2. ਸੂਫ਼ੀ-ਕਾਵਿ
ਅਭਿਆਸ
ਪ੍ਰਸ਼ਨ 1. ਪੰਜਾਬੀ ਦੀ ਸੂਫ਼ੀ ਕਾਵਿ-ਧਾਰਾ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਨੋਟ ਲਿਖੋ।
ਉੱਤਰ: ਪੰਜਾਬੀ ਸੂਫ਼ੀ-ਕਾਵਿ:- ਸਾਹਿਤਿਕ ਪੱਖੋਂ ਸੂਫ਼ੀ ਦਰਵੇਸ਼ਾਂ ਦਾ ਮਹੱਤਵ ਉਹਨਾਂ ਦੇ ਕਵੀ ਹੋਣ ਕਾਰਨ ਹੈ। ਸੂਫ਼ੀ ਕਵੀਆਂ ਨੇ ਸੂਫ਼ੀ ਸਿਧਾਂਤਾਂ ਨੂੰ ਪ੍ਰਗਟਾਉਂਦੀ ਮਹਾਨ ਕਵਿਤਾ ਲਿਖੀ। ਸਮੁੱਚਾ ਸੂਫ਼ੀ-ਕਾਵਿ ਆਪਣੇ ਵਿਸ਼ੇ ਤੇ ਰੂਪ ਦੇ ਪੱਖੋਂ ਪੰਜਾਬੀ ਸਾਹਿਤ ਦੀ ਇੱਕ ਅਦੁੱਤੀ ਪ੍ਰਾਪਤੀ ਹੈ। ਇਸ ਕਾਵਿ ਨੇ ਪੰਜਾਬ ਦੇ ਲੋਕ-ਵਿਰਸੇ ਨਾਲ਼ ਆਪਣੀ ਸਾਂਝ ਪਾਈ ਤੇ ਪੰਜਾਬੀ ਸੱਭਿਆਚਾਰ ਦੇ ਅਨੇਕਾਂ ਪੱਖਾਂ ਨੂੰ ਆਪਣੀ ਕਵਿਤਾ ਦੁਆਰਾ ਉਜਾਗਰ ਕੀਤਾ। ਸੂਫ਼ੀ ਕਵੀਆਂ ਨੇ ਪੰਜਾਬ ਦੀ ਲੋਕ-ਬੋਲੀ ਵਿੱਚ ਆਪਣੀ ਰਚਨਾ ਕੀਤੀ ਤੇ ਇਸ ਬੋਲੀ ਨੂੰ ਸਾਹਿਤਿਕ ਠੁੱਕ ਪ੍ਰਦਾਨ ਕਰਨ ਤੇ ਇਸ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਸੂਫ਼ੀ ਕਵੀ ਅਤੇ ਸੂਫ਼ੀ ਕਾਵਿ-ਧਾਰਾ ਦੀਆਂ ਪ੍ਰਾਪਤੀਆਂ:
ਸ਼ੇਖ਼ ਫ਼ਰੀਦ :- ਸ਼ੇਖ਼ ਫ਼ਰੀਦ ਸ਼ਕਰਗੰਜ ਪੰਜਾਬੀ ਸੂਫ਼ੀ ਕਾਵਿ-ਧਾਰਾ ਦੇ ਤੇ, ਸਮੁੱਚੇ ਤੌਰ ਉੱਤੇ, ਪੰਜਾਬੀ ਕਵਿਤਾ ਦੇ ਵੀ ਮੋਢੀ ਕਵੀ ਹਨ। ਫ਼ਰੀਦ ਜੀ ਸੂਫ਼ੀਆਂ ਦੇ ਚਿਸ਼ਤੀ ਸੰਪਰਦਾਇ ਨਾਲ਼ ਸੰਬੰਧਿਤ ਸਨ ਤੇ ਆਪ ਦਾ ਮੁਰਸ਼ਦ ਕੁਤਬ-ਉਦ-ਦੀਨ ਬਖ਼ਤਿਆਰ ਕਾਕੀ ਸੀ। ਆਪ ਦੇ ਪਿਤਾ ਦਾ ਨਾਂ ਸੁਲੇਮਾਨ ਸੀ। ਆਪ ਦੇ ਵੱਡੇ-ਵਡੇਰੇ ਕਾਬਲ ਤੋਂ ਆ ਕੇ ਜ਼ਿਲ੍ਹਾ ਮੁਲਤਾਨ ਦੇ ਇੱਕ ਪਿੰਡ ਖੋਤਵਾਲ ਵਿੱਚ ਵੱਸ ਗਏ ਸਨ। ਫ਼ਰੀਦ ਜੀ ਦਾ ਜਨਮ 1173 ਈ: ਨੂੰ ਇਸੇ ਸਥਾਨ ਉੱਤੇ ਹੋਇਆ।
ਪੰਜਾਬੀ ਵਿੱਚ ਰਚੀ ਆਪ ਦੀ ਬਾਣੀ ਬਹੁਤ ਸੰਖੇਪ ਹੈ। ਇਸ ਵਿੱਚ ਕੁੱਲ 4 ਸ਼ਬਦ ਤੇ 112 ਸਲੋਕ ਆਉਂਦੇ ਹਨ। ਇਹ ਸਾਰੀ ਬਾਣੀ ‘ਆਦਿ ਗ੍ਰੰਥ’ ਵਿੱਚ ਦਰਜ ਹੈ: ਗੁਰੂ ਗ੍ਰੰਥ ਸਾਹਿਬ ਵਿੱਚ ‘ਸਲੋਕ ਸ਼ੇਖ਼ ਫ਼ਰੀਦ ਜੀ ਕੇ’ ਸਿਰਲੇਖ ਅਧੀਨ 130 ਸਲੋਕ ਦਿੱਤੇ ਗਏ ਹਨ ਕਿਉਂਕਿ ਇਹਨਾਂ ਵਿੱਚ 18 ਸਲੋਕ ਸਿੱਖ ਗੁਰੂਆਂ ਦੇ ਹਨ, ਜਿਹੜੇ ਫ਼ਰੀਦ ਜੀ ਦੇ ਕਿਸੇ ਵਿਚਾਰ ਨੂੰ ਵਧੇਰੇ ਸਪਸ਼ਟ ਕਰਨ ਲਈ ਜਾਂ ਉਹਨਾਂ ਦੇ ਕਿਸੇ ਸ਼ੰਕੇ ਦੇ ਸਪਸ਼ਟੀਕਰਨ ਲਈ ਦਿੱਤੇ ਗਏ ਹਨ।
ਫ਼ਰੀਦ ਬਾਣੀ ਦੇ ਮੁੱਖ ਵਿਸ਼ੇ ਰੱਬੀ ਅਰਾਧਨਾ, ਦਰਵੇਸ਼ੀ ਜੀਵਨ ਜਿਊਂਣ ਦਾ ਉਪਦੇਸ਼, ਮਨੁੱਖ ਨੂੰ ਉੱਚਾ-ਸੁੱਚਾ ਜੀਵਨ ਜਿਊਂਣ ਦੀ ਪ੍ਰੇਰਨਾ ਦੇਣਾ ਹਨ।
ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ॥
ਕਬਹੀ ਚਲਿ ਨ ਆਇਆ, ਪੰਜੇ ਵਖਤ ਮਸੀਤਿ।।
ਪਰ ਉਹਨਾਂ ਦੇ ਨਮਾਜ਼ ਦੇ ਅਰਥ ਨਿਮਰਤਾ ਤੇ ਸੱਚ ਦੇ ਅਸੂਲਾਂ ਨਾਲ਼ ਜੁੜਨ ਦੇ ਹਨ। ਉਹ ਫੋਕੇ ਭੇਖ ਤੇ ਪਖੰਡ ਦੇ ਵਿਰੁੱਧ ਹਨ:
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥
ਇਸ ਲਈ ਆਪ ਸੂਫ਼ੀ-ਸਦਾਚਾਰ ਦੇ ਮਨ ਦੀ ਪਵਿੱਤਰਤਾ ਉੱਪਰ ਵੀ ਓਨਾ ਹੀ ਜ਼ੋਰ ਦਿੰਦੇ ਹਨ, ਜਿੰਨਾ ਸਰੀਰਿਕ ਸ਼ੁੱਧੀ ਉੱਪਰ, ਜਿਵੇਂ:
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ।।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਬਾਬਾ ਫ਼ਰੀਦ ਦੀ ਪਹੁੰਚ ਕਿਉਂਕਿ ਮਾਨਵਵਾਦੀ ਹੈ ਇਸ ਲਈ ਉਹਨਾਂ ਨੂੰ ਸਾਰੇ ਮਨੁੱਖਾਂ ਵਿੱਚ ਰੱਬ ਦੇ ਦਰਸ਼ਨ ਹੁੰਦੇ ਹਨ ਤੇ ਉਹ ਵਿਅਕਤੀ ਨੂੰ ਮਾਨਵ-ਹਿਤੈਸ਼ੀ ਬਣਨ ਲਈ ਪ੍ਰੇਰਦੇ ਹਨ:
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ।।
ਇਸ ਲਈ ਉਹ ਦੁਨਿਆਵੀ ਪਦਾਰਥਾਂ ਦੀ ਨਾਸ਼ਮਾਨਤਾ ਤੇ ਮਨੁੱਖੀ ਜ਼ਿੰਦਗੀ ਦੀ ਛਿਣ-ਭੰਗਰਤਾ ਬਾਰੇ ਮਨੁੱਖ ਨੂੰ ਸੁਚੇਤ ਕਰ ਕੇ ਉਸ ਨੂੰ ਲੋਭ ਤੋਂ ਉੱਚਾ ਉੱਠ ਕੇ, ਸਾਤਵਿਕ ਜੀਵਨ ਜਿਊਂਣ ਦਾ ਉਪਦੇਸ਼ ਦਿੰਦੇ ਹਨ:
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ॥
ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥
ਇਉਂ ਫ਼ਰੀਦ ਬਾਣੀ ਵਿੱਚੋਂ ਇੱਕ ਸੱਚੇ ਸੂਫ਼ੀ-ਸਾਧਕ ਦੀ ਸੰਤੁਲਿਤ ਤੇ ਅਨੁਸ਼ਾਸਿਤ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ।
ਮੀਆਂ ਵਜੀਦ : ਮੀਆਂ ਵਜੀਦ ਦਾ ਅਸਲੀ ਨਾਂ ਮੀਆਂ ਬਾਯਜ਼ੀਦ ਸੀ । ਉਸ ਦੇ ਜੀਵਨ ਬਾਰੇ ਬਹੁਤੇ ਵੇਰਵੇ ਪ੍ਰਾਪਤ ਨਹੀਂ। ਆਮ ਮੰਨਿਆ ਜਾਂਦਾ ਹੈ ਕਿ ਮੀਆਂ ਬਾਯਜ਼ੀਦ ਦਾ ਜਨਮ 1525 ਈ: ਵਿੱਚ ਜਲੰਧਰ (ਪੰਜਾਬ) ਵਿਖੇ ਹੋਇਆ। (ਕਿਧਰੇ-ਕਿਧਰੇ 1550 ਈ: ਵੀ ਲਿਖਿਆ ਮਿਲ਼ਦਾ ਹੈ) । ਉਸ ਦੇ ਪਿਤਾ ਦਾ ਨਾਂ ਅਬਦੁੱਲਾ ਅਨੁਸਾਰੀ ਸੀ । ਬਾਯਜ਼ੀਦ ਬਚਪਨ ਤੋਂ ਹੀ ਚੇਤੰਨ ਤੇ ਤੀਖਣਬੁਧ ਸੀ। ਇਸ ਲਈ ਲੋਕ ਉਸ ਨੂੰ ਬਾਯਜ਼ੀਦ ‘ਰੌਸ਼ਨ‘ ਕਹਿਣ ਲੱਗ ਪਏ।
ਰਚਨਾ: ਵਜੀਦ ਨੇ ਅਰਬੀ, ਫ਼ਾਰਸੀ, ਪਸ਼ਤੋ, ਹਿੰਦੀ ਤੇ ਪੰਜਾਬੀ ਵਿੱਚ ਰਚਨਾ ਕੀਤੀ। ਪੰਜਾਬੀ ਵਿੱਚ ਵਜੀਦ ਨੇ ਚਉਤੁਕੇ ਪਦਾਂ ਦੀ ਰਚਨਾ ਕੀਤੀ। ਇਹਨਾਂ ਦੀ ਕੁੱਲ ਗਿਣਤੀ 73 ਹੈ। ਇਹਨਾਂ ਤੋਂ ਬਿਨਾਂ ਇੱਕ ਦੋਹਰਾ ਤੇ ਇੱਕ ਮਾਝ ਵੀ ਵਜੀਦ ਦੇ ਨਾਂ ਨਾਲ਼ ਜੋੜੀ ਜਾਂਦੀ ਹੈ। ਹਿੰਦੀ ਵਿੱਚ ਵਜੀਦ ਨੇ ਅੜਿਲ ਛੰਦ ਵਿੱਚ 150 ਪਦੇ ਰਚੇ ਹਨ।
