6. ਹਾਸ਼ਮ ਸ਼ਾਹ

6. ਹਾਸ਼ਮ ਸ਼ਾਹ

ਅਭਿਆਸ

ਹੇਠ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

(ੳ) ਸਾਬਤ ਹੋ ਜਿਸ ਦਰਸ ਇਸ਼ਕ ਦਾ ਲਿਆ ਹਰਫ਼ ਹਕੀਕਤ ਵਾਲ਼ਾ।

ਹੋ ਬੇਜ਼ਾਰ ਗਿਆ ਸਭ ਇਲਮੋਂ ਅਤੇ ਤਸਬੀ ਰਹੀ ਨਾ ਮਾਲਾ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚੋਂ ਸੂਫ਼ੀ -ਕਾਵਿ ਅਧੀਨ ਦਰਜ ਹਾਸ਼ਮ ਸ਼ਾਹ ਦੇ ਦੋਹੜਿਆਂ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਹਾਸ਼ਮ ਸ਼ਾਹ ਮੁਰਸ਼ਦ ਦੇ ਪੂਰੇ ਆਸ਼ਕ ਦੀ ਗੱਲ ਕਰਦਾ ਹੈ।

ਵਿਆਖਿਆ: ਹਾਸ਼ਮ ਸ਼ਾਹ ਕਹਿੰਦਾ ਹੈ ਕਿ ਜਿਸ ਵਿਅਕਤੀ ਨੇ ਇਸ਼ਕ ’ਤੇ ਪੂਰਾ ਉੱਤਰ ਕੇ ਪਾਠ ਵਿੱਚੋਂ ਰੱਬੀ ਗਿਆਨ ਦਾ ਸਬਕ ਪੜ੍ਹ ਲਿਆ ਹੋਵੇ। ਉਸ ਨੂੰ ਹੋਰ ਕਿਸੇ ਗਿਆਨ ਦੀ ਇਲਮ ਦੀ ਲੋੜ ਨਹੀਂ ਰਹਿੰਦੀ। ਉਸ ਨੂੰ ਸਾਰੇ ਗਿਆਨ ਫੋਕੇ ਨਜ਼ਰ ਆਉਂਦੇ ਹਨ, ਉਸ ਵਿਅਕਤੀ ਲਈ ਤਸਬੀ (ਮਾਲ਼ਾ) ਦੀ ਵੀ ਕੋਈ ਅਹਿਮੀਅਤ ਨਹੀਂ ਰਹਿੰਦੀ।

(ਅ) ਸੋ ਭਲਵਾਨ ਬਹਾਦਰ ਨਾਹੀਂ ਜਿਹੜੇ ਢਾਹ ਲੈਣ ਕੁਝ ਮਸਤਾਂ।

ਸਾਹਿਬ ਜ਼ੋਰ ਹੋਵਹਿ ਜਗ ਜਾਣੇ, ਜਿਹੜੇ ਦਿਲ ਨੂੰ ਦੇਣ ਸ਼ਿਕਸਤਾਂ।

ਪ੍ਰਸੰਗ: ਉਪਰੋਕਤ ਕਾਵਿ ਸਤਰਾਂ ਪੰਜਾਬੀ ਦੀ ਪਾਠ-ਪੁਸਤਕ, ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚੋਂ ਸੂਫ਼ੀ- ਕਾਵਿ ਅਧੀਨ ਦਰਜ ਹਾਸ਼ਮ ਸ਼ਾਹ ਦੇ ਦੋਹੜਿਆਂ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਹਾਸ਼ਮ ਸ਼ਾਹ ਨੇ ਅਸਲੀ ਤਾਕਤਵਰ ਮਨੁੱਖ ਕੌਣ ਹੈ ਇਸ ਦਾ ਜ਼ਿਕਰ ਕੀਤਾ ਹੈ।

ਵਿਆਖਿਆ: ਹਾਸ਼ਮ ਸ਼ਾਹ ਕਹਿੰਦਾ ਹੈ ਕਿ ਉਸ ਅਨੁਸਾਰ ਪਰਮਾਤਮਾ ਦੀ ਦਰਗਾਹ ਵਿੱਚ ਉਹ ਪਹਿਲਵਾਨ ਬਹਾਦਰ ਨਹੀਂ ਹੁੰਦਾ ਜੋ ਵੱਡੇ ਭੂਤਰੇ ਭਲਵਾਨਾਂ ਨੂੰ ਵੀ ਹਰਾ ਦਿੰਦਾ ਹੈ ਸਗੋਂ ਪਰਮਾਤਮਾ ਉਸ ਵਿਅਕਤੀ ਨੂੰ ਤਾਕਤਵਰ ਮੰਨਦਾ ਹੈ ਜੋ ਆਪਣੇ ਮਨ ਦੇ ਘੋੜੇ ਦੀਆਂ ਲਗਾਮਾਂ ਨੂੰ ਕਾਬੂ ਵਿੱਚ ਰੱਖਦਾ ਹੈ ਭਾਵ ਜੋ ਮਨ ’ਤੇ ਜਿੱਤ ਪ੍ਰਾਪਤ ਕਰਦਾ ਹੈ।

