13. ਅੰਮ੍ਰਿਤਾ ਪ੍ਰੀਤਮ
1. ਤ੍ਰਿੰਞਣ
(ੳ) ਸੱਭੇ ਸਹੇਲੀਆਂ ਬਣ ਬਣ ਆਈਆਂ ਸੱਜਰੇ ਸਿਰ ਗੁੰਦਾ
ਇੱਕ ਹੱਥ ਚਰਖਾ ਇੱਕ ਹੱਥ ਪੱਛੀ ਏਸ ਤ੍ਰਿੰਜਣ ਦੇ ਚਾਅ
ਕਿਸੇ ਨੇ ਪਾਇਆ ਕੋਰਾ ਝੱਗਾ ਨਿੱਕੀ–ਨਿੱਕੀ ਬੂਟੀ ਦਾ।
ਕਿਸੇ ਨੇ ਸਿਰ ‘ਤੇ ਲੀੜਾ ਲੀਤਾ ਮਹੀਨ ਡੋਰੀਏ ਦਾ
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ–ਮਾਲਾ:9’ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ‘ਤ੍ਰਿੰਝਣ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤ੍ਰੀ ਨੇ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕਰਦਿਆਂ ਤ੍ਰਿੰਞਣ ਦੇ ਦ੍ਰਿਸ਼ ਦਾ ਵਰਣਨ ਕੀਤਾ ਹੈ।
ਵਿਆਖਿਆ – ਕਵਿਤ੍ਰੀ ਲਿਖਦੀ ਹੈ ਕਿ ਸਾਰੀਆਂ ਸਹੇਲੀਆਂ ਤਾਜੇ-ਤਾਜੇ ਸਿਰ ਗੁੰਦਵਾ ਕੇ ਤੇ ਨਹਾ-ਧੋ ਕੇ ਸੁੰਦਰ ਕੱਪੜੇ ਪਾ ਕੇ ਬਣ–ਸੰਵਰ ਕੇ ਤ੍ਰਿੰਞਣ ਵਿੱਚ ਆਈਆਂ ਹਨ। ਤ੍ਰਿੰਞਣ ਆਉਣ ਦੇ ਚਾਅ ਵਿੱਚ ਹਰੇਕ ਦੇ ਇੱਕ ਹੱਥ ਵਿੱਚ ਚਰਖਾ ਤੇ ਦੂਜੇ ਹੱਥ ਵਿੱਚ ਪੂਣੀਆਂ ਵਾਲ਼ੀ ਟੋਕਰੀ ਚੁੱਕੀ ਹੋਈ ਹੈ। ਕਿਸੇ ਕੁੜੀ ਨੇ ਨਿੱਕੀ–ਨਿੱਕੀ ਬੂਟੀ ਵਾਲ਼ਾ ਨਵਾਂ ਝੱਗਾ ਪਾਇਆ ਹੋਇਆ ਹੈ ਤੇ ਕਿਸੇ ਨੇ ਸਿਰ ਉੱਪਰ ਬਾਰੀਕ ਡੋਰੀਏ ਦਾ ਦੁਪੱਟਾ ਲਿਆ ਹੋਇਆ ਹੈ।
(ਅ) ਅੱਖੀਂ ਕੱਜਲਾ ਬੁੱਲ੍ਹ ਦੰਦਾਸਾ ਹੱਥੀਂ ਮਹਿੰਦੀ ਲਾ
ਬਣ-ਬਣ ਪਈਆਂ ਪੈਣ ਬਲੌਰੀ ਗੁਜਰੇ ਹੱਥ ਚੜ੍ਹਾ
ਚਿੱਟੇ ਪੱਟ ਦਾ ਮੋਤੀਆ ਤੇ ਸਾਵੀਆਂ ਡੰਡੀਆਂ ਪਾ
ਕਿਸੇ ਨੇ ਸਿਰ ‘ਤੇ ਪੱਲਾ ਕੀਤਾ ਸੂਹੀ ਫੁਲਕਾਰੀ ਦਾ