ਵਜੀਦ ਦੀ ਕਾਵਿ-ਰਚਨਾ ਦਾ ਮੁੱਖ ਵਿਸ਼ਾ ਸਮਾਜਿਕ ਨਾ-ਬਰਾਬਰੀ, ਲੁੱਟ-ਖਸੁੱਟ ਤੇ ਅਨਿਆਂ ਦਾ ਬੋਧ ਕਰਵਾਉਣਾ ਹੈ। ਇਸ ਸਾਰੀ ਰਚਨਾ ਵਿੱਚ ਇੱਕ ਵੰਗਾਰ ਹੈ। ਸਮੁੱਚੇ ਮੱਧ-ਕਾਲੀ ਸੂਫ਼ੀ-ਕਾਵਿ ਵਿੱਚ ਮੀਆਂ ਵਜੀਦ ਹੀ ਇੱਕ ਅਜਿਹਾ ਕਵੀ ਹੈ ਜੋ ਸਮਾਜਿਕ ਵਰਤਾਰੇ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਅਨੀਤੀ ਲਈ ਰੱਬ ਨੂੰ ਜ਼ੁੰਮੇਵਾਰ ਠਹਿਰਾ ਕੇ ਉਸ ਦੀ ਸਰਬ-ਸ਼ਕਤੀਮਾਨ ਤੇ ਸਮਰੱਥ ਹੋਂਦ ਅੱਗੇ ਵੀ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਉਸ ਦੀ ਰਚਨਾ ਵਿੱਚ ਦੈਵੀ ਤੇ ਦੁਨਿਆਵੀ ਵਿਹਾਰ ਉੱਤੇ ਤਿੱਖਾ ਵਿਅੰਗ ਹੈ:
ਚੋਰ ਜੁ ਕਰਦੇ ਚੋਰੀ, ਲਿਆਵਣ ਲੁੱਟ ਘਰ।
ਖਾਂਦੇ ਦੁੱਧ ਮਲਾਈ, ਮਲੀਦੇ ਕੁੱਟ ਕਰ।
ਰਹਿੰਦੇ ਤੇਰੀ ਆਸ ਸੁ, ਜਾਂਦੇ ਭੁਖ ਮਰਿ।
ਵਜੀਦਾ ਕੌਣ ਸਾਹਿਬ ਨੂੰ ਆਖੇ, ਐਉ ਨਹੀਂ ਅੰਞ ਕਰ।
ਸ਼ਾਹ ਹੁਸੈਨ : ਸ਼ਾਹ ਹੁਸੈਨ ਮੁਗ਼ਲ ਕਾਲ ਦਾ ਇੱਕ ਪ੍ਰਸਿੱਧ ਸੂਫ਼ੀ ਕਵੀ ਹੈ। ਉਹ ਲਾਹੌਰ ਦਾ ਜੰਮ-ਪਲ਼ ਸੀ ਤੇ ਉਸ ਦੇ ਪਿਤਾ ਦਾ ਨਾਂ ਸ਼ੇਖ਼ ਉਸਮਾਨ ਸੀ । ਸ਼ਾਹ ਹੁਸੈਨ ਦਾ ਖ਼ਾਨਦਾਨ ਮੂਲ ਰੂਪ ਵਿੱਚ ਹਿੰਦੂ ਸੀ । ਕਿਹਾ ਜਾਂਦਾ ਹੈ ਕਿ ਫੀਰੋਜ਼ਸ਼ਾਹ ਤੁਗ਼ਲਕ ਦੇ ਸਮੇਂ ਸ਼ਾਹ ਹੁਸੈਨ ਦਾ ਇੱਕ ਬਜ਼ੁਰਗ ਮੁਸਲਮਾਨ ਹੋ ਗਿਆ ਸੀ ।
ਸ਼ਾਹ ਹੁਸੈਨ ਦੀ ਕਾਵਿ-ਰਚਨਾ ਕਾਫ਼ੀਆਂ ਦੇ ਰੂਪ ਵਿੱਚ ਮਿਲ਼ਦੀ ਹੈ। ਇਹਨਾਂ ਦੀ ਕੁੱਲ ਗਿਣਤੀ 162 ਹੈ । ਸ਼ਾਹ ਹੁਸੈਨ ਨੂੰ ‘ਬਿਰਹਾ ਦਾ ਕਵੀ’ ਕਿਹਾ ਜਾਂਦਾ ਹੈ ਕਿਉਂਕਿ ਉਸ ਦੀ ਰਚਨਾ ਵਿੱਚ ਵਿਛੋੜੇ ਦੇ ਭਾਵਾਂ ਨੂੰ ਬੜੀ ਸ਼ਿੱਦਤ ਨਾਲ਼ ਪ੍ਰਗਟਾਇਆ ਗਿਆ ਹੈ। ਉਸ ਦੀ ਲਗ-ਪਗ ਸਾਰੀ ਰਚਨਾ ਇੱਕ ਅਜਿਹੇ ਵਿਜੋਗੇ ਹੋਏ ਮਨੁੱਖ ਦੀ ਮਨੋਦਸ਼ਾ ਨੂੰ ਪੇਸ਼ ਕਰਦੀ ਹੈ ਜੋ ਜ਼ਿੰਦਗੀ ਤੋਂ ਉਪਰਾਮ ਤੇ ਨਿਰਾਸ ਹੈ । ਉਸ ਨੂੰ ਹਰ ਪਾਸੇ ਮੌਤ ਹੀ ਮੌਤ ਦਿਸਦੀ ਹੈ ਤੇ ਦੁਨੀਆਂ ਛਲ-ਕਪਟ ਨਾਲ਼ ਭਰੀ ਹੋਈ ਜਾਪਦੀ ਹੈ:
ਜਹਾਂ ਦੇਖੋ ਤਹਾਂ ਕਪਟ ਹੈ, ਕਹੂੰ ਨ ਪਾਇਓ ਚੈਨ
ਦਗਾਬਾਜ਼ ਸੰਸਾਰ ਤੇ ਗੋਸ਼ਾ ਪਕੜਿ ਹੁਸੈਨ।
(4) ਸ਼ਾਹ ਸ਼ਰਫ਼ : ਸ਼ਾਹ ਸ਼ਰਫ਼ ਦਾ ਜਨਮ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਵਿੱਚ 1624 ਈ: ਵਿੱਚ ਹੋਇਆ ਤੇ ਦੇਹਾਂਤ 1724 ਈ: ਵਿੱਚ। ਉਹ ਸ਼ੇਖ਼ ਮੁਹੰਮਦ ਫ਼ਾਜ਼ਿਲ (ਲਾਹੌਰ) ਦਾ ਮੁਰੀਦ ਸੀ।
ਰਚਨਾ:- ਉਸ ਦੀ ਕਵਿਤਾ ਦੋਹਰਿਆਂ ਤੇ ਕਾਫ਼ੀਆਂ ਵਿੱਚ ਹੈ। ਇਸ ਵਿੱਚ ਸੂਫ਼ੀਆਂ ਤੇ ਸੰਤਾਂ ਵਾਂਗ ਮਨੁੱਖਤਾ ਦੀ ਸੇਵਾ, ਨਾਮ-ਸਿਮਰਨ ਤੇ ਤਿਆਗ-ਭਾਵਨਾ ਦਾ ਪ੍ਰਚਾਰ ਕੀਤਾ ਗਿਆ ਹੈ । ਸੂਫ਼ੀਆਂ ਵਾਂਗ ਹੀ ਕਵੀ ਰੱਬ ਨੂੰ ਆਪਣਾ ਪ੍ਰੇਮੀ ਮੰਨ ਕੇ ਸੰਬੋਧਨ ਕਰਦਾ ਹੈ ਤੇ ਉਸ ਦੇ ਬਿਰਹੋਂ ਵਿੱਚ ਭੁੱਜਦਾ ਹੈ। ਉਹ ਗੁਰਬਾਣੀ ਤੋਂ ਪ੍ਰਭਾਵਿਤ ਹੈ। ਉਸ ਨੇ ਇੱਕ ਸ਼ੁਤਰਨਾਮਾ ਵੀ ਲਿਖਿਆ ਹੈ । ਉਸ ਦੀ ਬੋਲੀ ਸਾਦੀ ਤੇ ਮੁਲਤਾਨੀ ਦੇ ਰੰਗ ਵਾਲੀ ਕੇਂਦਰੀ ਪੰਜਾਬੀ ਹੈ।
(5) ਸੁਲਤਾਨ ਬਾਹੂ :- ਸੁਲਤਾਨ ਬਾਹੂ ਦਾ ਜਨਮ ਪੱਛਮੀ ਪੰਜਾਬ ਦੇ ਜ਼ਿਲ੍ਹਾ ਝੰਗ ਦੇ ਇੱਕ ਪਿੰਡ ਆਵਾਣ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਬਾਯਜ਼ੀਦ ਸੀ। ਬਾਹੂ ਮੁਸਲਮਾਨਾਂ ਦੀ ਉੱਚੀ ਕੁਲ ਵਿੱਚੋਂ ਸੀ ਤੇ ਉਸ ਦੇ ਪਿਤਾ ਨੂੰ ਬਾਦਸ਼ਾਹ ਸ਼ਾਹਜਹਾਨ ਨੇ ਇੱਕ ਪਿੰਡ ਜਗੀਰ ਵਜੋਂ ਦਿੱਤਾ ਹੋਇਆ ਸੀ। ਬਾਹੂ ਉੱਪਰ ਆਪਣੀ ਮਾਂ ਦਾ ਅਸਰ ਸੀ ਜੋ ਇੱਕ ਧਾਰਮਿਕ ਵਿਚਾਰਾਂ ਵਾਲ਼ੀ ਇਸਤਰੀ ਸੀ। ਉਸ ਦੇ ਸੂਫ਼ੀ ਬਣਨ ਪਿੱਛੇ ਉਸ ਦੀ ਮਾਂ ਦਾ ਹੱਥ ਮੰਨਿਆ ਜਾਂਦਾ ਹੈ। ਬਾਹੂ ਨੇ ਧਾਰਮਿਕ ਵਿੱਦਿਆ ਹਜ਼ਰਤ ਹਬੀਬਉੱਲਾ ਕਾਦਰੀ ਅਤੇ ਸਯਦ ਅਬਦੁਲ ਰਹਿਮਾਨ ਪਾਸੋਂ ਪ੍ਰਾਪਤ ਕੀਤੀ। ਉਹ ਸੂਫ਼ੀਆਂ ਦੇ ਕਾਦਰੀ ਸੰਪਰਦਾਇ ਨਾਲ਼ ਸੰਬੰਧਿਤ ਸੀ।
ਬਾਹੂ ਸੂਫ਼ੀ ਸ਼ਰੀਅਤ ਦੀ ਪਾਬੰਦੀ ਨੂੰ ਉਦੋਂ ਤੱਕ ਜਾਇਜ਼ ਨਹੀਂ ਸਮਝਦਾ, ਜਦ ਤੱਕ ਇੱਕ ਸੂਫ਼ੀ ਦਾ ਮਨ ਸ਼ੁੱਧ ਨਾ ਹੋਵੇ । ਮਨ ਦੀ ਸ਼ੁੱਧੀ ਤੋਂ ਬਿਨਾਂ ਸ਼ਰ੍ਹਾ ਦੀ ਪਾਬੰਦੀ ਕੇਵਲ ਕਰਮ-ਕਾਂਡ ਹੈ ਤੇ ਕਰਮ-ਕਾਂਡੀ ਸ਼ਰ੍ਹਾ ਧਾਰਨ ਕਰਨ ਵਾਲਿਆਂ ਉੱਪਰ ਉਹ ਵਿਅੰਗ ਕਰਦਾ ਹੈ:
ਜੇ ਰੱਬ ਮਿਲ਼ਦਾ ਜੰਗਲ ਭਵਿਆਂ ਮਿਲ਼ਦਾ ਗਊਆਂ ਵੱਛੀਆਂ ਹੂ।
ਜੇ ਰੱਬ ਮਿਲ਼ਦਾ ਤੀਰਥ ਨਾਇਆਂ ਮਿਲ਼ਦਾ ਡਡੂਆਂ ਮੱਛੀਆਂ ਹੂ।
ਜੇ ਰੱਬ ਮਿਲ਼ਦਾ ਵਾਲ ਵਧਾਇਆਂ ਮਿਲ਼ਦਾ ਭੇਡਾਂ ਸੱਸੀਆਂ ਹੂ।
ਸਾਈਂ ਬਾਹੂ ਰੱਬ ਉਨ੍ਹਾਂ ਨੂੰ ਮਿਲ਼ਦਾ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ ਹੂ।
ਸਾਈਂ ਬੁੱਲ੍ਹੇ ਸ਼ਾਹ :- ਬੁਲ੍ਹੇ ਸ਼ਾਹ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਇੱਕ ਪਿੰਡ ਪਾਂਡੋਕੇ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਸਈਅਦ ਮੁਹੰਮਦ ਦਰਵੇਸ਼ ਸੀ ਜੋ ਕਿੱਤੇ ਵਜੋਂ ਅਧਿਆਪਕ ਸਨ। ਬੁੱਲ੍ਹੇ ਸ਼ਾਹ ਦਾ ਮੁਢਲਾ ਨਾਂ ਅਬਦੁੱਲਾ ਸੀ ਤੇ ਉਸ ਨੇ ਆਪਣੀ ਮੁਢਲੀ ਵਿੱਦਿਆ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ। ਫਿਰ ਉਚੇਰੀ ਵਿੱਦਿਆ ਲਈ ਉਸ ਨੂੰ ਕਸੂਰ ਭੇਜਿਆ ਗਿਆ। ਇੱਥੇ ਉਸ ਨੇ ਸ਼ਾਹ ਇਨਾਇਤ ਕਾਦਰੀ ਕੋਲੋਂ ਵਿੱਦਿਆ ਹਾਸਿਲ ਕੀਤੀ ਤੇ ਫਿਰ ਉਸੇ ਨੂੰ ਆਪਣਾ ਮੁਰਸ਼ਦ ਧਾਰ ਕੇ ਕਾਦਰੀ ਸੰਪਰਦਾਇ ਵਿੱਚ ਸ਼ਾਮਲ ਹੋ ਗਿਆ।
