ਪਾਠ 2. ਅਮਰੀਕਨ ਸੱਭਿਅਤਾ (ਡਾ. ਹਰਦਿੱਤ ਸਿੰਘ ਢਿੱਲੋਂ)
ਪਾਠ-ਅਭਿਆਸ
1. ਵਸਤੂਨਿਸ਼ਠ ਪ੍ਰਸ਼ਨ:
ਪ੍ਰਸ਼ਨ 1. ਉਸ ਜਹਾਜ਼ ਦਾ ਨਾਂ ਦੱਸੋ ਜਿਹੜਾ ਸਭ ਤੋਂ ਪਹਿਲਾਂ ਯੂਰਪੀਨਾਂ ਨੇ ਅਮਰੀਕਾ ਦੇ ਪੂਰਬੀ ਤੱਟ ’ਤੇ ਉਤਾਰਿਆ?
ਉੱਤਰ: ਮੇ ਫਲਾਵਰ।
ਪ੍ਰਸ਼ਨ 2. ਅਮਰੀਕਾ ਵਿੱਚ ਧਰਮ ਨੂੰ ਕਿਹੋ-ਜਿਹਾ ਜਜ਼ਬਾ ਸਮਝਿਆ ਜਾਂਦਾ ਹੈ?
ਉੱਤਰ: ਜਾਤੀ ਜਜ਼ਬਾ।
ਪ੍ਰਸ਼ਨ 3. ਮਿਸਟਰ ਸਮਿੱਥ ਕਿਹੜੀ ਰਾਜਨੀਤਿਕ ਪਾਰਟੀ ਨਾਲ਼ ਸੰਬੰਧ ਰੱਖਦਾ ਸੀ?
ਉੱਤਰ: ਡੈਮੋਕ੍ਰੇਟਿਕ ਪਾਰਟੀ ਨਾਲ਼।
ਪ੍ਰਸ਼ਨ 4. ‘ਕਿਰਤ ਦੀ ਕਦਰ’ ਨੂੰ ਅਮਰੀਕਾ ਵਿੱਚ ਕਿਹੋ-ਜਿਹਾ ਦਰਜਾ ਪ੍ਰਾਪਤ ਹੈ?
ਉੱਤਰ: ਸਭ ਤੋਂ ਉੱਚਾ।
ਪ੍ਰਸ਼ਨ 5. ਲੇਖਕ ਜਦੋਂ ਆਪਣੇ ਸਰਦਾਰ ਨਾਲ਼ ਜੱਜ ਨੂੰ ਮਿਲ਼ਨ ਗਿਆ ਤਾਂ ਉਹਨਾਂ ਨੇ ਜੱਜ ਨੂੰ ਕਿਸ ਹਾਲਤ ਵਿੱਚ ਆਉਂਦੇ ਦੇਖਿਆ?
ਉੱਤਰ: ਬੇਲਚੇ ਨਾਲ਼ ਬਰਫ਼ ਹਟਾ ਕੇ ਆ ਰਿਹਾ ਸੀ।
ਪ੍ਰਸ਼ਨ 6. ਪ੍ਰੈਜ਼ੀਡੈਂਟ ਸਾਹਿਬ ਦੀ ਕੋਠੀ ਜਾਣ ਸਮੇਂ ਲੇਖਕ ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ?
ਉੱਤਰ: ਆਇਡਾਹੋ ਯੂਨੀਵਰਸਿਟੀ ਵਿੱਚ।
ਪ੍ਰਸ਼ਨ 7. ਲੇਖਕ ਨੂੰ ਅਮਰੀਕਾ ਵਿੱਚ ਆਦਮੀ ਕਿਸ ਚੀਜ਼ ਵਿੱਚ ਜਕੜਿਆ ਜਾਪਦਾ ਹੈ?
ਉੱਤਰ: ਡਾਲਰ ਜਾਂ ਜੜ੍ਹ ਵਸਤਾਂ।
ਪ੍ਰਸ਼ਨ 8. ਲੇਖਕ ਅਮਰੀਕਨ ਸੱਭਿਅਤਾ ਨੂੰ ਕਿਹੜੀ ਸੱਭਿਅਤਾ ਦਾ ਨਾਂ ਦਿੰਦਾ ਹੈ?
ਉੱਤਰ: ਡਾਲਰਾਂ ਦੀ ਸੱਭਿਅਤਾ।
ਪ੍ਰਸ਼ਨ 9. ‘ਕਿਰਤ ਦੀ ਕਦਰ’ ਦਾ ਸਬਕ ਅਮਰੀਕਨਾਂ ਨੂੰ ਕਦੋਂ ਅਤੇ ਕਿੱਥੋਂ ਮਿਲ਼ਦਾ ਹੈ?
