3. ਸਮੁੰਦਰੋਂ ਪਾਰ
ਇਕਾਂਗੀਕਾਰ – ਕਪੂਰ ਸਿੰਘ ਘੁੰਮਣ
••• ਹਰਦੇਵ ਬਾਜਵਾ ਦਾ ਪਾਤਰ – ਚਿਤਰਨ •••
• ਜਾਣ–ਪਛਾਣ – ਹਰਦੇਵ ਬਾਜਵਾ ‘ਸਮੁੰਦਰੋਂ ਪਾਰ’ ਇਕਾਂਗੀ ਵਿੱਚ ਮੁੱਖ ਪਾਤਰ ਹੈ। ਉਹ ਪੰਜਾਬ ਤੋਂ ਜਾ ਕੇ ਇੰਗਲੈਂਡ ਦੇ ਮਿਡਲਸੈਕਸ ਸ਼ਹਿਰ ਵਿੱਚ ਰਹਿੰਦਾ ਹੈ। ਪੰਜਾਬ ਵਿੱਚ ਉਸਦੀ ਪਹਿਲੀ ਪਤਨੀ ਸ਼ਰਨਜੀਤ ਨੇ ਜਦੋਂ ਉਸ ਨੂੰ ਬੁਰੇ ਕੰਮਾਂ ਤੋਂ ਰੋਕਣਾ ਚਾਹਿਆ, ਤਾਂ ਉਹ ਉਲਟੇ ਉਸ ਉੱਪਰ ਹੀ ਮਾੜੇ ਚਰਿੱਤਰ ਦੇ ਝੂਠੇ ਦੋਸ਼ ਲਾ ਕੇ ਇੰਗਲੈਂਡ ਆ ਗਿਆ ਤੇ ਉੱਥੇ ਮਰਸੀ ਨਾਂ ਦੀ ਅੰਗਰੇਜ਼ ਮੇਮ ਨਾਲ਼ ਵਿਆਹ ਕਰਵਾ ਲਿਆ। ਸੁਖਦੇਵ ਉਸ ਦਾ ਛੋਟਾ ਭਰਾ ਹੈ, ਜਿਸ ਨੂੰ ਇਕਾਂਗੀ ਦੇ ਅੰਤ ਵਿੱਚ ਉਹ ਗੋਲੀ ਮਾਰ ਕੇ ਮਾਰ ਦਿੰਦਾ ਹੈ। ਨੀਟੂ ਸ਼ਰਨਜੀਤ ਅਤੇ ਉਸ ਦਾ ਪੁੱਤਰ ਹੈ।
• ਘਟੀਆ ਆਚਰਨ ਦਾ ਮਾਲਕ – ਉਹ ਬੁਰੇ ਅਤੇ ਘਟੀਆ ਆਚਰਨ ਵਾਲ਼ਾ ਵਿਅਕਤੀ ਹੈ। ਉਸ ਦੀ ਪਤਨੀ ਸ਼ਰਨਜੀਤ ਜਦੋਂ ਉਸ ਨੂੰ ਬੁਰੇ ਕੰਮਾਂ ਤੋਂ ਰੋਕਦੀ ਹੈ, ਤਾਂ ਉਹ ਉਲਟਾ ਉਸ ਦੇ ਚਰਿੱਤਰ ਤੇ ਦੋਸ਼ ਲਾ ਕੇ ਉਸ ਨੂੰ ਬਦਨਾਮ ਕਰਦਾ ਹੈ। ਸ਼ਰਨਜੀਤ ਦੁਆਰਾ ਆਪਣੇ ਉੱਪਰ ਲਾਏ ਝੂਠੇ ਦੋਸ਼ਾਂ ਲਈ ਸਬੂਤ ਮੰਗਣ ’ਤੇ ਉਹ ਘਰ ਛੱਡ ਕੇ ਇੰਗਲੈਂਡ ਚਲਾ ਜਾਂਦਾ ਹੈ ਅਤੇ ਉੱਥੇ ਮਰਸੀ ਨਾਲ਼ ਵਿਆਹ ਕਰਵਾ ਲੈਂਦਾ ਹੈ।
• ਚੁਸਤ–ਚਲਾਕ – ਉਹ ਬੜਾ ਚੁਸਤ–ਚਲਾਕ ਹੈ। ਜਦੋਂ ਉਸ ਦੀ ਪਤਨੀ ਸ਼ਰਨਜੀਤ ਉਸ ਨੂੰ ਮਾੜੇ ਚਾਲਿਆਂ ਤੋਂ ਰੋਕਦੀ ਹੈ, ਤਾਂ ਆਪਣੀ ਗ਼ਲਤੀ ਮੰਨਣ ਦੀ ਥਾਂ ਚਲਾਕੀ ਨਾਲ਼ ਉਲਟਾ ਉਸ ਦੇ ਚਰਿੱਤਰ ਉੱਤੇ ਦੋਸ਼ ਲਾਉਂਦਾ ਹੈ ਅਤੇ ਜਦੋਂ ਝੂਠੇ ਦੋਸ਼ਾਂ ਦੇ ਕੋਈ ਸਬੂਤ ਨਹੀਂ ਦੇ ਪਾਉਂਦਾ, ਤਾਂ ਫਿਰ ਉਹ ਘਰ ਛੱਡ ਕੇ ਇੰਗਲੈਂਡ ਚਲਾ ਜਾਂਦਾ ਹੈ।
• ਝੂਠ ਬੋਲਣ ਵਾਲਾ – ਉਹ ਝੂਠ ਬੋਲਣ ਵਾਲ਼ਾ ਵਿਅਕਤੀ ਹੈ। ਉਹ ਪਹਿਲਾਂ ਸ਼ਰਨਜੀਤ ਉੱਤੇ ਝੂਠੇ ਦੋਸ਼ ਲਾਉਂਦਾ ਹੈ ਅਤੇ ਫਿਰ ਇੰਗਲੈਂਡ ਜਾ ਕੇ ਮਰਸੀ ਨਾਲ ਆਪਣੀ ਪਹਿਲੀ ਪਤਨੀ ਨਾਲ਼ ਤਲਾਕ ਹੋਏ ਹੋਣ ਦਾ ਝੂਠ ਬੋਲ ਕੇ ਵਿਆਹ ਕਰਵਾ ਲੈਂਦਾ ਹੈ।
