1.ਭਾਈ ਵੀਰ ਸਿੰਘ

 1.ਭਾਈ ਵੀਰ ਸਿੰਘ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਜ਼ਾਲਮ ਨੂੰ ਰੰਗ ਸੁਹਣਾ ਲੱਗਾ,

ਮਿੱਠੀ ਲੱਗੀ ਬਾਣੀ,

ਵਾਹਵਾ ਕਦਰ ਗੁਣਾਂ ਦੀ ਪਾਈ!

ਛਹਕੇ ਜਾਲ਼ੀ ਤਾਣੀ।

ਪਕੜ ਪਿੰਜਰੇ ਪਾਇ ਵਿਛੋੜਿਆ

ਸਾਕ-ਸਨੇਹੀਆ ਨਾਲੋਂ,

ਭੱਠ ਪਏ ਇਹ ਕਦਰ ਤੁਹਾਡੀ,

ਖੇਹ ਇਸ ਯਾਰੀ ਲਾਣੀ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਭਾਈ ਵੀਰ ਸਿੰਘ ਜੀ’ ਦੀ ਕਵਿਤਾ ‘ਪਿੰਜਰੇ ਪਿਆ ਪੰਛੀ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਪਿੰਜਰੇ ਬੰਦ ਪੰਛੀ ਮਨੁੱਖ ਦੇ ਅਣਮਨੁੱਖੀ ਵਤੀਰੇ ਦਾ ਬਿਆਨ ਕਰਦਾ ਹੋਇਆ ਕਹਿੰਦ ਹੈ ਕਿ ਕਿਵੇਂ ਮਨੁੱਖ ਆਪਣੀ ਝੂਠੀ ਖ਼ੁਸ਼ੀ ਲਈ ਬੇਜ਼ੁਬਾਨੇ ਪੰਛੀਆਂ ਨੂੰ ਪਿੰਜਰੇ ਵਿੱਚ ਕੈਦ ਕਰਦਾ ਹੈ।

ਵਿਆਖਿਆ: ਪਿੰਜਰੇ ਵਿੱਚ ਬੰਦ ਪੰਛੀ ਦੁਖੀ ਹੋਇਆ ਕਹਿੰਦਾ ਹੈ ਕਿ ਜਾਲਮ ਮਨੁੱਖ ਨੂੰ ਉਸਦੀ ਭਾਵ ਪੰਛੀ ਦੀ ਬਾਣੀ ਮਿੱਠੀ ਅਤੇ ਰੰਗ ਸੋਹਣਾ ਲੱਗਿਆ ਜਿਸ ਕਰਕੇ ਮਨੁੱਖ ਨੇ ਆਪਣੀ ਖ਼ੁਸ਼ੀ ਲਈ ਉਸਨੂੰ ਕੈਦ ਕਰ ਲਿਆ। ਪੰਛੀ ਕਹਿੰਦਾ ਹੈ ਕਿ ਮਨੁੱਖ ਨੇ ਮੇਰੇ ਗੁਣਾਂ ਦੀ ਏਨੀ ਕਦਰ ਕੀਤੀ ਕਿ ਛਿਪ ਕੇ ਮੇਰੇ ਲਈ ਜਾਲ ਵਿਛਾ ਕੇ ਮੈਂਨੂੰ ਕੈਦ ਕਰਕੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਅਤੇ ਮੇਰੇ ਸਾਕ-ਸੰਬੰਧੀਆਂ ਤੋਂ ਮੈਨੂੰ ਅਲੱਗ ਕਰ ਦਿੱਤਾ। ਪੰਛੀ ਮਨੁੱਖ ਨੂੰ ਕਹਿੰਦਾ ਹੈ ਕਿ ਇਹ ਜਿਹੜੀ ਤੂੰ ਮੇਰੀ ਕਦਰ ਕੀਤੀ ਹੈ ਉਹ ਭੱਠ ਵਿੱਚ ਪਵੇ ਕਿਉਂਕਿ ਮਨੁੱਖੀ ਕਦਰ ਦੀ ਉਸਨੂੰ ਲੋੜ ਨਹੀਂ ਹੈ ਅਤੇ ਨਾ ਹੀ ਇਸ ਯਾਰੀ ਦੀ ਲੋੜ ਹੈ।