ਸਹੇਲੀਆਂ ਦੀ ਸਰਦਾਰ ਹੀਰ ਕੋਈ ਡੰਡੀ ਝੁਮਕੀ ਪਾ
ਐਧਰ ਸਖੀਆਂ ਔਧਰ ਸਖੀਆਂ ਬੈਠੀ ਪੀੜ੍ਹਾ ਡਾਹ
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ‘ਤ੍ਰਿੰਝਣ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤ੍ਰੀ ਨੇ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕਰਦਿਆਂ ਤ੍ਰਿੰਞਣ ਦੇ ਦ੍ਰਿਸ਼ ਦਾ ਵਰਣਨ ਕੀਤਾ ਹੈ।
ਵਿਆਖਿਆ – ਕਵਿਤ੍ਰੀ ਲਿਖਦੀ ਹੈ ਕਿ ਚਰਖਾ ਕੱਤਣ ਲਈ ਤ੍ਰਿੰਞਣ ਵਿੱਚ ਇਕੱਠੀਆਂ ਹੋਈਆਂ ਕੁੜੀਆਂ ਅੱਖਾਂ ਵਿੱਚ ਸੁਰਮਾ, ਦੰਦਾਂ ਤੇ ਦੰਦਾਸਾ ਅਤੇ ਹੱਥਾਂ ਉੱਤੇ ਮਹਿੰਦੀ ਲਾ ਕੇ ਆਈਆਂ ਹਨ। ਉਹ ਹੱਥਾਂ ਵਿੱਚ ਕੱਚ ਦੇ ਬਣੇ ਗ਼ਜਰੇ ਪਾ ਕੇ ਬਹੁਤ ਸੁੰਦਰ ਲੱਗ ਰਹੀਆਂ ਹਨ। ਕਿਸੇ ਨੇ ਕੰਨਾਂ ਵਿੱਚ ਇੱਕੋ ਜਿਹੀਆਂ ਡੰਡੀਆਂ ਪਾ ਕੇ ਸਿਰ ਤੇ ਚਿੱਟਾ ਰੇਸ਼ਮੀ ਮੋਤੀਆ ਵਾਲ਼ਾ ਦੁਪੱਟਾ ਲਿਆ ਹੋਇਆ ਹੈ। ਕਿਸੇ ਨੇ ਸਿਰ ਉੱਪਰ ਲਾਲ ਫੁਲਕਾਰੀ ਦਾ ਪੱਲਾ ਲਿਆ ਹੋਇਆ ਹੈ। ਇਨ੍ਹਾਂ ਕੁੜੀਆਂ ਦੀ ਸਰਦਾਰ ਕੋਈ ਹੀਰ ਕੁੜੀ ਡੰਡੀ–ਝੁਮਕੀ ਪਾ ਕੇ ਇਧਰ–ਉਧਰ ਬੈਠੀਆਂ ਸਹੇਲੀਆਂ ਦੇ ਵਿਚਕਾਰ ਪੀੜ੍ਹਾ ਡਾਹ ਕੇ ਬੈਠੀ ਹੈ।
(ੲ) ਕਿਸੇ ਨੇ ਆਂਦੀ ਪੱਛੀ ਭਰ ਕੇ ਚੌਲ਼ ਤੇ ਕਣਕ ਭੁਨਾ
ਖੱਖੜੀਆਂ ਦੇ ਬੀ ਭੁਨਾਏ ਕਿਸੇ ਭੱਠੀ ‘ਤੇ ਜਾ
ਕੋਈ ਲਿਆਈ ਘੁੰਗਣੀਆਂ ਕੋਈ ਖਿੱਲਾਂ ਝੋਲੀ ਪਾ
ਕੋਈ ਲਿਆਈ ਖੀਲਾਂ ਛੋਲੇ ਸੱਤੂ ਕੋਈ ਬਣਵਾ
