਖਵੀਂ ਹੈ ਪਰ ਫ਼ਾਰਸੀ–ਉਰਦੂ ਲਿਪੀ ਨੂੰ ਇੱਕ ਤੋਂ ਵੱਧ ਜ਼ੁਬਾਨਾਂ ਲਈ ਵਰਤਣ ਦਾ ਜਤਨ ਕੀਤਾ ਜਾਂਦਾ ਹੈ। ਇਹ ਇੱਕ ਵਿਗਿਆਨਿਕ ਸਚਾਈ ਹੈ ਕਿ ਹਰ ਜ਼ੁਬਾਨ ਦੀਆਂ ਆਪਣੀਆਂ ਵਿਲੱਖਣ ਤੇ ਨਿਵੇਕਲੀਆਂ ਧੁਨੀਆਂ ਹੁੰਦੀਆਂ ਹਨ। ਅਰਬੀ ਦੀਆਂ ਧੁਨੀਆਂ ਹੋਰ ਹਨ, ਫ਼ਾਰਸੀ ਦੀਆਂ ਹੋਰ ਹਨ ਅਤੇ ਪੰਜਾਬੀ ਦੀਆਂ ਧੁਨੀਆਂ ਹੋਰ ਹਨ। ਇਹਨਾਂ ਸਾਰੀਆਂ ਬਹੁਭਾਸ਼ਿਕ ਧੁਨੀਆਂ ਨੂੰ ਇੱਕੋ ਲਿਪੀ ਸਹੀ ਤੌਰ ‘ਤੇ ਪ੍ਰਗਟ ਨਹੀਂ ਕਰ ਸਕਦੀ। ਇਸ ਤੋਂ ਬਿਨਾਂ ਫ਼ਾਰਸੀ-ਉਰਦੂ ਲਿਪੀ ਵਿੱਚ ਪੰਜਾਬੀ ਦੀਆਂ ਣ, ਙ, ਲ਼ ਧੁਨੀਆਂ ਲਿਖਣ ਵਾਸਤੇ ਅੱਖਰ (ਹਰੂਫ਼) ਹੀ ਨਹੀਂ ਹਨ ਅਤੇ ਫ਼ਾਰਸੀ-ਉਰਦੂ ਲਿਪੀ ਵਿੱਚ ਕਈ ਅੱਖ਼ਰ ਵਾਧੂ ਹਨ, ਜਿਨ੍ਹਾਂ ਦੇ ਬਰਾਬਰ ਦੀਆਂ ਪੰਜਾਬੀ ਵਿੱਚ ਧੁਨੀਆਂ ਹੀ ਨਹੀਂ ਹਨ। ਇਸ ਲਈ ਇਹ ਅੱਖਰ ਵਾਧੂ ਤੇ ਬੇਲੋੜੇ ਹਨ। ਏਥੇ ਥਾਂ ਨਹੀਂ ਕਿ ਇਸ ਸਮੱਸਿਆ ਦੀ ਹੋਰ ਚਰਚਾ ਕੀਤੀ ਜਾਵੇ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਲਿਖਣ ਵਾਸਤੇ ਗੁਰਮੁਖੀ ਲਿਪੀ ਹੀ ਸੁਯੋਗ ਤੇ ਸਮਰੱਥ ਲਿਪੀ ਹੈ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸਸਸਸ ਕਾਹਮਾ ਜ਼ਿਲ੍ਹਾ (ਸ਼.ਭ.ਸ.ਨਗਰ) 9878583784