‘

ਪਿੰਜਰੇ ਪਿਆ ਪੰਛੀ

‘

ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਮਨੁੱਖ ਨੂੰ ਆਪਣੀ ਝੂਠੀ ਖ਼ੁਸ਼ੀ ਲਈ ਅਜ਼ਾਦ ਪਰਿੰਦਿਆਂ ਨੂੰ ਪਿੰਜਰੇ ਬੰਦ ਨਹੀਂ ਕਰਨਾ ਚਾਹੀਦਾ। ਕਿਉਂਕਿ ਪਿੰਜਰੇ ਦੀ ਕੈਦ ਵਾਲ਼ੀ ਗੁਲਾਮੀ ਭਰੀ ਜ਼ਿੰਦਗੀ ਬਹੁਤ ਦੁਖਦਾਈ ਹੁੰਦੀ ਹੈ। ਫਿਰ ਉਹ ਕੈਦ ਬਾਵੇ ਸੋਨੇ ਦੇ ਪਿੰਜਰੇ ਦੀ ਹੀ ਕਿਉਂ ਨਾ ਹੋਵੇ।

3. ਵਸਤੂਨਿਸ਼ਠ ਪ੍ਰਸ਼ਨ:

(ੳ) ‘ਪਿੰਜਰੇ ਪਿਆ ਪੰਛੀ‘ ਕਵਿਤਾ ਵਿੱਚ ਜ਼ਾਲਮ ਕਿਸ ਨੂੰ ਕਿਹਾ ਗਿਆ ਹੈ?

ਉੱਤਰ: ਪੰਛੀ ਨੂੰ ਪਿੰਜਰੇ ਪਾਉਣ ਵਾਲ਼ੇ ਮਨੁੱਖ ਨੂੰ।

(ਅ) ਪੰਛੀ ਨੂੰ ਕਿੱਥੇ ਰਹਿਣਾ ਚੰਗਾ ਨਹੀਂ ਲੱਗਦਾ ਹੈ?

ਉੱਤਰ: ਪਿੰਜਰੇ ਵਿੱਚ।

(ੲ) ਮਨੁੱਖ ਨੇ ਪੰਛੀ ਨੂੰ ਪਿੰਜਰੇ ਵਿੱਚ ਕਿਉਂ ਰੱਖਿਆ ਹੈ?

ਉੱਤਰ: ਆਪਣੀ ਖ਼ੁਸ਼ੀ ਲਈ।

4. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ-ਸਹਿਤ ਵਿਆਖਿਆ ਕਰੋ:

ਵੈਰੀ ਨਾਗ ! ਤੇਰਾ ਪਹਿਲਾ ਝਲਕਾ

ਜਦ ਅੱਖੀਆਂ ਵਿੱਚ ਵੱਜਦਾ

ਕੁਦਰਤ ਦੇ ‘ਕਾਦਰ‘ ਦਾ ਜਲਵਾ

ਲੈ ਲੈਂਦਾ ਇੱਕ ਸਿਜਦਾ,

ਰੰਗ ਫ਼ੀਰੋਜ਼ੀ, ਝਲਕ ਬਲੌਰੀ,

ਡਲ੍ਹਕ ਮੋਤੀਆਂ ਵਾਲ਼ੀ

ਰੂਹ ਵਿੱਚ ਆ ਆ ਜਜ਼ਬ ਹੋਇ,

ਜੀਅ ਵੇਖ-ਵੇਖ ਨਹੀਂ ਰੱਜਦਾ!

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਭਾਈ ਵੀਰ ਸਿੰਘ ਜੀ’ ਦੀ ਕਵਿਤਾ ‘ਵੈਰੀ ਨਾਗ ਦਾ ਪਹਿਲਾ ਝਲਕਾ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਭਾਰਤ ਦੀ ਖੂਬਸੂਰਤ ਧਰਤੀ ਕਸ਼ਮੀਰ ਦੇ ਵੈਰੀ ਨਾਗ ਦੀ ਖੂਬਸੂਰਤੀ ਦਾ ਬਿਆਨ ਕੀਤਾ ਹੈ ਕਿ ਇਸਦੀ ਪਹਿਲੀ ਝਲਕ ਹੀ ਮਨੁੱਖ ਨੂੰ ਕੁਦਰਤ ਦਾ ਸਿਜਦਾ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ।