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ‘ਤ੍ਰਿੰਝਣ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤ੍ਰੀ ਨੇ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕਰਦਿਆਂ ਤ੍ਰਿੰਞਣ ਦੇ ਦ੍ਰਿਸ਼ ਦਾ ਵਰਣਨ ਕੀਤਾ ਹੈ।
ਵਿਆਖਿਆ – ਕਵਿਤ੍ਰੀ ਲਿਖਦੀ ਹੈ ਕਿ ਤ੍ਰਿੰਞਣ ਵਿੱਚ ਆਈ ਕਿਸੇ ਕੁੜੀ ਨੇ ਖਾਣ ਲਈ ਕਣਕ ਤੇ ਚੌਲ ਭੁੰਨਾ ਕੇ ਟੋਕਰੀ ਭਰ ਕੇ ਲਿਆਂਦੀ ਹੈ। ਕਿਸੇ ਨੇ ਭੱਠੀ ਤੋਂ ਖ਼ੱਖੜੀਆਂ ਦੇ ਬੀਜ਼ ਭੁੰਨਾ ਕੇ ਲਿਆਂਦੇ ਹਨ। ਕੋਈ ਉੱਬਲੇ ਹੋਏ ਅਨਾਜ ਦੇ ਜਾਣੇ ਲੈ ਕੇ ਆਈ ਹੈ ਤੇ ਕੋਈ ਝੋਲੀ ਵਿੱਚ ਚੌਲਾਂ ਦੇ ਦਾਣਿਆਂ ਦੀਆਂ ਖਿੱਲਾਂ ਪਾ ਕੇ ਲਿਆਈ ਹੈ। ਕੋਈ ਘਰੋਂ ਛੋਲਿਆਂ ਦੀਆਂ ਖਿੱਲਾਂ ਲੈ ਕੇ ਆਈ ਹੈ ਤੇ ਕੋਈ ਸੱਤੂ ਬਣਵਾ ਕੇ ਲਿਆਈ ਹੈ।
(ਸ) ਨਿੱਤ ਨਿੱਤ ਵਗਦੇ ਰਹਿਣਗੇ ਪਾਣੀ ਨਿੱਤ ਪੱਤਣ ‘ਤੇ ਮੇਲਾ
ਬਚਪਨ ਨਿੱਤ ਜਵਾਨੀ ਬਣਦਾ ਨਿੱਤ ਕੱਤਣ ਦਾ ਵੇਲਾ
ਜੋ ਪਾਣੀ ਅੱਜ ਪੱਤਣੋਂ ਲੰਘੇ ਫੇਰ ਨਾ ਆਵੇ ਭਲਕੇ
ਬੇੜੀ ਦਾ ਪੂਰ, ਤ੍ਰਿੰਵਣ ਦੀਆਂ ਕੁੜੀਆਂ ਫੇਰ ਨਾ ਬੈਠਣ ਰਲ਼ ਕੇ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ‘ਤ੍ਰਿੰਝਣ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤ੍ਰੀ ਨੇ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕਰਦਿਆਂ ਤ੍ਰਿੰਞਣ ਦੇ ਦ੍ਰਿਸ਼ ਦਾ ਵਰਣਨ ਕੀਤਾ ਹੈ।
