ਅੱਖੀਂ ਡਿੱਠਾ ਮੇਲਾ
ਪੰਜਾਬ ਦੇ ਮੇਲੇ – ਪੰਜਾਬ ਵਿੱਚ ਵੱਖ-ਵੱਖ ਰੁੱਤਾਂ, ਤਿਉਹਾਰਾਂ ਅਤੇ ਇਤਿਹਾਸਿਕ ਤੇ ਧਾਰਮਿਕ ਉਤਸਵਾਂ ਨਾਲ਼ ਸੰਬੰਧਿਤ ਬਹੁਤ ਸਾਰੇ ਮੇਲੇ ਲੱਗਦੇ ਹਨ ਅਤੇ ਇਹ ਪੰਜਾਬੀ ਸਭਿਆਚਾਰ ਵਿੱਚ ਬੜੀ ਖੁਸ਼ੀ ਤੇ ਰੰਗੀਨੀ ਪੈਦਾ ਕਰਦੇ ਹਨ।
ਹਾੜੀ ਪੱਕਣ ਦੀ ਖੁਸ਼ੀ – ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਭਾਰਤ ਵਿੱਚ ਥਾਂ-ਥਾਂ ‘ਤੇ ਲੱਗਦਾ ਹੈ। ਇਹ ਤਿਉਹਾਰ ਹਾੜੀ ਦੀ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ।
ਮੇਲਾ ਦੇਖਣ ਜਾਣਾ- ਸਾਡੇ ਪਿੰਡ ਤੋਂ ਦੋ ਕੁ ਮੀਲ ਦੀ ਵਿੱਥ ’ਤੇ ਵਿਸਾਖੀ ਦਾ ਮੇਲਾ ਲੱਗਦਾ ਹੈ। ਐਤਕੀਂ ਮੈਂ ਆਪਣੇ ਪਿਤਾ ਜੀ ਨਾਲ਼ ਮੇਲਾ ਵੇਖਣ ਲਈ ਗਿਆ। ਰਸਤੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ, ਬੁੱਢੇ ਤੇ ਨੌਜਵਾਨ ਮੇਲਾ ਵੇਖਣ ਲਈ ਜਾ ਰਹੇ ਸਨ। ਸਾਰਿਆਂ ਨੇ ਨਵੇਂ ਕੱਪੜੇ ਪਾਏ ਹੋਏ ਸਨ। ਰਸਤੇ ਵਿੱਚ ਅਸੀਂ ਕੁੱਝ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਸ਼ਗਨ ਕਰਦਿਆਂ ਵੀ ਦੇਖਿਆ। ਆਲੇਦੁਆਲੇ ਪੀਲੀਆਂ ਕਣਕਾਂ ਇਸ ਤਰ੍ਹਾਂ ਦਿਖਾਈ ਦੇ ਰਹੀਆਂ ਸਨ, ਜਿਵੇਂ ਖੇਤਾਂ ਵਿੱਚ ਸੋਨਾ ਵਿਛਿਆ ਹੋਵੇ।
ਇਤਿਹਾਸਿਕ ਪਿਛੋਕੜ – ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਸਾਡੇ ਦੇਸ਼ ਦਾ ਇੱਕ ਪੁਰਾਣਾ ਤਿਉਹਾਰ ਹੈ। ਆਮ ਕਰਕੇ ਇਸ ਨੂੰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸ ਮਹਾਨ ਦਿਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਦਿਨ ਹੀ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲਿਆਂ ਵਾਲ਼ਾ ਬਾਗ ਅੰਮ੍ਰਿਤਸਰ ਵਿੱਚ ਨਿਹੱਥੇ ਲੋਕਾਂ ਉੱਪਰ ਗੋਲੀ ਚਲਾਈ ਸੀ, ਜਿਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ।
