ਕਿੱਸਾ-ਕਾਵਿ
4. ਕਾਦਰਯਾਰ
ਕਿੱਸਾ ਪੂਰਨ ਭਗਤ
1. ਪੂਰਨ ਦਾ ਜਨਮ
ਅਲਫ਼ ਆਖ ਸਖੀ ਸਿਆਲਕੋਟ ਅੰਦਰ, ਪੂਰਨ ਪੁੱਤ ਸਲਵਾਨ ਨੇ ਜਾਇਆ ਈ।
ਜਦੋਂ ਜੰਮਿਆ ਰਾਜੇ ਨੂੰ ਖ਼ਬਰ ਹੋਈ, ਸੱਦ ਪੰਡਤਾਂ ਵੇਦ ਪੜ੍ਹਾਇਆ ਈ।1।
ਬੇ ਬੇਦ ਉਤੇ ਜਿਵੇਂ ਲਿਖਿਆ ਸੀ, ਤਿਵੇਂ ਪੰਡਤਾਂ ਆਖਿ ਸੁਣਾਇ ਦਿਤਾ।
ਪੂਰਨ ਇੱਕ ਹਨੇਰਿਉਂ ਨਿਕਲਿਆ ਸੀ, ਦੂਜੀ ਕੋਠੜੀ ਦੇ ਵਿੱਚ ਪਾਇ ਦਿਤਾ।2।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਦੇ ਕਿੱਸਾ-ਕਾਵਿ ਭਾਗ ਵਿੱਚ ਕਾਦਰਯਾਰ ਦੀ ਰਚਨਾ ‘ਕਿੱਸਾ ਪੂਰਨ ਭਗਤ’ ਵਿੱਚ ‘ਪੂਰਨ ਦਾ ਜਨਮ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਪੂਰਨ ਭਗਤ ਦੇ ਜੀਵਨ ਦੀ ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਰਾਜੇ ਸਲਵਾਨ ਦੇ ਘਰ ਪੂਰਨ ਦੇ ਜਨਮ ਸਮੇਂ ਦੀ ਘਟਨਾ ਦਾ ਜ਼ਿਕਰ ਕੀਤਾ ਹੈ।
ਵਿਆਖਿਆ – ਕਾਦਰਯਾਰ ਲਿਖਦਾ ਹੈ ਕਿ ਸਹੇਲੀ ਇਹ ਦੱਸ ਕਿ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਪੂਰਨ ਪੁੱਤਰ ਦਾ ਜਨਮ ਹੋਇਆ ਹੈ। ਜਿਸ ਸਮੇਂ ਪਰਨ ਦੇ ਜਨਮ ਦੀ ਖ਼ਬਰ ਰਾਜੇ ਨੂੰ ਦਿੱਤੀ ਗਈ ਤਾਂ ਉਸ ਨੇ ਪੰਡਤਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਵੇਦ ਪੜ੍ਹ ਕੇ ਬੱਚੇ ਦੀ ਕਿਸਮਤ ਬਾਰੇ ਦੱਸਣ ਲਈ ਕਿਹਾ। ਵੇਦਾਂ ਵਿੱਚ ਬੱਚੇ ਬਾਰੇ ਜੋ ਕੁੱਝ ਲਿਖਿਆ ਸੀ ਉਹ ਪੰਡਤਾਂ ਨੇ ਬੋਲ ਕੇ ਦੱਸ ਦਿੱਤਾ। ਉਨ੍ਹਾਂ ਦੇ ਕਹਿਣ ਅਨੁਸਾਰ ਰਾਜੇ ਨੇ ਪੂਰਨ ਨੂੰ ਮਾਂ ਦੀ ਕੁੱਖ ਦੇ ਹਨੇਰੇ ਵਿੱਚੋਂ ਨਿਕਲ਼ਣ ਤੋਂ ਬਾਅਦ ਹੀ ਬਾਰਾਂ ਸਾਲਾਂ ਲਈ ਭੋਰੇ ਦੇ ਵਿੱਚ ਪਾ ਦਿੱਤਾ।
••• ਕੇਂਦਰੀ ਭਾਵ •••
ਜਦੋਂ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਪੂਰਨ ਪੁੱਤਰ ਦਾ ਜਨਮ ਹੋਇਆ ਤਾਂ ਪੰਡਤਾਂ ਦੇ ਕਹਿਣ ਅਨੁਸਾਰ ਰਾਜੇ ਨੇ ਉਸ ਨੂੰ ਬਾਰਾਂ ਸਾਲਾਂ ਲਈ ਭੋਰੇ ਵਿੱਚ ਪਾ ਦਿੱਤਾ।
2. ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ
