ਸਰਬਜੀਤ ਬੇਦੀ
ਪਾਠ-ਅਭਿਆਸ
1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
ਲਹੀ ਬਾਰਿਸ਼
ਸਿੱਜਿਆ ਦੁਪੱਟਾ ਹਵਾ ਦਾ
ਕੋਈ ਮਨ ਰੁੱਖਾ ਭਿੱਜਦਾ
ਕੋਈ ਵਣ ਸੁੱਤਾ ਜਾਗਦਾ
ਮਿੱਟੀ ਵਿੱਚੋਂ ਉੱਠਦੀ
ਮਹਿਕ ਮਿੱਟੀ ਦੀ।
ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਸਰਬਜੀਤ ਬੇਦੀ’ ਦੀ ਕਵਿਤਾ ‘ਬਾਰਿਸ਼’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਮੀਂਹ ਦਾ ਦ੍ਰਿਸ਼ ਅਤੇ ਕੁਦਰਤੀ ਵਾਤਾਵਰਨ ਦਾ ਬਿਆਨ ਕੀਤਾ ਹੈ।
ਵਿਆਖਿਆ: ਕਵੀ ਕਹਿੰਦਾ ਹੈ ਕਿ ਮੀਂਹ ਪੈਣ ਲੱਗ ਗਿਆ ਹੈ। ਮੀਂਹ ਕਾਰਨ ਹਵਾ ਦਾ ਦੁਪੱਟਾ ਭਿੱਜ ਗਿਆ ਹੈ ਭਾਵ ਹਵਾ ਵਿੱਚ ਵੀ ਮੀਂਹ ਦੀ ਨਮੀ ਆ ਗਈ ਹੈ। ਇਸ ਸਮੇਂ ਕਿਸੇ ਦਾ ਸੁੱਕਾ ਮਨ ਖੁਸ਼ੀ ਵਿੱਚ ਮਸਤ ਹੋ ਗਿਆ ਹੈ ਅਤੇ ਕਿਤੇ ਜੰਗਲ਼ ਵਿੱਚ ਵਰਤੀ ਚੁੱਪ ਵੀ ਜਾਗ ਰਹੀ ਹੈ। ਮਿੱਟੀ ਵਿੱਚੋਂ ਮੀਂਹ ਕਾਰਨ ਮਿੱਟੀ ਦੀ ਮਹਿਕ ਚਾਰੇ ਪਾਸੇ ਨੂੰ ਸੁਗੰਧਿਤ ਕਰ ਰਹੀ ਹੈ।
2. ‘ਬਾਰਿਸ਼’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਕੇਂਦਰੀ ਭਾਵ: ਮੀਂਹ ਪੈਣ ਨਾਲ਼ ਸਮੁੱਚੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ। ਕਿਤੇ ਮਨੁੱਖੀ ਮਨ ਖੁਸੀ ਵਿੱਚ ਖਿੜ ਜਾਂਦਾ ਹੈ ਕਿਤੇ ਸੁੱਤਾ ਜੰਗਲ਼ ਜਾਗਦਾ ਹੈ। ਪਾਣੀ ਦੇ ਬੁਲਬਲਿਆਂ ਵਾਂਗ ਹੀ ਮਨੁੱਖੀ ਜੀਵਨ ਦੀ ਵਾਸਤਵਿਕਤਾ ਦਾ ਧਿਆਨ ਆ ਜਾਂਦਾ ਹੈ।
3. ਵਸਤੂਨਿਸ਼ਠ ਪ੍ਰਸ਼ਨ:
(ੳ) ਕਵਿਤਾ ‘ਬਾਰਿਸ਼‘ ਵਿੱਚ ਬੱਦਲਾਂ ਦੀ ਘਣਘੋਰ ਸੁਣਨ ’ਤੇ ਕੌਣ ਪੈਲਾਂ ਪਾਉਂਦਾ ਹੈ?
ਉੱਤਰ: ਮੋਰ।
(ਅ) ਕਵਿਤਾ ‘ਬਾਰਿਸ਼’ ਅਨੁਸਾਰ ਆਦਮੀ ਕਿਸ ਸਮਾਨ ਹੈ?
ਉੱਤਰ: ਬੁਲਬੁਲੇ ਦੇ।
(ੲ) ਕਵਿਤਾ ‘ਬਾਰਿਸ਼’ ਵਿੱਚ ਗੁਲਮੋਹਰ ਬਾਰੇ ਕੀ ਕਿਹਾ ਗਿਆ ਹੈ?
ਉੱਤਰ: ਗੁਲਮੋਹਰ ਦੇ ਬੂਟੇ ਨੱਚ-ਨੱਚ ਕੇ ਨਹਾਉਂਦੇ ਹਨ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784