15. ਸੁਰਜੀਤ ਪਾਤਰ
1. ਆਇਆ ਨੰਦ ਕਿਸ਼ੋਰ
(ੳ) ਪਿੱਛੇ–ਪਿੱਛੇ ਰਿਜ਼ਕ ਦੇ, ਆਇਆ ਨੰਦ ਕਿਸ਼ੋਰ।
ਚੱਲ ਕੇ ਦੂਰ ਬਿਹਾਰ ਤੋਂ, ਗੱਡੀ ਬੈਠ ਸਿਆਲਦਾ, ਨਾਲ਼ ਬਥੇਰੇ ਹੋਰ।
ਰਾਮਕਲੀ ਵੀ ਨਾਲ਼ ਸੀ, ਸੁਘੜ ਲੁਗਾਈ ਓਸ ਦੀ।
ਲੁਧਿਆਣੇ ਦੇ ਕੋਲ਼ ਹੀ, ਇੱਕ ਪਿੰਡ ਬਾੜੇਵਾਲ ਵਿੱਚ,
ਜੜ੍ਹ ਲੱਗੀ ਤੇ ਪੁੰਗਰੀ, ਰਾਮਕਲੀ ਦੀ ਕੁੱਖ ‘ਚੋਂ,
ਜਨਮੀ ਬੇਟੀ ਓਸ ਦੀ, ਨਾਂ ਧਰਿਆ ਸੀ ਮਾਧੁਰੀ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ–ਮਾਲ਼ਾ:9’ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਕਵਿਤਾ ‘ਆਇਆ ਨੰਦ ਕਿਸ਼ੋਰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਪੜ੍ਹਾਈ–ਲਿਖਾਈ ਦੇ ਮਾਧਿਅਮ ਦਾ ਰੋਜ਼ੀ-ਰੋਟੀ ਨਾਲ਼ ਅਤੇ ਇੱਛਾਵਾਂ ਨਾਲ਼ ਗੂੜ੍ਹਾ ਸੰਬੰਧ ਹੈ।
ਵਿਆਖਿਆ – ਕਵੀ ਦੱਸਦਾ ਹੈ ਕਿ ਰਿਜ਼ਕ ਦੇ ਪਿੱਛੇ–ਪਿੱਛੇ ਚੱਲਦਾ ਹੋਇਆ ਨੰਦ ਕਿਸ਼ੋਰ ਨਾਂ ਦਾ ਮਜਦੂਰ ਆਪਣੇ ਇਲਾਕੇ ਬਿਹਾਰ ਤੋਂ ਸਿਆਲਦਾ ਦੀ ਗੱਡੀ ਵਿੱਚ ਬੈਠ ਕੇ ਪੰਜਾਬ ਵਿੱਚ ਆ ਗਿਆ। ਇਸ ਗੱਡੀ ਵਿੱਚ ਉਸ ਨਾਲ਼ ਉਸ ਵਰਗੇ ਹੋਰ ਵੀ ਕਈ ਆਏ ਸਨ ਅਤੇ ਉਸ ਦੀ ਸਿਆਣੀ ਪਤਨੀ ਰਾਮਕਲੀ ਵੀ ਨਾਲ਼ ਆਈ ਸੀ। ਨੰਦ ਕਿਸ਼ੋਰ ਲੁਧਿਆਣੇ ਦੇ ਕੋਲ਼ ਇੱਕ ਪਿੰਡ ਬਾੜੇਵਾਲ ਵਿੱਚ ਰਹਿਣ ਲੱਗ ਪਿਆ, ਜਿੱਥੇ ਉਸ ਦੇ ਖ਼ਾਨਦਾਨ ਦੀ ਜੜ੍ਹ ਲੱਗ ਕੇ ਪੁੰਗਰੀ ਭਾਵ ਰਾਮਕਲੀ ਦੀ ਕੁੱਖ ਤੋਂ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਮਾਧੁਰੀ ਰੱਖਿਆ ਗਿਆ।
(ਅ) ਕੱਲ੍ਹ ਮੈਂ ਦੇਖੀ ਮਾਧੁਰੀ, ਓਸੇ ਪਿੰਡ ਸਕੂਲ ਵਿੱਚ,
ਗੁੱਤਾਂ ਬੰਨ੍ਹ ਕੇ ਰਿਬਨ ਵਿੱਚ, ਸੋਹਣੀ ਪੱਟੀ ਪੋਚ ਕੇ,
ਉੜਾ ਐੜਾ ਲਿਖ ਰਹੀ। ਊੜਾ ਐੜਾ ਲਿਖ ਰਹੀ, ਬੇਟੀ ਨੰਦ ਕਿਸ਼ੋਰ ਦੀ।
ਕਿੰਨਾ ਗੂੜ੍ਹਾ ਸਾਕ ਹੈ, ਅੱਖਰਾਂ ਤੇ ਰਿਜ਼ਕ ਦਾ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਕਵਿਤਾ ‘ਆਇਆ ਨੰਦ ਕਿਸ਼ੋਰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਪੜ੍ਹਾਈ-ਲਿਖਾਈ ਦੇ ਮਾਧਿਅਮ ਦਾ ਰੋਜ਼ੀ-ਰੋਟੀ ਨਾਲ਼ ਅਤੇ ਇੱਛਾਵਾਂ ਨਾਲ਼ ਗੂੜ੍ਹਾ ਸੰਬੰਧ ਹੈ।
ਵਿਆਖਿਆ – ਕਵੀ ਦੱਸਦਾ ਹੈ ਕਿ ਕੱਲ੍ਹ ਉਸ ਨੇ ਦੇਖਿਆ ਕਿ ਨੰਦ ਕਿਸ਼ੋਰ ਦੀ ਧੀ ਮਾਧੁਰੀ ਉਸ ਪਿੰਡ ਦੇ ਸਕੂਲ ਵਿੱਚ ਰਿਬਨ ਪਾ ਕੇ ਗੁੱਤਾਂ ਕਰਕੇ ਤੇ ਸੋਹਣੀ ਫੱਟੀ ਪੋਚ ਕੇ ਨੰਦ ਕਿਸ਼ੋਰ ਦੀ ਬੇਟੀ ‘ਊੜਾ’ ‘ਐੜਾ’ ਲਿਖ ਰਹੀ ਸੀ। ਇਹ ਸਭ ਦੇਖ ਕੇ ਲੇਖਕ ਨੂੰ ਅਨੁਭਵ ਹੋਇਆ ਕਿ ਰਿਜ਼ਕ ਅਤੇ ਅੱਖਰਾਂ ਦਾ ਆਪਸ ਵਿੱਚ ਕਿੰਨਾ ਗੂੜ੍ਹਾ ਸੰਬੰਧ ਹੈ। ਭਾਵ ਇੱਕ ਮਜਦੂਰ ਰਿਜ਼ਕ ਲਈ ਆਪਣੇ ਬੱਚਿਆਂ ਦੀ ਪੜ੍ਹਾਈ–ਲਿਖਾਈ ਦਾ ਮਾਧਿਅਮ ਅਪਣਾਉਂਦਾ ਹੈ।
(ੲ) ਏਸੇ ਪਿੰਡ ਦੇ ਲਾਡਲੇ, ਪੋਤੇ ਅੱਛਰ ਸਿੰਘ ਦੇ,
ਆਪਣੇ ਪਿਓ ਦੀ ਕਾਰ ਵਿੱਚ ਬਹਿ ਲੁਧਿਆਣੇ ਆਂਵਦੇ।
ਕੌਨਵੈਂਟ ਵਿੱਚ ਪੜ੍ਹ ਰਹੇ, ਏ. ਬੀ. ਸੀ. ਡੀ. ਸਿੱਖਦੇ।
ਏ. ਬੀ. ਸੀ. ਡੀ. ਸਿੱਖਦੇ, ਪੋਤੇ ਅੱਛਰ ਸਿੰਘ ਦੇ।
ਕਿੰਨਾ ਗੂੜ੍ਹਾ ਸਾਕ ਹੈ, ਅੱਖਰ ਅਤੇ ਅਕਾਂਖਿਆ।
