ਇਮਾਨਦਾਰ ਲੱਕੜਹਾਰਾ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ । ਉਹ ਬਹੁਤ ਹੀ ਇਮਾਨਦਾਰ ਸੀ, ਪਰ ਉਹ ਬਹੁਤ ਗ਼ਰੀਬ ਸੀ । ਇੱਕ ਦਿਨ ਉਹ ਨਦੀ ਦੇ ਕੋਲ਼ ਦਰੱਖ਼ਤ ਉਪਰ ਚੜ੍ਹ ਕੇ ਲੱਕੜਾਂ ਕੱਟ ਰਿਹਾ ਸੀ । ਅਜੇ ਉਸ ਨੇ ਕੁਝ ਹੀ ਲੱਕੜਾਂ ਕੱਟੀਆਂ ਸਨ । ਅਚਾਨਕ ਉਸ ਦਾ ਕੁਹਾੜਾ ਨਦੀ ਵਿੱਚ ਡਿੱਗ ਪਿਆ ।
ਨਦੀ ਦਾ ਪਾਣੀ ਬਹੁਤ ਡੂੰਘਾ ਸੀ, ਲੱਕੜਹਾਰੇ ਨੂੰ ਨਾ ਤਾਂ ਤੈਰਨਾ ਆਉਂਦਾ ਸੀ ਅਤੇ ਨਾ ਹੀ ਚੁੱਭੀ ਲਾਉਣੀ ਆਉਂਦੀ ਸੀ। ਉਹ ਨਦੀ ਦੇ ਕਿਨਾਰੇ ਬੈਠ ਕੇ ਰੋਣ ਲੱਗ ਪਿਆ । ਇੰਨੇ ਨੂੰ ਪਾਣੀ ਦਾ ਦੇਵਤਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਰੋਣ ਦਾ ਕਾਰਨ ਪੁੱਛਿਆ । ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ-ਭਰੀ ਕਹਾਣੀ ਸੁਣਾਈ ।
ਦੇਵਤੇ ਨੇ ਪਾਣੀ ਵਿੱਚ ਚੁੱਭੀ ਮਾਰੀ ਅਤੇ ਇੱਕ ਸੋਨੇ ਦਾ ਕੁਹਾੜਾ ਕੱਢ ਲਿਆਂਦਾ । ਲੱਕੜਹਾਰੇ ਨੇ ਕਿਹਾ ਕਿ ਇਹ ਉਸ ਦਾ ਕੁਹਾੜਾ ਨਹੀਂ, ਇਸ ਕਰਕੇ ਉਹ ਇਹ ਨਹੀਂ ਲਵੇਗਾ। ਦੇਵਤੇ ਨੇ ਫਿਰ ਪਾਣੀ ਵਿੱਚ ਚੁੱਭੀ ਮਾਰੀ ਅਤੇ ਇੱਕ ਚਾਂਦੀ ਦਾ ਕੁਹਾੜਾ ਕੱਢ ਲਿਆਂਦਾ । ਲੱਕੜਹਾਰੇ ਨੇ ਕਿਹਾ ਕਿ ਇਹ ਵੀ ਉਸ ਦਾ ਕੁਹਾੜਾ ਨਹੀਂ, ਉਸ ਦਾ ਕੁਹਾੜਾ ਤਾਂ ਲੋਹੇ ਦਾ ਹੈ, ਇਸ ਕਰਕੇ ਉਹ ਚਾਂਦੀ ਦਾ ਕੁਹਾੜਾ ਨਹੀਂ ਲਵੇਗਾ । ਇਸ ਪਿੱਛੋਂ ਦੇਵਤੇ ਨੇ ਤੀਜੀ ਵਾਰ ਪਾਣੀ ਵਿੱਚ ਚੁੱਭੀ ਮਾਰੀ ਅਤੇ ਲੋਹੇ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰਾ ਆਪਣਾ ਕੁਹਾੜਾ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਕਿ ਇਹ ਹੀ ਮੇਰਾ ਕੁਹਾੜਾ ਹੈ । ਕਿਰਪਾ ਕਰਕੇ ਇਹ ਮੈਨੂੰ ਦੇ ਦੇਵੋ।
ਲੱਕੜਹਾਰੇ ਦੀ ਇਮਾਨਦਾਰੀ ਨੂੰ ਦੇਖ ਕੇ ਪਾਣੀ ਦਾ ਦੇਵਤਾ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਬਾਕੀ ਦੋਨੋਂ ਕੁਹਾੜੇ ਵੀ ਇਨਾਮ ਵਜੋਂ ਦੇ ਦਿੱਤੇ। ਸਿੱਟਾ : ਇਮਾਨਦਾਰੀ ਚੰਗੀ ਨੀਤੀ ਹੈ।
ਜਾਂ
ਇਮਾਨਦਾਰੀ ਦਾ ਨਤੀਜਾ ਸਦਾ ਚੰਗਾ ਹੁੰਦਾ ਹੈ।