• ਮਨਮਤੀਆ – ਇਕਾਂਗੀ ਵਿੱਚ ਹਰਦੇਵ ਇੱਕ ਮਨਮਤੀਆ ਵਿਅਕਤੀ ਹੈ। ਉਹ ਕਿਸੇ ਦੀ ਕਹੀ ਸਹੀ ਗੱਲ ਵੀ ਮੰਨਣ ਦੀ ਥਾਂ ਆਪਣੀ ਮਰਜ਼ੀ ਕਰਦਾ ਹੈ। ਉਸਦਾ ਦੋਸਤ ਬਲਵੰਤ ਢਿੱਲੋਂ ਉਸ ਨੂੰ ਮਰਸੀ ਨਾਲ਼ ਵਿਆਹ ਕਰਵਾਉਣ ਤੋਂ ਰੋਕਦਾ ਹੈ, ਪਰ ਉਹ ਨਹੀਂ ਮੰਨਦਾ ਅਤੇ ਆਪਣੇ ਦੋਸਤ ਨਾਲ਼ ਮੂੰਹ ਸੁਜਾ ਲੈਂਦਾ ਹੈ। ਜਦੋਂ ਸ਼ਰਨਜੀਤ, ਸੁਖਦੇਵ ਤੇ ਨੀਟੂ ਸਮੇਤ ਇੰਗਲੈਂਡ ਪਹੁੰਚ ਜਾਂਦੀ ਹੈ, ਤਾਂ ਵੀ ਉਹ ਢਿੱਲੋਂ ਦੇ ਸਮਝਾਉਣ ‘ਤੇ ਨਹੀਂ ਸਮਝਦਾ ਅਤੇ ਕਹਿੰਦਾ ਹੈ ਕਿ ਦਲੀਲਾਂ ਅੱਗੇ ਉਹ ਨਹੀਂ ਝੁਕੇਗਾ ਅਤੇ ਆਪਣੀ ਮਨਮਰਜ਼ੀ ਕਰੇਗਾ।
• ਦੁਸ਼ਟ ਤੇ ਕਾਤਲ – ਉਹ ਆਪਣੇ ਘਟੀਆ ਆਚਰਨ, ਝੂਠ ਬੋਲਣ ਦੀ ਆਦਤ ਤੇ ਮਨਮਤੀਆ ਹੋਣ ਕਰਕੇ ਇਕ ਦੁਸ਼ਟ ਪਾਤਰ ਹੈ। ਉਹ ਆਪਣੀ ਦੁਸ਼ਟਤਾ ਵਿੱਚ ਗਿਰ ਕੇ ਸ਼ਰਨਜੀਤ ਨੂੰ ਮਾਰਨ ਲਈ ਪਸਤੌਲ ਚੁੱਕ ਲੈਂਦਾ ਹੈ, ਪਰ ਮਾਰਿਆ ਉਸ ਦੇ ਹੱਥੋਂ ਉਸ ਦਾ ਆਪਣਾ ਭਰਾ ਹੀ ਜਾਂਦਾ ਹੈ। ਇਸ ਤਰ੍ਹਾਂ ਇਕਾਂਗੀ ਵਿੱਚ ਉਹ ਇੱਕ ਦੁਸ਼ਟ ਤੇ ਕਾਤਲ ਪਾਤਰ ਹੈ।
••• ਸੁਖਦੇਵ ਸਿੰਘ ਦਾ ਪਾਤਰ–ਚਿਤਰਨ •••
• ਜਾਣ–ਪਛਾਣ – ਸੁਖਦੇਵ ‘ਸਮੁੰਦਰੋਂ ਪਾਰ’ ਇਕਾਂਗੀ ਵਿੱਚ ਇੱਕ ਮਹੱਤਵਪੂਰਨ ਪਾਤਰ ਹੈ। ਉਹ ਹਰਦੇਵ ਬਾਜਵਾ ਦਾ ਛੋਟਾ ਭਰਾ ਹੈ। ਉਹ ਆਪਣੀ ਭਰਜਾਈ ਸ਼ਰਨਜੀਤ ਨੂੰ ਉਸ ਦਾ ਹੱਕ ਵਾਪਸ ਲੈ ਕੇ ਦੇਣ ਲਈ ਉਸ ਨਾਲ ਇੰਗਲੈਂਡ ਪਹੁੰਚ ਜਾਂਦਾ ਹੈ। ਉਹ ਰਿਸ਼ਤਿਆਂ ਦੀ ਕਦਰ ਕਰਨ ਵਾਲ਼ਾ, ਸੱਚਾ, ਹੌਂਸਲੇ ਵਾਲਾ ਅਤੇ ਕੁਰਬਾਨੀ ਦਾ ਪੁਤਲਾ ਹੈ।
• ਭਰਜਾਈ ਦਾ ਮਾਂ ਵਾਂਗ ਸਤਿਕਾਰ ਕਰਨ ਵਾਲ਼ਾ – ਉਹ ਆਪਣੀ ਭਰਜਾਈ ਸ਼ਰਨਜੀਤ ਦਾ ਬਹੁਤ ਆਦਰ ਕਰਦਾ ਹੈ। ਉਹ ਉਸ ਦਾ ਭਰਾ ਵੱਲੋਂ ਕੀਤਾ ਜਾਂਦਾ ਨਿਰਾਦਰ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਹ ਆਪਣੀ ਮਾਂ ਸਮਾਨ ਭਰਜਾਈ ਦਾ ਘਰ ਵਸਾਉਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਉਹ ਕਹਿੰਦਾ ਹੈ, “ਨਿਰਾਦਰ ਕਰਨ ਵਾਲੀ ਅੱਖ ਕੱਢੀ ਜਾ ਸਕਦੀ ਹੈ, ਹੱਥ ਤੋੜਿਆ ਜਾ ਸਕਦਾ ਹੈ, ਜ਼ਬਾਨ ਕੱਟੀ ਜਾ ਸਕਦੀ ਹੈ, ਪਰ ਮੇਰੀ ਮਾਂ ਵਰਗੀ ਭਰਜਾਈ ਦਾ ਨਿਰਾਦਰ ਕਰ ਕੇ ਕੋਈ ਵੇਖੇ।”