ਉੱਤਰ: ਬਚਪਨ ਵਿੱਚ ਆਪਣੇ ਘਰ ਤੋਂ।
ਦੱਸੋ:-
ਪ੍ਰਸ਼ਨ 1. ਅਮਰੀਕਨ ਸੱਭਿਅਤਾ ਦੇ ਮੋਟੇ-ਮੋਟੇ ਪੱਖਾਂ ਬਾਰੇ ਦੱਸੋ।
ਉੱਤਰ: ਅਮਰੀਕਨ ਸੱਭਿਅਤਾ ਪੱਛਮੀ ਸੱਭਿਅਤਾ ਦਾ ਹੀ ਇੱਕ ਅੰਗ ਹੈ ਕਿਉਂਕਿ ਇਸ ਦੇਸ ਦੇ ਵਸਨੀਕਾਂ ਦੀ ਬਹੁਗਿਣਤੀ ਯੂਰਪੀਨ ਦੇਸਾਂ ਵਿੱਚੋਂ ਹੀ ਇੱਥੇ ਆ ਕੇ ਵੱਸੀ ਹੈ। ਅਮਰੀਕਨ ਲੋਕਾਂ ਦੀ ਰਹਿਣੀ-ਸਹਿਣੀ, ਇਹਨਾਂ ਦਾ ਖਾਣਾ ਅਤੇ ਪਹਿਰਾਵਾ, ਇਹਨਾਂ ਦੀਆਂ ਰਾਜਸੀ, ਆਰਥਿਕ ਅਤੇ ਧਾਰਮਿਕ ਸੰਸਥਾਵਾਂ, ਇਹਨਾਂ ਦਾ ਜੀਵਨ-ਸਿਧਾਂਤ ਅਤੇ ਇਹਨਾਂ ਦਾ ਸਾਹਿਤ, ਲਿਟਰੇਚਰ ਅਤੇ ਕਲਚਰ ਯੂਰਪੀਨ ਦੇਸਾਂ ਦੇ ਵਸਨੀਕਾਂ ਨਾਲ਼ ਬਹੁਤ ਮਿਲ਼ਦਾ-ਜੁਲ਼ਦਾ ਹੈ। ਪਰੰਤੂ ਅਮਰੀਕਨ ਲੋਕ ਜੀਵਨ ਦੇ ਹਰ ਇੱਕ ਪਹਿਲੂ ਵਿੱਚ ਯੂਰਪੀਨ ਲੋਕਾਂ ਦੇ ਮੁਕਾਬਲੇ ਬਹੁਤ ਅਗਾਂਹਵਧੂ ਹਨ। ਇਹ ਲੋਕ ਧਾਰਮਿਕ ਅਤੇ ਰਾਜਨੀਤਿਕ ਤੌਰ ’ਤੇ ਪੂਰੀ ਤਰ੍ਹਾਂ ਅਜ਼ਾਦ ਹਨ। ਅਮਰੀਕੀ ਜੀਵਨ ਵਿੱਚ ਧਾਰਮਿਕ ਵਿਰੋਧਾਭਾਸ ਹੋਣ ਦੇ ਬਾਵਜੂਦ ਵੀ ਪਰਿਵਾਰਿਕ ਮੈਂਬਰ ਰਾਤ ਨੂੰ ਖਾਣ ਸਮੇਂ ਇਕੱਠੇ ਹੁੰਦੇ ਹਨ। ਇਸ ਤੋਂ ਇਲਾਵਾ ਇੱਥੇ ਕਿਰਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਜੇਕਰ ਪਰਿਵਾਰ ਵਿੱਚ ਮਰਦ ਬਾਹਰ ਕੰਮ ਕਰਦਾ ਹੈ ਤਾਂ ਔਰਤ ਘਰ ਅਤੇ ਬੱਚੇ ਦੇਖਦੀ ਹੈ ਜਦੋਂ ਕਿ ਜੇਕਰ ਮਰਦ ਕੋਲ਼ ਕੰਮ ਨਹੀਂ ਤਾਂ ਔਰਤ ਬਾਹਰ ਕੰਮ ਕਰਦੀ ਹੈ ਅਤੇ ਮਰਦ ਘਰ ਅਤੇ ਬੱਚੇ ਦੇਖਦਾ ਹੈ। ਅਮਰੀਕਨ ਸੱਭਿਅਤਾ ਸਮੇਂ ਦੀ ਕਦਰਦਾਨ ਹੈ ਅਤੇ ਇੱਥੇ ਲਿੰਗ ਭੇਦ ਨਹੀਂ ਕੀਤਾ ਜਾਂਦਾ। ਮੁੰਡੇ-ਕੁੜੀ ਦੇ ਜਨਮ ਸਮੇਂ ਬਰਾਬਰ ਖ਼ੁਸ਼ੀ ਮਨਾਈ ਜਾਂਦੀ ਹੈ। ਹਰ ਥਾਂ ਮਸ਼ੀਨਾਂ ਹੀ ਪ੍ਰਧਾਨ ਹਨ, ਮਨੁੱਖ ਦਾ ਜੀਵਨ ਇੱਥੇ ਸਿਰਫ਼ ਇੱਕ ਮਸ਼ੀਨ ਵਾਂਗ ਹੀ ਹੈ। ਅਮਰੀਕਨ ਸੱਭਿਅਤਾ ਵਿੱਚ ਡਾਲਰ ਜਾਂ ਜੜ੍ਹ-ਵਸਤਾਂ ਦੇ ਪਿਆਰ ਤੋਂ ਸਿਵਾ ਜੀਵਨ ਦੀਆਂ ਕੋਮਲ ਕੀਮਤਾਂ ਦੀ ਬਿਲਕੁਲ ਉੱਕਾ ਹੀ ਕੋਈ ਥਾਂ ਨਹੀਂ। ਇਸ ਵਿੱਚ ਧਰਮ ‘ਤੇ ਕਲਾ ਦੀ ਆਪੋ-ਆਪਣੀ ਥਾਂ ਹੈ, ਭਾਵੇਂ ਇਹ ਸਚਾਈ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੀ ਪਦਵੀ ਉੱਚੀ ਨਹੀਂ ਜਿਤਨੀ ਕਿ ਹੋਣੀ ਚਾਹੀਦੀ ਹੈ।
ਪ੍ਰਸ਼ਨ 2. ਅਮਰੀਕਨ ਇਸਤਰੀ ਦੀ ਸੁਤੰਤਰਤਾ ਬਾਰੇ ਲੇਖਕ ਨੇ ਕੀ ਪ੍ਰਭਾਵ ਗ੍ਰਹਿਣ ਕੀਤਾ?