ਵਿਆਖਿਆ – ਕਵਿਤ੍ਰੀ ਕਹਿੰਦੀ ਹੈ ਕਿ ਧਰਤੀ ਉੱਪਰ ਹਰ ਰੋਜ਼ ਪਾਣੀ ਵਗਦੇ ਰਹਿਣਗੇ ਤੇ ਹਰ ਰੋਜ਼ ਕੰਢਿਆਂ ਉੱਪਰ ਆਉਣ–ਜਾਣ ਵਾਲ਼ੇ ਲੋਕਾਂ ਦਾ ਮੇਲਾ ਲੱਗਦਾ ਰਹੇਗਾ। ਹਰ ਮੁਟਿਆਰ ਦਾ ਬਚਪਨ ਇੱਕ-ਇੱਕ ਦਿਨ ਕਰਕੇ ਜਵਾਨੀ ਵਿੱਚ ਵਟ ਜਾਂਦਾ ਹੈ ਤੇ ਤ੍ਰਿੰਞਣਾਂ ਵਿੱਚ ਕੱਤਣ ਦਾ ਕੰਮ ਵੀ ਹਰ ਰੋਜ਼ ਹੁੰਦਾ ਹੈ। ਪਰ ਜਿਹੜਾ ਪਾਣੀ ਅੱਜ ਪੱਤਣ ਤੋਂ ਲੰਘ ਜਾਂਦਾ ਹੈ, ਉਹ ਕੱਲ੍ਹ ਨੂੰ ਮੁੜ ਕੇ ਉੱਥੋਂ ਨਹੀਂ ਲੰਘੇਗਾ। ਇਸ ਤਰ੍ਹਾਂ ਹੀ ਬੇੜੀ ਵਿੱਚ ਬੈਠੀਆਂ ਇਕੱਠੇਆਂ ਮੁਸਾਫ਼ਿਰ ਸਵਾਰੀਆਂ ਅਤੇ ਤ੍ਰਿੰਞਣ ਵਿੱਚ ਇਕੱਠੀਆਂ ਬੈਠੀਆਂ ਸਾਰੀਆਂ ਕੁੜੀਆਂ ਦੁਬਾਰਾ ਇਕੱਠੀਆਂ ਰਲ਼ ਕੇ ਨਹੀਂ ਬੈਠਦੀਆਂ।
2. ਅਹਿਦਨਾਮਾ
(ੳ) ਅਮਨ ਦਾ ਇਹ ਅਹਿਦਨਾਮਾ, ਆਓ ਦੁਨੀਆ ਵਾਲਿਓ ਦਸਖ਼ਤ ਕਰੋ
ਕਾਗ਼ਜ਼ ਹੈ ਇਹ ਤਕਦੀਰ ਦਾ, ਤੇ ਕਲਮ ਹੈ ਤਦਬੀਰ ਦੀ
ਅੱਜ ਕਲਮ ਦੇ ਵਿੱਚ ਅਮਨ ਦੀ ਸਿਆਹੀ ਭਰੋ ! ਦਸਖ਼ਤ ਕਰੋ।
ਪ੍ਰਸੰਗ – ਇਹ ਕਾਵਿ–ਟੋਟਾ ‘ਸਾਹਿਤ–ਮਾਲਾ:9’ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ‘ਅਹਿਦਨਾਮਾ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤ੍ਰੀ ਸੰਸਾਰ ਦੇ ਸਿਆਸੀ ਤੇ ਧਾਰਮਿਕ ਆਗੂਆਂ, ਕਲਾਕਾਰਾਂ, ਲਿਖਾਰੀਆਂ ਤੇ ਫ਼ਿਲਾਸਫ਼ਰਾਂ ਨੂੰ ਸੰਸਾਰ ਵਿੱਚੋਂ ਨਫ਼ਰਤ ਦੂਰ ਕਰਕੇ ਅਮਨ ਨਾਲ਼ ਰਹਿਣ ਲਈ ਪ੍ਰਤਿੱਗਿਆ ਪੱਤਰ ਉੱਤੇ ਦਸਤਖ਼ਤ ਕਰਨ ਦਾ ਹੋਕਾ ਦਿੰਦੀ ਹੈ।