• ਸਵੈ – ਭਰੋਸੇ ਤੇ ਹੌਂਸਲੇ ਵਾਲ਼ਾ – ਉਹ ਸਵੈ–ਭਰੋਸੇ ਤੇ ਹੌਂਸਲੇ ਨਾਲ਼ ਭਰਪੂਰ ਹੈ। ਇਸ ਲਈ ਉਹ ਆਪਣੀ ਭਰਜਾਈ ਨੂੰ ਕਹਿੰਦਾ ਹੈ, “…… ਜੇ ਭਰਾ ਦੇ ਘਰ ਤੁਹਾਨੂੰ ਆਦਰ ਨਾਲ ਨਾ ਵਸਾਇਆ, ਤਾਂ ਜੱਟ ਦਾ ਪੁੱਤਰ ਨਹੀਂ।”
• ਸੱਚ ਦਾ ਪੱਖ ਲੈਣ ਵਾਲ਼ਾ – ਉਹ ਜਾਣਦਾ ਹੈ ਕਿ ਉਸ ਦੀ ਭਰਜਾਈ ਚੰਗੇ ਆਚਰਨ ਅਤੇ ਸੱਚ ਬੋਲਣ ਵਾਲੀ ਇਸਤਰੀ ਹੈ, ਜੋ ਉਸ ਦੇ ਭਰਾ ਨੇ ਦੋਸ਼ ਲਾਏ ਹਨ ਉਹ ਸਾਰੇ ਬੇਬੁਨਿਆਦ ਹਨ, ਇਸ ਲਈ ਉਹ ਸ਼ਰਨਜੀਤ ਦਾ ਪੱਖ ਲੈਂਦਾ ਹੈ ਅਤੇ ਆਪਣੇ ਭਰਾ ਦੀ ਝੂਠ ਬੋਲਣ ਕਰਕੇ ਆਲੋਚਨਾ ਕਰਦਾ ਹੈ।
• ਤਰਕੀਬ ਸੋਚ ਲੈਣ ਵਾਲ਼ਾ – ਉਹ ਤਰਕੀਬ ਸੋਚ ਕੇ ਕੰਮ ਕਰਨ ਵਾਲਾ ਵਿਅਕਤੀ ਹੈ। ਉਹ ਸ਼ਰਨਜੀਤ ਨੂੰ ਭਰਾ ਦੇ ਗੁੱਸੇ ਤੋਂ ਬਚਾਉਣ ਲਈ ਉਸ ਨੂੰ ਮਰਸੀ ਦੇ ਕੱਪੜੇ ਪਾਉਣ ਲਈ ਤੇ ਉਸ ਵਾਂਗ ਸ਼ਿੰਗਾਰ ਕਰਨ ਲਈ ਕਹਿੰਦਾ ਹੈ।
• ਕੁਰਬਾਨੀ ਦਾ ਪੁਤਲਾ – ਉਹ ਆਪਣੀ ਭਰਜਾਈ ਸ਼ਰਨਜੀਤ ਨੂੰ ਭਰਾ ਦੇ ਘਰ ਵਸਾਉਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਜਦੋਂ ਹਰਦੇਵ ਸ਼ਰਨਜੀਤ ਨੂੰ ਗੋਲੀ ਮਾਰਨ ਲਈ ਪਸਤੌਲ ਤਾਣ ਦਾ ਹੈ, ਤਾਂ ਉਹ ਅੱਗੇ ਹੋ ਜਾਂਦਾ ਹੈ। ਉਹ ਆਪਣੇ ਭਰਾ ਨੂੰ ਰੋਕਣ ਲਈ ਉਸਦੇ ਹੱਥੋਂ ਪਸਤੌਲ ਖੋਂਹਦਾ ਹੋਇਆ ਆਪ ਹੀ ਉਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਮਾਰਿਆ ਜਾਂਦਾ ਹੈ। ਇਸ ਪ੍ਰਕਾਰ ਇਕਾਂਗੀ ਵਿੱਚ ਉਹ ਕੁਰਬਾਨੀ ਦਾ ਪੁਤਲਾ ਹੈ।
••• ਸ਼ਰਨਜੀਤ ਦਾ ਪਾਤਰ–ਚਿਤਰਨ •••
• ਜਾਣ–ਪਛਾਣ – ਸ਼ਰਨਜੀਤ ‘ਸਮੁੰਦਰੋਂ ਪਾਰ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਹਰਦੇਵ ਬਾਜਵਾ ਦੀ ਪੰਜਾਬਣ ਪਤਨੀ ਅਤੇ ਨੀਟੂ ਦੀ ਮਾਂ ਹੈ। ਸੁਖਦੇਵ ਉਸ ਦਾ ਦਿਓਰ ਹੈ। ਉਹ ਇੱਕ ਪੜ੍ਹੀ–ਲਿਖੀ ਔਰਤ ਹੈ। ਉਹ ਸੱਚ ਬੋਲਣ ਵਾਲ਼ੀ, ਆਪਣੇ ਆਪ ਨੂੰ ਛੁੱਟੜ ਨਾ ਅਖਵਾ ਸਕਣ ਵਾਲੀ ਅਤੇ ਇਸਤਰੀ ਦਾ ਪੱਖ ਲੈਣ ਵਾਲੀ ਅਗਾਂਹਵਧੂ ਔਰਤ ਹੈ।
