8. ਵਿਧਾਤਾ ਸਿੰਘ ਤੀਰ
1. ਨਵੀਂ-ਪੁਰਾਣੀ ਤਹਿਜ਼ੀਬ
(ੳ) ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ, ਉਹ ਜੋਬਨ ਨਹੀਂ ਮੁੜਦਾ, ਜੋ ਪੱਤਰਾ ਵਾਚ ਗਿਆ।
ਪਾਣੀ ਦਰਿਆਵਾਂ ਦੇ, ਇੱਕ ਵਾਰ ਜੋ ਵਹਿ ਗਏ ਹਨ, ‘ਪਰਤਣ ਨਾ ਪੱਤਣਾਂ‘ ‘ਤੇ ਇਹ ਦਾਨੇ ਕਹਿ ਗਏ ਹਨ।
ਤਦਬੀਰ ਲਿਆਵੇ ਕਿਵੇਂ, ਤਕਦੀਰ ਜੋ ਲੈ ਗਈ ਹੈ, ਗੱਲਾਂ ਹਨ ਚੱਲੀਆਂ ਤਾਂ, ਗੱਲ ਕਰਨੀ ਪੈ ਗਈ ਹੈ।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ‘ਨਵੀਂ ਪੁਰਾਣੀ ਤਹਿਜ਼ੀਬ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ’ਤੇ ਵਿਅੰਗ ਕਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਗੁਆਚ ਗਈ ਪੁਰਾਣੀ ਸੱਭਿਅਤਾ ਲਈ ਦੁੱਖ ਦੇ ਭਾਵ ਪ੍ਰਗਟ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਿਹੜਾ ਵਕਤ ਇੱਕ ਵਾਰ ਹੱਥੋਂ ਚਲਾ ਜਾਵੇ ਅਤੇ ਜਵਾਨੀ ਚਲੀ ਜਾਵੇ ਤਾਂ ਉਹ ਵਾਪਸ ਨਹੀਂ ਆਉਂਦੇ। ਸਿਆਣਿਆਂ ਦੀ ਕਹੀ ਗੱਲ ਬਿਲਕੁਲ ਸਹੀ ਹੈ ਕਿ ਦਰਿਆਵਾਂ ਦੇ ਜਿਹੜੇ ਪਾਣੀ ਵਗਦੇ ਹੋਏ ਇੱਕ ਵਾਰੀ ਜਿਹਨਾਂ ਪੱਤਣਾਂ ਉੱਤੋਂ ਲੰਘ ਜਾਂਦੇ ਹਨ, ਉਹ ਵਾਪਸ ਮੁੜ ਕੇ ਉਨ੍ਹਾਂ ਪੱਤਣਾਂ ਉੱਤੇ ਕਦੇ ਨਹੀਂ ਆਉਂਦੇ। ਜਿਹੜੀ ਚੀਜ਼ ਕਿਸਮਤ ਸਾਡੇ ਤੋਂ ਖੋਹ ਕੇ ਲੈ ਜਾਵੇ, ਉਸ ਨੂੰ ਅਸੀਂ ਕੋਈ ਵੀ ਢੰਗ ਤਰੀਕਾ ਆਪਣਾ ਕੇ ਵਾਪਸ ਨਹੀਂ ਲਿਆ ਸਕਦੇ। ਇਸ ਲਈ ਸਾਡੀ ਪੁਰਾਣੀ ਸੱਭਿਅਤਾ ਜੋ ਸਾਡੇ ਤੋਂ ਖੁੱਸ ਗਈ ਹੈ, ਉਹ ਵਾਪਸ ਨਹੀਂ ਆ ਸਕਦੀ। ਸੱਭਿਅਤਾ ਬਾਰੇ ਗੱਲਾਂ ਚੱਲਣ ਕਰਕੇ ਹੀ ਇਹ ਗੱਲ ਕਹਿਣ ਦੀ ਲੋੜ ਮਹਿਸੂਸ ਹੋਈ।
(ਅ) ਤਹਿਜੀਬ ਗਵਾਈ ਨਹੀਂ, ਅਸਾਂ ਅਕਲ ਗਵਾ ਲਈ ਹੈ, ‘ਕਪਲਾ ਗਊ’ ਦੇ ਕੇ ਘਰੋਂ, ਇੱਕ ਖੋਤੀ ਵਟਾ ਲਈ ਹੈ।
ਦੁੱਧ ਪੀਣੋਂ ਰਹਿ ਗਏ ਹਾਂ, ਲਿੱਦ ਝੋਲੀ ਪਾ ਲਈ ਹੈ, ਕੀ ਲਈ ਤਹਿਜ਼ੀਬ ਨਵੀਂ, ਗਲ਼ ਜ਼ਹਿਮਤ ਪਾ ਲਈ ਹੈ।
ਜੇ ਇਹ ਵੀ ਕਹਿ ਦੇਈਏ, ਮਾਸਾ ਨਹੀਂ ਝੂਠ ਕੁਈ, ਰਿਸ਼ੀਆਂ ਦੇ ਚੌਂਕੇ ਵਿੱਚ, ਪੱਛਮ ਦੀ ‘ਜੂਠ‘ ਕੁਈ।