ਖੇ ਖ਼ਬਰ ਹੋਈ ਰਾਣੀ ਇੱਛਰਾਂ ਨੂੰ ਜਿਸ ਜਾਇਆ ਪੂਰਨ ਪੁੱਤ ਸਾਈ।
ਚੂੜਾ ਭੰਨ ਤੇ ਤੋੜ ਹਮੇਲ ਬੀੜੇ, ਵਾਲ ਪੁੱਟ ਰਾਣੀ ਸਿਰ ਖ਼ਾਕ ਪਾਈ।
ਮੰਦਾ ਘਾਓ ਪਿਆਰਿਆਂ ਪੁੱਤਰਾਂ ਦਾ, ਰਾਣੀ ਭੱਜ ਕੇ ਰਾਜੇ ਦੇ ਪਾਸ ਆਈ।
ਕਾਦਰਯਾਰ ਖੜੋਇ ਪੁਕਾਰ ਕਰਦੀ, ਇਹਦੇ ਨਾਲ਼ ਕੀ ਰਾਜਿਆ ਵੈਰ ਸਾਈ।7।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਦੇ ਕਿੱਸਾ-ਕਾਵਿ ਭਾਗ ਵਿੱਚ ਕਾਦਰਯਾਰ ਦੀ ਰਚਨਾ ‘ਕਿੱਸਾ ਪੂਰਨ ਭਗਤ’ ਵਿੱਚ ‘ਪੂਰਨ ਦਾ ਜਨਮ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਪੂਰਨ ਭਗਤ ਦੇ ਜੀਵਨ ਦੀ ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਦੋਂ ਪੂਰਨ ਦੀ ਮਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਦਾ ਹੈ।
ਵਿਆਖਿਆ – ਕਾਦਰਯਾਰ ਲਿਖਦਾ ਹੈ ਕਿ ਜਦੋਂ ਪੂਰਨ ਨੂੰ ਜਨਮ ਦੇਣ ਵਾਲ਼ੀ ਮਾਂ ਰਾਣੀ ਇੱਛਰਾਂ ਨੂੰ ਪੂਰਨ ਪ੍ਰਤੀ ਰਾਜੇ ਦੇ ਗੁੱਸੇ ਦਾ ਪਤਾ ਲੱਗਦਾ ਹੈ ਤਾਂ ਉਸ ਨੇ ਆਪਣਾ ਬਾਹਾਂ ਵਿੱਚ ਪਾਇਆ ਚੂੜਾ ਭੰਨ ਦਿੱਤਾ ਤੇ ਗਲ ਦੇ ਹਮੇਲਾਂ ਤੇ ਬੀੜੇ ਵਰਗੇ ਸੋਨੇ ਦੇ ਗਹਿਣੇ ਵੀ ਤੋੜ ਕੇ ਸੁੱਟ ਦਿੱਤੇ। ਉਸ ਨੇ ਆਪਣੇ ਵਾਲ ਪੁੱਟ ਕੇ ਸਿਰ ਵਿੱਚ ਮਿੱਟੀ ਪਾ ਲਈ। ਪੁੱਤਰਾਂ ਦੇ ਦੁੱਖਾਂ ਦੇ ਜ਼ਖ਼ਮ ਮਾਂ ਲਈ ਬਹੁਤ ਬੁਰੇ ਹੁੰਦੇ ਹਨ। ਰਾਣੀ ਇੱਛਰਾਂ ਭੱਜ ਕੇ ਰਾਜੇ ਦੇ ਕੋਲ਼ ਪਹੁੰਚਦੀ ਹੈ ਅਤੇ ਉਸ ਅੱਗੇ ਖੜ੍ਹ ਕੇ ਬੇਨਤੀ ਕਰਦੀ ਹੈ ਕਿ ਪੂਰਨ ਨਾਲ਼ ਉਸ ਦਾ ਕੀ ਵੈਰ ਹੈ ਜੋ ਉਸ ਨੂੰ ਸਜ਼ਾ ਸੁਣਾਈ ਗਈ।
ਗ਼ੈਨ ਗ਼ਮ ਖਾਧਾ ਰਾਣੀ ਹੋਈ ਅੰਨ੍ਹੀ, ਆਹੀਂ ਮਾਰਦੀ ਰਬ ਦੇ ਦੇਖ ਬੂਹੇ।
ਪੁੱਤਰ ਪਕੜ ਬਿਗਾਨਿਆਂ ਮਾਪਿਆਂ ਦੇ, ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ।
ਉਹਦੇ ਦਸਤ ਸਹਿਕਾਏ ਕੇ ਵਢਿਓ ਨੇ, ਉਹਦੀ ਲੋਥ ਵਹਾਂਵਦੇ ਵਿੱਚ ਖੂਹੇ।