• ਚੰਗੇ ਆਚਰਨ ਅਤੇ ਸੱਚ ਬੋਲਣ ਵਾਲ਼ੀ – ਉਹ ਚੰਗੇ ਆਚਰਨ ਤੇ ਸੱਚ ਬੋਲਣ ਵਾਲੀ ਇਸਤਰੀ ਹੈ। ਸੁਖਦੇਵ ਵੀ ਆਪਣੇ ਭਰਾ ਦੀ ਥਾਂ ਭਰਜਾਈ ਦਾ ਸਾਥ ਉਸ ਦੇ ਸੱਚ ਬੋਲਣ ਕਰ ਕੇ ਹੀ ਦਿੰਦਾ ਹੈ। ਉਹ ਕਹਿੰਦਾ ਹੈ ਕਿ “ਭਰਜਾਈ ਝੂਠੀ ਕਸਮ ਨਹੀਂ ਖਾ ਸਕਦੀ।”
• ਆਪਣੇ ਆਪ ਨੂੰ ਛੁੱਟੜ ਨਾ ਅਖਵਾ ਸਕਣ ਵਾਲੀ – ਇਕ ਚੰਗੀ ਪਤਨੀ ਤੇ ਚੰਗੇ ਆਚਰਨ ਦੀ ਔਰਤ ਹੋਣ ਕਰਕੇ ਉਹ ਆਪਣੇ ਆਪ ਨੂੰ ਛੁੱਟੜ ਨਹੀਂ ਅਖਵਾ ਸਕਦੀ। ਜਦੋਂ ਹਰਦੇਵ ਮਰਸੀ ਨਾਲ਼ ਵਿਆਹ ਕਰ ਲੈਂਦਾ ਹੈ, ਤਾਂ ਉਹ ਆਪਣੇ ਆਪ ਨੂੰ ਛੁੱਟੜ ਨਹੀਂ ਅਖਵਾ ਸਕਦੀ ਅਤੇ ਆਪਣਾ ਹੱਕ ਲੈਣ ਲਈ ਇੰਗਲੈਂਡ ਪਹੁੰਚ ਜਾਂਦੀ ਹੈ।
• ਇਸਤਰੀ ਦਾ ਪੱਖ ਲੈਣ ਵਾਲ਼ੀ – ਉਹ ਇੱਕ ਇਸਤਰੀ ਹੋਣ ਕਰਕੇ ਦੂਜੀ ਔਰਤ ਦਾ ਦਰਦ ਸਮਝਦੀ ਹੈ। ਉਹ ਹਰਦੇਵ ਦੀ ਦੂਜੀ ਪਤਨੀ ਦੀ ਤਸਵੀਰ ਦੇਖ ਕੇ ਉਸ ਨੂੰ ਭੋਲੀ ਤੇ ਮਾਸੂਮ ਸਮਝਦੀ ਹੈ ਤੇ ਉਸ ਨੂੰ ਕੋਈ ਸਜ਼ਾ ਦੇਣੀ ਠੀਕ ਨਹੀਂ ਸਮਝਦੀ। ਉਹ ਔਰਤ ਬਾਰੇ ਕਹਿੰਦੀ ਹੈ, ”ਔਰਤ ਵਫ਼ਾ ਏ, ਮੁਹੱਬਤ ਏ, ਕੁਰਬਾਨੀ ਏ।”
••• ਬਲਵੰਤ ਢਿੱਲੋਂ ਦਾ ਪਾਤਰ–ਚਿਤਰਨ •••
• ਜਾਣ–ਪਛਾਣ – ਬਲਵੰਤ ਢਿੱਲੋਂ ‘ਸਮੁੰਦਰੋਂ ਪਾਰ’ ਇਕਾਂਗੀ ਦਾ ਇੱਕ ਸਧਾਰਨ ਪਾਤਰ ਹੈ। ਉਹ ਇਕਾਂਗੀ ਦੇ ਮੁੱਖ ਪਾਤਰ ਹਰਦੇਵ ਬਾਜਵਾ ਦਾ ਦੋਸਤ ਹੈ। ਉਹ ਇਕ ਵਧੀਆ ਸਲਾਹ ਦੇਣ ਵਾਲ਼ਾ ਨੌਜਵਾਨ ਹੈ।
• ਸਮਝਦਾਰ – ਢਿੱਲੋਂ ਇਕ ਸਮਝਦਾਰ ਨੌਜਵਾਨ ਹੈ। ਉਸ ਦੀ ਗੱਲ–ਬਾਤ ਵਿੱਚੋਂ ਉਸ ਦੀ ਸਮਝਦਾਰੀ ਤੇ ਸੂਝ–ਬੂਝ ਝਲਕਦੀ ਹੈ। ਉਹ ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਨੀਤੀ ਅਤੇ ਸਮਝ ਦੀ ਵਰਤੋਂ ਕਰਨੀ ਚਾਹੁੰਦਾ ਹੈ।
• ਦਲੀਲ ਨਾਲ ਗੱਲ ਕਰਨ ਵਾਲ਼ਾ – ਢਿੱਲੋਂ ਦਲੀਲ ਨਾਲ ਗੱਲ ਕਰਨ ਵਾਲ਼ਾ ਵਿਅਕਤੀ ਹੈ। ਉਹ ਆਪਣੇ ਨੁਕਤੇ ਨੂੰ ਦਲੀਲ ਨਾਲ਼ ਸਹੀ ਸਾਬਤ ਕਰਦਾ ਹੈ। ਉਹ ਕਾਨੂੰਨ ਦੀ ਸਮਝ ਵੀ ਰੱਖਦਾ ਹੈ।
• ਸ਼ਰਮ ਮਹਿਸੂਸ ਕਰਨ ਵਾਲ਼ਾ – ਢਿੱਲੋਂ ਉਸ ਸਮੇਂ ਬੜੀ ਸ਼ਰਮ ਮਹਿਸੂਸ ਕਰਦਾ ਹੈ, ਜਦੋਂ ਹਰਦੇਵ ਬਾਜਵਾ ਦੁਆਰਾ ਕੀਤੇ ਧੋਖੇ ਬਾਰੇ ਪਤਾ ਲੱਗਣ ‘ਤੇ ਮਰਸੀ ਸਾਰੇ ਪੰਜਾਬੀਆਂ ਲਈ ਨਫ਼ਰਤ ਭਰੇ ਸ਼ਬਦ ਬੋਲਦੀ ਹੈ।