ਪਿੱਛੇ-ਪਿੱਛੇ ਰਿਜ਼ਕ ਦੇ, ਆਇਆ ਨੰਦ ਕਿਸ਼ੋਰ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਕਵਿਤਾ ‘ਆਇਆ ਨੰਦ ਕਿਸ਼ੋਰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਪੜ੍ਹਾਈ-ਲਿਖਾਈ ਦੇ ਮਾਧਿਅਮ ਦਾ ਰੋਜ਼ੀ-ਰੋਟੀ ਨਾਲ਼ ਅਤੇ ਇੱਛਾਵਾਂ ਨਾਲ਼ ਗੂੜ੍ਹਾ ਸੰਬੰਧ ਹੈ।
ਵਿਆਖਿਆ – ਕਵੀ ਦੱਸਦਾ ਹੈ ਕਿ ਉਸ ਨੇ ਦੇਖਿਆ ਕਿ ਉਸ ਪਿੰਡ ਦੇ ਹੀ ਅੱਛਰ ਸਿੰਘ ਦੇ ਲਾਡਲੇ ਪੋਤੇ ਆਪਣੇ ਪਿਓ ਦੀ ਕਾਰ ਵਿੱਚ ਬੈਠ ਕੇ ਹਰ-ਰੋਜ਼ ਲੁਧਿਆਣੇ ਦੇ ਕੌਨਵੈਂਟ ਸਕੂਲ ਵਿੱਚ ਪੜ੍ਹਨ ਲਈ ਜਾਂਦੇ ਸਨ ਅਤੇ ਉੱਥੇ ਅੱਛਰ ਸਿੰਘ ਦੇ ਪੋਤੇ ਅੰਗਰੇਜ਼ੀ ਦੀ ਏ. ਬੀ. ਸੀ. ਡੀ. ਸਿੱਖ ਰਹੇ ਸਨ। ਇਹ ਦੇਖ ਲੇਖਕ ਨੂੰ ਅਨੁਭਵ ਹੋਇਆ ਕਿ ਅੱਖਰ ਅਤੇ ਇਛਾਵਾਂ ਵਿੱਚ ਵੀ ਕਿੰਨਾ ਗੂੜ੍ਹਾ ਸੰਬੰਧ ਹੈ। ਨੰਦ ਕਿਸ਼ੋਰ ਰਿਜ਼ਕ ਦੇ ਲਈ ਹੀ ਪੰਜਾਬ ਆਇਆ ਹੈ।
ਕੇਂਦਰੀ ਭਾਵ
ਇੱਕ ਮੁਟਿਆਰ ਧੀ ਕੀਮਤੀ ਚੀਜਾਂ ਦੀ ਥਾਂ ਦਿਲ ਦੇ ਨਿੱਘ ਨੂੰ ਅਹਿਮੀਅਤ ਦਿੰਦੀ ਹੋਈ ਆਪਣੀ ਮਾਂ ਨੂੰ ਆਪਣੇ ਮਨਪਸੰਦ ਵਰ ਨਾਲ਼ ਵਿਆਹੁਣ ਲਈ ਕਹਿੰਦੀ ਹੈ।
2. ਕੱਚ ਦਾ ਗਲਾਸ
(ੳ) ਅੱਜ ਮੇਰੇ ਕੋਲ਼ੋਂ ਕੱਚ ਦਾ ਗਲਾਸ ਟੁੱਟਿਆ, ਤੇ ਮੈਨੂੰ ਅੰਮੜੀ ਨੇ,
ਮੈਨੂੰ ਅੰਮੜੀ ਨੇ ਦਿੱਤੀਆਂ ਲੱਖ ਝਿੜਕਾਂ ਤੇ ਮੇਰੇ ਨੈਣਾਂ ਵਿੱਚੋਂ,
ਮੇਰੇ ਨੈਣਾਂ ਵਿੱਚੋਂ ਛਮ-ਛਮ ਨੀਰ ਫੁੱਟਿਆ, ਮੇਰੇ ਨੈਣਾਂ ਵਿੱਚੋਂ ………….।