(ੲ) ਦਿਲ ਤੂੰ ਹੀ, ਦਿਲਬਰ ਭਿ ਤੂੰ ਹੀ, ਅਤੇ ਦੀਦ ਤੂੰ ਹੀ ਦੁੱਖ ਤੇਰਾ।

ਨੀਂਦਰ ਭੁੱਖ ਅਰਾਮ ਤੂੰ ਹੀ ਤੂੰ, ਅਤੇ ਤੈਂ ਬਿਨ ਜਗਤ ਅੰਧੇਰਾ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਵਿੱਚੋਂ ਸੂਫ਼ੀ- ਕਾਵਿ ਅਧੀਨ ਦਰਜ ਹਾਸ਼ਮ ਸ਼ਾਹ ਦੇ ਦੋਹੜਿਆਂ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਹਾਸ਼ਮ ਸ਼ਾਹ ਨੇ ਅਸਲੀ ਤਾਕਤਵਰ ਮਨੁੱਖ ਕੌਣ ਹੈ ਇਸ ਦਾ ਜ਼ਿਕਰ ਕੀਤਾ ਹੈ।

ਵਿਆਖਿਆ: ਕਵੀ ਆਖਦਾ ਹੈ ਕਿ ਮੇਰੇ ਮੁਰਸ਼ਦ ਤੂੰ ਹੀ ਮੇਰਾ ਦਿਲ ਹੈਂ ਅਤੇ ਤੂੰ ਹੀ ਮੇਰੇ ਦਿਲ ਨੂੰ ਜਿੱਤਣ ਵਾਲ਼ਾ ਹੈਂ, ਤੁੰ ਹੀ ਮੇਰਾ ਦੀਦਾਰ ਹੈ ਅਤੇ ਤੂੰ ਹੀ ਵਿਛੋੜੇ ਦਾ ਦੁੱਖ ਦੇਣ ਵਾਲ਼ਾ ਹੈਂ। ਮੇਰੀ ਨੀਂਦ, ਮੇਰੀ ਭੁੱਖ ਅਤੇ ਮੇਰਾ ਅਰਾਮ ਭਾਵ ਸਭ ਕੁਝ ਤੂੰ ਹੀ ਹੈਂ ਕਿਉਂਕਿ ਤੇਰੇ ਬਿਨਾਂ ਮੇਰੇ ਲਈ ਇਹ ਸੰਸਾਰ ਘੋਰ ਹਨੇਰੇ ਦਾ ਪਸਾਰਾ ਹੈ।

ਪ੍ਰਸ਼ਨ 2. ਇਹ ਦਿਲ ਖ਼ੁਆਰ ਕਰੇ ਨਿਤ ਮੈਨੂੰ ਇਸ ਹੋਸ਼ ਗਵਾਇਆ ਮੇਰਾ।

ਜਿਉਂ ਦਰਿਆ ਹਮੇਸ਼ਾ ਢਾਵੇ ਆਪਣਾ ਚਾਰ ਚੁਫੇਰਾ।

ਆਪਣੀ ਖ਼ਬਰ ਨਹੀਂ ਇਸ ਦਿਲ ਨੂੰ ਜਿਉਂ ਦੀਪਕ ਹੇਠ ਅੰਧੇਰਾ।

ਉਪਰੋਕਤ ਸਤਰਾਂ ਦਾ ਕੇਂਦਰੀ-ਭਾਵ ਲਿਖੋ।

ਕੇਂਦਰੀ ਭਾਵ: ਮਨੁੱਖੀ ਦਿਲ ਮੁਰਸ਼ਦ ਦੇ ਵਿਛੋੜੇ ਵਿੱਚ ਪੈ ਕੇ ਆਪਣੇ ਸਰੀਰ ਨੂੰ ਹੀ ਕਸ਼ਟ ਦਿੰਦਾ ਹੈ। ਪਰ ਉਸ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਸ ਦਾ ਮੁਰਸ਼ਦ ਉਸ ਕੋਲ਼ੋਂ ਦੂਰ ਨਹੀਂ ਸਗੋਂ ਉਸ ਦੇ ਅੰਦਰ ਵਸਦਾ ਹੈ।

ਪ੍ਰਸ਼ਨ 3. ਵਸਤੂਨਿਸ਼ਠ ਪ੍ਰਸ਼ਨ-

(ੳ) ਤੁਹਾਡੀ ਪਾਠ-ਪੁਸਤਕ ਵਿੱਚ ਹਾਸ਼ਮ ਸ਼ਾਹ ਦੀਆਂ ਕਿਹੜੀਆਂ ਰਚਨਾਵਾਂ ਵਿੱਚੋਂ ਚੋਣ ਕਰਕੇ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ?