ਕਾਦਰਯਾਰ ਆ ਲੂਣਾ ਨੂੰ ਦੇਣ ਰੱਤੂ, ਵੇਖ ਲਾਂਵਦੀ ਹਾਰ ਸ਼ਿੰਗਾਰ ਸੂਹੇ।19।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਦੇ ਕਿੱਸਾ-ਕਾਵਿ ਭਾਗ ਵਿੱਚ ਕਾਦਰਯਾਰ ਦੀ ਰਚਨਾ ‘ਕਿੱਸਾ ਪੂਰਨ ਭਗਤ’ ਵਿੱਚ ‘ਪੂਰਨ ਦਾ ਜਨਮ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਪੂਰਨ ਭਗਤ ਦੇ ਜੀਵਨ ਦੀ ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਦੋਂ ਪੂਰਨ ਦੀ ਮਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਦਾ ਹੈ।
ਵਿਆਖਿਆ – ਕਿੱਸਾਕਾਰ ਲਿਖਦਾ ਹੈ ਕਿ ਰਾਣੀ ਇੱਛਰਾਂ ਆਪਣੇ ਪੁੱਤਰ ਦੇ ਦੁੱਖ ਨੂੰ ਨਾ ਸਹਾਰਦੀ ਹੋਈ ਰੋ-ਰੋ ਕੇ ਅੰਨ੍ਹੀ ਹੋ ਗਈ ਅਤੇ ਰੱਬ ਦੇ ਦਰ ’ਤੇ ਜਾ ਕੇ ਪੁੱਤਰ ਦੇ ਬਚਾਅ ਲਈ ਮੰਗ ਕਰਦੀ ਹੈ। ਰਾਜੇ ਦੇ ਸੈਨਿਕ ਜੋ ਓਪਰੇ ਮਾਪਿਆਂ ਦੇ ਪੁੱਤਰ ਹਨ, ਪੂਰਨ ਭਗਤ ਨੂੰ ਫੜ੍ਹ ਕੇ ਰਾਜ ਦੀ ਜੂਹ ਤੋਂ ਬਾਹਰ ਕਿਸੇ ਸੁੰਨਸਾਨ ਥਾਂ ’ਤੇ ਲੈ ਗਏ। ਉਨ੍ਹਾਂ ਨੇ ਉਸ ਨੂੰ ਤਕਲੀਫ਼ਾਂ ਦੇ ਕੇ ਉਸ ਦੇ ਹੱਥ ਵੱਢ ਦਿੱਤੇ ਅਤੇ ਉਸ ਦੀ ਲਾਸ਼ ਨੂੰ ਖੂਹ ਵਿੱਚ ਸੁੱਟ ਦਿੱਤਾ। ਕਾਦਰਯਾਰ ਕਹਿੰਦਾ ਕਿ ਉਨ੍ਹਾਂ ਪੂਰਨ ਦਾ ਖ਼ੂਨ ਕੱਢ ਕੇ ਲਿਆ ਕੇ ਉਸ ਦੀ ਮਤਰੇਈ ਮਾਂ ਲੂਣਾ ਨੂੰ ਦੇ ਦਿੱਤਾ ਅਤੇ ਉਸ ਨੇ ਪੂਰਨ ਦੀ ਲਾਲ਼ ਰੱਤ ਨਾਲ਼ ਆਪਣਾ ਹਾਰ–ਸ਼ਿੰਗਾਰ ਕੀਤਾ।
••• ਕੇਂਦਰੀ ਭਾਵ •••
ਪੂਰਨ ਦੀ ਸਜ਼ਾ ਦਾ ਪਤਾ ਲੱਗਣ ’ਤੇ ਉਸ ਦੀ ਮਾਂ ਰਾਣੀ ਇੱਛਰਾਂ ਦੁੱਖਾਂ ਦੀ ਮਾਰੀ ਰੋ-ਰੋ ਕੇ ਅੰਨ੍ਹੀ ਹੋ ਗਈ ਅਤੇ ਪੂਰਨ ਦੀ ਰੱਤ ਨਾਲ਼ ਉਸ ਦੀ ਮਤਰੇਈ ਮਾਂ ਨੇ ਆਪਣਾ ਹਾਰ-ਸ਼ਿੰਗਾਰ ਕੀਤਾ।
3. ਮਾਂ ਪੁੱਤਰ ਦਾ ਮੇਲ
ਮੀਮ ਮਿਲਣ ਆਈ ਮਾਤਾ ਇਛਰਾਂ ਏ, ਦੱਸੋ ਮੈਨੂੰ ਲੋਕੋ ਆਇਆ ਸਾਧ ਕੋਈ।
ਮੇਰੇ ਪੁੱਤਰ ਦਾ ਬਾਗ਼ ਵੈਰਾਨ ਪਇਆ, ਫੇਰ ਲੱਗਾ ਹੈ ਕਰਨ ਆਬਾਦ ਕੋਈ।
ਮੈਂ ਭੀ ਲੈ ਆਵਾਂ ਦਾਰੂ ਅੱਖੀਆਂ ਦਾ, ਪੂਰਨ ਛੱਡ ਨਾ ਗਿਆ ਸੁਆਦ ਕੋਈ।
ਕਾਦਰਯਾਰ ਮੈਂ ਤਾਂ ਲਖ ਵਟਨੀ ਹਾਂ, ਦਾਰੂ ਦੇਇ ਫ਼ਕੀਰ ਮੁਰਾਦ ਕੋਈ।24।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਦੇ ਕਿੱਸਾ-ਕਾਵਿ ਭਾਗ ਵਿੱਚ ਕਾਦਰਯਾਰ ਦੀ ਰਚਨਾ ‘ਕਿੱਸਾ ਪੂਰਨ ਭਗਤ’ ਵਿੱਚ ‘ਪੂਰਨ ਦਾ ਜਨਮ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਪੂਰਨ ਭਗਤ ਦੇ ਜੀਵਨ ਦੀ ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਪੂਰਨ ਦੇ ਆਪਣੀ ਅੰਨ੍ਹੀ ਹੋਈ ਮਾਂ ਇੱਛਰਾਂ ਨਾਲ਼ ਦੁਬਾਰਾ ਹੋਏ ਮਿਲਾਪ ਦੇ ਸਮੇਂ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਿੱਸਾਕਾਰ ਲਿਖਦਾ ਹੈ ਕਿ ਆਪਣੇ ਪੁੱਤਰ ਪੂਰਨ ਭਗਤ ਦੇ ਵਿਛੋੜੇ ਵਿੱਚ ਰੋ-ਰੋ ਕੇ ਅੰਨ੍ਹੀ ਹੋਈ ਮਾਂ ਇੱਛਰਾਂ ਲੋਕਾਂ ਨੂੰ ਪੁੱਛਦੀ ਹੈ ਕਿ ਕੀ ਕੋਈ ਸਾਧੂ ਆਇਆ ਹੈ ਜਿਹੜਾ ਉਸ ਦੇ ਪੁੱਤਰ ਦੇ ਉੱਜੜੇ ਹੋਏ ਬਾਗ਼ ਨੂੰ ਮੁੜ ਆਬਾਦ ਕਰ ਰਿਹਾ ਹੈ? ਉਹ ਵੀ ਉਸ ਦੇ ਕੋਲ਼ ਜਾ ਕੇ ਆਪਣੀਆਂ ਅੰਨੀਆਂ ਅੱਖਾਂ ਲਈ ਕੋਈ ਦਵਾਈ ਲੈਣਾ ਚਾਹੁੰਦੀ ਹੈ ਕਿਉਂਕਿ ਉਸ ਦੇ ਆਪਣੇ ਪੂਰਨ ਪੁੱਤ ਦੇ ਵਿਛੋੜੇ ਕਾਰਨ ਉਸ ਦੀ ਜ਼ਿੰਦਗੀ ਦੇ ਸਾਰੇ ਸਵਾਦ ਹੀ ਚਲੇ ਗਏ। ਕਾਦਰਯਾਰ ਲਿਖਦਾ ਕਿ ਉਹ ਚਾਹੁੰਦੀ ਹੈ ਕਿ ਜੇਕਰ ਫ਼ਕੀਰ ਕੋਈ ਦਵਾ-ਦਾਰੂ ਅਤੇ ਅਸ਼ੀਰਵਾਦ ਦੇ ਕੇ ਉਸ ਦੀਆਂ ਅੱਖਾਂ ਠੀਕ ਕਰ ਦੇਵੇ ਤਾਂ ਉਸ ਦਾ ਜਿਊਣਾ ਕੁਝ ਸੌਖਾ ਹੋ ਜਾਵੇ।
ਨੂਨ ਨਜ਼ਰ ਕੀਤੀ ਪੂਰਨ ਪਰਤ ਡਿੱਠਾ, ਮਾਤਾ ਆਂਵਦੀ ਏ ਕਿਸੇ ਹਾਲ ਮੰਦੇ।
ਅੱਡੀ ਖੋੜਿਆਂ ਨਾਲ਼ ਬਿਹੋਸ਼ ਹੋਈ, ਉਹਨੂੰ ਨਜ਼ਰ ਨਾ ਆਂਵਦੇ ਖਾਰ ਕੰਡੇ।
ਪੂਰਨ ਵੇਖ ਕੇ ਸਹਿ ਨਾ ਸਕਿਆ ਈ, ਰੋਇ ਉਠਿਆ ਹੋਇ ਹੈਰਾਨ ਬੰਦੇ।
ਕਾਦਰਯਾਰ ਮੀਆਂ ਅੱਗੋਂ ਉੱਠ ਪੂਰਨ ਦੇਖਾਂ ਕਿਸ ਤਰ੍ਹਾਂ ਮਾਉਂ ਦੇ ਦਰਦ ਵੰਡੇ।25।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਦੇ ਕਿੱਸਾ-ਕਾਵਿ ਭਾਗ ਵਿੱਚ ਕਾਦਰਯਾਰ ਦੀ ਰਚਨਾ ‘ਕਿੱਸਾ ਪੂਰਨ ਭਗਤ’ ਵਿੱਚ ‘ਪੂਰਨ ਦਾ ਜਨਮ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਪੂਰਨ ਭਗਤ ਦੇ ਜੀਵਨ ਦੀ ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਪੂਰਨ ਦੇ ਆਪਣੀ ਅੰਨ੍ਹੀ ਹੋਈ ਮਾਂ ਇੱਛਰਾਂ ਨਾਲ਼ ਦੁਬਾਰਾ ਹੋਏ ਮਿਲ਼ਾਪ ਦੇ ਸਮੇਂ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਜਦੋਂ ਪੂਰਨ ਨਜ਼ਰ ਘੁਮਾ ਕੇ ਦੇਖਦਾ ਹੈ ਤਾਂ ਉਸ ਨੂੰ ਬੁਰੀ ਹਾਲਤ ਵਿੱਚ ਮਾਂ ਇੱਛਰਾਂ ਆਉਂਦੀ ਹੋਈ ਦਿਖਦੀ ਹੈ। ਕਿਉਂਕਿ ਉਹ ਅੱਖਾਂ ਨਾਲ਼ ਟੋਏ ਤੇ ਠੇਡੇ ਦੇਖ ਨਹੀਂ ਸਕਦੀ ਸੀ ਇਸ ਲਈ ਰਾਹ ਵਿੱਚ ਉਹ ਠੇਡੇ ਖਾਣ ਕਾਰਨ ਥੋੜ੍ਹੀ ਬੇਹੋਸ਼ ਜਿਹੀ ਹੋ ਗਈ। ਉਸ ਦਾ ਅਜਿਹਾ ਹਾਲ ਦੇਖ ਕੇ ਪੂਰਨ ਸਹਿਣ ਨਾ ਕਰ ਸਕਿਆ ਤੇ ਰੋਂਦਾ ਹੋਇਆ ਉੱਠ ਕੇ ਖੜ੍ਹਾ ਹੋ ਗਿਆ ਜਿਸ ਨੂੰ ਦੇਖ ਕੇ ਆਸ-ਪਾਸ ਖੜ੍ਹੇ ਵਿਅਕਤੀ ਹੈਰਾਨ ਹੋ ਗਏ। ਕਾਦਰਯਾਰ ਕਹਿੰਦਾ ਹੈ ਕਿ ਇਹ ਦੇਖਣ ਵਾਲ਼ਾ ਸੀ ਕਿ ਕਿਸ ਤਰ੍ਹਾਂ ਪੂਰਨ ਉੱਠ ਕੇ ਮਾਂ ਦੇ ਦਰਦ ਤਰ੍ਹਾਂ ਵੰਡਾਉਂਦਾ ਹੈ।
ਵਾਉ ਵਰਤਿਆ ਕੀ ਤੇਰੇ ਨਾਲ਼ ਮਾਤਾ, ਪੂਰਨ ਆਖਦਾ ਦੱਸ ਖਾਂ ਸਾਰ ਮੈਨੂੰ।
ਤੇਰੇ ਰੋਂਦੀ ਦੇ ਨੈਣ ਬਿਸੀਰ ਹੋਏ, ਨਜ਼ਰ ਆਂਵਦਾ ਏ ਅਜ਼ਾਰ ਮੈਨੂੰ।
ਮਾਤਾ ਆਖਦੀ ਦੁੱਖ ਨਾ ਫੋਲ ਬੇਟਾ, ਪਿਆ ਪੁੱਤਰ ਬੈਰਾਗ ਗ਼ੁਬਾਰ ਮੈਨੂੰ।
ਕਾਦਰਯਾਰ ਬੁਰੇ ਦੁੱਖ ਪੁੱਤਰਾਂ ਦੇ, ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ।26।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਦੇ ਕਿੱਸਾ-ਕਾਵਿ ਭਾਗ ਵਿੱਚ ਕਾਦਰਯਾਰ ਦੀ ਰਚਨਾ ‘ਕਿੱਸਾ ਪੂਰਨ ਭਗਤ’ ਵਿੱਚ ‘ਪੂਰਨ ਦਾ ਜਨਮ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਪੂਰਨ ਭਗਤ ਦੇ ਜੀਵਨ ਦੀ ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਪੂਰਨ ਦੇ ਆਪਣੀ ਅੰਨ੍ਹੀ ਹੋਈ ਮਾਂ ਇੱਛਰਾਂ ਨਾਲ਼ ਦੁਬਾਰਾ ਹੋਏ ਮਿਲ਼ਾਪ ਦੇ ਸਮੇਂ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਾਦਰਯਾਰ ਲਿਖਦਾ ਹੈ ਕਿ ਪੂਰਨ ਮਾਂ ਇੱਛਰਾਂ ਦੀ ਹਾਲਤ ਦੇਖ ਕੇ ਪੁੱਛਦਾ ਕਿ ਉਸ ਨਾਲ਼ ਕੀ ਵਾਪਰਿਆ ਜਿਸ ਨਾਲ਼ ਉਸ ਦੀ ਅਜਿਹੀ ਹਾਲਤ ਹੋਈ ਹੈ? ਪੂਰਨ ਕਹਿੰਦਾ ਕਿ ਮੈਨੂੰ ਲੱਗਦਾ ਉਸ ਨੂੰ ਕੋਈ ਦੁੱਖ ਹੈ ਜਿਸ ਕਾਰਨ ਰੋਂਦੇ ਹੋਏ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਮਾਤਾ ਇੱਛਰਾਂ ਕਹਿੰਦੀ ਹੈ ਕਿ ਉਹ ਉਸ ਦੇ ਦੁੱਖਾਂ ਨੂੰ ਨਾ ਫਰੋਲੇ, ਉਸ ਨੂੰ ਪੁੱਤਰ ਦੇ ਵਿਛੋੜੇ ਦਾ ਦਰਦ ਮਿਲ਼ਿਆ ਹੈ। ਕਾਦਰਯਾਰ ਲਿਖਦਾ ਕਿ ਇੱਛਰਾਂ ਆਖਦੀ ਹੈ ਕਿ ਪੁੱਤਰਾਂ ਦੇ ਦੁੱਖ ਬਹੁਤ ਬੁਰੇ ਹੁੰਦੇ ਹਨ ਅਤੇ ਉਸ ਨੂੰ ਵੀ ਪੁੱਤਰ ਦੇ ਵਿਛੋੜੇ ਨੇ ਮਾਰ ਸੁੱਟਿਆ ਹੈ।
