ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ
• ਭਾਵ ਅਰਥ – ‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ’ ਇਹ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਸ ਦਾ ਅਰਥ ਹੈ ਕਿ ਮਿਠਾਸ ਅਤੇ ਨਿਮਰਤਾ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਨਿਚੋੜ ਹੈ। ਦੂਜੇ ਸ਼ਬਦਾਂ ਵਿੱਚ ਇਹ ਦੋਵੇਂ ਗੁਣ ਮਨੁੱਖੀ ਆਚਰਨ ਦਾ ਆਧਾਰ ਹੋਣੇ ਚਾਹੀਦੇ ਹਨ। ਗੁਰੂ ਜੀ ਦੇ ਜਿਹੜੇ ਸਲੋਕ ਵਿੱਚ ਇਹ ਤੁਕ ਆਉਂਦੀ ਹੈ, ਉਸ ਵਿੱਚ ਇੱਕ ਦ੍ਰਿਸ਼ਟਾਂਤ ਦਿੱਤਾ ਹੋਇਆ ਹੈ। ਇਸ ਅਨੁਸਾਰ ਸਿੰਮਲ ਦਾ ਰੁੱਖ ਉੱਚਾ, ਲੰਮਾ ਅਤੇ ਮੋਟਾ ਹੁੰਦਾ ਹੈ, ਪਰ ਉਸ ਦੇ ਫਲ਼ ਫਿੱਕੇ ਹੁੰਦੇ ਹਨ, ਫੁੱਲ ਬਕਬਕੇ ਹੁੰਦੇ ਹਨ ਅਤੇ ਉਸ ਦੇ ਪੱਤੇ ਵੀ ਬੇਕਾਰ ਹੁੰਦੇ ਹਨ। ਜੇਕਰ ਕੋਈ ਪੰਛੀ ਆਸ ਨਾਲ਼ ਉਸ ਰੁੱਖ ਕੋਲ਼ ਆਉਂਦਾ ਹੈ, ਤਾਂ ਉਹ ਨਿਰਾਸ ਹੀ ਹੁੰਦਾ ਹੈ।
• ਨਿਮਰਤਾ ਦੀ ਮਹੱਤਤਾ – ਗੁਰੂ ਜੀ ਕਹਿੰਦੇ ਹਨ ਕਿ ਮਿਠਾਸ ਨੀਵਿਆਂ ਵਿੱਚ ਹੁੰਦੀ ਹੈ ਅਤੇ ਇਹ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਨਿਚੋੜ ਹੈ। ਜੋ ਨਿਮਰਤਾ ਧਾਰਨ ਕਰਦਾ ਹੈ, ਉਹ ਨਿੱਗਰ ਹੁੰਦਾ ਹੈ। ਗੁਰੂ ਜੀ ਫ਼ਰਮਾਉਂਦੇ ਹਨ ਕਿ –
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।
ਜੇਕਰ ਕੋਈ ਮਨੁੱਖ ਫਿੱਕਾ ਭਾਵ ਮੰਦਾ ਜਾਂ ਮਾੜਾ ਬੋਲ ਬੋਲਦਾ ਹੈ, ਤਾਂ ਇਸ ਨਾਲ਼ ਉਸ ਦੇ ਆਪਣੇ ਹੀ ਤਨ-ਮਨ ਤੇ ਬੁਰਾ ਪ੍ਰਭਾਵ ਪੈਂਦਾ ਹੈ। ਬੋਲੀ ਵਿੱਚ ਮਿਠਾਸ ਅਤੇ ਨਿਮਰਤਾ ਮਨੁੱਖ ਨੂੰ ਅੰਦਰੂਨੀ ਖ਼ੁਸ਼ੀ ਅਤੇ ਸੁੱਖ ਪ੍ਰਦਾਨ ਕਰਦੀ ਹੈ।