ਵਿਆਖਿਆ: ਭਾਈ ਵੀਰ ਸਿੰਘ ਜੀ ਵੈਰੀ ਨਾਗ ਨੂੰ ਕਹਿੰਦੇ ਹਨ ਕਿ ਤੇਰੀ ਪਹਿਲੀ ਝਲਕ ਦੇਖ ਕੇ ਹੀ ਉਸ ਕਾਦਰ ਦੀ ਬਣਾਈ ਹੋਈ ਇਸ ਖੂਬਸੂਰਤੀ ਲਈ ਉਸਨੂੰ ਸਿਜਦਾ ਕਰਨ ਲਈ ਮੇਰਾ ਸਿਰ ਆਪਣੇ-ਆਪ ਝੁਕ ਜਾਂਦਾ ਹੈ। ਤੇਰੇ ਪਾਣੀ ਦਾ ਰੰਗ ਫ਼ੀਰੋਜ਼ੀ ਹੈ ਅਤੇ ਇਹ ਸ਼ੀਸ਼ੇ ਵਾਂਗ ਚਮਕਾਂ ਮਾਰਦਾ ਹੈ, ਇਸਦੀ ਝਲਕ ਮੋਤੀਆਂ ਵਰਗੀ ਹੈ। ਤੇਰੀ ਇਹ ਕੁਦਰਤੀ ਸੁੰਦਰਤਾ ਰੂਹ ਵਿੱਚ ਉਤਰਦੀ ਜਾਂਦੀ ਹੈ, ਜਿਸਨੂੰ ਦੇਖ ਕੇ ਮੇਰਾ ਮਨ ਨਹੀਂ ਰੱਜਦਾ।

5. ‘ਵੈਰੀ ਨਾਗ ਤੇਰਾ ਪਹਿਲਾ ਝਲਕਾ‘ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਵੈਰੀ ਨਾਗ ਦੀ ਪਹਿਲੀ ਝਲਕ ਦੇਖ ਕੇ ਹੀ ਉਸ ਕਾਦਰ ਦੀ ਬਣਾਈ ਹੋਈ ਇਸ ਖੂਬਸੂਰਤ ਕਿਰਤ ਨੂੰ ਸਿਜਦਾ ਕਰਨ ਲਈ ਸਿਰ ਆਪਣੇ-ਆਪ ਝੁਕ ਜਾਂਦਾ ਹੈ। ਇਸਦੀ ਇਹ ਕੁਦਰਤੀ ਸੁੰਦਰਤਾ ਰੂਹ ਵਿੱਚ ਉਤਰਦੀ ਜਾਂਦੀ ਹੈ, ਜਿਸਨੂੰ ਦੇਖ ਕੇ ਮਨ ਨਹੀਂ ਰੱਜਦਾ।

6. ਵਸਤੁਨਿਸ਼ਠ ਪ੍ਰਸ਼ਨ:

(ੳ) ‘ਵੈਰੀ ਨਾਗ‘ ਕਿਸ ਦਾ ਨਾਂ ਹੈ?

ਉੱਤਰ: ਚਸ਼ਮੇ ਨੂੰ।

(ਅ) ‘ਵੈਰੀ ਨਾਗ‘ ਨੂੰ ਵੇਖ ਕੇ ਕਵੀ ਕਿਸ ਨੂੰ ਸਿਜਦਾ ਕਰਦਾ ਹੈ?

ਉੱਤਰ: ਕਾਦਰ ਦੀ ਕੁਦਰਤ ਨੂੰ।

(ੲ) ਵੈਰੀ-ਨਾਗ ਚਸ਼ਮੇ ਨੂੰ ਛੂਹਣ ਨਾਲ਼ ਕੀ ਅਨੁਭਵ ਹੁੰਦਾ ਹੈ?

ਉੱਤਰ: ਰੂਹ ਨੂੰ ਸਕੂਨ।

7. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ।

ਸੰਝ ਹੋਈ ਪਰਛਾਵੇਂ ਛੁਪ ਗਏ

ਕਿਉਂ ਇੱਛਾ ਬਲ ਤੂੰ ਜਾਰੀ?