(i) ਦੋਹੜਿਆਂ ਵਿੱਚੋਂ (ii) ਕਾਫ਼ੀਆਂ ਵਿੱਚੋਂ (iii) ਸਲੋਕਾਂ ਵਿੱਚੋਂ (iv) ਪ੍ਰੀਤ-ਕਥਾਵਾਂ ਵਿੱਚੋਂ

ਉੱਤਰ: ਦੋਹੜਿਆਂ ਵਿੱਚੋਂ।

(ਅ) ‘ਇੱਕ ਸ਼ਬ ਉਮਰ ਗੁਲਾਂ ਦੀ ਓੜਕ, ਅਤੇ ਖਾਰ ਰਹੇ ਨਿਤ ਉਵੇਂ’ ਉਪਰੋਕਤ ਸਤਰ ਵਿੱਚ ‘ਖਾਰ‘ ਸ਼ਬਦ ਤੋਂ ਕੀ ਭਾਵ ਹੈ?

ਉੱਤਰ: ਕੰਡਾ।

(ੲ) ‘ਨਦੀਆਂ ਨੀਰ ਵਹਿਣ ਨਿਤ ਤਾਰੂ, ਇਹ ਕਦੀ ਨਾ ਹੋਵਣ ਹਲਕੇ। ਜੋ ਜਲ ਗਿਆ ਇਸ ਰਾਹੀਂ, ਸੋ ਫੇਰ ਨਾ ਆਵੇ ਭਲਕੇ।‘

ਉਪਰੋਕਤ ਦੋਹੜੇ ਵਿੱਚ ਹਾਸ਼ਮ ਸ਼ਾਹ ਨੇ ਕਿਹੜੀ ਗੱਲ ਵੱਲ ਸੰਕੇਤ ਕੀਤਾ ਹੈ?

(i) ਸੰਸਾਰਿਕ ਨਾਸ਼ਵਾਨਤਾ (ii) ਰਲ਼-ਮਿਲ਼ ਕੇ ਬੈਠਣ ਵੱਲ

ਉੱਤਰ: ਸੰਸਾਰਿਕ ਨਾਸ਼ਵਾਨਤਾ।

(ਸ) ਹਾਸ਼ਮ ਸ਼ਾਹ ਦੇ ਦੋਹੜੇ ਵਿੱਚ ਆਏ ਸ਼ਬਦ ‘ਤਸਬੀ‘ ਤੋਂ ਕੀ ਭਾਵ ਹੈ?

ਉੱਤਰ: ਮਾਲ਼ਾ ।

(ਹ) ‘ਇਕਸੇ ਤਾਰ ਬਹਾਰ ਨਾ ਰਹਿੰਦੀ, ਨਹੀਂ ਇਕਸੇ ਤੋਰ ਜ਼ਮਾਨਾ‘ ਦੋਹੜੇ ਵਿੱਚ ਮੁਸਾਫ਼ਰਖ਼ਾਨਾ ਕਿਸ ਨੂੰ ਕਿਹਾ ਗਿਆ ਹੈ?

ਉੱਤਰ: ਸੰਸਾਰ ਨੂੰ।

(ਕ) ‘ਹਾਸ਼ਮ ਸਾਂਝ ਤੁਸਾਡੇ ਦਮ ਦੀ, ਹੋਰ ਵਸਦਾ ਮੁਲਖ ਬਥੇਰਾ।‘

ਉਪਰੋਕਤ ਸਤਰ ਵਿੱਚ ਹਾਸ਼ਮ ਸ਼ਾਹ ਕਿਸ ਨਾਲ ਸਾਂਝ ਪਾਉਣ ਵੱਲ ਸੰਕੇਤ ਕਰਦਾ ਹੈ?

(i) ਪਰਮਾਤਮਾ ਨਾਲ਼ (ii) ਦੁਨਿਆਵੀ ਲੋਕਾਂ ਨਾਲ਼

ਉੱਤਰ: ਪਰਮਾਤਮਾ ਨਾਲ਼।

(ਖ) ਹੇਠਾਂ ਲਿਖੀਆਂ ਸਤਰਾਂ ਪੂਰੀਆਂ ਕਰੋ-

ਨਹੀਂ ਕਬੂਲ ਇਬਾਦਤ ਤੇਰੀ, ਤੂੰ ਜਬ ਲਗ________ ਨਾ ਹੋਵੇਂ। ਉੱਤਰ: ਪਾਕ

ਆਮਲ ਖ਼ਾਕ ਪਵੇ ਮੁੱਖ ਤੇਰਾ, ਜਬ ਲਗ __________ਨਾ ਹੋਵੇਂ। ਉੱਤਰ: ਖ਼ਾਕ

 

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਪੰਜਾਬੀ ਮਾਸਟਰ) ਸਸਸਸ ਕਾਹਮਾ ਜ਼ਿਲ੍ਹਾ ਸ਼.ਭ.ਸ.ਨਗਰ (ਸਟੇਟ ਅਵਾਰਡੀ) 9878583784

TAGGED:
Share This Article
Leave a Comment

Leave a Reply

Your email address will not be published. Required fields are marked *