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਕਵਿਤਾ ‘ਕੱਚ ਦਾ ਗਲਾਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਉਸ ਮੁਟਿਆਰ ਧੀ ਦੇ ਦਿਲੀ ਭਾਵ ਅੰਕਿਤ ਕੀਤੇ ਹਨ, ਜਿਸ ਦੇ ਮਾਪਿਆਂ ਵੱਲੋਂ ਉਸ ਦੀ ਆਪਣੀ ਪਸੰਦ ਦੇ ਮੁੰਡੇ ਨਾਲ਼ ਵਿਆਹ ਕਰਨ ਦੀ ਇੱਛਾ ਨੂੰ ਨਾ-ਮਨਜ਼ੂਰ ਕੀਤਾ ਜਾਂਦਾ ਹੈ।
ਵਿਆਖਿਆ – ਕਵੀ ਲਿਖਦਾ ਕਿ ਇੱਕ ਮੁਟਿਆਰ ਧੀ ਕਹਿ ਰਹੀ ਹੈ ਕਿ ਅੱਜ ਉਸ ਕੋਲ਼ੋਂ ਕੱਚ ਦਾ ਗਲਾਸ ਟੁੱਟ ਜਾਣ ਕਾਰਨ ਉਸ ਦੀ ਮਾਂ ਨੇ ਉਸ ਨੂੰ ਬਹੁਤ ਸਾਰੀਆਂ ਝਿੜਕਾਂ ਦਿੱਤੀਆਂ, ਜਿਸ ਕਾਰਨ ਉਸ ਦੀਆਂ ਅੱਖਾਂ ਵਿੱਚੋਂ ਛਮ–ਛਮ ਕਰਦੇ ਅੱਥਰੂ ਵਗਣ ਲੱਗ ਪਏ।
(ਅ) ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸ ਦੇ,
ਲੋਕੀਂ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ।
ਏਹੋ ਜਿਹੇ ਗਲਾਸ ਨੀ ਮਾਂਏ, ਵਿਕਦੇ ਲੱਖ ਬਜ਼ਾਰੀਂ,
ਦਿਲ ਨਾ ਮਿਲ਼ਦੇ ਬਲਖ ਬੁਖਾਰੇ ਲੱਖੀਂ ਅਤੇ ਹਜ਼ਾਰੀਂ।
ਕਿਰ ਜਾਂਦੇ ਨੈਣਾਂ ਦੇ ਮੋਤੀ ਮਾਂਏ ਝਿੜਕ ਨਾ ਮਾਰੀਂ, ਮੇਰੇ ਨੈਣਾਂ ਵਿੱਚੋਂ ………………I
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਕਵਿਤਾ ‘ਕੱਚ ਦਾ ਗਲਾਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਉਸ ਮੁਟਿਆਰ ਧੀ ਦੇ ਦਿਲੀ ਭਾਵ ਅੰਕਿਤ ਕੀਤੇ ਹਨ, ਜਿਸ ਦੇ ਮਾਪਿਆਂ ਵੱਲੋਂ ਉਸ ਦੀ ਆਪਣੀ ਪਸੰਦ ਦੇ ਮੁੰਡੇ ਨਾਲ਼ ਵਿਆਹ ਕਰਨ ਦੀ ਇੱਛਾ ਨੂੰ ਨਾ-ਮਨਜ਼ੂਰ ਕੀਤਾ ਜਾਂਦਾ ਹੈ।