ਆਈ ਅੱਗ ਲੈਣ ਲਈ, ਆ ਕੇ ਘਰ ਪਾ ਬੈਠੀ, ਭਾਰਤ ਦਾ ਸਾਊਪੁਣਾ, ਸਭ ਰਿੰਨ੍ਹ ਕੇ ਖਾ ਬੈਠੀ।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ‘ਨਵੀਂ ਪੁਰਾਣੀ ਤਹਿਜ਼ੀਬ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ’ਤੇ ਵਿਅੰਗ ਕਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਲਿਖਦਾ ਕਿ ਅਸੀਂ ਕੀਮਤੀ ਚੀਜ਼ ਗੁਆ ਕੇ ਜ਼ਹਿਮਤ ਖੱਟ ਲਈ ਹੈ।
ਵਿਆਖਿਆ – ਕਵੀ ਆਖਦਾ ਹੈ ਕਿ ਅਸੀਂ ਭਾਰਤੀ ਲੋਕਾਂ ਨੇ ਕੇਵਲ ਆਪਣੀ ਪੁਰਾਣੀ ਸੱਭਿਅਤਾ ਨੂੰ ਹੀ ਨਹੀਂ ਗਵਾਇਆ, ਸਗੋਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾ ਕੇ ਲਗਦਾ ਅਸੀਂ ਅਕਲ ਵੀ ਗਵਾ ਲਈ ਹੈ। ਸਾਡੀ ਆਪਣੀ ਸੱਭਿਅਤਾ ਜੋ ਕਪਿਲਾ ਗਊ ਵਰਗੀ ਸੀ, ਜਿਸ ਦੀ ਥਾਂ ਅਸੀਂ ਖੋਤੀ ਵਰਗੀ ਨਵੀਂ ਸੱਭਿਅਤਾ ਨੂੰ ਅਪਣਾਇਆ ਹੈ। ਇਸ ਤਰ੍ਹਾਂ ਕਰਕੇ ਅਸੀਂ ਗਊ ਦਾ ਦੁੱਧ ਪੀਣ ਦੀ ਥਾਂ ’ਤੇ ਖੋਤੀ ਦੀ ਲਿੱਦ ਚੁੱਕ ਰਹੇ ਹਾਂ। ਇਹ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾ ਕੇ ਤਾਂ ਅਸੀਂ ਬਿਮਾਰੀ ਨੂੰ ਗਲ ਪਾ ਲਿਆ ਹੈ। ਇਹ ਗੱਲ ਕਹਿਣ ਵਿੱਚ ਵੀ ਬਿਲਕੁਲ ਝੂਠ ਨਹੀਂ ਕਿ ਅਸੀਂ ਰਿਸ਼ੀਆਂ ਦੇ ਪਵਿੱਤਰ ਚੌਂਕੇ ਵਰਗੇ ਭਾਰਤ ਦੇਸ਼ ਵਿੱਚ ਪੱਛਮ ਦੀ ਜੂਠ ਨੂੰ ਪਾ ਦਿੱਤਾ ਹੈ। ਇਹ ਪੱਛਮੀ ਲੋਕ ਭਾਰਤ ਵਿੱਚ ਵਪਾਰ ਕਰਨ ਲਈ ਆਏ ਸਨ ਪਰ ਇਹਨਾਂ ਨੇ ਤਾਂ ਭਾਰਤ ਉੱਪਰ ਕਬਜ਼ਾ ਹੀ ਕਰ ਲਿਆ ਸੀ। ਇਹ ਭਾਰਤ ਦਾ ਸਾਊਪਣ ਹੀ ਸੀ ਕਿ ਇਹਨਾਂ ਪੱਛਮੀਆਂ ਨੂੰ ਵਪਾਰ ਕਰਨ ਦਾ ਮੌਕਾ ਦਿੱਤਾ ਪਰ ਇਹਨਾਂ ਨੇ ਇਸ ਸਾਊਪੁਣੇ ਦਾ ਫਾਇਦਾ ਉਠਾ ਕੇ ਇੱਥੇ ਕਬਜਾ ਕਰ ਲਿਆ ਅਤੇ ਆਪਣੀ ਸੱਭਿਅਤਾ ਨੂੰ ਭਾਰਤੀਆਂ ਦੇ ਗਲ ਪਾ ਦਿੱਤਾ।
(ੲ) ਜੋ ਅੱਜ ਤੱਕ ਨਹੀਂ ਆਖੀ, ਉਹ ਆਖੀ ਜਾਣੀ ਹੈ, ਉਹ ਦੁੱਧ ਸੀ ਬਰਕਤ ਦਾ, ਇਹ ਫੁੱਟ ਦਾ ਪਾਣੀ ਹੈ।
ਉਹ ਜੀਵਨ ਦੇਂਦੀ ਸੀ, ਇਹ ਜੀਵਨ ਲੈਂਦੀ ਹੈ, ਉਹ ਖਾਣ ਨੂੰ ਦੇਂਦੀ ਸੀ, ਇਹ ਖਾਣ ਨੂੰ ਪੈਂਦੀ ਹੈ।
ਉਹ ਬਾਂਹ ਬਣਾਂਦੀ ਸੀ, ਇਹ ਬਾਂਹਵਾਂ ਭੰਨਦੀ ਹੈ, ਉਹ ਭੋਲ਼ੀ-ਭਾਲ਼ੀ ਸੀ, ਇਹ ਚੰਚਲ ਮਨ ਦੀ ਹੈ।
ਉਹ ਵੀਰ ਮਨਾਂਦੀ ਸੀ, ਇਹ ਵੀਰ ਲੜਾਂਦੀ ਹੈ, ਉਹ ਛਾਂਵੇਂ ਸੁੱਟਦੀ ਸੀ, ਇਹ ਸੁੱਕਣੇ ਪਾਂਦੀ ਹੈ।