ਵਿਆਖਿਆ – ਕਵਿਤ੍ਰੀ ਕਹਿੰਦੀ ਹੈ ਕਿ ਦੁਨੀਆ ਦੇ ਲੋਕੋ ਸੰਸਾਰ ਵਿੱਚ ਅਮਨ ਲਿਆਉਣ ਲਈ ਇਸ ਸ਼ਾਂਤੀ ਦੇ ਪ੍ਰਤਿੱਗਿਆ–ਪੱਤਰ ਉੱਤੇ ਦਸਤਖ਼ਤ ਕਰੋ। ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਭਵਿੱਖ ਦੀ ਕਿਸਮਤ ਦਾ ਕਾਗ਼ਜ਼ ਪਿਆ ਹੈ ਤੇ ਉਨ੍ਹਾਂ ਦੇ ਹੱਥ ਵਿੱਚ ਭਵਿੱਖ ਦੇ ਖ਼ਤਰਿਆਂ ਨੂੰ ਟਾਲਣ ਵਾਲ਼ੀ ਕਲਮ ਹੈ। ਉਹ ਆਪਣੀ ਇਸ ਕਲਮ ਵਿੱਚ ਅਮਨ ਤੇ ਸ਼ਾਤੀ ਦੀ ਸਿਆਹੀ ਭਰਕੇ ਇਸ ਪ੍ਰਤਿੱਗਿਆ–ਪੱਤਰ ਉੱਤੇ ਦਸਤਖ਼ਤ ਕਰ ਦੇਣ ਤਾਂ ਜੋ ਸੰਸਾਰ ਵਿੱਚ ਅਮਨ ਕਾਇਮ ਹੋ ਸਕੇ।
(ਅ) ਨਫ਼ਰਤ ਦੀ ਕਾਲੀ ਰਾਤ ਹੈ, ਨਫ਼ਰਤ ਦੀ ਕਾਲੀ ਬਾਤ ਹੈ
ਠੋਹਕਰ ਨਾ ਲੱਗੇ ਇਲਮ ਨੂੰ, ਠੋਹਕਰ ਨਾ ਲੱਗੇ ਕਲਮ ਨੂੰ
ਦਿਲ ਦਾ ਚਿਰਾਗ਼ ਬਾਲ ਕੇ ਸਾਂਹਵੇਂ ਧਰੋ ! ਦਸਖ਼ਤ ਕਰੋ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ‘ਅਹਿਦਨਾਮਾ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤ੍ਰੀ ਸੰਸਾਰ ਦੇ ਸਿਆਸੀ ਤੇ ਧਾਰਮਿਕ ਆਗੂਆਂ, ਕਲਾਕਾਰਾਂ, ਲਿਖਾਰੀਆਂ ਤੇ ਫ਼ਿਲਾਸਫ਼ਰਾਂ ਨੂੰ ਸੰਸਾਰ ਵਿੱਚੋਂ ਨਫ਼ਰਤ ਦੂਰ ਕਰਕੇ ਅਮਨ ਨਾਲ਼ ਰਹਿਣ ਲਈ ਪ੍ਰਤਿੱਗਿਆ ਪੱਤਰ ਉੱਤੇ ਦਸਤਖ਼ਤ ਕਰਨ ਦਾ ਹੋਕਾ ਦਿੰਦੀ ਹੈ।
ਵਿਆਖਿਆ – ਕਵਿਤ੍ਰੀ ਲਿਖਦੀ ਹੈ ਕਿ ਸੰਸਾਰ ਵਿੱਚ ਸਾਡੇ ਆਲ਼ੇ–ਦੁਆਲ਼ੇ ਮਨੁੱਖਤਾ ਵਿੱਚ ਨਫ਼ਰਤ ਦੀ ਕਾਲੀ ਰਾਤ ਪਸਰੀ ਹੋਈ ਹੈ ਤੇ ਹਰ ਪਾਸੇ ਨਫ਼ਰਤ ਦੀਆਂ ਕਾਲੀਆਂ ਗੱਲਾਂ ਹੋ ਰਹੀਆਂ ਹਨ। ਸਾਨੂੰ ਖ਼ਬਰਦਾਰ ਹੋਣਾ ਚਾਹੀਦਾ ਹੈ ਤਾਂ ਜੋ ਦੁਨੀਆ ਵਿੱਚ ਪਿਆਰ ਵੰਡਣ ਵਾਲ਼ਿਆਂ ਦੀ ਕਲਮ ਨੂੰ ਨੁਕਸਾਨ ਪਹੁੰਚਾਉਣ ਵਾਲ਼ੀ ਕੋਈ ਗੱਲ ਨਾ ਹੋਵੇ। ਇਸ ਲਈ ਸਾਨੂੰ ਦਿਲ ਦੇ ਦੀਵੇ ਬਾਲ ਕੇ ਰੌਸ਼ਨੀ ਕਰਨ ਲਈ ਸਾਹਮਣੇ ਰੱਖਣੇ ਚਾਹੀਦੇ ਹਨ ਤਾਂ ਜੋ ਸਭ ਨੂੰ ਇਨ੍ਹਾਂ ਦੀ ਮਹਾਨਤਾ ਸਮਝ ਆ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਰੇ ਮਿਲ਼ ਕੇ ਅਮਨ ਦੇ ਪ੍ਰਤਿੱਗਿਆ–ਪੱਤਰ ਉੱਤੇ ਦਸਖ਼ਤ ਕਰੋ।