ਬੁੱਲ੍ਹੇ ਸ਼ਾਹ ਇੱਕ ਫ਼ਕੀਰ ਕਵੀ ਸੀ ਤੇ ਉਸ ਦੀ ਕਵਿਤਾ ਨਾਲ਼ ਪੰਜਾਬੀ ਸੂਫ਼ੀ ਕਵਿਤਾ ਆਪਣੇ ਸਿਖਰ ਉੱਤੇ ਪੁਜਦੀ ਹੈ। ਬੁਲ੍ਹੇ ਸ਼ਾਹ ਦੀ ਰਚਨਾ ਗਿਣਤੀ ਤੇ ਗੁਣਾਂ ਦੋਂਹਾਂ ਪੱਖਾਂ ਤੋਂ ਕਾਫ਼ੀ ਮਹਾਨਤਾ ਰੱਖਦੀ ਹੈ। ਉਸ ਦੀ ਪ੍ਰਾਪਤ ਰਚਨਾ ਦਾ ਵੇਰਵਾ ਇਉਂ ਹੈ: 156 ਕਾਫ਼ੀਆਂ, 48 ਦੋਹੜੇ, 3 ਸੀਹਰਫ਼ੀਆਂ, ਇੱਕ ਬਾਰਾਂਮਾਹ, 40 ਗੰਢਾਂ ਤੇ ਇੱਕ ਅਠਵਾਰਾ । ਪਰ ਬੁੱਲ੍ਹੇ ਸ਼ਾਹ ਦੀ ਬਹੁਤੀ ਪ੍ਰਸਿੱਧੀ ਉਸ ਦੀਆਂ ਕਾਫ਼ੀਆਂ ਕਰਕੇ ਹੋਈ ਹੈ।
ਇੱਕ ਸੂਫ਼ੀ ਦੇ ਤੌਰ ‘ਤੇ ਬੁੱਲ੍ਹਾ ਇੱਕ ਅਨੁਭਵੀ ਫ਼ਕੀਰ ਸੀ। ਉਹ ਇੱਕ ਰੱਬ ਦਾ ਉਪਾਸ਼ਕ ਸੀ ਤੇ ਰੱਬ ਨੂੰ ਪ੍ਰੇਮ ਰਾਹੀਂ ਪਾਉਣਾ ਚਾਹੁੰਦਾ ਸੀ । ਉਸ ਦਾ ਵਿਸ਼ਵਾਸ਼ ਸੀ ਕਿ ਰੱਬ ਦਾ ਸੱਚਾ ਆਸ਼ਕ ਕਿਸੇ ਮੰਦਰ-ਮਸਜਿਦ ਦੀ ਕੈਦ ਵਿੱਚ ਨਹੀਂ ਰਹਿੰਦਾ। ਇਸ ਦੇ ਉਲਟ ਇਹਨਾਂ ਧਾਰਮਿਕ ਸਥਾਨਾਂ ‘ਤੇ ਰਹਿਣ ਵਾਲੇ ਉਸ ਨੂੰ ਠੱਗ ਤੇ ਧੜਵਾਈ ਜਾਪਦੇ ਹਨ।
ਧਰਮਸ਼ਾਲ ਧੜਵਾਈ ਰਹਿੰਦੇ ਠਾਕਰ ਦੁਆਰੇ ਠੱਗ।
ਵਿਚ ਮਸੀਤੀ ਰਹਿਣ ਕੁਸੱਤੀ ਆਸ਼ਕ ਰਹਿਣ ਅਲੱਗ।
ਬੁੱਲ੍ਹੇ ਸ਼ਾਹ ਦੇ ਸਮੇਂ ਤੱਕ ਸੂਫ਼ੀਆਂ ਤੇ ਮੁੱਲਾਂ-ਮੁਲਾਣਿਆਂ ਦੇ ਆਚਾਰ-ਵਿਹਾਰ ਵਿੱਚ ਕਾਫ਼ੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ। ਸ਼ਰੀਅਤ ਦੇ ਨਿਯਮਾਂ ਦੀ ਪਾਲਣਾ ਕੇਵਲ ਭੇਖ ਹੀ ਰਹਿ ਗਿਆ ਸੀ। ਇਸ ਲਈ ਬੁੱਲ੍ਹਾ ਇਸ ਕਰਮ-ਕਾਂਡੀ ਸ਼ਰ੍ਹਾ ਦੇ ਵਿਰੁੱਧ ਵਿਦਰੋਹ ਕਰਦਾ ਹੋਇਆ ਕਹਿੰਦਾ ਹੈ :
ਫੂਕ ਮੁਸੱਲਾ ਭੰਨ ਸਿਟ ਲੋਟਾ
ਨਾ ਫੜ ਤਸਬੀ ਕਾਸਾ ਸੋਟਾ,
ਸੱਯਦ ਹਾਸ਼ਮ ਸ਼ਾਹ : ਹਾਸ਼ਮ ਦਾ ਪੂਰਾ ਨਾਂ ਸੱਯਦ ਮੁਹੰਮਦ ਹਾਸ਼ਮ ਸ਼ਾਹ ਸੀ। ਉਸ ਦਾ ਜਨਮ ਹਾਜ਼ੀ ਮੁਹੰਮਦ ਸ਼ਰੀਫ਼ ਦੇ ਘਰ, ਪਿੰਡ ਜਗਦੇਉ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਹਾਸ਼ਮ ਦਾ ਉਸਤਾਦ ਸੰਤ ਮਾਣਕ ਦਾਸ ਸੀ। ਉਸ ਤੋਂ ਹਾਸ਼ਮ ਨੇ ਹਕੀਮੀ ਦੀ ਵਿੱਦਿਆ ਸਿੱਖੀ। ਪੜ੍ਹਿਆ-ਲਿਖਿਆ ਹੋਣ ਕਰ ਕੇ ਉਸਦੀ ਕਾਫ਼ੀ ਪ੍ਰਸਿੱਧੀ ਸੀ ਤੇ ਉਹ ਹਿਕਮਤ ਵੀ ਕਰਦਾ ਸੀ। ਉਸ ਦਾ ਮਜ਼ਾਰ ਪਿੰਡ ਥਰਪਾਲ ਜ਼ਿਲ੍ਹਾ ਸਿਆਲਕੋਟ ਵਿੱਚ ਹੈ।
ਹਾਸ਼ਮ ਦੀ ਸੂਫ਼ੀ ਵਿਚਾਰਧਾਰਾ ਉਸ ਦੇ ਦੋਹੜਿਆਂ ਤੇ ਡਿਉਢਾਂ ਵਿੱਚ ਪ੍ਰਗਟ ਹੋਈ ਹੈ। ਹਾਸ਼ਮ ਦੀ ਰਚਨਾ ਦਾ ਮੁੱਖ ਵਿਸ਼ਾ ਕਾਮਲ ‘ਇਸ਼ਕ’ ਹੈ। ਕਾਮਲ ਦਾ ਅਰਥ ਹੁੰਦਾ ਹੈ ‘ਮੁਕੰਮਲ’। ਪਰ ਹਾਸ਼ਮ ਇਸ਼ਕ ਮਿਜ਼ਾਜੀ ਨੂੰ ਇਸ਼ਕ ਹਕੀਕੀ ਦੀ ਪਹਿਲੀ ਪੌੜੀ ਮੰਨਦਾ ਹੈ। ਇਸੇ ਲਈ ਉਸ ਨੇ ਆਪਣੀ ਕਵਿਤਾ ਵਿੱਚ ਦੁਨਿਆਵੀ ਇਸ਼ਕ ਨੂੰ ਵੀ ਮਹੱਤਤਾ ਦਿੱਤੀ ਹੈ। ਹਾਸ਼ਮ ਅਨੁਸਾਰ ਇਸ਼ਕ ਕਰਨ ਵਾਲ਼ਾ, ਸੂਖਮ-ਚਿੱਤ ਤੇ ਸਿਆਣਾ ਹੋਣਾ ਚਾਹੀਦਾ ਹੈ। ਮੂਰਖ ਤੇ ਮੰਦ-ਬੁੱਧੀ ਇਨਸਾਨ ਪਿਆਰ ਨਹੀਂ ਕਰ ਸਕਦਾ।
ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਰੋਜ਼ ਕਮਾਵਣ ਪੈਸਾ।।
ਨਾ ਕੁਝ ਊਚ ਨਾ ਨੀਚ ਪਛਾਣਨ, ਅਤੇ ਪ੍ਰੇਮ ਨ ਜਾਣਨ ਕੈਸਾ॥
ਇਸ਼ਕ ਮਨੁੱਖ ਨੂੰ ਬਹਾਦਰ ਬਣਾਉਂਦਾ ਹੈ ਤੇ ਸਾਰੇ ਵੈਰ-ਵਿਰੋਧ, ਭਿੰਨ-ਭੇਦ ਤੇ ਮਜ਼ਹਬੀ ਵਖਰੇਵਿਆਂ ਤੋਂ ਉੱਚਾ ਚੁੱਕਦਾ ਹੈ ।
ਹਾਸ਼ਮ ਇਸ਼ਕ ਅਜਿਹਾ ਮਿਲਿਆ, ਜਿਸ ਦੀਨ ਮਜ਼ਹਬ ਸਭ ਧੋਤਾ।
ਜਾਂ
ਹਾਸ਼ਮ ਤੋੜ ਜ਼ੰਜੀਰ ਮਜ਼ਹਬ ਦੀ ਅਤੇ ਹੋ ਨਿਰਵੈਰ ਖਲੋਵੇ।
ਖ਼ਵਾਜਾ ਗ਼ੁਲਾਮ ਫ਼ਰੀਦ : ਗ਼ੁਲਾਮ ਫ਼ਰੀਦ ਦਾ ਜਨਮ 1841 ਈ. ਵਿੱਚ ਪਿੰਡ ਚਾਚੜਾਂ,ਰਿਆਸਤ ਬਹਾਵਲਪੁਰ (ਪਾਕਿਸਤਾਨ) ਵਿੱਚ ਹੋਇਆ। ਗ਼ੁਲਾਮ ਫ਼ਰੀਦ ਦੇ ਪਿਤਾ ਦਾ ਨਾਂ ਮੌਲਾਨਾ ਖ਼ੁਦਾ ਬਖ਼ਸ਼ ਸੀ। ਉਸ ਦੇ ਵੱਡੇ-ਵਡੇਰੇ ਜਹਾਂਗੀਰ ਦੇ ਸਮੇਂ ਸਿੰਧ ਤੋਂ ਮੁਲਤਾਨ ਆਏ ਸਨ ਤੇ ਪਿਤਾ ਨਵਾਬ ਬਹਾਵਲਪੁਰ ਦੇ ਸੱਦੇ ’ਤੇ ਚਾਚੜਾਂ ਆ ਕੇ ਵਸੇ ਸਨ। ਗ਼ੁਲਾਮ ਫ਼ਰੀਦ ਦਾ ਦਿਹਾਂਤ 1901 ਈ. ਵਿੱਚ ਹੋਇਆ। ਉਸ ਦਾ ਮਜ਼ਾਰ ਮਿਠਨਕੋਟ ਵਿੱਚ ਹੈ। ਇੱਥੇ ਹਰ ਸਾਲ ਬੜਾ ਭਾਰੀ ਮੇਲਾ ਲੱਗਦਾ ਹੈ।
ਖ਼ਵਾਜ਼ਾ ਗ਼ੁਲਾਮ ਫ਼ਰੀਦ ਨੇ 272 ਕਾਫ਼ੀਆਂ ਲਿਖੀਆਂ। ਇਹ ਕਾਫ਼ੀਆਂ ਦੋ ਪੁਸਤਕਾਂ ‘ਅਸਰਾਰ-ਏ-ਫ਼ਰੀਦੀ’ ਅਤੇ ‘ਦੀਵਾਨ-ਏ-ਫ਼ਰੀਦੀ’ ਵਿੱਚ ਸੰਗ੍ਰਹਿਤ ਹਨ। ਗਿਣਤੀ ਦੇ ਪੱਖ ਤੋਂ ਗ਼ੁਲਾਮ ਫ਼ਰੀਦ ਨੇ ਸਾਰੇ ਪੰਜਾਬੀ ਸੂਫ਼ੀ ਕਵੀਆਂ ਨਾਲੋਂ ਵੱਧ ਕਾਫ਼ੀਆਂ ਲਿਖੀਆਂ। ਗ਼ੁਲਾਮ ਫ਼ਰੀਦ ਅਰਬੀ, ਫ਼ਾਰਸੀ, ਉਰਦੂ, ਹਿੰਦੀ ਤੇ ਮਾਰਵਾੜੀ ਦਾ ਵਿਦਵਾਨ ਸੀ। ਇਹ ਵਿਦਵਤਾ ਉਸ ਦੀ ਰਚਨਾ ਵਿੱਚ ਵੀ ਝਲਕਦੀ ਹੈ।
ਮੈਂਡਾ ਇਸ਼ਕ ਭੀ ਤੂੰ, ਮੈਂਡਾ ਯਾਰ ਭੀ ਤੂੰ।
ਮੈਂਡਾ ਦੀਨ ਭੀ ਤੂੰ, ਈਮਾਨ ਭੀ ਤੂੰ ।
ਗ਼ੁਲਾਮ ਫ਼ਰੀਦ ਦੀ ਕਵਿਤਾ ‘ਤੇ ਵੇਦਾਂਤ ਅਦਵੈਤਵਾਦ, ਵੈਸ਼ਨਵਮਤ ਤੇ ਸੂਫ਼ੀ ਮਤ ਦਾ ਪ੍ਰਭਾਵ ਹੈ। ਇਸ ਪ੍ਰਭਾਵ ਦਾ ਕਾਰਨ ਉਸ ਸਮੇਂ ਦਾ ਸਾਂਝਾ ਹਿੰਦੂ-ਮੁਸਲਮਾਨੀ ਸੱਭਿਆਚਾਰ ਹੈ।
ਪ੍ਰਸ਼ਨ 2. ਹੇਠਾਂ ਲਿਖਿਆਂ ਦੇ ਜੀਵਨ ਅਤੇ ਰਚਨਾ ਬਾਰੇ ਨੋਟ ਲਿਖੋ:
(ੳ) ਸ਼ੇਖ਼ ਫ਼ਰੀਦ