ਉਸ ਵਿੱਚ ਇੱਕ ਕਰਦਾ ਸੀ, ਸਭ ਟੱਬਰ ਖਾਂਦਾ ਸੀ, ਸੀ ਸਮੇਂ ਆਜ਼ਾਦੀ ਦੇ, ਹਿੰਦ ‘ਢੋਲੇ ਗਾਂਦਾ ਸੀ’।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ‘ਨਵੀਂ ਪੁਰਾਣੀ ਤਹਿਜ਼ੀਬ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ’ਤੇ ਵਿਅੰਗ ਕਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਅਮੀਰ ਪੁਰਾਣੀ ਸੱਭਿਅਤਾ ਦੀਆਂ ਵਿਸ਼ੇਸ਼ਤਾਵਾਂ ਦੱਸਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਇਸ ਪੱਛਮੀ ਸੱਭਿਅਤਾ ਦੇ ਬਾਰੇ ਜੋ ਗੱਲ ਕਦੇ ਨਹੀਂ ਕਹੀ ਗਈ, ਉਹ ਹੁਣ ਆਖੀ ਜਾ ਰਹੀ ਹੈ ਕਿ ਪੁਰਾਣੀ ਸੱਭਿਅਤਾ ਦੁੱਧ ਵਾਂਗ ਗੁਣਕਾਰੀ ਸੀ, ਪਰ ਨਵੀਂ ਸੱਭਿਅਤਾ ਅਜਿਹਾ ਪਾਣੀ ਹੈ ਜਿਸ ਨੂੰ ਪੀਣ ਨਾਲ਼ ਇਨਸਾਨੀਅਤ ਵਿੱਚ ਫੁੱਟ ਪੈ ਰਹੀ ਹੈ। ਪੁਰਾਣੀ ਸੱਭਿਅਤਾ ਸਾਨੂੰ ਖ਼ੁਸ਼ੀਆਂ ਭਰਿਆ ਜੀਵਨ ਅਤੇ ਬਹਤ ਸਾਰੀਆਂ ਦਾਤਾਂ ਖਾਣ ਲਈ ਦਿੰਦੀ ਸੀ, ਪਰ ਇਹ ਨਵੀਂ ਸੱਭਿਅਤਾ ਜੀਵਨ ਖੋਹਕੇ ਵੀ ਖਾਣ ਨੂੰ ਪੈਂਦੀ ਹੈ। ਉਸ ਵਿੱਚ ਪਰਾਏ ਵੀ ਆਪਣੇ ਭਰਾਵਾਂ ਵਾਂਗ ਹੁੰਦੇ ਸਨ, ਪਰ ਇਹ ਭਰਾਵਾਂ ਨੂੰ ਵੀ ਆਪਸ ਵਿੱਚ ਲੜਾ ਦਿੰਦੀ ਹੈ। ਉਹ ਭੋਲ਼ੀ–ਭਾਲ਼ੀ ਅਤੇ ਇਕਸਾਰਤਾ ਭਰਪੂਰ ਸੀ, ਪਰ ਇਹ ਚੰਚਲ ਅਤੇ ਅਸਥਿਰ ਹੈ। ਉਹ ਸੱਭਿਅਤਾ ਰੁੱਸੇ ਹੋਏ ਭਰਾਵਾਂ ਨੂੰ ਵੀ ਮਨਾ ਲੈਂਦੀ ਸੀ, ਪਰੰਤੂ ਇਹ ਸਕੇ ਭਰਾਵਾਂ ਨੂੰ ਆਪਸ ਵਿਚ ਲੜਾ ਦਿੰਦੀ ਹੈ। ਉਹ ਮਨੁੱਖ ਨੂੰ ਦੁੱਖਾਂ ਤਕਲੀਫ਼ਾਂ ਦੀ ਥਾਂ ਠੰਡੀ ਛਾਂ ਵਰਗਾ ਸੁੱਖ ਦਿੰਦੀ ਸੀ, ਪਰ ਇਹ ਦੁੱਖਾਂ ਦੀ ਧੁੱਪ ਵਿੱਚ ਸੁੱਕਣੇ ਪਾਉਂਦੀ ਹੈ। ਉਸ ਸਮੇਂ ਪਰਿਵਾਰ ਵਿੱਚ ਇੱਕ ਮੈਂਬਰ ਕਮਾਈ ਕਰਦਾ ਸੀ ਅਤੇ ਬਾਕੀ ਸਾਰਾ ਪਰਿਵਾਰ ਬੈਠ ਕੇ ਖਾਂਦਾ ਸੀ। ਅਜ਼ਾਦੀ ਦੇ ਸਮੇਂ ਹਰ ਹਿੰਦਸਤਾਨੀ ਖ਼ੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰਦਾ ਸੀ।
(ਸ) ਇਸ ਵਿੱਚ ਮਰ-ਮਰ ਕੇ ਵੀ, ਸਭ ਭੁੱਖੇ ਮਰਦੇ ਹਨ, ਹਉਕੇ ਦਿਨ ਰਾਤ ਭਰਨ, ਪਰ ਪੇਟ ਨਾ ਭਰਦੇ ਹਨ।
ਕਿਰਤੀ ਦੀ ਛਾਤੀ ‘ਤੇ ਇਹ ਮੂੰਗ ਪਈ ਦਲ਼ਦੀ ਹੈ, ਰੱਤ ਪੀ-ਪੀ ਲਿੱਸਿਆਂ ਦੀ, ਇਹਦੀ ਗੋਗੜ ਪਲ਼ਦੀ ਹੈ।