••• ਵਾਰਤਾਲਾਪ ਸੰਬੰਧੀ ਪ੍ਰਸ਼ਨ •••
1. “ਉਹਨੂੰ ਮੈਂ ਸੱਤ ਸਮੁੰਦਰੋਂ ਪਾਰ ਧਰਮ–ਕਰਮ ਦੀ ਚੱਕੀ ਵਿੱਚ ਇਸਤਰੀ ਦਾ ਦਲੀਆ ਕਰਨ ਵਾਲ਼ੇ ਸਮਾਜ ਦੀ ਸ਼ਰਨ ਵਿੱਚ ਛੱਡ ਕੇ ਸੁਰਖ਼ਰੂ ਹੋ ਗਿਆ ਹਾਂ। ਇੰਗਲੈਂਡ ਦੀਆਂ ਅਜ਼ਾਦ ਫ਼ਿਜ਼ਾਵਾਂ ਨੇ ਮੈਨੂੰ ਮਰਸੀ ਬਖ਼ਸ਼ੀ ਹੋਈ ਏ। ਹੁਣ ਸ਼ਰਨਜੀਤ ਦਾ ਪਰਛਾਵਾਂ ਮੇਰੇ ‘ਤੇ ਸੁਪਨੇ ਵਿੱਚ ਵੀ ਨਹੀਂ ਪੈ ਸਕੇਗਾ।”
ਪ੍ਰਸ਼ਨ – (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(iv) ਹਰਦੇਵ ਬਾਜਵਾ ਸ਼ਰਨਜੀਤ ਨੂੰ ਕਿਹੋ ਜਿਹੇ ਸਮਾਜ ਵਿੱਚ ਛੱਡ ਕੇ ਗਿਆ ਸੀ?
(v) ਇਨ੍ਹਾਂ ਸਤਰਾਂ ਵਿੱਚ ਮਰਸੀ ਕੌਣ ਸੀ?
(vi) ਹਰਦੇਵ ਬਾਜਵਾ ਸ਼ਰਨਜੀਤ ਬਾਰੇ ਕੀ ਸੋਚਦਾ ਹੈ?
ਉੱਤਰ – (i) ਸਮੁੰਦਰੋਂ ਪਾਰ।
(ii) ਕਪੂਰ ਸਿੰਘ ਘੁੰਮਣ।
(iii) ਇਹ ਸ਼ਬਦ ਹਰਦੇਵ ਬਾਜਵਾ ਨੇ ਬਲਵੰਤ ਢਿੱਲੋਂ ਨੂੰ ਕਹੇ।
(iv) ਇਸਤਰੀ ਦਾ ਦਲੀਆ ਕਰਨ ਵਾਲੇ ਭਾਰਤੀ ਸਮਾਜ ਵਿੱਚ।
(v) ਹਰਦੇਵ ਬਾਜਵਾ ਦੀ ਦੂਜੀ ਮੇਮ ਪਤਨੀ।
(vi) ਧਰਮ ਨੂੰ ਨਿਭਾਉਂਦੀ, ਮਿਲੀ ਜ਼ਿੰਦਗੀ ਗੁਜਾਰਣ ਵਾਲ਼ੀ ਅਤੇ ਇੰਗਲੈਂਡ ਨਾ ਪਹੁੰਚ ਸਕਣ ਵਾਲੀ।
2. “ਅਨਪੜ੍ਹ ਤੇ ਗਵਾਰ ਔਰਤਾਂ ਵੀ ਆਪਣੇ ਪਤੀਆਂ ਕੋਲ਼ ਏਥੇ ਆ ਜਾਂਦੀਆਂ ਨੇ, ਸ਼ਰਨਜੀਤ ਤਾਂ ਚੰਗੀ ਪੜ੍ਹੀ–ਲਿਖੀ ਕੁੜੀ ਏ।”
ਪ੍ਰਸ਼ਨ – (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(vi) ਸ਼ਰਨਜੀਤ ਕਿਹੋ ਜਿਹੀ ਕੁੜੀ ਹੈ?
ਉੱਤਰ – (i) ਸਮੁੰਦਰੋਂ ਪਾਰ।
(ii) ਕਪੂਰ ਸਿੰਘ ਘੁੰਮਣ।
(iii) ਇਹ ਵਾਕ ਹਰਦੇਵ ਬਾਜਵਾ ਨੂੰ ਬਲਵੰਤ ਢਿੱਲੋਂ ਨੇ ਕਹੇ।
(vi) ਸ਼ਰਨਜੀਤ ਪੜ੍ਹੀ–ਲਿਖੀ ਕੁੜੀ ਹੈ।
3. “ਤੇਰੇ ਬਗ਼ੈਰ ਉਹ ਨਹੀਂ ਜੀ ਸਕਦੇ, ਉਨ੍ਹਾਂ ਦੇ ਨਾਲ਼ ਤੂੰ ਜਾ ਨਹੀਂ ਸਕਦਾ, ਮਸਲਾ ਨਿਹਾਇਤ ਗੁੰਝਲਦਾਰ ਏ।”
ਪ੍ਰਸ਼ਨ – (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(vi) ਨਿਹਾਇਤ ਗੁੰਝਲਦਾਰ ਮਸਲਾ ਕਿਹੜਾ ਹੈ?
