ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਸੰਬੰਧੀ ਸਕੂਲ ਮੁਖੀ ਨੂੰ ਪੱਤਰ।
ਸੇਵਾ ਵਿਖੇ
ਮਾਣਯੋਗ ਪ੍ਰਿੰਸੀਪਲ ਸਾਹਿਬ,
ਸਰਕਾਰੀ ਸੀਨੀ. ਸੈਕੰ. ਸਕੂਲ,
ਪਿੰਡ/ਸ਼ਹਿਰ………………।
ਵਿਸ਼ਾ : ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਸਕੂਲ ਦੀ ਲਾਇਬ੍ਰੇਰੀ ਦੇ ਪ੍ਰਬੰਧ ਵਿੱਚ ਵਿੱਚ ਕੁਝ ਕਮੀਆਂ ਹਨ। ਬੱਚਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸਕੂਲ ਦੀ ਲਾਇਬ੍ਰੇਰੀ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਦੀ ਬਹੁਤ ਜ਼ਰੂਰਤ ਹੈ। ਲਾਇਬ੍ਰੇਰੀ ਵਿੱਚ ਪੰਜਾਬੀ ਅਖ਼ਬਾਰਾਂ ਅਤੇ ਕੁਝ ਮਹੱਤਵਪੂਰਨ ਰਿਸਾਲੇ ਜਿਵੇਂ ‘ਪੰਖੜੀਆਂ’, ‘ਆਲ਼ੇ-ਭੋਲੇ’ ਤੇ ‘ਨਵਾਂ ਯੁੱਗ’ ਦੀ ਕੇਵਲ ਇੱਕ-ਇੱਕ ਕਾਪੀ ਹੀ ਆਉਂਦੀ ਹੈ, ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਨੂੰ ਪੜ੍ਹਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਇਸ ਲਈ ਇਨ੍ਹਾਂ ਅਖ਼ਬਾਰਾਂ ਤੇ ਰਿਸਾਲਿਆਂ ਦੀਆਂ ਘੱਟੋ-ਘੱਟ ਤਿੰਨ-ਤਿੰਨ ਕਾਪੀਆਂ ਮੰਗਵਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਨ ਵਾਲ਼ੇ ਵਿਦਿਆਰਥੀਆਂ ਲਈ ਮੇਜ਼ ਤੇ ਕੁਰਸੀਆਂ ਦੀ ਬਹੁਤ ਘਾਟ ਹੈ, ਜਿਸ ਨੂੰ ਲੋੜ ਅਨੁਸਾਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇੱਥੇ ਵੀਹ ਕੁ ਵਿਦਿਆਰਥੀਆਂ ਦੇ ਇੱਕੋ ਸਮੇਂ ਬੈਠ ਕੇ ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਅਖ਼ਬਾਰਾਂ ਖੜ੍ਹ ਕੇ ਪੜ੍ਹਨ ਲਈ ਅਲੱਗ-ਅਲੱਗ ਰੈਕਾਂ ਉੱਤੇ ਲਾਈਆਂ ਜਾਣੀਆਂ ਚਾਹੀਦੀਆਂ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬੀ ਤੇ ਅੰਗਰੇਜ਼ੀ ਟ੍ਰਿਬਿਊਨ ਅਖ਼ਬਾਰ ਅਤੇ ਕੁਝ ਖੇਡਾਂ ਸੰਬੰਧੀ ਰਿਸਾਲੇ ਵੀ ਮੰਗਵਾਏ ਜਾਣੇ ਚਾਹੀਦੇ ਹਨ। ਇਸ ਦੇ ਨਾਲ਼ ਹੀ ਲਾਇਬ੍ਰੇਰੀ ਹਰ ਰੋਜ਼ ਮਿੱਥੇ ਸਮੇਂ ਉੱਪਰ ਖੁੱਲਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਲਾਇਬ੍ਰੇਰੀ ਜਾਣ ਲਈ ਵਾਧੂ ਸਮਾਂ ਮਿਲ਼ਣਾ ਚਾਹੀਦਾ ਹੈ। ਆਸ ਹੈ ਕਿ ਆਪ ਵੱਲੋਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਉਨ੍ਹਾਂ ਦੀਆਂ ਉਪਰੋਕਤ ਲੋੜਾਂ ਨੂੰ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ।
ਧੰਨਵਾਦ ਸਹਿਤ
ਆਪ ਦਾ ਵਿਸ਼ਵਾਸਪਾਤਰ,
ਨਾਮ………………..,
ਜਮਾਤ…………….।
ਰੋਲ ਨੰਬਰ……………
ਮਿਤੀ : 26 ਜੁਲਾਈ, 2024
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037