(ੲ) ਆਵੋ ਕਿ ਜਿੰਦਾਂ ਮਹਿੰਗੀਆਂ, ਆਵੋ ਕਿ ਮੌਤਾਂ ਸਸਤੀਆਂ
ਓਏ ਹੁਸਨ ਦੇ ਵਣਜਾਰਿਓ, ਓਏ ਹੁਨਰ ਦੇ ਵਣਜਾਰਿਓ
ਅੱਜ ਆਪਣੇ ਆਪਣੇ ਇਸ਼ਕ ਨੂੰ ਜ਼ਾਮਨ ਧਰੋ! ਦਸਖ਼ਤ ਕਰੋ।
ਬਰਕਤ ਤੇਰੀ ਆਵਾਜ਼ ਦੀ, ਬਰਕਤ ਮੇਰੀ ਆਵਾਜ਼ ਦੀ
ਤੇ ਬੂੰਦ-ਬੂੰਦ ਜੋੜ ਕੇ ਸਾਗਰ ਭਰੋ ! ਦਸਖ਼ਤ ਕਰੋ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ‘ਅਹਿਦਨਾਮਾ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤ੍ਰੀ ਸੰਸਾਰ ਦੇ ਸਿਆਸੀ ਤੇ ਧਾਰਮਿਕ ਆਗੂਆਂ, ਕਲਾਕਾਰਾਂ, ਲਿਖਾਰੀਆਂ ਤੇ ਫ਼ਿਲਾਸਫ਼ਰਾਂ ਨੂੰ ਸੰਸਾਰ ਵਿੱਚੋਂ ਨਫ਼ਰਤ ਦੂਰ ਕਰਕੇ ਅਮਨ ਨਾਲ਼ ਰਹਿਣ ਲਈ ਪ੍ਰਤਿੱਗਿਆ ਪੱਤਰ ਉੱਤੇ ਦਸਤਖ਼ਤ ਕਰਨ ਦਾ ਹੋਕਾ ਦਿੰਦੀ ਹੈ।
ਵਿਆਖਿਆ – ਕਵਿਤ੍ਰੀ ਕਹਿੰਦੀ ਹੈ ਕਿ ਮਨੁੱਖੀ ਜਿੰਦਗੀਆਂ ਬਹੁਤ ਮਹਿੰਗੀਆਂ ਹੋ ਗਈਆਂ ਹਨ ਪਰੰਤੂ ਜੰਗ ਤੇ ਨਫ਼ਰਤ ਇਨ੍ਹਾਂ ਲਈ ਮੌਤ ਨੂੰ ਸਸਤੀ ਬਣਾ ਰਹੀ ਹੈ। ਕਵਿਤ੍ਰੀ ਸੁੰਦਰਤਾ ਤੇ ਹੁਨਰ ਦੇ ਵਪਾਰੀਆਂ ਨੂੰ ਕਹਿੰਦੀ ਹੈ ਕਿ ਉਹ ਆ ਕੇ ਆਪੋ ਆਪਣੇ ਇਸ਼ਕ ਨੂੰ ਜ਼ਾਮਨ ਧਰ ਕੇ ਅਮਨ ਦੇ ਪ੍ਰਤਿੱਗਿਆ–ਪੱਤਰ ‘ਤੇ ਦਸਖ਼ਤ ਕਰਨ। ਇਹ ਬਰਕਤ ਵਾਲ਼ੀ ਤੇਰੀ ਅਵਾਜ਼ ਤੇ ਮੇਰੀ ਅਵਾਜ਼ ਇਕੱਠੀਆਂ ਹੋ ਜਾਣ ਕਿਉਂਕਿ ਬੂੰਦ–ਬੂੰਦ ਨਾਲ਼ ਸਾਗਰ ਵਰਗੀ ਸ਼ਕਤੀ ਇਕੱਠੀ ਕਰ ਲੈਣੀ ਚਾਹੀਦੀ ਹੈ ਤੇ ਸੰਸਾਰ–ਅਮਨ ਨੂੰ ਸਥਿਰ ਕਰਨ ਲਈ ਇਸ ਸੰਬੰਧੀ ਪ੍ਰਤਿੱਗਿਆ ਪੱਤਰ ਉੱਤੇ ਦਸਖ਼ਤ ਕਰਨੇ ਚਾਹੀਦੇ ਹਨ।
