2. ਆਪਣੇ ਮਿੱਤਰ/ਸਹੇਲੀ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲੈਣ ਲਈ ਪੱਤਰ।
ਪਰੀਖਿਆ ਭਵਨ,
ਸਕੂਲ …………….।
24 ਅਪ੍ਰੈਲ, 2021 .
ਪਿਆਰੀ ਸਤਬੀਰ,
ਸਤਿ ਸ੍ਰੀ ਅਕਾਲ।
ਬੜੀ ਲੰਮੀ ਉਡੀਕ ਤੋਂ ਬਾਅਦ ਤੇਰੀ ਚਿੱਠੀ ਮਿਲੀ ਹੈ। ਏਨੀ ਦੇਰ ਬਾਅਦ ਚਿੱਠੀ ਲਿਖਣ ਦਾ ਕਾਰਨ ਵੀ ਪਤਾ ਲੱਗਾ ਕਿ ਇਹਨਾਂ ਦਿਨਾਂ ਵਿੱਚ ਤੂੰ ਬਿਮਾਰ ਰਹੀ ਹੈਂ। ਇਹ ਪੜ੍ਹ ਕੇ ਮੈਨੂੰ ਬਹੁਤ ਅਫ਼ਸੋਸ ਹੋਇਆ। ਤੇਰੀ ਸਿਹਤ ਪਹਿਲਾਂ ਵੀ ਠੀਕ ਨਹੀਂ ਸੀ ਰਹਿੰਦੀ। ਮੈਂ ਤੈਨੂੰ ਕਈ ਵਾਰ ਲਿਖ ਚੁੱਕੀ ਹਾਂ ਕਿ ਤੂੰ ਆਪਣੀ ਸਿਹਤ ਵੱਲ ਪੂਰਾ ਧਿਆਨ ਦਿਆ ਕਰ। ਤੰਦਰੁਸਤ ਸਰੀਰ ਤੋਂ ਬਿਨਾਂ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਹੋ ਸਕਦੀ। ਪਿਛਲੀਆਂ ਛੁੱਟੀਆਂ ਵਿੱਚ ਜਦੋਂ ਮੈਂ ਪਿੰਡ ਆਈ ਸੀ, ਉਸ ਸਮੇਂ ਵੀ ਤੂੰ ਬਿਲਕੁਲ ਕਿਤਾਬੀ–ਕੀੜਾ ਹੀ ਬਣੀ ਰਹਿੰਦੀ ਸੀ। ਪੜ੍ਹਾਈ ਵੱਲ ਏਨਾ ਸਮਾਂ ਦੇਣ ਕਾਰਨ ਹੀ ਤੂੰ ਆਪਣੇ ਖਾਣ-ਪੀਣ ਦੇ ਸਮੇਂ ਵੱਲ ਕੋਈ ਧਿਆਨ ਨਹੀਂ ਦਿੰਦੀ ਅਤੇ ਨਾ ਹੀ ਖੇਡਣ-ਕੁੱਦਣ ਵਿੱਚ ਕੋਈ ਦਿਲਚਸਪੀ ਰੱਖਦੀ ਹੈ। ਪੜ੍ਹਾਈ ਵੱਲ ਧਿਆਨ ਦੇਣਾ ਜ਼ਰੂਰੀ ਹੈ ਪਰੰਤੂ ਖੇਡਾਂ ਵੀ ਪੜ੍ਹਾਈ ਦਾ ਜ਼ਰੂਰੀ ਅੰਗ ਹਨ। ਇਸੇ ਲਈ ਤਾਂ ਸਿਹਤ ਅਤੇ ਸਰੀਰਿਕ ਸਿੱਖਿਆ ਇੱਕ ਵਿਸ਼ੇ ਦੇ ਤੌਰ ‘ਤੇ ਸਾਡੇ ਪਾਠਕ੍ਰਮ ਦਾ ਜ਼ਰੂਰੀ ਹਿੱਸਾ ਬਣਾਇਆ ਗਿਆ ਹੈ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਿਹਤ ਠੀਕ ਰੱਖਣ ਲਈ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਵੇ। ਤੈਨੂੰ ਸ਼ਾਇਦ ਭੁਲੇਖਾ ਹੈ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ਼ ਸਮਾਂ ਨਸ਼ਟ ਹੁੰਦਾ ਹੈ। ਇਸ ਤਰ੍ਹਾਂ ਸੋਚਣਾ ਗ਼ਲਤ ਹੈ। ਖੇਡਾਂ ਜਿੱਥੇ ਸਾਡੇ ਮਨੋਰੰਜਨ ਦਾ ਸਾਧਨ ਹਨ ਉੱਥੇ ਇੱਕ ਲਾਭਦਾਇੱਕ ਕਸਰਤ ਵੀ ਹਨ। ਕਿਸੇ ਨਾ ਅਗਲੇਰੀ ਪੜ੍ਹਾਈ ਲਈ ਦਾਖ਼ਲੇ ਅਤੇ ਨੌਕਰੀਆਂ ਲੈਣ ਲਈ ਪੜ੍ਹਾਈ ਦੇ ਨਾਲ਼-ਨਾਲ਼ ਉਮੀਦਵਾਰ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਦੇ ਅੰਕ ਵੀ ਲਾਏ ਜਾਂਦੇ ਹਨ। ਮੈਂ ਤੈਨੂੰ ਇਹ ਸਲਾਹ ਦਿੰਦੀ ਹਾਂ ਕਿ ਤੈਨੂੰ ਵੀ ਜ਼ਰੂਰ ਕਿਸੇ ਖੇਡ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮੈਂ ਆਸ ਕਰਦੀ ਹਾਂ ਕਿ ਤੂੰ ਪੜ੍ਹਾਈ ਵਾਂਗ ਹੀ ਖੇਡਾਂ ਵੱਲ ਵੀ ਲੁੜੀਂਦਾ ਧਿਆਨ ਦੇਵੇਗੀ। ਮੰਮੀ ਅਤੇ ਡੈਡੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਤੇਰੀ ਸਹੇਲੀ,
ਨਾਮ…………….।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ, ਮੋ. 9193700037