ਬਿਜਲੀ ਦੇ ਲਾਟੂ ਜੋ, ਇਸ ਦੇ ਘਰ ਜਗਦੇ ਹਨ, ਉਹ ਨੈਣ ਗ਼ਰੀਬਾਂ ਦੇ ਕੱਢੇ ਹੋਏ ਲੱਗਦੇ ਹਨ।
ਖੱਲ ਲਾਹ-ਲਾਹ ਲੋਕਾਂ ਦੀ, ਇਹ ਸੂਟ ਸਿਵਾਉਂਦੀ ਹੈ, ਪੀਹ-ਪੀਹ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ।
ਆ ਕੇ ਇਸ ਚੰਦਰੀ ਨੇ, ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ, ਢੰਗ ਨਾਲ਼ ਉੱਡਾ ਦਿੱਤੀ।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ‘ਨਵੀਂ ਪੁਰਾਣੀ ਤਹਿਜ਼ੀਬ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ’ਤੇ ਵਿਅੰਗ ਕਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਲਿਖਦਾ ਕਿ ਇਸ ਨਵੀਂ ਸੱਭਿਅਤਾ ਵਿੱਚ ਸਰਮਾਏਦਾਰ ਗ਼ਰੀਬਾਂ ਦੀ ਕਿਰਤ ਨੂੰ ਲੁੱਟ ਕੇ ਖਾ ਰਹੇ ਹਨ।
ਵਿਆਖਿਆ – ਕਵੀ ਲਿਖਦਾ ਹੈ ਕਿ ਇਸ ਨਵੀਂ ਪੱਛਮੀ ਸੱਭਿਅਤਾ ਵਿੱਚ ਭਾਵੇਂ ਪਰਿਵਾਰ ਦਾ ਹਰ ਮੈਂਬਰ ਸਾਰਾ ਦਿਨ ਸਖਤ ਮਿਹਨਤ ਕਰਦਾ ਹੈ, ਪਰ ਫਿਰ ਵੀ ਮਹਿੰਗਾਈ ਵਧਣ ਕਾਰਨ ਰੋਟੀ-ਟੁੱਕ ਦਾ ਗੁਜ਼ਾਰਾ ਨਹੀਂ ਚਲਦਾ। ਆਰਥਿਕ ਤੰਗੀ ਕਾਰਨ ਗ਼ਰੀਬ ਰਾਤ–ਦਿਨ ਹਉਕੇ ਤਾਂ ਭਰਦਾ ਹਨ, ਪਰ ਉਸ ਦਾ ਦੋ ਵਕਤ ਪੇਟ ਨਹੀਂ ਭਰ ਰਿਹਾ। ਇਸ ਨਵੀਂ ਪੱਛਮੀ ਸੱਭਿਅਤਾ ਵਿੱਚ ਗ਼ਰੀਬ ਆਦਮੀ ਪਿਸ ਰਿਹਾ ਹੈ, ਪਰ ਸਰਮਾਏਦਾਰ ਵਰਗ ਕਿਰਤੀਆਂ ਦੀ ਮਿਹਨਤ ਨੂੰ ਲੁੱਟ ਕੇ ਆਪਣੀ ਗੋਗੜ ਹੋਰ ਵੱਡੀ ਕਰ ਰਿਹਾ ਹੈ। ਇਹਨਾਂ ਅਮੀਰਾਂ ਦੇ ਘਰਾਂ ਵਿੱਚ ਇਹ ਬਿਜਲੀ ਦੇ ਜੋ ਬਲਬ ਜਗਦੇ ਹਨ, ਇਹ ਇੰਝ ਜਾਪਦੇ ਹਨ, ਜਿਵੇਂ ਕਿਸੇ ਗ਼ਰੀਬ ਦੀਆਂ ਅੱਖਾਂ ਕੱਢੀਆਂ ਹੋਣ। ਇਸ ਸੱਭਿਅਤਾ ਵਿੱਚ ਸਰਮਾਏਦਾਰ ਕਿਰਤੀ ਲੋਕਾਂ ਦੀ ਖ਼ੂਬ ਲੁੱਟ ਕਰਕੇ ਆਪਣੇ ਲਈ ਮਹਿੰਗੇ ਕੱਪੜੇ ਖ਼ਰੀਦ ਰਿਹਾ ਅਤੇ ਕਿਰਤੀਆਂ ਦੀਆਂ ਹੱਡੀਆਂ ਨੂੰ ਪੀਂਹ ਕੇ ਆਪਣੇ ਲਈ ਪਾਊਡਰ ਤਿਆਰ ਕਰਦਾ ਹੈ ਭਾਵ ਕਿਰਤ ਦੀ ਲੁੱਟ ਨਾਲ਼ ਅਮੀਰ ਵਰਗ ਐਸ਼-ਅਰਾਮ ਦੀ ਜਿੰਦਗੀ ਜਿਊਂਦਾ ਹੈ। ਇਸ ਭੈੜੀ ਪੱਛਮੀ ਸੱਭਿਅਤਾ ਨੇ ਆ ਕੇ ਅਜਿਹੀ ਹੋਣੀ ਵਰਤਾ ਦਿੱਤੀ ਹੈ ਕਿ ਭਾਰਤ ਦੇ ਚਿਹਰੇ ਉੱਪਰ ਜਿਹੜੀ ਆਪਣੀ ਅਮੀਰ ਪੁਰਾਣੀ ਸੱਭਿਅਤਾ ਦੀ ਲਾਲੀ ਸੀ, ਉਸ ਸਾਰੀ ਆਪਣੀਆਂ ਚਾਲਾਂ ਨਾਲ਼ ਉਡਾ ਦਿੱਤੀ।