ਉੱਤਰ – (i) ਸਮੁੰਦਰੋਂ ਪਾਰ।
(ii) ਕਪੂਰ ਸਿੰਘ ਘੁੰਮਣ।
(iii) ਇਹ ਵਾਕ ਹਰਦੇਵ ਬਾਜਵੇ ਨੂੰ ਬਲਵੰਤ ਢਿੱਲੋਂ ਨੇ ਕਹੇ।
(vi)ਹਰਦੇਵ ਬਾਜਵਾ ਦਾ ਸ਼ਰਨਜੀਤ ਨੂੰ ਨਾ ਅਪਣਾਉਣ ਦਾ ਤੇ ਉਸ ਦਾ ਆਪਣੇ ਪਤੀ ਬਿਨਾਂ ਨਾ ਰਹਿਣ ਦਾ।
4. “ਮੈਨੂੰ ਪਹਿਲਾਂ ਵੀ ਸ਼ੱਕ ਈ। ਉਹ ਮੇਰੇ ਨਾਲ਼ ਅੱਖਾਂ ਨਹੀਂ ਮੇਲ ਸਕਣਗੇ। ਉਨ੍ਹਾਂ ਦੀ ਸ਼ਰਾਫ਼ਤ ਦਾ ਝੁੰਬਲਮਾਟਾ ਪਾਟ ਜਾਣਾ ਹੋਇਆ ਤੇ ਫੇਰ ਮੈਂ ਵੀ ਪਾਣੀ ਰਿੜਕ ਕੇ ਕੀ ਲੈਣੇ? ਨੀਟੂ ਬਾਰੇ ਤੁਸ਼ੀ ਪੁੱਛ ਲੈਣਾ। ਉਹ ਝੋਲੀ ਪਾਂਦੇ ਨੇ ਜਾਂ ਨਹੀਂ। ਜੀਅ ਤਾਂ ਮੇਰਾ ਨਹੀਂ ਕਰਦਾ, ਇਹਨੂੰ ਇਸ ਤਰ੍ਹਾਂ ਦੇ ਪਿਤਾ ਦਾ ਸਾਇਆ ਮਿਲੇ, ਪਰ…..ਪਰ…..ਪਰ ਮਜਬੂਰੀ ਏ, ਇਹ ਉਹਨਾਂ ਦੀ ਅਮਾਨਤ ਏ, ਅੱਜ ਵੀ ਏ ਕੱਲ੍ਹ ਵੀ।”
ਪ੍ਰਸ਼ਨ – (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਦੋਂ ਕਹੇ?
(iv) ਸ਼ਰਨਜੀਤ ਨੂੰ ਬਾਜਵੇ ’ਤੇ ਕੀ ਸ਼ੱਕ ਸੀ?
(v) ਸ਼ਰਨਜੀਤ ਨੀਟੂ ਬਾਰੇ ਕੀ ਸੋਚਦੀ ਹੈ?
ਉੱਤਰ – (i) ਸਮੁੰਦਰੋਂ ਪਾਰ।
(ii) ਕਪੂਰ ਸਿੰਘ ਘੁੰਮਣ।
(iii) ਇਹ ਸ਼ਬਦ ਸ਼ਰਨਜੀਤ ਨੇ ਬਲਵੰਤ ਢਿੱਲੋਂ ਨੂੰ ਉਸ ਸਮੇਂ ਕਹੇ ਜਦੋਂ ਉਹ ਦੱਸਦਾ ਹੈ ਕਿ ਬਾਜਵਾ ਸ਼ਰਨਜੀਤ ਦੇ ਇੰਗਲੈਂਡ ਆਉਣ ਬਾਰੇ ਸੁਣ ਕੇ ਗੁੱਸੇ ਹੋਵੇਗਾ।
(iv) ਇਹ ਕਿ ਹਰਦੇਵ ਬਾਜਵਾ ਉਸ ਨਾਲ਼ ਨਜ਼ਰ ਨਹੀਂ ਮਿਲਾ ਸਕੇਗਾ।
(v) ਉਸ ਨੂੰ ਉਸਦਾ ਬਾਪ ਹਰਦੇਵ ਬਾਜਵਾ ਅਪਣਾ ਲਵੇ।
5. “ਓ ਗੌਡ। ਹਮਰਾ ਸਾਥ ਕੈਸਾ ਸ਼ੇਮਫੁੱਲ ਢੋਕਾ ਹੂਆ। ਆਪ ਪੰਜਾਬੀ ਲੋਕ ਦਾ ਬਰਾਡਰੀ ਯਿਹ ਹੋਟਾ। ਆਪ ਔਰਤ ਕੋ ਘਰ ਮੇਂ ਭੀ ਐਸਾ ਡੀਸੀਵ ਕਰਟਾ ਔਰ ਦੂਸਰਾ ਮੁਲਕ ਮੇਂ ਜਾ ਕੇ ਭੀ ਡੀਸੀਵ ਕਰਟਾ? ਸ਼ਰਮ ਕਾ ਬਾਟ, ਸ਼ੇਮ! ਸ਼ੇਮ।”
ਪ੍ਰਸ਼ਨ – (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(iv) ਮਰਸੀ ਆਪਣੇ ਨਾਲ਼ ਹੋਏ ਕਿਸ ਧੋਖੇ ਦੀ ਗੱਲ ਕਰਦੀ ਹੈ?
(v) ਮਰਸੀ ‘ਸ਼ਰਮ ਕਾ ਬਾਟ, ਸੇਮ! ਸ਼ੇਮ!’ ਕਿਉਂ ਕਹਿੰਦੀ ਹੈ?