ਉੱਤਰ: ਅਮਰੀਕਨ ਲੋਕਾਂ ਦੀ ਅਗਾਂਹਵਧੂ ਰੁਚੀ ਦੇ ਕਾਰਨ, ਇਸ ਦੇਸ ਵਿੱਚ ਇਸਤਰੀ ਨੂੰ ਸੁਤੰਤਰਤਾ ਪ੍ਰਾਪਤ ਕਰਨ ਲਈ ਇਤਨੀ ਕਠਨ ਮੁਹਿੰਮ ਨਹੀਂ ਕਰਨੀ ਪਈ, ਜਿੰਨੀ ਕਿ ਯੂਰਪੀਨ ਦੇਸਾਂ ਦੀਆਂ ਇਸਤਰੀਆਂ ਨੂੰ ਕਰਨੀ ਪਈ। ਅਮਰੀਕਨ ਇਸਤਰੀ ਦੀ ਸੁਤੰਤਰਤਾ ਵੀ ਯੂਰਪੀਨ ਇਸਤਰੀ ਨਾਲ਼ੋਂ ਵਧੀਆ ਹੈ। ਯੂਰਪੀਨ ਦੇਸਾਂ ਵਿੱਚ ਪੁਰਾਣੀ ਸੱਭਿਅਤਾ ਦਾ ਪ੍ਰਭਾਵ, ਪੁਰਾਣੇ ਖ਼ਿਆਲਾਂ ਦੀ ਖਿੱਚ ਅਤੇ ਆਦਮੀ ਦੀ ਪਿਛਾਂਹ-ਖਿੱਚੂ ਰੁਚੀ ਇਸਤਰੀ ਦੀ ਪੂਰਨ ਸੁਤੰਤਰਤਾ ਵਿੱਚ ਰੋੜੇ ਹਨ। ਕਨੂੰਨੀ ਤੌਰ ‘‘ਤੇ ਬੇਸ਼ੱਕ ਇਸਤਰੀ ਸੁਤੰਤਰ ਹੈ ਪਰੰਤੂ ਸਮਾਜ ਦੀਆਂ ਬੇੜੀਆਂ ਨੇ ਹਾਲਾਂ ਇਸ ਨੂੰ ਜਕੜਿਆ ਹੋਇਆ ਹੈ।
ਪ੍ਰਸ਼ਨ 3. ਲੇਖਕ ਨੇ ਅਮਰੀਕਨਾਂ ਦੇ ਅਗਾਂਹਵਧੂ ਹੋਣ ਦੇ ਕੀ ਕਾਰਨ ਦੱਸੇ ਹਨ?
ਉੱਤਰ: ਅਮਰੀਕਨ ਸੱਭਿਅਤਾ ਪੱਛਮੀ ਸੱਭਿਅਤਾ ਦਾ ਹੀ ਇੱਕ ਅੰਗ ਹੈ ਕਿਉਂਕਿ ਇਸ ਦੇਸ ਦੇ ਵਸਨੀਕਾਂ ਦੀ ਬਹੁਗਿਣਤੀ ਯੂਰਪੀਨ ਦੇਸਾਂ ਵਿੱਚੋਂ ਹੀ ਇੱਥੇ ਆ ਕੇ ਵੱਸੀ ਹੈ। ਪਰੰਤੂ ਅਮਰੀਕਨ ਲੋਕ ਜੀਵਨ ਦੇ ਹਰ ਇੱਕ ਪਹਿਲੂ ਵਿੱਚ ਯੂਰਪੀਨ ਲੋਕਾਂ ਦੇ ਮੁਕਾਬਲੇ ਬਹੁਤ ਅਗਾਂਹਵਧੂ ਹਨ। ਕਿਉਂਕਿ ਮੇ ਫਲਾਵਰ ਉਹ ਸਭ ਤੋਂ ਪਹਿਲਾ ਜਹਾਜ਼ ਜਿਹੜਾ ਯੂਰਪ ਵਿੱਚੋਂ ਖੁੱਲ੍ਹੇ ਖ਼ਿਆਲਾਂ ਵਾਲ਼ੇ ਅਗਾਂਹਵਧੂ ਲੋਕਾਂ ਨੂੰ ਹੀ ਉੱਥੇ ਲੈ ਕੇ ਗਿਆ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਅਜਿਹੇ ਯੂਰਪੀਨ ਲੋਕ ਗਏ ਜਿਨ੍ਹਾਂ ਦੀ ਧਾਰਮਿਕ ਵਿਸ਼ਾਲ-ਖ਼ਿਆਲੀ ਦੇ ਕਾਰਨ ਉਹਨਾਂ ਦੀ ਆਪਣੇ ਦੇਸਾਂ ਵਿੱਚ ਰਿਹਾਇਸ਼ ਅਸੰਭਵ ਹੋ ਗਈ ਸੀ। ਇਸ ਤੋਂ ਬਾਅਦ ਅਜਿਹੇ ਲੋਕ ਉੱਥੇ ਪੁੱਜੇ, ਜਿਨ੍ਹਾਂ ਦੇ ਰਾਜਸੀ, ਸਮਾਜਿਕ ਅਤੇ ਆਰਥਿਕ ਖ਼ਿਆਲ ਉਸ ਸਮੇਂ ਦੇ ਪ੍ਰਚਲਿਤ ਯੂਰਪੀਨ ਖ਼ਿਆਲਾਂ ਨਾਲ਼ੋਂ ਬਹੁਤ ਵਿਸ਼ਾਲ ਸਨ। ਪਿਛਲੀ ਅਤੇ ਵਰਤਮਾਨ ਸਦੀ ਵਿੱਚ ਵੀ ਯੂਰਪ ਵਿੱਚੋਂ ਅਮਰੀਕਾ ਨੂੰ ਅਜਿਹੇ ਆਦਮੀ ਹੀ ਗਏ ਹਨ, ਜਿਨ੍ਹਾਂ ਦੇ ਦਿਲਾਂ ਵਿੱਚ ਆਪਣੀ ਆਰਥਿਕ ਜਾਂ ਦਿਮਾਗ਼ੀ ਹਾਲਤ ਸੁਧਾਰਨ ਦੀ ਲੌ ਲੱਗੀ ਹੋਈ ਸੀ, ਜਿਨ੍ਹਾਂ ਵਿੱਚ ਆਪਣੀ ਮਾਤ-ਭੂਮੀ ਨੂੰ ਛੱਡ ਕੇ ਇੱਕ ਪਰਾਏ ਦੇਸ ਨੂੰ ਅਪਣਾਉਣ ਦਾ ਹੌਸਲਾ ਸੀ ਅਤੇ ਜਿਨ੍ਹਾਂ ਨੂੰ ਪੂਰੀ-ਪੂਰੀ ਦ੍ਰਿੜ੍ਹਤਾ ਸੀ ਕਿ ਉਹ ਪਰਾਏ ਦੇਸ ਵਿੱਚ ਜਾ ਕੇ ਆਪਣੇ ਮੰਤਵਾਂ ਵਿੱਚ ਸਫਲ਼ਤਾ ਪ੍ਰਾਪਤ ਕਰਨਗੇ ।
ਪ੍ਰਸ਼ਨ 4. ਅਮਰੀਕਾ ਵਿੱਚ ਲੜਕੇ ਅਤੇ ਲੜਕੀ ਦੇ ਜਨਮ ਦੀ ਖ਼ੁਸ਼ੀ ਸਮਾਨ ਹੈ, ਕਿਵੇਂ?
ਉੱਤਰ: ਅਮਰੀਕਨ ਘਰਾਂ ਵਿੱਚ ਲਿੰਗ ਦੇ ਅਧਾਰ ’’ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਅਮਰੀਕਨ ਘਰਾਂ ਵਿੱਚ ਲੜਕਾ ਪੈਦਾ ਹੋਣ ’ਤੇ ਕੋਈ ਵਿਸ਼ੇਸ਼ ਖ਼ੁਸ਼ੀ ਨਹੀਂ ਮਨਾਈ ਜਾਂਦੀ ਅਤੇ ਨਾ ਹੀ ਲੜਕੀ ਪੈਦਾ ਹੋਣ ਦੇ ਕਾਰਨ ਟੱਬਰ ਵਿੱਚ ਸੋਗ ਪੈਂਦਾ ਹੈ। ਲੜਕੇ ਜਾਂ ਲੜਕੀ ਦੇ ਜਨਮ ’ਤੇ ਖ਼ੁਸ਼ੀ ਸਮਾਨ ਹੈ: ਦੋਹਾਂ ਨੂੰ ਇੱਕੋ ਤਰ੍ਹਾਂ ਪਾਲ਼ਿਆ ਜਾਂਦਾ ਹੈ ਅਤੇ ਕਿਸੇ ਨਾਲ਼ ਕਿਸੇ ਵੀ ਗੱਲ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਹੁੰਦਾ।
ਪ੍ਰਸ਼ਨ 5. ਅਮਰੀਕਨਾਂ ਦੀ ਜ਼ਿੰਦਗੀ ਵਿੱਚ ਧਰਮ ਅਤੇ ਕਲਾ ਦੀ ਕੀ ਮਹੱਤਤਾ ਹੈ?
ਉੱਤਰ: ਅਮਰੀਕਨ ਸੱਭਿਅਤਾ ਵਿੱਚ ਡਾਲਰ ਜਾਂ ਜੜ੍ਹ-ਵਸਤਾਂ ਦੇ ਪਿਆਰ ਤੋਂ ਸਿਵਾ ਜੀਵਨ ਦੀਆਂ ਕੋਮਲ ਕੀਮਤਾਂ ਦੀ ਬਿਲਕੁਲ ਉੱਕਾ ਹੀ ਕੋਈ ਥਾਂ ਨਹੀਂ। ਸਚਾਈ ਇਹ ਹੈ ਕਿ ਅਮਰੀਕਰਨ ਸੱਭਿਅਤਾ ਜੀਵਨ ਦੀਆਂ ਉੱਚੀਆਂ ਕੀਮਤਾਂ ਤੋਂ ਬਿਲਕੁਲ ਸੱਖਣੀ ਨਹੀਂ। ਇਸ ਵਿੱਚ ਧਰਮ ’ਤੇ ਕਲਾ ਦੀ ਆਪੋ-ਆਪਣੀ ਥਾਂ ਹੈ, ਭਾਵੇਂ ਇਹ ਸਚਾਈ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੀ ਪਦਵੀ ਉੱਚੀ ਨਹੀਂ ਜਿਤਨੀ ਕਿ ਹੋਣੀ ਚਾਹੀਦੀ ਹੈ।
ਪ੍ਰਸ਼ਨ 6. ਅਮਰੀਕਨ ਪਰਿਵਾਰਾਂ ਵਿੱਚ ਸੋਚ ਅਤੇ ਵਿਸ਼ਵਾਸਾਂ ਦੇ ਵਖਰੇਵੇਂ ਰਿਸ਼ਤਿਆਂ ਵਿੱਚ ਕੁੜੱਤਣ ਕਿਉਂ ਨਹੀਂ ਘੋਲ਼ਦੇ?
ਉੱਤਰ: ਅਮਰੀਕਨ ਪਰਿਵਾਰਾਂ ਵਿੱਚ ਸੋਚ ਅਤੇ ਵਿਸ਼ਵਾਸਾਂ ਦੇ ਵਖਰੇਵੇਂ ਰਿਸ਼ਤਿਆਂ ਵਿੱਚ ਕੁੜੱਤਣ ਨਹੀਂ ਘੋਲ਼ਦੇ ਕਿਉਂਕਿ ਉੱਥੇ ਹਰ ਵਿਅਕਤੀ ਨੂੰ ਔਰਤ-ਮਰਦ ਨੂੰ ਧਾਰਮਿਕ ਅਤੇ ਰਾਜਨੀਤਿਕ ਵਿਚਾਰ ਰੱਖਣ ਦੀ ਪੂਰੀ ਖੁੱਲ੍ਹ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਘਰ ਦੀ ਸੁਆਣੀ ਇੱਕ ਗਿਰਜੇ ਵਿੱਚ ਜਾਂਦੀ ਹੈ ਅਤੇ ਗੱਭਰੂ ਦੂਸਰੇ ਗਿਰਜੇ ਵਿੱਚ, ਪਰੰਤੂ ਉਹਨਾਂ ਦੇ ਘਰੋਗੀ ਜੀਵਨ ਵਿੱਚ ਇਸ ਗੱਲ ਦੇ ਕਾਰਨ ਕੋਈ ਵਿਤਕਰਾ ਨਹੀਂ। ਇਸੇ ਤਰ੍ਹਾਂ ਰਾਜਸੀ ਸੰਬੰਧ ਵਿੱਚ ਵੀ ਹਰ ਇੱਕ ਅਮਰੀਕਨ ਪੂਰੀ ਅਜ਼ਾਦੀ ਮਾਣਦਾ ਹੈ। ਇੱਕ ਘਰ ਦੇ ਜੀਆਂ ਵਿੱਚੋਂ ਕੋਈ ਆਪਣੀ ਸੰਮਤੀ ਇੱਕ ਰਾਜਸੀ ਪਾਰਟੀ ਨਾਲ਼ ਰੱਖਦਾ ਹੈ ਅਤੇ ਕੋਈ ਦੂਸਰੀ ਪਾਰਟੀ ਨਾਲ਼ ਪਰੰਤੂ ਮਜਾਲ ਨਹੀਂ ਕਿ ਉਹਨਾਂ ਦਾ ਇਹ ਰਾਜਸੀ ਵਿਤਕਰਾ ਉਹਨਾਂ ਦੇ ਪਰਸਪਰ ਜੀਵਨ ਦੇ ਮਿੱਠੇ ਰੰਗ ਵਿੱਚ ਭੰਗ ਪਾ ਸਕੇ।
ਸਾਰ ਲਿਖੋ:
ਪ੍ਰਸ਼ਨ 1. ‘ਅਮਰੀਕਨ ਸੱਭਿਅਤਾ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਸਫ਼ਰਨਾਮਾ ‘ਅਮਰੀਕਨ ਸੱਭਿਅਤਾ’ ਦਾ ਅੰਸ਼ ਡਾ. ਹਰਦਿੱਤ ਸਿੰਘ ਢਿੱਲੋਂ ਦੇ ‘ਅਮਰੀਕਾ ਦਾ ਚੱਕਰ’ ਸਫ਼ਰਨਾਮਾ ਵਿੱਚੋਂ ਲਿਆ ਗਿਆ ਹੈ। ਲੇਖਕ 1930-32 ਵਿੱਚ ਅਮਰੀਕਾ ਪੜ੍ਹਾਈ ਲਈ ਗਿਆ ਸੀ। ਲੇਖਕ ਨੇ ਇਸ ਵਿੱਚ ਅਮਰੀਕੀ ਸੱਭਿਅਤਾ ਦੇ ਵਿਸ਼ੇਸ਼ ਲੱਛਣ ਉਘਾੜੇ ਹਨ।
ਅਮਰੀਕਨ ਸੱਭਿਅਤਾ ਪੱਛਮੀ ਸੱਭਿਅਤਾ ਦਾ ਹੀ ਇੱਕ ਅੰਗ ਹੈ ਕਿਉਂਕਿ ਇਸ ਦੇਸ ਦੇ ਵਸਨੀਕਾਂ ਦੀ ਬਹੁਗਿਣਤੀ ਯੂਰਪੀਨ ਦੇਸਾਂ ਵਿੱਚੋਂ ਹੀ ਇੱਥੇ ਆ ਕੇ ਵੱਸੀ ਹੈ। ਅਮਰੀਕਨ ਲੋਕਾਂ ਦੀ ਰਹਿਣੀ-ਸਹਿਣੀ, ਇਹਨਾਂ ਦਾ ਖਾਣਾ ਅਤੇ ਪਹਿਰਾਵਾ, ਇਹਨਾਂ ਦੀਆਂ ਰਾਜਸੀ, ਆਰਥਿਕ ਅਤੇ ਧਾਰਮਿਕ ਸੰਸਥਾਵਾਂ, ਇਹਨਾਂ ਦਾ ਜੀਵਨ-ਸਿਧਾਂਤ ਅਤੇ ਇਹਨਾਂ ਦਾ ਸਾਹਿਤ, ਲਿਟਰੇਚਰ ਅਤੇ ਕਲਚਰ ਯੂਰਪੀਨ ਦੇਸਾਂ ਦੇ ਵਸਨੀਕਾਂ ਨਾਲ਼ ਬਹੁਤ ਮਿਲ਼ਦਾ-ਜੁਲ਼ਦਾ ਹੈ।