• ਨਿਮਰਤਾ ਵਿੱਚ ਸਵਾਰਥ ਨਾ ਹੋਵੇ – ਇਹ ਗੁਣ ਹਮੇਸ਼ਾਂ ਲਈ ਅਤੇ ਹਰ ਸਥਿਤੀ ਵਿੱਚ ਸੱਚੇ ਹੁੰਦੇ ਹਨ, ਪਰ ਸ਼ਰਤ ਇਹ ਹੈ ਕਿ ਮਨੁੱਖ ਦਾ ਮਨ ਸਾਫ਼ ਹੋਵੇ, ਜੇਕਰ ਕੋਈ ਆਪਣੇ ਸਵਾਰਥ ਲਈ ਨਿਮਰਤਾ ਧਾਰਨ ਕਰਦਾ ਹੈ ਤਾਂ ਨੀਵੇਂ ਹੋਣ ਦਾ ਕੋਈ ਲਾਭ ਨਹੀਂ ਹੁੰਦਾ। ਮਨ ਸਾਫ਼ ਨਾ ਹੋਵੇ ਤਾਂ ਉੱਤੋਂ-ਉੱਤੋਂ ਨੀਵੇਂ ਹੋਣ ਪਿੱਛੇ ਸਵਾਰਥ ਛੁਪਾ ਹੁੰਦਾ ਹੈ। ਇੱਕ ਸ਼ਿਕਾਰੀ ਸ਼ਿਕਾਰ ਮਾਰਨ ਲਈ ਝੁੱਕਦਾ ਹੈ, ਤਾਂ ਉਹ ਅਜਿਹਾ ਆਪਣੇ ਸਵਾਰਥ ਲਈ ਕਰਦਾ ਹੈ। ਗੁਰੂ ਜੀ ਨੇ ਇਸ ਸੰਬੰਧ ਵਿੱਚ ਚੰਗੀ ਤਰ੍ਹਾਂ ਚਿਤਾਵਨੀ ਕਰ ਦਿੱਤੀ ਹੈ ਕਿ ਆਪਣੇ ਸਵਾਰਥ ਲਈ ਮਿੱਠਾ ਬੋਲਣ ਜਾਂ ਨਿਮਰ ਰਹਿਣ ਦਾ ਪਖੰਡ ਕਰਨ ਵਾਲ਼ੇ ਦਾ ਭੇਤ ਛੇਤੀ ਹੀ ਖੁੱਲ੍ਹ ਜਾਂਦਾ ਹੈ। ਇਹ ਗੁਣ ਵਿਖਾਵੇ ਲਈ ਅਪਣਾਏ ਜਾਣ ਤਾਂ ਉਸ ਦਾ ਦੂਜਿਆਂ ਉੱਤੇ ਚੰਗਾ ਪ੍ਰਭਾਵ ਨਹੀਂ ਪੈਂਦਾ।
• ਮਨੁੱਖ ਅਤੇ ਸਮਾਜ ਨੂੰ ਲਾਭ – ਗੁਰੂ ਜੀ ਦੇ ਦੱਸੇ ਅਨੁਸਾਰ ਇਹਨਾਂ ਗੁਣਾਂ ਦਾ ਮਨੁੱਖ ਨੂੰ ਅਤੇ ਸਮਾਜ ਨੂੰ ਬੜਾ ਲਾਭ ਹੁੰਦਾ ਹੈ। ਜੋ ਵਿਅਕਤੀ ਮਿੱਠਾ ਬੋਲਦਾ ਹੈ ਅਤੇ ਨਿਮਰਤਾ ਨਾਲ਼ ਰਹਿੰਦਾ ਹੈ, ਉਹ ਇਹਨਾਂ ਗੁਣਾਂ ਕਰਕੇ ਆਪ ਵੀ ਖ਼ੁਸ਼ ਰਹਿੰਦਾ ਹੈ ਅਤੇ ਜਿਨ੍ਹਾਂ ਨਾਲ਼ ਉਸ ਦਾ ਵਾਹ ਪੈਂਦਾ ਹੈ, ਉਸ ਦੇ ਇਹਨਾਂ ਗੁਣਾਂ ਕਰਕੇ ਉਹ ਵੀ ਸੁੱਖ ਅਤੇ ਖ਼ੁਸ਼ੀ ਪ੍ਰਾਪਤ ਕਰਦੇ ਹਨ। ਅਜਿਹਾ ਕਰਨ ਨਾਲ਼ ਦੂਜਿਆਂ ਦਾ ਮਾਣ ਵੱਧਦਾ ਹੈ। ਉਹਨਾਂ ਨਾਲ਼ ਪਿਆਰ ਅਤੇ ਸਾਂਝ ਵੀ ਵਧਦੀ ਹੈ। ਇਸ ਤਰ੍ਹਾਂ ਸਮਾਜਿਕ ਪੱਧਰ ‘ਤੇ ਇਹ ਗੁਣ ਮਨੁੱਖ ਨੂੰ ਸਮਾਜ ਨਾਲ਼ ਜੋੜਦੇ ਹਨ।