ਉੱਤਰ – (i) ਸਮੁੰਦਰੋਂ ਪਾਰ।
(ii) ਕਪੂਰ ਸਿੰਘ ਘੁੰਮਣ।
(iii) ਇਹ ਸ਼ਬਦ ਮਰਸੀ ਆਪਣੇ ਨਾਲ਼ ਹੋਏ ਧੋਖੇ ਕਰਕੇ ਪੰਜਾਬੀਆਂ ਲਈ ਕਹਿੰਦੀ ਹੈ।
(iv) ਹਰਦੇਵ ਨੇ ਆਪਣੀ ਪਹਿਲਾਂ ਵਾਲ਼ੀ ਪਤਨੀ ਦੇ ਹੁੰਦੇ ਝੂਠ ਬੋਲ ਕੇ ਉਸ ਨਾਲ਼ ਵਿਆਹ ਕਰਵਾ ਲਿਆ।
(v) ਕਿਉਂਕਿ ਉਸ ਨਾਲ਼ ਧੋਖਾ ਹੋਇਆ ਹੈ।
6. “ਇਹ ਸੀ ਤੇਰੀ ਦੋਸਤੀ? ਮੇਰੀ ਨਿੱਕੀ ਜਿਹੀ ਗੱਲ ਵੀ ਤੂੰ ਰੱਖੀ ਨਾ?”
ਪ੍ਰਸ਼ਨ – (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(iv) ਇਹ ਸ਼ਬਦ ਕਦੋਂ ਕਹੇ?
ਉੱਤਰ – (i) ਸਮੁੰਦਰੋਂ ਪਾਰ।
(ii) ਕਪੂਰ ਸਿੰਘ ਘੁੰਮਣ।
(iii) ਇਹ ਸ਼ਬਦ ਹਰਦੇਵ ਬਾਜਵੇ ਨੇ ਬਲਵੰਤ ਢਿੱਲੋਂ ਨੂੰ ਕਹੇ।
(iv) ਜਦੋਂ ਹਰਦੇਵ ਬਾਜਵਾ ਆਪਣੇ ਘਰ ਆਏ ਬੈਠੇ ਆਪਣੇ ਭਰਾ ਨੂੰ ਵੇਖਦਾ ਹੈ।
7. “ਮੈਂ ਵੀ ਪੰਜਾਬ ਤੋਂ ਚੱਲਣ ਲੱਗਿਆਂ ਕਸਮ ਖਾਧੀ, ਆਪਣੀ ਭਰਜਾਈ ਦਾ ਸੁਹਾਗ ਉਸਨੂੰ ਲੈ ਕੇ ਦਿਆਂ। ਸਮੁੰਦਰੋਂ ਪਾਰ ਦੇ ਰਿਵਾਜ ਨਾਲ ਮਰਸੀ ਦਾ ਸੁਹਾਗ ਹੋਰ ਬਣ ਸਕਦੈ, ਸ਼ਰਨਜੀਤ ਦਾ ਨਹੀਂ ਤੇ ਹੁਣ ਸ਼ਰਨਜੀਤ ਮੇਰੀ ਭਰਜਾਈ, ਛੁੱਟੜ ਵਾਪਸ ਨਹੀਂ ਜਾਵੇਗੀ। ਜੇ ਉਹ ਗਈ ਤਾਂ ਮੇਰੀ ਲਾਸ਼ ਤੋਂ ਲੰਘ ਕੇ ਜਾਵੇਗੀ।”
ਪ੍ਰਸ਼ਨ – (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(iv) ਸੁਖਦੇਵ ਨੇ ਕਿਹੜੀ ਕਸਮ ਖਾਧੀ ਸੀ?
(v) ਸੁਖਦੇਵ ਮਰਸੀ ਬਾਰੇ ਕੀ ਸੋਚਦਾ ਹੈ?
(vi) ਸੁਖਦੇਵ ਦਾ ਸ਼ਰਨਜੀਤ ਨਾਲ ਕੀ ਰਿਸ਼ਤਾ ਹੈ?
ਉੱਤਰ – (i) ਸਮੁੰਦਰੋਂ ਪਾਰ।
(ii) ਕਪੂਰ ਸਿੰਘ ਘੁੰਮਣ।
(iii) ਇਹ ਸ਼ਬਦ ਸੁਖਦੇਵ ਬਾਜਵਾ ਨੇ ਹਰਦੇਵ ਬਾਜਵਾ ਨੂੰ ਕਹੇ।
(iv) ਆਪਣੀ ਭਰਜਾਈ ਨੂੰ ਉਸਦਾ ਹੱਕ ਲੈ ਕੇ ਦੇਣ ਦੀ।
(v) ਮਰਸੀ ਇੰਗਲੈਂਡ ਦੇ ਰਿਵਾਜ਼ ਅਨੁਸਾਰ ਹਰਦੇਵ ਬਾਜਵਾ ਨੂੰ ਛੱਡ ਕੇ ਹੋਰ ਵਿਆਹ ਕਰਵਾ ਸਕਦੀ ਹੈ।
(vi) ਦਿਓਰ ਭਰਜਾਈ ਦਾ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਸਮੁੰਦਰੋਂ ਪਾਰ’ ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ – ਕਪੂਰ ਸਿੰਘ ਘੁੰਮਣ।
ਪ੍ਰਸ਼ਨ 2. ‘ਸਮੁੰਦਰੋਂ ਪਾਰ’ ਇਕਾਂਗੀ ਦਾ ਮੁੱਖ ਪਾਤਰ ਕੌਣ ਹੈ?
ਉੱਤਰ – ਹਰਦੇਵ ਬਾਜਵਾ।
ਪ੍ਰਸ਼ਨ 3. ਹਰਦੇਵ ਬਾਜਵਾ ਕਿੱਥੇ ਰਹਿੰਦਾ ਹੈ?
