ਕਰਤਾਰ ਸਿੰਘ ਸਰਾਭਾ
• ਜਾਣ-ਪਛਾਣ – ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜੂਲ਼ੇ ਤੋਂ ਮੁਕਤ ਕਰਾਉਣ ਲਈ ਅਣਗਿਣਤ ਦੇਸਵਾਸੀਆਂ ਨੂੰ ਬੇਅੰਤ ਕੁਰਬਾਨੀਆਂ ਕਰਨੀਆਂ ਪਈਆਂ। ਕਿੰਨੇ ਹੀ ਭਾਰਤੀਆਂ ਨੇ ਅਜ਼ਾਦੀ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ। ਇਹਨਾਂ ਵਿੱਚੋਂ ਕਈ ਤਾਂ ਚੜ੍ਹਦੀ ਜਵਾਨੀ ਵਿੱਚ ਹੀ ਸ਼ਹੀਦ ਹੋਏ। ਕਰਤਾਰ ਸਿੰਘ ਸਰਾਭਾ ਵੀ ਇੱਕ ਅਜਿਹਾ ਸੂਰਮਾ ਦੇਸ-ਭਗਤ ਸੀ ਜਿਸ ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਉੱਨੀ ਸਾਲ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਿਆ।
• ਜਨਮ ਦਾ ਸਮਾਂ ਅਤੇ ਸਥਾਨ – ਕਰਤਾਰ ਸਿੰਘ ਸਰਾਭਾ ਦਾ ਜਨਮ 1896 ਈਸਵੀ ਵਿੱਚ ਸਰਦਾਰ ਮੰਗਲ਼ ਸਿੰਘ ਦੇ ਘਰ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਸਰਾਭਾ ਵਿੱਚ ਹੋਇਆ। ਇਹ ਪਿੰਡ ਲੁਧਿਆਣੇ ਤੋਂ ਰਾਏਕੋਟ ਜਾਣ ਵਾਲ਼ੀ ਸੜਕ ਉੱਤੇ ਲਗ-ਪਗ ਪੱਚੀ ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਨਾਂ ਕਾਰਨ ਹੀ ਕਰਤਾਰ ਸਿੰਘ ਦੇ ਨਾਂ ਨਾਲ਼ ਸਰਾਭਾ ਜੁੜ ਗਿਆ। ਛੋਟੀ ਉਮਰ ਵਿੱਚ ਹੀ ਕਰਤਾਰ ਸਿੰਘ ਸਰਾਭਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਇਸ ਲਈ ਉਸ ਦਾ ਪਾਲਣ-ਪੋਸਣ ਉਸ ਦੇ ਦਾਦਾ ਜੀ ਨੇ ਕੀਤਾ।
• ਪੜ੍ਹਾਈ – ਉਸ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਫਿਰ ਮਾਲਵਾ ਖ਼ਾਲਸਾ ਹਾਈ ਸਕੂਲ ਤੋਂ ਅੱਠਵੀਂ ਅਤੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਸ਼੍ਰੇਣੀ ਪਾਸ ਕੀਤੀ। ਇਸ ਉਪਰੰਤ ਉਹ ਆਪਣੇ ਚਾਚਾ ਜੀ ਸਰਦਾਰ ਵੀਰ ਸਿੰਘ ਕੋਲ਼ ਉੜੀਸਾ ਚਲਾ ਗਿਆ। ਵੀਰ ਸਿੰਘ ਜੀ ਇੱਕ ਡਾਕਟਰ ਸਨ। ਇੱਕ ਸਾਲ ਪਿੱਛੋਂ ਕਰਤਾਰ ਸਿੰਘ ਸਰਾਭਾ ਬਰਕਲੇ ਯੂਨੀਵਰਸਿਟੀ, ਸਾਨਫਰਾਂਸਿਸਕੋ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਅਮਰੀਕਾ ਚਲਾ ਗਿਆ। ਇਹ ਜਨਵਰੀ, 1910 ਈ. ਦੀ ਗੱਲ ਹੈ।
