ਮਿੱਤਰ/ਸਹੇਲੀ ਨੂੰ ਸਕੂਲ ਵਿੱਚ ਹੋਏ ਸਲਾਨਾ ਸਮਾਗਮ ਬਾਰੇ ਪੱਤਰ।
ਪਰੀਖਿਆ ਭਵਨ,
ਪਿੰਡ/ਸ਼ਹਿਰ………….।
ਮਿਤੀ : 28 ਜੁਲਾਈ, 2021.
ਪਿਆਰੇ ਮਿੱਤਰ,
ਸ਼ੁੱਭ ਇਛਾਵਾਂ!
ਪਿਛਲੇ ਦਿਨੀ ਸਾਡੇ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਅੱਖੀਂ ਡਿੱਠਾ ਹਾਲ ਮੈਂ ਤੇਰੇ ਨਾਲ਼ ਸਾਂਝਾ ਕਰਨਾ ਚਾਹੁੰਦਾ ਹਾਂ। ਇਹ ਸਮਾਗਮ 10 ਅਕਤੂਬਰ, 2020 ਨੂੰ ਹੋਇਆ। ਇਸ ਦਾ ਪ੍ਰਬੰਧ ਸਾਡੇ ਸਕੂਲ ਦੇ ਖੇਡ ਮੈਦਾਨ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ……………………. ਪਹੁੰਚੇ ਸਨ। ਉਹਨਾਂ ਦੇ ਪਹੁੰਚਣ ਸਮੇਂ ਸਕੂਲ ਪ੍ਰਿੰਸੀਪਲ ਤੇ ਹੋਰ ਅਧਿਆਪਕਾਂ ਨੇ ਉਹਨਾਂ ਦਾ ਸਵਾਗਤ ਕੀਤਾ। ਸਮਾਗਮ ਦੇ ਪੰਡਾਲ ਵਿੱਚ ਦਾਖ਼ਲ ਹੁੰਦੇ ਹੀ ਸਾਰੇ ਵਿਦਿਆਰਥੀਆਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਉਂਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ।
ਸਮਾਗਮ ਦਾ ਆਰੰਭ ਪ੍ਰਿੰਸੀਪਲ ਜੀ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕੀਤਾ ਗਿਆ। ਇਸ ਤੋਂ ਬਾਅਦ ਸਕੂਲ ਵਿਦਿਆਰਥੀਆਂ ਦੁਆਰਾ ਗੀਤ, ਭਾਸ਼ਣ, ਸਕਿੱਟ, ਡਾਂਸ, ਕੋਰਿਓਗ੍ਰਾਫੀ, ਗਿੱਧਾ ਤੇ ਭੰਗੜਾ ਆਦਿ ਦੀ ਪੇਸ਼ਕਾਰੀ ਕੀਤੀ ਗਈ। ਸਾਰੇ ਮਹਿਮਾਨਾਂ ਦੁਆਰਾ ਕਲਾਕਾਰ ਬੱਚਿਆਂ ਦੀ ਬਹੁਤ ਪ੍ਰਸੰਸਾ ਕੀਤੀ ਗਈ। ਇਸ ਪਿੱਛੋਂ ਮੁੱਖ ਮਹਿਮਾਨ ਜੀ ਦੁਆਰਾ ਆਪਣੇ ਭਾਸ਼ਣ ਰਾਹੀਂ ਸਕੂਲ ਪ੍ਰਿੰਸੀਪਲ, ਅਧਿਆਪਕਾਂ ਅਤੇ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ, ਅਨੁਸ਼ਾਸਨ ਦੀ ਪਾਲਣਾ ਕਰਨ, ਸਮਾਜ ਸੇਵਾ ਦੀ ਭਾਵਨਾ ਰੱਖਣ ਅਤੇ ਮਾਤਾ ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ।
ਇਸ ਤੋਂ ਬਾਅਦ ਇਨਾਮ ਵੰਡਣ ਦਾ ਪ੍ਰੋਗਰਾਮ ਅਰੰਭ ਹੋਇਆ ਜਿਸ ਵਿੱਚ ਬੀਤੇ ਵਰ੍ਹੇ ਦੌਰਾਨ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਅੱਵਲ ਪ੍ਰਾਪਤੀਆਂ ਕਰਨ ਵਾਲ਼ੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿੱਚ ਮੈਨੂੰ ਵੀ ਜਮਾਤ ਵਿੱਚ ਪਹਿਲਾ ਦਰਜਾ ਪ੍ਰਾਪਤ ਕਰਨ ਅਤੇ ਕਬੱਡੀ ਦੀ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਇਨਾਮ ਪ੍ਰਾਪਤ ਹੋਇਆ। ਮੈਨੂੰ ਇਹ ਇਨਾਮ ਪ੍ਰਾਪਤ ਕਰਕੇ ਬਹੁਤ ਖ਼ੁਸ਼ੀ ਹੋਈ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਜੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਅਗਲੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ। ਸਕੂਲ ਵਿੱਚ ਮਹਿਮਾਨਾਂ ਲਈ ਚਾਹ ਅਤੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ। ਇਕੱਠੇ ਬੈਠ ਕੇ ਖਾਣਾ ਖਾਣ ਤੋਂ ਬਾਅਦ ਸਕੂਲ ਪ੍ਰਿੰਸੀਪਲ, ਮੁੱਖ ਮਹਿਮਾਨ ਨੂੰ ਸਤਿਕਾਰ ਸਹਿਤ ਵਿਦਾ ਕਰਨ ਗਏ। ਇਸ ਤਰ੍ਹਾਂ ਸਾਡੇ ਸਕੂਲ ਦਾ ਇਨਾਮ ਵੰਡ ਸਮਾਗਮ ਬਹੁਤ ਪ੍ਰਭਾਵਸ਼ਾਲੀ ਰਿਹਾ। ਮੈਨੂੰ ਆਸ ਹੈ ਕਿ ਤੈਨੂੰ ਇਹ ਸਾਰਾ ਅੱਖੀਂ ਡਿੱਠਾ ਹਾਲ ਜਾਣ ਕੇ ਬਹੁਤ ਵਧੀਆ ਲੱਗੇਗਾ ਅਤੇ ਖ਼ੁਸ਼ੀ ਪ੍ਰਾਪਤ ਹੋਵੇਗੀ।
ਤੇਰਾ ਮਿੱਤਰ,
ਨਾਮ…………….
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037