ਹੇ ਹਥ ਨਹੀਂ ਆਂਵਦੇ ਮੋਏ ਮਾਤਾ, ਪੂਰਨ ਆਖਦਾ ਮਾਇ ਤੂੰ ਰੋਇ ਨਾਹੀ।
ਅਰਜਨ ਦਾਸ ਜਹੇ ਢਾਹੀਂ ਮਾਰ ਗਏ, ਬਣਿਆ ਇੱਕ ਅਭਿਮਨੋ ਕੋਇ ਨਾਹੀ।
ਕੈਨੂੰ ਨਹੀਂ ਲੱਗੇ ਸੱਲ ਪੁੱਤਰਾਂ ਦੇ, ਮਾਤਾ ਤੂੰ ਦਿਲਗੀਰ ਭੀ ਹੋਇ ਨਾਹੀ।
ਕਾਦਰਯਾਰ ਦਿਲੇਰੀਆਂ ਦੇ ਪੂਰਨ, ਗ਼ਮ ਖਾਹ ਮਾਏ ਖ਼ਫ਼ਤਨ ਹੋਇ ਨਾਹੀ।27।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਦੇ ਕਿੱਸਾ-ਕਾਵਿ ਭਾਗ ਵਿੱਚ ਕਾਦਰਯਾਰ ਦੀ ਰਚਨਾ ‘ਕਿੱਸਾ ਪੂਰਨ ਭਗਤ’ ਵਿੱਚ ‘ਪੂਰਨ ਦਾ ਜਨਮ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਪੂਰਨ ਭਗਤ ਦੇ ਜੀਵਨ ਦੀ ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਪੂਰਨ ਦੇ ਆਪਣੀ ਅੰਨ੍ਹੀ ਹੋਈ ਮਾਂ ਇੱਛਰਾਂ ਨਾਲ਼ ਦੁਬਾਰਾ ਹੋਏ ਮਿਲ਼ਾਪ ਦੇ ਸਮੇਂ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਾਦਰਯਾਰ ਕਹਿੰਦਾ ਹੈ ਕਿ ਪੂਰਨ ਭਗਤ ਮਾਂ ਇੱਛਰਾਂ ਨੂੰ ਆਖਦਾ ਕਿ ਮਰ ਗਏ ਵਾਪਸ ਨਹੀਂ ਆਉਂਦੇ ਇਸ ਲਈ ਉਹ ਰੋਵੇ ਨਾ। ਅਰਜਨ ਵਰਗੇ ਯੋਧੇ ਵੀ ਧਾਹਾਂ ਮਾਰ ਕੇ ਹਟ ਗਏ ਕਿਉਂਕਿ ਉਸ ਦੇ ਪੁੱਤਰ ਅਭਿਮੰਨੂੰ ਵਰਗਾ ਯੁੱਧ ਵਿੱਚ ਮਰਨ ਤੋਂ ਬਾਅਦ ਕੋਈ ਨਹੀਂ ਸੀ ਬਣ ਸਕਿਆ। ਪੂਰਨ ਇੱਛਰਾਂ ਨੂੰ ਕਹਿੰਦਾ ਕਿ ਅਜਿਹਾ ਕੋਈ ਵੀ ਨਹੀਂ ਜਿਸ ਨੂੰ ਪੁੱਤਰ ਦਾ ਦੁੱਖ ਨਾ ਲੱਗਾ ਹੋਵੇ ਇਸ ਲਈ ਉਸ ਨੂੰ ਵੀ ਦੁੱਖੀ ਨਹੀਂ ਹੋਣਾ ਚਾਹੀਦਾ। ਕਾਦਰਯਾਰ ਲਿਖਦਾ ਹੈ ਕਿ ਪੂਰਨ ਭਗਤ ਮਾਂ ਇੱਛਰਾਂ ਨੂੰ ਦਲੇਰੀਆਂ ਦਿੰਦਾ ਹੋਇਆ ਕਹਿੰਦਾ ਕਿ ਕਿ ਉਹ ਦੁੱਖ ਨੂੰ ਬਰਦਾਸ਼ਤ ਕਰੇ ਅਤੇ ਦੁਖੀ ਨਾ ਹੋਵੇ।
ਲਾਮ ਲਈ ਅਵਾਜ਼ ਪਛਾਣ ਮਾਤਾ, ਸੱਚ ਆਖ ਬੇਟਾ ਕਿਥੋਂ ਆਇਆ ਹੈਂ।
ਕਿਹੜਾ ਮੁਲਖ ਤੇਰਾ ਕੈਂਧਾ ਪੁੱਤ ਹੈਂ ਤੂੰ, ਕਿਹੜੀ ਮਾਇ ਕਰਮਾਂ ਵਾਲ਼ੀ ਜਾਇਆ ਹੈਂ।