(ਸ) ਦੀਨਾਂ ਈਮਾਨਾਂ ਵਾਲ਼ਿਓ ਦਸਖ਼ਤ ਕਰੋ।
ਦੋਹਾਂ ਜਹਾਨਾਂ ਵਾਲ਼ਿਓ ਦਸਖ਼ਤ ਕਰੋ।
ਨੇਮਾਂ ਤੇ ਧਰਮਾਂ ਵਾਲ਼ਿਓ ਦਸਖ਼ਤ ਕਰੋ।
ਵੇ ਆਓ ਕਰਮਾਂ ਵਾਲ਼ਿਓ ਦਸਖ਼ਤ ਕਰੋ।
ਪ੍ਰਸੰਗ – ਇਹ ਕਾਵਿ-ਟੋਟਾ ‘ਸਾਹਿਤ-ਮਾਲਾ:9’ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ‘ਅਹਿਦਨਾਮਾ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤ੍ਰੀ ਸੰਸਾਰ ਦੇ ਸਿਆਸੀ ਤੇ ਧਾਰਮਿਕ ਆਗੂਆਂ, ਕਲਾਕਾਰਾਂ, ਲਿਖਾਰੀਆਂ ਤੇ ਫ਼ਿਲਾਸਫ਼ਰਾਂ ਨੂੰ ਸੰਸਾਰ ਵਿੱਚੋਂ ਨਫ਼ਰਤ ਦੂਰ ਕਰਕੇ ਅਮਨ ਨਾਲ਼ ਰਹਿਣ ਲਈ ਪ੍ਰਤਿੱਗਿਆ ਪੱਤਰ ਉੱਤੇ ਦਸਤਖ਼ਤ ਕਰਨ ਦਾ ਹੋਕਾ ਦਿੰਦੀ ਹੈ।
ਵਿਆਖਿਆ – ਕਵਿਤ੍ਰੀ ਕਹਿੰਦੀ ਹੈ ਕਿ ਸੰਸਾਰ–ਅਮਨ ਨੂੰ ਭੰਗ ਹੋਣ ਤੋਂ ਬਚਾਉਣ ਲਈ ਤੇ ਸੰਸਾਰ ਵਿੱਚੋਂ ਨਫ਼ਰਤ ਨੂੰ ਖ਼ਤਮ ਕਰਨ ਲਈ ਸਭ ਨੂੰ ਇੱਕ ਪ੍ਰਤਿੱਗਿਆ–ਪੱਤਰ ਉੱਤੇ ਦਸਖ਼ਤ ਕਰਨ ਦਾ ਹੋਕਾ ਦਿੰਦੀ ਹੈ। ਉਹ ਦੀਨਾਂ–ਧਰਮਾਂ, ਵਿਰੋਧੀ ਸੰਸਾਰ–ਸ਼ਕਤੀਆਂ ਤੇ ਨੇਮਾਂ ਧਰਮਾਂ ਵਾਲ਼ਿਆਂ ਨੂੰ ਸੱਦਾ ਦਿੰਦੀ ਹੋਈ ਕਹਿੰਦੀ ਹੈ ਕਿ ਭਾਗਾਂ ਵਾਲਿਓ! ਆਓ, ਇਸ ਪ੍ਰਤਿੱਗਿਆ–ਪੱਤਰ ਉੱਤੇ ਦਸਦਸਖ਼ਤ ਕਰਕੇ ਆਪਣੇ ਫ਼ਰਜ਼ ਦੀ ਪਾਲਣਾ ਕਰੋ। ਇਸ ਵਿੱਚ ਹੀ ਸਮੁੱਚੀ ਮਨੁੱਖਤਾ ਦਾ ਭਲਾ ਹੈ।
ਕੇਂਦਰੀ ਭਾਵ