(ਹ) ਪਿਛਲੇ ਵਰਿਆਮਾਂ ਦੇ, ਹੁਣ ‘ਨਾਂਵੇਂ’ ਰਹਿ ਗਏ ਹਨ, ਅੱਜ-ਕੱਲ੍ਹ ਦੇ ਗੱਭਰੂ ਤਾਂ, ਪਰਛਾਂਵੇਂ ਰਹਿ ਗਏ ਹਨ।
ਪੈਲ਼ੀ ਦੀ ਵਾਟ ਕਰਨ, ਤਾਂ ਕੋਠੀ ਹੱਲਦੀ ਹੈ, ਮੂੰਗੀ ਦੀ ਦਾਲ਼ ਪਈ, ਨਾ ਢਿੱਡ ਵਿੱਚ ਗਲ਼ਦੀ ਹੈ।
ਇਹ ਬਿਜਲੀ ਕੜਕ ਪਈ, ਭਾਰਤ ਦੇ ਵੇਸਾਂ ‘ਤੇ, ਇਸ ਕੈਂਚੀ ਧਰ ਦਿੱਤੀ, ਕੁੜੀਆਂ ਦਿਆਂ ਕੇਸਾਂ ‘ਤੇ।
ਕੀ ਹੈ ਤਹਿਜ਼ੀਬ ਨਵੀਂ, ਟਿੱਕਾ ਬਦਨਾਮੀ ਦਾ, ਹਿੰਦ ਦੇ ਗਲ਼ ਲਟਕ ਰਿਹਾ, ਇੱਕ ਤੌਕ ਗ਼ੁਲਾਮੀ ਦਾ।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ‘ਨਵੀਂ ਪੁਰਾਣੀ ਤਹਿਜ਼ੀਬ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ’ਤੇ ਵਿਅੰਗ ਕਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਲਿਖਦਾ ਕਿ ਅਜੋਕੇ ਸਮੇਂ ਸਾਡੇ ਗੱਭਰੂ ਪਰਛਾਵਿਆਂ ਵਰਗੇ ਬਲਹੀਨ ਬਣ ਗਏ ਹਨ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪੁਰਾਤਨ ਸੱਭਿਅਤਾ ਵਿੱਚ ਬਹਾਦਰ ਸੂਰਮੇ ਗੱਭਰੂਆਂ ਦੇ ਨਾਂ ਸੁਣਨ ਲਈ ਮਿਲ਼ਦੇ ਹਨ ਪਰ ਅੱਜ-ਕੱਲ੍ਹ ਦੇ ਗੱਭਰੂ ਤਾਂ ਸਿਰਫ ਪਰਛਾਵਿਆਂ ਵਰਗੇ ਹੀ ਦਿਖਾਈ ਦਿੰਦੇ ਹਨ। ਅਜੋਕੇ ਗੱਭਰੂ ਤਾਂ ਚਾਰ ਕਦਮ ਤੁਰਨਯੋਗ ਵੀ ਨਹੀਂ ਰਹੇ, ਜੇਕਰ ਉਹਨਾਂ ਨੂੰ ਖੇਤ ਦਾ ਕੁਝ ਪੈਂਡਾ ਤੁਰਨਾ ਪੈ ਜਾਵੇ ਤਾਂ ਦਿਲ ਦੀ ਧੜਕਣ ਵਧ ਜਾਂਦੀ ਹੈ। ਇਹ ਅੰਦਰੋਂ ਵੀ ਏਨੇ ਕਮਜੋਰ ਹੋ ਗਏ ਕਿ ਮੂੰਗੀ ਦੀ ਦਾਲ਼ ਵੀ ਨਹੀਂ ਪਚਾ ਸਕਦੇ। ਅਜੋਕੀ ਸੱਭਿਅਤਾ ਨੇ ਭਾਰਤ ਦੇ ਪੁਰਾਣੇ ਪਹਿਰਾਵੇ ਨੂੰ ਵੀ ਅਲੋਪ ਕਰ ਦਿੱਤਾ। ਇੰਝ ਲਗਦਾ ਜਿਵੇਂ ਸਾਡੇ ਲਿਬਾਸ ਉੱਪਰ ਕੋਈ ਬਿਜਲੀ ਟੁੱਟ ਪਈ ਹੋਵੇ। ਅੱਜ-ਕੱਲ੍ਹ ਤਾਂ ਕੁੜੀਆਂ ਨੇ ਵੀ ਆਪਣੇ ਵਾਲ਼ ਕਟਵਾ ਕੇ ਪੱਛਮੀ ਸੱਭਿਅਤਾ ਨੂੰ ਪੂਰੀ ਤਰ੍ਹਾਂ ਧਾਰਨ ਕਰ ਲਿਆ। ਕਵੀ ਲਿਖਦਾ ਇਹ ਨਵੀਂ ਸੱਭਿਅਤਾ ਨਹੀਂ ਸਗੋਂ ਭਾਰਤ ਦੇ ਮੱਥੇ ਉੱਪਰ ਲੱਗਾ ਹੋਇਆ ਬਦਨਾਮੀ ਦਾ ਟਿੱਕਾ ਹੈ ਕਿਉਂਕਿ ਇਸ ਤੋਂ ਪਤਾ ਲਗਦਾ ਰਹਿੰਦਾ ਕਿ ਭਾਰਤ ਕਿਸੇ ਸਮੇਂ ਪੱਛਮ ਦਾ ਗ਼ੁਲਾਮ ਰਿਹਾ ਹੈ।