ਅੱਖੀਂ ਦਿਸੇ ਤਾਂ ਸੂਰਤੋਂ ਲੱਭ ਲਵਾਂ, ਬੋਲੀ ਵੱਲੋਂ ਤਾਂ ਪੁਤਰ ਪਰਤਾਇਆ ਹੈਂ।
ਕਾਦਰਯਾਰ ਆਖੇ ਦੱਸ ਭੇਦ ਮੈਨੂੰ, ਜਾਂ ਮੈਂ ਭੁੱਲੀ ਜਾਂ ਰੱਬ ਮਿਲਾਇਆ ਹੈ।28।
ਪ੍ਰਸੰਗ – ਇਹ ਕਾਵਿ-ਟੋਟਾ ਪੰਜਾਬੀ ਦੀ ‘ਸਾਹਿਤ-ਮਾਲ਼ਾ’ ਪੁਸਤਕ ਦੇ ਕਿੱਸਾ-ਕਾਵਿ ਭਾਗ ਵਿੱਚ ਕਾਦਰਯਾਰ ਦੀ ਰਚਨਾ ‘ਕਿੱਸਾ ਪੂਰਨ ਭਗਤ’ ਵਿੱਚ ‘ਪੂਰਨ ਦਾ ਜਨਮ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਪੂਰਨ ਭਗਤ ਦੇ ਜੀਵਨ ਦੀ ਕਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਪੂਰਨ ਦੇ ਆਪਣੀ ਅੰਨ੍ਹੀ ਹੋਈ ਮਾਂ ਇੱਛਰਾਂ ਨਾਲ਼ ਦੁਬਾਰਾ ਹੋਏ ਮਿਲ਼ਾਪ ਦੇ ਸਮੇਂ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਿੱਸਾਕਾਰ ਲਿਖਦਾ ਹੈ ਮਾਤਾ ਇੱਛਰਾਂ ਪੂਰਨ ਦੀ ਨੇ ਅਵਾਜ਼ ਨੂੰ ਪਛਾਣ ਲਿਆ ਅਤੇ ਉਸ ਨੂੰ ਪੁੱਛਦੀ ਹੈ ਕਿ ਉਹ ਸੱਚ ਦੱਸੇ ਕਿ ਕਿੱਥੋਂ ਆਇਆ ਹੈ। ਉਹ ਉਸ ਨੂੰ ਪੁੱਛਦੀ ਹੈ ਕਿ ਉਸ ਦਾ ਕਿਹੜਾ ਦੇਸ ਹੈ, ਕਿਸਦਾ ਉਹ ਪੁੱਤਰ ਹੈ ਅਤੇ ਕਿਹੜੀ ਕਰਮਾਂ ਵਾਲ਼ੀ ਮਾਂ ਨੇ ਉਸ ਨੂੰ ਜਨਮ ਦਿੱਤਾ ਹੈ। ਉਹ ਕਹਿੰਦੀ ਕਿ ਜੇਕਰ ਉਸ ਨੂੰ ਅੱਖਾਂ ਤੋਂ ਦਿਖਦਾ ਹੁੰਦਾ ਤਾਂ ਉਹ ਉਸ ਨੂੰ ਚਿਹਰਾ ਦੇਖ ਕੇ ਪਛਾਣ ਲੈਂਦੀ ਪਰ ਉਸ ਦੀ ਬੋਲੀ ਤੋਂ ਉਸ ਨੂੰ ਉਹ ਆਪਣਾ ਪੁੱਤਰ ਪੂਰਨ ਪ੍ਰਤੀਤ ਹੋਇਆ ਹੈ। ਕਾਦਰਯਾਰ ਲਿਖਦਾ ਕਿ ਅੱਖਾਂ ਤੋਂ ਅੰਨ੍ਹੀ ਇੱਛਰਾਂ ਪੂਰਨ ਨੂੰ ਪੁੱਛਦੀ ਹੈ ਕਿ ਉਹ ਇਸ ਭੇਦ ਬਾਰੇ ਦੱਸੇ ਕਿ ਉਸ ਨੂੰ ਇਹ ਗ਼ਲਤ ਭੁਲੇਖਾ ਪਿਆ ਜਾਂ ਰੱਬ ਨੇ ਉਸ ਦਾ ਉਸ ਦੇ ਪੁੱਤਰ ਨਾਲ਼ ਮੇਲ ਕਰਵਾ ਦਿੱਤਾ ਹੈ।
••• ਕੇਂਦਰੀ ਭਾਵ •••
ਜਦੋਂ ਬਾਗ਼ ਵਿੱਚ ਬੈਠੇ ਪੂਰਨ ਭਗਤ ਦੀ ਪ੍ਰਸਿੱਧੀ ਉਸ ਦੀ ਮਾਂ ਇੱਛਰਾਂ ਨੇ ਸੁਣੀ ਜੋ ਵਿਛੋੜੇ ਵਿੱਚ ਰੋ ਕੇ ਅੰਨ੍ਹੀ ਹੋ ਗਈ ਸੀ। ਉਹ ਠੋਕਰਾਂ ਖਾਂਦੀ ਉਸ ਨੂੰ ਮਿਲ਼ਣ ਆਈ ਤਾਂ ਉਸ ਨੇ ਅਵਾਜ਼ ਸੁਣ ਕੇ ਆਪਣੇ ਪੁੱਤਰ ਪੂਰਨ ਨੂੰ ਪਛਾਣ ਲਿਆ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਕਾਦਰਯਾਰ ਦੇ ਲਿਖੇ ਕਿੱਸੇ ਦਾ ਕੀ ਨਾਂ ਹੈ?