ਜੀਵਨ:- ਸ਼ੇਖ਼ ਫ਼ਰੀਦ ਸ਼ਕਰਗੰਜ ਪੰਜਾਬੀ ਸੂਫ਼ੀ ਕਾਵਿ-ਧਾਰਾ ਦੇ ਤੇ, ਸਮੁੱਚੇ ਤੌਰ ਉੱਤੇ, ਪੰਜਾਬੀ ਕਵਿਤਾ ਦੇ ਵੀ ਮੋਢੀ ਕਵੀ ਹਨ। ਫ਼ਰੀਦ ਜੀ ਸੂਫ਼ੀਆਂ ਦੇ ਚਿਸ਼ਤੀ ਸੰਪਰਦਾਇ ਨਾਲ਼ ਸੰਬੰਧਿਤ ਸਨ ਤੇ ਆਪ ਦਾ ਮੁਰਸ਼ਦ (ਗੁਰੂ) ਕੁਤਬ-ਉਦ-ਦੀਨ ਬਖ਼ਤਿਆਰ ਕਾਕੀ ਸੀ। ਆਪ ਦੇ ਪਿਤਾ ਦਾ ਨਾਂ ਸੁਲੇਮਾਨ ਸੀ। ਆਪ ਦੇ ਵੱਡੇ-ਵਡੇਰੇ ਕਾਬਲ ਤੋਂ ਆ ਕੇ ਜ਼ਿਲ੍ਹਾ ਮੁਲਤਾਨ ਦੇ ਇੱਕ ਪਿੰਡ ਖੋਤਵਾਲ ਵਿੱਚ ਵੱਸ ਗਏ ਸਨ । ਫ਼ਰੀਦ ਜੀ ਦਾ ਜਨਮ 1173 ਈ: ਨੂੰ ਇਸੇ ਸਥਾਨ ਉੱਤੇ ਹੋਇਆ। ਫ਼ਰੀਦ ਜੀ ਦੀ ਸ਼ਖ਼ਸੀਅਤ ਇੱਕ ਸੱਚੇ ਸੂਫ਼ੀ-ਸਾਧਕ ਦੀ ਸ਼ਖ਼ਸੀਅਤ ਸੀ। ਆਪ ਇੱਕ ਬਹੁਤ ਵੱਡੇ ਵਿਦਵਾਨ ਤੇ ਤਪੱਸਵੀ ਮਹਾਂਪੁਰਖ ਸਨ।
ਕਾਵਿ-ਰਚਨਾ:- ਪੰਜਾਬੀ ਵਿੱਚ ਰਚੀ ਆਪ ਦੀ ਬਾਣੀ ਬਹੁਤ ਸੰਖੇਪ ਹੈ। ਇਸ ਵਿੱਚ ਕੁੱਲ 4 ਸ਼ਬਦ ਤੇ 112 ਸਲੋਕ ਆਉਂਦੇ ਹਨ। ਇਹ ਸਾਰੀ ਬਾਣੀ ‘ਆਦਿ ਗ੍ਰੰਥ‘ ਵਿੱਚ ਦਰਜ ਹੈ: ਗੁਰੂ ਗ੍ਰੰਥ ਸਾਹਿਬ ਵਿੱਚ ‘ਸਲੋਕ ਸ਼ੇਖ਼ ਫ਼ਰੀਦ ਜੀ ਕੇ‘ ਸਿਰਲੇਖ ਅਧੀਨ 130 ਸਲੋਕ ਦਿੱਤੇ ਗਏ ਹਨ ਕਿਉਂਕਿ ਇਹਨਾਂ ਵਿੱਚ 18 ਸਲੋਕ ਸਿੱਖ ਗੁਰੂਆਂ ਦੇ ਹਨ, ਜਿਹੜੇ ਫ਼ਰੀਦ ਜੀ ਦੇ ਕਿਸੇ ਵਿਚਾਰ ਨੂੰ ਵਧੇਰੇ ਸਪਸ਼ਟ ਕਰਨ ਲਈ ਜਾਂ ਉਹਨਾਂ ਦੇ ਕਿਸੇ ਸ਼ੰਕੇ ਦੇ ਸਪਸ਼ਟੀਕਰਨ ਲਈ ਦਿੱਤੇ ਗਏ ਹਨ।
ਫ਼ਰੀਦ ਬਾਣੀ ਦੇ ਮੁੱਖ ਵਿਸ਼ੇ ਰੱਬੀ ਅਰਾਧਨਾ, ਦਰਵੇਸ਼ੀ ਜੀਵਨ ਜਿਊਂਣ ਦਾ ਉਪਦੇਸ਼, ਮਨੁੱਖ ਨੂੰ ਉੱਚਾ-ਸੁੱਚਾ ਜੀਵਨ ਜਿਊਂਣ ਦੀ ਪ੍ਰੇਰਨਾ ਦੇਣਾ ਹਨ। ਇਹ ਸਾਰੀ ਬਾਣੀ ਉਪਦੇਸ਼ਾਤਮਿਕ ਹੈ ਤੇ ਇਸ ਦੀ ਪਹੁੰਚ ਮਾਨਵਵਾਦੀ ਹੈ। ਫ਼ਰੀਦ ਜੀ ਕਿਉਂਕਿ ਆਪ ਇਸਲਾਮੀ ਸ਼ਰ੍ਹਾ ਦੇ ਪਾਬੰਦ ਸਨ ਇਸ ਲਈ ਉਹ ਸੂਫ਼ੀ-ਸਾਧਕ ਨੂੰ ਵੀ ਇਹਨਾਂ ਅਸੂਲਾਂ ਦੀ ਪਾਲਣਾ ਕਰਨ ਲਈ ਪ੍ਰੇਰਦੇ ਹਨ:
ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ॥
ਕਬਹੀ ਚਲਿ ਨ ਆਇਆ, ਪੰਜੇ ਵਖਤ ਮਸੀਤਿ।।
ਪਰ ਉਹਨਾਂ ਦੇ ਨਮਾਜ਼ ਦੇ ਅਰਥ ਨਿਮਰਤਾ ਤੇ ਸੱਚ ਦੇ ਅਸੂਲਾਂ ਨਾਲ਼ ਜੁੜਨ ਦੇ ਹਨ। ਉਹ ਫੋਕੇ ਭੇਖ ਤੇ ਪਖੰਡ ਦੇ ਵਿਰੁੱਧ ਹਨ:
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥
ਇਸ ਲਈ ਆਪ ਸੂਫ਼ੀ-ਸਦਾਚਾਰ ਦੇ ਮਨ ਦੀ ਪਵਿੱਤਰਤਾ ਉੱਪਰ ਵੀ ਓਨਾ ਹੀ ਜ਼ੋਰ ਦਿੰਦੇ ਹਨ, ਜਿੰਨਾ ਸਰੀਰਿਕ ਸ਼ੁੱਧੀ ਉੱਪਰ, ਜਿਵੇਂ:
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ।।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਇਸ ਲਈ ਉਹ ਦੁਨਿਆਵੀ ਪਦਾਰਥਾਂ ਦੀ ਨਾਸ਼ਮਾਨਤਾ ਤੇ ਮਨੁੱਖੀ ਜ਼ਿੰਦਗੀ ਦੀ ਛਿਣ-ਭੰਗਰਤਾ ਬਾਰੇ ਮਨੁੱਖ ਨੂੰ ਸੁਚੇਤ ਕਰ ਕੇ ਉਸ ਨੂੰ ਲੋਭ ਤੋਂ ਉੱਚਾ ਉੱਠ ਕੇ, ਸਾਤਵਿਕ ਜੀਵਨ ਜਿਊਂਣ ਦਾ ਉਪਦੇਸ਼ ਦਿੰਦੇ ਹਨ:
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ॥
ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥
ਬਾਬਾ ਫ਼ਰੀਦ ਨੇ ਇਸ ਇਸ਼ਕ ਦੇ ਅਹਿਸਾਸ ਨੂੰ ਦ੍ਰਿੜ੍ਹ ਕਰਵਾਉਣ ਲਈ ਬਿਰਹੋਂ, ਦਾ ਸੰਕਲਪ ਦਿੱਤਾ। ਬਿਰਹੋਂ ਦਾ ਇਹ ਸੰਕਲਪ ਫ਼ਰੀਦ ਤੋਂ ਪਿੱਛੋਂ ਆਉਣ ਵਾਲ਼ੇ ਸਾਰੇ ਸੂਫ਼ੀਆਂ ਵਿੱਚ ਮਿਲ਼ਦਾ ਹੈ। ਫ਼ਰੀਦ ਜੀ ਅਨੁਸਾਰ ਬਿਰਹੋਂ ਜਾਂ ਵਿਛੋੜੇ ਦੀ ਭਾਵਨਾ ਹੀ ਸੂਫ਼ੀ-ਸਾਧਕ ਨੂੰ ਇਸ਼ਕ ਦੇ ਰਾਹ ਪੈਣ ਲਈ ਪ੍ਰੇਰਿਤ ਕਰਦੀ ਹੈ, ਇਸ ਲਈ ਜਿਸ ਵਿਅਕਤੀ ਅੰਦਰ ਬਿਰਹੋਂ ਜਾਗਦਾ ਹੈ, ਉਹ ਅਸਲੀ ਮਨੁੱਖ ਹੈ, ਜਿਊਂਦਾ-ਜਾਗਦਾ ਮਨੁੱਖ:
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥
ਫ਼ਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਣੁ।।
ਫ਼ਰੀਦ ਬਾਣੀ ਦਾ ਰੂਪਕ ਪੱਖ: ਇਸ ਬਾਣੀ ਦੀ ਰੂਪਕ-ਵਿਸ਼ੇਸ਼ਤਾ ਦੇ ਦੋ ਪੱਖ ਹਨ: ਇੱਕ ਫ਼ਰੀਦ ਜੀ ਦੇ ਸਲੋਕਾਂ ਵਿਚਲੀ ਕਲਾਤਮਿਕਤਾ, ਜਿਸ ਦਾ ਮੁੱਖ ਆਧਾਰ ਇਹਨਾਂ ਸਲੋਕਾਂ ਦੀ ਸੰਖੇਪਤਾ, ਰਵਾਨਗੀ, ਸੰਗੀਤਾਤਮਿਕਤਾ ਤੇ ਮਿਠਾਸ ਹੈ, ਤੇ ਦੂਜੇ ਇਸ ਸਾਰੀ ਰਚਨਾ ਦਾ ਪੰਜਾਬ ਦੇ ਲੋਕ-ਸੱਭਿਆਚਾਰ ਨਾਲ਼ ਬਹੁਤ ਨੇੜੇ ਦਾ ਸੰਬੰਧ। ਫ਼ਰੀਦ-ਬਾਣੀ ਦੀ ਭਾਸ਼ਾ ਲਹਿੰਦੀ ਪੰਜਾਬੀ ਹੈ। ਇਸ ਭਾਸ਼ਾ ਵਿੱਚ ਸੁਭਾਵਿਕ ਹੀ ਮਿਠਾਸ ਤੇ ਸੰਗੀਤਿਕ ਰਵਾਨੀ ਹੈ। ਫ਼ਰੀਦ-ਬਾਣੀ ਵਿਚਲੇ ਬਿੰਬ-ਚਿਤਰ ਤੇ ਅਲੰਕਾਰ ਇੰਨੇ ਸਜੀਵ ਤੇ ਪੰਜਾਬੀ ਜਨ-ਜੀਵਨ ਦੇ ਨੇੜੇ ਹਨ ਕਿ ਇਸ ਬਾਣੀ ਦਾ ਲੋਕ-ਮਨ ਉੱਪਰ ਡੂੰਘਾ ਪ੍ਰਭਾਵ ਪੈਣਾ ਲਾਜ਼ਮੀ ਸੀ। ਉਦਾਹਰਨ:
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ॥
ਫ਼ਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਂਈ ਨੀਰੁ।।
ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਵੇਰਵਾ ਜੋ ਫ਼ਰੀਦ ਜੀ ਨੇ ਆਤਮਾ ਤੇ ਪਰਮਾਤਮਾ ਦਾ ਸੰਬੰਧ ਦਰਸਾਉਣ ਲਈ ਪ੍ਰਤੀਕ ਰੂਪ ਵਿੱਚ ਵਰਤਿਆ ਹੈ, ਉਹ ਹੈ: ਪਤੀ-ਪਤਨੀ ਦਾ ਸੰਬੰਧ। ਭਾਰਤੀ ਸਮਾਜ ਵਿੱਚ ਪਤੀ-ਪਤਨੀ ਦਾ ਸੰਬੰਧ ਨੈਤਿਕ, ਧਾਰਮਿਕ ਤੇ ਸਮਾਜਿਕ ਤੌਰ ’ਤੇ ਪ੍ਰਵਾਨਿਤ ਇੱਕ ਅਜਿਹਾ ਪਵਿੱਤਰ ਰਿਸ਼ਤਾ ਹੈ ਜਿਹੜਾ ਸਮਾਜ ਦੀ ਸਭ ਤੋਂ ਮਹੱਤਵਪੂਰਨ ਇਕਾਈ ‘ਪਰਿਵਾਰ’ ਦਾ ਆਧਾਰ ਹੈ।
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ।।