ਵਿਆਖਿਆ – ਕਵੀ ਲਿਖਦਾ ਕਿ ਮੁਟਿਆਰ ਕਹਿ ਰਹੀ ਹੈ ਕਿ ਹੇ ਮਾਂ! ਤੂੰ ਮੈਨੂੰ ਇੱਕ ਗੱਲ ਦੱਸ ਕਿ ਲੋਕ ਕਿਸੇ ਦਾ ਦਿਲ ਤੋੜ ਕੇ ਕਿਵੇਂ ਹੱਸ ਪੈਂਦੇ ਹਨ? ਜਦ ਕਿ ਜਿਸ ਕੱਚ ਦੇ ਗਲਾਸ ਦੇ ਟੁੱਟਣ ਨੂੰ ਸਹਿਣ ਨਹੀਂ ਕਰਦੇ ਉਹ ਬਜ਼ਾਰਾਂ ਵਿੱਚ ਲੱਖਾਂ ਵਿਕਣ ਲਈ ਪਏ ਹਨ ਪਰੰਤੂ ਦਿਲ ਬਲਖ–ਬੁਖ਼ਾਰੇ ਤੱਕ ਕੋਸ਼ਿਸ਼ ਕਰਨ ‘ਤੇ ਵੀ ਲੱਖਾਂ ਹਜ਼ਾਰਾਂ ਖ਼ਰਚ ਕੇ ਵੀ ਨਹੀਂ ਮਿਲ਼ਦੇ। ਹੇ ਮਾਂ, ਤੂੰ ਮੈਨੂੰ ਝਿੜਕ ਮਾਰ ਕੇ ਮੇਰਾ ਦਿਲ ਨਾ ਤੋੜੀਂ, ਕਿਉਂਕਿ ਇਸ ਤਰ੍ਹਾਂ ਅੱਖਾਂ ਵਿੱਚੋਂ ਹੰਝੂਆਂ ਦੇ ਕੀਮਤੀ ਮੋਤੀ ਕਿਰਨ ਲੱਗ ਪੈਂਦੇ ਹਨ।
(ੲ) ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿੱਚ, ਕੱਚ ਦੇ ਟੁਕੜੇ ਚਮਕਣ,
ਦਿਲ ਟੁੱਟੇ ਤਾਂ ਚੋਰੀ-ਚੋਰੀ, ਅੱਖੀਓਂ ਅੱਥਰੂ ਬਰਸਣ।
ਰੜਕਣ ਨਾ ਲੋਕਾਂ ਦੇ ਪੈਰੀਂ ਆਪਣੇ ਹੀ ਸੀਨੇ ਕਸਕਣ, ਅੱਜ ਮੇਰੇ ਕੋਲੋਂ ……………….।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਕਵਿਤਾ ‘ਕੱਚ ਦਾ ਗਲਾਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਉਸ ਮੁਟਿਆਰ ਧੀ ਦੇ ਦਿਲੀ ਭਾਵ ਅੰਕਿਤ ਕੀਤੇ ਹਨ, ਜਿਸ ਦੇ ਮਾਪਿਆਂ ਵੱਲੋਂ ਉਸ ਦੀ ਆਪਣੀ ਪਸੰਦ ਦੇ ਮੁੰਡੇ ਨਾਲ਼ ਵਿਆਹ ਕਰਨ ਦੀ ਇੱਛਾ ਨੂੰ ਨਾ-ਮਨਜ਼ੂਰ ਕੀਤਾ ਜਾਂਦਾ ਹੈ।
ਵਿਆਖਿਆ – ਕਵੀ ਲਿਖਦਾ ਕਿ ਮੁਟਿਆਰ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਜੇਕਰ ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿੱਚ ਉਸ ਕੱਚ ਦੇ ਟੁਕੜੇ ਖਿਲਰ ਕੇ ਚਮਕਦੇ ਦਿਸਦੇ ਹਨ, ਪਰ ਜੇਕਰ ਦਿਲ ਟੁੱਟੇ ਤਾਂ ਅੱਖੀਆਂ ਵਿੱਚੋਂ ਚੋਰੀ–ਚੋਰੀ ਅੱਥਰੂ ਵਰ੍ਹਦੇ ਹਨ। ਇਹ ਟੁੱਟੇ ਸ਼ੀਸ਼ੇ ਦੇ ਟੁਕੜਿਆਂ ਵਾਂਗ ਲੋਕਾਂ ਦੇ ਪੈਰਾਂ ਵਿੱਚ ਨਹੀਂ ਰੜਕਦੇ, ਸਗੋਂ ਉਸੇ ਦੇ ਆਪਣੇ ਹੀ ਸੀਨੇ ਵਿੱਚ ਰੜਕਦੇ ਹਨ, ਜਿਸ ਦਾ ਦਿਲ ਟੁੱਟਾ ਹੁੰਦਾ ਹੈ।
(ਸ) ਸਸਤੀਆਂ ਏਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ,
ਮਹਿੰਗਾ ਰਾਣੀਹਾਰ ਤੇ ਸਸਤਾ ਸੱਧਰਾਂ ਭਰਿਆ ਸੀਨਾ।
ਦਿਲ ਦਾ ਨਿੱਘ ਨਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ, ਅੱਜ ਮੇਰੇ ਕੋਲੋਂ ………………..।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਕਵਿਤਾ ‘ਕੱਚ ਦਾ ਗਲਾਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਉਸ ਮੁਟਿਆਰ ਧੀ ਦੇ ਦਿਲੀ ਭਾਵ ਅੰਕਿਤ ਕੀਤੇ ਹਨ, ਜਿਸ ਦੇ ਮਾਪਿਆਂ ਵੱਲੋਂ ਉਸ ਦੀ ਆਪਣੀ ਪਸੰਦ ਦੇ ਮੁੰਡੇ ਨਾਲ਼ ਵਿਆਹ ਕਰਨ ਦੀ ਇੱਛਾ ਨੂੰ ਨਾ-ਮਨਜ਼ੂਰ ਕੀਤਾ ਜਾਂਦਾ ਹੈ।
ਵਿਆਖਿਆ – ਕਵੀ ਲਿਖਦਾ ਕਿ ਮੁਟਿਆਰ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਸਾਡੇ ਆਲ਼ੇ–ਦੁਆਲ਼ੇ ਵਿੱਚ ਬੰਦਿਆਂ ਦੀ ਜ਼ਮੀਰ ਤਾਂ ਮਰ ਕੇ ਸਸਤੀ ਵਿਕਦੀ ਹੈ, ਪਰੰਤੂ ਜ਼ਮੀਨਾਂ ਬਹੁਤ ਮਹਿੰਗੀਆਂ ਵਿਕਦੀਆਂ ਹਨ। ਇੱਥੇ ਸੋਨੇ ਦਾ ਰਾਣੀਹਾਰ ਤਾਂ ਮਹਿੰਗਾ ਹੈ, ਪਰੰਤੂ ਚਾਵਾਂ ਤੇ ਸਧਰਾਂ ਭਰਿਆ ਸੀਨਾ ਸਸਤਾ ਹੈ। ਇੱਥੇ ਕੋਈ ਦਿਲ ਦੇ ਨਿੱਘ ਦੀ ਗੱਲ ਨਹੀਂ ਕਰਦਾ, ਬਲਕਿ ਬਾਹਰੀ ਨਿੱਘ ਦੇਣ ਵਾਲ਼ਾ ਪਸ਼ਮੀਨਾ ਮੰਗਦੇ ਹਨ।
