ਕਿਰਿਆ
ਅਸੀਂ ਹਰੇਕ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਹੋਏ ਵੇਖਦੇ ਹਾਂ । ਕੋਈ ਖਾਂਦਾ ਹੈ, ਕੋਈ ਪੀਂਦਾ ਹੈ, ਕੋਈ ਸੌਂਦਾ ਹੈ । ਇਸੇ ਤਰ੍ਹਾਂ ਪੜ੍ਹਨਾ, ਲਿਖਣਾ, ਹੱਸਣਾ, ਰੋਣਾ, ਲੜਨਾ, ਖੇਡਣਾ ਆਦਿ ਸਭ ਨਿੱਤ ਦੀਆਂ ਕਿਰਿਆਵਾਂ ਹਨ। ਵਿਆਕਰਨ ਵਿੱਚ ਇਹਨਾਂ ਕਿਰਿਆਵਾਂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਕਿਰਿਆ ਕਿਹਾ ਜਾਂਦਾ ਹੈ ।
ਉਦਾਹਰਨ :
(ੳ) ਬੱਚਾ ਹੱਸਦਾ ਹੈ।
(ਅ) ਪੰਛੀ ਉੱਡਦਾ ਹੈ।
(ੲ) ਚਪੜਾਸੀ ਨੇ ਘੰਟੀ ਵਜਾਈ।
(ਸ) ਸੁਮੀਤ ਹਾਕੀ ਖੇਡਦਾ ਹੈ।
ਉਪਰੋਕਤ ਵਾਕਾਂ ਵਿੱਚ ਹੱਸਦਾ, ਉੱਡਦਾ, ਵਜਾਈ, ਖੇਡਦਾ ਆਦਿ ਕਿਰਿਆ-ਸ਼ਬਦ ਹਨ।
ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ, ਕਾਲ ਸਮੇਤ ਪ੍ਰਗਟ ਕਰੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ ।
(ੳ) ਜੋ ਕੰਮ ਕਰਦਾ ਹੈ, ਕਰਤਾ ਅਖਵਾਉਂਦਾ ਹੈ।
(ਅ) ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ, ਉਹ ਕਰਮ ਹੁੰਦਾ ਹੈ।
ਕਰਮ ਕਰਕੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ।
1. ਅਕਰਮਕ ਕਿਰਿਆ
2. ਸਕਰਮਕ ਕਿਰਿਆ

1. ਅਕਰਮਕ ਕਿਰਿਆ
ਜਾਂਦਾ ਹੈ, ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ
ਉਦਾਹਰਨ:
(ੳ) ਵਰਖਾ ਪੈ ਰਹੀ ਹੈ।
(ਅ) ਸੂਰਜ ਨਿਕਲ ਆਇਆ ਹੈ।
(ੲ) ਮੁੰਡਾ ਹੱਸਦਾ ਹੈ ।
(ਸ) ਕੁੜੀ ਗਾਉਂਦੀ ਹੈ ।
ਉਪਰੋਕਤ ਵਾਕਾਂ ਵਿੱਚ ਵਰਖਾ, ਸੂਰਜ, ਮੁੰਡਾ, ਕੁੜੀ ਕਰਤਾ ਹਨ। ‘ਰਹੀ ਹੈ’, ‘ਨਿਕਲ ਆਇਆ’ ‘ਹੱਸਦਾ ਹੈ’ ‘ਗਾਉਂਦੀ ਹੈ’ ਅਕਰਮਕ ਕਿਰਿਆਵਾਂ ਹਨ ।

2. ਸਕਰਮਕ ਕਿਰਿਆ
ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ, ਉਦਾਹਰਨ:
(ੳ) ਮਾਤਾ ਜੀ ਰੋਟੀ ਪਕਾਉਂਦੇ ਹਨ।
(ਅ) ਵਿਦਿਆਰਥੀ ਪਾਠ ਯਾਦ ਕਰਦੇ ਹਨ।
(ੲ) ਉਹਨਾਂ ਨੇ ਹਾਕੀ ਦਾ ਮੈਚ ਜਿੱਤ ਲਿਆ ਹੈ।
(ਸ) ਬੱਚੇ ਫ਼ੁਟਬਾਲ ਖੇਡ ਰਹੇ ਹਨ।
ਉਪਰੋਕਤ ਵਾਕਾਂ ਵਿੱਚ ‘ਮਾਤਾ ਜੀ’, ‘ਵਿਦਿਆਰਥੀ’, ‘ਉਹਨਾਂ’ ਅਤੇ ‘ਬੱਚੇ’ ਕਰਤਾ ਹਨ। ‘ਰੋਟੀ’, ‘ਪਾਠ’, ‘ਹਾਕੀ ਦਾ ਮੈਚ’ ਅਤੇ ‘ਫ਼ੁਟਬਾਲ’ ਕਰਮ ਹਨ। ਇਸ ਲਈ ‘ਪਕਾਉਂਦੇ ਹਨ’, ‘ਕਰਦੇ ਹਨ’, ‘ਲਿਆ ਹੈ’, ‘ਰਹੇ ਹਨ’ ਸਕਰਮਕ ਕਿਰਿਆਵਾਂ ਹਨ।