• ਗ਼ਦਰ ਪਾਰਟੀ ਵਿੱਚ ਸ਼ਾਮਲ ਹੋਣਾ – ਇਸ ਸਮੇਂ ਅਮਰੀਕਾ ਵਿੱਚ ਵੱਸਦੇ ਭਾਰਤੀਆਂ ਨੇ ਗ਼ਦਰ ਪਾਰਟੀ ਬਣਾਈ ਜਿਸ ਦਾ ਮਨੋਰਥ ਭਾਰਤ ਵਿੱਚ ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਗ਼ਦਰ ਕਰਕੇ ਦੇਸ ਨੂੰ ਅਜ਼ਾਦ ਕਰਵਾਉਣਾ ਸੀ। ਇਸ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸਰਾਭਾ ਵੀ ਇਸ ਪਾਰਟੀ ਵਿੱਚ ਸ਼ਾਮਲ ਹੋ ਗਿਆ। ਇਸ ਪਾਰਟੀ ਵੱਲੋਂ ‘ਗ਼ਦਰ‘ ਨਾਂ ਦਾ ਇੱਕ ਅਖ਼ਬਾਰ ਕੱਢਿਆ ਗਿਆ। ਕਰਤਾਰ ਸਿੰਘ ਸਰਾਭਾ ਨੇ ਇਸ ਅਖ਼ਬਾਰ ਲਈ ਪੂਰੀ ਸਰਗਰਮੀ ਨਾਲ਼ ਕੰਮ ਕਰਨ ਵਾਸਤੇ ਯੂਨੀਵਰਸਿਟੀ ਛੱਡ ਦਿੱਤੀ।
• ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਗ਼ਦਰ – 1914 ਈ. ਵਿੱਚ ਪਹਿਲਾ ਵਿਸ਼ਵ-ਯੁੱਧ ਛਿੜ ਗਿਆ। ਹੋਰ ਦੇਸਾਂ ਦੇ ਨਾਲ਼-ਨਾਲ਼ ਬਰਤਾਨੀਆ ਵੀ ਇਸ ਯੁੱਧ ਵਿੱਚ ਸ਼ਾਮਲ ਹੋ ਗਿਆ। ਗ਼ਦਰ ਪਾਰਟੀ ਦਾ ਉਦੇਸ਼ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਭਾਰਤ ਵਿੱਚ ਗ਼ਦਰ ਕਰਨਾ ਸੀ। ਉਹਨਾਂ ਨੂੰ ਜੰਗ ਦਾ ਸਮਾਂ ਇਸ ਕੰਮ ਲਈ ਹੋਰ ਵੀ ਢੁਕਵਾਂ ਜਾਪਿਆ। ਇਸ ਲਈ ਉਹਨਾਂ ਨੇ ਗ਼ਦਰ ਅਖ਼ਬਾਰ ਵਿੱਚ ਭਾਰਤੀਆਂ ਵੱਲੋਂ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ਼ ਹੀ ਗ਼ਦਰ ਪਾਰਟੀ ਦੇ ਮੈਂਬਰ ਗ਼ਦਰ ਕਰਵਾਉਣ ਲਈ ਭਾਰਤ ਆਉਣੇ ਸ਼ੁਰੂ ਹੋ ਗਏ। ਅੱਗੋਂ ਅੰਗਰੇਜ਼ ਪੁਲਿਸ ਅਮਰੀਕਾ ਤੋਂ ਪਰਤਦੇ ਹਿੰਦੁਸਤਾਨੀਆਂ ਨੂੰ ‘ਡਿਫ਼ੈਂਸ ਆਫ਼ ਇੰਡੀਆ ਐਕਟ’ ਅਧੀਨ ਫੜ ਲੈਂਦੀ ਸੀ। ਕਰਤਾਰ ਸਿੰਘ ਸਰਾਭਾ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਤੋਂ ਬਚਦਾ-ਬਚਾਉਂਦਾ ਪੰਜਾਬ ਆ ਗਿਆ। ਅਮਰੀਕਾ ਤੋਂ ਪਰਤੇ ਬਹੁਤ ਸਾਰੇ ਭਾਰਤੀ ਪੰਜਾਬ ਵਿੱਚ ਗ਼ਦਰ ਪਾਰਟੀ ਨਾਲ਼ ਜੁੜ ਗਏ। ਇਹਨਾਂ ਦੀ ਅਗਵਾਈ ਕਰਨ ਵਾਲ਼ਿਆਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ।