(ਹ) ਮਾਏ ਨੀ ਸੁਣ ਮੇਰੀਏ ਮਾਂਏ ਕਰਮ ਏਨਾ ਹੀ ਕਰ ਦੇ,
ਨਾ ਦੇ ਨੀ ਸੋਨੇ ਦਾ ਟਿੱਕਾ ਸਿਰ ਉੱਤੇ ਹੱਥ ਧਰ ਦੇ।
ਮਾਂਏ ਨੀ ਕੁਝ ਹੋਰ ਨਾ ਮੰਗਾਂ ਰਾਂਝਾ ਮੈਨੂੰ ਵਰ ਦੇ, ਅੱਜ ਮੇਰੇ ਕੋਲੋਂ …………………..I
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਕਵਿਤਾ ‘ਕੱਚ ਦਾ ਗਲਾਸ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਉਸ ਮੁਟਿਆਰ ਧੀ ਦੇ ਦਿਲੀ ਭਾਵ ਅੰਕਿਤ ਕੀਤੇ ਹਨ, ਜਿਸ ਦੇ ਮਾਪਿਆਂ ਵੱਲੋਂ ਉਸ ਦੀ ਆਪਣੀ ਪਸੰਦ ਦੇ ਮੁੰਡੇ ਨਾਲ਼ ਵਿਆਹ ਕਰਨ ਦੀ ਇੱਛਾ ਨੂੰ ਨਾ-ਮਨਜ਼ੂਰ ਕੀਤਾ ਜਾਂਦਾ ਹੈ।
ਵਿਆਖਿਆ – ਕਵੀ ਲਿਖਦਾ ਕਿ ਮੁਟਿਆਰ ਧੀ ਆਪਣੀ ਮਾਂ ਨੂੰ ਕਹਿੰਦੀ ਹੈ, ਹੇ ਮਾਂ ! ਮੇਰੀ ਗੱਲ ਸੁਣਕੇ ਤੂੰ ਮੇਰੇ ਉੱਤੇ ਇੱਕ ਛੋਟੀ ਜਿਹੀ ਮਿਹਰਬਾਨੀ ਕਰ ਦੇ ਕਿ ਮੈਨੂੰ ਸੋਨੇ ਦਾ ਟਿੱਕਾ ਬੇਸ਼ੱਕ ਨਾ ਦੇਣਾ ਪਰ ਮੇਰੇ ਸਿਰ ਉੱਤੇ ਆਪਣੀ ਮਿਹਰ ਦਾ ਹੱਥ ਰੱਖ ਦੇਣਾ। ਹੇ ਮਾਂ, ਮੈਂ ਤੈਥੋਂ ਹੋਰ ਕੁੱਝ ਨਹੀਂ ਮੰਗਦੀ ਬਸ ਤੂੰ ਮੈਨੂੰ ਮੇਰੀ ਪਸੰਦ ਦੇ ਲੜਕੇ ਨਾਲ਼ ਵਿਆਹ ਦੇ।
ਕੇਂਦਰੀ ਭਾਵ
ਮਨੁੱਖ ਲਈ ਪੜ੍ਹਾਈ–ਲਿਖਾਈ ਦੇ ਮਾਧਿਅਮ ਦਾ ਸੰਬੰਧ ਉਸ ਦੀ ਚੰਗੀ ਰੋਜ਼ੀ-ਰੋਟੀ ਅਤੇ ਭਰਪੂਰ ਇਛਾਵਾਂ ਨਾਲ਼ ਹੈ, ਦੋਵਾਂ ਨੂੰ ਪ੍ਰਾਪਤ ਕਰਨ ਲਈ ਉਹ ਅੱਖਰਾਂ ਨੂੰ ਚੁਣਦਾ ਹੈ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਆਇਆ ਨੰਦ ਕਿਸ਼ੋਰ’ ਜਾਂ ‘ਕੱਚ ਦਾ ਗਲਾਸ’ ਕਵਿਤਾ ਦਾ ਲੇਖਕ ਕੌਣ ਹੈ?