ਮੇ ਫਲਾਵਰ ਉਹ ਸਭ ਤੋਂ ਪਹਿਲਾ ਜਹਾਜ਼ ਜਿਹੜਾ ਯੂਰਪ ਵਿੱਚੋਂ ਖੁੱਲ੍ਹੇ ਖ਼ਿਆਲਾਂ ਵਾਲ਼ੇ ਅਗਾਂਹਵਧੂ ਲੋਕਾਂ ਨੂੰ ਹੀ ਉੱਥੇ ਲੈ ਕੇ ਗਿਆ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਅਜਿਹੇ ਯੂਰਪੀਨ ਲੋਕ ਗਏ ਜਿਨ੍ਹਾਂ ਦੀ ਧਾਰਮਿਕ ਵਿਸ਼ਾਲ-ਖ਼ਿਆਲੀ ਦੇ ਕਾਰਨ ਉਹਨਾਂ ਦੀ ਆਪਣੇ ਦੇਸਾਂ ਵਿੱਚ ਰਹਾਇਸ਼ ਅਸੰਭਵ ਹੋ ਗਈ ਸੀ। ਇਸ ਤੋਂ ਬਾਅਦ ਅਜਿਹੇ ਲੋਕ ਉੱਥੇ ਪੁੱਜੇ, ਜਿਨ੍ਹਾਂ ਦੇ ਰਾਜਸੀ, ਸਮਾਜਿਕ ਅਤੇ ਆਰਥਿਕ ਖ਼ਿਆਲ ਉਸ ਸਮੇਂ ਦੇ ਪ੍ਰਚਲਿਤ ਯੂਰਪੀਨ ਖ਼ਿਆਲਾਂ ਨਾਲ਼ੋਂ ਬਹੁਤ ਵਿਸ਼ਾਲ ਸਨ। ਪਿਛਲੀ ਅਤੇ ਵਰਤਮਾਨ ਸਦੀ ਵਿੱਚ ਵੀ ਯੂਰਪ ਵਿੱਚੋਂ ਅਮਰੀਕਾ ਨੂੰ ਅਜਿਹੇ ਆਦਮੀ ਹੀ ਗਏ ਹਨ, ਜਿਨ੍ਹਾਂ ਦੇ ਦਿਲਾਂ ਵਿੱਚ ਆਪਣੀ ਆਰਥਿਕ ਜਾਂ ਦਿਮਾਗ਼ੀ ਹਾਲਤ ਸੁਧਾਰਨ ਦੀ ਲੌ ਲੱਗੀ ਹੋਈ ਸੀ, ਜਿਨ੍ਹਾਂ ਵਿੱਚ ਆਪਣੀ ਮਾਤ-ਭੂਮੀ ਨੂੰ ਛੱਡ ਕੇ ਇੱਕ ਪਰਾਏ ਦੇਸ ਨੂੰ ਅਪਣਾਉਣ ਦਾ ਹੌਸਲਾ ਸੀ ਅਤੇ ਜਿਨ੍ਹਾਂ ਨੂੰ ਪੂਰੀ-ਪੂਰੀ ਦ੍ਰਿੜ੍ਹਤਾ ਸੀ ਕਿ ਉਹ ਪਰਾਏ ਦੇਸ ਵਿੱਚ ਜਾ ਕੇ ਆਪਣੇ ਮੰਤਵਾਂ ਵਿੱਚ ਸਫਲ਼ਤਾ ਪ੍ਰਾਪਤ ਕਰਨਗੇ।
ਅਮਰੀਕਨ ਲੋਕਾਂ ਦੀ ਅਗਾਂਹਵਧੂ ਰੁਚੀ ਦੇ ਕਾਰਨ, ਇਸ ਦੇਸ ਵਿੱਚ ਇਸਤਰੀ ਨੂੰ ਸੁਤੰਤਰਤਾ ਪ੍ਰਾਪਤ ਕਰਨ ਲਈ ਇਤਨੀ ਕਠਨ ਮੁਹਿੰਮ ਨਹੀਂ ਕਰਨੀ ਪਈ, ਜਿੰਨੀ ਕਿ ਯੂਰਪੀਨ ਦੇਸਾਂ ਦੀਆਂ ਇਸਤਰੀਆਂ ਨੂੰ ਕਰਨੀ ਪਈ। ਅਮਰੀਕਨ ਇਸਤਰੀ ਦੀ ਸੁਤੰਤਰਤਾ ਵੀ ਯੂਰਪੀਨ ਇਸਤਰੀ ਨਾਲ਼ੋਂ ਵਧੀਆ ਹੈ। ਯੂਰਪੀਨ ਦੇਸਾਂ ਵਿੱਚ ਪੁਰਾਣੀ ਸੱਭਿਅਤਾ ਦਾ ਪ੍ਰਭਾਵ, ਪੁਰਾਣੇ ਖ਼ਿਆਲਾਂ ਦੀ ਖਿੱਚ ਅਤੇ ਆਦਮੀ ਦੀ ਪਿਛਾਂਹ-ਖਿੱਚੂ ਰੁਚੀ ਇਸਤਰੀ ਦੀ ਪੂਰਨ ਸੁਤੰਤਰਤਾ ਵਿੱਚ ਰੋੜੇ ਹਨ। ਕਨੂੰਨੀ ਤੌਰ ’ਤੇ ਬੇਸ਼ੱਕ ਇਸਤਰੀ ਸੁਤੰਤਰ ਹੈ ਪਰੰਤੂ ਸਮਾਜ ਦੀਆਂ ਬੇੜੀਆਂ ਨੇ ਹਾਲਾਂ ਇਸ ਨੂੰ ਜਕੜਿਆ ਹੋਇਆ ਹੈ।