ਬਾਬਾ ਫ਼ਰੀਦ ਦੀ ਕਵਿਤਾ ਸਿਧਾਂਤਿਕ ਪੱਖ ਤੋਂ ਗੁਰਬਾਣੀ ਦੇ ਬਹੁਤ ਨੇੜੇ ਹੈ। ਇਸੇ ਲਈ ਸਾਰੇ ਸੂਫ਼ੀ-ਕਾਵਿ ਵਿੱਚੋਂ ਫ਼ਰੀਦ-ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸੂਫ਼ੀ ਮਤ ਤੇ ਸਿੱਖ ਮੱਤ ਆਪਣੀ ਮਾਨਵਵਾਦੀ ਪਹੁੰਚ ਤੇ ਇੱਕ-ਰੱਬਤਾ ਦੇ ਸਿਧਾਂਤ ਕਾਰਨ ਇੱਕ-ਦੂਜੇ ਦੇ ਬਹੁਤ ਨੇੜੇ ਸਨ।
(ਅ) ਬੁੱਲ੍ਹੇ ਸ਼ਾਹ
ਜੀਵਨ:- ਬੁਲ੍ਹੇ ਸ਼ਾਹ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਇੱਕ ਪਿੰਡ ਪਾਂਡੋਕੇ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਸਈਅਦ ਮੁਹੰਮਦ ਦਰਵੇਸ਼ ਸੀ ਜੋ ਕਿੱਤੇ ਵਜੋਂ ਅਧਿਆਪਕ ਸਨ। ਬੁੱਲ੍ਹੇ ਸ਼ਾਹ ਦਾ ਮੁਢਲਾ ਨਾਂ ਅਬਦੁੱਲਾ ਸੀ ਤੇ ਉਸ ਨੇ ਆਪਣੀ ਮੁਢਲੀ ਵਿੱਦਿਆ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ। ਫਿਰ ਉਚੇਰੀ ਵਿੱਦਿਆ ਲਈ ਉਸ ਨੂੰ ਕਸੂਰ ਭੇਜਿਆ ਗਿਆ। ਇੱਥੇ ਉਸ ਨੇ ਸ਼ਾਹ ਇਨਾਇਤ ਕਾਦਰੀ ਕੋਲੋਂ ਵਿੱਦਿਆ ਹਾਸਿਲ ਕੀਤੀ ਤੇ ਫਿਰ ਉਸੇ ਨੂੰ ਆਪਣਾ ਮੁਰਸ਼ਦ ਧਾਰ ਕੇ ਕਾਦਰੀ ਸੰਪਰਦਾਇ ਵਿੱਚ ਸ਼ਾਮਲ ਹੋ ਗਿਆ।
ਰਚਨਾ:- ਬੁੱਲ੍ਹੇ ਸ਼ਾਹ ਇੱਕ ਫ਼ਕੀਰ ਕਵੀ ਸੀ ਤੇ ਉਸ ਦੀ ਕਵਿਤਾ ਨਾਲ਼ ਪੰਜਾਬੀ ਸੂਫ਼ੀ ਕਵਿਤਾ ਆਪਣੇ ਸਿਖਰ ਉੱਤੇ ਪੁਜਦੀ ਹੈ। ਬੁਲ੍ਹੇ ਸ਼ਾਹ ਦੀ ਰਚਨਾ ਗਿਣਤੀ ਤੇ ਗੁਣਾਂ ਦੋਂਹਾਂ ਪੱਖਾਂ ਤੋਂ ਕਾਫ਼ੀ ਮਹਾਨਤਾ ਰੱਖਦੀ ਹੈ। ਉਸ ਦੀ ਪ੍ਰਾਪਤ ਰਚਨਾ ਦਾ ਵੇਰਵਾ ਇਉਂ ਹੈ: 156 ਕਾਫ਼ੀਆਂ, 48 ਦੋਹੜੇ, 3 ਸੀਹਰਫ਼ੀਆਂ, ਇੱਕ ਬਾਰਾਂਮਾਹ, 40 ਗੰਢਾਂ ਤੇ ਇੱਕ ਅਠਵਾਰਾ । ਪਰ ਬੁੱਲ੍ਹੇ ਸ਼ਾਹ ਦੀ ਬਹੁਤੀ ਪ੍ਰਸਿੱਧੀ ਉਸ ਦੀਆਂ ਕਾਫ਼ੀਆਂ ਕਰਕੇ ਹੋਈ ਹੈ।
ਇੱਕ ਸੂਫ਼ੀ ਦੇ ਤੌਰ ‘ਤੇ ਬੁੱਲ੍ਹਾ ਇੱਕ ਅਨੁਭਵੀ ਫ਼ਕੀਰ ਸੀ। ਉਹ ਇੱਕ ਰੱਬ ਦਾ ਉਪਾਸ਼ਕ ਸੀ ਤੇ ਰੱਬ ਨੂੰ ਪ੍ਰੇਮ ਰਾਹੀਂ ਪਾਉਣਾ ਚਾਹੁੰਦਾ ਸੀ । ਉਸ ਦਾ ਵਿਸ਼ਵਾਸ਼ ਸੀ ਕਿ ਰੱਬ ਦਾ ਸੱਚਾ ਆਸ਼ਕ ਕਿਸੇ ਮੰਦਰ-ਮਸਜਿਦ ਦੀ ਕੈਦ ਵਿੱਚ ਨਹੀਂ ਰਹਿੰਦਾ। ਇਸ ਦੇ ਉਲਟ ਇਹਨਾਂ ਧਾਰਮਿਕ ਸਥਾਨਾਂ ‘ਤੇ ਰਹਿਣ ਵਾਲੇ ਉਸ ਨੂੰ ਠੱਗ ਤੇ ਧੜਵਾਈ ਜਾਪਦੇ ਹਨ।
ਧਰਮਸ਼ਾਲ ਧੜਵਾਈ ਰਹਿੰਦੇ ਠਾਕਰ ਦੁਆਰੇ ਠੱਗ।
ਵਿਚ ਮਸੀਤੀ ਰਹਿਣ ਕੁਸੱਤੀ ਆਸ਼ਕ ਰਹਿਣ ਅਲੱਗ।
ਬੁੱਲ੍ਹੇ ਸ਼ਾਹ ਦੇ ਸਮੇਂ ਤੱਕ ਸੂਫ਼ੀਆਂ ਤੇ ਮੁੱਲਾਂ-ਮੁਲਾਣਿਆਂ ਦੇ ਆਚਾਰ-ਵਿਹਾਰ ਵਿੱਚ ਕਾਫ਼ੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ। ਸ਼ਰੀਅਤ ਦੇ ਨਿਯਮਾਂ ਦੀ ਪਾਲਣਾ ਕੇਵਲ ਭੇਖ ਹੀ ਰਹਿ ਗਿਆ ਸੀ। ਇਸ ਲਈ ਬੁੱਲ੍ਹਾ ਇਸ ਕਰਮ-ਕਾਂਡੀ ਸ਼ਰ੍ਹਾ ਦੇ ਵਿਰੁੱਧ ਵਿਦਰੋਹ ਕਰਦਾ ਹੋਇਆ ਕਹਿੰਦਾ ਹੈ :
ਫੂਕ ਮੁਸੱਲਾ ਭੰਨ ਸਿਟ ਲੋਟਾ
ਨਾ ਫੜ ਤਸਬੀ ਕਾਸਾ ਸੋਟਾ
ਸੂਫ਼ੀ ਮਤ ਕਿਉਂਕਿ ਲੋਕ-ਧਰਮ ਦੇ ਰੂਪ ਵਿੱਚ ਉੱਭਰਿਆ ਸੀ, ਇਸ ਲਈ ਜਿਹੜੇ ਮਜ਼ਹਬੀ ਅਦਾਰੇ ਜਾਂ ਸੰਸਥਾਵਾਂ ਲੋਕਾਂ ਨੂੰ ਗੁਮਰਾਹ ਕਰਦੇ ਸਨ, ਸੂਫ਼ੀਆਂ ਨੇ ਉਹਨਾਂ ਵਿਰੁੱਧ ਅਵਾਜ਼ ਉਠਾਈ। ਬੁਲ੍ਹੇ ਸ਼ਾਹ ਦੇ ਸਮੇਂ ਮੁਗ਼ਲਾਂ ਦੀ ਸਲਤਨਤ ਆਪਣੇ ਨਿਘਾਰ ਵੱਲ ਜਾ ਰਹੀ ਸੀ। ਪੰਜਾਬ ਵਿੱਚ ਸਿੱਖਾਂ ਦੀਆਂ ਬਾਰਾਂ ਮਿਸਲਾਂ ਕਾਇਮ ਹੋ ਚੁੱਕੀਆਂ ਸਨ। ਇਸ ਸਥਿਤੀ ਦਾ ਡੂੰਘਾ ਦੁੱਖ ਵੀ ਉਸ ਨੂੰ ਹੈ ਤੇ ਉਹ ਕਹਿੰਦਾ ਹੈ:
ਮੁਗ਼ਲਾਂ ਜ਼ਹਿਰ ਪਿਆਲੇ ਪੀਤੇ, ਭੂਰਿਆਂ ਵਾਲ਼ੇ ਰਾਜੇ ਕੀਤੇ
ਆਪਣੇ ਤੋਂ ਪਹਿਲੇ ਸੂਫ਼ੀ ਕਵੀਆਂ ਵਾਂਗ ਹੀ ਬੁੱਲ੍ਹਾ ਵੀ ਪੰਜਾਬੀ ਸੱਭਿਆਚਾਰ ਦੇ ਵਿਭਿੰਨ ਵੇਰਵਿਆਂ ਨੂੰ ਆਪਣੇ ਕਾਵਿ-ਪ੍ਰਗਟਾਵੇ ਦਾ ਮਾਧਿਅਮ ਬਣਾਉਂਦਾ ਹੈ। ਸ਼ਾਹ ਹੁਸੈਨ ਵਾਂਗ ਹੀ ਉਹ ਰੱਬ ਦੇ ਸਾਧਕ ਦੇ ਰਿਸ਼ਤੇ ਨੂੰ ਪੰਜਾਬ ਦੇ ਪ੍ਰੀਤ-ਨਾਇਕਾਂ, ਅਰਥਾਤ ਹੀਰ-ਰਾਂਝੇ ਦੇ ਰਿਸ਼ਤੇ ਰਾਹੀਂ ਪਰਿਭਾਸ਼ਿਤ ਕਰਦਾ ਹੈ। ਕਿਤੇ-ਕਿਤੇ ਤਾਂ ਉਹ ਆਪਣੇ ਮੁਰਸ਼ਦ, ਸ਼ਾਹ ਇਨਾਇਤ ਕਾਦਰੀ ਨੂੰ ਵੀ ਰਾਂਝੇ ਦੇ ਰੂਪ ਵਿੱਚ ਹੀ ਦੇਖਦਾ ਹੈ :
ਅੱਜ ਦਾ ਰੋਜ਼ ਮੁਬਾਰਕ ਚੜ੍ਹਿਆ,
ਰਾਂਝਾ ਸਾਡੇ ਵਿਹੜੇ ਵੜਿਆ
ਹੱਥ ਖੂੰਡੀ ਮੋਢੇ ਕੰਬਲ ਧਰਿਆ।
ਚਾਕਾਂ ਵਾਲੀ ਸ਼ਕਲ ਬਣਾਈ।
ਰੂਪਕ ਪੱਖ:- ਬੁੱਲ੍ਹੇ ਸ਼ਾਹ ਦੀ ਕਵਿਤਾ ਪੰਜਾਬੀ ਸੱਭਿਆਚਾਰ ਦੇ ਅਤਿ ਨੇੜੇ ਹੈ। ਉਸ ਦੀ ਕਵਿਤਾ ਵਿਚਲੇ ਬਿੰਬ ਤੇ ਅਲੰਕਾਰ ਪੰਜਾਬੀ ਲੋਕ-ਜੀਵਨ ਦੇ ਇੰਨੇ ਨਜ਼ਦੀਕ ਹਨ ਕਿ ਇਹ ਗੂੜ੍ਹ-ਦਾਰਸ਼ਨਿਕ ਭਾਵਾਂ ਵਾਲੀ ਕਵਿਤਾ ਨੂੰ ਵੀ ਸਰਲ ਬਣਾ ਦਿੰਦੇ ਹਨ। ਫ਼ਰੀਦ ਵਾਂਗ ਹੀ ਬੁੱਲ੍ਹਾ ਵੀ ਸੂਫ਼ੀ-ਸਾਧਕ ਨੂੰ ਇਸਤਰੀ ਰੂਪ ਵਿੱਚ ਪੇਸ਼ ਕਰਦਾ ਹੋਇਆ ਉਸ ਨੂੰ ਸ਼ੁਭ ਗੁਣਾਂ ਦਾ ਦਾਜ ਤਿਆਰ ਕਰਨ ਦੀ ਸਿੱਖਿਆ ਦਿੰਦਾ ਹੈ ਤਾਂ ਕਿ ਸਹੁਰੇ ਘਰ, ਯਾਨੀ ਆਪਣੇ ਰੱਬ ਕੋਲ ਉਸ ਦੀ ਕਦਰ ਹੋ ਸਕੇ :
ਤੇਰੀ ਸਾਇਤ ਨੇੜੇ ਆਈ ਏ
ਤੂੰ ਸੁੱਤਿਆ ਉਮਰ ਵੰਞਾਈ ਏ।
ਤੂੰ ਚਰਖੇ ਤੰਦ ਨਾ ਪਾਈ ਏ।
ਕੀ ਕਰਸੇਂ ਦਾਜ ਤਿਆਰ ਨਹੀਂ
ਉਠ ਜਾਗ ਘੁਰਾੜੇ ਮਾਰ ਨਹੀਂ।
ਬੁੱਲ੍ਹੇ ਦੀ ਕਵਿਤਾ ਵਿੱਚ ਲੋਕ-ਗੀਤਾਂ ਵਰਗੀ ਰਵਾਨੀ ਹੈ, ਇਸੇ ਲਈ ਉਸ ਦੀ ਰਚਨਾ ਪੰਜਾਬੀ ਜਨ-ਜੀਵਨ ਵਿੱਚ ਵਧੇਰੇ ਪ੍ਰਵਾਨ ਹੋਈ। ਉਸ ਦੀਆਂ ਕਈ ਪੰਗਤੀਆਂ ਤਾਂ ਲੋਕ-ਉਕਤੀਆਂ ਬਣ ਗਈਆਂ ਹਨ:
ਬੁਲ੍ਹਿਆ ਰੱਬ ਦਾ ਕੀ ਪਾਉਣਾ
ਏਧਰੋਂ ਪੁੱਟਣਾ ਤੇ ਉੱਧਰ ਲਾਉਣਾ।