• ਗਰਿਫ਼ਤਾਰੀ ਅਤੇ ਫਾਂਸੀ – ਪੰਜਾਬ ਵਿੱਚ ਗ਼ਦਰ ਪਾਰਟੀ ਦਾ ਮੁੱਖ ਪ੍ਰੋਗ੍ਰਾਮ ਛਾਉਣੀਆਂ ਵਿੱਚ ਫ਼ੌਜੀਆਂ ਨੂੰ ਵਿਦਰੋਹ ਲਈ ਤਿਆਰ ਕਰਨਾ ਸੀ। ਇਸ ਲਈ ਇੱਕ ਪਾਸੇ ਛਾਉਣੀਆਂ ਵਿੱਚ ਫ਼ੌਜੀਆਂ ਨਾਲ਼ ਸੰਪਰਕ ਬਣਾਏ ਗਏ, ਦੂਜੇ ਪਾਸੇ ਦੇਸ ਦੇ ਕ੍ਰਾਂਤੀਕਾਰੀਆਂ ਨਾਲ਼ ਮੇਲ਼-ਜੋਲ਼ ਪੈਦਾ ਕੀਤਾ ਗਿਆ। ਵਿਦਰੋਹ ਦੀ ਇਹ ਯੋਜਨਾ ਪਾਰਟੀ ਵਿੱਚ ਆ ਵੜੇ ਇੱਕ ਪੁਲਿਸ-ਮੁਖ਼ਬਰ ਕਿਰਪਾਲ ਸਿੰਘ ਕਾਰਨ ਫ਼ੇਲ੍ਹ ਹੋ ਗਈ। ਗਰਿਫ਼ਤਾਰੀਆਂ ਦਾ ਚੱਕਰ ਸ਼ੁਰੂ ਹੋ ਗਿਆ। ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘੀਆ ਨਾਲ਼ ਰਾਤ ਨੂੰ ਗੱਡੀ ਚੜ੍ਹ ਕੇ ਲਾਇਲਪੁਰ ਚਲਾ ਗਿਆ। ਫਿਰ ਉਹ ਪਿਸ਼ਾਵਰ ਤੋਂ ਹੁੰਦੇ ਹੋਏ ਸਰਹੱਦੀ ਸਥਾਨ ਮਿਚਨੀ ਪਹੁੰਚ ਗਏ। ਇਸ ਦੌਰਾਨ ਕੁਝ ਗ਼ਦਰੀ ਨਿਰਉਤਸ਼ਾਹਿਤ ਹੋ ਗਏ। ਪਰ ‘ਗ਼ਦਰ ਦੀ ਗੂੰਜ’ ਕਵਿਤਾ ਦੀ ਤੁਕ ‘ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ, ਦੇ ਵਿਚਾਰ ਨੇ ਉਹਨਾਂ ਨੂੰ ਮੁੜ ਪੰਜਾਬ ਆਉਣ ਦੀ ਪ੍ਰੇਰਨਾ ਦਿੱਤੀ। ਇਸ ਵਾਪਸੀ ਸਮੇਂ ਸਰਗੋਧੇ ਵਿੱਚ ਕਰਤਾਰ ਸਿੰਘ ਸਰਾਭਾ ਅਤੇ ਉਹਦੇ ਸਾਥੀ ਫੜੇ ਗਏ। ਉਹਨਾਂ ‘ਤੇ ਮੁਕੱਦਮਾ ਚੱਲਿਆ। ਕਈ ਦੇਸ-ਭਗਤਾਂ ਸਮੇਤ ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ, 1915 ਈ. ਨੂੰ ਫਾਂਸੀ ਦੇ ਦਿੱਤੀ ਗਈ।
• ਸਾਰ-ਅੰਸ਼ – ਕਰਤਾਰ ਸਿੰਘ ਸਰਾਭਾ ਇੱਕ ਪੱਕਾ ਦੇਸ-ਭਗਤ ਸੀ। ਉਸ ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਆਪਣੇ ਨਿੱਜੀ ਸੁੱਖਾਂ ਅਤੇ ਖ਼ੁਸ਼ੀਆਂ ਵੱਲ ਧਿਆਨ ਨਾ ਦਿੰਦੇ ਹੋਏ ਆਪਣਾ ਸਭ ਕੁਝ ਦੇਸ ਲਈ ਵਾਰ ਦਿੱਤਾ। ਉਹ ਬੜੀ ਦ੍ਰਿੜ ਇਰਾਦੇ ਵਾਲ਼ਾ ਮਨੁੱਖ ਸੀ। ਕਿਹਾ ਜਾਂਦਾ ਹੈ ਕਿ ਜੱਜ ਨੇ ਉਸ ਨੂੰ ਆਪਣਾ ਬਿਆਨ ਬਦਲਣ ਲਈ ਕਿਹਾ ਜੋ ਉਸ ਦੀ ਸਜ਼ਾ ਨਰਮ ਕੀਤੀ ਜਾ ਸਕੇ ਪਰ ਉਹਨੇ ਆਪਣਾ ਬਿਆਨ ਬਿਲਕੁਲ ਨਾ ਬਦਲਿਆ। ਉਸ ਨੇ ਆਪਣੇ ਕੁਝ ਨਜ਼ਦੀਕੀਆਂ ਵੱਲੋਂ ਰਹਿਮ ਦੀ ਅਪੀਲ ਕਰਨ ਦੇ ਸੁਝਾਅ ਨੂੰ ਵੀ ਠੁਕਰਾ ਦਿੱਤਾ। ਅਜਿਹੇ ਦੇਸ-ਭਗਤਾਂ ਦੀਆਂ ਕੁਰਬਾਨੀਆਂ ਸਦਕਾ ਭਾਰਤ 15 ਅਗਸਤ, 1947 ਈ. ਨੂੰ ਅੰਗਰੇਜ਼ਾਂ ਦੀ ਗ਼ਲਾਮੀ ਤੋਂ ਅਜ਼ਾਦ ਹੋ ਗਿਆ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037