ਅਮਰੀਕਰਨ ਸੱਭਿਅਤਾ ਦੇ ਮੋਟੇ-ਮੋਟੇ ਅੰਗਾਂ ਵੱਲ ਨਜ਼ਰ ਮਾਰਨ ’ਤੇ ਸਾਨੂੰ ‘ਕਿਰਤ ਦੀ ਕਦਰ’ ਦਾ ਸਭ ਤੋਂ ਉੱਚਾ ਦਰਜਾ ਜਾਪਦਾ ਹੈ। ਜਿਤਨਾ ਕਿਰਤ ਨੂੰ ਇਸ ਦੇਸ ਵਿੱਚ ਪਵਿੱਤਰ, ਉੱਚਾ ‘ਤੇ ਸੁੱਚਾ ਸਮਝਿਆ ਜਾਂਦਾ ਹੈ, ਦੁਨੀਆਂ ਦੇ ਕਿਸੇ ਹੋਰ ਦੇਸ ਵਿੱਚ ਨਹੀਂ ਸਮਝਿਆ ਜਾਂਦਾ। ਆਇਡਾਹੋ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਲੇਖਕ ਇੱਕ ਦਿਨ ਪ੍ਰੈਜ਼ੀਡੈਂਟ ਸਾਹਿਬ ਦੀ ਕੋਠੀ ਗਿਆ। ਸਿਆਲ਼ ਦਾ ਮੌਸਮ ਸੀ ਅਤੇ ਛੁੱਟੀ ਦਾ ਦਿਨ ‘ਤੇ ਪਿਛਲੀ ਰਾਤ ਬਰਫ਼ ਬਹੁਤ ਪਈ ਸੀ। ਉਹ ਦਸ ਕੁ ਵਜੇ ਉਹਨਾਂ ਦੀ ਕੋਠੀ ਪੁੱਜਾ ਹੋਵੇਗਾ। ਜਾ ਕੇ ਕੀ ਦੇਖਦਾ ਹਾਂ ਕਿ ਪ੍ਰੈਜ਼ੀਡੈਂਟ ਸਾਹਿਬ ਗੋਡਿਆਂ ਤੱਕ ਰਬੜ-ਬੂਟ ਪਾਈ ਬੇਲਚੇ ਨਾਲ਼ ਕੋਠੀ ਦੇ ਚੁਫੇਰਿਓਂ ਬਰਫ਼ ਹਟਾ ਰਹੇ ਹਨ। ਅੱਧੇ ਤੋਂ ਬਹੁਤਾ ਕੰਮ ਉਸ ਦੇ ਜਾਣ ਤੱਕ ਕਰ ਚੁੱਕੇ ਸਨ। ਲੇਖਕ ਨੂੰ ਦੇਖ ਕੇ ਬੇਲਚਾ ਉੱਥੇ ਰੱਖ ਦਿੱਤਾ ਅਤੇ ਉਸ ਨੂੰ ਲੈ ਕੇ ਅੰਦਰ ਚਲੇ ਗਏ, ਡ੍ਰਾਇੰਗ-ਰੂਮ ਵਿੱਚ ਜਿੱਥੇ ਉਹਨਾਂ ਦੀ ਸੁਪਤਨੀ ਅੰਗੀਠੀ ਪਾਸ ਬੈਠੀ ਸਵੈਟਰ ਉਣ ਰਹੀ ਸੀ। ਲੇਖਕ ਦੀ ਗੱਲ-ਬਾਤ ਸੁਣ ਕੇ ਉਸ ਨੂੰ ਵਿਦਾ ਕੀਤਾ ਅਤੇ ਆਪ ਪ੍ਰੈਜ਼ੀਡੈਂਟ ਸਾਹਿਬ ਉਸ ਦੇ ਪਿੱਠ ਮੋੜਦਿਆਂ ਹੀ ਮੁੜ ਫੇਰ ਬੇਲਚਾ ਫੜ ਕੇ ਬਾਕੀ ਰਹਿੰਦੇ ਕੰਮ ਨੂੰ ਖ਼ਤਮ ਕਰਨ ’ਤੇ ਜੁਟ ਗਏ। ਲੇਖਕ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਕੀ ਕਦੀ ਹਿੰਦੁਸਤਾਨ ਵਿੱਚ ਅਜਿਹਾ ਦ੍ਰਿਸ਼ ਕਦੀ ਅੱਖੀਂ ਪੈ ਸਕਦਾ ਹੈ?