ਬੁੱਲ੍ਹੇ ਸ਼ਾਹ ਪੰਜਾਬੀ ਸੂਫ਼ੀ ਕਾਵਿ-ਧਾਰਾ ਦਾ ਇੱਕ ਉੱਤਮ ਸ਼ਾਇਰ ਹੈ, ਜਿਸ ਨੇ ਸੂਫ਼ੀ ਸਿਧਾਂਤ ਦੀ ਪੇਸ਼ਕਾਰੀ ਵਧੀਆ ਕਵਿਤਾ ਰਾਹੀਂ ਕੀਤੀ। ਬੁਲ੍ਹੇ ਤੋਂ ਬਾਅਦ ਸਿਵਾਇ ਹਾਸ਼ਮ ਸ਼ਾਹ ਦੇ ਕੁਝ ਦੋਹੜਿਆਂ ਦੇ ਪੰਜਾਬੀ ਵਿੱਚ ਅਜਿਹੀ ਸੂਫ਼ੀ ਕਵਿਤਾ ਨਹੀਂ ਮਿਲ਼ਦੀ ਜਿਸ ਵਿੱਚ ਸਿਧਾਂਤ ਦੀ ਪੇਸ਼ਕਾਰੀ ਦੇ ਨਾਲ਼–ਨਾਲ਼ ਉੱਚ ਪੱਧਰ ਦੀ ਕਾਵਿ-ਸੁੰਦਰਤਾ ਵੀ ਹੋਵੇ। ਬੁੱਲ੍ਹੇ ਸ਼ਾਹ ਦੇ ਬਾਅਦ ਪੰਜਾਬੀ ਕਵਿਤਾ ਦੀ ਇਸ ਅਮੀਰ ਪਰੰਪਰਾ ਦਾ ਪਤਨ-ਕਾਲ ਅਰੰਭ ਹੋ ਗਿਆ । ਸ਼ਾਇਦ ਇਸੇ ਲਈ ਬੁੱਲ੍ਹੇ ਸ਼ਾਹ ਦੀ ਕਵਿਤਾ ਨੂੰ ਸੂਫ਼ੀ ਪੰਜਾਬੀ ਕਵਿਤਾ ਦਾ ਸਿਖਰ ਕਿਹਾ ਜਾਂਦਾ ਹੈ।
(ੲ) ਗ਼ੁਲਾਮ ਫ਼ਰੀਦ
ਜੀਵਨ: ਗ਼ੁਲਾਮ ਫ਼ਰੀਦ ਦਾ ਜਨਮ 1841 ਈ. ਵਿੱਚ ਪਿੰਡ ਚਾਚੜਾਂ,ਰਿਆਸਤ ਬਹਾਵਲਪੁਰ (ਪਾਕਿਸਤਾਨ) ਵਿੱਚ ਹੋਇਆ। ਗ਼ੁਲਾਮ ਫ਼ਰੀਦ ਦੇ ਪਿਤਾ ਦਾ ਨਾਂ ਮੌਲਾਨਾ ਖ਼ੁਦਾ ਬਖ਼ਸ਼ ਸੀ । ਉਸ ਦੇ ਵੱਡੇ-ਵਡੇਰੇ ਜਹਾਂਗੀਰ ਦੇ ਸਮੇਂ ਸਿੰਧ ਤੋਂ ਮੁਲਤਾਨ ਆਏ ਸਨ ਤੇ ਪਿਤਾ ਨਵਾਬ ਬਹਾਵਲਪੁਰ ਦੇ ਸੱਦੇ ‘ਤੇ ਚਾਚੜਾਂ ਆ ਕੇ ਵਸੇ ਸਨ। ਗ਼ੁਲਾਮ ਫ਼ਰੀਦ ਦਾ ਦਿਹਾਂਤ 1901 ਈ. ਵਿੱਚ ਹੋਇਆ। ਉਸ ਦਾ ਮਜ਼ਾਰ ਮਿਠਨਕੋਟ ਵਿੱਚ ਹੈ। ਇੱਥੇ ਹਰ ਸਾਲ ਬੜਾ ਭਾਰੀ ਮੇਲਾ ਲੱਗਦਾ ਹੈ।
ਰਚਨਾ: ਖ਼ਵਾਜ਼ਾ ਗ਼ੁਲਾਮ ਫ਼ਰੀਦ ਨੇ 272 ਕਾਫ਼ੀਆਂ ਲਿਖੀਆਂ। ਇਹ ਕਾਫ਼ੀਆਂ ਦੋ ਪੁਸਤਕਾਂ ‘ਅਸਰਾਰ-ਏ-ਫ਼ਰੀਦੀ‘ ਅਤੇ ‘ਦੀਵਾਨ-ਏ-ਫ਼ਰੀਦੀ‘ ਵਿੱਚ ਸੰਗ੍ਰਹਿਤ ਹਨ। ਗਿਣਤੀ ਦੇ ਪੱਖ ਤੋਂ ਗ਼ੁਲਾਮ ਫ਼ਰੀਦ ਨੇ ਸਾਰੇ ਪੰਜਾਬੀ ਸੂਫ਼ੀ ਕਵੀਆਂ ਨਾਲੋਂ ਵੱਧ ਕਾਫ਼ੀਆਂ ਲਿਖੀਆਂ। ਗ਼ੁਲਾਮ ਫ਼ਰੀਦ ਅਰਬੀ, ਫ਼ਾਰਸੀ, ਉਰਦੂ, ਹਿੰਦੀ ਤੇ ਮਾਰਵਾੜੀ ਦਾ ਵਿਦਵਾਨ ਸੀ। ਇਹ ਵਿਦਵਤਾ ਉਸ ਦੀ ਰਚਨਾ ਵਿੱਚ ਵੀ ਝਲਕਦੀ ਹੈ। ਇਹਨਾਂ ਕਾਫ਼ੀਆਂ ਵਿੱਚ ਸੂਫ਼ੀ ਅਨੁਭਵ ਦੀ ਪੇਸ਼ਕਾਰੀ ਤੇ ਰਹੱਸਮਈ ਕੋਮਲ ਭਾਵਾਂ ਦਾ ਪ੍ਰਗਟਾਵਾ ਹੋਇਆ ਹੈ, ਗ਼ੁਲਾਮ ਫ਼ਰੀਦ ਉੱਪਰ ਅਲੀ ਹੈਦਰ ਦੀ ਕਾਵਿ-ਰਚਨਾ ਦਾ ਪ੍ਰਭਾਵ ਪ੍ਰਤੱਖ ਦੇਖਿਆ ਜਾ ਸਕਦਾ ਹੈ। ਵਿਚਾਰਾਂ ਦੀ ਇਕਸਾਰਤਾ, ਅਨੁਭਵ ਦੀ ਸਾਂਝ ਤੇ ਇੱਕੋ-ਜਿਹੀ ਸੋਚ-ਉਡਾਰੀ ਕਾਰਨ ਕਈ ਥਾਂਈਂ ਕਾਵਿ-ਪੰਗਤੀਆਂ ਵੀ ਅਲੀ ਹੈਦਰ ਵਰਗੀਆਂ ਹੋ ਗਈਆਂ ਹਨ, ਜਿਵੇਂ:
ਮੈਂਡਾ ਇਸ਼ਕ ਭੀ ਤੂੰ, ਮੈਂਡਾ ਯਾਰ ਭੀ ਤੂੰ।
ਮੈਂਡਾ ਦੀਨ ਭੀ ਤੂੰ, ਈਮਾਨ ਭੀ ਤੂੰ । (ਗ਼ੁਲਾਮ ਫ਼ਰੀਦ)
ਦੀਨ ਈਮਾਨ ਤੂੰ ਸਮਝ ਆਪੇ।
ਮੇਰਾ ਦੀਨ ਭੀ ਤੂੰ, ਈਮਾਨ ਭੀ ਤੂੰ। (ਅਲੀ ਹੈਦਰ)
ਗ਼ੁਲਾਮ ਫ਼ਰੀਦ ਦੀ ਕਵਿਤਾ ‘ਤੇ ਵੇਦਾਂਤ ਅਦਵੈਤਵਾਦ, ਵੈਸ਼ਨਵਮਤ ਤੇ ਸੂਫ਼ੀ ਮਤ ਦਾ ਪ੍ਰਭਾਵ ਹੈ। ਇਸ ਪ੍ਰਭਾਵ ਦਾ ਕਾਰਨ ਉਸ ਸਮੇਂ ਦਾ ਸਾਂਝਾ ਹਿੰਦੂ-ਮੁਸਲਮਾਨੀ ਸੱਭਿਆਚਾਰ ਹੈ।
ਰੂਪਕ ਪੱਖ: ਗ਼ੁਲਾਮ ਫ਼ਰੀਦ ਦੀ ਸਾਰੀ ਰਚਨਾ ਕਾਫ਼ੀ ਕਾਵਿ-ਰੂਪ ਵਿੱਚ ਹੈ। ਇਹਨਾਂ ਕਾਫ਼ੀਆਂ ਦੀ ਭਾਸ਼ਾ ਮੁਲਤਾਨੀ ਹੈ। ਇਹੀ ਕਾਰਨ ਹੈ ਕਿ ਇਹ ਰਚਨਾ ਮੁਲਤਾਨ ਤੇ ਬਹਾਵਲਪੁਰ ਵਿੱਚ ਵਧੇਰੇ ਪ੍ਰਸਿੱਧ ਹੈ। ਇਹ ਕਾਫ਼ੀਆਂ ਸੰਗੀਤਿਕ ਗੁਣਾਂ ਤੇ ਅਲੰਕਾਰਿਕ ਖੂਬੀਆਂ ਨਾਲ਼ ਭਰਪੂਰ ਹਨ, ਸ਼ਾਇਦ ਇਸ ਲਈ ਕਿ ਫ਼ਰੀਦ ਸੂਫ਼ੀਆਂ ਦੇ ਚਿਸ਼ਤੀ ਫ਼ਿਰਕੇ ਨਾਲ਼ ਸੰਬੰਧ ਰੱਖਦਾ ਸੀ, ਜਿਸ ਵਿੱਚ ਸੰਗੀਤ ਦਾ ਬੜਾ ਮਹੱਤਵ ਸੀ । ਵਿਸ਼ੇਸ਼ ਤੌਰ ‘ਤੇ ਅਨੁਪ੍ਰਾਸ ਅਲੰਕਾਰ ਦੀ ਵਰਤੋਂ ਇਹਨਾਂ ਕਾਫ਼ੀਆਂ ਨੂੰ ਵਧੇਰੇ ਸੰਗੀਤਿਕ ਬਣਾਉਂਦੀ ਹੈ।
ਦਿਲੜੀ ਹਰਮਲ ਅੱਖੀਆਂ ਬਲ ਬਲ, ਪੈਰੀਂ ਛਲਛਲ ਛਾਲੇ ।
ਨਿਰਮਲ ਦਰਦ ਅੰਦਰ ਦੇ ਦਰਮਲ, ਦਿਤੜੇ ਰੋਗ ਕੁਸ਼ਾਲੇ।
ਗ਼ੁਲਾਮ ਫ਼ਰੀਦ ਦੀ ਚੇਤਨਾ ਉੱਪਰ ਵੈਸ਼ਨਵ ਮਤ ਤੇ ਵੇਦਾਂਤ ਦਾ ਪ੍ਰਭਾਵ ਹੋਣ ਕਾਰਨ, ਉਸ ਦੀ ਸ਼ਬਦਾਵਲੀ ਉੱਪਰ ਵੀ ਹਿੰਦੂ-ਵੇਦਾਂਤਿਕ ਸ਼ਬਦਾਵਲੀ ਦਾ ਪ੍ਰਭਾਵ ਹੈ, ਜਿਵੇਂ:
ਹੁਣ ਮੈਂ ਰਾਂਝਨ ਹੋਈ, ਰਿਹਾ ਫ਼ਰਕ ਨ ਕੋਈ।
ਨਾਲ਼ ਖਿੱਲ ਅਨਾਦੇ ਜੈ ਨੇ, ਮੈਲ ਦੂਈ ਦੀ ਧੋਈ।
ਪ੍ਰਸ਼ਨ 3. ਹੇਠਾਂ ਲਿਖਿਆਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਨੋਟ ਲਿਖੋ:
(ੳ) ਸ਼ਾਹ ਹੁਸੈਨ
ਜੀਵਨ:- ਸ਼ਾਹ ਹੁਸੈਨ ਮੁਗ਼ਲ ਕਾਲ ਦਾ ਇੱਕ ਪ੍ਰਸਿੱਧ ਸੂਫ਼ੀ ਕਵੀ ਹੈ। ਉਹ ਲਾਹੌਰ ਦਾ ਜੰਮ-ਪਲ ਸੀ ਤੇ ਉਸ ਦੇ ਪਿਤਾ ਦਾ ਨਾਂ ਸ਼ੇਖ਼ ਉਸਮਾਨ ਸੀ। ਸ਼ਾਹ ਹੁਸੈਨ ਦਾ ਖ਼ਾਨਦਾਨ ਮੂਲ ਰੂਪ ਵਿੱਚ ਹਿੰਦੂ ਸੀ। ਕਿਹਾ ਜਾਂਦਾ ਹੈ ਕਿ ਫੀਰੋਜ਼ਸ਼ਾਹ ਤੁਗ਼ਲਕ ਦੇ ਸਮੇਂ ਸ਼ਾਹ ਹੁਸੈਨ ਦਾ ਇੱਕ ਬਜ਼ੁਰਗ ਮੁਸਲਮਾਨ ਹੋ ਗਿਆ ਸੀ। ਸ਼ਾਹ ਹੁਸੈਨ ਸੂਫ਼ੀਆਂ ਦੇ ਮਲਾਮਤੀ ਫ਼ਿਰਕੇ ਨਾਲ਼ ਸੰਬੰਧਿਤ ਸੀ। ਉਸ ਨੇ ਸ਼ੇਖ਼ ਅਬੂਬਕਰ ਤੇ ਬਹਿਲੋਲ ਤੋਂ ਤਾਲੀਮ ਹਾਸਲ ਕੀਤੀ। ਸ਼ਾਹ ਹੁਸੈਨ ਨੂੰ ‘ਹਾਫ਼ਿਜ਼ ਦੀ ਉਪਾਧੀ ਮਿਲ਼ੀ ਹੋਈ ਸੀ।
ਰਚਨਾ:- ਸ਼ਾਹ ਹੁਸੈਨ ਦੀ ਕਾਵਿ-ਰਚਨਾ ਕਾਫ਼ੀਆਂ ਦੇ ਰੂਪ ਵਿੱਚ ਮਿਲ਼ਦੀ ਹੈ। ਇਹਨਾਂ ਦੀ ਕੁੱਲ ਗਿਣਤੀ 162 ਹੈ। ਸ਼ਾਹ ਹੁਸੈਨ ਨੂੰ ‘ਬਿਰਹਾ ਦਾ ਕਵੀ’ ਕਿਹਾ ਜਾਂਦਾ ਹੈ ਕਿਉਂਕਿ ਉਸ ਦੀ ਰਚਨਾ ਵਿੱਚ ਵਿਛੋੜੇ ਦੇ ਭਾਵਾਂ ਨੂੰ ਬੜੀ ਸ਼ਿੱਦਤ ਨਾਲ਼ ਪ੍ਰਗਟਾਇਆ ਗਿਆ ਹੈ। ਉਸ ਦੀ ਲਗ-ਪਗ ਸਾਰੀ ਰਚਨਾ ਇੱਕ ਅਜਿਹੇ ਵਿਜੋਗੇ ਹੋਏ ਮਨੁੱਖ ਦੀ ਮਨੋਦਸ਼ਾ ਨੂੰ ਪੇਸ਼ ਕਰਦੀ ਹੈ ਜੋ ਜ਼ਿੰਦਗੀ ਤੋਂ ਉਪਰਾਮ ਤੇ ਨਿਰਾਸ ਹੈ। ਉਸ ਨੂੰ ਹਰ ਪਾਸੇ ਮੌਤ ਹੀ ਮੌਤ ਦਿਸਦੀ ਹੈ ਤੇ ਦੁਨੀਆਂ ਛਲ-ਕਪਟ ਨਾਲ਼ ਭਰੀ ਹੋਈ ਜਾਪਦੀ ਹੈ:
ਜਹਾਂ ਦੇਖੋ ਤਹਾਂ ਕਪਟ ਹੈ, ਕਹੂੰ ਨ ਪਾਇਓ ਚੈਨ
ਦਗਾਬਾਜ਼ ਸੰਸਾਰ ਤੇ ਗੋਸ਼ਾ ਪਕੜਿ ਹੁਸੈਨ।
ਦੁਨੀਆਂ ਤੋਂ ਉਪਰਾਮ ਹੋਣ ਕਾਰਨ ਸ਼ਾਹ ਹੁਸੈਨ ਦੀ ਕਵਿਤਾ ਵਿੱਚ ਨਿੱਜੀ ਦੁੱਖ ਤੇ ਦਰਦ ਦੀ ਕੂਕ-ਪੁਕਾਰ ਦੀ ਸੁਰ ਬਹੁਤ ਤਿੱਖੀ ਹੈ। ਇਹੀ ਕਾਰਨ ਹੈ ਕਿ ਸ਼ਾਹ ਹੁਸੈਨ ਦੀ ਕਵਿਤਾ ਦੇ ‘ਬਿਰਹੁੰ‘ ਦਾ ਬਾਬਾ ਫ਼ਰੀਦ ਦੇ ‘ਬਿਰਹਾ ਤੂੰ ਸੁਲਤਾਨ‘ ਦੇ ਸੰਕਲਪ ਨਾਲੋਂ ਫ਼ਰਕ ਹੈ। ਸ਼ਾਹ ਹੁਸੈਨ ਦਾ ਬਿਰਹੁੰ ਇੱਕ ਅਜਿਹਾ ਸੰਤਾਪ ਹੈ ਜੋ ਇਕੱਲਾ ਮਨੁੱਖ ਹੀ ਭੋਗਦਾ ਹੈ, ਪਰ ਬਾਬਾ ਫ਼ਰੀਦ ਦਾ ਬਿਰਹਾ ਉਹ ਅੱਗ ਹੈ ਜੋ ਘਰ-ਘਰ ਵਿੱਚ ਲਗਦੀ ਹੈ। ਜਿੱਥੇ ਫ਼ਰੀਦ ਜੀ ਆਪਣੇ ਬਿਰਹਾ ਦਾ ਦੁੱਖ ਆਪਣੇ ਰੱਬ ਅੱਗੇ, ਆਪਣੇ ਸੱਚੇ ਸਾਹਿਬ ਅੱਗੇ ਇਹ ਕਹਿ ਕੇ ਫ਼ਰੋਲਦੇ ਹਨ:
ਫ਼ਰੀਦਾ ਚਿੰਤ ਖਟੋਲਾ, ਵਾਣੁ ਦੁਖੁ, ਬਿਰਹੁ ਵਿਛਾਵਣ ਲੇਫੁ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ॥
ਪਰ ਰੱਬ ਤੋਂ ਦੂਰੀ ਹੀ ਉਸ ਅੰਦਰ ਇੱਕ ਤੜਪ ਦਾ ਅਹਿਸਾਸ ਪੈਦਾ ਕਰਦੀ ਹੈ। ਇਸ ਤੜਪ ਦਾ ਕਾਰਨ ਜੋ ਸਾਹ ਹੁਸੈਨ ਦੀ ਕਵਿਤਾ ਵਿੱਚੋਂ ਲੱਭਦਾ ਹੈ, ਉਹ ਹੈ ਸਿਧਾਂਤਿਕ ਤੇ ਬੌਧਿਕ ਸੰਤੁਲਨ ਦੀ ਘਾਟ। ਸ਼ਾਹ ਹੁਸੈਨ ਦੀ ਰਚਨਾ ਵਿੱਚੋਂ ਬਾਬਾ ਫ਼ਰੀਦ ਵਾਲ਼ਾ ਬੌਧਿਕ ਸੰਤੁਲਨ ਤੇ ਸਿਧਾਂਤ ਦੀ ਪਕਿਆਈ ਨਹੀਂ ਲੱਭਦੀ। ਕਿਤੇ-ਕਿਤੇ ਆਪਾ-ਵਿਰੋਧੀ-ਵਿਚਾਰ ਉਸ ਅੰਦਰ ਤਣਾਅ ਪੈਦਾ ਕਰਦੇ ਹਨ। ਉਹ ਨਿਰੋਲ ਇਸ਼ਕ ਦਾ ਪੁਜਾਰੀ ਹੈ ਤੇ ਸ਼ਰ੍ਹਾ ਦਾ ਕੱਟੜ ਵਿਰੋਧੀ। ਅੰਤਿਮ ਸੱਚ ਤੱਕ ਪਹੁੰਚਣ ਲਈ ਉਹ ਕਿਸੇ ਕੱਟੜ ਸ਼ਰੱਈ ਦਾ ਸਹਾਰਾ ਨਹੀਂ ਲੈਣਾ ਚਾਹੁੰਦਾ:
ਕਾਜ਼ੀ ਮੁਲਾਂ ਮਤੀਂ ਦੇਂਦੇ
ਖਰੇ ਸਿਆਣੇ ਰਾਹ ਦਸੈਂਦੇ
ਇਸ਼ਕ ਕੀ ਲਗੇ ਰਾਹ ਨਾਲ਼।
ਰੂਪਕ ਪੱਖ:- ਸ਼ਾਹ ਹੁਸੈਨ ਦੀ ਰਚਨਾ ਦੀ ਬੋਲੀ ਕੇਂਦਰੀ ਪੰਜਾਬੀ ਹੈ । ਉਹ ਮੱਧ-ਕਾਲ ਦੇ ਉਹਨਾਂ ਕਵੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਆਧੁਨਿਕ ਮੁਹਾਂਦਰਾ ਪ੍ਰਦਾਨ ਕਰਨ ਵਿੱਚ ਯੋਗਦਾਨ ਪਾਇਆ। ਉਸ ਦੀ ਭਾਸ਼ਾ ਵਿੱਚ ਲੋਕ-ਗੀਤਾਂ ਵਰਗੀ ਸਾਦਗੀ ਤੇ ਸੰਗੀਤਿਕਤਾ ਹੈ। ਇਹ ਸਾਰੀ ਰਚਨਾ ਕਾਫ਼ੀ ਰੂਪ ਵਿੱਚ ਹੈ ਤੇ ਕਾਫ਼ੀ ਇੱਕ ਗਾਇਆ ਜਾ ਸਕਣ ਵਾਲ਼ਾ ਕਾਵਿ-ਰੂਪ ਹੈ। ਇਸ ਲਈ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਸਰੋਦੀ ਕਾਵਿ ਦਾ ਉੱਤਮ ਨਮੂਨਾ ਹਨ।
ਇਕ ਦਿਨ ਤੈਨੂੰ ਸੁਪਨਾ ਥੀਸਨਿ
ਗਲੀਆਂ ਬਾਬਲ ਵਾਲੀਆਂ ਵੋ।
ਉਡਿ ਗਏ ਭਉਰ ਫੁਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ ਵੋ।
ਸ਼ਾਹ ਹੁਸੈਨ ਦੀ ਰਚਨਾ ਵਿਚਲਾ ਸਰੋਦੀ ਅੰਸ਼, ਸੱਭਿਆਚਾਰਿਕ ਅਮੀਰੀ ਤੇ ਭਾਸ਼ਾਈ ਸੁੰਦਰਤਾ ਇਸ ਨੂੰ ਉੱਤਮ ਕਾਵਿ ਦਾ ਦਰਜਾ ਦਿੰਦੇ ਹਨ।
(ਅ) ਹਾਸ਼ਮ ਸ਼ਾਹ
ਜੀਵਨ: ਹਾਸ਼ਮ ਦਾ ਪੂਰਾ ਨਾਂ ਸੱਯਦ ਮੁਹੰਮਦ ਹਾਸ਼ਮ ਸ਼ਾਹ ਸੀ। ਉਸ ਦਾ ਜਨਮ ਹਾਜ਼ੀ ਮੁਹੰਮਦ ਸ਼ਰੀਫ਼ ਦੇ ਘਰ, ਪਿੰਡ ਜਗਦੇਉ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਹਾਸ਼ਮ ਦਾ ਉਸਤਾਦ ਸੰਤ ਮਾਣਕ ਦਾਸ ਸੀ। ਉਸ ਤੋਂ ਹਾਸ਼ਮ ਨੇ ਹਕੀਮੀ ਦੀ ਵਿੱਦਿਆ ਸਿੱਖੀ। ਪੜ੍ਹਿਆ-ਲਿਖਿਆ ਹੋਣ ਕਰ ਕੇ ਉਸਦੀ ਕਾਫ਼ੀ ਪ੍ਰਸਿੱਧੀ ਸੀ ਤੇ ਉਹ ਹਿਕਮਤ ਵੀ ਕਰਦਾ ਸੀ। ਉਸ ਦਾ ਮਜ਼ਾਰ ਪਿੰਡ ਥਰਪਾਲ ਜ਼ਿਲ੍ਹਾ ਸਿਆਲਕੋਟ ਵਿੱਚ ਹੈ।
ਰਚਨਾ: ਗਿਣਤੀ ਦੇ ਪੱਖੋਂ ਹਾਸ਼ਮ ਦੀਆਂ ਰਚਨਾਵਾਂ ਕਾਫ਼ੀ ਹਨ। ਉਸ ਦੀਆਂ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ। ਹੀਰ ਰਾਂਝੇ ਕੀ ਬਿਰਤੀ, ਕਿੱਸਾ ਸੋਹਣੀ ਮਹੀਂਵਾਲ, ਕਿੱਸਾ ਸੱਸੀ ਪੁੰਨੂੰ, ਸ਼ੀਰੀ ਫਰਹਾਦ ਕੀ ਬਾਰਤਾ, ਕਿੱਸਾ ਮਹਿਮੂਦ ਸ਼ਾਹ ਗ਼ਜ਼ਨਵੀ, ਦੋਹੜੇ, ਡਿਉਢਾਂ, ਬਾਰਾਂਮਾਹ ਹਾਸ਼ਮ, ਸਲੋਕ ਹਾਸ਼ਮ, ਮਸਨਵੀ ਹਾਸ਼ਮ ਆਦਿ।
ਉਪਰੋਕਤ ਵੇਰਵੇ ਤੋਂ ਸਪਸ਼ਟ ਹੁੰਦਾ ਹੈ ਕਿ ਹਾਸ਼ਮ ਪੰਜਾਬੀ ਸੂਫ਼ੀ ਕਾਵਿ-ਧਾਰਾ ਤੇ ਕਿੱਸਾ ਕਾਵਿ-ਧਾਰਾ ਦਾ ਸੁਮੇਲ ਸੀ। ਪਰ ਇੱਥੇ ਅਸੀਂ ਹਾਸ਼ਮ ਦੇ ਸੂਫ਼ੀ-ਕਾਵਿ ਬਾਰੇ ਹੀ ਵਿਚਾਰ ਕਰਾਂਗੇ। ਇੱਕ ਕਿੱਸਾ-ਕਵੀ ਦੇ ਤੌਰ ‘ਤੇ ਉਸ ਨੂੰ ਅਸੀਂ ਕਿੱਸਾ-ਕਾਵਿ ਭਾਗ ਵਿੱਚ ਵਿਚਾਰਾਂਗੇ।
ਹਾਸ਼ਮ ਦੀ ਸੂਫ਼ੀ ਵਿਚਾਰਧਾਰਾ ਉਸ ਦੇ ਦੋਹੜਿਆਂ ਤੇ ਡਿਉਢਾਂ ਵਿੱਚ ਪ੍ਰਗਟ ਹੋਈ ਹੈ। ਹਾਸ਼ਮ ਦੀ ਰਚਨਾ ਦਾ ਮੁੱਖ ਵਿਸ਼ਾ ਕਾਮਲ ‘ਇਸ਼ਕ‘ ਹੈ । ਕਾਮਲ ਦਾ ਅਰਥ ਹੁੰਦਾ ਹੈ ‘ਮੁਕੰਮਲ ਜਾਂ ‘ਪੂਰਨ’, ‘ਰੱਬੀ‘। ਪਰ ਹਾਸ਼ਮ ਇਸ਼ਕ ਮਿਜ਼ਾਜੀ ਨੂੰ ਇਸ਼ਕ ਹਕੀਕੀ ਦੀ ਪਹਿਲੀ ਪੌੜੀ ਮੰਨਦਾ ਹੈ। ਇਸੇ ਲਈ ਉਸ ਨੇ ਆਪਣੀ ਕਵਿਤਾ ਵਿੱਚ ਦੁਨਿਆਵੀ ਇਸ਼ਕ ਨੂੰ ਵੀ ਮਹੱਤਤਾ ਦਿੱਤੀ ਹੈ। ਹਾਸ਼ਮ ਅਨੁਸਾਰ ਇਸ਼ਕ ਕਰਨ ਵਾਲ਼ਾ (ਭਾਵੇਂ ਇਸ਼ਕ ਦੁਨਿਆਵੀ ਹੋਵੇ ਜਾਂ ਰੱਬੀ), ਸੂਖਮ-ਚਿੱਤ ਤੇ ਸਿਆਣਾ ਹੋਣਾ ਚਾਹੀਦਾ ਹੈ। ਮੂਰਖ ਤੇ ਮੰਦ-ਬੁੱਧੀ ਇਨਸਾਨ ਪਿਆਰ ਨਹੀਂ ਕਰ ਸਕਦਾ।
ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਰੋਜ਼ ਕਮਾਵਣ ਪੈਸਾ।।
ਨਾ ਕੁਝ ਊਚ ਨਾ ਨੀਚ ਪਛਾਣਨ, ਅਤੇ ਪ੍ਰੇਮ ਨ ਜਾਣਨ ਕੈਸਾ॥
ਇਸ਼ਕ ਮਨੁੱਖ ਨੂੰ ਬਹਾਦਰ ਬਣਾਉਂਦਾ ਹੈ ਤੇ ਸਾਰੇ ਵੈਰ-ਵਿਰੋਧ, ਭਿੰਨ-ਭੇਦ ਤੇ ਮਜ਼ਹਬੀ ਵਖਰੇਵਿਆਂ ਤੋਂ ਉੱਚਾ ਚੁੱਕਦਾ ਹੈ ।