ਉੱਤਰ – ਇੰਗਲੈਂਡ ਦੇ ਸ਼ਹਿਰ ਮਿਡਲਸੈਕਸ ਵਿੱਚ।
ਪ੍ਰਸ਼ਨ 4. ਹਰਦੇਵ ਬਾਜਵੇ ਦੀ ਪੰਜਾਬਣ ਪਤਨੀ ਦਾ ਨਾਂ ਕੀ ਹੈ?
ਉੱਤਰ – ਸ਼ਰਨਜੀਤ।
ਪ੍ਰਸ਼ਨ 5. ਹਰਦੇਵ ਬਾਜਵੇ ਦੀ ਅੰਗਰੇਜ਼ ਪਤਨੀ ਦਾ ਨਾਂ ਕੀ ਹੈ?
ਉੱਤਰ – ਮਰਸੀ।
ਪ੍ਰਸ਼ਨ 6. ਹਰਦੇਵ ਬਾਜਵੇ ਦੇ ਗੁਆਂਢੀ ਦੋਸਤ ਦਾ ਨਾਂ ਕੀ ਹੈ?
ਉੱਤਰ – ਹਕੂਮਤ ਰਾਏ।
ਪ੍ਰਸ਼ਨ 7. ਬਲਵੰਤ ਢਿੱਲੋਂ ਕੌਣ ਹੈ?
ਉੱਤਰ – ਹਰਦੇਵ ਬਾਜਵੇ ਦਾ ਦੋਸਤ।
ਪ੍ਰਸ਼ਨ 8. ਹਰਦੇਵ ਬਾਜਵੇ ਦੇ ਛੋਟੇ ਭਰਾ ਦਾ ਨਾਂ ਕੀ ਹੈ?
ਉੱਤਰ – ਸੁਖਦੇਵ ਬਾਜਵਾ।
ਪ੍ਰਸ਼ਨ 9. ਸ਼ਰਨਜੀਤ ਪੰਜਾਬ ਤੋਂ ਕਿੱਥੇ ਪਹੁੰਚੀ ਸੀ?
ਉੱਤਰ – ਇੰਗਲੈਂਡ।
ਪ੍ਰਸ਼ਨ 10. ਮੇਜ਼ ਦੀ ਦਰਾਜ਼ ਵਿੱਚੋਂ ਪਸਤੌਲ ਕੌਣ ਕੱਢਦਾ ਹੈ?
ਉੱਤਰ – ਸੁਖਦੇਵ ਬਾਜਵਾ।
ਪ੍ਰਸ਼ਨ 11. ਨੀਟੂ ਕਿਸ ਦਾ ਬੱਚਾ ਹੈ?
ਉੱਤਰ – ਹਰਦੇਵ ਬਾਜਵੇ ਅਤੇ ਸ਼ਰਨਜੀਤ ਦਾ।
ਪ੍ਰਸ਼ਨ 12. ਸੁਖਦੇਵ ਕਿਸ ਦੇ ਨਾਲ਼ ਇੰਗਲੈਂਡ ਆਇਆ ਸੀ?
ਉੱਤਰ – ਸ਼ਰਨਜੀਤ ਦੇ।
ਪ੍ਰਸ਼ਨ 13. ਹਰਦੇਵ ਬਾਜਵੇ ਦੇ ਹੱਥ ਵਿੱਚ ਪਸਤੌਲ ਕੌਣ ਦਿੰਦਾ ਹੈ?
ਉੱਤਰ – ਸੁਖਦੇਵ ਬਾਜਵਾ।
ਪ੍ਰਸ਼ਨ 14. ਨੀਟੂ ਦੀ ਉਮਰ ਕਿੰਨੀ ਹੈ?
ਉੱਤਰ – ਤਿੰਨ ਸਾਲ।
ਪ੍ਰਸ਼ਨ 15. ਢਿੱਲੋਂ ਕਿਸ ਨੂੰ ਨੇਕ ਆਦਮੀ ਕਹਿੰਦਾ ਹੈ?
ਉੱਤਰ – ਹਕੂਮਤ ਰਾਏ ਨੂੰ।
ਪ੍ਰਸ਼ਨ 16. ਹਰਦੇਵ ਮੈਟਰੋ ਵਿੱਚ ਕਿਸੇ ਦੀ ਉਡੀਕ ਕਰ ਰਿਹਾ ਸੀ?
ਉੱਤਰ – ਮਰਸੀ ਦੀ।
ਪ੍ਰਸ਼ਨ 17. ਸੁਖਦੇਵ ਅਨੁਸਾਰ ਹਰਦੇਵ ਸ਼ਰਨਜੀਤ ਨੂੰ ਨਫ਼ਰਤ ਕਿਉਂ ਕਰਦਾ ਸੀ?
ਉੱਤਰ – ਉਸ ਦੇ ਸੱਚ ਬੋਲਣ ਕਰਕੇ।
ਪ੍ਰਸ਼ਨ 18. ‘ਸਮੁੰਦਰੋਂ ਪਾਰ’ ਇਕਾਂਗੀ ਦੇ ਅੰਤ ਵਿੱਚ ਗੋਲੀ ਕਿਸ ਦੇ ਲਗਦੀ ਹੈ?
ਉੱਤਰ – ਸੁਖਦੇਵ ਦੇ।
ਪ੍ਰਸ਼ਨ 19. ‘ਸਮੁੰਦਰੋਂ ਪਾਰ’ ਇਕਾਂਗੀ ਵਿੱਚ ਕਿਹੜਾ ਪਾਤਰ ਘਟੀਆ ਆਚਰਨ ਦਾ ਮਾਲਕ ਹੈ?
ਉੱਤਰ – ਹਰਦੇਵ ਬਾਜਵਾ।
ਪ੍ਰਸ਼ਨ 20. ਮਰਸੀ ਕਿਹੋ ਜਿਹੀ ਕੁੜੀ ਹੈ?
ਉੱਤਰ – ਮਾਸੂਮ ਤੇ ਸਾਊ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037