ਕੇਂਦਰੀ ਭਾਵ
ਭਾਰਤ ਦੀ ਪੁਰਾਣੀ ਸੱਭਿਅਤਾ ਪਵਿੱਤਰ, ਪ੍ਰੇਮ-ਪਿਆਰ, ਸਾਊਪਣ, ਸੂਰਮਤਾਈ ਅਤੇ ਸਾਦਗੀ ਭਰਪੂਰ ਸੀ, ਪਰ ਨਵੀਂ ਪੱਛਮੀ ਸੱਭਿਅਤਾ ਲੜਾਈ-ਝਗੜੇ, ਵੈਰ–ਵਿਰੋਧ, ਕਿਰਤੀਆਂ ਦੀ ਲੁੱਟ, ਭੁੱਖ–ਨੰਗ, ਕਮਜ਼ੋਰ ਸਰੀਰਾਂ ਵਾਲ਼ੇ ਗੱਭਰੂਆਂ ਅਤੇ ਫ਼ੈਸ਼ਨਾਂ ਨਾਲ਼ ਭਰਪੂਰ ਹੈ, ਇਸ ਕਰਕੇ ਇਸ ਨੂੰ ਭਾਰਤ ਦੇ ਮੱਥੇ ਉੱਤੇ ਲੱਗਾ ਕਲੰਕ ਸਮਝਣਾ ਚਾਹੀਦਾ ਹੈ।
2. ਨੌਜਵਾਨ ਹਿੰਦੀ ਨੂੰ
(ੳ) ਪਰਵਾਨਾ ਬਣ ਕੇ ਦੱਸ ਤੂੰ, ਹਿੰਦੁਸਤਾਨ ਦਾ।
ਡੰਕਾ ਵਜਾ ਦੇ ਸ਼ੇਰਾ ਤੂੰ, ਭਾਰਤ ਦੀ ਸ਼ਾਨ ਦਾ।
ਭਾਰਤ ਲਈ ਸ਼ਹੀਦ ਜੇ, ਲੜਦਾ ਵੀ ਹੋ ਗਿਓਂ,
ਤਾਰਾ ਬਣੇਂਗਾ ਜਗਤ ’ਤੇ, ਫਿਰ ਆਸਮਾਨ ਦਾ।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ‘ਨੌਜਵਾਨ ਹਿੰਦੀ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਅਜ਼ਾਦੀ ਦੀ ਰਖਵਾਲੀ ਕਰਨ ਅਤੇ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਜਾਨ ਦੀ ਬਾਜ਼ੀ ਲਾਉਣ ਲਈ ਉਤਸ਼ਾਹਿਤ ਕਰਦਾ ਹੈ।
ਵਿਆਖਿਆ – ਕਵੀ ਭਾਰਤ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਲਿਖਦਾ ਹੈ ਕਿ ਉਨ੍ਹਾਂ ਨੂੰ ਹਿੰਦੁਸਤਾਨ ਲਈ ਜਾਨ ਕੁਰਬਾਨ ਕਰਨ ਵਾਲ਼ਾ ਪਤੰਗਾ ਬਣਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੀ ਸ਼ਾਨ ਪੂਰੀ ਦੁਨੀਆ ਵਿੱਚ ਪ੍ਰਸਿੱਧ ਕਰ ਦੇਣੀ ਚਾਹੀਦੀ ਹੈ। ਜੇਕਰ ਉਹ ਭਾਰਤ ਦੀ ਸ਼ਾਨ ਤੇ ਅਜ਼ਾਦੀ ਲਈ ਲੜਦਾ ਹੋਇਆ ਸ਼ਹੀਦ ਵੀ ਹੋ ਜਾਂਦਾ ਹੈ ਤਾਂ ਉਹ ਪੂਰੇ ਜਗਤ ਵਿੱਚ ਅਸਮਾਨ ਦਾ ਤਾਰਾ ਬਣ ਕੇ ਚਮਕੇਗਾ ਭਾਵ ਉਸਦੀ ਕੁਰਬਾਨੀ ਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ।
(ਅ) ਓ ਨੌਜਵਾਨਾ ਅੱਖ ਹੈ, ਤੇਰੇ ‘ਤੇ ਦੇਸ ਦੀ,
ਰਾਖਾ ਹੈਂ ਦੇਸ ਦਾ ਅਤੇ ਕੌਮੀ ਨਿਸ਼ਾਨ ਦਾ।
ਸੂਰਾ ਹੈਂ ਤੇਰੀ ਜੱਗ ਨੂੰ, ਪਤਾ ਬਹਾਦਰੀ,
ਪੂਰਾ ਹੈਂ ਤੂੰ ਜ਼ਬਾਨ ਦਾ ਤੇ ਅਣਖ–ਆਨ ਦਾ।
ਜੋ ਦੇਸ ਤੇਰੇ ਵੱਲ, ਲਾਲਚੀ ਹੋ ਮੂੰਹ ਕਰੇ।