‘ਕਿਰਤ ਦੀ ਕਦਰ ਦੇ’ ਨਾਲ਼ ‘ਸਮੇਂ ਦੀ ਕਦਰ’ ਅਮਰੀਕਨ ਸੱਭਿਅਤਾ ਦਾ ਉਹ ਅੰਗ ਸੰਬੰਧਿਤ ਹੈ ਜਿਸ ਅਨੁਸਾਰ ਅਮਰੀਕਨ ਇਸਤਰੀ-ਮਰਦ ਨੂੰ ਸਮਾਂ ਵਿਅਰਥ ਗੁਆਉਂਦਾ ਨਹੀਂ ਦੇਖੋਗੇ। ਹਰ ਇੱਕ ਦੇ ਨਿਤਾਪ੍ਰਤੀ ਪ੍ਰੋਗ੍ਰਾਮ ਵਿੱਚ ਦਿਨ-ਰਾਤ ਦੇ 24 ਘੰਟਿਆਂ ਦੀ ਯੋਗ ਤੌਰ ‘‘ਤੇ ਆਪੋ-ਆਪਣੀ ਲੋੜ ਅਨੁਸਾਰ ਪੂਰੀ-ਪੂਰੀ ਵੰਡ ਕੀਤੀ ਹੋਈ ਹੈ- ਵੇਲ਼ੇ ਸਿਰ ਜਾਗਣਾ, ਨਿਯਤ ਸਮੇਂ ਖਾਣਾ, ਪੀਣਾ, ਕੰਮ ਕਰਨਾ ਅਤੇ ਨਿਯਤ ਸਮੇਂ ਹੀ ਦਿਲ ਪਰਚਾਵੇ ਵਿੱਚ ਲੱਗ ਕੇ ਖ਼ੁਸ਼ੀਆਂ ਦੇ ਸਮੁੰਦਰ ਵਿੱਚ ਚੁੱਭੀ ਮਾਰਨੀ ਅਤੇ ਫਿਰ ਨਿਯਤ ਸਮੇਂ ਸੌਂ ਜਾਣਾ। ਇਸ ਕਾਰਜ-ਕ੍ਰਮ ਅਨੁਸਾਰ ਵਿਅਰਥ ਸਮਾਂ ਗੁਆਉਣ ਲਈ ਕੋਈ ਗੁੰਜਾਇਸ਼ ਹੀ ਨਹੀਂ। ਤੁਸੀਂ ਕਦੀ ਇਹਨਾਂ ਲੋਕਾਂ ਨੂੰ ਗਲ਼ੀਆਂ ਜਾਂ ਬਜ਼ਾਰਾਂ ਵਿੱਚ ਖਲੋ ਕੇ ਗੱਪਾਂ ਮਾਰਦਿਆਂ ਨਹੀਂ ਦੇਖੋਗੇ। ਕਿਸੇ ਪਾਸ ਇਤਨਾ ਵਾਧੂ ਸਮਾਂ ਨਹੀਂ ਕਿ ਤੁਰੇ ਜਾਂਦਿਆਂ ਖੜ੍ਹ ਕੇ ਗੱਪਾਂ ਮਾਰ ਸਕੇ। ਜੇਕਰ ਤੁਸੀਂ ਕਿਸੇ ਅਫ਼ਸਰ ਨੂੰ ਉਸ ਦੇ ਦਫ਼ਤਰ ਵਿੱਚ ਮਿਲ਼ਨਾ ਹੈ ਤਾਂ ਤੁਹਾਡੇ ਲਈ ਇਹੀ ਸਹੀ ਹੋਵੇਗਾ ਕਿ ਪਹਿਲਾਂ ਫ਼ੋਨ ’ਤੇ ਉਸ ਤੋਂ ਇਸ ਮੰਤਵ ਲਈ ਸਮਾਂ ਲੈ ਲਵੋ ਅਤੇ ਨਿਯਤ ਸਮੇਂ ਦਫ਼ਤਰ ਵਿੱਚ ਪੁੱਜੋ।
ਅਮਰੀਕਨ ਘਰਾਂ ਵਿੱਚ ਲਿੰਗ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਅਮਰੀਕਨ ਘਰਾਂ ਵਿੱਚ ਲੜਕਾ ਪੈਦਾ ਹੋਣ ’ਤੇ ਕੋਈ ਵਿਸ਼ੇਸ਼ ਖ਼ੁਸ਼ੀ ਨਹੀਂ ਮਨਾਈ ਜਾਂਦੀ ਅਤੇ ਨਾ ਹੀ ਲੜਕੀ ਪੈਦਾ ਹੋਣ ਦੇ ਕਾਰਨ ਟੱਬਰ ਵਿੱਚ ਸੋਗ ਪੈਂਦਾ ਹੈ। ਲੜਕੇ ਜਾਂ ਲੜਕੀ ਦੇ ਜਨਮ ’ਤੇ ਖ਼ੁਸ਼ੀ ਸਮਾਨ ਹੈ: ਦੋਹਾਂ ਨੂੰ ਇੱਕੋ ਤਰ੍ਹਾਂ ਪਾਲ਼ਿਆ ਜਾਂਦਾ ਹੈ ਅਤੇ ਕਿਸੇ ਨਾਲ਼ ਕਿਸੇ ਵੀ ਗੱਲ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਹੁੰਦਾ।
ਅਮਰੀਕਨ ਸੱਭਿਅਤਾ ਵਿੱਚ ਡਾਲਰ ਜਾਂ ਜੜ੍ਹ-ਵਸਤਾਂ ਦੇ ਪਿਆਰ ਤੋਂ ਸਿਵਾ ਜੀਵਨ ਦੀਆਂ ਕੋਮਲ ਕੀਮਤਾਂ ਦੀ ਬਿਲਕੁਲ ਉੱਕਾ ਹੀ ਕੋਈ ਥਾਂ ਨਹੀਂ। ਸਚਾਈ ਇਹ ਹੈ ਕਿ ਅਮਰੀਕਰਨ ਸੱਭਿਅਤਾ ਜੀਵਨ ਦੀਆਂ ਉੱਚੀਆਂ ਕੀਮਤਾਂ ਤੋਂ ਬਿਲਕੁਲ ਸੱਖਣੀ ਨਹੀਂ। ਇਸ ਵਿੱਚ ਧਰਮ ’ਤੇ ਕਲਾ ਦੀ ਆਪੋ-ਆਪਣੀ ਥਾਂ ਹੈ, ਭਾਵੇਂ ਇਹ ਸਚਾਈ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੀ ਪਦਵੀ ਉੱਚੀ ਨਹੀਂ ਜਿਤਨੀ ਕਿ ਹੋਣੀ ਚਾਹੀਦੀ ਹੈ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784