ਉੱਤਰ – ਕਿੱਸਾ ਪੂਰਨ ਭਗਤ।
ਪ੍ਰਸ਼ਨ 2. ਪੂਰਨ ਦਾ ਜਨਮ ਕਿੱਥੇ ਹੋਇਆ?
ਉੱਤਰ – ਸਿਆਲਕੋਟ ਵਿੱਚ।
ਪ੍ਰਸ਼ਨ 3. ਪੂਰਨ ਦਾ ਬਾਪ ਕੌਣ ਸੀ?
ਉੱਤਰ – ਰਾਜਾ ਸਲਵਾਨ।
ਪ੍ਰਸ਼ਨ 4. ਰਾਜੇ ਨੇ ਪੰਡਤ ਬੁਲਾ ਕੇ ਕੀ ਦੇਖਣ ਲਈ ਕਿਹਾ?
ਉੱਤਰ – ਵੇਦ।
ਪ੍ਰਸ਼ਨ 5. ਪੂਰਨ ਨੂੰ ਜਨਮ ਦੇਣ ਵਾਲ਼ੀ ਮਾਂ ਦਾ ਕੀ ਨਾਂ ਸੀ?
ਉੱਤਰ – ਇੱਛਰਾਂ।
ਪ੍ਰਸ਼ਨ 6. ਬਿਗ਼ਾਨੇ ਮਾਪਿਆਂ ਦੇ ਪੁੱਤਰ ਪੂਰਨ ਨੂੰ ਕਿੱਥੇ ਲੈ ਗਏ?
ਉੱਤਰ – ਜੂਹ ਤੋਂ ਬਾਹਰ।
ਪ੍ਰਸ਼ਨ 7. ਪੂਰਨ ਦੇ ਹੱਥ ਵੱਢ ਕੇ ਉਸ ਨੂੰ ਕਿੱਥੇ ਸੁੱਟ ਦਿੱਤਾ?
ਉੱਤਰ – ਖੂਹ ਵਿੱਚ।
ਪ੍ਰਸ਼ਨ 8. ਲੂਣਾ ਨੇ ਪੂਰਨ ਦੇ ਖ਼ੂਨ ਨਾਲ਼ ਕੀ ਕੀਤਾ?
ਉੱਤਰ – ਹਾਰ-ਸ਼ਿੰਗਾਰ।
ਪ੍ਰਸ਼ਨ 9. ਸਾਧੂ ਨੇ ਕਿੱਥੇ ਡੇਰਾ ਲਾਇਆ ਸੀ?
ਉੱਤਰ – ਬਾਗ਼ ਵਿੱਚ।
ਪ੍ਰਸ਼ਨ 10. ਅਭਿਮੰਨੂੰ ਕੌਣ ਸੀ?
ਉੱਤਰ – ਅਰਜਨ ਦਾ ਪੁੱਤਰ।
ਪ੍ਰਸ਼ਨ 11. ਅੰਨ੍ਹੀ ਮਾਂ ਨੇ ਪੂਰਨ ਨੂੰ ਕਿਵੇਂ ਪਛਾਣ ਲਿਆ?
ਉੱਤਰ – ਅਵਾਜ਼ ਤੋਂ।
ਪ੍ਰਸ਼ਨ 12. ਰਾਣੀ ਇੱਛਰਾਂ ਨੇ ਹਮੇਲ ਤੇ ਬੀੜੇ ਤੋੜ ਕੇ ਸਿਰ ਵਿੱਚ ਕੀ ਪਾ ਲਿਆ?
ਉੱਤਰ – ਖ਼ਾਕ।
ਪ੍ਰਸ਼ਨ 13. ਇੱਛਰਾਂ ਬਾਗ਼ ਵਿੱਚ ਆਏ ਸਾਧ ਕੋਲ਼ ਕੀ ਲੈਣ ਲਈ ਆਈ ਸੀ?
ਉੱਤਰ – ਅੱਖਾਂ ਲਈ ਦਾਰੂ।
ਪ੍ਰਸ਼ਨ 14. ਬਾਗ਼ ਵਿੱਚ ਆਈ ਮਾਂ ਦੀ ਹਾਲਤ ਦੇਖ ਕੇ ਪੂਰਨ ’ਤੇ ਕੀ ਪ੍ਰਭਾਵ ਪਿਆ?
ਉੱਤਰ – ਰੋਂਦਾ ਖੜ੍ਹਾ ਹੋ ਗਿਆ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037