ਉੱਤਰ – ਸੁਰਜੀਤ ਪਾਤਰ।
ਪ੍ਰਸ਼ਨ 2. ਨੰਦ ਕਿਸ਼ੋਰ ਕਿੱਥੋਂ ਆਇਆ ਸੀ?
ਉੱਤਰ – ਬਿਹਾਰ ਤੋਂ।
ਪ੍ਰਸ਼ਨ 3. ਨੰਦ ਕਿਸ਼ੋਰ ਕਿੱਥੇ ਆਇਆ ਸੀ?
ਉੱਤਰ – ਪੰਜਾਬ।
ਪ੍ਰਸ਼ਨ 4. ਨੰਦ ਕਿਸ਼ੋਰ ਦੀ ਪਤਨੀ ਦਾ ਕੀ ਨਾਂ ਸੀ?
ਉੱਤਰ – ਰਾਮਕਲੀ।
ਪ੍ਰਸ਼ਨ 5. ਨੰਦ ਕਿਸ਼ੋਰ ਕਿਹੜੇ ਪਿੰਡ ਵਿੱਚ ਰੁਕਿਆ ਸੀ?
ਉੱਤਰ – ਬਾੜੇਵਾਲ ਵਿੱਚ।
ਪ੍ਰਸ਼ਨ 6. ਨੰਦ ਕਿਸ਼ੋਰ ਨੇ ਆਪਣੀ ਧੀ ਦਾ ਨਾਂ ਕੀ ਰੱਖਿਆ?
ਉੱਤਰ – ਮਾਧੁਰੀ।
ਪ੍ਰਸ਼ਨ 7. ਮਾਧੁਰੀ ਪਿੰਡ ਦੇ ਸਕੂਲ ਵਿੱਚ ਕੀ ਲਿਖ ਰਹੀ ਸੀ?
ਉੱਤਰ – ਊੜਾ–ਐੜਾ।
ਪ੍ਰਸ਼ਨ 8. ਅੱਛਰ ਸਿੰਘ ਦੇ ਪੋਤੇ ਕੌਨਵੈਂਟ ਸਕੂਲ ਵਿੱਚ ਕੀ ਸਿੱਖ ਰਹੇ ਹਨ?
ਉੱਤਰ – ਅੰਗਰੇਜੀ ਦੀ ਏ.ਬੀ.ਸੀ.।
ਪ੍ਰਸ਼ਨ 9. ਕੁੜੀ ਨੂੰ ਕੀ ਟੁੱਟਣ ਤੇ ਮਾਂ ਤੋਂ ਝਿੜਕਾਂ ਪਈਆਂ ਸਨ?
ਉੱਤਰ – ਕੱਚ ਦਾ ਗਲਾਸ।
ਪ੍ਰਸ਼ਨ 10. ਦਿਲ ਦੇ ਟੁਕੜੇ ਕਿੱਥੇ ਰੜਕਦੇ ਹਨ?
ਉੱਤਰ – ਆਪਣੇ ਹੀ ਸੀਨੇ ਵਿੱਚ।
ਪ੍ਰਸ਼ਨ 11. ਮੁਟਿਆਰ ਕੁੜੀ ਅਨੁਸਾਰ ਇੱਥੇ ਸਸਤਾ ਕੀ ਹੈ?
ਉੱਤਰ – ਜ਼ਮੀਰਾਂ
ਪ੍ਰਸ਼ਨ 12. ਮੁਟਿਆਰ ਕੁੜੀ ਆਪਣੀ ਮਾਂ ਤੋਂ ਕੀ ਮੰਗਦੀ ਹੈ?
ਉੱਤਰ – ਮਨ–ਪਸੰਦ ਵਰ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037