• ਸਫ਼ਲ ਜੀਵਨ ਲਈ ਮਹੱਤਵਪੂਰਨ – ਵਿਹਾਰਿਕ ਤੌਰ ਤੇ ਵੀ ਵੇਖਿਆ ਜਾਵੇ ਤਾਂ ਇਹ ਗੁਣ ਸਫ਼ਲ ਜੀਵਨ ਲਈ ਮਹੱਤਵਪੂਰਨ ਹਨ। ਮਿੱਠੇ ਅਤੇ ਨਿਮਰ ਵਰਤਾਰੇ ਨਾਲ਼ ਅਸੀਂ ਦੂਜਿਆਂ ਦਾ ਵੱਧ ਤੋਂ ਵੱਧ ਸਹਿਯੋਗ ਲੈ ਸਕਦੇ ਹਾਂ, ਆਪਣੀਆਂ ਅਤੇ ਦੂਜਿਆਂ ਦੀਆਂ ਸ਼ਕਤੀਆਂ ਦੀ ਵਧੇਰੇ ਵਰਤੋਂ ਕਰ ਸਕਦੇ ਹਾਂ। ਇਹਨਾਂ ਗੁਣਾਂ ਕਾਰਨ ਮਨੁੱਖ ਦਾ ਸਮਾਜਿਕ ਦਾਇਰਾ ਵਿਸ਼ਾਲ ਹੁੰਦਾ ਹੈ, ਉਹ ਵਿਸ਼ਵਾਸ ਅਤੇ ਸਤਿਕਾਰ ਦਾ ਪਾਤਰ ਬਣਦਾ ਹੈ। ਉਸ ਦੇ ਇਸ ਵਰਤਾਅ ਕਾਰਨ ਦੂਜਿਆਂ ਵਿੱਚ ਵੀ ਮਿਠਾਸ ਅਤੇ ਨਿਮਰਤਾ ਦੇ ਭਾਵ ਪੈਦਾ ਹੁੰਦੇ ਹਨ। ਇਸ ਤਰ੍ਹਾਂ ਮਨੁੱਖ ਇਹਨਾਂ ਗੁਣਾਂ ਸਦਕਾ ਬਿਨਾਂ ਕਲੇਸ ਜਾਂ ਹਉਂਮੈਂ ਦੇ ਟਕਰਾਅ ਤੋਂ ਆਪਸ ਵਿੱਚ ਮਿਲ਼ ਕੇ ਇਸ ਤਰ੍ਹਾਂ ਵਰਤਦੇ ਹਨ ਕਿ ਇਕ-ਦੂਜੇ ਲਈ ਲਾਭਕਾਰੀ ਬਣਦੇ ਹਨ।
• ਇਹ ਗੁਣ ਧਾਰਨ ਕਰਨ ਲਈ ਵੱਡੀ ਤਬਦੀਲੀ ਦੀ ਲੋੜ – ਗੁਰੂ ਜੀ ਦੇ ਦੱਸੇ ਅਨੁਸਾਰ ਇਹ ਗੁਣ ਕੇਵਲ ਕਹਿਣ ਨਾਲ਼ ਹੀ ਜੀਵਨ ਵਿੱਚ ਨਹੀਂ ਆ ਜਾਂਦੇ, ਇਹਨਾਂ ਲਈ ਮਨੁੱਖ ਦੇ ਜੀਵਨ ਵਿੱਚ ਮੁਕੰਮਲ ਤਬਦੀਲੀ ਦੀ ਲੋੜ ਹੈ। ਜੇਕਰ ਮਨੁੱਖ ਦੇ ਮਨ ਵਿੱਚ ਹਉਂਮੈਂ, ਸਵਾਰਥ ਅਤੇ ਹੋਰ ਵਾਧੂ ਲਾਲਸਾਵਾਂ ਨਾ ਹੋਣ ਅਤੇ ਉਸਦੀ ਥਾਂ ਦੂਜਿਆਂ ਦੀ ਭਲਾਈ, ਉਹਨਾਂ ਨਾਲ਼ ਪਿਆਰ ਆਦਿ ਦੇ ਭਾਵ ਹੋਣ, ਤਾਂ ਹੀ ਉਸਦੇ ਅੰਦਰੋਂ ਮਿੱਠੇ ਬੋਲ ਪੈਦਾ ਹੋ ਸਕਣਗੇ। ਇਸੇ ਤਰ੍ਹਾਂ ਜੇਕਰ ਮਨੁੱਖ ਆਪਣੇ ਗੁਣਾਂ ਅਤੇ ਔਗੁਣਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਇਆ ਸਮਾਜ ਵਿੱਚ ਆਪਣੀ ਥਾਂ ਨੂੰ ਪਛਾਣੇ ਤਾਂ ਉਸ ਵਿੱਚ ਫੋਕਾ ਅਭਿਮਾਨ ਨਹੀਂ ਹੋਵੇਗਾ। ਮਨੁੱਖ ਸਮਾਜ ਦਾ ਇੱਕ ਅੰਗ ਹੈ, ਭਾਵੇਂ ਉਹ ਆਪ ਵੀ ਆਪਣੇ ਢੰਗ ਨਾਲ਼ ਸਮਾਜ ਦੇ ਵਿਕਾਸ ਵਿੱਚ ਆਪਣਾ ਹਿੱਸਾ ਪਾਉਂਦਾ ਹੈ, ਪਰ ਉਸ ਨੂੰ ਜਿਊਂਣ ਲਈ ਬਾਕੀ ਸਮਾਜ ਤੇ ਨਿਰਭਰ ਕਰਨਾ ਪੈਂਦਾ ਹੈ। ਅਜਿਹੀ ਸੋਝੀ ਤੋਂ ਹੀ ਨਿਮਰਤਾ ਦਾ ਭਾਵ ਪੈਦਾ ਹੋ ਸਕਦਾ ਹੈ।
• ਇਤਿਹਾਸ ਅਤੇ ਮਿਥਿਹਾਸ ਵਿੱਚ ਇਸ ਗੁਣ ਦੀ ਮਹੱਤਤਾ – ਸਾਡੇ ਇਤਿਹਾਸ ਅਤੇ ਮਿਥਿਹਾਸ ਵਿੱਚ ਬਹੁਤ ਸਾਰੀਆਂ ਕਥਾ-ਕਹਾਣੀਆਂ ਇਹਨਾਂ ਗੁਣਾਂ ਦੀ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ। ਸਾਡੇ ਮਹਾਂਪੁਰਖਾਂ ਦੀਆਂ ਜੀਵਨੀਆਂ ਇਹਨਾਂ ਗੁਣਾਂ ਦੀਆਂ ਜਿਊਂਦੀਆਂ-ਜਾਗਦੀਆਂ ਮਿਸਾਲਾਂ ਹਨ। ਹਜ਼ਰਤ ਮੁਹੰਮਦ ਸਾਹਿਬ ਹਮੇਸ਼ਾ ਦੂਜਿਆਂ ਨੂੰ ‘ਸਲਾਮ-ਅਲੈਕਮ’ ਕਹਿਣ ਵਿੱਚ ਪਹਿਲ ਕਰਦੇ ਸਨ। ਸਿੱਖ ਗੁਰੂ ਸਾਹਿਬਾਂ ਦੁਆਰਾ ਪ੍ਰਚਲਿਤ ਲੰਗਰ ਦੀ ਪ੍ਰਥਾ ਹੋਰ ਗੱਲਾਂ ਦੇ ਨਾਲ਼ ਨਿਮਰਤਾ ਦੇ ਭਾਵ ਨੂੰ ਵੀ ਉਜਾਗਰ ਕਰਦੀ ਹੈ। ਹਰ ਵੱਡਾ-ਛੋਟਾ ਊਚ-ਨੀਚ ਦੇ ਭੇਦ-ਭਾਵ ਨੂੰ ਭੁੱਲ ਕੇ ਪੰਗਤ ਵਿੱਚ ਬੈਠਦਾ ਹੈ। ਮਹਾਤਮਾ ਗਾਂਧੀ ਪਛੜੇ ਸਮਝੇ ਜਾਂਦੇ ਲੋਕਾਂ ਦੀਆਂ ਬਸਤੀਆਂ ਵਿੱਚ ਜਾ ਕੇ ਸਫ਼ਾਈ ਕਰਦੇ ਹੁੰਦੇ ਸਨ।
