ਮੈਰਿਜ-ਪੈਲਿਸਾਂ ਵਿੱਚ ਉੱਚੀ ਵੱਜਦੇ ਸਪੀਕਰਾਂ ਦੀ ਸ਼ਿਕਾਇਤ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਪੱਤਰ।
ਪਰੀਖਿਆ ਭਵਨ,
ਪਿੰਡ/ਸ਼ਹਿਰ………….।
ਮਿਤੀ : 28 ਜੁਲਾਈ, 2021.
ਸੇਵਾ ਵਿਖੇ
ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ,
ਸ੍ਰੀ ਮੁਕਤਸਰ ਸਾਹਿਬ।
ਵਿਸ਼ਾ : ਉੱਚੀ ਅਵਾਜ਼ ਵਿੱਚ ਵੱਜਦੇ ਸਪੀਕਰਾਂ ਦੀ ਸ਼ਿਕਾਇਤ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਆਪਣੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿੱਚ ਮੈਰਿਜ-ਪੈਲਿਸਾਂ ਵਿੱਚ ਹੁੰਦੇ ਵਿਆਹ ਜਾਂ ਹੋਰ ਖ਼ੁਸ਼ੀਂ ਦੇ ਸਮਾਗਮਾਂ ਸਮੇਂ ਉੱਚੀ ਅਵਾਜ਼ ਵਿੱਚ ਜੋ ਡੀ.ਜੇ. ਸਾਊਂਡ ਸਿਸਟਮ ਵਜਾਏ ਜਾਂਦੇ ਹਨ, ਇਨ੍ਹਾਂ ਨਾਲ਼ ਆਲ਼ੇ-ਦੁਆਲ਼ੇ ਵੱਸਦੇ ਲੋਕਾਂ ਦੇ ਸਧਾਰਨ ਜੀਵਨ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਨ-ਰਾਤ ਉੱਚੀ ਅਵਾਜ਼ ਵਿੱਚ ਚੱਲਣ ਵਾਲ਼ੇ ਡੀ.ਜੇ. ਦੀ ਅਵਾਜ਼ ਨਾਲ਼ ਲੋਕਾਂ ਦੇ ਕੰਨਾ ਦੀ ਸੁਣਨ ਸ਼ਕਤੀ ਘਟ ਰਹੀ ਹੈ। ਇਹ ਉੱਚੀ ਅਵਾਜ਼ਾਂ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਵੀ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ। ਕਿਸੇ ਸਰੀਰਕ ਬਿਮਾਰੀ ਨਾਲ਼ ਜੂਝ ਰਹੇ ਲੋਕਾਂ ਲਈ ਇਹ ਹੋਰ ਵੀ ਵੱਡੀ ਸਮੱਸਿਆ ਬਣੇ ਹੋਏ ਹਨ। ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਮਹੱਤਵਪੂਰਨ ਕਾਰਜ ਹੈ। ਪੜ੍ਹਨ ਲਈ ਸ਼ਾਂਤ ਵਾਤਾਵਰਨ ਦੀ ਜ਼ਰੂਰਤ ਹੁੰਦੀ ਹੈ, ਪਰ ਉੱਚੀ ਅਵਾਜ਼ ਵਿੱਚ ਚੱਲ ਰਹੇ ਡੀ.ਜੇ. ਦੀ ਅਵਾਜ਼ ਪੜ੍ਹਨ ਵਾਲ਼ੇ ਵਿਦਿਆਰਥੀਆਂ ਲਈ ਬਹੁਤ ਵੱਡੀ ਸਮੱਸਿਆ ਹੈ। ਕਈ ਵਾਰ ਕਿਸੇ ਘਰ ਕਿਸੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਦੀ ਮੌਤ ਹੋਈ ਹੁੰਦੀ ਹੈ, ਅਜਿਹੇ ਸੋਗ ਦੇ ਮਾਹੌਲ ਸਮੇਂ ਉੱਚੀ ਅਵਾਜ਼ ਵਿੱਚ ਚੱਲਦੇ ਡੀ.ਜੇ. ਦੀ ਅਵਾਜ਼ ਦੁਖੀ ਮਨਾਂ ਨੂੰ ਪ੍ਰਭਾਵਿਤ ਕਰਕੇ ਹੋਰ ਦੁਖੀ ਕਰਦੀ ਹੈ। ਬਹੁਤ ਸਾਰੇ ਧਾਰਮਿਕ ਸਮਾਗਮਾਂ ਨੂੰ ਵੀ ਇਹ ਉੱਚੀ ਅਵਾਜ਼ ਵਿੱਚ ਚੱਲਦੇ ਗੀਤ ਬਹੁਤ ਪ੍ਰਭਾਵਿਤ ਕਰਦੇ ਹਨ। ਲੋੜ ਹੈ ਇਸ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਹੋਵੇ ਅਤੇ ਇਹਨਾਂ ਨੂੰ ਚਲਾਉਣ ਦਾ ਸਮਾਂ ਅਤੇ ਅਵਾਜ਼ ਦੀ ਸੀਮਾ ਨਿਸਚਤ ਕੀਤੀ ਜਾਵੇ। ਨਿਰਧਾਰਤ ਸਮੇਂ ਤੋਂ ਬਿਨਾਂ ਅਤੇ ਲੋੜ ਤੋਂ ਵੱਧ ਅਵਾਜ਼ ਵਿੱਚ ਡੀ.ਜੇ. ਸਿਸਟਮ ਚਲਾਉਣ ਵਾਲ਼ੇ ਮਾਲਕਾਂ ਜਾਂ ਜ਼ੁੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ। ਆਸ ਕਰਦਾ ਹਾਂ ਕਿ ਆਪ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇ ਕੇ ਜਲਦ ਤੋਂ ਜਲਦ ਇਸ ਦਾ ਹੱਲ ਕੱਢ ਕੇ ਆਮ ਲੋਕਾਂ ਨੂੰ ਇਸ ਮੁਸ਼ਕਲ ਤੋਂ ਛੁਟਕਾਰਾ ਦੇਵੋਗੇ।
ਧੰਨਵਾਦ ਸਹਿਤ
ਆਪ ਜੀ ਦਾ ਵਿਸ਼ਵਾਸਪਾਤਰ,
ਨਾਮ…………….।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037