ਨੈਂ ਸਰੋਦ ਕਰ ਰਹੀ ਉਵੇਂ ਹੀ

ਤੇ ਟੁਰਨੋਂ ਬੀ ਨਹਿ ਹਾਰੀ,

ਸੈਲਾਨੀ ਤੇ ਪੰਛੀ ਮਾਲੀ ਹਨ

ਸਭ ਅਰਾਮ ਵਿੱਚ ਆਏ,

ਸਹਿਮ ਸਵਾਦਲਾ ਛਾ ਰਿਹਾ ਸਾਰੇ

ਤੇ ਕੁਦਰਤ ਟਿਕ ਗਈ ਸਾਰੀ।

ਪ੍ਰਸੰਗ: ਇਹ ਕਾਵਿ-ਸਤਰਾਂ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਭਾਈ ਵੀਰ ਸਿੰਘ ਜੀ’ ਦੀ ਕਵਿਤਾ ‘ਇੱਛਾ ਬਲ ਤੇ ਡੂੰਘੀਆਂ ਸ਼ਾਮਾਂ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਕਵੀ ਇੱਛਾ ਬਲ ਚਸ਼ਮੇ ਨਾਲ਼ ਸਵਾਲ ਕਰਦਾ ਹੈ ਕਿ ਸੰਝ ਹੋ ਗਈ ਹੈ ਪਰਛਾਵੇਂ ਵੀ ਛਿਪ ਗਏ ਹਨ ਸਾਰੀ ਕਾਇਨਾਤ ਰਹਿਰ ਗਈ ਹੈ ਪਰ ਤੇਰੀ ਚਾਲ ਅਜੇ ਵੀ ਕਿਉਂ ਜਾਰੀ ਹੈ?

ਵਿਆਖਿਆ: ਭਾਈ ਵੀਰ ਸਿੰਘ ਜੀ ਚਸ਼ਮੇ ਨੂੰ ਸਵਾਲ ਕਰਦੇ ਹਨ ਕਿ ਸ਼ਾਮ ਹੋ ਗਈ ਹੈ ਪਰਛਾਵੇਂ ਵੀ ਛਿਪ ਗਏ ਹਨ ਪਰ ਤੇਰੀ ਚਾਲ ਤੇਰੇ ਪਾਣੀ ਦੀ ਮਿੱਠੀ ਅਵਾਜ਼ ਉਹੀ ਰਾਗ ਅਜੇ ਵੀ ਉਸੇ ਤਰ੍ਹਾਂ ਜਾਰੀ ਹੈ ਭਾਵ ਤੇਰੀ ਚਾਲ ਮੱਠੀ ਨਹੀਂ ਪਈ। ਸਾਰੇ ਘੁੰਮਣ ਆਏ ਸੈਲਾਨੀ, ਪੰਛੀ ਅਤੇ ਮਾਲੀ ਸਾਰੇ ਹੀ ਅਰਾਮ ਲਈ ਆਪਣੇ ਥਾਵਾਂ ’ਤੇ ਪੁੱਜ ਗਏ ਹਨ। ਸਭ ਪਾਸੇ ਇੱਕ ਸ਼ਾਂਤ-ਚੁੱਪ ਵਾਲ਼ਾ ਮਾਹੌਲ ਹੈ। ਸਾਰੀ ਕੁਦਰਤ ਵੀ ਟਿਕ ਗਈ ਜਾਪਦੀ ਹੈ ਪਰ ਤੇਰਾ ਸਫ਼ਰ ਅਜੇ ਵੀ ਜਾਰੀ ਹੈ।

8 . ‘ਇੱਛਾ ਬਲ ਤੇ ਡੂੰਘੀਆਂ ਸ਼ਾਮਾਂ‘ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਸੱਚੀ ਲਗਨ ਵਾਲ਼ੇ ਆਪਣੀ ਧੁਨ ਵਿੱਚ ਮਸਤ ਹੋ ਕੇ ਆਪਣੀ ਮੰਜ਼ਿਲ ਵੱਲ ਵੱਧਦੇ ਰਹਿੰਦੇ ਹਨ। ਜਦੋਂ ਤੱਕ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਪ੍ਰਾਪਤ ਨਹੀਂ ਹੋ ਜਾਂਦੀ।

9. ਵਸਤੁਨਿਸ਼ਠ ਪ੍ਰਸ਼ਨ:

(ੳ) ‘ਇੱਛਾ ਬਲ ਤੇ ਡੂੰਘੀਆਂ ਸ਼ਾਮਾਂ‘ ਵਿੱਚ ਕਵੀ ਕਿਸ ਨੂੰ ਪ੍ਰਸ਼ਨ ਪੁੱਛ ਰਿਹਾ ਹੈ?

ਉੱਤਰ: ਇੱਛਾ ਬਲ ਚਸ਼ਮੇ ਨੂੰ।

(ਅ) ‘ਸੈਲਾਨੀ, ਪੰਛੀ ਤੇ ਮਾਲੀ ਕੀ ਕਰ ਰਹੇ ਹਨ?

ਉੱਤਰ: ਅਰਾਮ।

(ੲ) ਕਵਿਤਾ ਵਿੱਚ ਆਏ ‘ਮੁਕਾਮ‘ ਸ਼ਬਦ ਤੋਂ ਕੀ ਭਾਵ ਹੈ?

ਉੱਤਰ: ਮੰਜ਼ਿਲ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

TAGGED:
Share This Article
Leave a Comment

Leave a Reply

Your email address will not be published. Required fields are marked *