• ਨਿਮਰਤਾ ਦਾ ਦਿਖਾਵਾ ਨਹੀਂ ਹੁੰਦਾ – ਕਹਾਵਤ ਹੈ ‘ਥੋਥਾ ਚਣਾ ਬਾਜੇ ਘਣਾ’ ਅਰਥਾਤ ਊਣਾ ਭਾਂਡਾ ਹੀ ਛਲ਼ਕਦਾ ਹੈ। ਢੋਲ ਦੀ ਅਵਾਜ਼ ਇਸ ਕਰਕੇ ਉੱਚੀ ਹੁੰਦੀ ਹੈ ਕਿ ਉਹ ਅੰਦਰੋਂ ਖ਼ਾਲੀ ਹੁੰਦਾ ਹੈ। ਫਲ਼ਾਂ ਨਾਲ਼ ਲੱਦੀਆਂ ਟਾਹਣੀਆਂ ਹੀ ਨੀਵੀਂਆਂ ਹੁੰਦੀਆਂ ਹਨ। ਤੱਕੜੀ ਦਾ ਉਹ ਪੱਲੜਾ ਹੀ ਨੀਵਾਂ ਹੁੰਦਾ ਹੈ, ਜੋ ਭਾਰਾ ਹੁੰਦਾ ਹੈ। ਅਭਿਮਾਨੀ ਲੋਕ ਕੌੜਾ ਤੇ ਫਿੱਕਾ ਬੋਲ ਕੇ ਆਪਣੇ ਸੱਖਣੇਪਣ ਦਾ ਪ੍ਰਗਟਾਵਾ ਹੀ ਕਰਦੇ ਹਨ, ਜਿਨ੍ਹਾਂ ਲੋਕਾਂ ਨੇ ਮਿਹਨਤ ਅਤੇ ਲਗਨ ਨਾਲ਼ ਕੁਝ ਪ੍ਰਾਪਤ ਕੀਤਾ ਹੁੰਦਾ ਹੈ, ਉਹਨਾਂ ਵਿੱਚ ਸਹਿਜੇ ਹੀ ਨਿਮਰਤਾ ਆ ਜਾਂਦੀ ਹੈ। ਇਸ ਤਰ੍ਹਾਂ ਮਿਠਾਸ ਅਤੇ ਨਿਮਰਤਾ ਦੇ ਗੁਣ ਅਜਿਹੇ ਮਨੁੱਖ ਦੀ ਕਲਪਨਾ ਕਰਦੇ ਹਨ, ਜਿਸ ਦੀ ਸ਼ਖ਼ਸੀਅਤ ਪੂਰੀ ਤਰ੍ਹਾਂ ਵਿਕਸਿਤ ਹੋਈ ਹੋਵੇ। ਉਹ ਮਨੁੱਖ ਸਮਾਜਿਕ ਤੌਰ ‘ਤੇ ਲਾਭਕਾਰੀ ਵਿਅਕਤੀ ਹੁੰਦਾ ਹੈ। ਉਹ ਦੂਜਿਆਂ ਦੇ ਸੰਪਰਕ ਵਿੱਚ ਆ ਕੇ ਉਹਨਾਂ ਨੂੰ ਕੁਝ ਦਿੰਦਾ ਹੈ। ਉਹ ਨਿਮਰ ਰਹਿ ਕੇ ਵੀ ਆਪਣੀ ਵਡਿਆਈ ਦਾ ਅਹਿਸਾਸ ਕਰਵਾ ਦਿੰਦਾ ਹੈ।
• ਸਾਰ ਅੰਸ਼ – ਉਪਰੋਕਤ ਚਰਚਾ ਦੇ ਆਧਾਰ ‘ਤੇ ਅਸੀਂ ਸਮਝ ਲਿਆ ਕਿ ਗੁਰੂ ਜੀ ਨੇ ਇਸ ਮਹਾਂਵਾਕ ਰਾਹੀਂ ਸਾਨੂੰ ਜੀਵਨ ਦਾ ਇੱਕ ਸੂਖਮ ਭੇਦ ਸਮਝਾ ਦਿੱਤਾ ਹੈ। ਜੇਕਰ ਅਸੀਂ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਲਈ ਯਤਨ ਕਰਦੇ ਰਹੀਏ ਤਾਂ ਸਾਡੇ ਜੀਵਨ ਵਿੱਚ ਵੱਡੀ ਅਤੇ ਉਸਾਰੂ ਤਬਦੀਲੀ ਆ ਸਕਦੀ ਹੈ। ਇਹਨਾਂ ਦੋ ਗੁਣਾਂ ਨੂੰ ਧਾਰਨ ਕਰਕੇ ਅਸੀਂ ਹੋਰ ਜ਼ਰੂਰੀ ਆਚਰਨਿਕ ਗੁਣਾਂ ਨੂੰ ਵੀ ਆਪਣੇ ਜਾਵਨ ਦਾ ਹਿੱਸਾ ਬਣਾ ਲਵਾਂਗੇ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037