ਹਾਸ਼ਮ ਇਸ਼ਕ ਅਜਿਹਾ ਮਿਲਿਆ, ਜਿਸ ਦੀਨ ਮਜ਼ਹਬ ਸਭ ਧੋਤਾ।
ਜਾਂ
ਹਾਸ਼ਮ ਤੋੜ ਜ਼ੰਜੀਰ ਮਜ਼ਹਬ ਦੀ ਅਤੇ ਹੋ ਨਿਰਵੈਰ ਖਲੋਵੇ।
ਰੂਪਕ ਪੱਖ: ਹਾਸ਼ਮ ਦੇ ਦੋਹੜੇ ਤੇ ਡਿਉਢਾਂ ਉਸ ਦੀ ਕਾਵਿ-ਕਲਾ ਦੇ ਸਿਖਰ ਆਖੇ ਜਾ ਸਕਦੇ ਹਨ। ਇਹਨਾਂ ਵਿੱਚ ਸਰੋਦੀ ਹੂਕ ਹੈ, ਸੰਜਮਤਾ ਤੇ ਬਿਆਨ ਦੀ ਸਾਦਗੀ ਹੈ। ਇਹਨਾਂ ਦੋਹੜਿਆਂ ਵਿੱਚ ਭਾਵ ਦਾ ਅਜਿਹਾ ਸਰਲੀਕਰਨ ਤੇ ਸਧਾਰਨੀਕਰਨ ਹੈ ਕਿ ਹਰ ਦੋਹੜਾ ਅਟੱਲ ਸਚਾਈ ਬਣਨ ਦੀ ਸਮਰੱਥਾ ਰੱਖਦਾ ਹੈ। ਦੋਹੜਿਆਂ ਵਿਚਲੀਆਂ ਕਈ ਤੁਕਾਂ ਆਪਮੁਹਾਰੇ ਮੂੰਹ ਚੜ੍ਹਦੀਆਂ ਹਨ ਤੇ ਇਹਨਾਂ ਦਾ ਲੋਕ-ਉਕਤੀਆਂ ਹੋਣ ਦਾ ਭੁਲੇਖਾ ਪੈਂਦਾ ਹੈ।
ਹਾਸ਼ਮ ਸਾਂਝ ਤੁਸਾਡੇ ਦਮ ਦੀ ਹੋਰ ਵਸਦਾ ਮੁਲਕ ਬਥੇਰਾ।
ਹਾਸ਼ਮ ਦੀ ਬੋਲੀ ਕੇਂਦਰੀ ਪੰਜਾਬੀ ਹੈ ਜਿਸ ਵਿੱਚ ਅਰਬੀ-ਫ਼ਾਰਸੀ ਸ਼ਬਦਾਵਲੀ ਦਾ ਰਲਾਅ ਹੈ। ਪਰ ਇਸ ਸ਼ਬਦਾਵਲੀ ਕਾਰਨ ਹਾਸ਼ਮ-ਰਚਨਾਵਲੀ ਦੀ ਭਾਸ਼ਾ ਬੋਝਲ ਨਹੀਂ ਬਣਦੀ, ਸਗੋਂ ਇਸ ਦਾ ਮੁਹਾਂਦਰਾ ਸਰਲ, ਸੁਭਾਵਿਕ ਤੇ ਮਿੱਠੀ ਪੰਜਾਬੀ ਵਾਲ਼ਾ ਹੀ ਰਹਿੰਦਾ ਹੈ।
ਹਾਸ਼ਮ ਨੇ ਸਰਲ ਤੇ ਲੋਕ-ਪ੍ਰਿਆ ਦੇਸੀ ਛੰਦ ਵਰਤੇ ਹਨ। ਦੋਹੜਾ ਉਸ ਸਮੇਂ ਗੰਭੀਰ ਤੇ ਦਾਰਸ਼ਨਿਕ ਵਿਚਾਰਾਂ ਨੂੰ ਪ੍ਰਗਟਾਉਣ ਲਈ ਵਰਤਿਆ ਜਾਣ ਵਾਲ਼ਾ ਇੱਕ ਪ੍ਰਚਲਿਤ ਛੰਦ ਸੀ। ਇਸੇ ਤਰ੍ਹਾਂ ਡਿਉਢ ਛੰਦ ਵੀ ਪ੍ਰਗੀਤਿਕ ਜਾਂ ਸਰੋਦੀ-ਕਾਵਿ ਦਾ ਪ੍ਰਸਿੱਧ ਛੰਦ ਹੈ। ਹਾਸ਼ਮ ਨੇ ਇਹਨਾਂ ਦੋਂਹਾਂ ਛੰਦਾਂ ਨੂੰ ਪੂਰੀ ਸਫ਼ਲਤਾ ਨਾਲ਼ ਵਰਤਿਆ ਹੈ।
(ੲ) ਸੁਲਤਾਨ ਬਾਹੂ
ਜੀਵਨ:- ਸੁਲਤਾਨ ਬਾਹੂ ਦਾ ਜਨਮ ਪੱਛਮੀ ਪੰਜਾਬ ਦੇ ਜ਼ਿਲ੍ਹਾ ਝੰਗ ਦੇ ਇੱਕ ਪਿੰਡ ਆਵਾਣ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਬਾਯਜ਼ੀਦ ਸੀ। ਬਾਹੂ ਮੁਸਲਮਾਨਾਂ ਦੀ ਉੱਚੀ ਕੁਲ ਵਿੱਚੋਂ ਸੀ ਤੇ ਉਸ ਦੇ ਪਿਤਾ ਨੂੰ ਬਾਦਸ਼ਾਹ ਸ਼ਾਹਜਹਾਨ ਨੇ ਇੱਕ ਪਿੰਡ ਜਗੀਰ ਵਜੋਂ ਦਿੱਤਾ ਹੋਇਆ ਸੀ। ਬਾਹੂ ਉੱਪਰ ਆਪਣੀ ਮਾਂ ਦਾ ਅਸਰ ਸੀ ਜੋ ਇੱਕ ਧਾਰਮਿਕ ਵਿਚਾਰਾਂ ਵਾਲ਼ੀ ਇਸਤਰੀ ਸੀ। ਉਸ ਦੇ ਸੂਫ਼ੀ ਬਣਨ ਪਿੱਛੇ ਉਸ ਦੀ ਮਾਂ ਦਾ ਹੱਥ ਮੰਨਿਆ ਜਾਂਦਾ ਹੈ। ਬਾਹੂ ਨੇ ਧਾਰਮਿਕ ਵਿੱਦਿਆ ਹਜ਼ਰਤ ਹਬੀਬਉੱਲਾ ਕਾਦਰੀ ਅਤੇ ਸਯਦ ਅਬਦੁਲ ਰਹਿਮਾਨ ਪਾਸੋਂ ਪ੍ਰਾਪਤ ਕੀਤੀ। ਉਹ ਸੂਫ਼ੀਆਂ ਦੇ ਕਾਦਰੀ ਸੰਪਰਦਾਇ ਨਾਲ਼ ਸੰਬੰਧਿਤ ਸੀ।
ਰਚਨਾ:- ਬਾਹੂ ਅਰਬੀ-ਫ਼ਾਰਸੀ ਦਾ ਵਿਦਵਾਨ ਸੀ । ਉਸ ਦੀ ਬਹੁਤੀ ਰਚਨਾ ਅਰਬੀ ਤੇ ਫ਼ਾਰਸੀ ਵਿੱਚ ਹੈ। ਪੰਜਾਬੀ ਵਿੱਚ ਉਸ ਦੇ ਦੋਹੜੇ ਮਿਲਦੇ ਹਨ। ਇਹਨਾਂ ਦੋਹੜਿਆਂ ਵਿੱਚ ਸੂਫ਼ੀ ਸਿਧਾਂਤ ਦੀ ਪੇਸ਼ਕਾਰੀ ਕੀਤੀ ਗਈ ਹੈ । ਫ਼ਰੀਦ ਵਾਂਗ ਹੀ ਸੂਫ਼ੀ ਸਦਾਚਾਰ ਗ੍ਰਹਿਣ ਕਰਨ ਉੱਪਰ ਜ਼ੋਰ ਤੇ ਨੇਕ ਇਨਸਾਨ ਬਣਨ ਦੀ ਪ੍ਰੇਰਨਾ ਉਸ ਦੀ ਪੰਜਾਬੀ ਰਚਨਾ ਦਾ ਮੂਲ ਵਿਸ਼ਾ ਹੈ । ਬਾਹੂ ਸੂਫ਼ੀ ਸ਼ਰੀਅਤ ਦੀ ਪਾਬੰਦੀ ਨੂੰ ਉਦੋਂ ਤੱਕ ਜਾਇਜ਼ ਨਹੀਂ ਸਮਝਦਾ, ਜਦ ਤੱਕ ਇੱਕ ਸੂਫ਼ੀ ਦਾ ਮਨ ਸ਼ੁੱਧ ਨਾ ਹੋਵੇ । ਮਨ ਦੀ ਸ਼ੁੱਧੀ ਤੋਂ ਬਿਨਾਂ ਸ਼ਰ੍ਹਾ ਦੀ ਪਾਬੰਦੀ ਕੇਵਲ ਕਰਮ-ਕਾਂਡ ਹੈ ਤੇ ਕਰਮ-ਕਾਂਡੀ ਸ਼ਰ੍ਹਾ ਧਾਰਨ ਕਰਨ ਵਾਲਿਆਂ ਉੱਪਰ ਉਹ ਵਿਅੰਗ ਕਰਦਾ ਹੈ:
ਜੇ ਰੱਬ ਮਿਲ਼ਦਾ ਜੰਗਲ ਭਵਿਆਂ ਮਿਲ਼ਦਾ ਗਊਆਂ ਵੱਛੀਆਂ ਹੂ।
ਜੇ ਰੱਬ ਮਿਲ਼ਦਾ ਤੀਰਥ ਨਾਇਆਂ ਮਿਲ਼ਦਾ ਡਡੂਆਂ ਮੱਛੀਆਂ ਹੂ।
ਜੇ ਰੱਬ ਮਿਲ਼ਦਾ ਵਾਲ ਵਧਾਇਆਂ ਮਿਲ਼ਦਾ ਭੇਡਾਂ ਸੱਸੀਆਂ ਹੂ।
ਸਾਈਂ ਬਾਹੂ ਰੱਬ ਉਨ੍ਹਾਂ ਨੂੰ ਮਿਲ਼ਦਾ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ ਹੂ।
ਬਾਹੂ ਅਨੁਸਾਰ ਵੀ ਰੱਬ ਤੱਕ ਪਹੁੰਚਣ ਦਾ ਰਾਹ ਇਸ਼ਕ ਦਾ ਰਾਹ ਹੀ ਹੈ, ਜਿਸ ਦਾ ਭਾਵ ਹੈ ਕਿ ਆਪਣੇ ਇਸ਼ਟ ਨਾਲ਼ ਭਾਵਕ ਲਗਾਅ ਤੋਂ ਬਿਨਾਂ ਉਸ ਤੱਕ ਪਹੁੰਚਿਆ ਨਹੀਂ ਜਾ ਸਕਦਾ। ਸੂਫ਼ੀਆਂ ਦੇ ਇਸ਼ਕ ਜਾਂ ਪ੍ਰੇਮ ਦਾ ਇਹ ਸੰਕਲਪ ਭਾਰਤ ਦੀ ਭਗਤੀ ਲਹਿਰ ਤੇ ਸਿੱਖ ਧਰਮ ਦੇ ਪ੍ਰੇਮਾ-ਭਗਤੀ ਦੇ ਸੰਕਲਪ ਨਾਲ਼ ਮਿਲ਼ਦਾ-ਜੁਲਦਾ ਹੈ। ਬਾਹੂ ਅਨੁਸਾਰ ਪ੍ਰੇਮ ਜਾਂ ਇਸ਼ਕ ਦੀ ਭਾਵਨਾ ਹੀ ਸਾਧਕ ਨੂੰ ਉਸ ਦੀ ਮੰਜ਼ਲ ਤੱਕ ਪਹੁੰਚਾ ਸਕਦੀ ਹੈ।
ਅਲਫ਼ ਈਮਾਨ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ ਹੂ।
ਮੰਗਣ ਈਮਾਨ ਸ਼ਰਮਾਵਨ ਇਸ਼ਕੋਂ, ਦਿਲ ਨੂੰ ਗ਼ੈਰਤ ਹੋਈ ਹੂ।
ਜਿਸ ਮੰਜ਼ਿਲ ਨੂੰ ਇਸ਼ਕ ਪਹੁੰਚਾਏ, ਈਮਾਨੇ ਖ਼ਬਰ ਨਾ ਕੋਈ ਹੂ ।
ਮੇਰਾ ਇਸ਼ਕ ਸਲਾਮਤ ਰਖੀਂ, ਬਾਹੂ ਈਮਾਨੋ ਦਿਆਂ ਧਰੋਈ ਹੂ।
ਰੂਪਕ ਪੱਖ: ਬਾਹੂ ਨੇ ਆਪਣੇ ਦੋਹੜਿਆਂ ਲਈ ਦਵੱਈਏ ਛੰਦ ਤੇ ਸੀਹਰਫ਼ੀ ਕਾਵਿ-ਰੂਪ ਦੀ ਵਰਤੋਂ ਕੀਤੀ ਹੈ। ਉਸ ਦੀ ਰਚਨਾ ਵਿੱਚ ਰਾਗਾਤਮਿਕਤਾ ਹੈ। ਵਿਸ਼ੇਸ਼ ਤੌਰ ’ਤੇ ਦੋਹੜੇ ਦੀ ਹਰੇਕ ਤੁਕ ਦੇ ਅਖ਼ੀਰ ਵਿੱਚ ਵਰਤਿਆ ‘ਹੂ’ ਸ਼ਬਦ ਉਸ ਦੇ ਦੋਹੜਿਆਂ ਨੂੰ ਇੱਕ ਮਿੱਠੀ ਜਿਹੀ ਹੂਕ ਦੇਂਦਾ ਹੈ। ਬਾਹੂ ਦੇ ਕਲਾਮ ਵਿੱਚ ਬਾਬਾ ਫ਼ਰੀਦ ਦੇ ਸਲੋਕਾਂ ਵਾਂਗ ਸਿਧਾਂਤਿਕ ਪਕਿਆਈ ਅਤੇ ਇੱਕ ਸੰਤੁਲਿਤ ਸੂਫ਼ੀ-ਚਿੰਤਨ ਦੀ ਝਲਕ ਮਿਲ਼ਦੀ ਹੈ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ-ਸਟੇਟ ਅਵਾਰਡੀ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784