ਲੇਖ – ਖੇਡਾਂ ਦੀ ਮਹੱਤਤਾ
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਕੋਈ ਨਾ ਕੋਈ ਖੇਡ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਖੇਡਾਂ ਮਨੋਰੰਜਨ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵਧੀਆ ਸਾਧਨ ਹਨ। ਖੇਡਾਂ ਮਨੁੱਖ ਲਈ ਉਨੀਆਂ ਹੀ ਜ਼ਰੂਰੀ ਹਨ ਜਿੰਨ੍ਹਾਂ ਮਨੁੱਖ ਲਈ – ਹਵਾ ਅਤੇ ਪਾਣੀ। ਇਹ ਮਨੁੱਖ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਬੱਚੇ ਦੇ ਜਨਮ ਲੈਣ ਤੋਂ ਹੀ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ। ਇਹ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਸ਼ਕਤੀ ਦਿੰਦੀਆਂ ਹਨ। ਇਹਨਾਂ ਨਾਲ਼ ਮਨੁੱਖੀ ਜੀਵਨ ਦਾ ਡੂੰਘਾ ਸੰਬੰਧ ਹੈ। ਕਿਸੇ ਨੇ ਠੀਕ ਹੀ ਕਿਹਾ ਹੈ, “ਅਰੋਗ ਸਰੀਰ ਅੰਦਰ ਹੀ ਅਰੋਗ ਮਨ ਨਿਵਾਸ ਕਰਦਾ ਹੈ।”
ਸਿੱਖਣ ਪ੍ਰਕਿਰਿਆ ਛੋਟੇ ਹੁੰਦਿਆਂ ਤੋਂ ਹੀ ਸ਼ੁਰੂ ਹੋ ਜਾਦੀ ਹੈ। ਇਸ ਲਈ ਛੋਟੇ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਹੈ ਤਾਂ ਜੋ ਉਹ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਵਿੱਚ ਸਫ਼ਲ ਹੋ ਸਕਣ। ਜ਼ਿੰਦਗੀ ਵਿੱਚ ਸਫ਼ਲ ਹੋਣ ਦੇ ਲਈ ਗਿਆਨ ਦੇ ਨਾਲ਼-ਨਾਲ਼ ਸਾਡੇ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਿੰਦਗੀ ਵਿੱਚ ਖੇਡਾਂ ਦਾ ਮਹੱਤਵ ਬਹੁਤ ਜ਼ਿਆਦਾ ਵਧ ਜਾਂਦਾ ਹੈ।
ਇਹ ਮਨੁੱਖ ਦੀ ਦਿਮਾਗੀ ਅਤੇ ਸਰੀਰਕ ਥਕਾਵਟ ਨੂੰ ਦੂਰ ਕਰ ਦਿੰਦੀਆਂ ਹਨ। ਖੇਡਾਂ ਖੇਡਣ ਨਾਲ਼ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਆ ਜਾਂਦੀ ਹੈ। ਵਿਕਸਿਤ ਦੇਸ ਖੇਡਾਂ ਦੀ ਮਹਾਨਤਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਇਸੇ ਕਾਰਨ ਖਿਡਾਰੀਆਂ ਦੀਆਂ ਟੀਮਾਂ ਤਿਆਰ ਕਰਕੇ ਉਹਨਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਸਾਡੇ ਸਰੀਰ ਨੂੰ ਅਰੋਗ ਅਤੇ ਤੱਕੜਾ ਰੱਖਣ ਵਿੱਚ ਮਦਦ ਕਰਦੀਆਂ ਹਨ। ਇਹਨਾਂ ਵਿੱਚ ਹਿੱਸਾ ਲੈਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ, ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ, ਪਾਚਣ ਸ਼ਕਤੀ ਵੱਧਦੀ ਹੈ। ਇਹ ਮਨੁੱਖ ਨੂੰ ਹਮੇਸ਼ਾਂ ਚੁਸਤ-ਦਰੁਰਤ ਅਤੇ ਤਰੋਤਾਜ਼ਾ ਰੱਖਦੀਆਂ ਹਨ। ਇਹਨਾਂ ਨਾਲ਼ ਮਨੁੱਖ ਦਾ ਚਿਹਰਾ ਹਰ ਵੇਲੇ ਖਿੜਿਆ ਰਹਿੰਦਾ ਹੈ ਅਤੇ ਉਹ ਜ਼ਿੰਦਗੀ ਦੀ ਹਰ ਮੁਸ਼ਕਲ ਦਾ ਹੱਸ ਕੇ ਮੁਕਾਬਲਾ ਕਰਨ ਦੇ ਯੋਗ ਹੋ ਜਾਂਦਾ ਹੈ।
ਜੇਕਰ ਸਰੀਰ ਅਰੋਗ ਹੈ ਤਾਂ ਦਿਮਾਗ ਚੁਸਤ-ਦਰੁਸਤ ਰਹਿੰਦਾ ਹੈ। ਨਿਰ੍ਹੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣ। ਖੇਡਦੇ ਸਮੇਂ ਜਦੋਂ ਪਸੀਨਾ ਨਿਕਲਦਾ ਹੈ ਤਾਂ ਇਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਮਨ ਅੰਦਰ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ। ਇਹਨਾਂ ਨਾਲ਼ ਜ਼ਿੰਦਗੀ ਵਿੱਚ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵਧਦੀ ਹੈ। ਖੇਡਾਂ ਮਨ ਪਰਚਾਵੇ ਦਾ ਵੀ ਬਹੁਤ ਵਧੀਆ ਸਾਧਨ ਹਨ। ਇਸ ਨਾਲ ਮਨੁੱਖ ਦਾ ਮਨ ਪ੍ਰਸੰਨ ਰਹਿੰਦਾ ਹੈ। ਇਹ ਸਰੀਰ ਰੂਪੀ ਮਸ਼ੀਨ ਵਿੱਚ ਤੇਲ ਦਾ ਕੰਮ ਕਰਦੀਆਂ ਹਨ। ਇੱਕ ਖਿਡਾਰੀ ਦਾ ਵਿਵਹਾਰ ਬਾਕੀ ਵਿਦਿਆਰਥੀਆਂ ਨਾਲ਼ੋਂ ਕਿਤੇ ਚੰਗਾ ਹੁੰਦਾ ਹੈ। ਕਈ ਵਿਦਿਆਰਥੀ ਤਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਉੱਚੀਆਂ ਮੱਲਾਂ ਮਾਰ ਲੈਂਦੇ ਹਨ, ਉਹ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਦੇ ਖਿਡਾਰੀ ਬਣ ਜਾਂਦੇ ਹਨ। ਅੱਜ-ਕੱਲ੍ਹ ਸਕੂਲ ਪੱਧਰ ਤੇ ਹੀ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ । ਇਸ ਲਈ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਣਾ ਚਾਹੀਦਾ।