ਮੂੰਹ ਫੇਰ ਦੇ ਤੂੰ ਅਣਖੀਆ, ਐਸੇ ਸ਼ੈਤਾਨ ਦਾ।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ‘ਨੌਜਵਾਨ ਹਿੰਦੀ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਅਜ਼ਾਦੀ ਦੀ ਰਖਵਾਲੀ ਕਰਨ ਅਤੇ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਜਾਨ ਦੀ ਬਾਜ਼ੀ ਲਾਉਣ ਲਈ ਉਤਸ਼ਾਹਿਤ ਕਰਦਾ ਹੈ।
ਵਿਆਖਿਆ – ਕਵੀ ਭਾਰਤ ਦੇ ਨੌਜਵਾਨ ਨੂੰ ਸੰਬੋਧਨ ਕਰਦਿਆਂ ਆਖਦਾ ਹੈ ਕਿ ਉਸ ਉੱਤੇ ਸਾਰੇ ਦੇਸ਼ ਦੀ ਹੀ ਨਜ਼ਰ ਟਿਕੀ ਹੋਈ ਹੈ। ਸਾਰਾ ਦੇਸ਼ ਰਖਵਾਲ਼ੀ ਲਈ ਉਸ ਵੱਲ ਦੇਖ ਰਿਹਾ ਹੈ। ਉਹ ਸਾਡੇ ਦੇਸ਼ ਅਤੇ ਸਾਡੇ ਕੌਮੀ ਝੰਡੇ ਦਾ ਰਖਵਾਲ਼ਾ ਹੈ। ਪੂਰੀ ਦੁਨੀਆ ਜਾਣਦੀ ਹੈ ਕਿ ਉਹ ਬਹੁਤ ਬਹਾਦਰ ਹੈ। ਦੁਨੀਆ ਇਹ ਵੀ ਜਾਣਦੀ ਹੈ ਕਿ ਉਹ ਕਹਿਣੀ ਅਤੇ ਕਰਨੀ ਵਿੱਚ ਪੂਰਾ ਹੈ ਅਤੇ ਅਣਖ਼ ਨੂੰ ਕਾਇਮ ਰੱਖਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਵਾਲ਼ਾ ਹੈ। ਭਾਰਤ ਦੇ ਅਣਖੀ ਨੌਜਵਾਨਾਂ ਨੂੰ ਸਾਡੇ ਦੇਸ਼ ਵੱਲ ਲਾਲਚ ਦੀ ਨਜ਼ਰ ਨਾਲ਼ ਦੇਖਣ ਵਾਲ਼ੇ ਸ਼ੈਤਾਨਾਂ ਦਾ ਮੂੰਹ ਮੋੜ ਕੇ ਰੱਖ ਦੇਣਾ ਚਾਹੀਦਾ ਹੈ।
(ੲ) ਬਣਾ ਦੇ ਦੇਸ ਆਪਣਾ, ਸੁਰਗਾਪੁਰੀ ਜਿਹਾ।
ਭਾਰਤ ਸਦਾਵੇ ਜੱਗ ‘ਤੇ, ਸੂਰਜ ਜਹਾਨ ਦਾ।
ਹੈ ਕੌਣ ਜੋ ਲੋਹਾ ਲਏ, ਤੇਰੇ ਆ ਸਾਮ੍ਹਣੇ?
ਦੁਨੀਆ ਹੈ ਲੋਹਾ ਮੰਨਦੀ, ਹਿੰਦੀ ਜਵਾਨ ਦਾ।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ:9’ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ‘ਨੌਜਵਾਨ ਹਿੰਦੀ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਅਜ਼ਾਦੀ ਦੀ ਰਖਵਾਲੀ ਕਰਨ ਅਤੇ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਜਾਨ ਦੀ ਬਾਜ਼ੀ ਲਾਉਣ ਲਈ ਉਤਸ਼ਾਹਿਤ ਕਰਦਾ ਹੈ।
ਵਿਆਖਿਆ – ਕਵੀ ਭਾਰਤ ਦੇ ਨੌਜਵਾਨ ਨੂੰ ਸੰਬੋਧਨ ਕਰਦਿਆਂ ਆਖਦਾ ਹੈ ਕਿ ਤੈਨੂੰ ਆਪਣੀ ਮਿਹਨਤ ਨਾਲ਼ ਆਪਣੇ ਦੇਸ਼ ਨੂੰ ਸਵਰਗ ਜਿਹੇ ਸੁੱਖਾਂ ਨਾਲ਼ ਭਰਪੂਰ ਦੇਣਾ ਚਾਹੀਦਾ ਹੈ। ਇਸ ਨਾਲ਼ ਭਾਰਤ ਸਾਰੀ ਦੁਨੀਆ ਵਿੱਚ ਸੂਰਜ ਵਾਂਗ ਵੱਖਰਾ ਦਿਖਾਈ ਦੇਵੇਗਾ। ਕਿਸੇ ਵਿੱਚ ਵੀ ਅਜਿਹੀ ਹਿੰਮਤ ਨਹੀਂ ਕਿ ਤੇਰੇ ਨਾਲ਼ ਟੱਕਰ ਲੈ ਸਕੇ। ਸਾਰੀ ਦੁਨੀਆ ਹੀ ਤੇਰੀ ਅਜਿੱਤ ਤਾਕਤ ਨੂੰ ਜਾਣਦੀ ਹੈ। ਭਾਰਤ ਦੇ ਨੌਜਵਾਨ ਦਾ ਦੁਨੀਆ ਵਿੱਚ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ।