ਮੇਲੇ ਦਾ ਦ੍ਰਿਸ਼ – ਇਹ ਗੱਲਾਂ ਕਰਦਿਆਂ ਹੀ ਅਸੀਂ ਮੇਲੇ ਵਿੱਚ ਪਹੁੰਚ ਗਏ। ਮੇਲੇ ਵਿੱਚ ਵਾਜੇ ਵੱਜਣ, ਢੋਲ ਖੜਕਣ, ਪੰਘੂੜਿਆਂ ਦੇ ਚੀਕਣ ਤੇ ਕੁੱਝ ਲਾਉਡ-ਸਪੀਕਰਾਂ ਦੀ ਅਵਾਜ਼ ਸੁਣਾਈ ਦੇ ਰਹੀ ਸੀ। ਮੇਲੇ ਵਿੱਚ ਕਾਫ਼ੀ ਭੀੜ-ਭੜੱਕਾ ਅਤੇ ਰੌਲਾ-ਰੱਪਾ ਸੀ। ਆਲੇਦੁਆਲੇ ਮਠਿਆਈਆਂ, ਖਿਡੌਣਿਆਂ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਅਸੀਂ ਮਠਿਆਈ ਦੀ ਇੱਕ ਦੁਕਾਨ ਉੱਤੇ ਬੈਠ ਕੇ ਤੱਤੀਆਂ-ਤੱਤੀਆਂ ਜਲੇਬੀਆਂ ਖਾਧੀਆਂ। ਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ ।
ਕੁੱਝ ਹੋਰ ਨਜ਼ਾਰੇ – ਮੇਲੇ ਵਿੱਚ ਬੱਚੇ ਤੇ ਕੁੜੀਆਂ ਪੰਘੂੜੇ ਝੂਟ ਰਹੇ ਸਨ। ਮੈਂ ਵੀ ਪੰਘੂੜੇ ਵਿੱਚ ਝੂਟੇ ਲਏ ਤੇ ਫਿਰ ਜਾਦੂਗਰ ਦੇ ਖੇਲ੍ਹ ਦੇਖੇ ਜਾਦੂਗਰ ਨੇ ਸੌ ਦਾ ਨੋਟ ਸਾੜ ਕੇ ਮੁੜ ਉਸੇ ਨੰਬਰ ਦਾ ਨੋਟ ਬਣਾ ਦਿੱਤਾ। ਫਿਰ ਉਸ ਨੇ ਤਾਸ ਦੇ ਕਈ ਖੇਲ ਦਿਖਾਏ।
ਭੰਗੜਾ ਤੇ ਮੈਚ – ਅਸੀਂ ਥਾਂ-ਥਾਂ ਲੋਕਾਂ ਨੂੰ ਭੰਗੜਾ ਪਾਉਂਦੇ ਬੜ੍ਹਕਾਂ ਮਾਰਦੇ ਤੇ ਬੋਲੀਆਂ ਪਾਉਂਦੇ ਹੋਏ ਦੇਖਿਆ। ਜਿਉਂ-ਜਿਉਂ ਦਿਨ ਬੀਤ ਰਿਹਾ ਸੀ, ਮੇਲੇ ਦੀ ਭੀੜ ਵਧਦੀ ਜਾ ਰਹੀ ਸੀ। ਇੱਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਵੀ ਦੇਖਿਆ।
ਸ਼ਰਾਬੀਆਂ ਦੀ ਲੜਾਈ ਤੇ ਵਾਪਸੀ – ਇੰਨੇ ਨੂੰ ਸੂਰਜ ਛਿਪ ਰਿਹਾ ਸੀ। ਇੱਕ ਪਾਸੇ ਦੋ ਸ਼ਰਾਬੀ ਪਾਰਟੀਆਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਮੇਰੇ ਪਿਤਾ ਜੀ ਨੇ ਮੈਨੂੰ ਨਾਲ਼ ‘ਕੇ ਜਲਦੀ ਨਾਲ਼ ਮੇਲੇ ਵਿੱਚੋਂ ਨਿਕਲਣ ਦੀ ਕੀਤੀ। ਨੇੜੇ ਦੀ ਦੁਕਾਨ ਤੋਂ ਅਸੀਂ ਕਾਹਲੀ ਕਾਹਲੀ ਘਰਦਿਆਂ ਲਈ ਮਠਿਆਈ ਖਰੀਦੀ ਅਤੇ ਪਿੰਡ ਦਾ ਰਸਤਾ ਫੜ ਲਿਆ। ਕਾਫ਼ੀ ਹਨੇਰੇ ਹੋਏ ਅਸੀਂ ਘਰ ਪਹੁੰਚੇ ।