ਤ੍ਰਿੰਞਣ ਵਿੱਚ ਬਹੁਤ ਸਾਰੀਆਂ ਕੁੜੀਆਂ ਬਣ–ਠਣ ਕੇ ਇਕੱਠੀਆਂ ਹੁੰਦੀਆਂ ਹਨ ਤੇ ਚਰਖੇ ਕੱਤਦੀਆਂ ਹਨ, ਪਰ ਵਿਆਹੀਆਂ ਜਾਣ ਮਗਰੋਂ ਉਹ ਮੁੜ ਸਾਰੀਆਂ ਇਕੱਠੀਆਂ ਨਹੀਂ ਹੋ ਸਕਦੀਆਂ।
ਕੇਂਦਰੀ ਭਾਵ
ਸੰਸਾਰ ਵਿੱਚ ਨਫ਼ਰਤ ਤੇ ਜੰਗ ਦਾ ਹਨੇਰਾ ਛਾਇਆ ਹੋਇਆ ਹੈ, ਜਿਸ ਤੋਂ ਬਚਣ ਲਈ ਸਭ ਨੂੰ ਸੰਸਾਰ-ਅਮਨ ਦੇ ਪ੍ਰਤਿੱਗਿਆ ਪੱਤਰ ਉੱਪਰ ਦਸਤਖ਼ਤ ਕਰਨੇ ਚਾਹੀਦੇ ਹਨ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਤ੍ਰਿੰਞਣ’ ਕਵਿਤਾ ਕਿਸ ਦੀ ਰਚਨਾ ਹੈ?
ਉੱਤਰ – ਅੰਮ੍ਰਿਤਾ ਪ੍ਰੀਤਮ ਦੀ।
ਪ੍ਰਸ਼ਨ 2. ਅੰਮ੍ਰਿਤਾ ਪ੍ਰੀਤਮ ਦੀ ਕਿਹੜੀ ਕਵਿਤਾ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕਰਦੀ ਹੈ?
ਉੱਤਰ – ਤ੍ਰਿੰਞਣ।
ਪ੍ਰਸ਼ਨ 3. ‘ਤ੍ਰਿੰਞਣ’ ਵਿੱਚ ਕੌਣ ਬਣ–ਠਣ ਕੇ ਆਈਆਂ ਹਨ?
ਉੱਤਰ – ਸਹੇਲੀਆਂ।
ਪ੍ਰਸ਼ਨ 4. ਸਹੇਲੀਆਂ ਕਾਹਦੇ ਚਾਅ ਨਾਲ਼ ਇਕੱਠੀਆਂ ਹੋਈਆਂ ਹਨ?
ਉੱਤਰ – ਤ੍ਰਿੰਞਣ ਦੇ।
ਪ੍ਰਸ਼ਨ 5. ‘ਤ੍ਰਿੰਞਣ’ ਦੀਆਂ ਕੁੜੀਆਂ ਦੇ ਇਕੱਠ ਦੀ ਕਿਸ ਚੀਜ਼ ਨਾਲ਼ ਤੁਲਨਾ ਕੀਤੀ ਗਈ ਹੈ?
ਉੱਤਰ – ਬੇੜੀ ਦੇ ਪੂਰ ਨਾਲ਼।
ਪ੍ਰਸ਼ਨ 6. ਕਵਿਤ੍ਰੀ ਕਾਹਦੇ ਅਹਿਦਨਾਮੇ ਉੱਤੇ ਦਸਤਖ਼ਤ ਕਰਨ ਲਈ ਕਹਿੰਦੀ ਹੈ?
ਉੱਤਰ – ਅਮਨ ਦੇ।
ਪ੍ਰਸ਼ਨ 7. ‘ਅਹਿਦਨਾਮਾ’ ਕਵਿਤਾ ਵਿੱਚ ਕਾਹਦਾ ਚਿਰਾਗ ਬਾਲਣ ਲਈ ਕਿਹਾ ਗਿਆ ਹੈ?
ਉੱਤਰ – ਦਿਲ ਦਾ।
ਪ੍ਰਸ਼ਨ 8. ‘ਅਹਿਦਨਾਮਾ’ ਕਵਿਤਾ ਵਿੱਚ ਕਾਹਦੀ ਕਾਲੀ ਰਾਤ ਹੈ?
ਉੱਤਰ – ਨਫ਼ਰਤ ਦੀ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037