ਕੇਂਦਰੀ ਭਾਵ
ਭਾਰਤੀ ਨੌਜਵਾਨ ਨੂੰ ਦੇਸ਼ ਦੀ ਆਨ–ਸ਼ਾਨ,ਅਜ਼ਾਦੀ ਦੀ ਰਖਵਾਲੀ ਅਤੇ ਖ਼ੁਸ਼ਹਾਲੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਆਪਣੇ ਦੇਸ਼ ਅਤੇ ਕੌਮੀ ਝੰਡੇ ਦਾ ਰਖਵਾਲਾ ਹੈ। ਉਸ ਨੂੰ ਆਪਣੀ ਮਿਹਨਤ ਨਾਲ਼ ਦੇਸ਼ ਨੂੰ ਸਵਰਗ ਜਿਹੇ ਸੁੱਖਾਂ ਨਾਲ਼ ਭਰਪੂਰ ਕਰ ਦੇਣਾ ਚਾਹੀਦਾ ਹੈ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਵਿਧਾਤਾ ਸਿੰਘ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ।
ਉੱਤਰ – ਨਵੀਂ-ਪੁਰਾਣੀ ਤਹਿਜ਼ੀਬ ਜਾਂ ਨੌਜਵਾਨ ਹਿੰਦੀ ਨੂੰ।
ਪ੍ਰਸ਼ਨ 2. ਕਵੀ ਅਨੁਸਾਰ ਅਸੀਂ ਆਪਣੀ ਤਹਿਜ਼ੀਬ ਗੁਆ ਕੇ ਅਸਲ ਵਿੱਚ ਕੀ ਗੁਆ ਲਿਆ ਹੈ?
ਉੱਤਰ – ਆਪਣੀ ਅਕਲ।
ਪ੍ਰਸ਼ਨ 3. ਕਵੀ ਅਨੁਸਾਰ ਅਸੀਂ ‘ਕਪਲਾ ਗਊ’ ਨੂੰ ਕਿਸ ਚੀਜ਼ ਨਾਲ਼ ਵਟਾ ਲਿਆ ਹੈ?
ਉੱਤਰ – ਖੋਤੀ ਨਾਲ਼।
ਪ੍ਰਸ਼ਨ 4. ਕਵੀ ਪੱਛਮੀ ਤਹਿਜ਼ੀਬ ਨੂੰ ਕੀ ਕਰਾਰ ਦਿੰਦਾ ਹੈ?
ਉੱਤਰ – ਪੱਛਮ ਦੀ ਜੂਠ।
ਪ੍ਰਸ਼ਨ 5. ਕਿਹੜੀ ਤਹਿਜ਼ੀਬ ਕਿਰਤੀ ਦੀ ਛਾਤੀ ’ਤੇ ਮੂੰਗ ਦਲ ਕੇ ਆਪਣੀ/ਗੋਗੜ ਪਾਲ਼ਦੀ ਹੈ?
ਉੱਤਰ – ਪੱਛਮੀ ਤਹਿਜ਼ੀਬ।
ਪ੍ਰਸ਼ਨ 6. ਪੱਛਮੀ ਸੱਭਿਅਤਾ ਵਿਚ ਸਰਮਾਏਦਾਰ ਕਿਸ ਦੀ ਖ਼ੂਬ ਖੱਲ ਲਾਹੁੰਦਾ ਹੈ?
ਉੱਤਰ – ਕਿਰਤੀ ਦੀ।
ਪ੍ਰਸ਼ਨ 7. ਕਵੀ ਨੂੰ ਅੱਜ-ਕੱਲ੍ਹ ਦੇ ਗੱਭਰੂ ਕੀ ਜਾਪਦੇ ਹਨ?
ਉੱਤਰ – ਪਰਛਾਵੇਂ।
ਪ੍ਰਸ਼ਨ 8. ਸਰਮਾਏਦਾਰ ਆਪਣਾ ਪਾਊਡਰ ਕਿੱਥੋਂ ਤਿਆਰ ਕਰਦਾ ਹੈ?
ਉੱਤਰ – ਮਜ਼ਦੂਰਾਂ ਦੀਆਂ ਹੱਡੀਆਂ ਤੋਂ।
ਪ੍ਰਸ਼ਨ 9. ਕਵੀ ਕਿਸ ਨੂੰ ਗ਼ੁਲਾਮੀ ਦਾ ਤੌਕ ਕਰਾਰ ਦਿੰਦਾ ਹੈ?
ਉੱਤਰ – ਪੱਛਮੀ ਤਹਿਜ਼ੀਬ ਨੂੰ।
ਪ੍ਰਸ਼ਨ 10. ਕਵੀ ਅਨੁਸਾਰ ਦੁਨੀਆ ਕਿਸ ਦਾ ਲੋਹਾ ਮੰਨਦੀ ਹੈ ?
ਉੱਤਰ – ਨੌਜਵਾਨ ਹਿੰਦੀ ਦਾ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037